ਹੁਣ ਪੰਜਾਬ-ਯੂæਪੀæ ਕਰਨਗੇ ਅਗਲੀ ਸਿਆਸਤ ਦਾ ਫੈਸਲਾ

ਅਭੈ ਕੁਮਾਰ ਦੂਬੇ
ਭਾਰਤੀ ਰਾਜਨੀਤੀ ਲਈ ਅਗਲੇ ਸਾਲ, ਭਾਵ 2017 ਦੇ ਪਹਿਲੇ ਤਿੰਨ ਮਹੀਨੇ ਅਹਿਮ ਹਨ। ਜੇ ਇਹ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ ਕਿ ਇਨ੍ਹਾਂ ਤਿੰਨਾਂ ਮਹੀਨਿਆਂ ਵਿਚ ਜੋ ਕੁਝ ਹੋਵੇਗਾ, ਉਸ ਨਾਲ ਮੁਲਕ ਦੀ ਲੋਕਤੰਤਰੀ ਰਾਜਨੀਤੀ ਦਾ ਭਵਿਖ ਤੈਅ ਹੋ ਜਾਵੇਗਾ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਗਲੇ ਸਾਲ ਦੇ ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਵਿਚ ਉਤਰ ਪ੍ਰਦੇਸ਼ (ਯੂæਪੀæ) ਅਤੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹੋਣਗੀਆਂ। ਹਰ ਪਾਰਟੀ ਦੀ ਮੁਹਿੰਮ ਆਪਣੇ ਪੂਰੇ ਸ਼ਬਾਬ Ḕਤੇ ਹੋਵੇਗੀ।

ਇਸ ਮੁਕਾਬਲੇ ਵਿਚ 4 ਅਜਿਹੀਆਂ ਪਾਰਟੀਆਂ (ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ) ਆਪਣੀ ਦਾਅਵੇਦਾਰੀ ਪੇਸ਼ ਕਰਨਗੀਆਂ। ਇਸ ਦੇ ਨਾਲ ਹੀ ਦੋ ਅਜਿਹੀਆਂ ਪਾਰਟੀਆਂ (ਕਾਂਗਰਸ ਤੇ ਭਾਰਤੀ ਜਨਤਾ ਪਾਰਟੀ) ਇਹ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨਗੀਆਂ।
ਇਸ ਚੁਣਾਵੀ ਰਾਜਨੀਤੀ ਵਿਚ ਭਾਜਪਾ ਦੀ ਰਣਨੀਤੀ ਕੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਸਭ ਤੋਂ ਦਿਲਚਸਪ ਹੋ ਸਕਦਾ ਹੈ। ਇਸ ਰਣਨੀਤੀ ਦੇ ਦੋ ਚਿਹਰੇ ਹਨ। ਪਹਿਲਾ, ਭਾਜਪਾ ਲਈ ਉਤਰ ਪ੍ਰਦੇਸ਼ ਵਿਚ ਚੋਣਾਂ ਜਿੱਤਣੀਆਂ ਜ਼ਰੂਰੀ ਹਨ, ਕਿਉਂਕਿ 2014 ਵਿਚ ਉਸ ਨੇ ਇਸ ਸੂਬੇ ਵਿਚੋਂ ਲੋਕ ਸਭਾ ਦੀਆਂ 71 ਸੀਟਾਂ ਜਿੱਤੀਆਂ ਸਨ ਅਤੇ ਇਸੇ ਗਿਣਤੀ ਕਰ ਕੇ ਅੱਜ ਉਹ ਕੇਂਦਰ ਵਿਚ ਮੁਕੰਮਲ ਬਹੁਮਤ ਵਾਲੀ ਸਰਕਾਰ ਚਲਾ ਰਹੀ ਹੈ। ਜੇ ਭਾਜਪਾ ਉਤਰ ਪ੍ਰਦੇਸ਼ ਵਿਚ ਹਾਰ ਗਈ ਤਾਂ 2019 ਦੀਆਂ ਲੋਕ ਸਭਾ ਚੋਣਾਂ ਦਾ ਰਾਹ ਉਸ ਲਈ ਬਹੁਤ ਔਖਾ ਹੋ ਜਾਵੇਗਾ। ਹਰ ਹਾਰ ਦਾ ਕੋਈ ਬਹਾਨਾ ਹੋ ਸਕਦਾ ਹੈ, ਪਰ ਉਤਰ ਪ੍ਰਦੇਸ਼ ਦੀ ਹਾਰ ਦਾ ਕੋਈ ਬਹਾਨਾ ਮਿਲਣਾ ਮੁਸ਼ਕਿਲ ਹੋਵੇਗਾ। ਇਸ ਹਾਰ ਦਾ ਇਕ ਹੀ ਨਤੀਜਾ ਹੋਵੇਗਾ: ਲੋਕ ਕਹਿਣਗੇ, ਭਾਜਪਾ ਦਾ ਬੁਰਾ ਵਕਤ ਸ਼ੁਰੂ ਹੋ ਗਿਆ। ਹੁਣ ਮੁਸ਼ਕਿਲ ਇਹ ਹੈ ਕਿ ਉਤਰ ਪ੍ਰਦੇਸ਼ ਦੀ ਜਟਿਲ ਰਾਜਨੀਤੀ ਵਿਚ ਭਾਜਪਾ ਵਾਸਤੇ ਜਿੱਤ ਦੀ ਗਾਰੰਟੀ ਤਲਾਸ਼ਣੀ ਤੂੜੀ ਦੇ ਢੇਰ ਵਿਚੋਂ ਸੂਈ ਲੱਭਣ ਵਾਂਗ ਹੈ। ਪਾਰਟੀ ਦੀ ਰਣਨੀਤੀ ਦਾ ਦੂਜਾ ਚਿਹਰਾ ਪੰਜਾਬ ਸਬੰਧੀ ਹੈ। ਪੰਜਾਬ ਵਿਚ ਭਾਜਪਾ ਮੁੱਖ ਤਾਕਤ ਨਾ ਹੋ ਕੇ ਅਕਾਲੀ ਦਲ ਦੇ ਪੱਲੇ ਨਾਲ ਬੱਝੀ ਹੋਈ ਹੈ। ਆਮ ਸਮਝ ਹੈ ਕਿ ਇਹ ਗਠਜੋੜ 10 ਸਾਲ ਦੀ ਸੱਤਾ ਤੋਂ ਬਾਅਦ ਸਥਾਪਤੀ-ਵਿਰੋਧੀ ਰੁਝਾਨ ਦਾ ਸਾਹਮਣਾ ਕਰ ਰਿਹਾ ਹੈ। ਭਾਜਪਾ ਵੀ ਇਸ ਗੱਲ ਨੂੰ ਸਮਝ ਰਹੀ ਹੈ। ਇਸ ਲਈ ਉਸ ਨੂੰ ਆਪਣੀ ਰਣਨੀਤੀ ਇਸ ਢੰਗ ਨਾਲ ਬਣਾਉਣੀ ਪਵੇਗੀ ਕਿ ਕਿਸ ਪਾਰਟੀ ਤੋਂ ਹਾਰਨਾ ਉਸ ਲਈ ਘੱਟ ਨੁਕਸਾਨਦੇਹ ਹੋਵੇਗਾ।
ਇਸ ਤਰਜ਼ Ḕਤੇ ਜੇ ਵਿਸ਼ਲੇਸ਼ਣ ਨੂੰ ਅੱਗੇ ਵਧਾਇਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਚ ਸਥਾਪਤੀ-ਵਿਰੋਧੀ ਰੁਝਾਨ ਦਾ ਲਾਭ ਜਾਂ ਤਾਂ ਆਮ ਆਦਮੀ ਪਾਰਟੀ ਨੂੰ ਮਿਲੇਗਾ, ਜਾਂ ਕਾਂਗਰਸ ਨੂੰ। ਜੇ ਆਮ ਆਦਮੀ ਪਾਰਟੀ ਦੀ ਪ੍ਰਭਾਵਸ਼ਾਲੀ ਹਾਜ਼ਰੀ ਦੇ ਬਾਵਜੂਦ ਕਾਂਗਰਸ ਜਿੱਤ ਗਈ ਤਾਂ ਹੋ ਸਕਦਾ ਹੈ ਕਿ ਕੌਮੀ ਪੱਧਰ Ḕਤੇ ਕਾਂਗਰਸ ਵਿਚ ਜਾਨ ਪੈ ਜਾਵੇ ਅਤੇ ਪਾਰਟੀ ਮੁਲਕ ਵਿਚ ਪੰਜਾਬ ਦੀ ਜਿੱਤ ਦੇ ਦਮ Ḕਤੇ ਆਪਣੇ ਸਿਆਸੀ ਉਭਾਰ ਦੇ ਦੌਰ ਵਿਚ ਦਾਖ਼ਲ ਹੋ ਜਾਵੇ। ਜੇ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਉਹ ਕੌਮੀ ਦ੍ਰਿਸ਼ ਵਿਚ ਇਕ ਤੋਂ ਵਧੇਰੇ ਸੂਬਿਆਂ ਵਿਚ ਸਰਕਾਰ ਬਣਾਉਣ ਵਾਲੀ ਤੀਜੀ ਪਾਰਟੀ ਹੋਵੇਗੀ। ਉਸ ਸੂਰਤ ਵਿਚ ਇਹ ਪਾਰਟੀ ਜੋ ਅੱਜ ਵੀ ਬਾਕੀ ਪਾਰਟੀਆਂ ਨੂੰ ਕੁਝ ਵਚਿੱਤਰ ਜਾਪਦੀ ਹੈ, ਖ਼ਾਸ ਤਰ੍ਹਾਂ ਦੀ ਕੌਮੀ ਵੰਗਾਰ ਪੇਸ਼ ਕਰ ਸਕਦੀ ਹੈ। ਪੰਜਾਬ ਵਿਚ ਇਸ ਵੱਲੋਂ ਕਾਂਗਰਸ ਤੋਂ ਅੱਗੇ ਨਿਕਲਣ ਤੋਂ ਬਾਅਦ ਗ਼ੈਰ-ਭਾਜਪਾ ਅਤੇ ਗ਼ੈਰ-ਕਾਂਗਰਸ ਰਾਜਨੀਤਕ ਤਾਕਤਾਂ, ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਸ਼ਖ਼ਸੀਅਤ ਦੇ ਆਲੇ-ਦੁਆਲੇ ਕਤਾਰਬੱਧ ਹੋਣ ਲੱਗਣਗੀਆਂ। ਸਮਝਿਆ ਜਾ ਸਕਦਾ ਹੈ ਕਿ ਜਦੋਂ ਦਿੱਲੀ ਵਰਗੀ ਅੱਧੀ ਵਿਧਾਨ ਸਭਾ ਦੇ ਦਮ Ḕਤੇ ਕੇਜਰੀਵਾਲ ਭਾਜਪਾ ਲਈ ਸਿਰਦਰਦ ਬਣੇ ਹੋਏ ਹਨ ਤਾਂ ਪੰਜਾਬ ਵਰਗੇ ਅਹਿਮ ਸੂਬੇ ਨੂੰ ਜਿੱਤ ਕੇ ਉਹ ਕੀ ਕਰਨਗੇ, ਤੇ ਕਿਸ ਹੱਦ ਤੱਕ ਚਲੇ ਜਾਣਗੇ? ਭਾਵ ਪੰਜਾਬ ਵਿਚ ਭਾਜਪਾ ਲਈ ਇਕ ਪਾਸੇ ਖੂਹ ਹੈ ਅਤੇ ਦੂਜੇ ਪਾਸੇ ਖਾਈ ਵਾਲੀ ਗੱਲ ਹੈ।
ਕਾਂਗਰਸ ਲਈ ਰਣਨੀਤੀ ਬਿਲਕੁਲ ਸਾਫ਼ ਹੈ। ਉਹ ਪੰਜਾਬ ਵਿਚ ਜਿੱਤਣ ਲਈ ਲੜ ਰਹੀ ਹੈ ਅਤੇ ਉਤਰ ਪ੍ਰਦੇਸ਼ ਵਿਚ ਆਪਣਾ ਪ੍ਰਦਰਸ਼ਨ ਸੁਧਾਰਨ ਲਈ। ਉਸ ਲਈ ਆਦਰਸ਼ ਨਤੀਜਾ ਇਹ ਹੋਵੇਗਾ ਕਿ ਮਾਰਚ 2017 ਵਿਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲੈਣ ਅਤੇ ਉਤਰ ਪ੍ਰਦੇਸ਼ ਵਿਚ ਉਹ 70-80 ਸੀਟਾਂ ਜਿੱਤ ਜਾਵੇ। ਪ੍ਰਸ਼ਾਂਤ ਕਿਸ਼ੋਰ ਵੱਲੋਂ ਦੋਵਾਂ ਸੂਬਿਆਂ ਵਿਚ ਕੀਤੇ ਜਾਣ ਵਾਲੇ ਰਣਨੀਤਕ ਯਤਨਾਂ ਦੇ ਬਾਵਜੂਦ ਕਾਂਗਰਸ ਨੂੰ ਵੀ ਇਸ ਨਤੀਜੇ ਦੀ ਗਾਰੰਟੀ ਨਜ਼ਰ ਨਹੀਂ ਆ ਰਹੀ। ਹਾਂ, ਜੇ ਆਮ ਆਦਮੀ ਪਾਰਟੀ ਪੰਜਾਬ ਦੇ ਚੋਣ ਮੈਦਾਨ ਵਿਚ ਨਾ ਕੁੱਦੀ ਹੁੰਦੀ ਤਾਂ ਮਾਮਲਾ ਕੁਝ ਹੋਰ ਹੁੰਦਾ। ਦੂਜੀ ਗੱਲ ਇਹ ਕਿ ਅੱਜ ਜੇ ਕਾਂਗਰਸ ਕੋਲ ਉਤਰ ਪ੍ਰਦੇਸ਼ ਵਿਚ ਚੰਗੀ ਲੀਡਰਸ਼ਿਪ ਹੁੰਦੀ ਤਾਂ ਸ਼ਾਇਦ ਉਹ ਕੁਝ ਬਿਹਤਰ ਕਰ ਸਕਦੀ ਸੀ।
ਉਤਰ ਪ੍ਰਦੇਸ਼ ਵਿਚ ਲੀਡਰਸ਼ਿਪ ਭਾਜਪਾ ਦੇ ਕੋਲ ਵੀ ਨਹੀਂ ਹੈ। ਦੋਵੇਂ ਖੇਤਰੀ ਤਾਕਤਾਂ, ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਕੋਲ ਕ੍ਰਮਵਾਰ ਅਖਿਲੇਸ਼ ਅਤੇ ਮਾਇਆਵਤੀ ਦੇ ਰੂਪ ਵਿਚ ਮਜ਼ਬੂਤ ਚਿਹਰੇ ਹਨ। ਉਤਰ ਪ੍ਰਦੇਸ਼ ਦੀ ਜਨਤਾ ਜਾਣਦੀ ਹੈ ਕਿ ਇਨ੍ਹਾਂ ਵਿਚੋਂ ਕਿਹੜਾ ਚਿਹਰਾ ਹਕੂਮਤ ਦੇ ਕਿਹੜੇ ਮਾਡਲ ਦੀ ਨੁਮਾਇੰਦਗੀ ਕਰਦਾ ਹੈ। ਪਿਛਲੇ 15 ਸਾਲ ਤੋਂ ਇਨ੍ਹਾਂ ਦੋਵਾਂ ਵਿਚਕਾਰ ਸੱਤਾ ਦੀ ਅਦਲਾ-ਬਦਲੀ ਹੋ ਰਹੀ ਹੈ। ਜੇ ਸਮਾਜਵਾਦੀ ਪਾਰਟੀ ਦੇ ਖਿਲਾਫ਼ ਕੋਈ ਸਥਾਪਤੀ-ਵਿਰੋਧੀ ਰੁਝਾਨ ਹੈ ਤਾਂ ਉਸ ਦਾ ਸੁਭਾਵਿਕ ਲਾਭ ਬਸਪਾ ਨੂੰ ਹੀ ਮਿਲੇਗਾ। ਉਸ ਲਾਭ ਨੂੰ ਆਪਣੇ ਵੱਲ ਖਿੱਚਣ ਲਈ ਭਾਜਪਾ ਅਤੇ ਕਾਂਗਰਸ ਨੂੰ ਬਹੁਤ ਮਿਹਨਤ ਕਰਨੀ ਪਵੇਗੀ। ਚਮਤਕਾਰ ਵਰਗਾ ਕੁਝ ਕਰਨਾ ਪਵੇਗਾ। ਜਥੇਬੰਦਕ ਮਜ਼ਬੂਤੀ ਵੀ ਸਮਾਜਵਾਦੀ ਪਾਰਟੀ ਅਤੇ ਬਸਪਾ ਕੋਲ ਹੀ ਹੈ। ਦੋਵੇਂ ਵੱਡੀਆਂ ਪਾਰਟੀਆਂ ਉਤਰ ਪ੍ਰਦੇਸ਼ ਵਿਚ ਆਪਣੀ ਜਥੇਬੰਦਕ ਹਾਜ਼ਰੀ ਯੋਜਨਾਬੱਧ ਤਰੀਕੇ ਨਾਲ ਵਧਾਉਣ Ḕਚ ਨਾਕਾਮ ਰਹੀਆਂ ਹਨ। ਸਮਾਜਵਾਦੀ ਪਾਰਟੀ ਅਤੇ ਬਸਪਾ ਨੂੰ ਵੋਟ ਪਾਉਂਦੇ ਸਮੇਂ ਵੋਟਰ ਇਹ ਵੀ ਫ਼ੈਸਲਾ ਕਰਨਗੇ ਕਿ ਉਹ ਸੂਬੇ ਵਿਚ ਪ੍ਰਸ਼ਾਸਨ ਦਾ ਕਿਹੜਾ ਮਾਡਲ ਚਾਹੁੰਦੇ ਹਨ। ਉਹ ਮਾਡਲ ਜਿਸ Ḕਚੋਂ ਮਥੁਰਾ ਕਾਂਡ ਨਿਕਲਿਆ ਜਾਂ ਉਹ ਮਾਡਲ ਜਿਸ ਲਈ ਮਾਇਆਵਤੀ ਦੀ ਉਨ੍ਹਾਂ ਦੇ ਵਿਰੋਧੀ ਵੀ ਸ਼ਲਾਘਾ ਕਰਦੇ ਹਨ?
ਇਕ ਪਾਸੇ ਪੰਜ ਦਰਿਆਵਾਂ ਵਾਲਾ ਸੂਬਾ ਹੈ ਜਿਸ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਦੇ ਹੜ੍ਹ ਵਿਚ ਡੁੱਬ ਗਏ ਹਨ। ਜਨਤਾ ਇਸ ਅਲਾਮਤ ਤੋਂ ਛੁਟਕਾਰਾ ਚਾਹੁੰਦੀ ਹੈ। ਦੂਜੇ ਪਾਸੇ ਗੰਗਾ-ਯਮੁਨਾ ਦਾ ਵਿਸ਼ਾਲ ਸੂਬਾ ਹੈ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਇਕਾਈ ਹੋਣ ਦਾ ਮਾਣ ਹਾਸਲ ਹੈ। ਇਕ ਸੂਬਾ, 2019 ਦੇ ਸੰਭਾਵੀ ਚੋਣ ਨਤੀਜਿਆਂ ਵੱਲ ਇਸ਼ਾਰਾ ਕਰੇਗਾ ਅਤੇ ਦੂਜਾ ਸੂਬਾ ਜਾਂ ਤਾਂ ਕਾਂਗਰਸ ਨੂੰ ਸਿਰ ਉਠਾ ਕੇ ਚੱਲਣ ਦਾ ਮੌਕਾ ਇਕ ਵਾਰ ਫਿਰ ਮੁਹੱਈਆ ਕਰਾਏਗਾ ਜਾਂ ਕੌਮੀ ਮੰਚ Ḕਤੇ ਨਰੇਂਦਰ ਮੋਦੀ ਨੂੰ ਚੁਣੌਤੀ ਦੇਣ ਵਾਲੇ ਚਿਹਰੇ ਨੂੰ ਉਭਾਰ ਦੇਵੇਗਾ। ਸਾਰਾ ਮੁਲਕ ਸਾਹ ਰੋਕ ਕੇ ਇਨ੍ਹਾਂ ਚੋਣ ਨਤੀਜਿਆਂ ਦੀ ਉਡੀਕ ਕਰੇਗਾ। 2019 ਦੇ ਫਾਈਨਲ ਤੋਂ ਪਹਿਲਾਂ ਜੇ ਕੋਈ ਸੈਮੀਫਾਈਨਲ ਹੈ ਤਾਂ ਉਹ ਇਹੀ ਹੈ।