ਬੇੜਾ ਬੰਨੇ ਲਾਈਏ

ਬਲਜੀਤ ਬਾਸੀ
ਪੰਜਾਬੀ ਵਿਚ ਕਿਸ਼ਤੀ ਲਈ ਸਭ ਤੋਂ ਵਧ ਸ਼ਬਦ ਬੇੜੀ ਵਰਤ ਹੁੰਦਾ ਹੈ ਜਦ ਕਿ ਕਈ ਬੇੜੀਆਂ ਜੋੜ ਕੇ ਬਣਾਏ ਵਾਹਨ, ਵਡੀ ਬੇੜੀ ਅਤੇ ਸਮੁੰਦਰੀ ਜਹਾਜ਼ ਲਈ ਬੇੜਾ ਸ਼ਬਦ ਪ੍ਰਚਲਤ ਹੈ ਜੋ ਅੰਗ੍ਰੇਜ਼ੀ ਫਲੀਟ ਦੀ ਤਰ੍ਹਾਂ ਪੂਰੇ ਜਹਾਜ਼ ਸਮੂਹ ਲਈ ਵੀ ਵਰਤ ਹੁੰਦਾ ਹੈ। ਹੁਣ ਤਾਂ ਹਵਾਈ ਜਹਾਜ਼ਾਂ ਦੇ ਸਮੂਹ ਨੂੰ ਵੀ ਬੇੜਾ ਕਿਹਾ ਜਾਣ ਲੱਗਾ ਹੈ ਜਿਵੇਂ ਏਅਰ ਇੰਡੀਆ ਦਾ ਬੇੜਾ। ਬੇੜੇ ਦਾ ਇਕ ਅਰਥ ਫੌਜੀ ਦਸਤਾ ਵੀ ਹੈ, ਜੰਗਨਾਮਾ ਸ਼ਾਹ ਮੁਹੰਮਦ ‘ਚੋਂ:
ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ,

ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਹੋਰ ਇਮਾਮ ਸ਼ਾਹ ਵਾਲੀਆਂ ਨੀ।
ਬੇੜੀ ਜਾਂ ਬੇੜੇ ਨਾਲ ਜੁੜੇ ਕਈ ਮੁਹਾਵਰੇ, ਕਹਾਵਤਾਂ ਵੀ ਵਰਤ ਹੁੰਦੀਆਂ ਹਨ ਜਿਵੇਂ ਬੇੜਾ ਪਾਰ ਕਰਾਉਣਾ, ਬੇੜੀ ਸੰਗ ਲੋਹਾ ਵੀ ਤਰ ਜਾਣਾ, ਬੇੜੀ ਬਹਿਣਾ ਜਾਂ ਬੇੜਾ ਗਰਕ ਹੋਣਾ, ਦੋ ਬੇੜੀਆਂ ਦਾ ਸਵਾਰ। ਕਿਸੇ ਨੂੰ ਸਰਾਪਮਈ ਗਾਲ ਕੱਢਣੀ ਹੋਵੇ ਤਾਂ ਕਹਿ ਦਈਦਾ ਹੈ, “ਤੇਰੀ ਬੇੜੀ ਬਹਿ ਜਾਏ।” ਬੇੜੀਆਂ ‘ਚ ਵੱਟੇ ਪਾਉਣ ਵਾਲੇ ਵੀ ਬਥੇਰੇ ਹਨ ਤੇ ਮਿਹਰਬਾਨ ਵੀ ਜੋ ਬੇੜਾ ਬੰਨੇ ਲਾ ਦਿੰਦੇ ਹਨ। ਹੀਰ ਦੀ ਭਾਲ ਵਿਚ ਰਾਂਝਾ ਮਲਾਹ ਕੋਲ ਨਦੀ ਬੜੀ ਰਾਹੀਂ ਪਾਰ ਕਰਨ ਲਈ ਤਰਲੇ ਕਢਦਾ ਹੈ ਪਰ ਮਲਾਹ ਰਿਸ਼ਵਤ ਮੰਗਦਾ ਹੈ:
ਪੈਸਾ ਖੋਲ੍ਹ ਕੇ ਹੱਥ ਤੇ ਜੇ ਧਕੇਂ,
ਮੇਰੇ ਗੋਦੀ ਚਾਇ ਕੇ ਪਾਰ ਉਤਾਰਨਾ ਹਾਂ।
ਅਤੇ ਢੇਕਿਆ ਮੁਫਤ ਜੇ ਕੰਨ ਖਾਏਂ,
ਚਾ ਬੇੜਿਓਂ ਜਮੀਨ ਤੋਂ ਮਾਰਨਾ ਹਾਂ।
ਜਿਹੜਾ ਕੱਪੜਾ ਦੇਵੇ ਤੇ ਨਕਦ ਮੈਨੂੰ,
ਸਭੋ ਓਸ ਦੇ ਕੰਮ ਸਵਾਰਨਾ ਹਾਂ।
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ,
ਅਧਵਾਟੜੇ ਡੋਬ ਕੇ ਮਾਰਨਾ ਹਾਂ।
ਡੂਮਾਂ ਅਤੇ ਫਕੀਰਾਂ ਤੇ ਮੁਫਤਖੋਰਾਂ,
ਦੂਰੋਂ ਕੁੱਤਿਆਂ ਵਾਂਗ ਧਰਕਾਰਨਾ ਹਾਂ।
ਵਾਰਸ ਸ਼ਾਹ ਜਿਹੇ ਪੀਰ ਜ਼ਾਦਿਆਂ ਨੂੰ,
ਮੁੱਢੋਂ ਬੇੜੀ ਦੇ ਵਿਚ ਨਾ ਵਾੜਨਾ ਹਾਂ।
ਗੁਰਬਾਣੀ ਵਿਚ ਬੇੜੀ ਜਾਂ ਬੇੜਾ ਸ਼ਬਦ ਮਨੁੱਖ ਨੂੰ ਇਸ ਜਗਤ ਤੋਂ ਪਾਰ ਉਤਾਰੇ ਲਈ ਵਸੀਲੇ ਵਜੋਂ ਗੁਰੂ ਜਾਂ ਨਾਮ ਦੀ ਪ੍ਰਤੀਕ ਬਣਦੇ ਹਨ, “ਬੂਡਤ ਕਉ ਜੈਸੇ ਬੇੜੀ ਮਿਲਤ॥” (ਗੁਰੂ ਅਰਜਨ ਦੇਵ); “ਗੁਰ ਪਉੜੀ ਬੇੜੀ ਗੁਰ ਗੁਰ ਤੁਲਹਾ ਹਰਿ ਨਾਉ॥” (ਗੁਰੂ ਨਾਨਕ ਦੇਵ); “ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਾਗਿ ਪਾਰਿ ਜਨ ਪਾਇ॥” (ਗੁਰੂ ਅਮਰ ਦਾਸ)। ਪ੍ਰੰਤੂ ਫਰੀਦ ਦੇ ਇਸ ਸਲੋਕ ਤੋਂ ਬੇੜੀ ਸ਼ਬਦ ਵਿਚ ਨਿਹਿਤ ਅਸਲੀ ਭਾਵਾਂ ਤੋਂ ਅਸੀਂ ਬੇੜੀ ਸ਼ਬਦ ਦੀ ਵਿਉਤਪਤੀ ਲਈ ਸੰਕੇਤ ਲਭ ਸਕਦੇ ਹਾਂ,
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ,
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ।
ਇਸ ਵਿਚਲੇ ਸੰਕੇਤ ‘ਤੇ ਚਰਚਾ ਤੋਂ ਪਹਿਲਾਂ ਪਾਸੇ ਦਾ ਇਕ ਹੋਰ ਨੁਕਤਾ ਉਭਾਰਨਾ ਚਾਹੁੰਦਾ ਹਾਂ। ਸਲੋਕ ਵਿਚ ਤਰਣੁ ਸ਼ਬਦ ਆਇਆ ਹੈ ਜਿਸ ਦਾ ਭਾਈ ਸਾਹਿਬ ਸਿੰਘ ਸਮੇਤ ਕਈ ਹੋਰਾਂ ਨੇ ਅਰਥ ਸਰੋਵਰ ਆਦਿ ਵਿਚ ਤਰਨਾ ਹੀ ਕੀਤਾ ਹੈ (ਜਦ ਸਰੋਵਰ ਭਰ ਜਾਂਦਾ ਹੈ ਤਾਂ ਤਰਨਾ ਔਖਾ ਹੋ ਜਾਂਦਾ ਹੈ) ਪਰ ਸੰਸਕ੍ਰਿਤ ਵਿਚ ਤਰਣ ਦਾ ਅਰਥ ਉਹ ਮੁਕਾਮ ਹੈ ਜਿਥੇ ਤਰ ਕੇ ਜਾਣਾ ਹੁੰਦਾ ਹੈ ਅਰਥਾਤ ਮੰਜ਼ਲ। ‘ਮਹਾਨ ਕੋਸ਼’ ਨੇ ਸਵਰਗ ਵੀ ਲਿਖਿਆ ਹੈ। ਮੇਰੀ ਜਾਚੇ ਅਰਥ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਜਦ ਸਰੋਵਰ ਭਰ ਕੇ ਉਛਲਣ ਲਗ ਜਾਂਦਾ ਹੈ ਤਾਂ ਪਾਰ-ਉਤਾਰਾ ਜਾਂ ਮੰਜ਼ਿਲ ਪ੍ਰਾਪਤੀ ਔਖੀ ਹੋ ਜਾਂਦੀ ਹੈ।
ਮਤਲਬ ਦੀ ਗੱਲ ‘ਤੇ ਆਈਏ। ਇਸ ਸਲੋਕ ਤੋਂ ਪਤਾ ਲਗਦਾ ਹੈ ਕਿ ਬੇੜਾ ਜਾਂ ਬੇੜੀ ਕੋਈ ਬੰਨ ਕੇ ਬਣਾਇਆ ਜਾਣ ਵਾਲਾ ਜੁਗਾੜ ਹੈ। ਬੇੜੀ ਇਕ ਹੋਰ ਤਰ੍ਹਾਂ ਦੀ ਵੀ ਹੁੰਦੀ ਹੈ ਅਰਥਾਤ ਪਗਬੰਧਨ, ਜੌਲਾਨ ਜਾਂ ਹੱਥਕੜੀਆਂ ਵਾਂਗ ਪੈਰਾਂ ‘ਤੇ ਲਾਈਆਂ ਜਾਣ ਵਾਲੀਆਂ ਜ਼ੰਜ਼ੀਰਾਂ। ਸਪੱਸ਼ਟ ਹੈ ਕਿ ਇਹ ਵੀ ਪੈਰਾਂ ਨੂੰ ਬੰਨ੍ਹਣ ਵਾਲੀ ਚੀਜ਼ ਹਨ ਜੋ ਅਧਿਆਤਮਕ ਪ੍ਰਸੰਗ ਵਿਚ ਮਾਇਆ ਦੇ ਬੰਧਨ ਦਾ ਪ੍ਰਤੀਕ ਬਣਦੀਆਂ ਹਨ, ‘ਗੁਰਿ ਪੂਰੈ ਬੇੜੀ ਕਾਟੀ॥” (ਗੁਰੂ ਅਰਜਨ ਦੇਵ); ‘ਪਾਵਹੁ ਬੇੜੀ ਹਾਥਹੁ ਤਾਲ॥’ (ਭਗਤ ਨਾਮਦੇਵ)। ਦੋਨੋਂ ਅਰਥਾਂ ਵਾਲੀਆਂ ਬੇੜੀਆਂ ਵਿਚ ਬੰਨਣ ਦਾ ਭਾਵ ਨਿਕਲਦਾ ਹੈ। ਪੁਰਾਣੇ ਸਮੇਂ ਕਿਸ਼ਤੀ ਦੇ ਅਰਥਾਂ ਵਾਲੀ ਬੇੜੀ ਲੱਕੜਾਂ ਦੇ ਫੱਟੇ ਆਪੋ ‘ਚ ਬੰਨ ਕੇ ਬਣਾਈ ਜਾਂਦੀ ਸੀ ਜਦ ਕਿ ਪੈਰਾਂ ਵਾਲੀ ਬੇੜੀ ਕੈਦੀ ਦੇ ਪੈਰਾਂ ਨੂੰ ਬੰਨਦੀ ਹੈ। ਬੇੜੀ ਲਈ ਅੰਗਰੇਜ਼ੀ ਸ਼ਬਦ ਬੋਟ ਹੈ ਜਿਸ ਦੀ ਧੁਨੀ ਬੇੜੀ ਨਾਲ ਮਿਲਦੀ-ਜੁਲਦੀ ਹੈ ਪਰ ਦੋਨਾਂ ਸ਼ਬਦਾਂ ਦਾ ਆਪਸ ‘ਚ ਕੋਈ ਮੇਲ ਨਹੀਂ। ਇਤਫਾਕ ਦੀ ਗੱਲ ਹੈ ਕਿ ਸੰਸਕ੍ਰਿਤ ਵਿਚ ਬੋਟ ਸ਼ਬਦ ਬੇੜੀ ਦੇ ਅਰਥਾਂ ‘ਚ ਮਿਲਦਾ ਹੈ ਪਰ ਸ਼ਾਇਦ ਪੋਤ ਤੋਂ ਬਣਿਆ ਹੈ, ਪੋਤ ਬਾਦਬਾਨ ਨੂੰ ਕਹਿੰਦੇ ਹਨ।
ਸੰਸਕ੍ਰਿਤ ਦੇ ਇਕ ਸ਼ਬਦ ਵੇਸ਼ਟ ਵਿਚ ਲਪੇਟਣ, ਵਲੇਟਣ, ਬੰਨਣ, ਘੁਮਾਉਣ, ਘੇਰਨ, ਭਰਨ ਆਦਿ ਦੇ ਭਾਵ ਹਨ। ਇਸੇ ਦਾ ਇਕ ਹੋਰ ਰੂਪ ਵਿਸ਼ਟ ਹੈ। ਦੋਨਾਂ ਸ਼ਬਦਾਂ ਵਿਚ ਵਿਸ਼ ਧਾਤੂ ਕੰਮ ਕਰ ਰਿਹਾ ਹੈ ਜਿਸ ਵਿਚ ਸਭ ਕੁਝ ਨੂੰ ਸਮਾ ਲੈਣ, ਵਿਆਪਣ, ਦਾਖਲ ਹੋਣ ਦੇ ਭਾਵ ਹਨ। ਇਹ ਵੇਸ਼ਟ ਹੀ ਬਦਲਦਾ ਬਦਲਦਾ ਪਹਿਲਾਂ ਵੇਡ, ਵੇਢ ਫਿਰ ਬੇੜ ਤੇ ਅੱਜ ਵਾਲਾ ਬੇੜਾ ਬਣ ਜਾਂਦਾ ਹੈ। ਬੇੜੀ ਦਾ ਮੁਢਲਾ ਰੂਪ ਵੇਢਿਕਾ ਹੈ। ਵੱਟ ਦੇ ਕੇ ਮੇਲੇ ਹੋਏ ਪਰਾਲੀ ਦੇ ਰੱਸੇ ਨੂੰ ਬੇੜ ਕਿਹਾ ਜਾਂਦਾ ਹੈ ਜੋ ਵਾਢੀ ਦੇ ਦਿਨੀਂ ਕਣਕ ਦੀਆਂ ਭਰੀਆਂ ਬੰਨਣ ਦੇ ਕੰਮ ਆਉਂਦਾ ਹੈ। ਗੁਰਬਾਣੀ ਵਿਚ ਬੇੜੁ ਦਾ ਅਰਥ ਬੇੜਾ ਵੀ ਹੈ, “ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ॥” (ਗੁਰੂ ਨਾਨਕ ਦੇਵ)। ਦਿਲਚਸਪ ਗੱਲ ਹੈ ਕਿ ‘ਮਹਾਨ ਕੋਸ਼’ ਵਿਚ ਬੇੜ ਦਾ ਅਰਥ ‘ਵੇਸ਼ਟਨ ਕੀਤਾ ਰੱਸਾ’ ਵੀ ਦਿੱਤਾ ਹੋਇਆ ਹੈ ਜਿਵੇਂ ਕਿਤੇ ਆਮ ਆਦਮੀ ਵੇਸ਼ਟਨ ਦਾ ਅਰਥ ਸਮਝਦਾ ਹੋਵੇ। ਇਸੇ ਤਰ੍ਹਾਂ ਵੇਢਨ ਜਾਂ ਵੇਸ਼ਟਨ ਕਰਨ ਵਾਲਾ ਬੇਢ ਕਹਾਉਂਦਾ ਹੈ। ਬੇਢ ਹੁੰਦਾ ਹੈ ਰੱਸੀਆਂ ਨਾਲ ਘਾਸ ਫੂਸ ਨੂੰ ਲਪੇਟ ਬੰਨ ਕੇ ਛੱਪਰ ਬਣਾਉਣ ਵਾਲਾ ਕਾਰੀਗਰ। ਭਗਤ ਨਾਮਦੇਵ ਨੇ ਇਹ ਸ਼ਬਦ ਕਈ ਵਾਰੀ ਵਰਤਿਆ ਹੈ, “ਮੋ ਕਉ ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧ ਧ੍ਰੂ ਥਾਪਿਓ ਹੋ॥” (ਭਗਤ ਨਾਮਦੇਵ)। ਇਹ ਸ਼ਬਦ ਕਿਰਿਆ ਰੂਪ ਵਿਚ ਵੀ ਵਲੇਟਣ ਆਦਿ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ, ‘ਮਲਿਆਗੁਰੁ ਭਯੰਗਮ ਬੇਢਿਓ ਤ ਸੀਤਲਤਾ ਨ ਤਜੰਤ॥’ (ਭਗਤ ਕਬੀਰ)। ਇਨ੍ਹਾਂ ਹੀ ਅਰਥਾਂ ‘ਚ ਅਜੋਕੀ ਪੰਜਾਬੀ ਵਿਚ ਬੇੜਨਾ ਜਾਂ ਵੇੜ੍ਹਨਾ ਸ਼ਬਦ ਵੀ ਵਰਤੇ ਜਾਂਦੇ ਹਨ, “ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ॥” (ਗੁਰੂ ਨਾਨਕ ਦੇਵ); “ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ” ਭਾਵ ਉਸ ਦੀ ਕਸਤੂਰੀ ਵਾਲੀ ਗੰਧ ਤਾਂ ਉਡ ਗਈ ਪਰ ਹਿੰਗ (ਦੀ ਬੋ) ਨਾਲ ਲਿਪਟੀ ਰਹਿ ਗਈ। ਬੇੜੀਆ ਇਕ ਨੱਚਣ ਵਾਲੀ ਜਾਤੀ ਵੀ ਹੈ, ਇਨ੍ਹਾਂ ਦੀਆਂ ਔਰਤਾਂ ਲਿਪਟ ਲਿਪਟ ਕੇ ਨੱਚਦੀਆਂ ਹਨ।
ਏਨੀ ਬੇੜ ਬੇੜ ਕਰਨ ਪਿਛੋ ਭਾਗਾਂ ਵਾਲੇ ਵਿਹੜੇ ਦੀ ਵਿਉਤਪਤੀ ਤੱਕ ਅਸੀਂ ਸਹਿਜੇ ਹੀ ਪਹੁੰਚ ਸਕਦੇ ਹਾਂ। ਪਹਿਲਾਂ ਇਹ ਜਾਣ ਲਈਏ ਕਿ ਸੂਫੀ ਵਿਹੜੇ ਬਾਰੇ ਕੀ ਫਰਮਾਉਂਦੇ ਹਨ:
ਜਿਸ ਸਜਣ ਨੂੰ ਮੈਂ ਢੂੰਢੇਦੀ ਵਤਾਂ,
ਸੋ ਸਜਣ ਮੈਂ ਪਾਇਆ ਹੀ
ਵੇਹੜਾ ਤਾਂ ਅੰਙਣੁ ਮੇਰਾ,
ਭਇਆ ਸੁਹਾਵਣਾ,
ਮਾਥੇ ਨੂਰ ਸੁਹਾਇਆ ਹੀ। -ਸ਼ਾਹ ਹੁਸੈਨ

ਏਥੇ ਦੁਨੀਆਂ ਵਿਚ ਅਨ੍ਹੇਰਾ ਏ,
ਇਹ ਤਿਲਕਣ ਬਾਜ਼ੀ ਵਿਹੜਾ ਏ,
ਵੜ ਅੰਦਰ ਵੇਖੋ ਕਿਹੜਾ ਏ,
ਕਿਉਂ ਖਫਤਣ ਬਾਹਰ ਢੂੰਡੇਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
-ਬੁਲੇ ਸ਼ਾਹ
ਇਕ ਕਹਾਵਤ ਵੀ ਹੋ ਜਾਏ, ‘ਇੱਕ ਹੋ ਜਾਏ ਕਮਲਾ ਤਾਂ ਸਮਝਾਏ ਵਿਹੜਾ, ਵਿਹੜਾ ਹੋ ਜਾਏ ਕਮਲਾ ਤਾਂ ਸਮਝਾਏ ਕਿਹੜਾ?’ ਇਸ ਤਰ੍ਹਾਂ ਵਿਹੜਾ ਸ਼ਬਦ ਰਿਹਾਇਸ਼ ਦਾ ਅਰਥਾਵਾਂ ਵੀ ਹੈ। ਵਿਹੜਾ ਉਹ ਥਾਂ ਹੈ ਜੋ ਚਾਰੇ ਪਾਸਿਓਂ ਮਕਾਨ ਜਾਂ ਕੰਧਾਂ ਨਾਲ ਵਲਿਆ ਹੁੰਦਾ ਹੈ। ਸੰਸਕ੍ਰਿਤ ਵਿਚ ਵਿਹੜੇ ਲਈ ਵੇਸ਼ਟ ਜਾਂ ਵੇਸ਼ਟਕਮ ਸ਼ਬਦ ਹਨ। ਸਿਰ ‘ਤੇ ਬੰਨੇ ਜਾਂ ਲਪੇਟੇ ਜਾਣ ਕਰਕੇ ਪੱਗ, ਪਰਨੇ, ਸਾਫੇ ਜਾਂ ਕਮਰਬੰਦ ਲਈ ਵੀ ਵੇਸ਼ਟ ਜਾਂ ਵੇਸ਼ਟਕਮ ਸ਼ਬਦ ਵਰਤੇ ਜਾਂਦੇ ਹਨ। ਵਿਹੜੇ ਦਾ ਵਿਸਤ੍ਰਿਤ ਅਰਥ ਬਾਲਮੀਕੀਆਂ ਦੀ ਬਸਤੀ ਵੀ ਹੈ, ਭਾਵ ਉਹ ਥਾਂ ਜੋ ਬਾਲਮੀਕੀਆਂ ਦੇ ਘਰਾਂ ਨਾਲ ਘਿਰੀ ਹੋਵੇ।
ਹੁਣ ਜ਼ਰਾ ਖਾਣ ਪੀਣ ਦੀ ਗੱਲ ਕਰ ਲਈਏ। ਬਹੁਤ ਸਾਰਿਆਂ ਨੇ ਬੇੜਮੀ ਰੋਟੀ ਸੁਣੀ ਹੋਵੇਗੀ ਤੇ ਸ਼ਾਇਦ ਕਈਆਂ ਨੇ ਖਾਧੀ ਵੀ ਹੋਵੇ। ਬੇੜਮੀ ਰੋਟੀ ਨੂੰ ਬੇੜਮੀ ਪੂਰੀ ਵੀ ਆਖਦੇ ਹਨ ਤੇ ਇਕੱਲੀ ਬੇੜਮੀ ਵੀ। ਇਹ ਮੁਖ ਤੌਰ ‘ਤੇ ਬ੍ਰਿਜ ਆਂਚਲ ਦਾ ਮਨਪਸੰਦ ਨਾਸ਼ਤਾ ਹੈ। ਇਸ ਦਾ ਇਕ ਹੋਰ ਨਾਂ ਕਚੌਰੀ ਹੈ। ਆਮ ਤੌਰ ‘ਤੇ ਕਰਵਾ ਚੌਥ ਵਰਤ ਤੋੜਨ ਸਮੇਂ ਬੇੜਮੀ ਰੋਟੀ ਖਾਧੀ ਜਾਂਦੀ ਹੈ। ਇਸ ਵਾਰ ਮੈਂ ਇੰਡੀਆ ਗਿਆ ਤਾਂ ਸਾਂਢੂ ਸਾਹਿਬ ਨੇ ਦਿੱਲੀ ਦੇ ਮਸ਼ਹੂਰ ਮਹਾ ਲਕਸ਼ਮੀ ਮਿਸ਼ਠਾਨ ਭੰਡਾਰ ਤੋਂ ਇਸ ਵਿਅੰਜਨ ਨਾਲ ਪੇਟ ਤਾਂ ਤੂੰਨ ਕੇ ਭਰ ਲਿਆ ਪਰ ਮਨ ਨਾ ਭਰਿਆ। ਇਹ ਰੋਟੀ ਜਾਂ ਪੂਰੀ ਬਣਾਉਣ ਲਈ ਆਟੇ ਤੇ ਸੂਜੀ ਦੇ ਪੇੜੇ ਵਿਚ ਮਾਂਹ ਦੀ ਪੀਠੀ ਅਤੇ ਹੋਰ ਮਸਾਲੇ ਵੇੜ ਕੇ ਤੇ ਵੇਲ ਕੇ ਤਲਿਆ ਜਾਂਦਾ ਹੈ। ‘ਮੋਨੀਅਰ ਵਿਲੀਅਮਜ਼ ਦੇ ਸੰਸਕ੍ਰਿਤ ਅੰਗਰੇਜ਼ੀ ਕੋਸ਼’, ਟਰਨਰ ਦੇ ‘ਹਿੰਦ ਆਰਿਆਈ ਭਾਸ਼ਾ’ ਕੋਸ਼ ਅਤੇ ‘ਮਹਾਨ ਕੋਸ਼’ ਵਿਚ ਇਸ ਸ਼ਬਦ ਦਾ ਸੰਸਕ੍ਰਿਤ ਰੂਪ ਵੇਢਿਮਕਾ ਦਿੱਤਾ ਗਿਆ ਹੈ ਜਿਸ ਦਾ ਭਾਵ ਹੈ ਕਿ ਇਹ ਪਕਵਾਨ ਸਾਡੇ ਦੇਸ਼ ਵਿਚ ਚਿਰ ਤੋਂ ਖਾਧਾ ਜਾਂਦਾ ਰਿਹਾ ਹੈ। ਵਡਨੇਰਕਾਰ ਅਨੁਸਾਰ ਬੇੜਮੀ ਸ਼ਬਦ ਦਾ ਵਿਕਾਸ ਇਸ ਤਰ੍ਹਾਂ ਹੋਇਆ ਹੋਵੇਗਾ: ਵੇਢਿਮਕਾ> ਵੇਢਮਿਆ>ਬੇੜਮੀ। ਵੇਸ਼ਟ ਸ਼ਬਦ ਵਿਚ ਸਮਾਏ ਭਰਨ, ਲਪੇਟਣ, ਘੇਰਨ ਆਦਿ ਦੇ ਭਾਵ ਇਸ ਦੀ ਤਿਆਰੀ ਦੀ ਕਿਰਿਆ ਵਿਚ ਸਹੀ ਜਾਪਦੇ ਹਨ।