ਦਹਿਸ਼ਤੀ ਹਮਲਿਆਂ ਨੇ ਦੁਨੀਆਂ ਹਿਲਾਈ, 200 ਤੋਂ ਵੱਧ ਮੌਤਾਂ

ਢਾਕਾ: ਪਿਛਲੇ ਕੁਝ ਦਿਨਾਂ ਵਿਚ ਦਹਿਸ਼ਤੀਆਂ ਵੱਲੋਂ ਇਕ ਤੋਂ ਬਾਅਦ ਇਕ ਹਮਲਿਆਂ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਹਮਲਿਆਂ ਨੇ ਇਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਦਹਿਸ਼ਤਗਰਦੀ ਕਿੰਨੀ ਵੱਡੀ ਕੌਮਾਂਤਰੀ ਚੁਣੌਤੀ ਹੈ। ਇਕ ਹਫਤੇ ਵਿਚ ਚਾਰ ਵੱਡੇ ਅਤਿਵਾਦੀ ਹਮਲਿਆਂ ਵਿਚ ਤਕਰੀਬਨ 200 ਲੋਕ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਖਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ।

ਪਿਛਲੇ ਹਫਤੇ ਯੂਰਪ ਤੇ ਏਸ਼ੀਆ ਨੂੰ ਜੋੜਦੇ ਤੁਰਕਿਸ਼ ਮਹਾਂਨਗਰ ਇਸਤੰਬੁਲ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਆਤਮਘਾਤੀ ਬੰਬ ਧਮਾਕਿਆਂ ਵਿਚ 13 ਵਿਦੇਸ਼ੀ ਨਾਗਰਿਕਾਂ ਸਮੇਤ 45 ਵਿਅਕਤੀ ਮਾਰੇ ਗਏ ਅਤੇ 239 ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਸਫ਼ਾਰਤੀ ਖੇਤਰ ਵਿਚ ਸਥਿਤ ਇਕ ਰੇਸਤਰਾਂ ਅੰਦਰ ਦਹਿਸ਼ਤੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਬੰਧਕ ਬਣਾ ਲਿਆ ਅਤੇ 20 ਨੂੰ ਮਾਰ ਦਿੱਤਾ। ਬਾਅਦ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਛੇ ਹਮਲਾਵਰ ਮਾਰੇ ਗਏ ਅਤੇ 13 ਬੰਧਕ ਛੁਡਾ ਲਏ ਗਏ। ਮ੍ਰਿਤਕਾਂ ਵਿਚ 9 ਇਤਾਲਵੀ, 7 ਜਪਾਨੀ, ਇਕ ਅਮਰੀਕੀ ਅਤੇ ਇਕ ਭਾਰਤੀ ਸ਼ਾਮਲ ਹਨ।
ਇਸ ਪਿੱਛੋਂ ਇਰਾਕ ਦੀ ਰਾਜਧਾਨੀ ਵਿਚ ਦੋ ਥਾਵਾਂ ਉਤੇ ਹੋਏ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 120 ਲੋਕ ਮਾਰੇ ਗਏ ਅਤੇ 144 ਫੱਟੜ ਹੋਏ ਹਨ। ਆਨ ਲਾਈਨ ਜਾਰੀ ਕੀਤੇ ਬਿਆਨ ਵਿਚ ਇਸਲਾਮਿਕ ਸਟੇਟ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਸੀ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਇਰਾਕੀ ਸੁਰੱਖਿਆ ਬਲਾਂ ਵੱਲੋਂ ਫਾਲੂਜਾ ਸ਼ਹਿਰ ਨੂੰ ਆਈæਐਸ਼ ਦੇ ਕਬਜ਼ੇ ਵਿਚੋਂ ਛੁਡਾਉਣ ਦੇ ਇਕ ਹਫਤੇ ਬਾਅਦ ਬਗਦਾਦ ਵਿਚ ਇਹ ਹਮਲੇ ਹੋਏ ਹਨ। ਸਰਕਾਰ ਦੀ ਜਿੱਤ ਦੇ ਬਾਵਜੂਦ ਆਈæਐਸ਼ ਵਾਰ-ਵਾਰ ਹਮਲੇ ਕਰ ਕੇ ਆਪਣੀ ਤਾਕਤ ਦਾ ਅਹਿਸਾਸ ਕਰਾ ਰਹੀ ਹੈ। ਇਰਾਕ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਮੋਸੂਲ ਹਾਲੇ ਵੀ ਆਈæਐਸ਼ ਦੇ ਕਬਜ਼ੇ ਹੇਠ ਹੈ।
ਇਨ੍ਹਾਂ ਤਿੰਨੇ ਦਹਿਸ਼ਤੀ ਕਾਰੇ ਖਤਰਨਾਕ ਅਤਿਵਾਦੀ ਜਥੇਬੰਦੀ ਆਈæਐਸ਼ ਸਿਰ ਮੜ੍ਹੇ ਜਾ ਰਹੇ ਹਨ। ਬੰਗਲਾਦੇਸ਼ ਵਿਚ ਬੰਧਕਾਂ ਨਾਲ ਹਮਲਾਵਰ ਬੜੇ ਵਹਿਸ਼ੀਆਨਾ ਢੰਗ ਨਾਲ ਪੇਸ਼ ਆਏ ਅਤੇ ਮਾਰਨ ਤੋਂ ਪਹਿਲਾਂ ਕਈ ਬੰਧਕਾਂ ਨੂੰ ਜ਼ਾਲਮਾਨਾ ਢੰਗ ਨਾਲ ਤਸੀਹੇ ਦਿੱਤੇ ਗਏ। ਬੰਗਲਾਦੇਸ਼ੀ ਅਧਿਕਾਰੀਆਂ ਦਾ ਕਹਿਣਾ ਹੈ ਕਿ 1971 ਦੇ ਆਜ਼ਾਦੀ ਸੰਗਰਾਮ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਨਿਰਦੋਸ਼ ਲੋਕਾਂ ਉਤੇ ਵਹਿਸ਼ੀ ਅਨਸਰਾਂ ਵੱਲੋਂ ਅਤਿਅੰਤ ਜ਼ਾਲਮਾਨਾ ਢੰਗ ਨਾਲ ਕਹਿਰ ਢਾਹਿਆ ਗਿਆ। ਹਰ ਮ੍ਰਿਤਕ ਦੀ ਦੇਹ ਉਤੇ ਅਜਿਹੇ ਨਿਸ਼ਾਨ ਸਨ ਜਿਨ੍ਹਾਂ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਉਸ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਬੰਗਲਾਦੇਸ਼ ਵਿਚ ਭਾਵੇਂ ਬੇਗਮ ਸ਼ੇਖ ਹਸੀਨਾ ਵਾਜਿਦ ਦੀ ਸਰਕਾਰ ਵਿਧਾਨਕ ਪੱਖੋਂ ਪੱਕੇ ਪੈਰੀਂ ਹੈ, ਫਿਰ ਵੀ ਇਸ ਉਤੇ ਆਪਣੇ ਵਿਰੋਧੀਆਂ ਨਾਲ ਗ਼ੈਰਜਮਹੂਰੀ ਢੰਗ ਨਾਲ ਪੇਸ਼ ਆਉਣ ਅਤੇ ਤਾਨਾਸ਼ਾਹਾਨਾ ਤੌਰ-ਤਰੀਕੇ ਅਪਨਾਉਣ ਦੇ ਦੋਸ਼ ਆਮ ਹੀ ਲੱਗਦੇ ਆਏ ਹਨ।
______________________________________

ਆਈæਐਸ਼ ਦੇ ਨਿਸ਼ਾਨੇ ਉਤੇ ਭਾਰਤ ਦੇ ਅਹਿਮ ਟਿਕਾਣੇ
ਨਵੀਂ ਦਿੱਲੀ: ਹੈਦਰਾਬਾਦ ਵਿਚੋਂ ਗ੍ਰਿਫਤਾਰ ਕੀਤੇ ਗਏ ਆਈæਐਸ਼ ਦੇ ਪੰਜ ਸ਼ੱਕੀ ਨੌਜਵਾਨ ਪੈਰਿਸ ਤੇ ਬਰਸਲਜ਼ ਵਰਗੇ ਧਮਾਕੇ ਭਾਰਤ ਵਿਚ ਕਰਨਾ ਚਾਹੁੰਦੇ ਸਨ। ਸੁਰੱਖਿਆ ਏਜੰਸੀਆਂ ਅਨੁਸਾਰ ਜੋ ਵਿਸਫੋਟਕ ਸਾਮਾਨ ਇਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ ਹੈ, ਅਜਿਹਾ ਹੁਣ ਤੱਕ ਕਦੇ ਵੀ ਭਾਰਤ ਵਿਚੋਂ ਨਹੀਂ ਮਿਲਿਆ। ਖੁਫੀਆ ਏਜੰਸੀਆਂ ਅਨੁਸਾਰ ਪਿਛਲੇ ਸਾਲ ਬਰਸਲਜ਼ ਹਵਾਈ ਅੱਡੇ ਉਤੇ ਵੀ ਅਜਿਹੀ ਹੀ ਵਿਸਫੋਟਕ ਸਮਗਰੀ ਦਾ ਇਸਤੇਮਾਲ ਕੀਤਾ ਗਿਆ ਸੀ। ਨੌਜਵਾਨਾਂ ਕੋਲੋਂ ਟ੍ਰਾਈਸੇਟੋਨ ਟ੍ਰਾਈਪਰ ਆਕਸਾਈਡ (ਟੇਪ) ਬਰਾਮਦ ਹੋਇਆ ਹੈ। ਖੁਫੀਆ ਏਜੰਸੀਆਂ ਅਨੁਸਾਰ ਇਨ੍ਹਾਂ ਨੌਜਵਾਨਾਂ ਦੇ ਨਿਸ਼ਾਨੇ ਉਤੇ ਪੁਲਿਸ ਸਟੇਸ਼ਨ, ਮੰਦਰ, ਜਨਤਕ ਸਥਾਨ ਤੇ ਹੋਰ ਮਹੱਤਵਪੂਰਨ ਥਾਵਾਂ ਸਨ। ਐਨæਆਈæਏæ ਨੇ ਹੈਦਰਾਬਾਦ ਵਿਚ 10 ਥਾਵਾਂ ਉਤੇ ਛਾਪੇ ਮਾਰ ਕੇ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਪੁੱਛਗਿੱਛ ਤੋਂ ਬਾਅਦ ਛੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਐਨæਆਈæਏæ ਅਨੁਸਾਰ ਪੰਜ ਨੌਜਵਾਨਾਂ ਦਾ ਹੈਂਡਲਰ ਸੀਰੀਆ ਵਿਚ ਹੈ ਤੇ ਇਨ੍ਹਾਂ ਨੂੰ 15 ਤੋਂ 20 ਲੱਖ ਰੁਪਏ ਤੇ ਲੈਪਟਾਪ ਦਿੱਤੇ ਗਏ ਸਨ।
_____________________________________
ਅਤਿਵਾਦ ਦੇ ਹਮਾਇਤੀ ਜਵਾਬਦੇਹ ਹੋਣ : ਭਾਰਤ
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਮੰਗ ਕੀਤੀ ਕਿ ਅਤਿਵਾਦੀ ਹਮਲਿਆਂ ਦੇ ਗੁਨਾਹਗਾਰਾਂ ਅਤੇ ਅਤਿਵਾਦੀਆਂ ਨੂੰ ਸੁਰੱਖਿਅਤ ਠਾਹਰ ਤੇ ਪੈਸਾ ਦੇਣ ਵਾਲੇ ਰਾਸ਼ਟਰਾਂ ਨੂੰ ਜਵਾਬਦੇਹ ਬਣਾਇਆ ਜਾਵੇ। ਇਸ ਦੇ ਨਾਲ ਹੀ ਭਾਰਤ ਨੇ ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ ਦਾ ਮਤਾ ਛੇਤੀ ਸਵੀਕਾਰ ਕਰਨ ਦਾ ਸੱਦਾ ਦਿੱਤਾ।
______________________________________
ਇਸਲਾਮਿਕ ਸਟੇਟ ਬਣਿਆ ਵੱਡੀ ਵੰਗਾਰ
ਇਸਲਾਮਿਕ ਸਟੇਟ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਮੁੱਖ ਤੌਰ ਉਤੇ ਸਾਊਦੀ ਅਰਬ ਤੇ ਤੁਰਕੀ ਦੀ ਪੈਦਾਇਸ਼ ਹੈ। ਇਸ ਜਥੇਬੰਦੀ ਨੂੰ ਖੜ੍ਹਾ ਕਰਨ, ਇਸ ਦੀ ਪਰਵਰਿਸ਼ ਕਰਨ ਅਤੇ ਇਸ ਨੂੰ ਅਤਿਆਧੁਨਿਕ ਹਥਿਆਰਾਂ ਤੇ ਮਾਇਕ ਸਾਧਨਾਂ ਨਾਲ ਲੈਸ ਕਰਨ ਵਿਚ ਇਨ੍ਹਾਂ ਦੋਵਾਂ ਦੇਸ਼ਾਂ ਦਾ ਸਿੱਧਾ ਹੱਥ ਹੋਣ ਦੇ ਦਸਤਾਵੇਜ਼ੀ ਸਬੂਤ ਸਾਹਮਣੇ ਆ ਚੁੱਕੇ ਹਨ। ਇਸ ਜਥੇਬੰਦੀ ਦੀ ਸਥਾਪਨਾ ਦਾ ਮਨੋਰਥ ਸੱਦਾਮ ਹੁਸੈਨ ਦੀ ਹਕੂਮਤ ਦੇ ਪਤਨ ਮਗਰੋਂ ਇਰਾਕ ਤੇ ਸੀਰੀਆ ਵਿਚ ਸ਼ੀਆ ਮੁਸਲਮਾਨਾਂ ਦੀ ਚੜ੍ਹਤ ਅਤੇ ਇਰਾਨ ਦੇ ਵਧਦੇ ਪ੍ਰਭਾਵ ਨੂੰ ਠੱਲ੍ਹ ਪਾਉਣਾ ਸੀ। ਇਸਲਾਮੀ ਜਗਤ ਵਿਚ ਸ਼ੀਆ-ਸੁੰਨੀ ਦੁਫੇੜ ਕਾਰਨ ਸੁੰਨੀ ਭਾਈਚਾਰਾ, ਜੋ ਕਿ ਬਹੁਮਤ ਵਿਚ ਹੈ, ਇਰਾਨ ਦੇ ਪ੍ਰਭਾਵ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਈ ਸਦੀਆਂ ਤੋਂ ਕਰਦਾ ਆ ਰਿਹਾ ਹੈ। ਇਹ ਲੜਾਈ 1980ਵਿਆਂ ਵਿਚ ਇਰਾਨ ਵਿਚਲੇ ਇਸਲਾਮੀ ਇਨਕਲਾਬ ਤੋਂ ਬਾਅਦ ਹੋਰ ਗਹਿਰੀ ਹੋ ਗਈ ਕਿਉਂਕਿ ਅਮਰੀਕਾ ਵੀ ਸਿੱਧੇ ਤੌਰ ਉਤੇ ਸਾਊਦੀ ਅਰਬ ਦੀ ਪਿੱਠ ਉਤੇ ਆ ਗਿਆ। ਇਰਾਨ ਦਾ ਪ੍ਰਭਾਵ ਖੇਤਰ ਸੀਮਤ ਕਰਨ ਅਤੇ ਸ਼ੀਆ ਭਾਈਚਾਰੇ ਨੂੰ ਦਬਾ ਕੇ ਰੱਖਣ ਦੇ ਯਤਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਕਾਮਯਾਬ ਹੋਏ, ਪਰ ਹੁਣ ਅਮਰੀਕੀ ਰੁਖ਼ ਤੇ ਤਰਜੀਹਾਂ ਵਿਚ ਤਬਦੀਲੀ ਕਾਰਨ ਸਥਿਤੀ ਬਦਲ ਚੁੱਕੀ ਹੈ। ਦਰਅਸਲ, ਅਮਰੀਕੀ ਤਰਜੀਹਾਂ ਵਿਚ ਤਬਦੀਲੀ ਦੇ ਸੰਕੇਤਾਂ ਨੇ ਹੀ ਸਾਊਦੀ ਅਰਬ ਤੇ ਤੁਰਕੀ ਨੂੰ ਇਸਲਾਮਿਕ ਸਟੇਟ ਵਰਗਾ ਸੰਗਠਨ ਖੜ੍ਹਾ ਕਰਨ ਦੇ ਰਾਹ ਪਾਇਆ।
_________________________________
ਬੰਗਲਾਦੇਸ਼ ਵੱਲੋਂ ਆਈæਐਸ਼ਆਈæ ਵੱਲ ਉਂਗਲ
ਢਾਕਾ: ਬੰਗਲਾਦੇਸ਼ ਨੇ ਦਹਿਸ਼ਤੀ ਹਮਲੇ ਲਈ ਦੇਸ਼ ਦੇ ਅਤਿਵਾਦੀਆਂ ਤੇ ਪਾਕਿਸਤਾਨ ਦੀ ਸੂਹੀਆ ਏਜੰਸੀ ਆਈæਐਸ਼ਆਈæ ਨੂੰ ਦੋਸ਼ੀ ਠਹਿਰਾਇਆ ਹੈ। ਗ੍ਰਹਿ ਮੰਤਰੀ ਅਸਦੂਜ਼ਮਾਨ ਖਾਨ ਦਾ ਕਹਿਣਾ ਹੈ ਕਿ ਬੰਗਲਾਦੇਸ਼ ਵਿਚ ਆਈæਐਸ਼ਆਈæਐਸ਼ ਜਾਂ ਅਲ-ਕਾਇਦਾ ਦਾ ਵਜੂਦ ਨਹੀਂ ਹੈ। ਬੰਧਕ ਬਣਾਉਣ ਵਾਲੇ ਸਾਰੇ ਅਤਿਵਾਦੀ ਦੇਸ਼ ਵਿਚ ਵਧੇ-ਫੁੱਲੇ ਸਨ। ਅਸੀਂ ਉਨ੍ਹਾਂ (ਬੰਧਕ ਬਣਾਉਣ ਵਾਲਿਆਂ) ਨੂੰ ਵੱਡੇ ਵਡੇਰਿਆਂ ਤੋਂ ਜਾਣਦੇ ਹਾਂ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਿਆਸੀ ਸਲਾਹਕਾਰ ਹੁਸੈਨ ਤੌਫੀਕ ਇਮਾਮ ਨੇ ਕਿਹਾ ਕਿ ਜਿਸ ਤਰ੍ਹਾਂ ਬੰਧਕਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਇਸ ਪਿਛੇ ਸਥਾਨਕ ਪਾਬੰਦੀਸ਼ੁਦਾ ਸੰਗਠਨ ਜਮਾਤ-ਉਲ-ਮੁਜਾਹਿਦੀਨ ਦਾ ਹੱਥ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈæਐਸ਼ਆਈæ ਤੇ ਜਮਾਤ ਦੇ ਸਬੰਧਾਂ ਬਾਰੇ ਸਾਰੇ ਜਾਣਦੇ ਹਨ। ਇਸੇ ਦੌਰਾਨ ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
__________________________________
ਸ਼ੇਖ ਹਸੀਨਾ ਵੱਲੋਂ ਅਤਿਵਾਦ ਨੂੰ ਜੜ੍ਹੋਂ ਪੁੱਟਣ ਦਾ ਸੱਦਾ
ਢਾਕਾ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਦੇਸ਼ ਵਿਚੋਂ ਅਤਿਵਾਦ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ। ਹਸੀਨਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦੀ ਅਤਿਵਾਦੀ ਸਰਗਰਮੀ ਨੂੰ ਸਹਿਣ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਤਿਵਾਦ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੈ ਤੇ ਦੇਸ਼ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ।