-ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੇ ਸਰਗਰਮ ਜੀਵਨ ਦੇ ਤਿੰਨ ਦਹਾਕੇ ਦਿੱਲੀ ਰਿਹਾ ਹਾਂ ਤੇ ਤਿੰਨ ਚੰਡੀਗੜ੍ਹ। ਦਿੱਲੀ ਰਹਿੰਦਿਆਂ ਬਹੁਤੀਆਂ ਸ਼ਾਮਾਂ ਜਨਪਥ ਵਾਲੇ ਇੰਡੀਅਨ ਕਾਫ਼ੀ ਹਾਊਸ ਗੁਜ਼ਰਦੀਆਂ। ਇਸ ਦਾ ਉਦਘਾਟਨ ਜਵਾਹਰ ਲਾਲ ਨਹਿਰੂ ਦੇ ਕੈਬਨਿਟ ਮੰਤਰੀ ਕ੍ਰਿਸ਼ਨਾ ਮੈਨਨ ਨੇ ਕੀਤਾ ਸੀ ਤੇ ਬਿਲਾ ਨਾਗਾ ਜਾਣ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵਰਗੇ ਸਿਆਸਤਦਾਨ ਤੇ ਟ੍ਰਿਬਿਊਨ ਦੇ ਸਤਿੰਦਰ ਸਿੰਘ ਵਰਗੇ ਪੱਤਰਕਾਰ ਵੀ ਸ਼ਾਮਿਲ ਸਨ, ਪੰਜਾਬੀ ਕਵੀ ਤਾਰਾ ਸਿੰਘ ਕਾਮਲ ਸਮੇਤ।
ਹੋਰ ਕੋਈ ਉਥੇ ਮਿਲੇ ਨਾ ਮਿਲੇ ਕਾਮਲ ਜ਼ਰੂਰ ਮਿਲ ਜਾਂਦਾ। ਬਲਵੰਤ ਗਾਰਗੀ ਦੇ ਕਹਿਣ ਅਨੁਸਾਰ ਕਾਫੀ ਹਾਊਸ ਵਿਚ ਕਾਮਲ ਦਾ ਨਾ ਹੋਣਾ ਏਦਾਂ ਸੀ ਜਿਵੇਂ ਕੋਈ ਮਹਿਰੌਲੀ ਜਾਵੇ ਤੇ ਉਥੋਂ ਕੁਤਬ ਦੀ ਲਾਠ ਗਾਇਬ ਹੋਵੇ।
ਇਨ੍ਹਾਂ ਕਾਫੀ ਹਾਊਸਾਂ ਦੀ ਇਕ ਖੂਬੀ ਇਹ ਵੀ ਹੈ ਕਿ ਇਨ੍ਹਾਂ ਨਾਲ ਕੰਮ ਕਰਨ ਵਾਲੇ ਬੈਰੇ ਬਦਲੀ ਹੋ ਕੇ ਦੂਰ-ਦੁਰਾਡੀਆਂ ਥਾਵਾਂ ‘ਤੇ ਜਾਂਦੇ ਰਹਿੰਦੇ ਹਨ। ਉਨ੍ਹਾਂ ਦੀ ਚਿੱਟੀ ਵਰਦੀ ਮੁੱਢ ਕਦੀਮੋਂ ਇੱਕ ਹੀ ਹੋਣ ਕਾਰਨ ਤੁਸੀਂ ਉਨ੍ਹਾਂ ਨੂੰ ਪਹਿਚਾਣੋ ਜਾਂ ਨਾ ਉਹ ਤੁਹਾਨੂੰ ਪਹਿਚਾਣਦਿਆਂ ਸਾਰ ਸਲੂਟ ਮਾਰਨ ਵਿਚ ਫੋਰਾ ਨਹੀਂ ਲਾਉਂਦੇ। ਉਨ੍ਹਾਂ ਨੂੰ ਇਹ ਵੀ ਚੇਤੇ ਹੁੰਦਾ ਹੈ ਕਿ ਤੁਸੀਂ ਮਸਾਲਾ ਡੋਸਾ, ਇਡਲੀ, ਬੜਾ, ਉਤਪਮ ਜਾਂ ਉਪਮਾ ਵਿਚੋਂ ਕਿਸ ਦੇ ਸ਼ੌਕੀਨ ਹੋ। ਦਿੱਲੀ ਰਹਿੰਦਿਆਂ ਜਦੋਂ ਵੀ ਜਲੰਧਰ ਜਾਣ ਦਾ ਸਬੱਬ ਬਣਦਾ, ਕੋਈ ਨਾ ਕੋਈ ਬੈਰਾ ਮੈਨੂੰ ਪਹਿਚਾਣ ਲੈਂਦਾ। ਇਕ ਵਾਰੀ ਮੈਂ ਤ੍ਰਿਵੈਂਦਰਮ ਵਾਲੇ ਕਾਫੀ ਹਾਊਸ ਗਿਆ ਤਾਂ ਦੋ ਬੈਰੇ ਸੇਵਾ ਲਈ ਹਾਜ਼ਰ ਹੋ ਗਏ। ਉਨ੍ਹਾਂ ਨੂੰ ਮੇਰੀ ਦਾੜ੍ਹੀ, ਪਗੜੀ ਦੀ ਪਹਿਚਾਣ ਸੀ। ਮੇਰੇ ਨਾਲ ਪਹਿਲਾਂ ਵੀ ਅਜਿਹੀ ਘਟਨਾ ਘੱਟ ਚੁੱਕੀ ਸੀ ਰਾਜਸਥਾਨ ਦੇ ਜੈਪੁਰ ਵਾਲੇ ਕਾਫੀ ਹਾਊਸ ਵਿਚ।
ਚੰਡੀਗੜ੍ਹ ਆਉਣ ਤੋਂ ਪਿੱਛੋਂ ਮੇਰਾ ਇੰਡੀਅਨ ਕਾਫੀ ਹਾਊਸਾਂ ਨਾਲੋਂ ਨਾਤਾ ਟੁੱਟ ਗਿਆ। ਕੁਝ ਸਮੇਂ ਤੋਂ ਸਾਡੇ ਵਾਲੇ 36 ਸੈਕਟਰ ਵਿਚ ਇਸ ਦੀ ਸ਼ਾਖਾ ਖੁੱਲ੍ਹਣ ਦੀਆਂ ਅਫਵਾਹਾਂ ਗਰਮ ਸਨ ਪਰ ਜੂਨ ਮਹੀਨੇ ਦੇ ਅੱਧ ਵਿਚ ਇਸ ਅਫਵਾਹ ਨੂੰ ਬੂਰ ਪੈ ਗਿਆ। ਮੇਰੇ ਲਈ ਇਹ ਸ਼ਾਖਾ ਨਵੀਂ ਦਿੱਲੀ ਦੇ ਕਰੋਲ ਬਾਗ ਦੀ ਚਨਾ ਮਾਰਕੀਟ ਦੇ ਇਕ ਨਿੱਜੀ ਕਾਹਵਾ ਘਰ ਵਰਗੀ ਹੈ ਜਿਹੜਾ ਮੇਰੀ ਰਿਹਾਇਸ਼ ਦੀ ਹੇਠਲੀ ਮੰਜ਼ਿਲ ਵਿੱਚ ਸੀ। ਮੈਨੂੰ ਸਾਊਥ ਇੰਡੀਅਨ ਖਾਣੇ ਦਾ ਚਸਕਾ ਪਿਆਂ 60 ਸਾਲ ਹੋ ਗਏ ਹਨ। ਆਸ ਹੈ ਕਿ ਹੁਣ ਮੈਨੂੰ ਆਪਣੇ ਅੰਤਲੇ ਸਾਹਾਂ ਤੱਕ ਅਜਿਹੇ ਖਾਣੇ ਦੀ ਘਾਟ ਨਹੀਂ ਆਉਣ ਲੱਗੀ। ਅੱਜ ਮੇਰੇ ਸ਼ਹਿਰ ਚੰਡੀਗੜ੍ਹ ਵਿਚ ਦੋ ਇੰਡੀਅਨ ਕਾਫੀ ਹਾਊਸ ਹਨ ਤੇ ਏਸ ਨਾਤੇ ਇਹ ਸ਼ਹਿਰ ਸ਼ਿਮਲਾ, ਜੈਪੁਰ ਤੇ ਨਵੀਂ ਦਿੱਲੀ ਦਾ ਸਾਨੀ ਹੋ ਗਿਆ ਹੈ। ਮੈਨੂੰ ਆਪਣੇ ਵਿਹੜੇ ਕਾਫੀ ਹਾਊਸ ਖੁੱਲ੍ਹਣ ਦਾ ਨਸ਼ਾ ਹੈ।
ਡਾæ ਦੀਵਾਨ ਸਿੰਘ ਕਾਲੇਪਾਣੀ ਦਾ ਅੰਡੇਮਾਨ: ਡਾæ ਦੀਵਾਨ ਸਿੰਘ ਕਾਲੇਪਾਣੀ ਪੰਜਾਬੀ ਦਾ ਅਲਬੇਲਾ ਸ਼ਾਇਰ ਸੀ। ਉਸ ਨੂੰ ਦੂਜੀ ਵੱਡੀ ਜੰਗ ਸਮੇਂ ਗੋਰੀ ਸਰਕਾਰ ਨੇ ਅੰਡੇਮਾਨ ਤੇ ਨਿਕੋਬਾਰ ਵਿਚ ਤਾਇਨਾਤ ਕੀਤਾ ਹੋਇਆ ਸੀ। ਜਦੋਂ ਇਕ ਪੜਾਅ ਉਤੇ ਜਪਾਨ ਦੀਆਂ ਖੂੰਖਾਰ ਫੌਜਾਂ ਨੇ ਅੰਡੇਮਾਨ ਉਤੇ ਧਾਵਾ ਕੀਤਾ ਤਾਂ ਗੋਰੀ ਸਰਕਾਰ ਨੇ ਆਪਣੀਆਂ ਫੌਜਾਂ ਨੂੰ ਅੰਡੇਮਾਨ ਤੋਂ ਭਾਰਤ ਵਾਪਸ ਬੁਲਾ ਲਿਆ ਤੇ ਉਥੋਂ ਦੇ ਵਸਨੀਕਾਂ ਨੂੰ ਵੀ ਇਹੀਓ ਪੇਸ਼ਕਸ਼ ਕੀਤੀ। ਪਰ ਦੀਵਾਨ ਸਿੰਘ ਨੂੰ ਉਥੋਂ ਦੇ ਵਸਨੀਕ ਏਨਾ ਚਾਹੁੰਦੇ ਸਨ ਕਿ ਡਾæ ਸਾਹਿਬ ਦੀ ਹੋਂਦ ਕਾਰਨ ਆਪਣੇ ਆਪ ਨੂੰ ਉਹ ਸੁਰੱਖਿਅਤ ਸਮਝਦੇ ਸਨ। ਜਦੋਂ ਉਹ ਅੰਡੇਮਾਨ ਛੱਡਣ ਤੋਂ ਮੁਨਕਰ ਹੋ ਗਏ ਤਾਂ ਡਾਕਟਰ ਸਾਹਿਬ ਲਈ ਵੀ ਅੰਡੇਮਾਨ ਛੱਡਣਾ ਅਸੰਭਵ ਹੋ ਗਿਆ। ਉਨ੍ਹਾਂ ਨੇ ਆਪਣੀ ਸ੍ਰੀਮਤੀ ਨਾਲ ਦੋਨੋਂ ਬੇਟੀਆਂ ਤੇ ਚਾਰੇ ਬੇਟਿਆਂ ਨੂੰ ਭੇਜ ਦਿੱਤਾ ਪਰ ਖੁਦ ਉਥੇ ਹੀ ਡਟੇ ਰਹੇ। ਉਨ੍ਹਾਂ ਨੇ ਕਾਲੇਪਾਣੀ ਦੀ ਸਜ਼ਾ ਭੁਗਤ ਰਹੇ ਕੈਦੀਆਂ ਤੋਂ ਬਿਨਾਂ ਅੰਡੇਮਾਨ, ਜਿਸ ਨੂੰ ਕਾਲੇਪਾਣੀ ਕਿਹਾ ਜਾਂਦਾ ਸੀ, ਦੇ ਵਸਨੀਕਾਂ ਦੀ ਵੀ ਦੇਖਭਾਲ ਕਰਨੀ ਸੀ।
ਜਪਾਨੀ ਸੈਨਾ ਡਾਕਟਰ ਸਾਹਿਬ ਨੂੰ ਅੰਗਰੇਜ਼ਾਂ ਦਾ ਵੱਡਾ ਹਮਦਰਦ ਸਮਝਦੀ ਸੀ। ਉਨ੍ਹਾਂ ਨੇ 14 ਜਨਵਰੀ 1944 ਨੂੰ ਅਜਿਹੇ ਤਸੀਹੇ ਦਿੱਤੇ ਕਿ ਡਾæ ਦੀਵਾਨ ਸਿੰਘ ਜੇਲ੍ਹ ਵਿਚ ਹੀ ਸ਼ਹੀਦ ਹੋ ਗਏ। ਭਾਰਤ ਅਤੇ ਅੰਡੇਮਾਨ ਦੇ ਸੰਚਾਰ ਸਾਧਨ ਏਨੇ ਮਾੜੇ ਸਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਹ ਖਬਰ ਪੌਣੇ ਦੋ ਸਾਲ ਪਿੱਛੋਂ 16 ਅਕਤੂਬਰ ਦੀ ਹਿੰਦੁਸਤਾਨ ਟਾਈਮਜ਼ ਅਖਬਾਰ ਵਿਚ ਹੀ ਪੜ੍ਹਨ ਨੂੰ ਮਿਲੀ।
ਨਵੀਂ ਦਿੱਲੀ ਰਹਿੰਦਿਆਂ ਡਾæ ਸਾਹਿਬ ਦਾ ਬੇਟਾ ਹਰਵੰਤ ਸਿੰਘ ਢਿੱਲੋਂ ਮੇਰਾ ਏਨਾ ਦੋਸਤ ਬਣ ਗਿਆ ਕਿ ਮੈਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੀ ਸਮਝਿਆ ਜਾਂਦਾ ਹਾਂ। ਅੰਡੇਮਾਨ ਦੇ ਵਸਨੀਕਾਂ ਤੇ ਉਥੋਂ ਦੇ ਆਦਿਵਾਸੀਆਂ ਵਿਚ ਮੇਰੀ ਏਨੀ ਦਿਲਚਸਪੀ ਹੋਈ ਕਿ 1973 ਵਿਚ ਮੈਂ ਪੂਰਾ ਇਕ ਮਹੀਨਾ ਉਥੋਂ ਦੇ ਸਾਰੇ ਦੀਪਾਂ ਵਿਚ ਘੁੰਮਦਾ ਰਿਹਾ ਸਾਂ। ਮੈਂ ਉਥੋਂ ਦੇ ਜੀਵਨ ਦੇ ਬੜੇ ਰੰਗ ਦੇਖੇ ਹਨ।
ਡਾæ ਦੀਵਾਨ ਸਿੰਘ ਦੀ ਔਲਾਦ ਨੇ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਕਿਹੋ ਜਿਹੀਆਂ ਪਦਵੀਆਂ ਪਾਈਆਂ, ਇਸ ਦਾ ਸਬੂਤ ਪਰਿਵਾਰ ਦੇ ਇਕ ਇਕ ਜੀਅ ਦੀ ਚੜ੍ਹਤ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੀ ਲਗਨ ਤੇ ਚੜ੍ਹਤ ਜਾਨਣ ਲਈ ਚੰਡੀਗੜ੍ਹ ਨੇੜੇ ਸਿਸਵਾਂ-ਬੱਦੀ ਸੜਕ ਉਤੇ ਪੈਂਦੇ ਮਾਜਰੀ ਪਿੰਡ ਵਿਚ ਬਣਿਆ ਦੀਵਾਨ ਸਿੰਘ ਕਾਲੇਪਾਣੀ ਅਜਾਇਬ ਘਰ ਦੇਖਿਆ ਜਾ ਸਕਦਾ ਹੈ। ਸਰਕਾਰੀ ਯਾਦਗਾਰਾਂ ਨਾਲੋਂ ਚੰਗਾ।
ਪਿਛਲੇ ਸਾਲ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਥੇ ਤਿੰਨ ਘੰਟੇ ਲਾ ਕੇ ਆਇਆ ਸੀ ਤੇ ਪਿਛਲੇ ਹਫਤੇ ਅੰਡੇਮਾਨ ਤੇ ਨਿਕੋਬਾਰ ਦਾ ਲੈਫਟੀਨੈਂਟ ਗਵਰਨਰ ਸ੍ਰੀ ਏæ ਕੇæ ਸਿੰਘ ਉਸ ਤੋਂ ਵੀ ਵੱਧ ਉਤਸ਼ਾਹ ਨਾਲ ਉਥੇ ਪਹੁੰਚਿਆ ਸੀ। ਉਹ ਕਾਲੇਪਾਣੀ ਦੀ ਨੂੰਹ ਤੇ ਟਰੱਸਟ ਦੀ ਚੇਅਰਪਰਸਨ ਗੁਰਦਰਸਨ ਕੌਰ ਢਿੱਲੋਂ ਨੂੰ ਮਿਲ ਕੇ ਬੜਾ ਖੁਸ਼ ਹੋਇਆ ਸੀ। ਉਸ ਨੇ ਸ਼ਹੀਦ ਦੀ ਅੰਡੇਮਾਨ ਵਿਚ ਮਾਨਤਾ ਦੀਆਂ ਗੱਲਾਂ ਹੀ ਨਹੀਂ ਕੀਤੀਆਂ, ਅਜਾਇਬ ਘਰ ਦੀ ਲਾਇਬਰੇਰੀ, ਤਸਵੀਰਾਂ, ਯਾਦਗਾਰੀ ਵਸਤਾਂ ਨੂੰ ਬੜੇ ਧਿਆਨ ਨਾਲ ਦੇਖਿਆ। ਸ੍ਰੀ ਏæ ਕੇæ ਸਿੰਘ ਦੀ ਸਿਸਵਾਂ ਫੇਰੀ ਨੇ ਮੈਨੂੰ 1973 ਦੀ ਅੰਡੇਮਾਨ ਫੇਰੀ ਚੇਤੇ ਕਰਵਾ ਦਿੱਤੀ ਹੈ।
ਅੰਤਿਕਾ: (ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਸੱਚ)
ਸੱਚ, ਸੂਰਜ ਨੂਰ ਚਮਕਦਾ ਹੈ
ਜੋ ਇਸ ‘ਤੇ ਧਿਆਨ ਜਮਾ ਸਕਦਾ
ਉਹ ਜ਼ੁਲਮਤ ਦੂਰ ਹਟਾ ਸਕਦਾ
ਸੱਚ ਮਹਿੰਗਾ, ਔਖਾ ਮਿਲਦਾ ਹੈ
ਜੋ ਤਲੀ ‘ਤੇ ਜਿੰਦ ਟਿਕਾ ਸਕਦਾ
ਬਸ ਉਹ ਹੀ ਇਸ ਨੂੰ ਪਾ ਸਕਦਾ।