ਕਾਨਾ ਸਿੰਘ ਵੱਲੋਂ ਪੰਜਾਬੀ ਦੀ ਉਮਦਾ ਸ਼ਾਇਰਾ ਸੁਰਜੀਤ ਸਖੀ ਨਾਲ ਕੀਤੀ ਗਈ ਇਹ ਮੁਲਾਕਾਤ ਤਕਰੀਬਨ ਇਕ ਦਹਾਕਾ ਪੁਰਾਣੀ ਹੈ, ਪਰ ਇਸ ਵਿਚ ਸ਼ਾਇਰੀ, ਸਾਹਿਤ ਅਤੇ ਜੱਗ-ਜਹਾਨ ਬਾਰੇ ਜੋ ਸਵਾਲ-ਜਵਾਬ ਹਨ, ਉਹ ਅੱਜ ਵੀ ਸਾਡੇ ਆਲੇ-ਦੁਆਲੇ ਦੀ ਬਾਤ ਪਾਉਂਦੇ ਜਾਪਦੇ ਹਨ। ਸ਼ਬਦਾਂ ਦੀ ਇਹੀ ਤਾਕਤ ਹੁੰਦੀ ਹੈ ਜੋ ਅਕਸਰ ਸਮੇਂ ਤੋਂ ਪਾਰ ਜਾਂਦੀ ਹੈ ਅਤੇ ਸਰਬ-ਸਮਿਆਂ ਦੇ ਹਾਣ ਦੀ ਹੋ ਨਿਬੜੀ ਹੈ।
ਇਸ ਮੁਲਾਕਾਤ ਤੋਂ ਸੁਰਜੀਤ ਸਖੀ ਦੀ ਸ਼ਾਇਰੀ ਦੇ ਬੜੇ ਸਹਿਜ-ਦਰਸ਼ਨ ਹੁੰਦੇ ਹਨ। -ਸੰਪਾਦਕ
ਕਾਨਾ ਸਿੰਘ
ਫੋਨ:+91-95019-44944
ਕਵਿਤਾ ਉਸ ਨੂੰ ਗੁੜ੍ਹਤੀ ਵਿਚ ਮਿਲੀ ਤੇ ਤਖੱਲਸ ਉਹਦੇ ਪ੍ਰਸ਼ੰਸਕਾਂ ਨੇ ਦਿੱਤਾ। ਉਹ ਨਾ ਦਏ ਆਪਣਾ ਰਾਜ਼ ਕਿਸੇ ਵੀ ਸਖੀ-ਸਖੇ ਨੂੰ। ਉਹਦੀ ਸਖੀ ਕੇਵਲ ਉਹਦੀ ਕਲਮ ਤੇ ਉਸ ਦਾ ਮਿੱਤਰ ਕੇਵਲ ਉਹਦਾ ਕਲਾਮ। ਪੰਜਾਬੀ ਕਾਵਿ ਜਗਤ ਦਾ ਨਵੇਕਲਾ ਹਸਤਾਖਰ ਸੁਰਜੀਤ ਸਖੀ।æææ
? ਸਖੀ ਜੀ, ਆਪਣੇ ਕੁਝ ਖਾਸ ਸ਼ਿਅਰ ਸੁਣਾਓ ਜਿਨ੍ਹਾਂ ਤੋਂ ਤੁਹਾਨੂੰ ਤਸੱਲੀ ਹੋਈ ਹੋਵੇ।
– ਤਸੱਲੀ ਤਾਂ ਕੀ ਹੁੰਦੀ ਹੈ ਕਾਨਾ ਜੀ, ਆਪਣੇ ਸ਼ਿਅਰ ਤਾਂ ਬਸ ਐਵੇਂ ਪ੍ਰੇਸ਼ਾਨ ਹੀ ਕਰਦੇ ਹਨ। ਸੌ ਕਮੀਆਂ ਦਿਸਣ ਲੱਗ ਪੈਂਦੀਆਂ ਹਨ ਸ਼ਿਅਰ ਵਿਚ, ਕੁਝ ਦੇਰ ਬਾਅਦ; ਫੇਰ ਵੀ ਚੰਦ ਖਿਆਲ ਹਾਜ਼ਰ ਹਨ।æææ
? ਇਰਸ਼ਾਦ!
– ਸਾਗਰ ਤੋਂ ਮੈਂ ਘਟਾ ਯਾ ਨਦੀ,
ਇਸ ਲਈ ਬਣਾਂ
ਵੀਰਾਨ ਰਸਤਿਆਂ ਵਿਚੋਂ
ਦੁਬਾਰਾ ਗੁਜ਼ਰ ਸਕਾਂ।
ਡੂੰਘੇ ਬਹੁਤ ਖਿਆਲ
ਬੜੇ ਪੇਤਲੇ ਨੇ ਲਫ਼ਜ਼
ਕੋਸ਼ਿਸ਼ ਕਰਾਂਗੀ ਆਪਾ
ਗਜ਼ਲ ਵਿਚ ਉਤਾਰ ਸਕਾਂ।
0
ਉਂਝ ਤਾਂ ਬੰਦਾ ਬਦਲ ਜਾਂਦਾ ਹੈ
ਘਟਨਾਵਾਂ ਦੇ ਨਾਲ
ਅੰਦਰੋਂ ਜੁੜਿਆ ਹੀ ਰਹਿੰਦੈ ਪਰ,
ਉਹ ਕੁਝ ਥਾਂਵਾਂ ਦੇ ਨਾਲ।
0
ਫਿਰ ਉਸ ਦੇ ਪਾਰਦਰਸ਼ੀ ਹੋਣ ਦਾ
ਕੀ ਅਰਥ ਰਹਿ ਜਾਂਦੈ
ਜੇ ਸ਼ੀਸ਼ਾ ਪਰਦਿਆਂ ਵਿਚ ਹੋ ਰਹੀ
ਸਾਜ਼ਿਸ਼ ‘ਚ ਰਲ ਜਾਏ।
0
ਸੰਜਮ ਦੇ ਨਾਲ ਵਰ੍ਹ ਤੂੰ
ਮਿਰੀ ਪਿਆਸ ‘ਤੇ ਨਾ ਜਾ
ਐਨੀ ਨਮੀ ਨਾ ਦੇ ਕਿ
ਮੈਂ ਔੜਾਂ ਨਾ ਜਰ ਸਕਾਂ।
0
ਫੇਰ ਤੋਂ ਗਲ ਨਾਲ ਲਗ ਕੇ
ਤਰਸਦੀ ਹੈ ਰੋਣ ਨੂੰ
ਖੁਰ ਗਈ ਮਿੱਟੀ ਜੋ
ਇਸ ਪਰਬਤ ਦੀ ਦਰਿਆਵਾਂ ਦੇ ਨਾਲ।
0
ਮੈਥੋਂ ਪੁੱਛ ਨਾ ਹਾਲ ਪੰਜਾਬ ਦਾ
ਇਹ ਸਫ਼ਾ ਹੈ ਸੁਰਖ ਕਿਤਾਬ ਦਾ,
ਜਿਹਨੂੰ ਲਿਖਣ ਵਾਲੇ ਦੇ ਪੋਟਿਆਂ ‘ਚ
ਕਲਮ ਦੀ ਨੋਕ ਉਤਰ ਗਈ।
ਇਹ ਜੋ ਸੜਕਾਂ Ḕਤੇ ਡੁੱਲ੍ਹਿਆ ਲਹੂ ਐ ਖੁਦਾ
ਤੇਰੇ ਸਿਰ ਹੀ ਤਾਂ ਔਂਦਾ ਹੈ ਇਸ ਦਾ ਗਿਲਾ
ਸੀ ਮਨੁੱਖ ਵਿਚ ਜੋ ਜਾਨਵਰ ਸੌਂ ਰਿਹਾ
ਉਹ ਤੇਰਾ ਨਾਮ ਲੈ ਕੇ ਜਗਾਇਆ ਗਿਆ।
? ਬਹੁਤ ਖੂਬ! ਬੜੇ ਗਹਿਰ ਗੰਭੀਰ ਹੋ। ਹੁਣ ਇਹ ਦਸੋ ਕਿ ਸਾਹਿਤ ਦੀ ਮੱਸ ਕੀਕੂੰ ਲੱਗੀ?
– ਸਾਹਿਤ ਦੀ ਮੱਸ ਬਚਪਨ ਤੋਂ ਹੀ ਸੀ। ਘਰੇਲੂ ਮਾਹੌਲ ਕਾਵਿਕ ਸੀ। ਪਿਤਾ ਜੀ ਬੜੇ ਉਚ ਕੋਟੀ ਦੇ ਕਵੀ ਹਨ। ਘਰ ਵਿਚ ਬਹੁਤ ਸਾਹਿਤ ਪੜ੍ਹਿਆ ਜਾਂਦਾ ਸੀ। ਉਨ੍ਹਾਂ ਨੇ ਮੇਰੇ ਉਤੇ ਬੜੀ ਮਿਹਨਤ ਕੀਤੀ। ਮੇਰੀ ਕਾਵਿ ਪ੍ਰਤਿਭਾ ਵਿਚ ਉਹ ਸ਼ਾਮਲ ਹਨ।
? ਕਿਥੇ ਹਨ ਉਹ।
– ਪਤਾ ਨਹੀਂ। ਮੁੱਦਤ ਹੋਈ ਮਾਨਸਿਕ ਰੋਗ ਵੱਸ ਘਰ-ਬਾਰ ਛੱਡ ਕੇ ਤੁਰ ਗਏ ਵੈਰਾਗ ਵਿਚ।
? ਕਦੇ ਮੇਲ ਨਹੀਂ ਹੋਇਆ?
– ਇਕ ਵੇਰਾਂ ਖਤ ਆਇਆ ਸੀ, ਕਿਸੇ ਮਾਨਸਿਕ ਹਸਪਤਾਲ Ḕਚੋਂ। ਉਹ ਵੀ ਮੈਨੂੰ ਹੀ। ਅਸੀਂ ਉਥੇ ਗਏ, ਉਹ ਮਿਲੇ ਨਹੀਂ। ਹੁਣ ਪਤਾ ਨਹੀਂ ਕਿਥੇ ਹਨ। ਇਹ ਗੁੱਝੀ ਪੀੜ ਹੈ।
? ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਤੁਹਾਡੇ ਕੋਲ ਹੈਨ? ਛਪੀਆਂ, ਅਣਛਪੀਆਂ ਕਿਰਤਾਂ।
– ਪੁਸਤਕ ਉਨ੍ਹਾਂ ਕੋਈ ਛਾਪੀ ਨਹੀਂ ਸੀ। ਉਨ੍ਹਾਂ ਦਾ ਕਲਾਮ ਪੈਂਫ਼ਲਿਟ ਦੇ ਰੂਪ ਵਿਚ ਮੇਰੇ ਕੋਲ ਹੈ।
? ਉਨ੍ਹਾਂ ਦੇ ਕਿਸੇ ਸ਼ਿਅਰ ਦਾ ਖਿਆਲ ਤੁਹਾਡੀਆਂ ਨਜ਼ਮਾਂ ਵਿਚ ਆਇਆ ਹੋਵੇ।
– ਨਹੀਂ, ਮੇਰੀ ਕਵਿਤਾ ਵਿਚੋਂ ਕਿਤੇ ਵੀ ਉਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੰਕੇਤ ਨਹੀਂ ਮਿਲਦਾ।
? ਤੁਹਾਡਾ ਪਹਿਲਾ ਪਿਆਰ।
– ਆਪਣਾ ਆਲਾ-ਦੁਆਲਾ, ਖੇਤ, ਹਵਾ, ਹਰਿਆਲੀ, ਜੰਗਲ, ਧੁੱਪ, ਪਹਾੜ, ਨਦੀਆਂ, ਅੰਬਰ, ਬੱਦਲ, ਮੌਸਮਾਂ ਦੇ ਬਦਲਦੇ ਰੂਪæææ।
? ਮੇਰਾ ਮਤਲਬ ਇਸ਼ਕ ਮੁਹੱਬਤ ਤੋਂ ਹੈ, ਰੂਹ ਤੇ ਹਾਣ ਦੀ ਗੱਲ।
– ਤੇ ਉਹ ਮੈਂ ਨਹੀਂ ਕਰਨੀ।
? ਤੁਹਾਡੇ ਪਤੀ।
– ਬੇਹੱਦ ਸਾਊ ਆਦਮੀ। ਬੇਹੱਦ ਮੁਹੱਬਤ ਕਰਨ ਵਾਲੇ। ਉਹ ਮੇਰੀ ਆਵਾਜ਼ ਉਤੇ ਮੋਹਿਤ ਹੋ ਗਏ ਸਨ, ਤੇ ਫੇਰ ਸ਼ਾਦੀæææ।
? ਉਨ੍ਹਾਂ ਦਾ ਤੁਹਾਡੀ ਸਾਹਿਤ ਸਿਰਜਣਾ ਵਿਚ ਯੋਗਦਾਨ?
– ਸਾਹਿਤ ਸਿਰਜਣਾ ਤਾਂ ਮੇਰੀ ਆਪਣੀ ਘਾਲਣਾ ਐ। ਉਨ੍ਹਾਂ ਵੱਲੋਂ ਬਸ ਭਰਪੂਰ ਹੁੰਗਾਰਾ ਮਿਲਦਾ ਹੈ।
? ਵੇਖਿਆ ਗਿਐ ਕਿ ਪਤੀ-ਪਰਿਵਾਰ ਨਾਲ ਜੁੜੀਆਂ ਇਸਤਰੀ ਸਾਹਿਤਕਾਰਾਂ ਦੇ ਸਾਹਿਤ ਦੀ ਸੁਰ ਮੱਧਮ ਹੈ ਜਦ ਕਿ ਛੜੀਆਂ, ਸੁਤੰਤਰ ਜੀਵਨ ਜੀ ਰਹੀਆਂ ਲੇਖਿਕਾਵਾਂ ਜਾਂ ਕਲਾਕਾਰ ਬੇਬਾਕ ਹਨ। ਲਿਖਤਾਂ ਵਿਚ ਵੀ ਬੇਧੜਕ ਤੇ ਆਪਣੀ ਗੱਲ ਕਰਨ ਵਿਚ ਵੀ। ਤੁਹਾਡਾ ਕੀ ਵਿਚਾਰ ਹੈ?
– ਪਤਾ ਨਹੀਂ ਸਾਡੇ ਲੋਕ ਮੱਧਮ ਸੁਰ ਤੇ ਬੇਬਾਕ ਸ਼ਾਇਰੀ ਬਾਰੇ ਕਿਸ ਤਰ੍ਹਾਂ ਦੀ ਰਾਇ ਰੱਖਦੇ ਹਨ। ਬੇਧੜਕ ਸ਼ਾਇਰੀ ਦੇ ਬਹਾਨੇ ਊਲ-ਜਲੂਲ ਕਹੀ ਜਾਣਾ ਮੈਨੂੰ ਤਾਂ ਸ਼ਾਇਰੀ ਦੀ ਤੌਹੀਨ ਲਗਦੀ ਐ। ਸ਼ਾਇਰੀ ਤਾਂ ਬਹੁਤ ਹੀ ਸੂਖਮ ਸ਼ੈਅ ਹੈ। ਸੱਤਾਂ ਪਰਦਿਆਂ ਵਿਚ ਲਿਪਟੀ ਸ਼ਰਮ ਵਰਗੀ। ਖ੍ਹੌਰੀ ਤੋਂ ਖ੍ਹੌਰੀ ਗੱਲ ਨਰਮ ਤੋਂ ਨਰਮ ਲਫ਼ਜ਼ਾਂ ਵਿਚ ਕਹਿ ਸਕਣਾ ਹੀ ਤਾਂ ਸ਼ਾਇਰੀ ਐ। ਮੈਂ ਜੋ ਵੀ ਕਹਿਣਾ ਚਾਹਿਆ ਹੈ, ਖੁੱਲ੍ਹ ਕੇ ਕਿਹਾ ਹੈ।
? ਤੁਹਾਡਾ ਪਰਿਵਾਰਕ ਜੀਵਨ।
– ਪਰਿਵਾਰਕ ਜੀਵਨ ਬਿਲਕੁਲ ਠੀਕ-ਠਾਕ ਐ, ਜਿਵੇਂ ਆਮ ਹੁੰਦਾ ਹੈ। ਮੈਂ ਘਰਦਿਆਂ ਉਤੇ ਕਦੇ ਆਪਣੀ ਸ਼ਾਇਰੀ ਨਹੀਂ ਮੜ੍ਹੀ। ਘਰ ਮੈਂ ਬਿਲਕੁਲ ਆਮ ਵਾਂਗ਼ææਮਾਂ, ਭੈਣ, ਪਤਨੀ ਹੁੰਦੀ ਹਾਂ। ਸਿਰਫ਼ ਸਾਹਿਤ ਰਚਨਾ ਦੇ ਪਲਾਂ ਵਿਚ ਹੀ ਸ਼ਾਇਰ ਹੁੰਦੀ ਆਂ।
? ਪਰ ਘਰ-ਗ੍ਰਹਿਸਥੀ, ਪਰਿਵਾਰਕ ਝਮੇਲੇ, ਕੁਝ ਤਾਂ ਸਿਰਜਣ ਪ੍ਰਕਿਰਿਆ ਵਿਚ ਵਿਘਨ ਪਾਉਂਦੇ ਹੋਣਗੇ।
– ਮੇਰੇ ਆਮ ਗ੍ਰਹਿਸਥਣ ਅਤੇ ਸ਼ਾਇਰਾ ਹੋਣ ਵਿਚ ਇਤਨਾ ਖਾਮੋਸ਼ ਜਿਹਾ ਫਾਸਲਾ ਹੈ ਕਿ ਤੈਅ ਕਰਨ ਲੱਗਿਆਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੰਨੋ-ਕੰਨ ਖਬਰ ਨਹੀਂ ਹੁੰਦੀ। ਕਿਸੇ ਨੂੰ ਪਤਾ ਨਹੀਂ ਲਗਦਾ ਕਿ ਮੈਂ ਕਦੋਂ ਕਵਿਤਾ ਲਿਖਦੀ ਹਾਂ।
? ਇਕੋ ਬੈਠਕ ਵਿਚ ਜਾਂ ਗਾਹੇ-ਬਗਾਹੇ, ਕਦੋਂ ਹੁੰਦੀ ਹੈ ਸਿਰਜਣਾ।
– ਇਹ ਤਾਂ ਕਿਸੇ ਨਜ਼ਮ ਦੇ ਵਿਸਥਾਰ ਮੁਤਾਬਕ, ਵਿਸ਼ੇ ਦੀ ਇਕਸਾਰਤਾ ਦੀ ਗੱਲ ਹੁੰਦੀ ਐ ਕਿ ਉਹ ਇਕੋ ਬੈਠਕ ਵਿਚ ਲਿਖੀ ਜਾਏ ਜਾਂ ਗਾਹੇ-ਬਗਾਹੇ।
? ਤੁਹਾਡੀ ਕਾਵਿ-ਪ੍ਰਤਿਭਾ ਦਾ ਇਕ ਪੱਖ ਤੁਹਾਡੀ ਪਰਪੱਕ ਸਿਆਸੀ ਸੂਝ ਲਗਦੀ ਹੈ ਜਿਸ ਦੀ ਪਛਾਣ ਹੋਰ ਕਵਿਤਰੀਆਂ ਵਿਚ ਘੱਟ-ਵੱਧ ਹੀ ਵੇਖਣ ਵਿਚ ਆਈ ਹੈ। ਉਹ ਨਿੱਜੀ ਪੀੜ ਤੋਂ ਘੱਟ ਹੀ ਮੁਕਤ ਹੋ ਸਕੀਆਂ ਹਨ, ਇਹ ਹਾਸਲ ਕੀਕੂੰ?
– ਸਿਆਸੀ ਸੂਝ ਤਾਂ ਇਸ ਜੁਗ ਵਿਚ ਸਭ ਨੂੰ ਹੀ ਹੈ, ਇਹ ਵੱਖਰੀ ਗੱਲ ਹੈ ਕਿ ਉਹ ਉਸ ਦਾ ਕਿੰਨਾ ਕੁ ਪ੍ਰਭਾਵ ਕਬੂਲਦੇ ਹਨ। ਨਿੱਜ ਤੋਂ ਸਮੂਹ ਤੱਕ ਪਹੁੰਚਣਾ ਤਾਂ ਸ਼ਾਇਦ ਅੱਗ ਦਾ ਦਰਿਆ ਪਾਰ ਕਰਨ ਵਾਲੀ ਗੱਲ ਹੈ। ਜੋ ਸੇਕ ਜਰ ਗਿਆ ਉਹ ਪਾਰ, ਜੋ ਡਰ ਗਿਆ, ਉਹ ਉਰਾਰ!
? ਤੁਹਾਡੀਆਂ ਤਰੱਨੁਮ ਵਿਚ ਕਹੀਆਂ ਗਜ਼ਲਾਂ ਸੁਣਨ ਨੂੰ ਮਿਲੀਆਂ। ਪਰਪੱਕ ਵਿਚਾਰ, ਸੁਰ ਤੇ ਅਦਾਇਗੀ ਦਾ ਸੁਮੇਲ ਜਾਪਦੈ। ਤੁਸੀਂ ਸੰਗੀਤ ਵਿਦਿਆ ਵਿਚ ਪ੍ਰਬਲ ਹੋ?
– ਤਰੱਨੁਮ ਮੈਂ ਸਿੱਖਿਆ ਨਹੀਂ, ਬਸ ਐਵੇਂ ਹੀ ਗੌਣਾ ਚੰਗਾ ਲਗਦਾ ਸੀ। ਸ਼ੁਰੂ ਤੋਂ ਹੀ; ਖਾਸ ਕਰ ਇਕਲਾਪੇ ਵਿਚ। ਗਜ਼ਲ ਦੇ ਸ਼ਿਅਰ ਵੀ ਮੈਨੂੰ ਲਗਦਾ ਹੈ, ਮੇਰੇ ਇਕਲਾਪੇ ਦੇ ਦਰਦ ਵਿਚੋਂ ਫੁੱਟੇ ਅੱਥਰੂ ਹੀ ਹਨ।
? ਕਿਆ ਕਹਿਣੇ!æææਤੇ ਇਸ ਇਕਲਾਪੇ ਦੇ ਸਬੰਧ ਦੀ ਤੁਸਾਂ ਗੱਲ ਨਹੀਂ ਕਰਨੀ, ਚਲੋ ਨਾ ਸਹੀæææਪਰ ਇਹ ਦੱਸੋ ਤੁਹਾਡੇ ਇਕ ਸ਼ਿਅਰ, ‘ਉਹ ਕੁੜੀ ਜੋ ਸੀ ਵਾਰਿਸ ਦੇ ਬੈਂਤ ਵਾਂਗ ਸਪਸ਼ਟ
ਉਹ ਆਪਣੇ ਅਰਥ ਨਾ ਸਮਝੇ ਖੁੱਲ੍ਹੀ ਨਜ਼ਮ ਦੀ ਤਰ੍ਹਾਂ’ ਅਨੁਸਾਰ ਖੁੱਲ੍ਹੀ ਨਜ਼ਮ ਬਾਰੇ ਤੁਹਾਡਾ ਕੀ ਵਿਚਾਰ ਹੈ?
– ਖੁੱਲ੍ਹੀ ਨਜ਼ਮ ਆਪਣੇ ਆਪ ਵਿਚ ਪੂਰਨ ਸਿਨਫ਼ ਹੈ, ਜੇ ਸਿਰਫ਼ ਔਖੇ ਤੇ ਬੇ-ਮਾਅਨੀ ਲਫਜ਼ਾਂ ਦੀ ਨੁਮਾਇਸ਼ ਨਾ ਹੋਵੋ ਤਾਂ।
? ‘ਸਿਮਰੋ’ ਤੇ ‘ਆਜੜੀ’ ਤੁਹਾਡੀਆਂ ਦੋ ਖੁੱਲ੍ਹੀਆਂ ਨਜ਼ਮਾਂ ਹਨ, ਕਥਾ-ਕਾਵਿ। ਇਨ੍ਹਾਂ ਵਿਚ ਤੁਸੀਂ ਆਪਣੀਆਂ ਛੰਦ-ਬੱਧ ਕਵਿਤਾਵਾਂ ਦੇ ਮੁਕਾਬਲੇ ਵਧੇਰੇ ਸਪਸ਼ਟ ਹੋ।
– ‘ਸਿਮਰੋ’ ਤੇ ‘ਆਜੜੀ’ ਦੋਵੇਂ ਅਸਲੋਂ ਹੀ ਵੱਖ-ਵੱਖ ਵਿਸ਼ੇ ਵਸਤੂ ਹਨ। ਵੇਗ ਵਿਚ ਕਹੀਆਂ ਗਈਆਂ ਹਨ। ਸਪਸ਼ਟ ਹੋਣਾ ਸੁਭਾਵਿਕ ਹੀ ਸੀ।
? ਪਰ ਇਨ੍ਹਾਂ ਵਿਚ Ḕਕਹਾਣੀ’ ਕਹਿਣ ਦਾ ਯਤਨ ਹੈ। ਤੁਸਾਂ ਵਾਰਤਕ Ḕਤੇ ਕਦੇ ਹੱਥ ਨਹੀਂ ਅਜ਼ਮਾਇਆ?
– ਮੇਰੀਆਂ ਨਜ਼ਮਾਂ ਵਿਚ ਬੇਸ਼ੱਕ ਕਹਾਣੀ ਅੰਸ਼ ਹੈ, ਪਰ ਉਹ ਸਮੁੱਚੇ ਕਾਵਿਕ ਗੁਣ ਨਾਲ ਲੈ ਕੇ ਚੱਲਦੀਆਂ ਹਨ। ਵਾਰਤਕ ਲਿਖਣ ਦਾ ਮੈਂ ਕਦੇ ਹੀਆ ਨਹੀਂ ਕੀਤਾ।
? ਉਹ ਕਵੀ, ਸਾਹਿਤਕਾਰ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋਏ ਜਾਂ ਹੁੰਦੇ ਹੋ?
– ਬਚਪਨ ਵਿਚ ਤਾਂ ਅੰਮ੍ਰਿਤਾ ਪ੍ਰੀਤਮ ਤੇ ਮੋਹਣ ਸਿੰਘ ਬਹੁਤ ਪੜ੍ਹੇ। ਮੋਹਣ ਸਿੰਘ ਦੀ ‘ਰੱਬ’, ‘ਬਸੰਤ’, ‘ਨੂਰਜਹਾਂ’ ਨੇ ਬਹੁਤ ਟੁੰਬਿਆ। ਬਾਅਦ ਦਾ ਦੌਰ ਤਾਂ ਬਿਲਕੁਲ ਹੀ ਵੱਖਰਾ ਹੋ ਗਿਆ। ਨਵੇਂ ਨਕੋਰ ਰਾਹ ਨਿਕਲੇ। ਪਾਤਰ, ਜਗਤਾਰ ਤੇ ਹੋਰ ਕਿੰਨੇ ਹੀ। ਅੱਜ ਵੀ ਨਵੇਂ ਸ਼ਬਦ- ਗੁਰਤੇਜ ਕੁਹਾਰਵਾਲਾ, ਵਿਜੈ ਵਿਵੇਕ, ਰਾਬਿੰਦਰ ਮਸਰੂਰ, ਆਪਣਾ ਹੀ ਰੰਗ ਰੱਖਦੇ ਹਨ।
? ਤੁਹਾਡੇ ‘ਜਵਾਬੀ ਖਤ’ ਦੀ ਪਹਿਲੀ ਨਜ਼ਮ Ḕਪਛਾਣ’ ਤਾਂ ਇੰਜ ਲਗਦੈ ਜਿਵੇਂ ਮੋਹਨ ਸਿੰਘ ‘ਏਸ਼ੀਆ ਦਾ ਚਾਨਣ’ ਵਰਗਾ ਹੀ ਵਾਤਾਵਰਨ ਬੰਨ੍ਹਦੀ ਹੋਵੇæææਛੰਦ ਵੀ ਉਹੀ।
– ਮੋਹਣ ਸਿੰਘ ਦਾ ਪ੍ਰਭਾਵ ਅਚੇਤ ਹੀ ਕਿਤੇ ਪਿਆ ਹੋਵੇਗਾ।
? ਤੁਹਾਡੀਆਂ ਗਾਈਆਂ ਗਜ਼ਲਾਂ, ਨਜ਼ਮਾਂ ਨਾਲੋਂ ਵਧੇਰੇ ਧੂਹ ਪਾਉਂਦੀਆਂ ਹਨ।
– ਗਜ਼ਲਾਂ ਦਾ ਨਜ਼ਮਾਂ ਨਾਲੋਂ ਵਧੇਰੇ ਅਸਰ ਰੱਖਣ ਦਾ ਕਾਰਨ ਤਰੱਨੁਮ ਹੀ ਹੋਵੇਗਾ।
? ਤੁਹਾਡਾ ਕਿਹੜਾ ਸ਼ਿਅਰ ਤੁਹਾਨੂੰ ਖੁਦ ਨੂੰ ਹੀ ਹੈਰਾਨ ਕਰਦਾ ਹੈ ਕਿ ਕੀਕੂੰ ਸਿਰਜ ਹੋ ਗਿਆ?
– ਕਦੇ ਕਿਸੇ ਸ਼ਿਅਰ ਨੇ ਹੈਰਾਨ ਨਹੀਂ ਕੀਤਾ। ਇੰਨਾ ਜ਼ਰੂਰ ਹੈ ਕਿ ਜੋ ਵੀ ਸ਼ਿਅਰ ਸਾਰੇ ਪੱਖੋਂ ਠੀਕ ਹੋਵੇਗਾ, ਉਹ ਠੀਕ ਹੀ ਹੁੰਦਾ ਹੈ।
? ਜਿਹੜੀ ਨਜ਼ਮ ਤੁਹਾਡੇ ਮੁੱਖੋਂ ਟਪਕਦੀ ਹੈ, ਸਰੋਤੇ ਫੜਕ ਉਠਦੇ ਹਨ, ਪਰ ਜਦੋਂ ਉਸ ਨੂੰ ਪੜ੍ਹਦੇ ਹਾਂ, ਤਾਂ ਉਸ ਤੋਂ ਵੱਧ ਗੰਭੀਰ ਕੋਈ ਹੋਰ, ਤੇ ਫਿਰ ਕੋਈ ਹੋਰæææ’ਜਵਾਬੀ ਖਤ’ ਦੀਆਂ ਨਜ਼ਮਾਂ ਤੇ ਗਜ਼ਲਾਂ ਵਿਚ ਵੀ ਮਿਆਰ ਦਾ ਅੰਤਰ ਹੈ। ਕੀ ਇਹ ਕਾਫੀ ਲੰਮੇ ਅਰਸੇ ਦੀ ਘਾਲਣਾ ਹੈ?
– ਇਹ ਤਾਂ ਸਭ ਵਿਸ਼ੇ, ਵਸਤੂ ਤੇ ਮਾਨਸਿਕ ਅਵਸਥਾ ਉਤੇ ਹੀ ਨਿਰਭਰ ਹੁੰਦਾ ਹੈ। ਕੋਈ ਰਚਨਾ ਵਧੀਆ ਹੋ ਜਾਂਦੀ ਹੈ, ਕੋਈ ਨਹੀਂ ਹੁੰਦੀ। ਸਮੇਂ ਦਾ ਅੰਤਰ ਕੋਈ ਮਾਅਨੇ ਨਹੀਂ ਰੱਖਦਾ।
? ਤੁਸੀਂ ਜੱਗ ਦੀ ਪੀੜ (ਪੰਜਾਬੀ, ਪਛਾਣ, ਖਤ, ਜਵਾਬੀ ਖਤ ਆਦਿ ਵਿਚ) ਖੁੱਲ੍ਹ ਕੇ ਗੱਲ ਕਰਦੇ ਹੋ, ਪਰ ਨਿੱਜ ਦੀ ਪੀੜ ਨੂੰ ਹਮੇਸ਼ਾ ਸੌ ਪਰਦਿਆਂ, ਵਲੇਵਿਆਂ ਵਿਚæææ।
– ਨਿੱਜ ਦੀ ਪੀੜ ਨਿੱਜ ਤਕ ਹੀ ਰਹੇ ਤਾਂ ਠੀਕ ਐ। ਢੰਡੋਰਚੀ ਬਣ ਕੇ ਆਪਣੀ ਪੀੜ ਦਾ ਢੰਡੋਰਾ ਦੇਣਾ ਕੋਈ ਵਧੀਆ ਗੱਲ ਤਾਂ ਨਹੀਂ।
? ‘ਮੈਂ ਤੈਨੂੰ ਢੂੰਡਦੀ ਥੱਕੀ ਨਾ ਬਿਲਕੁਲ।
ਸਿਰੋਂ ਉਚੀ ਮਜ਼੍ਹਬ ਦੀ ਕੰਧ ਟੱਪਦੀ,
ਮੈਂ ਤੈਨੂੰ ਭਾਲਦੀ ਫਿਰਦੀ ਰਹੀ ਹਾਂ।
ਵਲਾ ਕੇ ਗਿਰਦ ਡੋਰੀ ਰਿਸ਼ਤਿਆਂ ਦੀ।’
æææ ਕੌਣ ਸੀ ਉਹ?
– ਪਤਾ ਨਹੀਂ। ਉਹ ਤਾਂ ਸ਼ਾਇਦ ਮੈਂ ਵੀ ਹੁਣ ਤੱਕ ਨਹੀਂ ਜਾਣ ਸਕੀ।
? ‘ਸਦਾ ਲੋਕਾਂ ਸਲਾਹੀ ਤੋਰ ਮੇਰੀ ਤੇ ਜ਼ਖਮੀ ਪੈਰ ਨਾ ਦਿਸੇ ਕਿਸੇ ਨੂੰ!’æææਕੁਝ Ḕਜ਼ਖਮੀ ਪੈਰਾਂ’ ਦਾ ਹਾਲ ਤਾਂ ਦੱਸੋ?
– ਜੇ ਲੋਕੀ ਚੰਗੀ ਤੋਰ ਨਾਲ ਹੀ ਵਰਚ ਜਾਣ, ਤਾਂ ਜ਼ਖਮੀ ਪੈਰਾਂ ਬਾਰੇ ਕੀ ਗੱਲ ਕਰਨੀ ਹੋਈ! ਗੱਲ ਤਾਂ ਪੈਰ ਜ਼ਖ਼ਮੀ ਹੁੰਦਿਆਂ ਹੋਇਆਂ ਵੀ ਸੁਹਣਾ ਤੁਰਨ ਦੇ ਹੌਸਲੇ ਦੀ ਹੈ।
? ਬਹੁਤ ਖੂਬ! ਕੋਈ ਅਜਿਹੀ ਤਾਂਘ, ਲੋਚਾ, ਇਕੋ-ਇਕ ਰੀਝ ਜਿਸ ਦੀ ਸ਼ਿੱਦਤ ਤੋਂ ਬੇਵਸ ਹੋਵੋ, ਤੁਹਾਨੂੰ ਡਰ ਲਗਦਾ ਹੋਵੇ, ਕਿ ਕਿਤੇ ਕੜ ਨਾ ਪਾਟ ਜਾਵੇ?
– ਕੋਈ ਅਜਿਹੀ ਤਾਂਘ ਨਹੀਂ ਜੋ ਸ਼ਬਦਾਂ ਦੀ ਮੁਥਾਜ ਹੋਵੇ। ਜੇ ਹੈ ਵੀ ਤਾਂ ਕੇਵਲ ਮਹਿਸੂਸ ਕਰਨ ਦੀ ਹੱਦ ਤੱਕ। ਜਿਸ ਦਾ ਕੋਈ ਠੋਸ ਹੱਲ ਹੀ ਨਹੀਂ। ਸੋ, ਉਸ ਦਾ ਜ਼ਿਕਰ ਵੀ ਕੀ ਕਰਨਾ!
? ਕਿਹੋ ਜਿਹੇ ਸੁਪਨੇ ਵੇਖਦੇ ਹੋ।
– ਸੁਪਨੇ ਤਾਂ ਸੁਪਨੇ ਹੀ ਹੁੰਦੇ ਹਨ, ਕੋਈ ਗਿਣੇ ਮਿਥੇ ਰੂਪ ਤਾਂ ਨਹੀਂ ਹੁੰਦੇ ਇਨ੍ਹਾਂ ਦੇ।
? ਕਦੇ ਕੋਈ ਸੁਪਨਾ ਸੱਚ ਹੋ ਵਾਪਰਿਆ?
– ਨਹੀਂ, ਕਦੇ ਨਹੀਂ। ਉਹ ਸੁਪਨਾ ਹੀ ਕਾਹਦਾ ਜੋ ਸੱਚ ਹੋ ਵਾਪਰੇ।
? ਕਿਆ ਬਾਤ ਹੈ! ਕਿਸੇ ਸਮਕਾਲੀ ਪੰਜਾਬੀ ਸ਼ਾਇਰਾ ਦਾ ਜ਼ਿਕਰ?
– ਉਹ ਮੇਰਾ ਜ਼ਿਕਰ ਕਰਦੀਆਂ ਨੇ। ਸਭ ਚੰਗਾ ਹੀ ਲਿਖ ਰਹੀਆਂ ਨੇ। ਉਤਰੀ ਭਾਰਤ ਦੇ ਖਿੱਤੇ ਵਿਚ ਤਾਂ ਕਲਮ ਫੜਨ ਦਾ ਹੌਸਲਾ ਹੀ ਬਹੁਤ ਵੱਡੀ ਗੱਲ ਹੈ। ਅੰਦਰ ਕੋਈ ਨਾ ਕੋਈ ਗੱਲ ਹੁੰਦੀ ਹੈ ਤਾਂ ਹੀ ਕਲਮ ਫੜੀ ਜਾਂਦੀ ਹੈ।
? ਵਿਸ਼ਵ ਸਾਹਿਤ ਦੇ ਪਿੜ ਵਿਚ ਸਾਡੀਆਂ ਸਾਹਿਤਕਾਰਾਂ ਕਿਥੇ ਖਲੋਂਦੀਆਂ ਹਨ?
– ਵਿਸ਼ਵ ਪੱਧਰ ਬਾਰੇ ਸੋਚੋ ਤਾਂ ਇਕੋ ਗੱਲ ਚੁਭਦੀ ਹੈ ਕਿ ਅਸੀਂ ਅਜੇ ਔਰਤਪੁਣੇ ਦੇ ਦੁਆਲੇ ਹੀ ਹਾਂ।
? ਨੇੜ ਭਵਿੱਖ ਵਿਚ ਕੀ ਸਿਰਜਣ ਦੀ ਸੰਭਾਵਨਾ ਹੈ?
– ਭਵਿੱਖ ਬਾਰੇ ਪਹਿਲਾਂ ਹੀ ਕੀ ਕਹਿ ਸਕਦੀ ਹਾਂ। ਸ਼ਾਇਰੀ ਵਿਚ ਤਾਂ ਐਸੀ ਗੱਲ ਸੰਭਵ ਨਹੀਂ।
? ਹੁਣ ਤੱਕ ਦੀਆਂ ਤੁਹਾਡੀਆਂ ਕਿਰਤਾਂ?
– ਤਿੰਨ ਪੁਸਤਕਾਂ: ‘ਕਿਰਨਾਂ’, ‘ਅੰਗੂਠੇ ਦਾ ਨਿਸ਼ਾਨ’ ਤੇ ‘ਜਵਾਬੀ ਖਤ’। ਤਿੰਨ ਬੱਚੇ: ਦੋ ਲੜਕੇ, ਇਕ ਲੜਕੀ। ਵੱਡਾ ਲੜਕਾ ਬੰਗਲੌਰ ਵਿਚ ਇੰਜੀਨੀਅਰਿੰਗ ਕਰ ਰਿਹਾ ਹੈ। ਛੋਟਾ ਲੜਕਾ ਫਾਈਨ ਆਰਟਸ ਵਿਚ ਵੋਕਲ ਸੰਗੀਤ ਦੀ ਡਿਗਰੀ ਕਰ ਰਿਹਾ ਹੈ ਤੇ ਬੇਟੀ 12ਵੀਂ ਵਿਚ ਪੜ੍ਹ ਰਹੀ ਹੈ। ਪਤੀ (ਐਮæਈæਐਸ਼) ਵਿਚ ਕਲਰਕ ਹਨ।
? ਤੇ ਉਹ ਵੀ ਤੁਹਾਡੀ ਕਿਰਤ ਹਨ। (ਹਾਸਾ) ਠੀਕ ਹੈ, ਉਨ੍ਹਾਂ ਦੇ ਕਾਬਲ ਪਤੀ ਹੋਣ ਵਿਚ ਵੀ ਸ਼ਾਮਲ ਹੋ ਨਾ! ਜਿਵੇਂ ਤੁਹਾਡੀ ਸਫ਼ਲਤਾ ਵਿਚ ਉਹ।
ਚੁੱਪæææ।
? ਬਹੁਤ ਬਹੁਤ ਧੰਨਵਾਦ ਸਖੀ ਜੀ। ਇਹ ਸਾਡੀ ਪਹਿਲੀ ਤੇ ਰਸਮੀ ਮੁਲਾਕਾਤ ਸੀ। ਤੁਸੀਂ ਬਹੁਤਾ ਨਹੀਂ ਖੁੱਲ੍ਹੇ, ਚਲੋ ਫੇਰ ਸਹੀ। -0-