ਜੰਗਲ ਵਿਚ ਪੜ੍ਹਾਈ

ਜੰਗਲਨਾਮਾ-9
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।

ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
“ਕੀ ਹਾਲ ਹੈ, ਡਾਕਟਰ ਪਵਨ?” ਰਾਤ ਦੇ ਖਾਣੇ ਵੇਲੇ ਅਸੀਂ ਇਕੱਠੇ ਹੁੰਦੇ ਹਾਂ।
“ਚੰਗਾ ਹੈ, ਬਹੁਤ ਵਧੀਆ।” ਪਵਨ ਨੈਣ-ਨਕਸ਼ ਤੋਂ ਬੰਗਾਲੀ ਲੱਗਦਾ ਹੈ, ਰੰਗ ਤੋਂ ਮਦਰਾਸੀ, ਹਿੰਦੀ ਵਧੀਆ ਬੋਲਦਾ ਹੈ ਅਤੇ ਲਿਖਦਾ ਕਈ ਭਾਸ਼ਾਵਾਂ ਵਿਚ ਹੈ। ਸੂਬਾ ਪੁੱਛਣ ਦੀ ਮੈਨੂੰ ਜ਼ਰੂਰਤ ਮਹਿਸੂਸ ਨਹੀਂ ਹੁੰਦੀ।
ਪਵਨ ਦਾ ਨਾਂ ਉਸ ਦੀ ਸਰੀਰਕ ਬਣਤਰ ਦੇ ਬਿਲਕੁਲ ਉਲਟ ਹੈ। ਪਵਨ ਨਾਮ ਤੋਂ ਤਾਂ ਇੰਜ ਲੱਗਦਾ ਹੈ ਕਿ ਹੌਲਾ-ਫੁੱਲ ਹੋਵੇਗਾ, ਫੂਕ ਮਾਰਿਆਂ ਉਡ ਜਾਵੇਗਾ, ਪਰ ਉਹ ਚੌੜੀ ਡੀਲ-ਡੌਲ ਵਾਲਾ ਨਿੱਗਰ ਆਦਮੀ ਹੈ ਅਤੇ ਠੋਸ ਕਦਮ ਤੁਰਦਾ ਹੈ। ਅੱਖਾਂ ‘ਤੇ ਚਸ਼ਮਾ ਪਹਿਨੇ, ਹੱਥ ‘ਚ ਦਵਾਈਆਂ ਵਾਲਾ ਬੈਗ ਉਠਾਏ ਅਤੇ ਸੰਜੀਦਾ ਚਿਹਰਾ ਲਈ ਉਹ ਕਦੇ ਕਦੇ ਤੁਹਾਨੂੰ ਘੁੰਮਦਾ ਹੋਇਆ ਮਿਲ ਪੈਂਦਾ ਹੈ। ਆਪਣੇ ਬੈਗ ਤੋਂ ਉਹ ਕਦੇ ਵੀ ਅਲੱਗ ਨਹੀਂ ਹੁੰਦਾ। ਕੀ ਪਤਾ ਕਦੋਂ ਕੋਈ ਮਰੀਜ਼ ਮਿਲ ਪਵੇ ਅਤੇ ਢਿੱਡ-ਪੀੜ ਦੀ ਸ਼ਿਕਾਇਤ ਕਰ ਦੇਵੇ, ਜਾਂ ਲਹੂ ਵਿਚ ਲੋਹੇ ਦੀ ਘਾਟ ਵਾਲਾ ਕੋਈ ਟੱਕਰ ਪਵੇ ਤੇ ਫੌਲਾਦ ਦੀਆਂ ਗੋਲੀਆਂ ਦੀ ਮੰਗ ਕਰ ਲਵੇ, ਜਾਂ ਫਿਰ ਮਲੇਰੀਏ ਦੇ ਕਿਸੇ ਨਵੇਂ ਬਣੇ ਸ਼ਿਕਾਰ ਨੂੰ ਕੁਨੀਨ ਦੀਆਂ ਗੋਲੀਆਂ ਹੀ ਦੇਣੀਆਂ ਪੈ ਜਾਣ। ਪਿਛਲੀਆਂ ਦੋਵੇਂ ਬਿਮਾਰੀਆਂ ਗੁਰੀਲਿਆਂ ਨੂੰ ਆਮ ਰਹਿੰਦੀਆਂ ਹਨ। ਮਲੇਰੀਆ ਜੰਗਲ ਵਿਚ ਪਹਿਲੇ ਸਥਾਨ ਉਤੇ ਰਹਿਣ ਵਾਲੀ ਬਿਮਾਰੀ ਹੈ। ਲੋਕਾਂ ਲਈ ਵੀ, ਗੁਰੀਲਿਆਂ ਲਈ ਵੀ। ਆਇਰਨ (ਲੋਹਾ) ਤਾਂ ਖ਼ੈਰ ਹਰ ਗੁਰੀਲਾ ਕੁੜੀ ਦੀ ਜ਼ਰੂਰਤ ਹੈ ਅਤੇ ਪਵਨ ਇਸ ਦਾ ਢੇਰ ਸਾਰਾ ਜ਼ਖ਼ੀਰਾ ਆਪਣੇ ਕੋਲ ਰੱਖਦਾ ਹੈ। ਪਵਨ ਨੇ ਫ਼ੌਜੀ ਵਰਦੀ ਜ਼ਰੂਰ ਪਹਿਨ ਰੱਖੀ ਹੈ, ਪਰ ਉਹ ਬੰਦੂਕ ਨਹੀਂ ਚੁੱਕਦਾ। ਉਹ ਗੁਰੀਲਿਆਂ ਨਾਲ ਹਮੇਸ਼ਾ ਨਹੀਂ ਰਹਿੰਦਾ। ਸਾਲ ਵਿਚ ਦੋ ਵਾਰ ਉਹ ਜੰਗਲ ਦਾ ਰੁਖ਼ ਕਰਦਾ ਹੈ ਅਤੇ ਇਕ ਜਾਂ ਦੋ ਮਹੀਨੇ ਲਗਾ ਕੇ ਵਾਪਸ ਚਲਾ ਜਾਂਦਾ ਹੈ।
ਪਵਨ ਕਬਾਇਲੀਆਂ ਨੂੰ ਸਿਹਤ ਸੇਵਾ ਦੀ ਮੁੱਢਲੀ ਟਰੇਨਿੰਗ ਦੇਣ ਆਉਂਦਾ ਹੈ। ਚੀਨ ਦੇ ਇਨਕਲਾਬ ਦੌਰਾਨ ਨੰਗੇ ਪੈਰਾਂ ਵਾਲੇ ਡਾਕਟਰ ਬਹੁਤ ਮਸ਼ਹੂਰ ਹੋਏ ਸਨ। ਉਨ੍ਹਾਂ ਦੇ ਪੈਰ ਨੰਗੇ ਸਨ ਕਿ ਨਹੀਂ, ਇਹ ਤਾਂ ਮੈਂ ਨਹੀਂ ਜਾਣਦਾ, ਪਰ ਪਵਨ ਜਿਨ੍ਹਾਂ ਕਬਾਇਲੀਆਂ ਨੂੰ ਸਿੱਖਿਅਤ ਕਰਦਾ ਹੈ, ਉਨ੍ਹਾਂ ਦੇ ਪੈਰ ਨੰਗੇ ਹੀ ਹੁੰਦੇ ਹਨ। ਸਿਰਫ਼ ਗੁਰੀਲੇ ਕਬਾਇਲੀ ਡਾਕਟਰ ਹੀ ਜੁੱਤੀ ਪਹਿਨਦੇ ਹਨ, ਦਵਾ ਸੰਘ ਵਿਚ ਕੰਮ ਕਰਨ ਵਾਲੇ ਕਬਾਇਲੀ ਨੰਗੇ ਪੈਰੀਂ ਹੀ ਹੁੰਦੇ ਹਨ। ਗੁਰੀਲਿਆਂ ਨਾਲ ਪਵਨ ਦੀ ਪੁਰਾਣੀ ਜਾਣ-ਪਛਾਣ ਹੈ। ਖ਼ੇਮੇ ਵਿਚ ਉਸ ਦੀ ਜ਼ਿੰਮੇਦਾਰੀ ਸਵੇਰੇ ਦਵਾਈਆਂ ਦੀ ਕਲਾਸ ਲੈਣਾ ਅਤੇ ਰਾਤ ਨੂੰ ਪੜ੍ਹਾਈ ਕਰਾਉਣਾ ਹੈ। ਗੁਰੀਲੇ ਮੁੰਡੇ ਕੁੜੀਆਂ ਉਸ ਤੋਂ ਪੜ੍ਹਨਾ-ਲਿਖਣਾ ਸਿੱਖਦੇ, ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰਦੇ ਤੇ ਉਨ੍ਹਾਂ ਦੇ ਨਾਮ ਨੋਟ ਕਰਦੇ ਹਨ। ਬਿਮਾਰੀਆਂ ਦੀਆਂ ਅਲਾਮਤਾਂ ਤੇ ਇਲਾਜ ਬਾਰੇ ਉਨ੍ਹਾਂ ਨੂੰ ਉਹ ਮੁੱਢਲੀ ਜਾਣ-ਪਛਾਣ ਕਰਾਉਂਦਾ ਹੈ, ਕਾਪੀਆਂ ਵਿਚ ਅੰਕਤ ਕਰਾਉਂਦਾ ਹੈ ਤੇ ਫਿਰ ਯਾਦ ਕਰਵਾ ਕੇ ਇਮਤਿਹਾਨ ਲੈਂਦਾ ਹੈ।
“ਅੱਜ ਰਾਤ ਵੀ ਕਲਾਸ ਲਵੋਗੇ?” ਮੈਂ ਉਹਨੂੰ ਪੁੱਛਦਾ ਹਾਂ।
“ਬਿਲਕੁਲ। ਬਾਕਾਇਦਾ।” ਉਹ ਕਲਾਸ ਤੋਂ ਕਦੇ ਨਹੀਂ ਖੁੰਝਦਾ।
“ਕਦੋਂ ਤੋਂ ਇਹ ਇਹ ਕੰਮ ਕਰ ਰਹੇ ਹੋ? ਮੇਰਾ ਮਤਲਬ, ਗੁਰੀਲਿਆਂ ਵਿਚ ਰਹਿਣ ਦਾ?”
“ਕਈ ਸਾਲਾਂ ਤੋਂ।”
ਉਹ ਕਹਿੰਦਾ ਹੈ ਕਿ ਮਲੇਰੀਏ ਜਿਹੀ ਆਮ ਅਤੇ ਇਲਾਜ ਯੋਗ ਬਿਮਾਰੀ ਤੋਂ ਮਰਦੇ ਲੋਕ ਉਸ ਤੋਂ ਦੇਖੇ ਨਹੀਂ ਜਾਂਦੇ। ਜੰਗਲ ਵਿਚ ਮਲੇਰੀਆ ਐਨਾ ਜ਼ਿਆਦਾ ਹੈ ਕਿ ਕੁੱਲ ਬਿਮਾਰੀਆਂ ਤੋਂ ਹੋਣ ਵਾਲੀਆਂ ਅੱਧੀਆਂ ਤੋਂ ਵੱਧ ਮੌਤਾਂ ਇਸੇ ਕਾਰਨ ਹੁੰਦੀਆਂ ਹਨ। ਦੂਰ ਦੂਰ ਤਕ ਕੋਈ ਵੀ ਡਾਕਟਰ ਨਹੀਂ ਹੈ। ਜੇ ਕੋਈ ਬਿਮਾਰ ਹੋ ਗਿਆ ਤਾਂ ਰੱਬ ਆਸਰੇ, ਪਰ ਰੱਬ ਕਿਸੇ ਦੀ ਮਦਦ ਨਹੀਂ ਕਰਦਾ ਅਤੇ ਮਰੀਜ਼ ਦਮ ਤੋੜ ਜਾਂਦਾ ਹੈ।
“ਕਬਾਇਲੀ ਪਾਪ ਨਹੀਂ ਕਰਦੇ, ਚੋਰੀ ਨਹੀਂ ਕਰਦੇ, ਠੱਗੀ ਨਹੀਂ ਮਾਰਦੇ, ਕਿਸੇ ਦਾ ਬੁਰਾ ਨਹੀਂ ਕਰਦੇ, ਫਿਰ ਵੀ ਉਨ੍ਹਾਂ ਨੂੰ ਸਜ਼ਾ ਮਿਲਦੀ ਰਹਿੰਦੀ ਹੈ। ਜਿਥੇ ਪਾਪ ਹੈ, ਬੁਰਾਈ ਹੈ, ਉਥੇ ਸਜ਼ਾ ਨਹੀਂ। ਜਿਥੇ ਸਜ਼ਾ ਹੈ, ਉਥੇ ਇਹ ਚੀਜ਼ਾਂ ਨਹੀਂ ਹਨ। ਇਹ ਦੁਨੀਆਂ ਦਾ ਅਸਲੀ ਰੰਗ ਹੈ।” ਉਹ ਕਹਿੰਦਾ ਹੈ।
ਪਵਨ ਲੁੱਟ-ਖਸੁੱਟ ਨੂੰ ਪਾਪ ਕਹਿੰਦਾ ਹੈ, ਮਨੁੱਖ ਵੱਲੋਂ ਮਨੁੱਖ ਵਿਰੁੱਧ ਕੀਤਾ ਜਾਂਦਾ ਜੁਰਮ ਮੰਨਦਾ ਹੈ।
“ਜੰਗਲ ਵਿਚ ਆ ਕੇ ਮੈਨੂੰ ਤਸੱਲੀ ਮਿਲਦੀ ਹੈ। ਮੈਂ ਕਈ ਮਹੀਨੇ ਪੈਸੇ ਜੋੜਦਾ ਹਾਂ ਤੇ ਫਿਰ ਦਵਾਈਆਂ ਲੈ ਕੇ ਇਥੇ ਆ ਜਾਂਦਾ ਹਾਂ। ਇਥੇ ਮੇਰੇ ਅੰਦਰ ਦੀ ਅੱਗ ਸ਼ਾਂਤ ਹੁੰਦੀ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਬੁਰਾਈ ਵਿਰੁੱਧ ਲੜਨ ਦਾ ਰਸਤਾ ਮਿਲ ਗਿਆ ਹੈ। ਬੁਰਾਈ ਵਿਰੁੱਧ ਲੜਨ ਵਾਲਿਆਂ ਨੂੰ ਤੰਦਰੁਸਤੀ ਦੇ ਕੇ ਮੈਨੂੰ ਖੁਸ਼ੀ ਮਿਲਦੀ ਹੈ।”
ਪਵਨ ਨੇ ਜਿਸ ਦਿਨ ਹਿਪੋਕਰੀਟਸ ਦੀ ਸਹੁੰ ਚੁੱਕੀ ਸੀ, ਉਸੇ ਦਿਨ ਉਸ ਨੇ ਆਪਣੇ ਜੀਵਨ ਦਾ ਮਿਸ਼ਨ ਤੈਅ ਕਰ ਲਿਆ ਸੀ। ਡਾਕਟਰ ਇਹ ਸਹੁੰ ਰਸਮ ਵਜੋਂ ਚੁੱਕਦੇ ਹਨ, ਤੇ ਫਿਰ ਭੁੱਲ ਜਾਂਦੇ ਹਨ। ਕੋਈ ਇਕ ਸਾਲ ਵਿਚ, ਕੋਈ ਪੰਜ ਸਾਲ ਵਿਚ ਤੇ ਕੋਈ ਦਸ ਸਾਲ ਵਿਚ। ਬਹੁਤ ਸਾਰੇ ਅਜਿਹੇ ਹੁੰਦੇ ਹਨ ਜਿਹੜੇ ਸਹੁੰ ਉਪਰ ਹੀ ਹੱਸ ਪੈਂਦੇ ਹਨ। ਕਰੀਅਰ ਤੇ ਸਹੁੰ ਨਾਲ ਨਾਲ ਨਹੀਂ ਚੱਲਦੇ, ਉਹ ਕਰੀਅਰ ਖ਼ਾਤਰ ਆਏ ਹੁੰਦੇ ਹਨ, ਤੇ ਪੈਸਿਆਂ ਦਾ ਅੰਬਾਰ ਇਕੱਠਾ ਕਰਨ ਦੀ ਇੱਛਾ ਪਾਲ ਰਹੇ ਹੁੰਦੇ ਹਨ। ਬਿਮਾਰੀ ਉਨ੍ਹਾਂ ਵਾਸਤੇ ਸੋਨੇ ਦੇ ਪਲੰਘ ਲੈ ਕੇ ਬਹੁੜਦੀ ਹੈ ਅਤੇ ਜਦ ਢੇਰਾਂ ਦੇ ਢੇਰ ਮਰੀਜ਼ ਆਉਂਦੇ ਹਨ ਤਾਂ ਉਹ ਕਹਿੰਦੇ ਹਨ: Ḕਐਦਕਾਂ ਸੀਜ਼ਨ ਚੰਗਾ ਲੱਗੈ।’
ਪੁਰਾਣੀ ਕਹਾਵਤ ਹੈ: ਡਾਕਟਰ ਦਾ ਸਥਾਨ ਰੱਬ ਤੋਂ ਦੂਸਰੇ ਦਰਜੇ ਉਤੇ ਹੈ। ਕਦੇ ਰਿਹਾ ਹੋਵੇਗਾ ਇਹ ਅਹਿਸਾਸ, ਪਰ ਬਸਤਰ ਦੇ ਕਬਾਇਲੀਆਂ ਵਾਸਤੇ, ਜਿਵੇਂ ਇਹ ਹਰ ਥਾਂ ਦੇ ਹੀ ਗਰੀਬ ਇਨਸਾਨ ਵਾਸਤੇ ਸੱਚ ਹੈ, ਨਾ ਕੋਈ ਰੱਬ ਹੈ ਅਤੇ ਨਾ ਹੀ ਡਾਕਟਰ। ਰੱਬ ਹੈ ਨਹੀਂ, ਤੇ ਡਾਕਟਰ ਵਪਾਰੀ ਹੈ। ਪੈਸਾ ਹੈ ਤਾਂ ਇਲਾਜ ਹੈ, ਨਹੀਂ ਹੈ ਤਾਂ ਮੌਤ। ਪੈਸੇ ਖ਼ਾਤਰ ਉਹ ਦਵਾ ਕੰਪਨੀਆਂ ਦਾ ਝਰਲ-ਮਰਲ ਮਾਲ ਵੀ ਵੇਚ ਸਕਦਾ ਹੈ, ਪਰ ਪਵਨ ਦਵਾਈਆਂ ਇਕੱਠੀਆਂ ਕਰਦਾ ਹੈ ਅਤੇ ਮਰੀਜ਼ ਕੋਲ ਖ਼ੁਦ ਚੱਲ ਕੇ ਪਹੁੰਚਦਾ ਹੈ।
ਐਤੂ ਤੇ ਪਵਨ ਦੋਵੇਂ ਹੀ ਇਕੋ ਤਰ੍ਹਾਂ ਦੀ ਮਿੱਟੀ ਦੇ ਇਨਸਾਨ ਹਨ। ਉਹ ਇਥੇ ਹਨ ਕਿਉਂØਕਿ ਉਹ ਤਲਾਸ਼ ਵਿਚ ਹਨ, ਆਸ਼ੇ ਨੂੰ ਪੂਰਾ ਹੋਇਆ ਦੇਖਣਾ ਚਾਹੁੰਦੇ ਹਨ, ਨਵੀਂ ਦੁਨੀਆਂ ਸਿਰਜਣਾ ਚਾਹੁੰਦੇ ਹਨ।
ਤਦੇ ਪਵਨ ਦੇ ਵਿਦਿਆਰਥੀ ਆ ਗਏ। ਮੋਢਿਆਂ ਉਪਰ ਬੰਦੂਕਾਂ, ਹੱਥਾਂ ‘ਚ ਕਾਪੀਆਂ, ਜੇਬਾਂ ਵਿਚ ਕਲਮਾਂ। ਉਹ ਰਸੋਈ ਘਰ ਦੇ ਨਾਲ ਵਾਲੇ ਤੰਬੂ ਵਿਚ ਚਲੇ ਗਏ। ਛੇ ਕੁੜੀਆਂ, ਪੰਜ ਮੁੰਡੇ।
“ਦੋ ਜਮ੍ਹਾਂ ਦੋ! ਤਿੰਨ ਜਮ੍ਹਾਂ ਚਾਰ! ਇੱਕੀ ਜਮ੍ਹਾਂ ਛੱਤੀ!” ਸਵਾਲ ਹਾਸਲ ਵਾਲੇ ਨਹੀਂ ਹਨ, ਅਜੇ ਇਹ ਸਿੱਧੇ ਤੇ ਸਰਲ ਹਨ। ਗੌਂਡ ਨੌਜਵਾਨਾਂ ਨੂੰ ਸੰਖਿਆਵਾਂ ਦੀ ਦੁਨੀਆਂ ਅਜੀਬ ਅਤੇ ਦਿਲਚਸਪ ਮਹਿਸੂਸ ਹੁੰਦੀ ਹੈ। ਬਚਪਨ ਵਿਚ ਉਹ ਮਹੂਏ ਦੇ ਫੁੱਲਾਂ ਦੀਆਂ ਟੋਕਰੀਆਂ ਭਰ ਭਰ ਲਿਆਉਂਦੇ ਰਹੇ ਹਨ, ਜਾਂ ਕੀੜਿਆਂ ਦੇ ਭੌਣ ਤੋਂ ਕੀੜੇ ਇਕੱਠੇ ਕਰਦੇ ਰਹੇ ਹਨ। ਉਨ੍ਹਾਂ ਨੂੰ ਫੁੱਲਾਂ ਨੂੰ ਗਿਣ ਕੇ ਟੋਕਰੀ ਵਿਚ ਪਾਉਣ ਦੀ ਜਾਂ ਕੀੜੇ ਗਿਣਨ ਦੀ ਕਦੇ ਜ਼ਰੂਰਤ ਨਹੀਂ ਪਈ। ਜਦ ਉਹ ਆਪਣੀ ਮਾਂ ਨਾਲ ਟੋਕਰੀ ਚੁੱਕ ਕੇ ਹਾਟ ਬਾਜ਼ਾਰ ਜਾਂਦੇ ਸਨ ਤਾਂ ਦੁਕਾਨਦਾਰ ਇਕ ਟੋਕਰੀ ਦੇ ਕਿੰਨੇ ਪੈਸੇ ਦਿੰਦਾ ਸੀ, ਜਾਂ ਉਸ ਦੇ ਬਦਲੇ ਕਿੰਨੇ ਪੈਸੇ ਦੀ ਚੀਜ਼ ਦਿੰਦਾ ਸੀ, ਉਨ੍ਹਾਂ ਨੂੰ ਪਤਾ ਨਹੀਂ ਸੀ ਹੁੰਦਾ। ਉਨ੍ਹਾਂ ਨੂੰ ਸਿਰਫ਼ ਐਨਾ ਪਤਾ ਸੀ ਕਿ ਇਕ ਟੋਕਰੀ ਦਾ ਮੁੱਠੀ ਭਰ ਲੂਣ ਜਾਂ ਦੋ ਚੁਟਕੀ ਤੰਬਾਕੂ ਮਿਲਦਾ ਸੀ। ਜਿੰਨਾ ਹਟਵਾਣੀਏ ਨੇ ਦੇ ਦਿਤਾ, ਲੈ ਲਿਆ। ਉਹ ਇਸ ਲੈਣ-ਦੇਣ ਉਤੇ ਉਸੇ ਦੀ ਸਾਲਸੀ ਨੂੰ ਅੰਤਮ ਮੰਨਦੇ ਸਨ। ਉਨ੍ਹਾਂ ਲਈ ਇਹ ਸਿਰਫ਼ ਚੀਜ਼ਾਂ ਦਾ ਤਬਾਦਲਾ ਸੀ। ਇਕ ਦਿੱਤੀ, ਦੁਸਰੀ ਲੈ ਲਈ। ਸਿੱਧਾ ਹਿਸਾਬ! ਜਦ ਹਟਵਾਣੀਏ ਕੋਲ ਤਬਾਦਲੇ ਵਾਸਤੇ ਉਹ ਵਸਤ ਨਾ ਹੁੰਦੀ ਤਾਂ ਉਹ ਜਿੰਨੇ ਵੀ ਪੈਸੇ ਦਿੰਦਾ, ਲੈ ਲੈਂਦੇ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਪੰਜ ਕਿੰਨੇ ਹੁੰਦੇ ਹਨ ਤੇ ਦਸ ਕਿੰਨੇ। ਉਹ ਪੁੱਛਦੇ ਕਿ ਇਸ ਦਾ ਕਿੰਨਾ ਕੁ ਲੂਣ ਮਿਲੇਗਾ ਜਾਂ ਕਿੰਨੀ ਕੁ ਹਲਦੀ ਮਿਲੇਗੀ।
ਦੋ ਜਮ੍ਹਾਂ ਦੋ! ਇੱਕੀ ਜਮ੍ਹਾਂ ਛੱਤੀ! ਹੁਣ ਉਨ੍ਹਾਂ ਨੂੰ ਕੁਝ ਸਮਝ ਆ ਰਹੀ ਹੈ ਕਿ ਸੰਖਿਆਵਾਂ ਦੀ ਦੁਨੀਆਂ, ਅਲੱਗ ਹੀ ਦੁਨੀਆਂ ਹੈ; ਕਿ ਉਨ੍ਹਾਂ ਦੇ ਇਕ ਇਕ ਰੁੱਖ ਦਾ ਮੁੱਲ ਦਹਿ-ਹਜ਼ਾਰਾਂ ਰੁਪਏ ਹੈ, ਨਾ ਕਿ ਉਹ ਸੱਤ ਰੁਪਏ ਜਿਹੜੇ ਉਨ੍ਹਾਂ ਦੇ ਬਾਪੂ ਨੂੰ ਇਕ ਦਰੱਖ਼ਤ ਵੱਢਣ ਦੇ ਮਿਲਦੇ ਸਨ। ਐਨਾ ਪੈਸਾ! ਤੇ ਉਹ ਹੈਰਾਨ ਹੁੰਦੇ ਹਨ ਕਿ ਉਨ੍ਹਾਂ ਦਾ ਜੰਗਲ ਕਿਵੇਂ ਦੌਲਤ ਨਾਲ ਮਾਲਾ-ਮਾਲ ਹੈ। ਉਹ ਬੇਸ਼ੱਕ ਅਜੇ ਇਹ ਨਹੀਂ ਜਾਣਦੇ ਕਿ ਇਕ ਹਜ਼ਾਰ ਕਿੰਨੇ ਕੁ ਹੁੰਦੇ ਹਨ, ਪਰ ਦਿਨ ਵੇਲੇ ਉਹ ਸੌ ਤੱਕ ਦਰੱਖ਼ਤ ਗਿਣਨ ਦੀ ਕੋਸ਼ਿਸ਼ ਕਰਦੇ ਹਨ। ਬਹੁਤੇ ਭੁੱਲ ਜਾਂਦੇ ਹਨ, ਪਰ ਉਨ੍ਹਾਂ ਵਿਚੋਂ ਕੋਈ ਨਾ ਕੋਈ ਸੌ ਦਰੱਖ਼ਤ ਗਿਣਨ ਵਿਚ ਕਾਮਯਾਬ ਹੋ ਜਾਂਦਾ ਹੈ। ਇਸ ਰਕਬੇ ਨੂੰ ਖਾਲੀ ਕਰਨ ਦੇ ਕਬਾਇਲੀਆਂ ਨੂੰ ਕਿੰਨੇ ਪੈਸੇ ਮਿਲਦੇ ਹੋਣਗੇ ਅਤੇ ਠੇਕੇਦਾਰ ਕਿੰਨਾ ਹੜੱਪ ਜਾਂਦੇ ਹੋਣਗੇ, ਇਸ ਗਿਣਤੀ ਦੀ ਉਨ੍ਹਾਂ ਨੂੰ ਕੋਈ ਥਾਹ ਨਹੀਂ ਪੈਂਦੀ ਤੇ ਉਨ੍ਹਾਂ ਦਾ ਸਿਰ ਚਕਰਾਅ ਜਾਂਦਾ ਹੈ। ਕੋਈ ਜਣਾ ਆਪਣੇ ਸਿਰ ਨੂੰ ਜ਼ੋਰਦਾਰ ਝਟਕਾ ਦਿੰਦਾ ਹੈ ਤਾਂ ਕਿ ਇਸ ਥਾਹ ਤੱਕ ਪਹੁੰਚ ਸਕੇ।
ਨੌਂ ਦਾ ਹਿੰਦਸਾ ਪਾਉਣ ਲੱਗੇ ਉਹ ਛੇ ਬਣਾ ਦਿੰਦੇ ਹਨ ਜਾਂ ਚਾਰ, ਜਾਂ ਉਂਜ ਹੀ ਇੱਲ-ਬਤੌੜੀ ਜਿਹੀ ਬਣਾ ਦਿੰਦੇ ਹਨ ਜਿਸ ਦਾ ਨਾ ਮੂੰਹ ਹੁੰਦਾ ਹੈ ਨਾ ਸਿਰ; ਪਰ ਉਹ ਗੀਤਾਂ ਦੀ ਲੈਅ ਅਤੇ ਪੈਰਾਂ ਦੀ ਤਾਲ ਖ਼ੂਬ ਜਾਣਦੇ ਹਨ, ਤੇ ਜਲਦੀ ਹੀ ਖ਼ੂਬਸੂਰਤ ਹਿੰਦਸੇ ਪਾਉਣਾ ਸਿੱਖ ਜਾਂਦੇ ਹਨ, ਉਹੋ ਜਿਹੇ ਜਿਹੋ ਜਿਹੇ ਕਾਇਦੇ ਉਪਰ ਪਏ ਹੋਏ ਵੇਖਦੇ ਹਨ।
ਪਵਨ ਉਨ੍ਹਾਂ ਨੂੰ ਪੜ੍ਹਾਉਂਦਾ ਹੈ ਅਤੇ ਮੁਸਕਰਾਉਂਦਾ ਹੈ। ਉਹ ਪੜ੍ਹਦੇ ਹਨ ਤੇ ਖਿੜ ਖਿੜ ਹੱਸਦੇ ਹਨ। ਇਕ ਘੰਟਾ ਪੜ੍ਹਨ ਤੋਂ ਬਾਅਦ ਉਹ ਇਕ ਦੋ ਗੀਤ ਗਾਉਂਦੇ ਹਨ ਅਤੇ ਤਰੋ-ਤਾਜ਼ਾ ਹੋ ਕੇ ਫਿਰ ਪੜ੍ਹਨ ਵਿਚ ਜੁਟ ਜਾਂਦੇ ਹਨ।
ਇਹ ਗੁਰੀਲਿਆਂ ਦਾ ਸਕੂਲ ਹੈ। ਵੱਡੇ ਵੱਡੇ ਮੁੰਡੇ ਕੁੜੀਆਂ ਦਾ। ਦੂਸਰੀ ਜਮਾਤ ਦੇ ਮਿਆਰ ਦੀ ਕਿਤਾਬ ਵਿਚੋਂ ਇਕ ਜਣਾ ਕਹਾਣੀ ਪੜ੍ਹਦਾ ਹੈ। ਬਾਕੀ ਦੇ ਸਾਰੇ ਉਸ ਨੂੰ ਗਹੁ ਨਾਲ ਸੁਣਦੇ ਹਨ। ਉਹ ਹੈਰਾਨ ਹੁੰਦੇ ਹਨ ਕਿ ਊੜੇ, ਐੜੇ, ਸੱਸੇ ਦੇ ਅੱਖਰ ਕਿਵੇਂ ਕਹਾਣੀਆਂ ਸਮੇਟ ਲੈਂਦੇ ਹਨ। ਤੁਸੀਂ ਜਦੋਂ ਚਾਹੋ, ਕਿਤਾਬ ਖੋਲ੍ਹ ਲਵੋ ਤੇ ਕਹਾਣੀ ਤੁਹਾਡੇ ਸਾਹਮਣੇ ਆ ਜਾਂਦੀ ਹੈ। ਬਾਂਦਰ ਤੇ ਬਿੱਲੀਆਂ ਦੀ ਕਹਾਣੀ ਉਨ੍ਹਾਂ ਨੂੰ ਬਹੁਤ ਪਸੰਦ ਹੈ। ਉਹ ਕਹਿੰਦੇ ਹਨ ਕਿ ਹਾਟ ਬਾਜ਼ਾਰ ਵਿਚ ਇਸੇ ਤਰ੍ਹਾਂ ਹੁੰਦਾ ਹੈ। ਦੁਕਾਨਦਾਰ ਇਕ ਤੋਂ ਚੀਜ਼ ਲੈਂਦਾ ਹੈ ਅਤੇ ਦੂਸਰੇ ਨੂੰ ਦੇ ਦਿੰਦਾ ਹੈ, ਪਰ ਅਜਿਹਾ ਕਰਦਿਆਂ ਉਹ ਇਕ ਢੇਰੀ ਆਪਣੇ ਕੋਲ ਰੱਖ ਲੈਂਦਾ ਹੈ। ਇਹ ਗ਼ੈਬੀ ਢੇਰੀ ਹੈ ਜਿਸ ਦੀ ਕਬਾਇਲੀਆਂ ਨੂੰ ਸਮਝ ਨਹੀਂ ਪੈਂਦੀ ਕਿ ਇਹ ਦੁਕਾਨਦਾਰ ਕੋਲ ਕਿਥੋਂ ਆ ਗਈ। ਬੱਸ ਆ ਗਈ ਅਤੇ ਉਹ ਮੰਨ ਲੈਂਦੇ ਹਨ ਕਿ ਉਹ ਦੁਕਾਨਦਾਰ ਤੋਂ ਬਿਨਾਂ ਚੀਜ਼ਾਂ ਦਾ ਲੈਣ ਦੇਣ ਨਹੀਂ ਕਰ ਸਕਦੇ। ਪਵਨ ਉਨ੍ਹਾਂ ਨੂੰ ਇਸ ਦੀ ਘੁੰਡੀ ਖੋਲ੍ਹ ਕੇ ਦੱਸਦਾ ਹੈ। ਉਹ ਦੱਸਦਾ ਹੈ ਕਿ ਅਸੀਂ ਆਪਣੇ ਇਲਾਕਿਆਂ ਵਿਚ ਚੀਜ਼ਾਂ ਦਾ ਲੈਣ ਦੇਣ ਕਿਵੇਂ ਕਰਾਂਗੇ। ਮੱਛੀ ਪਾਲਕ ਪਿੰਡ ਦੂਸਰਿਆਂ ਨੂੰ ਮੱਛੀ ਕਿਵੇਂ ਦੇਣਗੇ, ਇਵਜ਼ ਵਿਚ ਧਾਨ ਕਿਵੇਂ ਲੈਣਗੇ। ਉਹ ਇਸ ਦਾ ਅੰਦਾਜ਼ਾ ਕਰਦੇ ਹਨ ਅਤੇ ਖੁਸ਼ ਹੁੰਦੇ ਹਨ, ਕਿਉਂਕਿ ਇਸ ਵਿਚ ਬਾਣੀਏ ਦੀ ਢੇਰੀ ਨਹੀਂ ਹੈ, ਵਿਚੋਲਾ ਗ਼ਾਇਬ ਹੈ।
ਪਵਨ ਚਲਾ ਜਾਵੇਗਾ ਤਾਂ ਉਸ ਦੀ ਜ਼ਿੰੰਮੇਵਾਰੀ ਕੋਈ ਹੋਰ ਸਾਂਭ ਲਵੇਗਾ ਜਾਂ ਇਹ ਜ਼ਿੰਮੇਦਾਰੀ ਕਈ ਜਣਿਆਂ ਵਿਚ ਵੰਡ ਦਿੱਤੀ ਜਾਵੇਗੀ। ਕੌਣ ਕਿਸ ਨੂੰ ਪੜ੍ਹਾ ਸਕਦਾ ਹੈ, ਇਹ ਤੈਅ ਹੋ ਜਾਵੇਗਾ। ਪੜ੍ਹਾਉਣ ਵਾਲੇ ਤੇ ਪੜ੍ਹਨ ਵਾਲੇ ਲਗਾਤਾਰ ਬਦਲਦੇ ਰਹਿਣਗੇ, ਪਰ ਗੁਰੀਲਾ ਸਕੂਲ ਰੋਜ਼ ਚੱਲੇਗਾ। ਕੈਂਪ ਵਿਚ ਰਾਤ ਦੇ ਵਕਤ, ਅਤੇ ਮੈਦਾਨ ਵਿਚ ਉਦੋਂ ਜਦੋਂ ਸਮਾਂ ਮਿਲੇ।
ਨਿਰਸੰਦੇਹ, ਸਕੂਲ ਰੋਜ਼ ਦੇ ਕੰਮ ਦਾ ਹਿੱਸਾ ਹੈ, ਉਸੇ ਤਰ੍ਹਾਂ ਜਿਵੇਂ ਬੰਦੂਕ ਸਾਫ਼ ਕਰਨਾ, ਕਾਰਤੂਸ ਸੰਭਾਲਣਾ ਅਤੇ ਕਸਰਤ ਕਰਨਾ।

ਸ਼ਾਮ ਤੋਂ ਹੀ ਬੱਦਲਾਂ ਦੇ ਟੁਕੜੇ ਹਵਾ ਵਿਚ ਤੈਰ ਰਹੇ ਸਨ। ਜਦ ਸਕੂਲ ਖ਼ਤਮ ਹੋਇਆ, ਤਦ ਤਕ ਚਾਰੇ ਪਾਸੇ ਬੱਦਲ ਛਾ ਚੁੱਕੇ ਸਨ। ਬੇ-ਮੌਸਮੀ ਬੱਦਲ ਸੀ ਤੇ ਇਸ ਨੇ ਸਾਰਾ ਕੁਝ ਉਲਟ-ਪੁਲਟ ਕਰ ਦੇਣਾ ਸੀ। ਪਹਿਲੇ ਹੀ ਝਟਕੇ ਨਾਲ ਠੰਢ ਨੇ ਵਧ ਜਾਣਾ ਸੀ। ਇਸ ਦਾ ਸਿੱੱਧਾ ਮਤਲਬ ਸੀ ਕਿ ਕੰਬਲ ਹਰ ਕਿਸੇ ਵਾਸਤੇ ਜ਼ਰੂਰੀ ਹੋ ਜਾਵੇਗਾ ਅਤੇ ਨਾਲ ਹੀ ਗਰਮ ਕੋਟੀਆਂ ਤੇ ਮੰਕੀ ਕੈਪ ਵੀ, ਪਰ ਇਨ੍ਹਾਂ ਨੂੰ ਖ਼ੇਮੇ ਵਿਚ ਪਹੁੰਚਦਿਆਂ ਅਜੇ ਦੋ ਦਿਨ ਹੋਰ ਲੱਗਣੇ ਸਨ।
“ਅਸੀਂ ਇਹ ਅੰਦਾਜ਼ਾ ਨਹੀਂ ਕਰ ਪਾਏ ਕਿ ਮੀਂਹ ਵੀ ਆ ਸਕਦਾ ਹੈ”, ਜਦ ਮੈਂ ਆਪਣੇ ਤੰਬੂ ਅੰਦਰ ਦਾਖ਼ਲ ਹੋਇਆ ਤਾਂ ਕੋਸਾ ਬੋਲਿਆ, “ਸਾਨੂੰ ਲੱਕੜਾਂ ਬਾਲ ਕੇ ਸਾਰਨਾ ਪਵੇਗਾ।”
“ਪਰ ਲੱਕੜਾਂ ਤਾਂ ਸਭ ਭਿੱਜ ਜਾਣਗੀਆਂ।” ਮੈਂ ਕੋਸਾ ਵੱਲ ਵੇਖਦੇ ਹੋਏ ਕਿਹਾ।
“ਉਹ ਤਾਂ ਅਸੀਂ ਸ਼ਾਮ ਨੂੰ ਬੱਦਲ ਵੇਖ ਕੇ ਹੀ ਇਕੱਠੀਆਂ ਕਰ ਲਈਆਂ ਸਨ। ਮੈਂ ਗਰਮ ਕੱਪੜਿਆਂ ਬਾਰੇ ਕਹਿ ਰਿਹਾ ਹਾਂ।”
ਤੰਬੂ ਦੇ ਅੰਦਰ ਹੀ ਲੱਕੜਾਂ ਦਾ ਢੇਰ ਲੱਗਾ ਪਿਆ ਸੀ। ਇਹ ਹਰ ਤੰਬੂ ਵਿਚ ਹੀ ਇਕੱਠੀਆਂ ਕਰ ਲਈਆਂ ਗਈਆਂ ਸਨ, ਪਰ ਪਹਿਰੇਦਾਰ ਸਾਥੀਆਂ ਦਾ ਕੀ ਬਣੇਗਾ? ਉਹ ਬਿਨਾਂ ਅੱਗ ਬਾਲੇ ਹੀ ਡਿਊਟੀ ਦੇਣਗੇ। ਆਪਣੀਆਂ ਝਿੱਲੀਆਂ ਦੀਆਂ ਬੁੱਕਲਾਂ ਮਾਰ ਲੈਣਗੇ। ਅੱਜ ਕਿਸੇ ਦੀ ਡਿਊਟੀ ਵੀ ਡੇਢ ਘੰਟੇ ਤੋਂ ਵੱਧ ਨਹੀਂ ਲੱਗੇਗੀ। ਜਦ ਤਕ ਠੰਢ ਲੱਗਣ ਲੱਗੀ ਉਹ ਵਾਪਸ ਮੁੜ ਆਵੇਗਾ ਅਤੇ ਅੱਗ ਸੇਕ ਲਵੇਗਾ।
“ਬਰਸਾਤ ਦਾ ਮੌਸਮ ਔਖਾ ਗੁਜ਼ਰਦਾ ਹੋਵੇਗਾ?”
“ਕਾਫ਼ੀ ਔਖਾ। ਰਸਤੇ ਖ਼ਰਾਬ ਹੋ ਜਾਂਦੇ ਹਨ। ਦਰੱਖ਼ਤਾਂ ਨਾਲ ਢੋਆਂ ਲਾ ਕੇ ਵਕਤ ਕੱਟਣਾ ਪੈਂਦਾ ਹੈ। ਗੋਲੀ-ਸਿੱਕਾ ਗਿੱਲਾ ਹੋਣ ਦਾ ਡਰ ਰਹਿੰਦੈ। ਆਦਮੀ ਬਿਮਾਰ ਹੋ ਜਾਵੇ ਤਾਂ ਦਵਾ ਮਿਲ ਜਾਵੇਗੀ, ਪਰ ਜੇ ਕਾਰਤੂਸ ਖ਼ਰਾਬ ਹੋ ਜਾਣ ਤਾਂ ਮੁਸ਼ਕਲ ਆਣ ਪੈਂਦੀ ਹੈ।”
“ਤੇ ਖਾਣਾ?”
“ਖਾਣੇ ਦਾ ਕੀ ਹੈ। ਇਸ ਦਾ ਪ੍ਰਬੰਧ ਕਿਤੇ ਨਾ ਕਿਤਿਓਂ ਹੋ ਹੀ ਜਾਂਦੈ। ਦਿੱਕਤ ਉਦੋਂ ਆਉਂਦੀ ਹੈ ਜਦ ਕੋਈ ਪਿੰਡ ਨੇੜੇ ਨਹੀਂ ਹੁੰਦਾ। ਉਦੋਂ ਸੁੱਕੀ ਲੱਕੜ ਨਹੀਂ ਮਿਲਦੀ। ਫਿਰ ਕੱਚੇ ਚੌਲ ਹੀ ਸਮਾਂ ਕਟਾਉਨਦੇ ਨੇ।”
ਸਾਡੇ ਗੱਲਾਂ ਕਰਦੇ ਹੀ ਜ਼ੋਰਦਾਰ ਮੀਂਹ ਲੱਥ ਪਿਆ। ਪਾਣੀ ਦੇ ਨਿਕਾਸ ਲਈ ਤੰਬੂ ਦੇ ਦੁਆਲੇ ਛੋਟੀਆਂ ਛੋਟੀਆਂ ਨਾਲੀਆਂ ਖੋਦ ਲਈਆਂ ਗਈਆਂ। ਫਿਰ ਵੀ ਕਿਤੇ ਨਾ ਕਿਤਿਓਂ ਪਾਣੀ ਅੰਦਰ ਦਾਖ਼ਲ ਹੋ ਹੀ ਜਾਂਦਾ। ਦੋ ਝਿੱਲੀਆਂ ਵਿਛਾ ਕੇ ਸਾਰਾ ਸਾਮਾਨ ਉਨ੍ਹਾਂ ਉਪਰ ਟਿਕਾ ਦਿਤਾ ਗਿਆ। ਜ਼ੋਰਦਾਰ ਮੀਂਹ ਦੇ ਬਾਵਜੂਦ ਖ਼ੇਮੇ ਦੇ ਅੰਦਰ ਦੀ ਗਸ਼ਤ ਜਾਰੀ ਰਹੀ।
ਦਿਖਾਈ ਦਿੰਦਾ ਸੀ ਕਿ ਜੇ ਸਾਰੀ ਰਾਤ ਬਾਰਿਸ਼ ਜਾਰੀ ਰਹੀ ਤਾਂ ਸੌਣਾ ਨਸੀਬ ਨਹੀਂ ਹੋਵੇਗਾ। ਅਸੀਂ ਸਾਰੇ ਝਿੱਲੀਆਂ ‘ਤੇ ਬੈਠੇ ਰਹੇ। ਦੋ ਕੁ ਘੰਟੇ ਤਾਂ ਖ਼ੂਬ ਗੱਲਾਂ ਚੱਲਦੀਆਂ ਰਹੀਆਂ, ਪਰ ਬਾਅਦ ‘ਚ ਕੋਈ ਬੈਠਾ ਹੀ ਠੌਂਕਾ ਲਗਾਉਣ ਲੱਗ ਪਿਆ, ਕੋਈ ਉਠ ਕੇ ਖੜ੍ਹਾ ਹੋ ਗਿਆ ਤੇ ਬਾਰਿਸ਼ ਦੇ ਥੰਮ੍ਹਣ ਦੀ ਉਡੀਕ ਕਰਨ ਲੱਗਾ। ਫਿਰ ਕਿੱਸੇ ਸੁਣਾਉਣ ਦੀ ਵਾਰੀ ਆ ਗਈ। ਕਿਸੇ ਨੇ ਰਿੱਛ ਨਾਲ ਹੋਏ ਮੁਕਾਬਲੇ ਨੂੰ ਬਿਆਨ ਕੀਤਾ ਤੇ ਕਿਸੇ ਨੇ ਸੱਪ ਨਾਲ।
ਤਿੰਨ ਕੁ ਘੰਟਿਆਂ ਬਾਅਦ ਬਾਰਿਸ਼ ਮੱਧਮ ਹੋ ਗਈ ਤੇ ਬਾਅਦ ਵਿਚ ਹਲਕੀ ਹਲਕੀ ਕਿਣ ਮਿਣ ਵਿਚ ਵਟ ਗਈ। ਦੋ ਝਿੱਲੀਆਂ ਹੋਰ ਵਿਛਾ ਲਈਆਂ ਗਈਆਂ। ਕੋਈ ਅੱਧਾ ਲੇਟ ਗਿਆ, ਕੋਈ ਇਕੱਠਾ ਜਿਹਾ ਹੋ ਕੇ ਪੈ ਗਿਆ, ਕਿਸੇ ਨੇ ਕਿੱਟ ਨਾਲ ਢੋਅ ਲਾ ਕੇ ਸੌਣ ਦੀ ਕੋਸ਼ਿਸ਼ ਕੀਤੀ। ਸਵੇਰੇ ਜਦ ਮੈਂ ਉਠਿਆ ਤਾਂ ਤਕਰੀਬਨ ਸਾਰੀਆਂ ਝਿੱਲੀਆਂ ਵਿਛੀਆਂ ਪਈਆਂ ਸਨ। ਅੱਗ ਬਲ ਰਹੀ ਸੀ ਜਿਸ ਕੋਲ ਕੋਸਾ ਤੇ ਇਕ ਜਣਾ ਹੋਰ ਬੈਠੇ ਸਨ।
“ਕੋਸਾ, ਸੁੱਤਾ ਨਹੀਂ ਰਾਤ ਭਰ?”
“ਸੁੱਤਾ ਸਾਂ। ਹੁਣੇ ਜਾਗਿਆ ਹਾਂ। ਮੌਸਮ ਵਧੀਆ ਹੈ, ਘੁੰਮਣ ਚੱਲਦੇ ਹਾਂ।”
ਮੈਂ ਬੂਟ ਕੱਸੇ ਤੇ ਤਿਆਰ ਹੋ ਗਿਆ।
“ਥੋੜ੍ਹੇ ਸਮੇਂ ਦੀ ਨੀਂਦ ਬਹੁਤ ਗੂੜ੍ਹੀ ਆਉਂਦੀ ਹੈ।” ਚੱਲਣ ਵਕਤ ਕੋਸਾ ਨੇ ਕਿਹਾ।
ਮੈਂ ਗੂੜ੍ਹੀ ਨੀਂਦ ਸੁੱਤਾ ਰਿਹਾ ਸਾਂ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਬਾਕੀ ਦੇ Ḕਬਿਸਤਰੇ’ ਕਦੋਂ ਵਿਛਾ ਦਿਤੇ ਗਏ ਸਨ। ਉਸ ਦਾ ਇਸ਼ਾਰਾ ਮੇਰੇ ਵੱਲ ਹੀ ਸੀ।
ਨਵੰਬਰ ਦਾ ਦੂਸਰਾ ਹਫ਼ਤਾ ਸ਼ੁਰੂ ਹੋ ਚੁੱਕਾ ਸੀ। ਰਾਤ ਦੇ ਮੀਂਹ ਨੇ ਠੰਢ ਵਧਾ ਦਿਤੀ ਸੀ। ਆਮ ਤੌਰ ‘ਤੇ ਉਤਰੀ ਭਾਰਤ ਨਾਲੋਂ ਇਥੇ ਠੰਢ 4-5 ਦਰਜੇ ਘੱਟ ਹੁੰਦੀ ਹੈ। ਰਸਤੇ ਵਿਚ ਕਿਤੇ ਕਿਤੇ ਤਿਲਕਣ ਸੀ, ਪਰ ਸਾਰਾ ਹੀ ਪਾਣੀ ਹੇਠਾਂ ਵਹਿ ਚੁੱਕਾ ਹੋਇਆ ਸੀ। ਸਾਰਾ ਆਲਾ ਦੁਆਲਾ ਧੋਤਾ ਗਿਆ ਸੀ ਅਤੇ ਨਿਰਮਲ ਹੋਇਆ ਹੋਇਆ ਬਹੁਤ ਸਾਫ਼ ਦਿਸਦਾ ਸੀ। ਜੰਗਲ ਦੀ ਹਰ ਸਵੇਰ ਹੀ ਨਿੱਖਰੀ ਹੋਈ ਹੁੰਦੀ ਹੈ, ਪਰ ਅੱਜ ਦੀ ਸਵੇਰ ਕੁਝ ਜ਼ਿਆਦਾ ਹੀ ਨਿੱਖਰੀ ਪਈ ਸੀ। ਪੰਛੀ ਭਾਵੇਂ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ, ਪਰ ਇੰਜ ਲਗਦਾ ਸੀ ਜਿਵੇਂ ਸਾਰਾ ਜੰਗਲ ਉਨ੍ਹਾਂ ਦੇ ਸੰਗੀਤ ਵਿਚ ਮਸਤ ਹੋਵੇ। ਖਾਮੋਸ਼ ਜੰਗਲ ਦਾ ਵੀ ਆਪਣਾ ਸੰਗੀਤ ਹੁੰਦਾ ਹੈ, ਪਰ ਅੱਜ ਤਾਂ ਜੰਗਲ ਖਾਮੋਸ਼ ਨਹੀਂ ਸੀ, ਮਸਤੀ ‘ਚ ਝੂਮ ਤੇ ਗਾ ਰਿਹਾ ਸੀ। ਜੰਗਲ ਤੇ ਪਹਾੜਾਂ ਦੇ ਧੋਤੇ ਜਾਣ ਨੇ ਹੇਠਾਂ ਵਗਦੇ ਨਾਲੇ ਦੇ ਪਾਣੀ ਦਾ ਰੰਗ ਲਾਲ ਕਰ ਦਿਤਾ ਸੀ।
“ਕੋਸਾ! ਅੱਜ ਇਹੀ ਪਾਣੀ ਪੀਣਾ ਪਵੇਗਾ?” ਨਾਲੇ ਵੱਲ ਉਤਰਦੇ ਹੋਏ ਮੈਂ ਪੁੱਛਿਆ।
“ਸਾਰੇ ਕਬਾਇਲੀ ਨਦੀਆਂ ਦਾ ਪਾਣੀ ਹੀ ਪੀਂਦੇ ਹਨ। ਅਸੀਂ ਤਾਂ ਫਿਰ ਵੀ ਇਸ ਨੂੰ ਉਬਾਲ ਕੇ ਪੀਵਾਂਗੇ, ਉਹ ਅਣ-ਉਬਲਿਆ ਹੀ ਪੀਂਦੇ ਹਨ। ਉਂਜ ਪਾਣੀ ਤੋਂ ਹੋਣ ਵਾਲੀਆਂ ਆਮ ਬਿਮਾਰੀਆਂ ਬਹੁਤ ਘੱਟ ਹਨ। ਗੁਰੀਲੇ ਉਬਾਲਣ ਤੋਂ ਬਿਨਾਂ ਨਹੀਂ ਪੀਂਦੇ। ਆਪਣੇ ਡਾਕਟਰਾਂ ਨੇ ਅਜਿਹਾ ਕਰਨ ਦੀ ਮਨਾਹੀ ਕੀਤੀ ਹੈ ਤਾਂ ਕਿ ਵਾਧੂ ਦਾ ਕੋਈ ਝੰਜਟ ਗਲ ਨਾ ਪਵੇ। ਜੰਗਲ ਵਾਸੀਆਂ ਨੂੰ ਸਾਡੀਆਂ ਕੁਝ ਗੱਲਾਂ ਬਹੁਤ ਅਜੀਬ ਲਗਦੀਆਂ ਹਨ। ਉਬਲਿਆ ਪਾਣੀ, ਬੁਰਸ਼ ਨਾਲ ਦੰਦਾਂ ਦੀ ਸਫ਼ਾਈ, ਪੈਰਾਂ ਵਿਚ ਹਰ ਸਮੇਂ ਬੂਟਾਂ ਦਾ ਚੜ੍ਹੇ ਰਹਿਣਾ, ਕਿਤਾਬਾਂ ਪੜ੍ਹਨਾ, ਵਗ਼ੈਰਾ ਵਗ਼ੈਰਾ। ਇਹ ਸੱਭੇ ਚੀਜ਼ਾਂ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ।”
ਉਨ੍ਹਾਂ ਨੂੰ ਚਮਚ ਨਾਲ ਮੇਰਾ ਚੌਲ ਖਾਣਾ ਬਹੁਤ ਅਜੀਬ ਲਗਦਾ ਸੀ। ਚਮਚ ਉਨ੍ਹਾਂ ਵਾਸਤੇ ਅਲੋਕਾਰੀ ਚੀਜ਼ ਸੀ ਅਤੇ ਵਾਧੂ ਦੀ ਫ਼ਜ਼ੂਲ-ਖਰਚੀ ਵੀ। ਜਦ ਹੱਥ ਮੌਜੂਦ ਹਨ ਤਾਂ ਚਮਚ ਬੇ-ਥਵ੍ਹੀ ਚੀਜ਼ ਲੱਗਦੀ ਹੈ। ਦਰੱਖ਼ਤ ਜਦ ਪੱਤਿਆਂ ਨਾਲ ਲੱਦੇ ਪਏ ਹੋਣ ਤਾਂ ਥਾਲੀ ਵੀ ਵਾਧੂ ਦੀ ਚੀਜ਼ ਹੈ। ਪੱਤੇ ਤੋੜੋ, ਚੌਲ ਪਾਓ ਤੇ ਹੱਥ ਨਾਲ ਖਾ ਜਾਓ। ਜੇ ਉਨ੍ਹਾਂ ਕਦੇ ਸਾਡੇ ਨਾਲ ਚਾਹ ਵੀ ਪੀਤੀ ਤਾਂ ਪੱਤਾ ਤੋੜਿਆ, ਮਰੋੜ ਕੇ ਡੂਨਾ ਬਣਾਇਆ ਤੇ ਉਸ ਵਿਚੋਂ ਪੀ ਲਈ। ਵਰਤੋ ਤੇ ਸੁੱਟ ਦਿਓ। ਉਨ੍ਹਾਂ ਵਾਸਤੇ ਹਰ ਚੀਜ਼ ਡਿਸਪੋਜ਼ੇਬਲ ਹੈ। ਸ਼ਹਿਰਾਂ ਵਿਚ ਪੱਤਿਆਂ ਉਪਰ ਮਹਾਂ-ਭੋਜ ਸਟੇਟਸ ਸਿੰਬਲ ਹੈ, ਪਰ ਜੰਗਲ ਵਿਚਲੀ ਦਾਅਵਤ ਦਾ ਮਜ਼ਾ ਹੀ ਅਲੱਗ ਹੈ। ਆਪਣਾ ਆਪਣਾ ਪੱਤਲ ਉਠਾਓ ਤੇ ਕਿਸੇ ਪੱਥਰ ਉਤੇ ਬੈਠ ਜਾਓ ਜਾਂ ਚਟਾਨ ਨਾਲ ਢੋਅ ਲਾ ਲਓ, ਜਾਂ ਫਿਰ ਕਿਸੇ ਦਰੱਖ਼ਤ ਦਾ ਸਹਾਰਾ ਲੈ ਲਵੋ ਤੇ ਭਾਵੇਂ ਜ਼ਮੀਨ ‘ਤੇ ਹੀ ਪੱਸਰ ਜਾਓ। ਇਥੇ ਹਰ ਚੀਜ਼ ਕੁਦਰਤੀ ਹੈ। ਸ਼ਹਿਰ ਦੇ ਕਿਸੇ ਮਹਾਂ-ਭੋਜ ਦੇ ਪੰਡਾਲ ਵਿਚ ਇਹ ਚੀਜ਼ਾਂ ਗੱਡ ਵੀ ਦਿਤੀਆਂ ਜਾਣ ਤਾਂ ਉਹ ਸਾਦਗੀ ਕਿਥੋਂ ਆਵੇਗੀ ਜਿਹੜੀ ਸਿਰਫ਼ ਕੁਦਰਤੀ ਵਾਤਾਵਰਣ ਦੀ ਹੀ ਖ਼ੂਬੀ ਹੈ।
ਮੀਂਹ ਨਾਲ ਧੁਲੀ ਵਿਸ਼ਾਲ ਚਟਾਨ ਕੋਲ ਪਹੁੰਚ ਕੇ ਅਸੀਂ ਥੋੜ੍ਹਾ ਆਰਾਮ ਕਰਨ ਬੈਠ ਗਏ। ਰਾਤ ਦੀ ਠੰਢ ਕਾਰਨ ਪੈਰ ਨੇ ਦਰਦ ਕਰਨਾ ਸ਼ੁਰੂ ਕਰ ਦਿਤਾ ਸੀ। ਮੈਂ ਤਸਮੇਂ ਖੋਲ੍ਹੇ ਤੇ ਪੈਰ ਘੁੱਟਣ ਲੱਗ ਪਿਆ। ਸਵੇਰੇ ਥੋੜ੍ਹਾ ਸੇਕ ਦੇ ਲਿਆ ਜਾਂਦਾ ਤਾਂ ਠੀਕ ਰਹਿੰਦਾ।
“ਸ਼ਹਿਰਾਂ ਦੇ ਲੋਕ ਸਾਡੀ ਮਦਦ ਕਰਨਗੇ?” ਕੋਸਾ ਨੇ ਅਚਾਨਕ ਸਵਾਲ ਕੀਤਾ।
“ਕਰਨਗੇ। ਉਹ ਜਿਹੜੇ ਸ਼ਹਿਰਾਂ ਵਿਚ ਨਰਕ ਹੰਢਾਉਂਦੇ ਨੇ ਤੇ ਜ਼ਿੰਦਗੀ ਤੋਂ ਤੰਗ ਆ ਚੁੱਕੇ ਨੇ।”
“ਪਰ ਕਦੋਂ?”
ਕੋਸਾ ਦੇ ਇਸ ਸਿੱਧੇ-ਸਾਦੇ ਸਵਾਲ ਦਾ ਸਿੱਧਾ ਜਵਾਬ ਮੇਰੇ ਕੋਲ ਕੋਈ ਨਹੀਂ ਸੀ। ਸ਼ਹਿਰਾਂ ਵਿਚ ਵੀ ਦੁਖੀ ਤੇ ਕਿਸਮਤ ਮਾਰੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜੰਗਲ ਹੋਵੇ ਜਾਂ ਸ਼ਹਿਰ, ਜਹਾਲਤ ਦੇ ਮਾਰੇ ਦੋਵੇਂ ਥਾਂ ਹੀ Ḕਸਭਿਅਕ’ ਸਮਾਜ ਦਾ ਹਿੱਸਾ ਨਹੀਂ ਹਨ। ਜੰਗਲ ਬਾਗ਼ੀ ਹੋਇਆ ਹੋਇਆ ਹੈ, ਪਰ ਸ਼ਹਿਰ ਕਦੋਂ ਤੇ ਕਿਵੇਂ ਬਾਗ਼ੀ ਹੋਵੇਗਾ, ਇਸ ਬਾਰੇ ਮੈਂ ਕੋਸਾ ਨੂੰ ਕੁਝ ਨਹੀਂ ਸੀ ਕਹਿ ਸਕਦਾ। ਇਸ ਬਾਰੇ ਮੈਂ ਉਸ ਕੋਲ ਅਸਮਰੱਥਤਾ ਪ੍ਰਗਟ ਕੀਤੀ, ਪਰ ਉਸ ਨੂੰ ਯਕੀਨ ਦਿਵਾਉਣਾ ਚਾਹਿਆ ਕਿ ਇਕ ਨਾ ਇਕ ਦਿਨ ਅਜਿਹਾ ਜ਼ਰੂਰ ਹੋਵੇਗਾ।
ਕੋਸਾ ਕਦੇ ਸ਼ਹਿਰ ਨਹੀਂ ਗਿਆ। ਰੇਲ ਗੱਡੀ ਬਾਰੇ ਉਸ ਨੇ ਸੁਣ ਰੱਖਿਆ ਹੈ ਪਰ ਦੇਖੀ ਨਹੀਂ। ਬੱਸ ਉਸ ਨੇ ਜੰੰਗਲ ਵਿਚੋਂ ਗੁਜ਼ਰਦੀ ਜਰਨੈਲੀ ਸੜਕ ਉਤੇ ਦੇਖੀ ਹੈ, ਪਰ ਕਦੇ ਚੜ੍ਹ ਕੇ ਨਹੀਂ ਦੇਖਿਆ। ਉਸ ਨੇ ਜੀਪ ਦੇਖੀ ਹੈ, ਸਿੱਧੀ ਵੀ, ਤੇ ਉਲਟੀ ਵੀ। ਉਹ ਹਮੇਸ਼ਾ ਪੈਦਲ ਹੀ ਤੁਰਿਆ ਹੈ ਅਤੇ ਇਨ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਵਿਚ ਚੜ੍ਹਨ ਵਾਲੇ ਮਨੁੱਖ ਉਸ ਨੂੰ ਕਿਸੇ ਦੂਸਰੀ ਹੀ ਧਰਤੀ ਦੇ ਲਗਦੇ ਹਨ। ਜਦ ਕਦੇ ਕੋਈ ਕਬਾਇਲੀ ਉਸ ਨੂੰ ਸ਼ਹਿਰੋਂ ਆ ਕੇ ਦੱਸਦਾ ਹੈ ਕਿ ਉਹ ਰੇਲ ਗੱਡੀ ਵਿਚ ਚੜ੍ਹ ਚੁੱਕਾ ਹੈ ਤਾਂ ਕੋਸਾ ਉਸ ਅਜੀਬ ਸ਼ੈਅ ਦਾ ਆਕਾਰ ਤੇ ਵਿਹਾਰ ਸੁਣ ਕੇ ਸੋਚੀਂ ਪੈ ਜਾਂਦਾ ਹੈ ਕਿ ਕਿਹੋ ਜਿਹੇ ਅਜੀਬ ਸੱਪ ਧਰਤੀ ਉਪਰ ਰੀਂਗਦੇ ਹਨ। ਕੋਸਾ ਦਾ ਪਿੰਡ ਰੇਲ ਲਾਈਨ ਤੋਂ ਸੌ ਕਿਲੋਮੀਟਰ ਤੱੱਕ ਦੀ ਦੂਰੀ ਉਤੇ ਹੈ। ਉਹ ਇਸ ਗੱਲ ਦੀ ਉਡੀਕ ਵਿਚ ਹੈ ਕਿ ਕਿਸੇ ਦਿਨ ਉਸ ਦਾ ਦਸਤਾ ਰੇਲ ਲਾਈਨ ਤੋਂ ਪਾਰ ਕਿਸੇ ਥਾਂ ਵੱਲ ਕੂਚ ਕਰੇਗਾ। ਲੋਹਾ ਉਸ ਵਾਸਤੇ ਦਾਤੀ, ਟਕੂਆ, ਚਾਕੂ ਅਤੇ ਬੰਦੂਕ ਦੀ ਨਾਲ ਤੋਂ ਵੱਧ ਹੋਰ ਕੁਝ ਨਹੀਂ ਹੈ। ਉਸ ਨੇ ਸੁਣ ਰੱਖਿਆ ਹੈ ਕਿ ਰੇਲ ਗੱਡੀ, ਬੱਸਾਂ, ਕਾਰਾਂ ਅਤੇ ਹੋਰ ਹਜ਼ਾਰਾਂ ਚੀਜ਼ਾਂ ਲੋਹੇ ਤੋਂ ਬਣਦੀਆਂ ਹਨ; ਪਰ ਕਿਵੇਂ? ਇਹ ਉਹ ਨਹੀਂ ਜਾਣਦਾ। ਉਸ ਨੇ ਇਹ ਵੀ ਸੁਣਿਆ ਹੋਇਆ ਹੈ ਕਿ ਬੈਲਾਡਿੱਲਾ ਦੀਆਂ ਮੀਲਾਂ ‘ਚ ਫੈਲੀਆਂ ਖਦਾਨਾਂ ਲੋਹੇ ਦੇ ਪਹਾੜ ਉਗਲਦੀਆਂ ਹਨ। ਉਸ ਨੂੰ ਪਤਾ ਹੈ ਕਿ ਉਨ੍ਹਾਂ ਦੀ ਜ਼ਮੀਨ ਵਿਚ ਲੋਹਾ ਹੈ ਅਤੇ ਇਹ ਮਿੱਟੀ ਵਿਚ ਘੁਲਿਆ ਪਿਆ ਹੈ, ਪਰ ਉਸ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਦਾਤੀ ਦੇ ਫਾਲ ਵਰਗਾ ਕਿਉਂ ਨਹੀਂ ਹੈ।
(ਚਲਦਾ)