ਡਾæ ਅਨੂਪ ਸਿੰਘ
ਫੋਨ: +91-98768-01268
ਪੰਜਾਬ ਵਿਚ ਇਹ ਲੋਕੋਕਤੀ ਸਦੀਆਂ ਤੋਂ ਪ੍ਰਚੱਲਿਤ ਹੈ- ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਸੂਬੇ ਦੇ ਇਤਿਹਾਸ ਵਿਚ ਸ਼ਾਇਦ ਹੀ ਕਦੇ 50 ਸਾਲ ਸੁੱਖ-ਸ਼ਾਂਤੀ ਤੇ ਅਮਨ-ਅਮਾਨ ਨਾਲ ਲੰਘੇ ਹੋਣ ਜਦੋਂ ਕੋਈ ਵੱਡੀ ਦੁਰਘਟਨਾ, ਜੰਗ ਜਾਂ ਵੱਡੀ ਉਥਲ-ਪੁਥਲ ਨਾ ਹੋਈ ਹੋਵੇ। ਬੀਤੀ ਸਦੀ ਵਿਚ 1947 ਦਾ ਮਹਾਂ-ਦੁਖਾਂਤ ਵਾਪਰਿਆ। ਅਜੇ ਇਹ ਜ਼ਖ਼ਮ ਭਰੇ ਨਹੀਂ ਸਨ ਕਿ 1984 ਵਿਚ ਸਾਕਾ ਨੀਲਾ ਤਾਰਾ ਅਤੇ ਦਿੱਲੀ ਤੇ ਉਤਰੀ ਭਾਰਤ ਵਿਚ ਸਿੱਖਾਂ ਦਾ ਕਤਲੇਆਮ ਹੋਇਆ। ਪੰਜਾਬੀ ਇਨ੍ਹਾਂ ਦੋ ਵੱਡੇ ਦੁਖਾਂਤਾਂ ਤੋਂ ਅਜੇ ਸੰਭਲ ਹੀ ਰਹੇ ਸਨ ਕਿ ਕਿਸਾਨੀ ਖ਼ੁਦਕੁਸ਼ੀਆਂ ਤੇ ਨਸ਼ਿਆਂ ਦਾ ਹਮਲਾ ਸ਼ੁਰੂ ਹੋ ਗਿਆ।
ਪੰਜਾਬੀਆਂ ਨੂੰ ਸਮੂਹਿਕ ਖ਼ੁਦਕੁਸ਼ੀ ਵੱਲ ਧੱਕਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਸਿਰ ਸਵਾ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਅਰਧ-ਸਰਕਾਰੀ ਅਦਾਰਿਆਂ ਸਿਰ ਲਗਪਗ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਕਿਸਾਨਾਂ ਸਿਰ ਵੀ ਲਗਪਗ 70-75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਖੇਤ ਤੇ ਸਨਅਤੀ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਸਿਰ ਕਰਜ਼ੇ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਲੱਗ ਸਕਦਾ, ਕਿਉਂਕਿ ਇਹ ਸਾਰਾ ਕਰਜ਼ਾ ਸ਼ਾਹੂਕਾਰਾਂ, ਆੜ੍ਹਤੀਆਂ, ਪੇਂਡੂ ਜ਼ਿਮੀਦਾਰਾਂ ਅਤੇ ਹੋਰ ਖਾਂਦੇ-ਪੀਂਦੇ ਵਰਗਾਂ ਤੋਂ ਲਿਆ ਗਿਆ ਹੈ। ਪੰਜਾਬ ਵਰਗੇ ਖ਼ੁਸ਼ਹਾਲ ਕਹੇ ਜਾਂਦੇ ਸੂਬੇ ਵਿਚ ਘੋਰ ਗੁਰਬਤ ਦੇ ਦ੍ਰਿਸ਼ ਹਰ ਸੰਵੇਦਨਸ਼ੀਲ ਤੇ ਖੁੱਲ੍ਹੀਆਂ ਅੱਖਾਂ ਵਾਲੇ ਨੂੰ ਪ੍ਰਤੱਖ ਦਿਖਾਈ ਦਿੰਦੇ ਹਨ। ਇਸ ਲਈ ਜੇ ਪੰਜਾਬ ਵਿਚ ਦਰਮਿਆਨਾ/ਛੋਟਾ ਕਿਸਾਨ ਤੇ ਖੇਤ ਮਜ਼ਦੂਰ ਕਰਜ਼ਾ ਬੋਝ ਤੇ ਗ਼ਰੀਬੀ ਕਾਰਨ ਖ਼ੁਦਕੁਸ਼ੀਆਂ ਕਰ ਰਿਹਾ ਹੈ, ਤਾਂ ਇਹ ਵਰਤਾਰਾ ਦੁਖਦਾਈ ਤਾਂ ਹੈ, ਪਰ ਅਲੋਕਾਰੀ ਨਹੀਂ ਹੈ। ਖੇਤੀ ਘਾਟੇ ਵਾਲਾ ਧੰਦਾ ਬਣ ਗਿਆ ਹੈ। ਕਿਸਾਨਾਂ-ਮਜ਼ਦੂਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਦਰਵਾਜ਼ੇ ਬੰਦ ਹਨ। ਉਨ੍ਹਾਂ ਦੇ ਬੱਚੇ ਗ਼ੈਰ-ਹੁਨਰਮੰਦ ਹਨ ਜਿਸ ਕਰ ਕੇ ਸਰੀਰਕ ਕੰਮ ਤੋਂ ਛੁੱਟ ਉਹ ਕੁਝ ਕਰ ਹੀ ਨਹੀਂ ਸਕਦੇ। ਉਨ੍ਹਾਂ ਕੋਲ ਕੋਈ ਬਦਲਵਾਂ ਲਾਹੇਵੰਦ ਰੁਜ਼ਗਾਰ ਵੀ ਨਹੀਂ। ਸਰੀਰਕ ਮਿਹਨਤ ਦੇ ਉਨ੍ਹਾਂ ਨੂੰ ਪੂਰੇ ਪੈਸੇ ਨਹੀਂ ਮਿਲਦੇ।
ਪੰਜਾਬ ਵਿਚ ਵਧ ਰਹੇ ਨਸ਼ੇ ਹੁਣ ਹਕੀਕਤ ਹਨ। ਪੰਜਾਬ ਵਿਚ 14-15 ਸਾਲਾਂ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਅਤੇ ਸ਼ਰਾਬ ਤੋਂ ਹੁੰਦੀ ਆਮਦਨ ਵਿਚ ਅਣਕਿਆਸਿਆ ਵਾਧਾ ਹੋਇਆ ਹੈ। ਹਰ ਸ਼ਹਿਰ ਤੇ ਕਸਬਿਆਂ ਵਿਚ ਇਨ੍ਹਾਂ ਠੇਕਿਆਂ ਦੀਆਂ ਅਣਅਧਿਕਾਰਤ ਬਰਾਂਚਾਂ ਹਨ। ਵਿਆਹ-ਸ਼ਾਦੀ ਅਤੇ ਹੋਰ ਖ਼ੁਸ਼ੀ ਦੀਆਂ ਰਸਮਾਂ ਸਮੇਂ ਮਹਿੰਗੀ ਸ਼ਰਾਬ ਅਤੇ ਮਾਸੂਮ ਲੜਕੀਆਂ ਦੁਆਰਾ ਇਸ ਨੂੰ ਵਰਤਾਉਣਾ ਸਮਾਜਿਕ ਹੈਸੀਅਤ ਦਾ ਸੰਕੇਤ ਬਣ ਗਿਆ ਹੈ। ਸ਼ਰਾਬ ਨਸ਼ਿਆਂ ਦਾ ਦਾਖ਼ਲਾ ਦੁਆਰ ਹੈ, ਪਰ ਹਾਕਮ ਸ਼ਰਾਬ ਨੂੰ ਕਮਾਈ ਦਾ ਮੁੱਖ ਸਾਧਨ ਮੰਨ ਰਹੇ ਹਨ। ਜਿੱਤਣ ਲਈ ਨੋਟਾਂ ਦੇ ਨਾਲ ਨਸ਼ਿਆਂ ਦੀ ਵਰਤੋਂ ਖੁੱਲ੍ਹੇਆਮ ਕੀਤੀ ਜਾਂਦੀ ਹੈ। ਹੈਰੋਇਨ, ਸਮੈਕ, ਅਫੀਮ, ਭੁੱਕੀ ਤੇ ਸਿੰਥੈਟਿਕ ਡਰੱਗਜ਼ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ।
ਕਣਕ-ਝੋਨੇ ਦੇ ਫ਼ਸਲੀ ਚੱਕਰ, ਘਰੇਲੂ ਤੇ ਸਨਅਤੀ ਖੇਤਰਾਂ ਵਿਚ ਪਾਣੀ ਦੀ ਵਧ ਰਹੀ ਵਰਤੋਂ, ਘਟ ਰਹੇ ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣ ਕਰ ਕੇ ਪੰਜਾਬ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਪਾਣੀ ਨਾਲ ਜੁੜਿਆ ਦੂਜਾ ਵਰਤਾਰਾ ਸਰਵਪੱਖੀ ਪ੍ਰਦੂਸ਼ਣ ਹੈ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਤੇ ਬੇਲੋੜੀ ਵਰਤੋਂ, ਸਨਅਤਾਂ ਦੁਆਰਾ ਬਿਨਾਂ ਸੋਧੇ ਪ੍ਰਦੂਸ਼ਿਤ ਪਾਣੀ ਨੂੰ ਧਰਤੀ, ਦਰਿਆਵਾਂ ਅਤੇ ਨਾਲਿਆਂ ਆਦਿ ਵਿਚ ਸੁੱਟ ਦੇਣਾ, ਕੂੜਾ ਕਰਕਟ ਤੇ ਮਨੁੱਖੀ ਮਲ-ਮੂਤਰ ਨੂੰ ਜਲ-ਸੋਮਿਆਂ Ḕਚ ਸੁੱਟ ਦੇਣਾ ਅਤੇ ਈ-ਵੇਸਟ ਸਮੇਤ ਹੋਰ ਫ਼ਾਲਤੂ ਪਦਾਰਥਾਂ ਨੂੰ ਖੁੱਲ੍ਹੇ Ḕਚ ਪਏ ਰਹਿਣ ਦੇਣਾ, ਪਾਣੀ ਸਮੇਤ ਸਮੁੱਚੇ ਵਾਤਾਵਰਣ ਨੂੰ ਮਲੀਨ ਤੇ ਪਲੀਤ ਕਰ ਰਿਹਾ ਹੈ। ਸਰਵਪੱਖੀ ਪ੍ਰਦੂਸ਼ਣ ਨਾਲ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਚਮੜੀ ਅਤੇ ਮਾਨਸਿਕ ਰੋਗ ਵਧ ਰਹੇ ਹਨ। ਅਮੀਰਾਂ ਲਈ ਮਹਿੰਗੀਆਂ ਸਿਹਤ ਸੇਵਾਵਾਂ ਦੇਣ ਵਾਲੇ ਪ੍ਰਾਈਵੇਟ ਹਸਪਤਾਲ ਬਣ ਰਹੇ ਹਨ, ਪਰ ਆਮ ਲੋਕਾਂ ਲਈ ਸਰਕਾਰੀ ਸਿਹਤ ਸਹੂਲਤਾਂ ਨਹੀਂ। ਲੋਕ ਬੇਇਲਾਜੇ ਮਰ ਰਹੇ ਹਨ।
ਨੌਜਵਾਨਾਂ ਲਈ ਕੋਈ ਰੁਜ਼ਗਾਰ ਨਹੀਂ ਹੈ। ਬੇਰੁਜ਼ਗਾਰੀ ਦੀ ਹਾਲਤ ਵਿਚ ਹਜ਼ਾਰਾਂ ਨੌਜਵਾਨ ਲੁੱਟਾਂ-ਖੋਹਾਂ, ਚੋਰੀਆਂ ਆਦਿ ਤੋਂ ਹੁੰਦੇ ਹੋਏ ਜਥੇਬੰਦ ਗੁੰਡਾ ਗਰੋਹਾਂ ਵਿਚ ਸ਼ਾਮਲ ਹੋ ਰਹੇ ਹਨ। ਪੜ੍ਹੇ ਲਿਖੇ ਨੌਜਵਾਨਾਂ ਸਮੇਤ ਲੱਖਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਧੱਕੇ ਜਾ ਰਹੇ ਹਨ। ਹਰੇ ਇਨਕਲਾਬ ਤੇ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਆਦਿ ਵਰਤਾਰਿਆਂ ਦੇ ਸਿੱਟੇ ਵਜੋਂ ਨੌਜਵਾਨ ਕਿਰਤ ਸਭਿਆਚਾਰ ਤੇ ਹੱਥੀਂ ਕੰਮ ਕਰਨ ਤੋਂ ਇਨਕਾਰੀ ਹੈ।
ਪ੍ਰਚੂਨ ਦੁਕਾਨਾਂ ਦੀ ਥਾਂ ਵੱਡੇ-ਵੱਡੇ ਮਾਲ ਖੁੱਲ੍ਹ ਰਹੇ ਹਨ। ਢਾਬੇ ਬੰਦ ਹੋ ਰਹੇ ਹਨ ਅਤੇ ਆਲੀਸ਼ਾਨ ਹੋਟਲ ਤੇ ਰੈਸਟੋਰੈਂਟ ਉਸਰ ਰਹੇ ਹਨ। ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੁਆਰਾ ਅਧਿਆਪਕਾਂ ਮਾਪਿਆਂ ਤੇ ਵਿਦਿਆਰਥੀਆਂ ਦਾ ਬੇਕਿਰਕ ਸ਼ੋਸ਼ਣ ਹੋ ਰਿਹਾ ਹੈ। ਕੋਈ ਸਰਕਾਰੀ ਰੈਗੂਲੇਟਰ ਇਨ੍ਹਾਂ ਸੰਸਥਾਵਾਂ ਦੀ ਕਾਰਜਸ਼ੈਲੀ ਨੂੰ ਕੰਟਰੋਲ ਨਹੀਂ ਕਰ ਰਿਹਾ ਹੈ। ਸਰਕਾਰ ਖ਼ੁਦ ਕਈ ਤਰ੍ਹਾਂ ਦੇ ਸਕੂਲ ਚਲਾ ਰਹੀ ਹੈ, ਜਿਵੇਂ ਆਦਰਸ਼ ਸਕੂਲ (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ) ਸਰਕਾਰੀ ਕੰਟਰੋਲ ਵਾਲੇ ਛੇ ਅੰਗਰੇਜ਼ੀ ਮਾਧਿਅਮ ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਅਤੇ ਆਮ ਸਰਕਾਰੀ ਸਕੂਲ। ਇਨ੍ਹਾਂ ਵਿਚ ਇਕ ਗੱਲ ਸਾਂਝੀ ਹੈ ਕਿ ਲੋੜੀਂਦੇ ਅਧਿਆਪਕ ਕਿਤੇ ਵੀ ਨਹੀਂ। ਇਕਸਾਰ ਮਿਆਰੀ ਸਿੱਖਿਆ ਸੁਪਨਾ ਬਣ ਕੇ ਰਹਿ ਗਈ ਹੈ।
ਚਹੁੰ ਮਹੀਨਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਆਧਾਰ Ḕਤੇ ਬਣੇ ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ਇਹ ਕਿਹੀ ਵਿਡੰਬਨਾ ਹੈ ਕਿ 10 ਸਾਲ ਤੋਂ ਪੰਜਾਬੀ ਸੂਬੇ ਦੇ ਮੁਦੱਈ ਤੇ ਵਿਰੋਧੀ ਮਿਲ ਕੇ ਸਰਕਾਰ ਚਲਾ ਰਹੇ ਹਨ ਅਤੇ ਗੋਲਡਨ ਜੁਬਲੀ ਜਸ਼ਨ ਵੀ ਇਕੱਠੇ ਹੀ ਮਨਾ ਰਹੇ ਹਨ, ਪਰ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਸੂਬੇ ਦੀ ਰਾਜਧਾਨੀ ਦਾ ਫ਼ੈਸਲਾ 50 ਸਾਲ ਬਾਅਦ ਵੀ ਨਹੀਂ ਕਰਵਾ ਸਕੇ ਅਤੇ ਨਾ ਹੀ ਹਰਿਆਣਾ ਤੇ ਹਿਮਾਚਲ ਵਿਚਲੇ ਪੰਜਾਬੀ ਬੋਲਦੇ ਜੁੜਵੇਂ ਖੇਤਰ ਹੀ ਪੰਜਾਬ Ḕਚ ਸ਼ਾਮਲ ਕਰਵਾ ਸਕੇ ਹਨ। ਸਭ ਤੋਂ ਦੁਖਦਾਈ ਹਾਲਤ ਮਾਂ ਬੋਲੀ ਪੰਜਾਬੀ ਦੀ ਹੈ: ਪੰਜਾਬ ਦੀ ਧਰਤੀ Ḕਤੇ ਖੁੱਲ੍ਹੇ ਕੁਝ ਸਕੂਲਾਂ ਵਿਚ ਪੰਜਾਬੀ ਬੋਲਣ Ḕਤੇ ਪਾਬੰਦੀ ਹੈ। ਰਾਜ ਭਾਸ਼ਾ ਕਾਨੂੰਨ 1967 ਅਤੇ 2008 Ḕਚ ਕੀਤੀਆਂ ਸੋਧਾਂ ਅਜੇ ਤਕ ਲਾਗੂ ਨਹੀਂ ਹੋ ਸਕੀਆਂ। ਪੰਜਾਬੀ ਬੋਲੀ ਦਾ ਪੰਜਾਬ Ḕਚ ਹੀ ਗਲਾ ਘੁੱਟਣ ਅਤੇ ਸਭਿਆਚਾਰ ਦਾ ਸੱਤਿਆਨਾਸ਼ ਕਰਨ ਵਿਚ ਇਨ੍ਹਾਂ ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਵੱਡੀ ਭੂਮਿਕਾ ਹੈ। ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਸਾਡੇ ਬਹੁ-ਗਿਣਤੀ ḔਗਾਇਕਾਂḔ ਨੇ ਵੀ ਤਬਾਹ ਕਰਨ ਵਿਚ ਹਿੱਸਾ ਪਾਇਆ ਹੈ। ਲੱਚਰ ਗਾਇਕੀ ਵਿਚ ਹਿੰਸਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਸ਼ਰਾਬ ਤੇ ਨਸ਼ਿਆਂ ਦਾ ਜੱਸ ਗਾਇਨ ਕੀਤਾ ਜਾ ਰਿਹਾ ਹੈ। ਸ਼ੋਰ ਨੂੰ ਸੰਗੀਤ ਸਮਝਿਆ ਜਾਣ ਲੱਗਾ ਹੈ। ਹੋਰ ਤਾਂ ਹੋਰ, ਸਵੇਰ ਵੇਲੇ ਦੀ ਕੁਦਰਤੀ ਸ਼ਾਂਤੀ ਨੂੰ ਵੀ ਧਰਮ ਸਥਾਨਾਂ Ḕਤੇ ਲਗਾਏ ਸਪੀਕਰਾਂ ਨੇ ਭੰਗ ਕਰ ਦਿਤਾ ਹੈ।
ਲੋਕਾਂ ਨੂੰ ਅਨੇਕਾਂ ਪਰਿਵਾਰਕ ਸਮੱਸਿਆਵਾਂ ਦਰਪੇਸ਼ ਹਨ। ਉਹ ਅਨਪੜ੍ਹਤਾ-ਅਗਿਆਨਤਾ ਤੇ ਅੰਧ-ਵਿਸ਼ਵਾਸਾਂ ਕਾਰਨ ਚੇਤਨਾ ਸੰਕਟ ਦਾ ਸ਼ਿਕਾਰ ਹਨ। ਸਿਟੇ ਵਜੋਂ ਉਹ ਮਾਨਸਿਕ ਸ਼ਾਂਤੀ ਲਈ ਡੇਰੇਦਾਰਾਂ ਦੀਆਂ ਭੀੜਾਂ ਵਧਾਉਂਦੇ ਹਨ। ਇਹ ਡੇਰੇਦਾਰ ਪੰਜਾਬੀਆਂ ਨੂੰ ਕਿਰਤ ਸਭਿਆਚਾਰ ਤੋਂ ਤੋੜ ਰਹੇ ਹਨ। ਡੇਰਿਆਂ ਦੇ ਮਾਲਕ ਖ਼ੁਦ ਹੱਥੀਂ ਕੋਈ ਕੰਮ ਨਹੀਂ ਕਰਦੇ। ਉਹ ਲੋਕਾਂ ਨੂੰ ਪਰਲੋਕ ਦੇ ਭਰਮ ਵਿਚ ਪਾ ਕੇ ਅਗਲਾ ਜਨਮ ਸੰਵਾਰਨ Ḕਤੇ ਜ਼ੋਰ ਦਿੰਦੇ ਹੋਏ ਵਰਤਮਾਨ ਸਮੱਸਿਆਵਾਂ ਤੋਂ ਅੱਖਾਂ ਬੰਦ ਕਰੀ ਰੱਖਦੇ ਹਨ। ਮਾਦਾ ਭਰੂਣ ਹੱਤਿਆ ਤੇ ਨਸ਼ੇ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਹਨ। ਬੇਰਹਿਮ ਟ੍ਰੈਵਲ ਏਜੰਟ ਨੌਜਵਾਨਾਂ ਦੀਆਂ ਰੀਝਾਂ ਅਤੇ ਮਾਪਿਆਂ ਦੀ ਦਸਾਂ-ਨਹੁੰਆਂ ਦੀ ਕਮਾਈ ਨੂੰ ਚਟਮ ਕਰ ਰਹੇ ਹਨ।
ਵਧ ਰਹੇ ਸੜਕੀ ਹਾਦਸੇ ਤੇ ਇਨ੍ਹਾਂ ਵਿਚ ਹੁੰਦੀਆਂ ਬੇਵਕਤੀ ਮੌਤਾਂ ਅਤੇ ਸਦਾ ਲਈ ਅੰਗਹੀਣ ਹੁੰਦੇ ਲੋਕ ਪੰਜਾਬ ਦੇ ਮੌਜੂਦਾ ਦੁਖਾਂਤ ਦੀ ਕਹਾਣੀ ਨੂੰ ਹੋਰ ਗੂੜ੍ਹਾ ਕਰ ਰਹੇ ਹਨ। ਸੜਕ ਹਾਦਸਿਆਂ ਵਿਚ ਅੱਧੇ ਤੋਂ ਵੱਧ 16 ਤੋਂ 35 ਸਾਲ ਦੇ ਉਮਰ ਵਰਗ ਦੇ ਹੁੰਦੇ ਹਨ। ਅਨਟਰੇਂਡ ਡਰਾਈਵਰ, ਵਹੀਕਲਾਂ ਦੀ ਵਧ ਰਹੀ ਗਿਣਤੀ ਤੇ ਸੜਕਾਂ Ḕਤੇ ਵਧ ਰਹੀਆਂ ਭੀੜਾਂ, ਡਰਾਈਵਰਾਂ ਦੁਆਰਾ ਸ਼ਰਾਬ ਤੇ ਹੋਰ ਨਸ਼ੇ ਕਰ ਕੇ ਗੱਡੀ ਚਲਾਉਣੀ, ਸੜਕਾਂ ਦੀ ਮੰਦੀ ਹਾਲਤ, ਸੜਕੀ ਪ੍ਰੋਜੈਕਟਾਂ ਦਾ ਸਮੇਂ ਸਿਰ ਪੂਰਾ ਨਾ ਹੋਣਾ, ਪ੍ਰਸ਼ਾਸਨ ਦੁਆਰਾ ਨਿਰਧਾਰਿਤ ਰਫ਼ਤਾਰ ਨੂੰ ਲਾਗੂ ਨਾ ਕਰਵਾ ਸਕਣਾ; ਸਮਾਜਿਕ ਰਾਜਨੀਤਕ ਤੇ ਧਾਰਮਿਕ ਇਕੱਠਾਂ ਕਾਰਨ ਸੜਕਾਂ Ḕਤੇ ਭੀੜਾਂ ਦਾ ਵਧਣਾ; ਪ੍ਰਾਈਵੇਟ ਸਕੂਲਾਂ ਦੀਆਂ ਕੰਡਮ ਗੱਡੀਆਂ Ḕਤੇ ਅਨਟਰੇਂਡ ਡਰਾਈਵਰ ਅਤੇ ਹੋਰ ਕਈ ਕਾਰਨਾਂ ਕਰ ਕੇ ਸੜਕੀ ਹਾਦਸੇ ਤੇ ਮੌਤਾਂ ਵਧ ਰਹੀਆਂ ਹਨ।
ਇਹ ਸਾਰੀਆਂ ਸਮੱਸਿਆਵਾਂ ਪੰਜਾਬ ਨੂੰ ਸਮੂਹਿਕ ਖ਼ੁਦਕੁਸ਼ੀ ਵੱਲ ਧੱਕ ਰਹੀਆਂ ਹਨ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਵਿਕਰਾਲ ਸਮੱਸਿਆਵਾਂ ਦੇ ਹੱਲ ਲਈ ਸੱਤਾਧਾਰੀ ਧਿਰਾਂ ਤੇ ਜਥੇਬੰਦਕ ਦਬਾਅ ਬੇਹੱਦ ਨਿਗੂਣਾ, ਅੱਧ-ਪਚੱਧਾ ਤੇ ਟੁੱਟਵਾਂ ਹੈ। ਕਮਜ਼ੋਰ ਜਿਹਾ ਜਥੇਬੰਦਕ ਵਿਰੋਧ ਵੀ ਬੱਝਵਾਂ ਤੇ ਨਿਰੰਤਰ ਨਹੀਂ ਹੈ। ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਤੇ ਬਸਪਾ ਆਦਿ ਰਾਜਨੀਤਿਕ ਪਾਰਟੀਆਂ ਦਾ ਇੱਕੋ-ਇੱਕ ਉਦੇਸ਼ ਲੋਕਾਂ ਦਾ ਧਿਆਨ ਉਨ੍ਹਾਂ ਨੂੰ ਦਰਪੇਸ਼ ਮੁੱਦਿਆਂ ਤੋਂ ਲਾਂਭੇ ਕਰ ਕੇ ਗ਼ੈਰ-ਜ਼ਰੂਰੀ ਜਾਂ ਫ਼ਜ਼ੂਲ ਦੇ ਮਾਮਲਿਆਂ ਵਿਚ ਉਲਝਾਉਣਾ ਅਤੇ ਗੁਮਰਾਹ ਕਰਨਾ ਹੈ। ਪੰਜਾਬ ਦੇ ਚਿੰਤਕ, ਸੂਝਵਾਨ ਅਤੇ ਖੱਬੇਪੱਖੀ ਧਿਰਾਂ ਖੱਖੜੀਆਂ ਕਰੇਲੇ ਹਨ। ਇਨ੍ਹਾਂ ਧਿਰਾਂ ਅੰਦਰਲੀ ਧੜੇਬੰਦੀ ਅਤੇ ਆਪਸੀ ਖਹਿਬਾਜ਼ੀ ਵੀ ਨੀਵੇਂ ਪੱਧਰ Ḕਤੇ ਜਾ ਪਹੁੰਚੀ ਹੈ। ਕੁਝ ਅਪਵਾਦਾਂ ਨੂੰ ਛੱਡ ਕੇ ਬਹੁਤੇ ਚਿੰਤਕ ਬੁੱਧੀਜੀਵੀ ਤੇ ਲੇਖਕ, ਸਰਕਾਰੀ ḔਨਿਆਮਤਾਂḔ ਵੱਲ ਝਾਕਦੇ ਰਹਿੰਦੇ ਹਨ। ਇਨ੍ਹਾਂ ਦੀ ਵੱਡੀ ਬਹੁ-ਗਿਣਤੀ ਵਿਖਾਵੇ, ਦੋਗਲੇਪਨ, ਚਾਪਲੂਸ ਮਾਨਸਿਕਤਾ ਅਤੇ ਸ਼ਬਦ-ਜਾਲ ਬੁਣਨ ਦੀ ਸ਼ਿਕਾਰ ਹੈ। ਅੰਗਰੇਜ਼ੀ ਮਾਧਿਅਮ ਸਕੂਲ ਚਲਾ ਰਿਹਾ Ḕਪੰਜਾਬੀ ਲੇਖਕḔ ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਕਿਵੇਂ ਲੜਾਈ ਲੜਨ ਦਾ ਦਮ ਭਰ ਰਿਹਾ ਹੈ। ਇਸ ਹਾਲਤ ਵਿਚ ਪੰਜਾਬ ਦਾ ਖ਼ੁਦਕੁਸ਼ੀ ਵੱਲ ਵਧਣਾ ਸੁਭਾਵਿਕ ਹੈ।