ਦਿਮਾਗ-ਏ-ਦਾਸਤਾਨ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਵਿਚ ਡਾæ ਭੰਡਾਲ ਨੇ ਮਨੁੱਖੀ ਦਿਮਾਗ ਦੀਆਂ ਪਰਤਾਂ ਫਰੋਲੀਆਂ ਹਨ ਜਿਨ੍ਹਾਂ ਦੀ ਥਾਹ ਛੇਤੀ ਕੀਤਿਆਂ ਕੋਈ ਨਹੀਂ ਪਾ ਸਕਦਾ।

ਮਨੁੱਖ ਦਾ ਇਹ ਛੋਟਾ ਜਿਹਾ ਅੰਗ ਸਾਰੇ ਪੁਆੜਿਆਂ ਦੀ ਜੜ੍ਹ ਵੀ ਬਣ ਸਕਦਾ ਹੈ ਅਤੇ ਜੀਵਨ ਨੂੰ ਸੁੰਦਰ ਸੁਪਨਾ ਵੀ ਬਣਾ ਸਕਦਾ ਹੈ। -ਸੰਪਾਦਕ

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 1-216-556-2080

ਦਿਮਾਗ, ਮਨੁੱਖੀ ਸਰੀਰ ਦਾ ਤਾਜ਼। ਸਭ ਤੋਂ ਉਚਾ ਰੁਤਬਾ। ਸ਼ਾਇਦ ਇਸੇ ਲਈ ਸਿਰ ‘ਤੇ ਤਾਜ਼ ਸੱਜਦੇ, ਦੁਮਾਲੇ ਸੋਂਹਦੇ ਅਤੇ ਸ਼ਮਲਿਆਂ ਦੀ ਸੱਤਰੰਗੀ ਚੌਗਿਰਦੇ ਵਿਚ ਰੰਗ ਬਿਖੇਰਦੀ। ਦਿਮਾਗ, ਮਨੁੱਖ ਦਾ ਕੰਟਰੋਲਰ, ਸਮਾਜਿਕ, ਪਰਿਵਾਰਕ, ਆਰਥਿਕ ਤੇ ਧਾਰਮਿਕ ਸਰੋਕਾਰਾਂ ਦਾ ਹੱਲ, ਹਨੇਰਿਆਂ ‘ਚ ਬਿੱਖਰ ਰਹੀ ਰੌਸ਼ਨ-ਕਾਤਰ, ਜੀਵਨ-ਸੇਧਾਂ ਨਿਰਧਾਰਤ ਕਰਨ ਦਾ ਪੈਗਾਮ ਅਤੇ ਨਵੀਆਂ ਪਿਰਤਾਂ ਦਾ ਰਾਹ-ਦਸੇਰਾ।
ਦਿਮਾਗ, ਸਰੀਰ ਦਾ ਸਭ ਤੋਂ ਪੇਚੀਦਾ, ਸੁਰੱਖਿਅਤ, ਸੂਖਮ, ਸੰਵੇਦਨਸ਼ੀਲ ਅੰਗ। ਔਸਤਨ 1æ5 ਕਿਲੋ ਵਜ਼ਨ ਵਾਲਾ ਦਿਮਾਗ, ਸਰੀਰ ਦੇ ਕੁਲ ਪੁੰਜ ਦਾ 2% ਜਿਸ ਵਿਚ ਨੇ ਅਰਬਾਂ ਨਾੜੀ-ਤੰਤੂ। ਇਹ ਸੂਖਮ ਤੰਤੂਆਂ ਨਾਲ ਜੁੜੀ ਹੋਈ ਹੈ ਸਰੀਰ ‘ਤੇ ਕਿਸੇ ਵੀ ਹਿੱਸੇ ਵਿਚ ਹੋ ਰਹੀ ਕਿਰਿਆ-ਪ੍ਰਤੀਕਿਰਿਆ। ਸੂਖਮ ਸੰਕੇਤ ਰਾਹੀਂ ਹਰ ਅੰਗ ਨਾਲ ਸੰਪਰਕ।
ਦਿਮਾਗੀ-ਤੰਤਰ ਵਿਚ ਛੁਪਿਆ ਹੋਇਆ ਹੈ ਅਜਿਹਾ ਸੂਖਮ ਸਿਸਟਮ ਜਿਸ ਦੀ ਹਾਥ ਪਾਉਣਾ ਮਨੁੱਖ ਦੇ ਵੱਸ ਨਹੀਂ। ਇਸ ਨੂੰ ਕਿਸੇ ਪ੍ਰੋਗਰਾਮਿੰਗ, ਕਲੀਨ-ਅੱਪ ਜਾਂ ਰੀਬ੍ਰਸ਼ ਕਰਨ ਦੀ ਲੋੜ ਨਹੀਂ। ਇਹ ਸਮੇਂ, ਸਥਿਤੀ, ਸਥਾਨ, ਸੰਭਾਵਨਾ ਅਤੇ ਸਰੋਕਾਰਾਂ ਅਨੁਸਾਰ ਮੌਕੇ ‘ਤੇ ਹੀ ਫੈਸਲਾ ਕਰਨ, ਲਾਗੂ ਕਰਨ ਅਤੇ ਇਸ ਨਾਲ ਨਿਪਟਣ ਲਈ ਮਨੁੱਖ ਨੂੰ ਤਿਆਰ ਕਰ ਦਿੰਦਾ ਹੈ। ਇਸ ਦੀ ਪ੍ਰੀਕਿਰਿਆ ਵਿਚ ਮਨੁੱਖੀ ਅੰਗਾਂ ਦਾ ਆਪਣਾ ਰੋਲ ਤੇ ਮਹੱਤਵ ਪਰ ਇਸ ਨੂੰ ਕਿੰਜ ਵਰਤਣਾ ਹੈ, ਇਹ ਮਨੁੱਖੀ ਦਿਮਾਗ ਸਥਿਤੀ ਅਨੁਸਾਰ ਨਿਰਧਾਰਤ ਕਰਦਾ ਏ।
ਦਿਮਾਗ ਦਾ ਪ੍ਰਮੁੱਖ ਕੰਮ ਸੋਚਣਾ। ਹਾਲਾਤ, ਲੋਕ, ਸਥਿਤੀਆਂ ਤੇ ਸੰਭਾਵਨਾਵਾਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖ ਤੇ ਸਮਝ, ਇਕ ਅਜਿਹੇ ਫੈਸਲੇ ‘ਤੇ ਅੱਪੜਨਾ ਜੋ ਮਨੁੱਖ ਅਤੇ ਮਨੁੱਖੀ ਸਰੋਕਾਰਾਂ ਲਈ ਅਹਿਮ ਤੇ ਸਾਜਗਾਰ ਹੋਵੇ।
ਦਿਮਾਗ, ਸੁਪਨਿਆਂ ਦੀ ਕਰਮ-ਭੂਮੀ, ਤਦਬੀਰਾਂ ਅਤੇ ਤਕਦੀਰਾਂ ਦਾ ਜਨਮਦਾਤਾ, ਨਵੀਆਂ ਉਪਲਬਧੀਆਂ ਦਾ ਦਿਸਹੱਦਾ ਅਤੇ ਇਨ੍ਹਾਂ ‘ਤੇ ਪਹੁੰਚਣ ਲਈ ਜੁਗਤੀ-ਸਾਧਨ।
ਦਿਮਾਗ ਚਲਦਾ ਹੈ ਤਾਂ ਮਨੁੱਖੀ ਜਿਸਮ ਵਿਚ ਹਰਕਤ ਪੈਦਾ ਹੁੰਦੀ। ਆਲੇ-ਦੁਆਲੇ ਕਿਰਤ-ਕਾਮਨਾ ਦਾ ਰਾਗ ਉਪਜਦਾ, ਕਰਮਯੋਗਤਾ ਦੀ ਮੁਹਾਰਨੀ ਪੜ੍ਹੀ ਜਾਂਦੀ ਤੇ ਕਰਮ-ਧਰਮ ਦਾ ਪਹਿਲਾ ਸਬਕ ਉਚਾਰਿਆ ਜਾਂਦਾ।
ਬੋਧੀ ਗੁਰੂ ਦਲਾਈ ਲਾਮਾ ਦਾ ਕਹਿਣਾ ਹੈ ਕਿ ਧਰਮ ਲਈ ਕਿਸੇ ਮੰਦਰ ਜਾਂ ਗੁੰਝਲਦਾਰ ਫਿਲਾਸਫੀ ਦੀ ਲੋੜ ਨਹੀਂ ਹੈ। ਸਾਡਾ ਦਿਮਾਗ ਹੀ ਮੰਦਰ ਹੈ ਜਿਸ ਵਿਚ ਦਿਆ-ਭਾਵਨਾ ਦੀ ਫਿਲਾਸਫੀ ਪੈਦਾ ਕਰਨਾ ਹੀ ਪੂਰਨ ਧਰਮ ਹੈ।
ਦਿਮਾਗ, ਅਸੀਮਤ ਸੋਚ-ਸਮਰੱਥਾ ਦਾ ਮਾਲਕ। ਮਨੁੱਖ ਕਦੇ ਵੀ ਇਸ ਦੀ ਪੂਰਨ ਸਮਰੱਥਾ ਨਹੀਂ ਵਰਤਦਾ। ਸਿਰਫ ਕੁਝ ਕੁ ਸਮਰੱਥਾ ਦੀ ਵਰਤੋਂ ਨਾਲ ਹੀ ਮਨੁੱਖ ਨੇ ਹੈਰਾਨੀਜਨਕ ਕਾਢਾਂ, ਸੁਵਿਧਾਵਾਂ ਅਤੇ ਸੰਭਾਵਨਾ ਪੈਦਾ ਕੀਤੀਆਂ ਹਨ।
ਦਿਮਾਗ, ਵਿਗਿਆਨੀਆਂ ਦੇ ਬਣਾਏ ਸੁਪਰ ਕੰਪਿਊਟਰਾਂ ਦਾ ਜਨਮ ਦਾਤਾ। ਭਲਾ! ਇਸ ਦੀ ਸਮਰੱਥਾ, ਸੁਵਰਤੋਂ ਅਤੇ ਸਪੀਡ ਦਾ ਅਜੋਕੇ ਕੰਪਿਊਟਰ ਕਿਵੇਂ ਮੁਕਾਬਲਾ ਕੀ ਕਰਨਗੇ?
ਦਿਮਾਗ, ਸੋਚ-ਸਾਧਨਾ ਦਾ ਸਾਗਰ। ਅਸੀਮਤ ਗਹਿਰਾਈ, ਤਰੰਗਾਂ ਦੀ ਪੈਦਾਇਸ਼ ਅਤੇ ਵੱਖ ਵੱਖ ਸੁਰਾਂ ਉਪਜਾਉਣ ਦਾ ਹੁਨਰ। ਚੌਗਿਰਦਾ, ਵਾਪਰ ਰਹੀਆਂ ਘਟਨਾਵਾਂ, ਸਮਾਜਿਕ ਸਰੋਕਾਰਾਂ, ਆਰਥਿਕ ਲੋੜਾਂ, ਧਾਰਮਿਕ ਆਸਥਾ, ਪਰਿਵਾਰਕ ਜਿੰਮੇਵਾਰੀਆਂ ਅਤੇ ਵਾਪਰ ਰਹੀ ਹਰ ਘਟਨਾ ਹੀ ਇਸ ‘ਤੇ ਪ੍ਰਭਾਵ ਪਾਉਂਦੀ। ਕਦੇ ਇਹ ਮਨੁੱਖ ਨੂੰ ਉਡਾਉਂਦਾ, ਅੰਬਰ ਦੀ ਸੈਰ ਕਰਵਾਉਂਦਾ ਅਤੇ ਤਾਰਿਆਂ ਦਾ ਸ਼ਗਨ ਮਾਨਵ ਦੀ ਝੋਲੀ ‘ਚ ਪਾਉਂਦਾ। ਕਦੇ ਇਸ ਨੂੰ ਡੂੰਘੇ ਰਸਾਤਲ ਵਿਚ ਧਕੇਲਦਾ, ਜੀਵਨ-ਉਪਰਾਮਤਾ ਉਪਜਾਉਂਦਾ ਅਤੇ ਸਾਹਾਂ ਨੂੰ ਸੂਲੀ ਚੜਾਉਂਦਾ। ਖੁਦਕੁਸ਼ੀ ਦਾ ਮੁੱਖ ਕਾਰਨ, ਦਿਮਾਗ ਵਿਚ ਸਵੈ-ਮਾਰੂ ਸੋਚ ਹੈ ਜੋ ਕਿਸੇ ਦਾ ਚੀਰ-ਹਰਨ ਤੇ ਕਿਸੇ ਦਾ ਕਤਲ ਕਰਵਾਉਂਦੀ ਹੈ, ਹੱਕਾਂ ‘ਤੇ ਮਾਰੇ ਡਾਕਾ ਦਾ ਜਸ਼ਨ ਮਨਾਉਂਦੀ ਅਤੇ ਆਪਣੀ ਉਚਤਮਤਾ ਦਾ ਪਰਪੰਚ ਰਚਾਉਂਦੀ ਏ।
ਦਿਮਾਗ, ਹਾਂ-ਪੱਖੀ ਜਾਂ ਨਾਂਹ-ਪੱਖੀ ਸੋਚ ਦਾ ਕੇਂਦਰ ਬਿੰਦੂ। ਥੋੜੇ ਨੂੰ ਬਹੁਤਾ ਸਮਝਣ ਵਾਲਾ ਸ਼ੁਕਰਗੁਜਾਰੀ ਵਿਚੋਂ ਜੀਵਨ-ਰਸ ਮਾਣਦਾ ਜਦ ਕਿ ਸਭ ਕੁਝ ਹੁੰਦਿਆਂ-ਸੁੰਦਿਆਂ ਭੁੱਖਮਰੀ ਦਾ ਰੌਲਾ ਪਾਊਣਾ, ਦਿਮਾਗੀ ਸੋਚ ਦਾ ਵਿਨਾਸ਼ਕਾਰੀ ਰੂਪ ਹੈ ਜਿਸ ਨਾਲ ਮਨੁੱਖੀ ਫਿਤਰਤ ਕਬਰਾਂ ਦੇ ਰਾਹ ਪੈਂਦੀ, ਸਿਵੇ ਦੀ ਅੱਗ ਵਿਚ ਫਨਾਹ ਹੋ ਜਾਂਦੀਆਂ ਭਾਵਨਾਵਾਂ, ਰੀਝਾਂ, ਅਹਿਸਾਸਾਂ ਅਤੇ ਸੰਦਲੀ ਸੁਪਨਿਆਂ ਦੀ ਰੰਗੀਨ ਰੁੱਤ।
ਦਿਮਾਗ ਵਿਚ ਪੈਦਾ ਹੋਈ ਸੋਚ ਹੀ ਸਾਡੀ ਸੂਖਮਤਾ ਦਾ ਮੂਲ ਮੰਤਰ। ਜਖਮ ਦੇਣ ਵਾਲੇ, ਦਰਦ ਵਣਜਾਰੇ, ਬੋਲਾਂ ਨਾਲ ਮਨੁੱਖੀ ਰਿਸ਼ਤਿਆਂ ਨੂੰ ਉਚਾੜਨ ਵਾਲੇ ਜਾਂ ਜ਼ਹਿਰੀ ਸੂਲਾਂ ਨੂੰ ਮਾਨਵੀ ਸੋਚ ਵਿਚ ਖੁਭੋਣ ਵਾਲੇ ਹੀ ਮਨੁੱਖੀ ਤ੍ਰਾਸਦੀ ਦਾ ਸਿਰਨਾਵਾਂ ਹੁੰਦੇ। ਦਿਮਾਗੀ ਪ੍ਰੀਕਿਰਿਆ ਸਭ ਤੋਂ ਤੇਜ ਅਤੇ ਪ੍ਰਭਾਵਸ਼ਾਲੀ। ਇਕ ਹੀ ਬੋਲ, ਸ਼ਬਦ, ਇਸ਼ਾਰਾ, ਠਿੱਬੀ ਜਾਂ ਊਝ ਮਨੁੱਖੀ ਪਰਾਂ ਨੂੰ ਝੰਬਦੀ, ਸਦੀਵੀ ਤੜਫਣੀ ਮਨੁੱਖੀ ਸੋਚ ਵਿਚ ਧਰ ਜਾਂਦੀ ਜਿਸ ਤੋਂ ਉਭਰਨ ਵਿਚ ਕਈ ਵਾਰ ਉਮਰ ਹੀ ਬੀਤ ਜਾਂਦੀ। ਯਾਦ ਰੱਖਣਾ! ਦਿਮਾਗ ਬੀਤੇ ਪਲਾਂ ਨੂੰ ਆਪਣੀ ਹਾਰਡ ਡਿਸਕ ਵਿਚ ਹਮੇਸ਼ਾ ਸਾਂਭੀ ਰੱਖਦਾ। ਨਿਸ਼ਾਨ ਅਮਿੱਟ। ਗਾਹੇ-ਬਗਾਹੇ ਇਹ ਚਸਕਦੇ ਰਹਿੰਦੇ ਅਤੇ ਬੀਤੇ ਨੂੰ ਸੋਚ-ਦਰ ‘ਤੇ ਲਿਆ, ਨੈਣਾਂ ਨੂੰ ਸਿੰਮਣ ਲਾਉਂਦੇ।
ਦਿਮਾਗ ਸ਼ਾਤਰ ਹੋਵੇ ਤਾਂ ਲੋਕ-ਪੌੜੀਆਂ ਰਾਹੀਂ ਸ਼ੁਹਰਤ, ਧਨ ਤੇ ਰੁੱਤਬਿਆਂ ਨੂੰ ਆਪਣੇ ਨਾਂ ਕਰ ਲੈਂਦਾ। ਭੋਲੇ, ਭਲੇਮਾਣਸ ਬੰਦੇ ਜਲਦੀ ਹੀ ਚਲਾਕ ਲੋਕਾਂ ਦੇ ਬੁਣੇ ਜਾਲ ਵਿਚ ਫਸ ਜਾਂਦੇ। ਢੋਂਗੀ ਬਾਬੇ, ਠੱਗ, ਬਹਿਰੂਪੀਏ ਸਿਆਸਤਦਾਨ, ਫਰੇਬੀ ਕਾਰੋਬਾਰੀ ਤੇ ਕਈ ਸਬੰਧੀ ਵੀ ਅਜਿਹੀ ਫਿਤਰਤ ਦੇ ਮਾਲਕ। ਅਜੋਕੇ ਸਮੇਂ ‘ਚ ਸ਼ਾਇਦ ਕਾਮਯਾਬੀ ਦਾ ਇਹੋ ਗੁਰ ਰਹਿ ਗਿਆ ਏ।
ਦਿਮਾਗ ਵਿਚ ਫੁਰਨਾ ਫੁਰਦਾ ਤਾਂ ਇਕ ਨਵਾਂ ਸੁਪਨਾ, ਸੋਚ, ਸੰਭਾਵਨਾ ਤੇ ਸਬੰਧ ਜਨਮ ਲੈਂਦੇ ਜੋ ਸੋਚ-ਦਾਇਰਿਆਂ ਵਿਚ ਫੈਲਦੇ, ਕਈ ਰੂਪ ਤੇ ਕਰਵਟਾਂ ਬਦਲਦੇ ਅਤੇ ਕਈ ਨਿਤਾਰਿਆਂ ਵਿਚੋਂ ਲੰਘ ਕੇ ਹੰਗਾਲੇ ਸੱਚ ਦਾ ਸਰੂਪ ਧਾਰਦੇ। ਆਧੁਨਿਕ ਨਵੀਨਤਮ ਖੋਜਾਂ ਮਾਨਸਿਕ ਫੁਰਨਿਆਂ ਦੀ ਹੀ ਉਪਜ ਹਨ।
ਦਿਮਾਗ ਅਤੇ ਦਿਲ ਹੀ ਅਜਿਹੇ ਅੰਗ ਹਨ ਜੋ ਸਦਾ ਕਿਰਿਆਸ਼ੀਲ ਰਹਿੰਦੇ। ਦਿਨ ਵੇਲੇ ਦਿਮਾਗ ਸੋਚਾਂ ਦੇ ਘੋੜੇ ਦੌੜਾਉਣ ‘ਚ ਲੱਗਾ ਰਹਿੰਦਾ ਤੇ ਰਾਤ ਨੂੰ ਅਚੇਤ ਰੂਪ ਵਿਚ ਬੀਤੀਆਂ ਤੇ ਭਵਿੱਖੀ ਘਟਨਾਵਾਂ ਤੇ ਸੰਭਾਵੀ ਅਣਹੋਣੀਆਂ ਹੋਣੀਆਂ ਦਾ ਕੈਨਵਸ ਲੈ ਕੇ, ਸਾਡੇ ਸੁਪਨਿਆਂ ਨੂੰ ਨਿਵਾਜ਼ਦਾ। ਸੁਪਨੇ ਹੀ ਦੁਨਿਆਵੀ ਸੋਹਬਤਾਂ ਨਾਲ ਸ਼ਿੰਗਾਰਦੇ, ਤਲਖੀ, ਗੁੱਸਾ, ਨਫਰਤ ਨੂੰ ਹੰਗਾਲਦੇ ਅਤੇ ਕਦੇ-ਕਦਾਈਂ ਡਰ, ਸਹਿਮ ਤੇ ਮੌਤ ਦੇ ਸਨਮੁੱਖ ਕਰਦੇ, ਪੀੜਾ ਤੇ ਹੰਝੂਆਂ ਦੀ ਅਉਧ ਵੀ ਬਣਦੇ।
ਦਿਮਾਗੀ ਤੌਰ ‘ਤੇ ਚੇਤੰਨ ਲੋਕ ਬਹੁਤ ਸਮਰੱਥ। ਅਜਿਹੇ ਲੋਕ ਜਦ ਉਸਾਰੂ ਰੁਚੀਆਂ ਦਾ ਰਾਹ ਫੜਦੇ ਤਾਂ ਨਵੀਆਂ ਬੁਲੰਦੀਆਂ ਛੋਂਹਦੇ ਪਰ ਜੇ ਇਹ ਹਨੇਰ ਨਗਰੀ ਦਾ ਸਿਰਨਾਵਾਂ ਪੁੱਛਣ ਲੱਗ ਪੈਣ ਤਾਂ ਆਪਣੀ ਜ਼ਿੰਦਗੀ ਨੂੰ ਕੰਦਕ ਬਣਾ, ਸਮਾਜ ਦੇ ਮੱਥੇ ‘ਤੇ ਵੀ ਕਾਲਖ ਚਿੱਪਕ ਦਿੰਦੇ। ਅਜਿਹੇ ਲੋਕ ਰੁੱਝੇ ਹੋਏ ਹੀ ਸਮਾਜ ਦਾ ਸੁਨੱਖਾ ਅਤੇ ਸੁਹੰਢਣਾ ਰੂਪ ਬਣਦੇ।
ਦਿਮਾਗ ਵਿਚ ਜਦ ਕੋਮਲਤਾ ਉਪਜਦੀ ਤਾਂ ਕਲਾਵਾਂ ਦਾ ਹੁਨਰ, ਪੋਟਿਆਂ ਦੀ ਤਸ਼ਬੀਹ ਬਣਦਾ, ਵਰਕਿਆਂ ‘ਤੇ ਕਲਾ ਕ੍ਰਿਤਾਂ ਮੌਲਦੀਆਂ, ਹਰਫ ਤੇ ਅਰਥ ਸਫਿਆਂ ਦਾ ਮਾਣ ਬਣਦੇ ਤੇ ਸੁਰੀਲਾਪਣ ਫਿਜ਼ਾ ਦੇ ਨਾਂ ਹੁੰਦਾ। ਦਰਅਸਲ ਕਲਾਕਾਰ, ਕੋਮਲ ਤੇ ਸੂਖਮਭਾਵੀ ਸੋਚ ਦਾ ਹੀ ਪ੍ਰਗਟਾਵਾ ਹੁੰਦੇ ਨੇ।
ਦਿਮਾਗ ਵਿਚ ਜਦ ਸੰਵੇਦਨਾ ਪ੍ਰਗਟਦੀ ਤਾਂ ਇਹ ਭਵਿੱਖ ‘ਤੇ ਨਜਰ ਮਾਰਦਾ, ਆਉਣ ਵਾਲੇ ਸਮਿਆਂ ਨੂੰ ਚਿਤਾਰਦਾ ਅਤੇ ਚੰਗੇਰੇ ਭਵਿੱਖ ਲਈ ਕੁਝ ਚੰਗੇਰਾ ਕਰਨ ਦਾ ਪ੍ਰਣ ਕਰਦਾ। ਅਜਿਹੀ ਸੰਵੇਦਨਸ਼ੀਲਤਾ ਵਿਚੋਂ ਹੀ ਉਪਜਦੀ ਏ ਵਾਤਾਵਰਣ ਬਚਾਉਣ ਦੀ ਲਹਿਰ, ਪਾਣੀ ਦੇ ਪਲੀਤਪੁਣਾ ਨੂੰ ਸ਼ਫਾਫਤ ਬਖਸ਼ਣ ਦਾ ਕਰਮ ਅਤੇ ਹਵਾ ਦੇ ਲੰਗਰ ਲਾਉਣ ਵਾਲੇ ਰੁੱਖਾਂ ਨਾਲ ਧਰਤੀ ਸਿੰæਗਾਰਨ ਦਾ ਧਰਮ। ਅਜਿਹੇ ਕਰਮਯੋਗੀ ਮਨੁੱਖਤਾ ਅਤੇ ਕੁਦਰਤੀ ਨਿਆਮਤਾਂ ਦੇ ਅਸਲ ਵਾਰਸ ਹੁੰਦੇ।
ਦਿਮਾਗ ਕੰਟਰੋਲ ਰੂਮ। ਮਨੁੱਖੀ ਗਤੀਆਂ-ਵਿਧੀਆਂ ਅਤੇ ਕਰਮਯੋਗਤਾ ਦਾ ਧੁਰਾ। ਇਕ ਹੀ ਸਿਗਨਲ ਬਹਾਰ ਬਣ ਸਕਦਾ ਏ ਜਾਂ ਪੱਤਝੜ ਦੇ ਡਿੱਗਦੇ ਪੱਤੇ। ਸੋਚ ਸਮਝ ਕੇ ਉਠਾਏ ਗਏ ਕਦਮ ਮੰਜ਼ਲਾਂ ਦਾ ਮਾਣ ਹੁੰਦੇ ਜਦ ਕਿ ਨਾ-ਸਮਝੀ ਵਿਚ ਚੁੱਕੇ ਕਦਮਾਂ ਨੂੰ ਲੱਗਦਾ ਅਸਫਲਤਾ, ਲਾਹਨਤਾਂ, ਬੇਸ਼ਰਮੀ ਅਤੇ ਨਾ-ਅਹਿਲੀਅਤ ਦਾ ਲੇਬਲ।
ਦਿਮਾਗ ਮਨੁੱਖੀ ਸ਼ਖਸੀਅਤ ਨੂੰ ਪਰਿਭਾਸ਼ਤ ਕਰਦਾ। ਭੋਲੇ-ਭਾਲੇ ਲੋਕ ਨਿਰਮਲ ਸੋਚ ਦੇ ਮਾਲਕ। ਮੱਕਾਰੀ, ਦੋਗਲੇਪਣ ਅਤੇ ਧੋਖਾਧੜੀ ਤੋਂ ਕੋਹਾਂ ਦੂਰ। ਆਪਣਾ ਗਵਾ ਕੇ ਕਿਸੇ ਦੇ ਕੰਮ ਆਉਣ ਦਾ ਚਾਅ। ਅਜਿਹੇ ਲੋਕ ਭਾਵੇਂ ਮਾਇਕ ਤੌਰ ‘ਤੇ ਜ਼ਿਆਦਾ ਕਾਮਯਾਬ ਸ਼ਾਇਦ ਨਾ ਹੋਣ ਪਰ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਸਹਿਜ ਉਨ੍ਹਾਂ ਦਾ ਹਾਸਲ ਹੁੰਦਾ।
ਦਿਮਾਗ ਵਿਚ ਕਿਤਾਬੀ/ਪੈਗੰਬਰੀ ਵਿਚਾਰਾਂ ਦਾ ਰੋਲ-ਘਚੋਲਾ ਨਾ ਪਾਓ। ਨਿੱਤਰੇ ਪਾਣੀਆਂ ਵਰਗੀ ਸੋਚ ਅਪਣਾਓ। ਦਿਮਾਗ ਨੂੰ ਖੁਦ ਸੋਚਣ ਦਿਓ। ਸੋਚਣ ਦੀ ਆਦਤ ਵਿਚੋਂ ਹੀ ਕੁਝ ਨਵਾਂ ਉਭਰ ਕੇ ਸਾਹਮਣੇ ਆਵੇਗਾ ਜੋ ਇਕ ਨਵੀਂ ਪ੍ਰਤਿਭਾ, ਪਛਾਣ ਅਤੇ ਪਹਿਲ ਦਾ ਪਹਿਲਾ ਕਦਮ ਹੋ ਸਕਦਾ ਏ।
ਦਿਮਾਗ ਜੀਵਨ-ਗੱਡੀ ਦਾ ਸੂਝਵਾਨ ਡਰਾਈਵਰ ਜਿਹੜਾ ਵਾਗਾਂ ਮੋੜਦਾ, ਔਝੜ ਰਾਹਾਂ ਤੋਂ ਬਚਾਉਂਦਾ, ਟੋਇਆਂ-ਟਿੱਬਿਆਂ ਦੀ ਨਿਸ਼ਾਨਦੇਹੀ ਕਰਦਾ, ਪੈਰਾਂ ਵਿਚ ਪੈੜ-ਚਾਲ ਵਿਛਾਉਂਦਾ ਅਤੇ ਜੀਵਨ-ਮਾਰਗ ਦੀ ਦੱਸ ਪਾਉਂਦਾ।
ਦਿਮਾਗ ਵਿਚ ਦਰਿਆਦਿਲੀ ਹੋਵੇ ਤਾਂ ਸਾਡੀ ਸੋਚ ਤੇ ਜ਼ਿੰਦਗੀ ਵਿਚ ਖੁੱਲ੍ਹਾਪਣ ਪਨਪਦਾ ਜੋ ਸਾਡੇ ਲਈ ਨਵੇਂ ਮਰਹੱਲਿਆਂ, ਮਤਲਬਾਂ ਅਤੇ ਮੁਹੱਬਤੀ ਮੁਕਾਮ ਦਾ ਮੁਹਾਂਦਰਾ ਬਣਦਾ।
ਦਿਮਾਗ ਅਤੇ ਦਿਲ ਵਿਚ ਸਮਤੋਲ ਰੱਖ ਕੇ ਜਿੰਦਗੀ ਜਿਉਣ ਵਾਲੇ ਲੋਕ ਮਨੁਖਤਾ ਦਾ ਮਾਣਮੱਤਾ ਹਾਸਲ। ਸਿਰਫ ਦਿਮਾਗ ਜਾਂ ਦਿਲ ਨਾਲ ਹੀ ਕੀਤੇ ਗਏ ਫੈਸਲੇ ਇਕ-ਪਾਸੜ ਹੁੰਦੇ। ਸੋ ਲੋੜ ਹੈ, ਦੋਹਾਂ ਦੀ ਸਮਝ, ਸਲਾਹ ਤੇ ਸੰਵੇਦਨਾ ਵਿਚੋਂ ਜੀਵਨ-ਦਰਸ਼ਨ ਦਾ ਨਾਮਕਰਨ ਕਰੀਏ।
ਦਿਮਾਗੀ ਮੌਤ ਕਾਰਨ ਮਨੁੱਖੀ ਸਰੀਰ ਜਿਉਂਦਿਆਂ ਵੀ ਨਿਰਜਿੰਦ। ਸਰੀਰ ਦੀ ਹੋਣੀ ਦਿਮਾਗੀ ਤੰਦਰੁਸਤੀ ਅਤੇ ਇਸ ਦੀ ਸੰਤੁਲਤਾ ਵਿਚ ਹੀ ਛੁਪੀ ਹੋਈ ਹੈ।
ਦਿਮਾਗੀ ਤੌਰ ‘ਤੇ ਸੰਤੁਲਤ ਵਿਅਕਤੀ ਸੁੰਦਰ ਸਮਾਜ ਸਿਰਜਦੇ, ਅਸੰਤੁਲਤ ਵਿਅਕਤੀ ਪਾਗਲ, ਸਨਕੀ ਜਾਂ ਕੁਕਰਮੀ ਹੁੰਦੇ। ਧਰਮ ਦੇ ਨਾਂ ‘ਤੇ ਹੋ ਰਹੀ ਕਤਲੋਗਾਰਤ, ਸਮਾਜਿਕ ਵੰਡੀਆਂ ਪਾਉਣਾ, ਮਨੁੱਖ ਦਾ ਮਨੁੱਖ ਹੱਥੋਂ ਕਤਲ ਜਾਂ ਕੁਦਰਤ ਦਾ ਵਿਨਾਸ਼, ਕਬਰਾਂ ਦੇ ਰਾਹ ਪੈਣਾ, ਮਨੁੱਖੀ ਸੋਚ ਵਿਚ ਪੈਦਾ ਹੋਇਆ ਵਿਗਾੜ ਹੀ ਤਾਂ ਹੈ। ਦਿਮਾਗ ਨੇ ਕਿਹੜਾ ਰਾਹ ਪਕੜਨਾ ਏ, ਇਹ ਮਨੁੱਖ ਦੇ ਸੁਭਾਅ, ਪਰਿਵਾਰਕ ਹਾਲਤਾਂ, ਪਾਲਣ-ਪੋਸ਼ਣ, ਚੌਗਿਰਦਾ, ਸਾਥ ਅਤੇ ਸਮਾਜਿਕ ਦੇਣ ‘ਤੇ ਨਿਰਭਰ ਕਰਦਾ।
ਸਾਬਤ ਸੋਚ ਵਾਲਾ ਦਿਮਾਗ ਹਰ ਪੱਖ ਵਿਚੋਂ ਵੀ ਉਸਾਰੂ ਬਿਰਤੀ ਅਤੇ ਦਿੱਖ ਨੂੰ ਚਿੱਤਰਨ ਦਾ ਆਦੀ। ਸਭ ਕੁਝ ਮਾੜਾ ਹੀ ਨਹੀਂ ਹੁੰਦਾ। ਕਦੇ ਕਦਾਈਂ ਭੈੜ ਵਿਚ ਵੀ ਚੰਗਿਆਈ ਦੇ ਦੀਦਾਰੇ ਹੁੰਦੇ। ਸਿਰਫ ਦੇਖਣ ਵਾਲੀ ਅੱਖ ਤੇ ਸਮਝਣ ਵਾਲਾ ਦਿਮਾਗ ਚਾਹੀਦਾ ਹੈ।
ਦਿਮਾਗ ਦੀ ਬੀਹੀ ਵੜ ਕੇ ਦਿਤੀ ਹੋਈ ਦਸਤਕ, ਮੁਹੱਬਤੀ-ਮਾਰਗ ਦੇ ਨਕਸ਼, ਪਿਆਰ ਪ੍ਰਗਟਾਵੇ ਦਾ ਪਹੁ-ਫੁਟਾਲਾ, ਜੀਵਨ ਪੈਂਡਿਆਂ ਨੂੰ ਸਰ ਕਰਨ ਦਾ ਸ਼ੁਭ-ਅਰੰਭ, ਸੰਦਲੀ-ਸਰਘੀ, ਭਾਵ-ਪੱਤੀਆਂ ‘ਤੇ ਪਈ ਤ੍ਰੇਲ ਅਤੇ ਸੱਚ ਤੇ ਸੁਪਨੇ ਦਾ ਸ਼ੁਰੂਆਤੀ ਮੇਲ।
ਦਿਮਾਗ ਕਦੇ ਬੁੱਢਾ ਨਹੀਂ ਹੁੰਦਾ। ਕਦੇ ਘੱਟਦਾ ਨਹੀਂ। ਜਿੰਨਾ ਵਰਤੋ, ਉਨਾ ਹੀ ਸੁਚੇਤ ਰਹਿੰਦਾ। ਇਸੇ ਲਈ ਸਿਆਣੇ ਲੋਕ ਦਿਮਾਗੀ ਕਸਰਤ ਲਈ ਵੱਖ-ਵੱਖ ਅੜਾਉਣੀਆਂ ਹੱਲ ਕਰਨ ਲਈ ਸਮਾਂ ਜਰੂਰ ਕੱਢਦੇ। ਅਜਿਹੇ ਲੋਕ ਸਾਰੀ ਉਮਰ ਹੀ ਦਿਮਾਗੀ ਤੌਰ ‘ਤੇ ਚੇਤੰਨ ਰਹਿੰਦੇ। ਭੁੱਲਣ ਦੀ ਬਿਮਾਰੀ ਤੋਂ ਬਚਣ ਦਾ ਵਧੀਆ ਤਰੀਕਾ।
ਦਿਮਾਗ ‘ਤੇ ਹਰਦਮ ਭਾਰ ਹੀ ਪਾਈ ਜਾਣ ਨਾਲ ਮਾਨਸਿਕ ਉਲਝਣਾਂ ‘ਚ ਵਾਧਾ। ਹਰ ਬੰਦਾ ਉਦਾਸੀ, ਨੀਰਸਤਾ ਅਤੇ ਨੀਵੇਂਪਣ ਦਾ ਸ਼ਿਕਾਰ। ਖੁਦਕੁਸ਼ੀਆਂ, ਅਣਿਆਈਾਂ ਮੌਤਾਂ, ਦੁਖਦਾਈ ਘਟਨਾਵਾਂ, ਲਾ-ਇਲਾਜ ਬਿਮਾਰੀਆਂ ਆਦਿ ਮਨੁੱਖ ਦੀਆਂ ਖੁਦ ਸਹੇੜੀਆਂ ਅਲਾਮਤਾਂ, ਜਿਨ੍ਹਾਂ ਤੋਂ ਸੁਚੇਤ ਹੋ ਕੇ ਬਚਿਆ ਜਾ ਸਕਦਾ ਏ।
ਲੋੜ ਹੈ, ਦਿਮਾਗ ਵਿਚ ਚੜ੍ਹਦੀ ਕਲਾ ਦੀ ਸੋਚ ਪੈਦਾ ਕਰਕੇ, ਜੀਵਨ ਨੂੰ ਅੱਜ ਵਿਚ ਜਿਉਣਾ ਦੀ। ਕਦੇ ਵੀ ਬੀਤੇ ‘ਤੇ ਹਿਰਖ ਨਾ ਕਰੋ ਪਰ ਕੁਤਾਹੀਆਂ ਤੋਂ ਜਰੂਰ ਸਿੱਖੋ। ਭਵਿੱਖ ਦੀ ਚਿੰਤਾ ਨਾ ਕਰੋ ਪਰ ਚੇਤਨ ਰੂਪ ਵਿਚ ਸਾਰਥਿਕ ਕਦਮ ਜਰੂਰ ਉਠਾਓ ਜਿਸ ਨਾਲ ਆਉਣ ਵਾਲਾ ਕੱਲ ਅੱਜ ਨਾਲੋਂ ਬਿਹਤਰ ਹੋਵੇ।
ਦਿਮਾਗ ਹੀ ਮਨੁੱਖੀ ਵਿਕਾਸ, ਆਧੁਨਿਕਤਾ, ਸੁੱਖ-ਸਹੂਲਤਾਂ ਅਤੇ ਨਵੀਆਂ ਅੰਬਰ ਉਡਾਰੀਆਂ ਦਾ ਮੂਲ-ਸਰੋਤ। ਪਰ ਦਿਲ ਇਨ੍ਹਾਂ ਨੂੰ ਕਿਵੇਂ ਵਰਤਦਾ ਏ ਇਸੇ ਨੇ ਮਾਨਵੀ ਮਾਰਗ ਦੀ ਹੋਂਦ, ਸਾਰਥਿਕਤਾ ਤੇ ਸਦੀਵਤਾ ਨੂੰ ਕਲਮਬੰਦ ਕਰਨਾ।
ਦਿਮਾਗ ਸਲਾਮਤ ਰਹੇ ਅਤੇ ਇਸ ਨਾਲ ਹੀ ਸਲਾਮਤ ਰਹੇ ਮਨੁੱਖੀ ਸੋਚ ਵਿਚਲਾ ਸਾਵਾਂਪਣ, ਕਰਮਯੋਗਤਾ ਵਿਚਲੀ ਬੰਦਿਆਈ, ਧਰਮ-ਕਰਮ ਵਿਚਲੀ ਸਚਿਆਈ ਅਤੇ ਆਦਮ ਲਈ ਮਨੁੱਖ ਬਣਨ ਦੀ ਰਹਿਨੁਮਾਈ। ਕਦੇ ਕਦੇ ਇਸ ਬਾਰੇ ਸੋਚਣਾ, ਭਲਿਆਈ ਦਾ ਦੀਵਾ ਬਲਦਾ ਰਹੇਗਾ।
ਆਮੀਨ।