ਲਾਲ ਬੱਤੀ ਦਾ ਮੋਹ ਤਿਆਗਣ ਲਈ ਤਿਆਰ ਨਹੀਂ ਸਿਆਸੀ ਆਗੂ

ਚੰਡੀਗੜ੍ਹ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਮੀਡੀਆ ਸਾਹਮਣੇ ਲਾਲ ਬੱਤੀ ਨੂੰ ਲੈ ਕੇ ਹੋਈ ਤਕਰਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਿਆਸਤਦਾਨਾਂ ਨੂੰ ਲਾਲ ਬੱਤੀ ਦਾ ਝੱਸ ਪੈ ਗਿਆ ਹੈ। ਦੋਵਾਂ ਆਗੂਆਂ ਨੇ ਲਾਲ ਬੱਤੀ ਸੱਭਿਆਚਾਰ ਦੀ ਜ਼ਰੂਰਤ ਬਾਰੇ ਵੱਖੋ ਵੱਖ ਸਟੈਂਡ ਲਿਆ ਅਤੇ ਆਪਸੀ ਸਹਿਮਤੀ ਦਰਸਾਉਣ ਤੋਂ ਗੁਰੇਜ਼ ਕੀਤਾ।

ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿਚ ‘ਲਾਲ ਬੱਤੀ ਕਲਚਰ’ 100 ਫੀਸਦੀ ਖਤਮ ਕਰਨ ਦਾ ਵਾਅਦਾ ਕਰੇਗੀ ਜਦੋਂਕਿ ਇਸੇ ਕਮੇਟੀ ਦੀ ਮੁਖੀ ਬੀਬੀ ਭੱਠਲ ਦਾ ਕਹਿਣਾ ਸੀ ਕਿ ਕਮੇਟੀ ਅਜਿਹਾ ਕੋਈ ਵਾਅਦਾ ਨਹੀਂ ਕਰ ਸਕਦੀ। ਉਹ ਤਾਂ ਆਪਣੀ ਸਿਫਾਰਸ਼ ਪਾਰਟੀ ਹਾਈ ਕਮਾਂਡ ਨੂੰ ਭੇਜ ਸਕਦੀ ਹੈ। ਮਤਭੇਦਾਂ ਦੇ ਅਜਿਹੇ ਪ੍ਰਗਟਾਵੇ ਤੋਂ ਜ਼ਾਹਿਰ ਹੈ ਕਿ ਲਾਲ ਬੱਤੀ ਕਲਚਰ ਸਿਆਸੀ ਜਮਾਤ ਜਾਂ ਸਮਾਜ ਦੇ ਰਸੂਖਵਾਨ ਤਬਕੇ ਅੰਦਰ ਕਿਸ ਹੱਦ ਤਕ ਘਰ ਕਰ ਚੁੱਕੀ ਹੈ।
ਦਸੰਬਰ 2013 ਵਿਚ ਸੁਪਰੀਮ ਕੋਰਟ ਨੇ ਇਕ ਲੋਕ ਹਿੱਤ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਹੁਕਮ ਦਿੱਤਾ ਕਿ ਸਿਰਫ ਸੰਵਿਧਾਨਕ ਅਹੁਦਿਆਂ ਵਾਲੇ ਵਿਅਕਤੀਆਂ ਦੀਆਂ ਗੱਡੀਆਂ ਉੱਪਰ ਹੀ ਲਾਲ ਬੱਤੀ ਲੱਗ ਸਕੇਗੀ। ਜਨਵਰੀ 2015 ਵਿਚ ਸੁਪਰੀਮ ਕੋਰਟ ਨੇ ਕਈ ਸਰਕਾਰੀ ਏਜੰਸੀਆਂ ਦੀਆਂ ਅਪੀਲਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ ਵਿਚ ਪੁਲਿਸ, ਹਥਿਆਰਬੰਦ ਫ਼ੌਜਾਂ ਦੇ ਆਲਾ ਅਫਸਰਾਂ, ਹੰਗਾਮੀ ਹਾਲਾਤ ਨਾਲ ਸਿੱਝਣ ਵਾਲੇ ਅਮਲੇ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਉੱਪਰ ਬੱਤੀਆਂ ਲਾਉਣ ਦੀ ਆਗਿਆ ਦੇ ਦਿੱਤੀ। ਸੁਪਰੀਮ ਕੋਰਟ ਦੇ ਅਜਿਹੇ ਹੁਕਮਾਂ ਦੇ ਬਾਵਜੂਦ ਰਾਜ ਸਰਕਾਰਾਂ ਨੇ ਰਸੂਖਵਾਨਾਂ ਨੂੰ ਖੁਸ਼ ਕਰਨ ਲਈ ਹੋਰ ਰਾਹ ਲੱਭ ਲਏ। ਪੰਜਾਬ ਵਿਚ ਜਿਨ੍ਹਾਂ ਵਿਧਾਨਕ ਹਸਤੀਆਂ ਨੂੰ ਲਾਲ ਬੱਤੀ ਦੀ ਵਰਤੋਂ ਦੀ ਖੁੱਲ੍ਹ ਹੈ, ਉਨ੍ਹਾਂ ਵਿਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਰੇ ਮੰਤਰੀ, ਹਾਈ ਕੋਰਟ ਦੇ ਸਾਰੇ ਜੱਜ, ਵਿਧਾਨ ਸਭਾ ਦਾ ਸਪੀਕਰ, ਐਡਵੋਕੇਟ ਜਨਰਲ, ਡੀæਜੀæਪੀæ ਤੇ ਵਿਰੋਧੀ ਧਿਰ ਦਾ ਨੇਤਾ ਸ਼ਾਮਲ ਹਨ। ਸਾਰੇ ਵਿਧਾਇਕਾਂ, ਮੁੱਖ ਪਾਰਲੀਮਾਨੀ ਸਕੱਤਰਾਂ, ਮੁੱਖ ਸਕੱਤਰ, ਐਡੀਸ਼ਨਲ ਮੁੱਖ ਸਕੱਤਰਾਂ, ਪ੍ਰਬੰਧਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਏæਡੀæਜੀæਪੀਜ਼æ, ਆਈæਜੀਜ਼æ ਅਤੇ ਜ਼ਿਲ੍ਹਾ ਪੁਲਿਸ ਕਪਤਾਨਾਂ ਅਤੇ ਕੈਬਨਿਟ ਮੰਤਰੀ ਦੇ ਰੁਤਬੇ ਵਾਲੀਆਂ ਸਿਆਸੀ-ਸਮਾਜਿਕ ਹਸਤੀਆਂ ਦੀਆਂ ਗੱਡੀਆਂ ‘ਤੇ ਸੰਤਰੀ ਬੱਤੀਆਂ ਦੀ ਵਿਵਸਥਾ ਹੈ ਜਦੋਂਕਿ ਛਾਪੇ ਮਾਰਨ ਵਾਲੀਆਂ ਏਜੰਸੀਆਂ ਜਾਂ ਐਂਬੂਲੈਂਸ ਨੂੰ ਨੀਲੀਆਂ ਬੱਤੀਆਂ ਲਾਉਣ ਦੀ ਇਜਾਜ਼ਤ ਹੈ। ਇੰਨੀ ਵੱਡੀ ਗਿਣਤੀ ਵਿਚ ਰੁਤਬੇਦਾਰਾਂ ਨੂੰ ਅਜਿਹੀ ਖੁੱਲ੍ਹ ਦੇਣਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਜਜ਼ਬੇ ਦੀ ਉਲੰਘਣਾ ਹੈ।
__________________________________
ਲਾਲ ਬੱਤੀ ਵਾਲੀਆਂ ਗੱਡੀਆਂ ‘ਚ ਨਸ਼ਿਆਂ ਦਾ ਕਾਰੋਬਾਰ
ਜਲੰਧਰ: ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਲਾਲ ਬੱਤੀ ਵਾਲੀਆਂ ਗੱਡੀਆਂ ਵਿਚ ਹੁੰਦਾ ਹੈ। ਇਹ ਕਹਿਣਾ ਹੈ ਸਿਹਤ ਵਿਭਾਗ ਦੀ ਸੀæਪੀæਐਸ਼ ਤੇ ਭਾਜਪਾ ਵਿਧਾਇਕ ਨਵਜੋਤ ਕੌਰ ਸਿੱਧੂ ਦਾ। ਸਿੱਧੂ ਨੇ ਇਹ ਗੱਲ ਭਾਜਪਾ ਦੀ ਦੋ ਦਿਨਾਂ ਬੈਠਕ ਦੌਰਾਨ ਕਹੀ। ਸਿੱਧੂ ਨੇ ਪੰਜਾਬ ਵਿਚ ਵਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਆਪਣੀ ਹੀ ਸਰਕਾਰ ਖਿਲਾਫ ਇਹ ਬਿਆਨ ਦਿੱਤਾ ਹੈ। ਸੀæਪੀæਐਸ਼ ਨੇ ਕਿਹਾ ਕਿ ਪੰਜਾਬ ਵਿਚ ਸਾਰਿਆਂ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ ਮਿਲੀਆਂ ਹਨ। ਇਨ੍ਹਾਂ ਗੱਡੀਆਂ ਵਿਚ ਹੀ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਪੰਜਾਬ ਵਿਚ ਚੱਲ ਰਹੀਆਂ ਨਿੱਜੀ ਬੱਸਾਂ ਵਿਚ ਵੀ ਨਸ਼ੇ ਦੀ ਤਸਕਰੀ ਹੁੰਦੀ ਹੈ। ਪੰਜਾਬ ਪੁਲਿਸ ਵੀ ਇਨ੍ਹਾਂ ਬੱਸਾਂ ਦੀ ਚੈਕਿੰਗ ਨਹੀਂ ਕਰਦੀ। ਉਨ੍ਹਾਂ ਬੀæਐਸ਼ਐਫ਼ ਦਾ ਪੱਖ ਲੈਂਦਿਆਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਬੀæਐਸ਼ਐਫ਼ ਦੇ ਅਫਸਰਾਂ ਕੋਲ ਜ਼ਿਆਦਾ ਪੈਸਾ ਹੈ ਜਾਂ ਪੰਜਾਬ ਪੁਲਿਸ ਕੋਲ। ਪੰਜਾਬ ਪੁਲਿਸ ਦੇ ਅਫਸਰਾਂ ਕੋਲ ਇੰਨਾ ਪੈਸਾ ਕਿਥੋਂ ਆਉਂਦਾ ਹੈ। ਸਿੱਧੂ ਨੇ ਦੱਸਿਆ ਕਿ ਉਹ ਆਪ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੋਲ ਗਏ ਸਨ ਕਿ ਲੀਡਰਾਂ ਕੋਲ ਪੈਸਾ ਕਿਥੋਂ ਆ ਰਿਹਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਧਾਇਕਾਂ ਦੀ ਵੀ ਹਰ ਦੋ ਸਾਲ ਬਾਅਦ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ।