ਕੇਜਰੀਵਾਲ ਨੇ ਗੁਰੂ ਕੀ ਨਗਰੀ ਤੋਂ ਵਜਾਇਆ ਚੋਣ ਦਾ ਬਿਗਲ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਚੋਣ ਬਿਗੁਲ ਵਜਾ ਦਿੱਤਾ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 51 ਸੂਤਰੀ ਯੂਥ ਮੈਨੀਫੈਸਟੋ ਰਿਲੀਜ਼ ਕੀਤਾ ਹੈ। ਮੈਨੀਫੈਸਟੋ ਨੂੰ 5 ਭਾਗਾਂ ਵਿਚ ਵੰਡਿਆ ਗਿਆ। ਦਿੱਲੀ ਵਾਂਗ ਪੰਜਾਬ ਦੇ ਪਿੰਡਾਂ ਵਿਚ ਮੁਫਤ ਵਾਈਫਾਈ ਸਹੂਲਤ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਮੁਫਤ ਵਾਈਫਾਈ ਪਿੰਡਾਂ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਵਿਚ ਵੀ ਮਿਲੇਗਾ।

ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾ ਵਾਅਦਾ ਨੌਕਰੀ ਦਾ ਕੀਤਾ ਹੈ। ਜਿਸ ਤਹਿਤ ਜੇਕਰ ਸੂਬੇ ਵਿਚ 2017 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਵਿਚ 25 ਲੱਖ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
ਚੋਣ ਮਨੋਰਥ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਸ਼ਿਆਂ ਵਿਚ ਗ੍ਰਸਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਮੁੜ ਵਸੇਬੇ ਲਈ ਯਤਨ ਕੀਤੇ ਜਾਣਗੇ, ਸੂਬੇ ਵਿਚ ਖੇਡਾਂ ਨੂੰ ਲੋਕ ਲਹਿਰ ਬਣਾਉਣਾ ਅਤੇ ਪੰਜਾਬ ਉਲੰਪਿਕ ਮਿਸ਼ਨ ਕਾਇਮ ਕਰ ਕੇ ਉਲੰਪਿਕ ਖੇਡਾਂ ਵਿਚ ਤਗਮਾ ਜੇਤੂ ਖਿਡਾਰੀ ਤਿਆਰ ਕਰਨੇ ਵੀ ਪ੍ਰਮੁੱਖ ਕਾਰਜ ਹੋਣਗੇ। ਬੇਰੁਜ਼ਗਾਰ ਨੌਜਵਾਨਾਂ ਲਈ 10 ਮੁੱਖ ਸ਼ਹਿਰਾਂ ਵਿਚ ਦਸ ਨਵੇਂ ਕਾਰੋਬਾਰ ਸੈਂਟਰ ਸਥਾਪਤ ਕਰਨ ਦੇ ਪ੍ਰਾਜੈਕਟ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿਚ ਨੌਜਵਾਨ ਤਕਨਾਲੋਜੀ, ਬੁਨਿਆਦੀ ਢਾਂਚਾ, ਵਿੱਤੀ ਸਹਿਯੋਗ, ਉਦਯੋਗ ਦੇ ਮਾਹਿਰਾਂ ਅਤੇ ਮਾਰਕੀਟ ਸਹੂਲਤਾਂ ਦਾ ਸਹਾਰਾ ਲੈ ਸਕਣਗੇ। ਲੜਕੀਆਂ ਨੂੰ ਪੁਲਿਸ ਤੇ ਨੀਮ ਫ਼ੌਜੀ ਦਸਤਿਆਂ ਵਿਚ ਭਰਤੀ ਵਾਸਤੇ ਤਿਆਰੀ ਕਰਾਉਣ ਲਈ ਮਾਤਾ ਗੁਜਰੀ ਟਰੇਨਿੰਗ ਅਕਾਦਮੀ ਖੋਲੀ ਜਾਵੇਗੀ। ਦੁਆਬੇ ਵਿਚ ਕਾਂਸ਼ੀ ਰਾਮ ਯੂਥ ਸਕਿੱਲ ਯੂਨੀਵਰਸਿਟੀ ਸਥਾਪਤ ਕਰ ਕੇ ਮਾਲਵੇ ਅਤੇ ਮਾਝੇ ਵਿਚ ਇਸ ਦੇ ਦੋ ਖੇਤਰੀ ਕੈਂਪਸ ਬਣਨਗੇ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਨੌਜਵਾਨਾਂ ਖਿਲਾਫ ਦਰਜ ਝੂਠੇ ਕੇਸ ਅਤੇ ਫਰਜ਼ੀ ਐਨæਡੀæਪੀæਐਸ਼ ਮੁਕੱਦਮੇ ਵਾਪਸ ਲਏ ਜਾਣਗੇ। ਇਹ ਵਾਅਦਾ ਵੀ ਕੀਤਾ ਗਿਆ ਕਿ ਸਰਕਾਰ ਸਵੈ ਉਦਯੋਗ ਅਤੇ ਹੁਨਰ ਕੇਂਦਰ ਸਥਾਪਤ ਕਰੇਗੀ, ਜਿਸ ਵਿਚ ਖੇਤੀਬਾੜੀ ਅਤੇ ਸਬੰਧਤ ਉਦਯੋਗਾਂ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਬਣਨ ਤੋਂ ਇਕ ਮਹੀਨੇ ਦੇ ਅੰਦਰ ਨਸ਼ਾ ਸਪਲਾਈ ਚੇਨ ਨੂੰ ਖਤਮ ਕੀਤਾ ਜਾਵੇਗਾ। ਨਸ਼ਿਆਂ ਦੀ ਵਿਕਰੀ ਅਤੇ ਸਪਲਾਈ ਦਾ ਖਾਤਮਾ ਕਰਨ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ਉਤੇ ਪੰਜਾਬ ਪੁਲਿਸ ਦੀ ਇਕ ਵਿਸ਼ੇਸ਼ ਡਰੱਗ ਟਾਸਕ ਫੋਰਸ ਬਣਾਈ ਜਾਵੇਗੀ। ਨਸ਼ੇ ਦੇ ਵਪਾਰ ਵਿਚ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦੀ ਸ਼ਮੂਲੀਅਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਨਸ਼ਾ ਤਸਕਰੀ ਦਾ ਗੁਨਾਹ ਸਾਬਤ ਹੋਣ ਉਤੇ ਮੌਤ ਤੱਕ ਉਮਰ ਕੈਦ ਦੇਣ ਲਈ ਕਾਨੂੰਨ ਬਣਾਇਆ ਜਾਵੇਗਾ। ਸਾਲਾਨਾ 150 ਵਿਦਿਆਰਥੀਆਂ ਨੂੰ ਗਰੈਜੂਏਟ ਅਤੇ ਮਾਸਟਰ ਡਿਗਰੀਆਂ ਦੀ ਪੜ੍ਹਾਈ ਕਰਾਉਣ ਲਈ ਸਕੂਲ ਆਫ ਅਡਿਕਸ਼ਨ ਸਟੱਡੀਜ਼ ਖੋਲ੍ਹਿਆ ਜਾਵੇਗਾ।
ਵਿਦਿਆਰਥੀਆਂ ਨੂੰ ਮੁਫਤ ਬੱਸ ਸੇਵਾ ਮਿਲੇਗੀ ਅਤੇ ਵਿਦਿਆਰਥਣਾਂ ਵਾਸਤੇ ਖਾਸ ਬੱਸਾਂ ਚਲਾਈਆਂ ਜਾਣਗੀਆਂ, ਨੌਵੀਂ ਕਲਾਸ ਤੋਂ ਮੁਫਤ ਲੈਪਟਾਪ ਦਿੱਤੇ ਜਾਣਗੇ, ਅਧਿਆਪਕਾਂ ਦੀਆਂ ਖਾਲੀ ਪਈਆਂ 29000 ਅਸਾਮੀਆਂ ਤੁਰਤ ਭਰੀਆਂ ਜਾਣਗੀਆਂ। ਨੌਵੀਂ ਤੋਂ ਹੁਨਰ ਵਿਕਾਸ ਅਤੇ ਕਰੀਅਰ ਕੌਂਸਲਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ, 85 ਫੀਸਦੀ ਤੋਂ ਵਧ ਨੰਬਰ ਲੈਣ ਵਾਲੀਆਂ ਲੜਕੀਆਂ ਨੂੰ ਦਸਵੀਂ ਪਾਸ ਕਰਨ ਉਪਰੰਤ ਉਚ ਸਿੱਖਿਆ ਵਜ਼ੀਫੇ ਦੀ ਸਹੂਲਤ ਪੋਸਟ ਗਰੈਜੂਏਟ ਪੱਧਰ ਤੱਕ ਦਿੱਤੀ ਜਾਵੇਗੀ। ਅਧਿਆਪਕਾਂ ਤੋਂ ਕੋਈ ਗੈਰ ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ। ਅੰਤਰਰਾਸ਼ਟਰੀ ਖੇਡ ਸਹੂਲਤਾਂ ਵਾਲੀ ਯੂਨੀਵਰਸਿਟੀ ਦੀ ਸਥਾਪਤ ਕੀਤੀ ਜਾਵੇਗੀ। ਤਿੰਨ ਸਪੋਰਟਸ ਕਾਲਜ ਬਣਾਏ ਜਾਣਗੇ।
__________________________________
ਕੇਜਰੀਵਾਲ ਉਤੇ ਸੁੱਟੇ ‘ਸਿੱਖ ਵਿਰੋਧੀ’ ਹੋਣ ਬਾਰੇ ਪੋਸਟਰ
ਅਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਜਦੋਂ ਉਹ ਬਾਹਰ ਆਏ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ‘ਮਿਸਟਰ ਕੇਜਰੀਵਾਲ ਤੂੰ ਸਿੱਖਾਂ ਦਾ ਦੋਸ਼ੀ ਏਂ’ ਵਾਲੇ ਪੋਸਟਰ ਉਨ੍ਹਾਂ ਵੱਲ ਸੁੱਟੇ। ‘ਆਪ’ ਦੇ ਵਰਕਰਾਂ ਦੀ ਉਨ੍ਹਾਂ ਨਾਲ ਤੂੰਂ ਤੂੰਂ ਮੈਂ ਮੈਂ ਵੀ ਹੋਈ ਪਰ ਸ੍ਰੀ ਕੇਜਰੀਵਾਲ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਸਾਰੀਆਂ ਥਾਵਾਂ ਉਤੇ ਕੇਜਰੀਵਾਲ ਨੂੰ ‘ਪੰਜਾਬ ਤੇ ਪੰਜਾਬੀਆਂ ਦਾ ਦੋਸ਼ੀ’ ਦੱਸਦੇ ਪੋਸਟਰ ਲਾਏ। ਇਨ੍ਹਾਂ ਪੋਸਟਰਾਂ ਵਿਚ ਸ੍ਰੀ ਕੇਜਰੀਵਾਲ ਨੂੰ ਪੰਜਾਬ ਤੇ ਪੰਜਾਬੀਆਂ ਦਾ ਦੋਸ਼ੀ ਦੱਸਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਾਂਦਨੀ ਚੌਕ ਸਥਿਤ ਪਿਆਉ ਅਤੇ ਭਾਈ ਮਤੀ ਦਾਸ ਚੌਕ ਵਿਖੇ ਬਣੀ ਉਨ੍ਹਾਂ ਦੀ ਸਮਾਰਕ ਨੂੰ ਤੋੜ ਦਿੱਤਾ। ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨਹੀਂ ਭਰੀਆਂ ਗਈਆਂ।
________________________________
ਪੰਜਾਬ ਦੇ ਨੌਜਵਾਨਾਂ ਨਾਲ ਵੱਡੇ ਵਾਅਦੇ
– ਨਸ਼ੇ ਦੀ ਸਪਲਾਈ ਚੇਨ ਮਹੀਨੇ ਦੇ ਅੰਦਰ ਅੰਦਰ ਹੋਵੇਗੀ ਖਤਮ
– ਨਸ਼ਾ ਸਪਲਾਈ ਅਤੇ ਵੇਚਣ ਵਾਲਿਆਂ ਲਈ ਖਾਸ ਕਾਨੂੰਨ ਬਣਾ ਕੇ ਮੁਜਰਮ ਨੂੰ ਮੌਤ ਤੱਕ ਉਮਰ ਕੈਦ ਅਤੇ ਜਾਇਦਾਦ ਜ਼ਬਤ ਕਰਨ ਦੀ ਤਜਵੀਜ਼ ਰੱਖੀ
– ਸਰਕਾਰੀ ਨਸ਼ਾ ਕੇਂਦਰਾਂ ‘ਚ ਮਰੀਜ਼ ਦਾ ਮੁਫਤ ਇਲਾਜ
– ਨੌਜਵਾਨਾਂ ਉਤੇ ਨਸ਼ਾਖੋਰੀ ਦੀ ਆੜ ਵਿਚ ਸਿਆਸੀ ਰੰਜ਼ਿਸ਼ ਦੇ ਪਾਏ ਗਏ ਸਾਰੇ ਮਾਮਲੇ ਰੱਦ ਕਰਨਾ
– ਹਰ ਪਿੰਡ ਅਤੇ ਸ਼ਹਿਰ ਵਿਚ ਸਿਹਤ ਕਲੀਨਕ ਤੇ ਮੁਫਤ ਦਵਾਈਆਂ ਦੇ ਨਾਲ ਨਾਲ ਟੈਸਟ ਵੀ ਮੁਫਤ ਕਰਨ ਦਾ ਦਾਅਵਾ
– ਸਥਾਨਕ ਤੇ ਪੰਚਾਇਤੀ ਚੋਣਾਂ ਵੇਲੇ ਉਮੀਦਵਾਰ ਤੋਂ ਨਸ਼ਾ ਨਾ ਕਰਨ ਵਾਲਾ ਹਲਫਿਆ ਬਿਆਨ ਲੈਣਾ
– ਅਧਿਆਪਕਾਂ ਨੂੰ ਅਧਿਆਪਨ ਤੋਂ ਬਿਨਾ ਕਿਸੇ ਹੋਰ ਕੰਮਾਂ ਉਚ ਡਿਊਟੀ ਨਾ ਲਗਾਉਣਾ
– ਵਾਧੂ ਕੰਮਾਂ ਲਈ ਅਸਟੇਟ ਅਫਸਰਾਂ ਦੀ ਨਿਯੁਕਤੀ
– ਨੌਵੀ ਤੋਂ ਬਾਅਦ ਹਰੇਕ ਬੱਚੇ ਨੂੰ ਮੁਫਤ ਲੈਪਟਾਪ, ਹਰੇਕ ਹਾਈ ਸਕੂਲ ‘ਚ ਇਕ ਕੰਪਿਊਟਰ ਲੈਬ
– ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦਾ ਸਾਲਾਨਾ ਆਡਿਟ ਕਰਵਾਉਣਾ ਦੀ ਤਜਵੀਜ਼
– ਹਰ ਜਿਲ੍ਹੇ ਦਾ ਆਪਣਾ ਵੱਖਰਾ ਡਿਗਰੀ ਕਾਲਜ
– ਸਿਆਸੀ ਪ੍ਰਭਾਵ ਤੋਂ ਮੁਕਤ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੀ ਨਿਯੁਕਤੀ