ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਹੋਈਆਂ ਭਰਤੀਆਂ ਵਿਚ ਘਪਲਿਆਂ ਦੇ ਇਕ ਤੋਂ ਬਾਅਦ ਇਕ ਖੁਲਾਸੇ ਨੇ ਅਕਾਲੀ-ਭਾਜਪਾ ਸਰਕਾਰ ਦੇ ਅਕਸ ਉਤੇ ਸਵਾਲ ਖੜ੍ਹੇ ਕਰ ਦਿਤੇ ਹਨ। ਇਨ੍ਹਾਂ ਘੁਟਾਲਿਆਂ ਵਿਚ ਇਕ ਤੋਂ ਬਾਅਦ ਇਕ ਅਕਾਲੀ ਆਗੂ ਘਿਰ ਰਿਹਾ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਹੱਥੀ ਚੜ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮਲੋਟ ਦੇ ਮਿਊਂਸਪਲ ਕੌਂਸਲਰ ਸ਼ਾਮ ਲਾਲ ਡੱਡੀ ਤੋਂ ਅਹਿਮ ਖੁਲਾਸੇ ਹੋਣ ਦੇ ਆਸਾਰ ਹਨ। ਮੁਢਲੀ ਤਫ਼ਤੀਸ਼ ਦੌਰਾਨ ਡੱਡੀ ਨੇ 11 ਵਿਅਕਤੀਆਂ ਨੂੰ ਪੈਸੇ ਨਾਲ ਨੌਕਰੀਆਂ ਦੇ ਯੋਗ ਬਣਾਉਣ ਦੀ ਗੱਲ ਮੰਨ ਲਈ ਹੈ।
ਉਸ ਦਾ ਦਾਅਵਾ ਹੈ ਕਿ ਉਹਨੇ ਮਹਿਜ਼ ਵਿਚੋਲੇ ਦੀ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ (ਅਬਲੂ) ਦੇ ਸਰਪੰਚ ਅਤੇ ਯੂਥ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਉਰਫ ਬਿੱਟੂ ਦੀ ਨੌਕਰੀ ਘੁਟਾਲੇ ਵਿਚ ਸਰਗਰਮ ਸ਼ਮੂਲੀਅਤ ਦੇ ਸਬੂਤ ਵਿਜੀਲੈਂਸ ਹੱਥ ਲੱਗੇ ਸਨ। ਵਿਜੀਲੈਂਸ ਬਿਊਰੋ ਵਲੋਂ ਪਨਸਪ ਵਿਚ ਪੈਸੇ ਦੇ ਕੇ ਭਰਤੀ ਹੋਏ ਤਲਵੰਡੀ ਸਾਬੋ ਦੇ ਦੋ ਭਰਾਵਾਂ ਸ਼ੁਭਮ ਸਿੰਗਲਾ ਅਤੇ ਹਨੀਸ਼ ਸਿੰਗਲਾ ਤੋਂ ਕੀਤੀ ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਮਨਜੀਤ ਸਿੰਘ ਬਿੱਟੂ ਅਤੇ ਸ਼ਗਨਦੀਪ ਸਿੰਘ ਮਾਨ ਰਾਹੀਂ ਦਿੱਲੀ ਨੇੜਲੇ ਇਕ ਸਕੂਲ ਵਿਚ ਜਾ ਕੇ ਇੰਸਪੈਕਟਰ ਗਰੇਡ-2 ਦੀ ਭਰਤੀ ਖਾਤਰ ਲਈ ਜਾਣ ਵਾਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਅਗਾਊਂ ਲੈ ਕੇ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਮਨਜੀਤ ਸਿੰਘ ਬਿੱਟੂ ਬਠਿੰਡਾ ਜ਼ਿਲ੍ਹੇ ਦਾ ਸੀਨੀਅਰ ਯੂਥ ਅਕਾਲੀ ਆਗੂ ਹੈ।
ਇਸ ਭਰਤੀ ਘੁਟਾਲੇ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 1997 ਤੋਂ 2002 ਤੱਕ ਰਹੀ ਸਰਕਾਰ ਸਮੇਂ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਹੋਈਆਂ ਭਰਤੀਆਂ ਵਿਚ ਵੱਡੀ ਪੱਧਰ ਉਤੇ ਹੋਏ ਭ੍ਰਿਸ਼ਟਾਚਾਰ ਨੂੰ ਵੀ ਮਾਤ ਪਾ ਦਿੱਤੀ ਹੈ। ਮੌਜੂਦਾ ਤੰਤਰ ਵਿਚ ਨਾ ਸਿਰਫ ਨੌਕਰੀਆਂ, ਬਲਕਿ ਬਦਲੀਆਂ ਅਤੇ ਨਿਯੁਕਤੀਆਂ ਵਿਚ ਵੀ ਭ੍ਰਿਸ਼ਟਾਚਾਰ ਦਾ ਵਰਤਾਰਾ ਆਮ ਹੋ ਗਿਆ ਹੈ। ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਜਿਥੇ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰ ਨੂੰ ਇਹ ਮੁੱਦਾ ਮਿਲ ਗਿਆ ਹੈ, ਉਥੇ ਭਰਤੀ ਪ੍ਰਕਿਰਿਆ ਰੁਕਣ ਨਾਲ ਉਸ ਨੂੰ ਬੇਰੁਜ਼ਗਾਰਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਵੇਗਾ। ਉਂਜ ਤਾਂ ਪੰਜਾਬ ਸਰਕਾਰ ਨੇ ਪਿਛਲੇ ਤਕਰੀਬਨ ਨੌਂ ਸਾਲਾਂ ਦੌਰਾਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਪੱਖੋਂ ਪਾਸਾ ਹੀ ਵੱਟ ਕੇ ਰੱਖਿਆ, ਪਰ ਕੁਝ ਕੁ ਵਿਭਾਗਾਂ ਵਿਚ ਭਰਤੀਆਂ ਹੋਈਆਂ। ਇਨ੍ਹਾਂ ਭਰਤੀਆਂ ਉਤੇ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਅਤੇ ਮਾਮਲਾ ਵਿਜੀਲੈਂਸ ਬਿਊਰੋ ਕੋਲ ਚਲਾ ਗਿਆ। ਇਸ ਤੋਂ ਬਾਅਦ ਮਾਲ ਵਿਭਾਗ ਵਿਚ ਪਟਵਾਰੀਆਂ ਦੀਆਂ ਅਸਾਮੀਆਂ ਦੀ ਨਿਲਾਮੀ ਦੀਆਂ ਖਬਰਾਂ ਨੇ ਹਾਕਮ ਧਿਰ ਦੀ ਨੀਂਦ ਉਡਾ ਦਿੱਤੀ; ਸਿੱਟੇ ਵਜੋਂ ਸਰਕਾਰ ਨੂੰ ਇਹ ਭਰਤੀ ਪ੍ਰਕਿਰਿਆ ਅੱਧ ਵਿਚਕਾਰ ਰੋਕਣ ਲਈ ਮਜਬੂਰ ਹੋਣਾ ਪਿਆ।
ਸਥਾਨਕ ਸਰਕਾਰਾਂ ਵਿਭਾਗ, ਪੁੱਡਾ ਅਤੇ ਪਨਸਪ ਦੀਆਂ ਅਸਾਮੀਆਂ ਦੀ ਭਰਤੀ ਬਾਰੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੀਆਂ ਤਾਰਾਂ ਵੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਦੀਆਂ ਜਾ ਰਹੀਆਂ ਹਨ। ਇਨ੍ਹਾਂ ਭਰਤੀਆਂ ਸਬੰਧੀ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਤਿੰਨ ਵੱਖ-ਵੱਖ ਕੇਸਾਂ ਨਾਲ ਸਬੰਧਤ ਵਿਅਕਤੀਆਂ ਦੀ ਗ੍ਰਿਫਤਾਰੀ ਨੇ ਇਨ੍ਹਾਂ ਨੌਕਰੀਆਂ ਵਿਚ ਘੁਟਾਲੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਨ੍ਹਾਂ ਨੌਕਰੀਆਂ ਵਿਚ ਹੱਥ ਰੰਗਣ ਵਾਲਿਆਂ ਅਤੇ ਦਲਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਦਾ ਨਾਂ ਬੋਲਦਾ ਹੈ।
ਬੇਰੁਜ਼ਗਾਰਾਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ : ਭਰਤੀ ਘੁਟਾਲਿਆਂ ਦੇ ਸਾਹਮਣੇ ਆਉਣ ਨਾਲ ਸਰਕਾਰ ਵੱਲੋਂ ਚਾਲੂ ਸਾਲ ਦੌਰਾਨ ਇਕ ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦਿਆਂ ਉਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਪਨਸਪ, ਪੁੱਡਾ ਅਤੇ ਸਥਾਨਕ ਸਰਕਾਰਾਂ ਵਿਭਾਗ ਵਿਚ ਹੋਈਆਂ ਭਰਤੀਆਂ ਦੇ ਘੁਟਾਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਬਿਊਰੋ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਸਕੱਤਰਾਂ ਨੂੰ ਬਾਕਾਇਦਾ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਨਵੀਆਂ ਭਰਤੀਆਂ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਮਿਲਣ ਉਤੇ ਬਿਊਰੋ ਨੂੰ ਸੂਚਿਤ ਕੀਤਾ ਜਾਵੇ।
________________________
ਆਗੂਆਂ ਨੂੰ ਭਾਜੜਾਂ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਾਮ ਲਾਲ ਡੱਡੀ ਨੇ ਮੁਢਲੀ ਤਫ਼ਤੀਸ਼ ਦੌਰਾਨ 11 ਵਿਅਕਤੀਆਂ ਨੂੰ ਪੈਸੇ ਨਾਲ ਨੌਕਰੀਆਂ ਦੇ ਯੋਗ ਬਣਾਉਣ ਦੀ ਗੱਲ ਮੰਨ ਲਈ ਹੈ। ਉਸ ਦਾ ਦਾਅਵਾ ਹੈ ਕਿ ਉਹਨੇ ਮਹਿਜ਼ ਵਿਚੋਲੇ ਦੀ ਭੂਮਿਕਾ ਨਿਭਾਈ। ਸ਼ਾਮ ਲਾਲ ਦੇ ਵਿਜੀਲੈਂਸ ਦੀ ਗ੍ਰਿਫਤ ‘ਚ ਆਉਣ ਤੋਂ ਬਾਅਦ ਹਾਕਮ ਪਾਰਟੀ ਦੇ ਕਈ ਆਗੂਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਅਕਾਲੀ ਦਲ ਦੇ ਕਈ ਆਗੂਆਂ ਦੀ ਨੌਕਰੀ ਘੁਟਾਲੇ ਵਿਚ ਭਾਵੇਂ ਸਿੱਧੀ ਸ਼ਮੂਲੀਅਤ ਦੇ ਅਜੇ ਕੋਈ ਸਬੂਤ ਨਹੀਂ, ਪਰ ਇਨ੍ਹਾਂ ਨੇਤਾਵਾਂ ਨੇ ਨਿਲਾਮੀ ਕਰਨ ਵਾਲਿਆਂ ਦੀ ਸਰਪ੍ਰਸਤੀ ਕੀਤੀ ਹੈ।