ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਚੋਣ ਮੈਨੀਫੈਸਟੋ ਉਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪ ਨੂੰ ਧਾਰਮਿਕ ਮੁੱਦਿਆਂ ਉਪਰ ਘੇਰੇ ਜਾਣ ਬਾਅਦ ਮੈਨੀਫੈਸਟੋ ਕਮੇਟੀ ਦੇ ਕੌਮੀ ਚੇਅਰਮੈਨ ਅਸ਼ੀਸ਼ ਖੇਤਾਨ ਤੇ ਪੰਜਾਬ ਦੇ ਕਨਵੀਨਰ ਕੰਵਰ ਸੰਧੂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਪਈ ਹੈ।
ਮੈਨੀਫੈਸਟੋ ਤਿਆਰ ਕਰਨ ਵਾਲੇ ਇਨ੍ਹਾਂ ਦੋ ਮੁੱਖ ਆਗੂਆਂ ਨੇ ਮੈਨੀਫੈਸਟੋ ਦੇ ਮੁੱਖ ਪੰਨੇ ਉਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਛਾਪਣ ਲਈ ਬਿਨਾਂ ਸ਼ਰਤ ਮੁਆਫੀ ਮੰਗ ਕੇ ਕਿਹਾ ਕਿ ਉਹ ਮੈਨੀਫੈਸਟੋ ਦਾ ਮੁੱਖ ਪੰਨਾ ਬਦਲ ਕੇ ਮੁੜ ਛੁਪਾਉਣਗੇ। ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੇ ਜਾਣ ਉਤੇ ਇਕ ਨੌਜਵਾਨ ਸਿੱਖ ਆਗੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪ ਆਗੂ ਅਸ਼ੀਸ਼ ਖੇਤਾਨ ਖਿਲਾਫ਼ ਧਾਰਮਿਕ ਭਾਵਨਾਵਾਂ ਆਹਤ ਹੋਣ ਦਾ ਮਾਮਲਾ ਅਦਾਲਤ ਵਿਚ ਦਾਇਰ ਕਰਵਾਇਆ ਹੈ। ਉਧਰ, ਸ੍ਰੀ ਖੇਤਾਨ ਨੇ ਕਿਹਾ ਕਿ ਮੈਨੀਫੈਸਟੋ ਦੀ ਧਾਰਮਿਕ ਗ੍ਰੰਥਾਂ ਨਾਲ ਤੁਲਨਾ ਕਰਨ ਦਾ ਉਨ੍ਹਾਂ ਦਾ ਕੋਈ ਉਦੇਸ਼ ਨਹੀਂ ਸੀ, ਪਰ ਇਸ ਦੇ ਬਾਵਜੂਦ ਉਹ ਸਿੱਖ ਭਾਈਚਾਰੇ ਕੋਲੋਂ ਮੁਆਫੀ ਮੰਗਦੇ ਹਨ। ਦਰਅਸਲ ਮੈਨੀਫੈਸਟੋ ਦੇ ਮੁੱਖ ਪੰਨੇ ਉਪਰ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਤਸਵੀਰ ਮੂਹਰੇ ਅਰਵਿੰਦ ਕੇਜਰੀਵਾਲ ਹੱਥ ਜੋੜ ਕੇ ਖੜ੍ਹੇ ਹਨ। ਇਸ ਪੰਨੇ ਦੇ ਉਪਰ ਤੇ ਹੇਠਾਂ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਵੀ ਛਪਿਆ ਹੈ। ਸ੍ਰੀ ਖੇਤਾਨ ਨੇ ਤਿੰਨ ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਯੂਥ ਮੈਨੀਫੈਸਟੋ ਜਾਰੀ ਕਰਨ ਮੌਕੇ ਕਿਹਾ ਸੀ ਕਿ ਇਹ ਮੈਨੀਫੈਸਟੋ ਸਾਡੀ ਬਾਈਬਲ ਵੀ ਹੈ, ਗੀਤਾ ਵੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ। ਸੂਤਰਾਂ ਅਨੁਸਾਰ ਪਹਿਲਾਂ ਹੀ ਮਾਲੇਰਕੋਟਲਾ ਕਾਂਡ ਵਿਚ ਘਿਰੀ ‘ਆਪ’ ਲੀਡਰਸ਼ਿਪ ਨੇ ਮੈਨੀਫੈਸਟੋ ਦੇ ਮਾਮਲੇ ਵਿਚ ਉਨ੍ਹਾਂ ਵਿਰੁੱਧ ਉਠ ਰਹੇ ਧਾਰਮਿਕ ਰੋਹ ਨੂੰ ਦੇਖਦਿਆਂ ਕੇਜਰੀਵਾਲ ਦੀ ਮੌਜੂਦਗੀ ਵਿਚ ਇਸ ਮੁੱਦੇ ਉਪਰ ਹੰਗਾਮੀ ਹਾਲਤ ਵਿਚ ਮੁਆਫੀ ਮੰਗ ਕੇ ਮਾਮਲਾ ਠੰਢਾ ਕਰਨ ਦਾ ਫੈਸਲਾ ਕੀਤਾ ਸੀ। ਇਸ ਬਾਅਦ ਸ੍ਰੀ ਖੇਤਾਨ ਤੇ ਸ੍ਰੀ ਸੰਧੂ ਨੇ ਬਿਨਾਂ ਸ਼ਰਤ ਜਨਤਕ ਤੌਰ ਉਤੇ ਮੁਆਫ਼ੀ ਮੰਗਣ ਦਾ ਐਲਾਨ ਕੀਤਾ। ਸਿੱਖ ਜਥੇਬੰਦੀਆਂ ਵੱਲੋਂ ਲੁਧਿਆਣਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਆਪ’ ਦੀ ਮੈਨੀਫੈਸਟੋ ਕਮੇਟੀ ਦੇ ਕੌਮੀ ਚੇਅਰਮੈਨ ਅਸ਼ੀਸ਼ ਖੇਤਾਨ ਵਿਰੁੱਧ ਪ੍ਰਦਰਸ਼ਨ ਕਰ ਕੇ ਦੋਸ਼ ਲਾਇਆ ਕਿ ਉਸ ਨੇ ਆਪਣੇ ਮੈਨੀਫੈਸਟੋ ਨੂੰ ਧਾਰਮਿਕ ਗ੍ਰੰਥਾਂ ਦੇ ਬਰਾਬਰ ਤੁਲਨਾ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।