ਡਾæ ਗੁਰਨਾਮ ਕੌਰ ਕੈਨੇਡਾ
ਪਹਿਲੀ ਵਾਰ ਦੀ 20ਵੀਂ ਪਉੜੀ ਵਿਚ ਭਾਈ ਗੁਰਦਾਸ ਇਸਲਾਮ ਬਾਰੇ ਗੱਲ ਕਰਦਿਆਂ ਦੱਸਦੇ ਹਨ ਕਿ ਜਦੋਂ ਸੰਸਾਰ ਉਤੇ ਕਈ ਤਰ੍ਹਾਂ ਦੀਆਂ ਧਾਰਮਿਕ ਸ਼ਾਖਾਂ ਜਾਂ ਰਸਤੇ ਸਥਾਪਤ ਹੋ ਗਏ ਤਾਂ ਹਜ਼ਰਤ ਮੁਹੰਮਦ ਸਾਹਿਬ ਦੇ ਚਾਰ ਯਾਰ ਅਬੂਬਕਰ ਸਿਦੀਕ, ਉਮਰ, ਉਸਮਾਨ ਤੇ ਅਲੀ ਪੈਦਾ ਹੋਏ (ਸ਼ੀਆ ਮੁਸਲਮਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਲੀ ਨੂੰ ਹਜ਼ਰਤ ਮੁਹੰਮਦ ਦਾ ਅਸਲੀ ਵਾਰਿਸ ਮੰਨਦੇ ਹਨ)।
ਭਾਈ ਗੁਰਦਾਸ ਅਨੁਸਾਰ ਇਸ ਤਰ੍ਹਾਂ ਕੌਮ ਬਹੱਤਰ ਹਿੱਸਿਆਂ ਵਿਚ ਵੰਡੀ ਗਈ ਅਰਥਾਤ ਕੌਮ ਵਿਚ ਵੰਡੀਆਂ ਪੈ ਗਈਆਂ ਜਿਸ ਕਰਕੇ ਵੱਖ ਵੱਖ ਫਿਰਕਿਆਂ ਦਾ ਆਪਸੀ ਵੈਰ-ਵਿਰੋਧ ਬਹੁਤ ਵਧ ਗਿਆ ਅਤੇ ਝਗੜੇ ਹੋਣ ਲਗ ਪਏ। ਦੁਨੀਆਂ ਭਰ ਵਿਚ ਮੁਸਲਮਾਨਾਂ ਲਈ ਰੋਜ਼ੇ, ਈਦ ਅਤੇ ਨਮਾਜ਼ ਆਦਿ ਕਰਮ ਨਿਰਧਾਰਤ ਕਰ ਦਿੱਤੇ ਗਏ। ਕਿਸੇ ਵੀ ਧਰਮ ਦਾ ਸੰਸਥਾਗਤ ਸਰੂਪ ਜਦੋਂ ਹੌਲੀ ਹੌਲੀ ਸਥਾਪਤ ਹੋ ਜਾਂਦਾ ਹੈ ਤਾਂ ਉਸ ਵਿਚ ਹੋਰ ਵੀ ਕਈ ਕੁਝ ਪੈਦਾ ਹੋ ਜਾਂਦਾ ਹੈ ਜਿਵੇਂ ਕਈ ਕਿਸਮ ਦੇ ਫਿਰਕੇ, ਧਾਰਮਿਕ ਆਗੂ, ਧਾਰਮਿਕ ਰਸਮਾਂ ਅਤੇ ਅਜਿਹਾ ਹੀ ਹੋਰ ਬਹੁਤ ਕੁਝ। ਇਸੇ ਦੀ ਗੱਲ ਇਥੇ ਭਾਈ ਗੁਰਦਾਸ ਇਸਲਾਮ ਦੇ ਸਬੰਧ ਵਿਚ ਕਰ ਰਹੇ ਹਨ।
ਭਾਈ ਗੁਰਦਾਸ ਦੱਸ ਰਹੇ ਹਨ ਕਿ ਇਸਲਾਮ ਵਿਚ ਵੀ ਵੱਖ ਵੱਖ ਮੁਲਕਾਂ ਅੰਦਰ ਕਈ ਕਿਸਮ ਦੇ ਧਾਰਮਿਕ ਆਗੂ ਪੈਦਾ ਹੋ ਗਏ ਜੋ ਆਪਣੇ ਆਪ ਨੂੰ ਪੀਰ, ਪੈਗੰਬਰ, ਅਉਲੀਏ, ਗਉਸ ਕਹਾਉਂਦੇ ਸਨ ਅਤੇ ਉਨ੍ਹਾਂ ਨੇ ਕਈ ਕਿਸਮ ਦੇ ਅੱਗੋਂ ਹੋਰ ਭੇਖਾਂ ਦਾ ਪਸਾਰਾ ਪਸਾਰ ਦਿੱਤਾ। ਭਾਈ ਗੁਰਦਾਸ ਇਹ ਸਾਰੀ ਵਾਰਤਾ ਹਿੰਦੁਸਤਾਨ ਦੇ ਸੰਦਰਭ ਵਿਚ ਖਾਸ ਤੌਰ ‘ਤੇ ਕਰ ਰਹੇ ਹਨ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਤੋਂ ਪਹਿਲਾਂ ਜਿਸ ਕਿਸਮ ਦੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਦਸ਼ਾ ਸੀ, ਉਸ ‘ਤੇ ਚਾਨਣ ਪਾ ਰਹੇ ਹਨ। ਇਸ ਲਈ ਦੱਸ ਰਹੇ ਹਨ ਕਿ ਇਸਲਾਮ ਕਿਉਂਕਿ ਹਿੰਦੁਸਤਾਨ ਵਿਚ ਬਾਹਰੀ ਹਮਲਾਵਰਾਂ ਦੇ ਨਾਲ ਆਇਆ ਸੀ ਜਿਨ੍ਹਾਂ ਨੇ ਇਥੇ ਰਾਜ ਸਥਾਪਤ ਕਰ ਲਿਆ ਅਤੇ ਬਹੁਤ ਸਾਰੀਆਂ ਥਾਂਵਾਂ ‘ਤੇ ਮੰਦਿਰ ਢਾਹ ਕੇ ਉਥੇ ਮਸਜਿਦਾਂ ਦੀ ਉਸਾਰੀ ਕਰ ਦਿੱਤੀ ਸੀ। ਇਸਲਾਮ ਹਾਕਮਾਂ ਦਾ ਧਰਮ ਸੀ ਇਸ ਲਈ ਉਹ ਧਰਮ ਦੇ ਨਾਂ ‘ਤੇ ਕਈ ਕਿਸਮ ਦਾ ਜ਼ੁਲਮ ਕਰ ਰਹੇ ਸਨ, ਗਰੀਬ-ਗੁਰਬਿਆਂ ਉਤੇ ਧਰਮ ਦੇ ਨਾਂ ‘ਤੇ ਕਈ ਕਿਸਮ ਦਾ ਤਸ਼ੱਦਦ ਹੋ ਰਿਹਾ ਸੀ ਜਿਸ ਨਾਲ ਪਾਪ ਫੈਲ ਗਿਆ ਸੀ। ਭਾਈ ਗੁਰਦਾਸ ਅਨੁਸਾਰ ਆਰਮੀਨੀਅਨਾਂ ਤੇ ਰੂਮੀਆਂ ਨੂੰ ਉਨ੍ਹਾਂ ਨੇ ਕਾਫਰ, ਧਰਮ ਤੋਂ ਬੇਮੁੱਖ ਗਰਦਾਨ ਦਿੱਤਾ ਸੀ ਅਤੇ ਇਸ ਤਰ੍ਹਾਂ ਦੁਸ਼ਮਣਾਂ ਨੂੰ ਖਤਮ ਕਰਨ ਲਈ ਜੰਗ ਹੁੰਦੇ ਸਨ। ਸਾਰੇ ਸੰਸਾਰ ‘ਤੇ ਪਾਪ ਦਾ ਵਰਤਾਰਾ ਹੋ ਰਿਹਾ ਸੀ:
ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ।
ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ।
ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ।
ਪੀਰ ਪੈਕੰਬਰਿ ਅਉਲੀਏ ਗਉਸਿ ਕੁਤਬ ਬਹੁ ਭੇਖ ਸਵਾਰਾ।
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ।
ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ।
ਕਾਫਰਿ ਮੁਲਹਿਦ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ।
ਪਾਪੇ ਦਾ ਵਰਤਿਆ ਵਰਤਾਰਾ॥੨੦॥
ਗੁਰੂ ਨਾਨਕ ਦਾ ਵੀ ਇਸ ਕਿਸਮ ਦੇ ਪੈਦਾ ਚੁੱਕੇ ਹਾਲਾਤ ਵੱਲ ਹੀ ਸੰਕੇਤ ਹੈ ਜਦੋਂ ਉਹ ਕਹਿੰਦੇ ਹਨ ਕਿ ਧਾਰਮਿਕ ਆਗੂ ਧਰਮ ਦੇ ਨਾਂ ‘ਤੇ ਝੂਠ ਬੋਲ ਬੋਲ ਕੇ ਹਰਾਮ ਦਾ ਖਾਂਦਾ ਹੈ ਅਰਥਾਤ ਧਰਮ ਦੇ ਨਾਂ ‘ਤੇ ਝੂਠ ਦੀ ਕਮਾਈ ਖਾਂਦਾ ਹੈ ਅਤੇ ਦੂਸਰਿਆਂ ਨੂੰ ਧਰਮ ਦਾ ਉਪਦੇਸ਼ ਦਿੰਦਾ ਹੈ। ਅਜਿਹਾ ਮਨੁੱਖ ਆਪ ਵੀ ਠੱਗਿਆ ਜਾਂਦਾ ਹੈ ਅਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਠਗਾਉਂਦਾ ਹੈ। ਇਹ ਕਿਹੋ ਜਿਹਾ ਧਾਰਮਿਕ ਆਗੂ ਹੈ:
ਕੂੜੁ ਬੋਲਿ ਮੁਰਦਾਰ ਖਾਇ॥
ਅਵਰੀ ਨੋ ਸਮਝਾਵਣ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥੧॥ (ਪੰਨਾ ੧੪੦)
ਉਪਰਲੀ ਪਉੜੀ ਵਿਚ ਇਸਲਾਮ ਦਾ ਜੋ ਹਾਲ ਸੀ, ਉਸ ਦਾ ਵਰਣਨ ਕੀਤਾ ਹੈ। ਅਗਲੀ ਪਉੜੀ ਵਿਚ ਮੁਸਲਮਾਨਾਂ ਦਾ ਅਤੇ ਹਿੰਦੂਆਂ ਦਾ ਆਪਸੀ ਰਿਸ਼ਤਾ ਕਿਹੋ ਜਿਹਾ ਸੀ, ਉਸ ਦਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਦੱਸਦੇ ਹਨ ਕਿ ਹਿੰਦੂ ਸ਼ਾਸਤਰਾਂ ਅਨੁਸਾਰ ਹਿੰਦੂ ਸਮਾਜ ਦੀ ਵੰਡ ਵਰਣ-ਆਸ਼ਰਮ ਧਰਮ ਦੇ ਸਿਧਾਂਤ ਦੇ ਆਧਾਰ ‘ਤੇ ਕੀਤੀ ਹੋਈ ਸੀ ਜਿਸ ਕਰਕੇ ਸਮਾਜ ਚਾਰ ਜਾਤਾਂ ਵਿਚ ਵੰਡਿਆ ਹੋਇਆ ਸੀ।
ਇਸ ਦੀਆਂ ਵੀ ਅੱਗੋਂ ਬਹੁਤ ਸਾਰੀਆਂ ਜਾਤਾਂ ਅਤੇ ਉਪਜਾਤਾਂ ਸਨ। ਇਸ ਜਾਤੀ ਵੰਡ ਕਾਰਨ ਸਮਾਜ ਵਿਚ ਪੂਰੀ ਤਰ੍ਹਾਂ ਖੜੋਤ ਆ ਗਈ ਸੀ। ਉਪਰਲੀਆਂ ਦੋ ਜਾਤਾਂ ਕੋਲ ਬਹੁਤ ਸਾਰੇ ਅਧਿਕਾਰ ਸਨ ਪਰ ਹੇਠਲੀਆਂ ਜਾਤਾਂ ਨੂੰ ਅਛੂਤ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਕੋਲ ਕਿਸੇ ਕਿਸਮ ਦਾ ਕੋਈ ਅਧਿਕਾਰ ਨਹੀਂ ਸੀ। ਗੁਲਾਮੀ ਦੀ ਇਹ ਬਹੁਤ ਹੀ ਗੁੰਝਲਦਾਰ ਕਿਸਮ ਹੈ ਕਿਉਂਕਿ ਸ਼ਾਸਤਰਾਂ ਦੀ ਪ੍ਰਵਾਨਗੀ ‘ਤੇ ਆਧਾਰਤ ਹੋਣ ਕਰਕੇ ਕੋਈ ਵੀ ਇਸ ਨੂੰ ਬਦਲਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਇਸ ਜਾਤੀ ਪ੍ਰਬੰਧ ਕਾਰਨ ਕਿੱਤਾ ਵੀ ਆਪਣੀ ਜਾਤ ਅਨੁਸਾਰ ਅਪਨਾਉਣਾ ਪੈਂਦਾ ਸੀ ਅਤੇ ਜੋ ਜਿਸ ਜਾਤ ਵਿਚ ਪੈਦਾ ਹੋ ਗਿਆ, ਉਹ ਆਪਣੀ ਜਾਤ ਜਾਂ ਕਿੱਤੇ ਨੂੰ ਬਦਲ ਨਹੀਂ ਸੀ ਸਕਦਾ। ਅੱਜ ਸਦੀਆਂ ਬੀਤ ਜਾਣ ‘ਤੇ ਵੀ ਇਹ ਪ੍ਰਬੰਧ ਬਾਦਸਤੂਰ ਕਾਇਮ ਹੈ। ਆਜ਼ਾਦੀ ਤੋਂ ਬਾਅਦ ਸੰਵਿਧਾਨ ਅਨੁਸਾਰ ਹਰ ਇੱਕ ਨੂੰ ਬਰਾਬਰ ਦੇ ਅਧਿਕਾਰ ਦੇ ਦਿੱਤੇ ਜਾਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੈ। ਦਲਿਤਾਂ ਨਾਲ ਕਿਸ ਕਿਸਮ ਦਾ ਵਰਤਾਉ ਹਰ ਰੋਜ਼ ਹੁੰਦਾ ਹੈ, ਕਿਵੇਂ ਵਿਦਿਅਕ ਅਦਾਰਿਆਂ ਵਿਚ ਉਨ੍ਹਾਂ ਨਾਲ ਭਿੰਨ-ਭੇਦ ਕੀਤਾ ਜਾਂਦਾ ਹੈ, ਖਾਸ ਕਰਕੇ ਬੀ ਜੇ ਪੀ ਦੀ ਕੇਂਦਰੀ ਸਰਕਾਰ ਦੇ ਸਮੇਂ ਤੋਂ, ਕਿਸੇ ਤੋਂ ਵੀ ਗੁੱਝਾ ਨਹੀਂ ਹੈ।
ਭਾਈ ਗੁਰਦਾਸ ਦੱਸਦੇ ਹਨ ਕਿ ਇੱਕ ਪਾਸੇ ਹਿੰਦੂ ਸਮਾਜ ਦੀ ਵੰਡ ਚਾਰ ਜਾਤਾਂ ਵਿਚ, ਦੂਸਰੇ ਪਾਸੇ ਮੁਸਲਮਾਨਾਂ ਦੇ ਚਾਰ ਫਿਰਕੇ ਸ਼ੀਆ, ਸੁੰਨੀ, ਰਾਫਜ਼ੀ ਤੇ ਇਮਾਮ ਸ਼ਾਫੀ ਅਤੇ ਫਿਰ ਹਿੰਦੂ ਮੁਸਲਮਾਨ ਦੀ ਵੰਡ। ਇਨ੍ਹਾਂ ਦੋਵਾਂ ਧਰਮਾਂ ਦੇ ਮੰਨਣ ਵਾਲੇ ਸਵਾਰਥੀ, ਈਰਖਾਲੂ, ਹੰਕਾਰ ਨਾਲ ਭਰੇ ਹੋਏ ਅਤੇ ਹਠਧਰਮੀ (ਅੱਜ ਵੀ ਹਨ) ਇੱਕ ਦੂਜੇ ਪ੍ਰਤੀ ਹਿੰਸਕ ਵਰਤਾਉ ਵਾਲੇ ਹੋ ਗਏ। ਇੱਕ ਪਾਸੇ ਹਿੰਦੂਆਂ ਲਈ ਗੰਗਾ-ਹਰਿਦਵਾਰ ਅਤੇ ਬਨਾਰਸ ਪੂਜਣਯੋਗ ਤੀਰਥ ਸਥਾਨ ਹਨ ਅਤੇ ਦੂਜੇ ਪਾਸੇ ਮੁਸਲਮਾਨਾਂ ਲਈ ਕਾਬਾ ਅਤੇ ਮੱਕਾ ਪਵਿੱਤਰ ਸਥਾਨ ਹਨ। ਮੁਸਲਮਾਨਾਂ ਨੂੰ ਸੁੰਨਤ ਦੀ ਧਾਰਮਿਕ ਰਸਮ ਪਿਆਰੀ ਹੈ ਅਤੇ ਹਿੰਦੂਆਂ ਨੂੰ ਤਿਲਕ ਲਾਉਣਾ ਤੇ ਜੰਞੂ ਧਾਰਨ ਕਰਨਾ ਚੰਗਾ ਲੱਗਦਾ ਹੈ। ਹਿੰਦੂ ਪਰਮਾਤਮਾ ਨੂੰ ਰਾਮ ਦੇ ਨਾਮ ਨਾਲ ਯਾਦ ਕਰਦੇ ਹਨ ਅਤੇ ਮੁਸਲਮਾਨ ਰੱਬ ਨੂੰ ਰਹੀਮ ਕਰਕੇ ਯਾਦ ਕਰਦੇ ਹਨ ਪਰ ਇੱਕ ਗੱਲ ਦੋਵੇਂ ਹੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਰਸਤੇ ਭਾਵੇਂ ਦੋ ਬਣਾ ਲਏ ਹਨ ਪਰ ਉਹ ਪਰਮ ਹਸਤੀ ਆਪ ਇੱਕ ਹੀ ਹੈ। ਭਾਵ ਆਪਣੇ ਆਪਣੇ ਰਸਤਿਆਂ ਦੇ ਵਖਰੇਵੇਂ ਕਾਰਨ ਜਿਸ ਰੱਬ ਲਈ ਆਪਸ ਵਿਚ ਲੜਦੇ ਹਨ, ਉਹ ਇੱਕ ਹੀ ਹੈ, ਫਿਰ ਕਿਉਂ ਭੁੱਲੇ ਫਿਰਦੇ ਹਨ। ਹਿੰਦੂਆਂ ਨੇ ਆਪਣੇ ਧਾਰਮਿਕ ਗ੍ਰੰਥ ਵੇਦਾਂ ਦੀ ਸਿੱਖਿਆ ਭੁਲਾ ਦਿੱਤੀ ਹੈ ਅਤੇ ਮੁਸਲਮਾਨਾਂ ਨੇ ਪਵਿੱਤਰ ਕੁਰਾਨ ਦੀ ਸਿੱਖਿਆ ਭੁਲਾ ਦਿੱਤੀ ਹੈ, ਇਸ ਦੀ ਥਾਂ ਦੋਵੇਂ ਦੁਨਿਆਵੀ ਲਾਲਚ ਵਿਚ ਫਸ ਕੇ ਸ਼ੈਤਾਨ ਦੇ ਪਿੱਛੇ ਲੱਗੇ ਹੋਏ ਹਨ।
ਧਰਮ ਦਾ ਅਸਲੀ ਮਕਸਦ ਕੀ ਹੈ, ਇਸ ਸੱਚ ਨੂੰ ਭੁੱਲਾ ਕੇ ਦੋਵਾਂ ਧਰਮਾਂ ਦੇ ਆਗੂ ਬ੍ਰਾਹਮਣ ਅਤੇ ਮੁੱਲਾਂ ਲੜ ਲੜ ਕੇ (ਅਤੇ ਲੋਕਾਂ ਨੂੰ ਧਰਮ ਦੇ ਨਾਂ ‘ਤੇ ਆਪਸ ਵਿਚ ਲੜਾ ਕੇ) ਮਰ ਰਹੇ ਹਨ। ਇਸ ਤਰ੍ਹਾਂ ਦੋਵੇਂ ਫਿਰਕੇ ਹੀ ਜਨਮ-ਮਰਨ ਦੇ ਚੱਕਰ ਵਿਚੋਂ ਛੁਟਕਾਰਾ ਨਹੀਂ ਪਾ ਸਕਦੇ, ਮੁਕਤੀ ਪ੍ਰਾਪਤ ਨਹੀਂ ਕਰ ਸਕਦੇ:
ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਕਾਣੇ।
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ।
ਸੁੰਨਤਿ ਮੁਸਲਮਾਣ ਕੀ ਤਿਲਕ ਜੰਞੂ ਹਿੰਦੂ ਲੋਭਾਣੇ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਲੋਭਾਣੇ।
ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ।
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮ੍ਹਣਿ ਮਉਲਾਣੇ।
ਸਿਰੋ ਨ ਮਿਟੇ ਆਵਣਿ ਜਾਣੇ॥੨੧॥
ਹਿੰਦੂ ਸ਼ਾਸਤਰਾਂ ਵਿਚ ਸਮੇਂ ਦੀ ਵੰਡ ਚਾਰ ਜੁਗਾਂ ਵਿਚ ਕੀਤੀ ਗਈ ਹੈ ਅਤੇ ਫਿਰ ਉਨ੍ਹਾਂ ਅਨੁਸਾਰ ਹਰ ਜੁਗ ਵਿਚ ਧਰਮ ਦੀ ਅਵਸਥਾ ਦਾ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਦੇ ਹਵਾਲੇ ਨਾਲ ਅਸੀਂ ਕਰਦੇ ਆਏ ਹਾਂ। ਇਸ ਅਗਲੀ ਪਉੜੀ ਵਿਚ ਭਾਈ ਗੁਰਦਾਸ ਇਸਲਾਮ ਨੂੰ ਮੰਨਣ ਵਾਲਿਆਂ ਅਤੇ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੇ ਆਪਸੀ ਵਿਰੋਧ ਅਤੇ ਇੱਕ-ਦੂਜੇ ਦੇ ਧਾਰਮਿਕ ਵਿਰੋਧ ਦੀ ਗੱਲ ਕਰਨ ਤੋਂ ਬਾਅਦ ਹੁਣ ਅਕਾਲ ਪੁਰਖ ਦੇ ਨਿਆਂ ਦੀ ਗੱਲ ਕਰਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਫੈਸਲਾ ਕਰਨ ਵਾਲਾ ਹੈ ਕਿ ਚਾਰ ਜੁਗਾਂ ਦਾ ਕੀ ਧਰਮ ਜਾਂ ਫਰਜ਼ ਹੈ ਕਿਉਂਕਿ ਉਹ ਇੱਕ ਅਕਾਲ ਪੁਰਖ ਆਪ ਹੀ ਸਭ ਕੁਝ ਹੈ। ਉਹ ਆਪ ਹੀ ਕਾਗਜ਼ ਜਾਂ ਪੱਟੀ ਹੈ, ਆਪ ਹੀ ਲਿਖਣ ਵਾਲੀ ਕਲਮ ਹੈ ਅਤੇ ਉਹ ਆਪ ਹੀ ਲਿਖਣ ਵਾਲਾ ਹੈ। ਇੱਕ ਗੁਰੂ ਦੀ ਅਗਵਾਈ ਤੋਂ ਬਿਨਾਂ ਲੋਕ ਅਗਿਆਨ ਵਸ ਇੱਕ ਦੂਸਰੇ ਨਾਲ ਮਜ੍ਹਬੀ ਵੈਰ-ਵਿਰੋਧ ਅਤੇ ਵਖਰੇਵਿਆਂ ਕਾਰਨ ਕਈ ਤਰ੍ਹਾਂ ਨਾਲ ਲੜ ਲੜ ਕੇ ਮਰ ਰਹੇ ਸੀ। ਇਸ ਤਰ੍ਹਾਂ ਧਾਰਮਿਕ ਵਖਰੇਵਿਆਂ ਕਰਕੇ ਜੋ ਆਪਸੀ ਵੈਰ-ਵਿਰੋਧ ਵਧ ਗਿਆ ਸੀ, ਉਸ ਨਾਲ ਸੰਸਾਰ ‘ਤੇ ਪਾਪਾਂ ਦਾ ਭਾਰ ਵਧ ਗਿਆ ਸੀ।
ਹਿੰਦੂ ਮਿਥਿਹਾਸ ਵਿਚ ਧਰਮ ਨੂੰ ਬਲਦ ਮੰਨਿਆ ਗਿਆ ਹੈ, ਜਿਸ ਨੇ ਆਪਣੇ ਉਪਰ ਧਰਤੀ ਦਾ ਬੋਝ ਚੁੱਕਿਆ ਹੋਇਆ ਹੈ। ਸਤਿਜੁਗ ਵਿਚ ਧਰਮ ਰੂਪੀ ਬਲਦ ਦੇ ਚਾਰੇ ਪੈਰ ਕਾਇਮ ਸਨ ਅਰਥਾਤ ਧਰਮ ਪੂਰੀ ਤਰ੍ਹਾਂ ਸਥਾਪਤ ਸੀ। ਤ੍ਰੇਤੇ ਵਿਚ ਧਰਮ ਦਾ ਇੱਕ ਪੈਰ ਖਿਸਕ ਗਿਆ ਅਰਥਾਤ ਧਰਮ ਵਿਚ ਕਮੀ ਆ ਗਈ ਅਤੇ ਉਸ ਦੇ ਤਿੰਨ ਪੈਰ ਹੀ ਰਹਿ ਗਏ। ਦੁਆਪਰ ਵਿਚ ਉਸ ਦਾ ਇੱਕ ਪਗ ਹੋਰ ਖਿਸਕ ਗਿਆ ਅਰਥਾਤ ਧਰਮ ਅੱਧਾ ਰਹਿ ਗਿਆ ਅਤੇ ਕਲਿਜੁਗ ਵਿਚ ਧਰਮ ਦੀ ਹਾਨੀ ਏਨੀ ਵਧ ਗਈ ਕਿ ਬਲਦ ਇੱਕ ਟੰਗ ਦੇ ਭਾਰ ਹੋ ਗਿਆ ਅਰਥਾਤ ਧਰਮ ਸਿਰਫ ਚੌਥਾ ਹਿੱਸਾ ਰਹਿ ਗਿਆ। ਧਰਮ ਦੀ ਇਸ ਹਾਲਤ ਤੋਂ ਧਰਮ ਰੂਪੀ ਬਲਦ ਉਦਾਸ ਹੋ ਗਿਆ ਅਤੇ ਦਿਨ-ਰਾਤ ਰੋਣ ਲੱਗਾ।
ਦਇਆ ਧਰਮ ਦੀ ਸ਼ਕਤੀ ਹੈ, ਜਦੋਂ ਧਰਮ ਵਿਚੋਂ ਦਇਆ ਮਨਫੀ ਹੋ ਜਾਵੇ ਤਾਂ ਧਰਮ ਦੀ ਤਾਕਤ ਘੱਟ ਜਾਂਦੀ ਹੈ ਤੇ ਉਹ ਸ਼ਕਤੀਹੀਣ ਹੋ ਕੇ ਗਿਰਾਵਟ ਦੇ ਟੋਏ ਵਿਚ ਡੂੰਘਾ ਨਿੱਘਰ ਜਾਂਦਾ ਹੈ। ਉਸ ਵੇਲੇ ਵੀ ਧਰਮ ਦਾ ਇਹੀ ਹਾਲ ਹੋ ਗਿਆ ਸੀ ਜਿਸ ਦੀ ਭਾਈ ਗੁਰਦਾਸ ਗੱਲ ਕਰ ਰਹੇ ਹਨ। ਧਰਮ ਤਿੰਨ ਹਿੱਸੇ ਖਤਮ ਹੋ ਜਾਣ ਨਾਲ ਉਹ ਚੌਥਾ ਹਿੱਸਾ ਰਹਿ ਗਿਆ ਸੀ ਅਤੇ ਇੱਕ ਟੰਗ ਦੇ ਭਾਰ ਖੜੇ ਧਰਮ ਰੂਪੀ ਬੈਲ ਤੇ ਪਾਪਾਂ ਦਾ ਭਾਰ ਬਹੁਤ ਵਧ ਗਿਆ ਸੀ। ਧਰਤੀ ਉਤੇ ਪਾਪਾਂ ਦਾ ਭਾਰ ਕਿਸੇ ਸੰਤ ਪੁਰਸ਼ ਅਰਥਾਤ ਕਿਸੇ ਪਹੁੰਚੇ ਹੋਏ ਅਧਿਆਤਮਕ ਪੁਰਸ਼ ਦੀ ਅਗਵਾਈ ਨਾਲ ਹੀ ਘਟ ਹੋ ਸਕਦਾ ਸੀ ਪਰ ਸੰਸਾਰ ਉਤੇ ਕੋਈ ਵੀ ਅਜਿਹਾ ਸੰਤ-ਪੁਰਸ਼ ਨਜ਼ਰ ਨਹੀਂ ਆ ਰਿਹਾ ਸੀ ਜੋ ਇਨ੍ਹਾਂ ਵਧਦੇ ਹੋਏ ਪਾਪਾਂ ਨੂੰ ਰੋਕ ਸਕਦਾ। ਇਸ ਤਰ੍ਹਾਂ ਧਰਮ ਪਾਪਾਂ ਦੇ ਬੋਝ ਥੱਲੇ ਦੱਬਿਆ ਹੋਇਆ ਧਰਤੀ ਦਾ ਬੋਝ ਚੁੱਕਣ ਤੋਂ ਅਸਮਰੱਥ ਹੋ ਕੇ ਰੋ-ਰੋ ਕੇ ਪੁਕਾਰ ਕਰ ਰਿਹਾ ਸੀ:
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਪ੍ਰਭੁ ਆਪੇ ਹੋਆ।
ਆਪੇ ਪਟੀ ਕਲਮਿ ਆਪ ਆਪੇ ਲਿਖਣਿਹਾਰਾ ਹੋਆ।
ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ।
ਵਰਤਿਆ ਪਾਪੁ ਜਗਤਿ ਤੇ ਧਉਲ ਉਡੀਣਾ ਨਿਸਦਿਨ ਰੋਆ।
ਬਾਝੁ ਦਇਆ ਬਲਹੀਣ ਹੋਉ ਨਿਘਰੁ ਚਲੌ ਰਸਾਤਲਿ ਟੋਆ।
ਖੜਾ ਇਕਤੇ ਪੈਰਿ ਤੇ ਪਾਪ ਸੰਗਿ ਬਹੁ ਭਾਰਾ ਹੋਆ।
ਥੰਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ।
ਧਰਮ ਧਉਲੁ ਪੁਕਾਰੈ ਤਲੈ ਖੜੋਆ॥੨੨॥
ਭਾਈ ਗੁਰਦਾਸ ਨੇ ਹਿੰਦੂ ਮਿਥਿਹਾਸ ਵਿਚ ਦਿੱਤੇ ਹੋਏ ਧਰਮ ਲਈ ਧੌਲ ਜਾਂ ਬਲਦ ਦੇ ਦ੍ਰਿਸ਼ਟਾਂਤ ਰਾਹੀਂ ਉਸ ਵੇਲੇ ਧਰਮ ਦੀ ਗਿਰਾਵਟ ਦੀ ਜੋ ਗੱਲ ਕੀਤੀ ਹੈ, ਉਸ ਤੋਂ ਜਿਹੜਾ ਤੱਥ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਧਰਮ ਵਿਚ ਗਿਰਾਵਟ ਉਦੋਂ ਆਉਂਦੀ ਹੈ ਜਦੋਂ ਉਸ ਵਿਚੋਂ ਦਇਆ ਦਾ ਅੰਸ਼ ਖਤਮ ਹੋ ਜਾਂਦਾ ਹੈ। ਦਇਆ ਧਰਮ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ, ਧਰਮ ਵਿਚੋਂ ਜਦੋਂ ਦਇਆ ਮਨਫੀ ਹੋ ਜਾਂਦੀ ਹੈ ਤਾਂ ਧਰਮ ਦੇ ਕਾਰਨ ਆਪਸੀ ਝਗੜੇ ਵਧ ਜਾਂਦੇ ਹਨ ਜਾਂ ਦੂਸਰੇ ਧਰਮ ਨੂੰ ਮੰਨਣ ਵਾਲੇ ਲੋਕਾਂ ਉਤੇ, ਗਰੀਬਾਂ ਮਜ਼ਲੂਮਾਂ ਉਤੇ ਜ਼ੁਲਮ ਦਾ ਕਾਰਨ ਬਣ ਜਾਂਦਾ ਹੈ। ਵਰਤਮਾਨ ਜੁਗ ਵਿਚ ਇਸ ਤੱਥ ਨੂੰ ਸਮਝਣਾ ਕੋਈ ਔਖਾ ਨਹੀਂ ਹੈ, ਇਸ ਤੱਥ ਨਾਲ ਅੱਜ ਕੱਲ ਆਮ ਲੋਕਾਂ ਨੂੰ ਅਕਸਰ ਹੀ ਦੋ-ਚਾਰ ਹੋਣਾ ਪੈ ਰਿਹਾ ਹੈ।
ਇਸੇ ਲਈ ਗੁਰੂ ਨਾਨਕ ਸਾਹਿਬ ਨੇ ਦਇਆ ਨੂੰ ਧਰਮ ਦਾ ਬਹੁਤ ਹੀ ਮਹਤਵਪੂਰਨ ਅਤੇ ਜ਼ਰੂਰੀ ਗੁਣ ਦੱਸਿਆ ਹੈ। ਜਪੁਜੀ ਸਾਹਿਬ ਵਿਚ ਉਪਰ ਦੱਸੇ ਅਲੰਕਾਰ ਦੀ ਵਰਤੋਂ ਕਰਦਿਆਂ ਹੀ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਧਰਮ ਹੀ ਧੌਲ ਹੈ ਜਿਸ ਨੇ ਇਸ ਧਰਤੀ ਨੂੰ ਨਿਯਮਿਤ ਕੀਤਾ ਹੋਇਆ ਹੈ, ਜਿਸ ਦੇ ਆਸਰੇ ਇਹ ਧਰਤੀ ਕਾਇਮ ਹੈ। ਦਇਆ ਨੂੰ ਧਰਮ ਦਾ ਜ਼ਰੂਰੀ ਗੁਣ ਦੱਸਦਿਆਂ ਉਹ ਅੱਗੇ ਆਖਦੇ ਹਨ ਕਿ ਧਰਮ ਦਇਆ ਦਾ ਪੁੱਤਰ ਹੈ, ਦਇਆ ਦੇ ਇਸ ਪੁੱਤਰ ਧਰਮ ਵਿਚੋਂ ਹੀ ਸੰਤੋਖ ਦਾ ਜਨਮ ਹੁੰਦਾ ਹੈ।
ਸਿੱਖ ਧਰਮ ਚਿੰਤਨ ਅਨੁਸਾਰ ਮਨੁੱਖ ਦੇ ਸਦਾਚਾਰੀ ਬਣਨ ਵਿਚ ਸਹਾਇਤਾ ਕਰਨ ਵਾਲਾ ਦੂਸਰਾ ਗੁਣ ਸੰਤੋਖ ਹੈ, ਜਿਸ ਨੂੰ ਬੇਹੱਦ ਮਹੱਤਵਪੂਰਨ ਸਮਝਿਆ ਗਿਆ ਹੈ। ਗੁਰੂ ਪੰਡਤਿ ਨੂੰ ਵੀ ਇਨ੍ਹਾਂ ਦੋ ਗੁਣਾਂ-ਦਇਆ ਅਤੇ ਸੰਤੋਖ ਨੂੰ ਆਪਣੀ ਰਹਿਤ ਦਾ ਲਾਜ਼ਮੀ ਗੁਣ ਬਣਾਉਣ ਦਾ ਉਪਦੇਸ਼ ਦਿੰਦੇ ਹਨ। ਦਇਆ ਦਾ ਧਰਮ ਵਿਚ ਦੋ ਤਰ੍ਹਾਂ ਦਾ ਰੋਲ ਹੈ ਜੋ ਉਹ ਅਦਾ ਕਰਦੀ ਹੈ; ਪਹਿਲਾ ਇਹ ਕਿ ਧਰਮ ਦਾ ਇਹ ਨਿਯਮ ਦੁਨੀਆਂ ਨੂੰ ਨਿਯਮਿਤ ਕਰਨ ਲਈ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਬ੍ਰਹਿਮੰਡ ਨੂੰ ਕਾਇਮ ਰੱਖਣ ਲਈ ਪਾਇਆ ਹੈ ਅਤੇ ਦੂਸਰਾ ਇਹ ਕਿ ਦਇਆ ਹੀ ਧਰਮ ਦੀ ਸ਼ਕਤੀ ਹੈ ਜਿਸ ਰਾਹੀਂ ਉਹ ਕਾਇਮ ਰਹਿੰਦਾ ਹੈ ਜਦੋਂ ਧਰਮ ਵਿਚੋਂ ਦਇਆ ਮਨਫੀ ਹੋ ਜਾਂਦੀ ਹੈ ਤਾਂ ਦੁਨੀਆਂ ‘ਤੇ ਪਾਪ ਵਧ ਜਾਂਦਾ ਹੈ:
ਧੌਲ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ ੩)