ਐ ਖੁਦਾ! ਮੇਰੇ ਰੰਗਲੇ ਪੰਜਾਬ ਤੇ ਮਿਹਰ ਕਰ

ਅਮਰਜੀਤ ਬੱਬਰੀ ਮੋਗਾ
ਫੋਨ:91-94630-83363
ਪੁਰਾਣੇ ਸਮਿਆਂ ਵਿਚ ਜਦ ਕਦੇ ਰਾਤ ਨੂੰ ਕੁੱਤੇ ਰੋਂਦੇ ਸਨ ਜਾਂ ਸ਼ਾਂਮਾਂ ਵੇਲੇ ਅਸਮਾਨ ਵਿਚ ਲਾਲੀ ਛਾ ਜਾਂਦੀ ਸੀ ਤਾਂ ਲੋਕਾਂ ਵਿਚ ਚਰਚਾ ਛਿੱੜ ਜਾਂਦੀ ਸੀ ਕਿ ਕੋਈ ਅਣਹੋਣੀ ਵਾਰਪਨ ਵਾਲੀ ਹੈ। ਅਜੋਕੇ ਸਮੇਂ ਵਿਚ ਬਿਲਕੁਲ ਉਲਟ ਵਾਪਰ ਰਿਹਾ ਹੈ-ਨਾ ਰਾਤ ਨੂੰ ਕੁੱਤੇ ਰੋਂਦੇ ਹਨ ਅਤੇ ਨਾ ਹੀ ਅਸਮਾਨ ‘ਤੇ ਲਾਲੀ ਛਾਂਉਦੀ ਹੈ, ਫਿਰ ਵੀ ਅਨੇਕਾਂ ਅਣਹੋਣੀਆਂ ਹਰ ਰੋਜ ਵਾਪਰ ਰਹੀਆਂ ਹਨ।

ਦਿਨ ਦਿਹਾੜੇ ਕਤਲ ਹੋ ਰਹੇ ਹਨ, ਕਿਸਾਨ ਖੁੱਦਕਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ਿਆਂ ਦੀ ਬਹੁਤਾਤ ਨਾਲ ਜਾਂ ਨਸ਼ਿਆਂ ਦੀ ਤੋਟ ਕਾਰਨ ਮਰ ਰਹੇ ਹਨ। ਇਸ ਬਾਰੇ ਸਰਕਾਰ ਭਾਵੇਂ ਚਿੰਤਿਤ ਨਾ ਹੋਵੇ, ਸਮਾਜ ਚਿਤਿੰਤ ਹੈ ਪਰ ਬੇਵਸ ਹੋਣ ਕਾਰਨ ਕਰ ਕੁਝ ਨਹੀ ਸਕਦਾ। ਨਸ਼ਿਆਂ ਦੇ ਕਾਰੋਬਾਰ ਵਿਚ ਬਹੁਤੇ ਸਿਆਸਤਦਾਨ ਹੋਣ ਕਾਰਨ ਪੁਲਿਸ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਕੈਮੀਕਲ ਨਸ਼ਿਆਂ ਖਾਸ ਤੌਰ ‘ਤੇ ਚਿੱਟੇ ਨਾਲ ਹੋ ਰਹੀਆਂ ਮੌਤਾਂ ਦਾ ਸਰਕਾਰ ਗੰਭੀਰਤਾ ਨਾਲ ਨੋਟਿਸ ਹੀ ਨਹੀਂ ਲੈ ਰਹੀ। ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀ, ਜਿਥੇ ਨੌਜਵਾਨ ਸਮੈਕ ਅਤੇ ਚਿੱਟੇ ਵਰਗੇ ਨਸੇæ ਤੋਂ ਬਚੇ ਹੋਣ। ਦੁੱਖੀ ਮਾਪੇ ਆਪਣੀ ਕਿਸਮਤ ਨੂੰ ਤਾਂ ਰੋ ਹੀ ਰਹੇ ਹਨ ਨਾਲ ਹੀ ਨਸ਼ਿਆਂ ਦੇ ਤਸਕਰਾਂ ਨੂੰ ਵੀ ਪਾਣੀ ਪੀ ਪੀ ਕੋਸ ਰਹੇ ਹਨ ਕਿ ਸਰਕਾਰ ਪੁਲਿਸ ਦੀ ਮਦਦ ਨਾਲ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਤਾਂ ਜੇਲਾਂ ਵਿਚ ਡੱਕ ਰਹੀ ਹੈ ਜਾਂ ਨਸ਼ਾ ਛੁਡਾਉ ਕੇਂਦਰਾਂ ਵਿਚ ਭੇਜ ਰਹੀ ਹੈ ਪਰ ਜੋ ਨਸ਼ਿਆਂ ਦਾ ਕਾਰੋਬਾਰ ਕਰਦੇ ਵੱਡੇ ਮਗਰਮੱਛਾਂ ਨੂੰ ਪਨਾਹ ਦੇ ਰਹੀ ਹੈ।
ਕੁਝ ਦਿਨ ਪਹਿਲਾਂ ਵਟਸ-ਅੱਪ ‘ਤੇ ਮੇਰੇ ਹੀ ਸæਿਹਰ ਦੀ ਇਕ ਬਦਨਸੀਬ ਔਰਤ ਦੀ ਵਾਇਰਲ ਹੋਈ ਵੀਡੀਓ ਪ੍ਰਾਪਤ ਹੋਈ, ਜਿਸ ਵਿਚ ਉਹ ਰੋ ਰੋ ਕੇ ਦੱਸ ਰਹੀ ਹੈ ਕਿ ਉਸ ਦਾ ਸੱਤ ਫੁੱਟ ਲੰਮਾ-ਲੰਝਾ 24 ਸਾਲਾ ਨੌਜਵਾਨ ਪੁੱਤਰ ਚਿੱਟੇ ਨੇ ਨਿਗਲ ਲਿਆ ਅਤੇ ਉਹ ਚਿੱਟੇ ਦੇ ਮੁੱਖ ਸਰਗਨੇ ਸੱਤਾਧਾਰੀ ਪਾਰਟੀ ਦੇ ਉਸ ਮੰਤਰੀ, ਉਸ ਦੀ ਭੈਣ ਅਤੇ ਉਪ ਮੁੱਖੀ ਨੂੰ ਉਨ੍ਹਾਂ ਦੇ ਨਾਮ ਲੈ ਲੈ ਕੇ ਬਦਦੁਆਵਾਂ ਦੇ ਰਹੀ ਹੈ। ਆਪਣਾ ਨਾਮ ਅਤੇ ਸ਼ਹਿਰ ਦੱਸ ਕੇ ਇਹ ਵੀ ਐਲਾਨ ਕਰ ਰਹੀ ਸੀ ਕਿ ਜੇ ਇਹ ਬਿਨਾ ਸੁਰੱਖਿਆ ਤੋਂ ਇਥੇ ਆਏ ਤਾਂ ਉਹ ਇਨ੍ਹਾਂ ਨੂੰ ਸਬਕ ਸਿਖਾਵੇਗੀ ਅਤੇ ਦੱਸੇਗੀ ਕਿ ਪੁਤੱਰਾਂ ਦੇ ਜਾਣ ਦਾ ਦੁੱਖ ਕੀ ਹੁੰਦਾ ਹੈ। ਉਹ ਬਦਦੁਆਵਾਂ ਦਿੰਦੀ ਇਹ ਵੀ ਕਹਿ ਰਹੀ ਸੀ ਕਿ ਉਹ ਇਕੱਲੀ ਨਹੀ ਉਸ ਵਰਗੀਆਂ ਹੋਰ ਵੀ ਹਜਾਰਾਂ ਔਰਤਾਂ ਹਨ ਜੋ ਉਨ੍ਹਾਂ ਨੂੰ ਹਰ ਰੋਜ ਸਵੇਰੇ ਉਠਦੇ ਸਾਰ ਬਦਦੁਆਵਾਂ ਦੇਣੀਆਂ ਸੁਰੂ ਕਰ ਦਿੰਦੀਆਂ ਹਨ। ਔਰਤ ਦੀ ਵੀਡੀਉ ਵਿਚ ਹਾਲਤ ਪਾਗਲਾਂ ਵਰਗੀ ਜਾਪ ਰਹੀ ਸੀ-ਜਵਾਨ ਫੁੱਲ ਦੇ ਸਦਮੇ ਨੂੰ ਸਹਾਰਨਾ ਕੋਈ ਸੌਖਾ ਨਹੀਂ। ਉਸ ਦੀਆਂ ਆਂਦਰਾਂ ਤੜਪ ਰਹੀਆਂ ਹਨ ਤੇ ਉਹ ਚਿੱਟੇ ਦੇ ਤਸਕਰਾਂ ਨੂੰ ਆਪਣੇ ਹੱਥੀਂ ਮਾਰਨਾਂ ਚਾਹੁੰਦੀ ਹੈ। ਕੈਸੀ ਵਿਡੰਬਨਾਂ ਹੈ ਕਿ ਪਰਜਾ ਦੇ ਰਾਖੇ ਹੀ ਪਰਜਾ ਦਾ ਖੂਨ ਪੀ ਰਹੇ ਹਨ! ਸਿਆਸੀ ਲੋਕ ਇਹ ਜਾਣਦੇ ਹੋਏ ਵੀ ਬੜੀ ਬੇਸ਼ਰਮੀ ਨਾਲ ਆਪਣੇ ਆਪ ਨੂੰ ਪਾਕ ਦਾਮਨ ਹੋਣ ਦਾ ਦਾਅਵਾ ਕਰ ਰਹੇ ਹਨ। ਦੂਜੇ ਪਾਸੇ ਪੁਲਿਸ, ਅਫਸਰਸ਼ਾਹੀ ਅਤੇ ਸੱਤਾਧਾਰੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਨਸਿਆਂ ਬਾਰੇ ਕੂੜ ਪ੍ਰਚਾਰ ਪੰਜਾਬ ਨੂੰ ਬਦਨਾਮ ਕਰਨ ਲਈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵਿਰੋਧੀ ਪਾਰਟੀਆਂ ਕਰ ਰਹੀਆਂ ਹਨ। ਵੈਸੇ ਸੱਚਾਈ ਬਾਰੇ ਜਨਤਾ ਸਭ ਜਾਣਦੀ ਹੈ।
ਦੁੱਖੀ ਔਰਤ ਦੀ ਵੀਡੀਓ ਦੇਖ ਕੇ ਮਨ ਬਹੁਤ ਉਦਾਸ ਹੋਇਆ। ਆਪਣੀ ਉਦਾਸੀ ਦੇ ਆਲਮ ‘ਚੋਂ ਬਾਹਰ ਨਿਕਲਣ ਲਈ ਸਹਿਰ ਦੀ ਨੁੱਕਰ ਵਿਚ ਬਣੇ ਪਾਰਕ ਵਿਚ ਚਲਾ ਗਿਆ। ਇਧਰ-ਉਧਰ ਦੋ ਚਾਰ ਮਿੰਟ ਘੁੰਮਣ ਪਿਛੋਂ ਇਕ ਬੈਂਚ ‘ਤੇ ਬੈਠ ਗਿਆ। ਕੀ ਦੇਖਦਾ ਹਾਂ ਕਿ ਉਸ ਬੈਂਚ ਤੇ ਪਹਿਲਾਂ ਹੀ ਬੈਠੇ ਦੋ ਬਜੁਰਗ ਰੋ ਰਹੇ ਸਨ। ਪਤਾ ਨਹੀਂ ਕਿਹੜਾ ਦੁੱਖ ਉਨ੍ਹਾਂ ਨੂੰ ਸਤਾ ਰਿਹਾ ਸੀ। ਥੋੜਾ ਹੌਸਲਾ ਕਰਕੇ ਉਨ੍ਹਾਂ ਦਾ ਦੁੱਖ ਘਟਾਉਣ ਦੇ ਮਨਸ਼ੇ ਨਾਲ ਮੈਂ ਪੁੱਛਿਆ, ਬਜੁਰਗੋ ਕੀ ਗੱਲ ਹੋਈ, ਕਿਉਂ ਰੋ ਰਹੇ ਹੋ? ਤੁਹਾਡੇ ਤੋਂ ਤਾਂ ਸਰਿਆਂ ਨੇ ਹੌਸਲਾ ਲੈਣਾ ਹੈ, ਜੇ ਤੁਸੀਂ ਹੀ ਢੇਰੀ ਢਾਹ ਬੈਠੇ ਫਿਰ ਬੱਚਿਆਂ ਨੂੰ ਹੌਸਲਾ ਕੌਣ ਦੇਊ? ਪਹਿਲਾਂ ਤਾਂ ਬਜੁਰਗ ਮੇਰੇ ਸੁਆਲ ਦਾ ਉਤਰ ਦੇਣ ਲਈ ਤਿਆਰ ਨਾ ਹੋਏ, ਪਰ ਮੇਰੇ ਮੁੜ-ਮੁੜ ਪੁਛੱਣ ‘ਤੇ ਇਕ ਬਜੁਰਗ ਨੇ ਲੰਮਾ ਹਉਕਾ ਲੈਂਦਿਆਂ ਕਬੰਦੀ ਆਵਾਜ ਵਿਚ ਕਹਿਣ ਲੱਗਾ, ਬਰਖੁਰਦਾਰਾ ਮੈ ਤਾਂ ਇਸ ਕਰਕੇ ਰੋ ਰਿਹਾ ਹਾਂ ਕਿ ਮੇਰਾ ਨੌਜਵਾਨ ਪੁਤੱਰ ਇਸ ਦੁਨੀਆਂ ਵਿਚ ਨਹੀਂ ਰਿਹਾ। ਕਮਲੇ ਨੇ ਪਤਾ ਨਹੀਂ ਲਗਣ ਦਿੱਤਾ ਕਦੋਂ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ। ਬਸ ਨਸ਼ੇ ਵਿਚ ਗਲਤਾਨ ਰਹਿਣ ਲੱਗਾ, ਪਤਾ ਹੀ ਉਦੋਂ ਲੱਗਾ ਜਦੋਂ ਪਾਣੀ ਸਿਰ ਤਂੋ ਦੀ ਲੰਘ ਗਿਆ। ਮੈਂ ਦੁਕਾਨਦਾਰੀ ਵਿਚ ਰੁਝਿਆ ਰਿਹਾ ਤੇ ਉਹ ਨਸ਼ਿਆਂ ਵਿਚ। ਇਲਾਜ ਦੀ ਕੋਸ਼ਿਸ਼ ਕੀਤੀ ਪਰ ਪੱਲੇ ਰੋਣ ਤੋਂ ਬਿਨਾਂ ਕੁਝ ਨਹੀ ਪਿਆ। ਬੱਸ ਹੁਣ ਬੈਠੇ ਝੁਰ ਰਹੇ ਹਾਂ ਗੋਡਿਆਂ ਵਿਚ ਸਿਰ ਦੇ ਕੇ। ਘਰ ਵੱਢ ਵੱਢ ਖਾਂਦੈ। ਬਸ ਮਨ ਹੌਲਾ ਕਰਨ ਲਈ ਇੱਥੇ ਆ ਜਾਈਦੈ। ਆਪਣੀ ਦਾਸਤਾਨੇ ਗਮ ਉਸ ਨੇ ਡੁਸਕਦਿਆਂ ਸੁਣਾਈ। ਜਦ ਉਹ ਸਹਿਜ ਹੋਇਆ ਤਾਂ ਕਹਿਣ ਲੱਗਾ, ਇਹ ਭਾਈ ਸਾਹਿਬ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਹਨ, ਇਹ ਇਸ ਲਈ ਰੋ ਰਹੇ ਹਨ ਕਿ ਮੇਰਾ ਪੁੱਤਰ ਮਰਦਾ ਕਿਉ ਨਹੀਂ। ਇਨ੍ਹਾਂ ਦਾ ਪੁਤੱਰ ਵੀ ਚਿੱਟੇ ਦਾ ਪੱਟਿਆ ਹੋਇਐ। ਇਨ੍ਹਾਂ ਦੇ ਦੱਸਣ ਮੁਤਾਬਕ ਉਹ ਸਵੇਰੇ ਅੱਠ ਵਜੇ ਤੱਕ ਤਿੰਨ-ਚਾਰ ਸੌ ਦਾ ਨਸ਼ਾ ਛੱਕ ਜਾਂਦੈ। ਸਾਰੀ ਪੈਨਸਨ ਉਹਦੇ ਹੀ ਢਿੱਡ ਵਿਚ ਜਾਂਦੀ ਹੈ। ਕਈ ਵਾਰ ਤਾ ਰਾਸ਼ਨ ਜੋਗੇ ਪੈਸੇ ਵੀ ਨਹੀ ਬਚਦੇ। ਉਹ ਬਜੁਰਗ ਵਿਚੋਂ ਬੋਲਿਆ, ਕੀ ਕਰੀਏ ਕੱਲਾ-ਕੈਰਾ ਹੋਣ ਕਾਰਨ ਸਭ ਕੁਝ ਕਰਨਾ ਪੈਂਦਾ, ਪੈਸੇ ਨਾ ਦਿਉ ਤਾਂ ਸਮਾਨ ਵੇਚਣ ਤੱਕ ਜਾਂਦੈ, ਇਜੱਤ ਬਚਾਉਣ ਲਈ ਪੈਸੇ ਦੇਣੇ ਪੈਂਦੇ ਨੇ। ਡਾਕਟਰ ਕੋਲ ਲਿਜਾਣ ਦੀ ਗੱਲ ਕਰੀਏ ਤਾਂ ਸਣੇ ਸਾਡੇ ਡਾਕਟਰ ਨੂੰ ਗੰਦੀਆ ਗਾਲ੍ਹਾਂ ਕੱਢਦੈ। ਕਈ ਵਾਰ ਤਾਂ ਮਰਨ-ਮਾਰਨ ਦੀਆਂ ਧਮਕੀਆਂ ਵੀ ਦੇ ਦਿੰਦੈ। ਕਈ ਵਾਰ ਇਲਾਜ ਕਰਵਾਉਣ ਲਈ ਕਿਹੈ, ਮੰਨਦਾ ਹੀ ਨਹੀਂ। ਨਸ਼ਾ ਛਡਾਓ ਕੇਂਦਰ ਵੀ ਕਈ ਫਾਰਮੈਲਟੀਆਂ ਕਰਵਾਉਂਦੇ ਨੇ, ਇਕ ਪ੍ਰਾਈਵੇਟ ਕੇਂਦਰ ਨੇ 80-90 ਹਜਾਰ ਰੁਪਏ ਦਾ ਖਰਚਾ ਗਿਣਵਾ ਦਿੱਤਾ, ਖਾਏ ਖਸਮਾਂ ਨੂੰ ਪੈਸਾ ਵੀ ਦੇਣ ਦਾ ਮਨ ਬਣਾ ਲਿਆ, ਪਰ ਗੱਲ ਕਿਸੇ ਸਿਰੇ ਨਾ ਲਗੀ। ਇਕ ਕੇਂਦਰ ਵਾਲੇ ਕਹਿਣ ਲਗੇ, ਅਸੀਂ ਪੁਲਿਸ ਲੈ ਕੇ ਸਵੇਰੇ-ਸਵੇਰੇ ਆਵਾਂਗੇ ਤੇ ਜਬਰਦਸਤੀ ਚੁੱਕ ਕੇ ਲੈ ਜਾਵਾਂਗੇ। ਇਸ ਨੇ ਗੱਲੀਂ-ਬਾਤੀਂ ਕੇਦਰ ਨਹੀਂ ਜਾਣਾ। ਹੁਣ ਤੂੰ ਦੱਸ ਬਰਖੁਰਦਾਰ ਕਿਹੜੇ ਖੂਹ ਵਿਚ ਡੁੱਬ ਕੇ ਮਰੀਏ। ਸਾਡਾ ਤਾਂ ਜਿਉਣਾ ਦੁਬੱਰ ਹੋਇਆ ਪਿਐ। ਦੋਵੇਂ ਜੀਅ ਇਹੀ ਅਰਦਾਸ ਕਰਦੇ ਆਂ ਬਈ ਜਾਂ ਰੱਬ ਸਾਨੂੰ ਚੁੱਕ ਲਵੇ ਜਾਂ ਫਿਰ ਉਸ ਤੋਂ ਸਾਡਾ ਖਹਿੜਾ ਛੁੱਟ ਜਾਵੇ। ਬਜੁਰਗਾਂ ਦੀ ਵੇਦਨਾਂ ਸੁਣ ਕੇ ਦਿਲ ਕੰਬ ਗਿਆ। ਇਕ ਇਸ ਲਈ ਰੋ ਰਿਹੈ ਕਿ ਉਸ ਦਾ ਪੁੱਤਰ ਰੱਬ ਨੂੰ ਪਿਆਰਾ ਹੋ ਗਿਐ, ਦੂਜਾ ਇਸ ਲਈ ਰੋ ਰਿਹੇ ਕਿ ਉਸ ਦਾ ਇਸ ਜਹਾਨ ਤੋ ਜਾਂਦਾ ਕਿਉਂ ਨਹੀਂ। ਕੈਸੀ ਅਜੀਬ ਸਥਿਤੀ ਹੈ ਮਾਪਿਆਂ ਦੀ? ਅਜਿਹੀ ਹਾਲਤ ਵਿਚ ਸਰਕਾਰ ਕਿਵੇਂ ਕਹਿ ਰਹੀ ਹੈ ਕਿ ਸੂਬੇ ਵਿਚ ਨਸ਼ਾ ਸਿਰਫ ਦੋ ਪ੍ਰਤੀਸ਼ਤ ਹੈ। ਅੱਗ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਹੈ, ਪਤਾ ਤਾਂ ਉਦੋਂ ਲਗਦੈ ਜਦ ਇਹ ਆਪਣੇ ਘਰ ਲਗਦੀ ਐ। ਜਿਸ ਤਨ ਲਾਗੈ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ। ਅਜਿਹੀਆਂ ਦਰਦਨਾਕ ਕਹਾਣੀਆਂ ਸੁਣ ਕੇ ਤਾਂ ਸਿਰਫ ਇਹੀ ਕਿਹਾ ਜਾ ਸਕਦੈ, ਐ ਖੁੱਦਾ! ਮੇਰੇ ਰੰਗਲੇ ਪੰਜਾਬ ‘ਤੇ ਮਿਹਰ ਕਰੀਂ। ਆਮੀਨ।