ਹਕੀਕਤ ਦੀਆਂ ਹਰਕਾਈਆਂ

ਬਰਤਾਨੀਆ ਵਿਚ ਯੂਰਪੀ ਯੂਨੀਅਨ ਬਾਰੇ ਹੋਈ ਰਾਏਸ਼ੁਮਾਰੀ ਅਤੇ ਅਰਜਨਟੀਨਾ ਦੇ ਸੰਸਾਰ ਪ੍ਰਸਿੱਧ ਖਿਡਾਰੀ ਲਿਓਨਲ ਮੈਸੀ ਵੱਲੋਂ ਫੁੱਟਬਾਲ ਤੋਂ ਸਨਿਆਸ ਦੇ ਫੈਸਲਿਆਂ ਨੇ ਅੱਜ ਕੱਲ੍ਹ ਤਰਥੱਲੀ ਮਚਾਈ ਹੋਈ ਹੈ। ਹੁਣ ਤਕ ਦੇ ਆਸਾਰ ਇਹੀ ਸਨ ਕਿ ਬਰਤਾਨੀਆ ਦੇ ਲੋਕ ਯੂਰਪੀ ਯੂਨੀਅਨ ਦੇ ਨਾਲ ਰਹਿਣ ਦਾ ਫਤਵਾ ਦੇਣਗੇ, ਪਰ ਸਭ ਕੁਝ ਉਲਟਾ-ਪੁਲਟਾ ਹੋ ਗਿਆ। ਇਸੇ ਤਰ੍ਹਾਂ ਖੇਡ ਮੈਦਾਨ ਵਿਚ ਵਿਰੋਧੀ ਖਿਡਾਰੀਆਂ ਨੂੰ ਹਰਕਾਈਆਂ (ਡਾਜ ਦੇਣਾ) ਨਾਲ ਪਛਾੜਨ ਵਾਲੇ ਮਿਸਾਲੀ ਖਿਡਾਰੀ ਮੈਸੀ ਦੇ ਚਾਣਚੱਕ ਫੈਸਲੇ ਨਾਲ ਸਭ ਦੰਗ ਰਹਿ ਗਏ ਹਨ।

ਮੈਸੀ ਦੇ ਫੈਸਲੇ ਨਾਲ ਭਾਵੇਂ ਖੇਡ ਜਾਂ ਖੇਡ ਪ੍ਰਬੰਧ ਉਤੇ ਕੋਈ ਖਾਸ ਅਸਰ ਨਹੀਂ ਪਿਆ ਤੇ ਨਾ ਹੀ ਪੈਣਾ ਹੈ, ਪਰ ਬਰਤਾਨਵੀ ਲੋਕਾਂ ਦੇ ਫੈਸਲੇ ਨੇ ਸਾਰਾ ਸੰਸਾਰ ਹਿਲਾ ਕੇ ਰੱਖ ਦਿੱਤਾ ਹੈ। ਸਿਆਸੀ ਅਤੇ ਆਰਥਿਕ ਮਾਹਿਰ ਭਾਵੇਂ ਇਸ ਅਸਰ ਨੂੰ ਵਕਤੀ ਹੀ ਗਰਦਾਨ ਰਹੇ ਹਨ, ਪਰ ਇਹ ਤੈਅ ਹੈ ਕਿ ਇਸ ਦਾ ਅਸਰ ਸੰਸਾਰ ਦੀ ਆਰਥਿਕਤਾ ਉਤੇ ਪੈਣਾ ਹੀ ਹੈ। ਪੰਜਾਬੀਆਂ ਉਤੇ ਇਸ ਦਾ ਕੀ ਅਸਰ ਪਵੇਗਾ, ਇਹ ਚਰਚਾ ਵੀ ਮੀਡੀਆ ਅੰਦਰ ਚੱਲ ਪਈ ਹੈ। ਮਾਹਿਰਾਂ ਨੇ ਰਾਏ ਦਿਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਬਰਤਾਨੀਆ ਨੇ ਇੰਮੀਗਰੇਸ਼ਨ ਨੀਤੀਆਂ ਵਿਚ ਤਬਦੀਲੀ ਕਰਨੀ ਹੈ ਅਤੇ ਇਹ ਪਹਿਲਾਂ ਨਾਲੋਂ ਵੱਧ ਸਖਤ ਹੋ ਜਾਣਗੀਆਂ। ਇਸ ਨਾਲ ਬਰਤਾਨੀਆ ਜਾਣ ਵਾਲਾ ਰਾਹ ਹੋਰ ਔਖੇਰਾ ਹੋ ਜਾਵੇਗਾ। ਇਕ ਵਿਚਾਰ ਇਹ ਵੀ ਉਭਰਿਆ ਹੈ ਕਿ ਬਰਤਾਨੀਆ ਦਿਲ ਨਾਲ ਯੂਰਪੀ ਯੂਨੀਅਨ ਦਾ ਮੈਂਬਰ ਨਹੀਂ ਸੀ ਬਣਿਆ, ਸਗੋਂ ਸਿਆਸੀ ਅਤੇ ਆਰਥਿਕ ਮਜਬੂਰੀਆਂ ਕਾਰਨ ਇਸ ਨੇ ਇਸ ਯੂਨੀਅਨ ਵਿਚ ਰਲਣ ਦਾ ਫੈਸਲਾ ਕੀਤਾ ਸੀ। ਇਸੇ ਕਰ ਕੇ ਯੂਨੀਅਨ ਵਿਚ ਸ਼ਾਮਲ ਹੋਰ ਸਾਰੇ ਮੁਲਕਾਂ ਵੱਲੋਂ ਸਾਂਝੀ ਮੁਦਰਾ ‘ਯੂਰੋ’ ਅਪਨਾਉਣ ਦੇ ਬਾਵਜੂਦ ਆਪਣੀ ਮੁਦਰਾ ਪੌਂਡ ਵਿਚ ਹੀ ਕਾਰੋਬਾਰ ਜਾਰੀ ਰੱਖਿਆ। ਅਸਲ ਵਿਚ ਯੂਰਪੀ ਯੂਨੀਅਨ ਤੋਂ ਵੱਖ ਹੋਣ ਬਾਰੇ ਚਰਚਾ ਦਾ ਮਸਲਾ ਮੁੱਖ ਰੂਪ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨਾਲ ਜੁੜਿਆ ਹੋਇਆ ਹੈ। ਇਸ ਪਾਰਟੀ ਦਾ ਇਕ ਹਿੱਸਾ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਇਸ ਕਰ ਕੇ ਹਮਾਇਤ ਕਰ ਰਿਹਾ ਸੀ ਤਾਂ ਕਿ ਦੂਜੇ ਮੁਲਕਾਂ ਦੇ ਕਾਮਿਆਂ ਦੇ ਆ ਰਹੇ ‘ਹੜ੍ਹ’ ਨੂੰ ਠੱਲ੍ਹ ਪੈ ਸਕੇ। ਇਹ ਉਸੇ ਤਰ੍ਹਾਂ ਦੇ ਵਿਚਾਰ ਸਨ ਜਿਸ ਤਰ੍ਹਾਂ ਦੇ ਵਿਚਾਰ ਅੱਜ ਕੱਲ੍ਹ ਅਮਰੀਕਾ ਦੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਡੋਨਲਡ ਟ੍ਰੰਪ ਪ੍ਰਗਟ ਕਰ ਰਿਹਾ ਹੈ। ਬਰਤਾਨੀਆ ਦੀ ਵਿਰੋਧੀ ਧਿਰ, ਲੇਬਰ ਪਾਰਟੀ ਭਾਵੇਂ ਮੁਲਕ ਨੂੰ ਯੂਰਪੀ ਯੂਨੀਅਨ ਵਿਚ ਰੱਖੇ ਜਾਣ ਦੇ ਹੱਕ ਵਿਚ ਸੀ, ਪਰ ਇਸ ਪਾਰਟੀ ਦੇ ਆਗੂਆਂ ਨੇ ਸੱਤਾਧਾਰੀ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਰਾਏਸ਼ੁਮਾਰੀ ਦੌਰਾਨ ਉਤਨਾ ਜ਼ੋਰ ਨਹੀਂ ਲਗਾਇਆ ਜਿੰਨਾ ਲਗਾਉਣਾ ਚਾਹੀਦਾ ਸੀ। ਇਸੇ ਕਰ ਕੇ ਹੁਣ ਲੇਬਰ ਪਾਰਟੀ ਅੰਦਰ ਵੀ ਬਗਾਵਤ ਦੀਆਂ ਚਿਣਗਾਂ ਫੁੱਟ ਰਹੀਆਂ ਹਨ ਅਤੇ ਖਾਨਾਜੰਗੀ ਕੰਜ਼ਰਵੇਟਿਵ ਪਾਰਟੀ ਵਾਲੀ ਹਾਲਤ ਤੋਂ ਵੀ ਅਗਾਂਹ ਲੰਘ ਗਈ ਹੈ। ਇਉਂ ਆਉਣ ਵਾਲੇ ਦਿਨਾਂ ਵਿਚ ਸੰਸਾਰ ਉਤੇ ਇਸ ਫੈਸਲੇ ਦਾ ਅਸਰ ਪ੍ਰਤੱਖ ਨਜ਼ਰ ਆਵੇਗਾ।
ਦੂਜੇ ਬੰਨੇ, ਲਿਓਨਲ ਮੈਸੀ ਦਾ ਫੈਸਲਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਉਹ ਇਸ ਵੇਲੇ ਸੰਸਾਰ ਦਾ ਬਿਹਤਰੀਨ ਖਿਡਾਰੀ ਹੈ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਅਤੇ ਉਸ ਨੇ ਆਪਣੀ ਖੇਡ ਸਦਕਾ ਇਹ ਸਾਬਤ ਵੀ ਕੀਤਾ ਹੈ। ਖੇਡਣ ਦੇ ਪੱਖ ਤੋਂ ਉਸ ਦੀ ਤੁਲਨਾ ਉਸ ਦੇ ਹਮਵਤਨੀ ਮੈਰਾਡੋਨਾ ਨਾਲ ਕੀਤੀ ਜਾਂਦੀ ਹੈ। ਇਕ ਹੋਰ ਹਮਵਤਨੀ ਪਾਬਲੋ ਏਮਰ ਦੀ ਤੁਲਨਾ ਵੀ ਅਕਸਰ ਮੈਰਾਡੋਨਾ ਨਾਲ ਕੀਤੀ ਜਾਂਦੀ ਰਹੀ ਹੈ, ਪਰ ਮੈਸੀ ਬਹੁਤ ਛੇਤੀ ਹੀ ਪਾਬਲੋ ਤੋਂ ਅਗਾਂਹ ਲੰਘ ਗਿਆ ਅਤੇ ਉਸ ਨੇ ਸੰਸਾਰ ਫੁੱਟਬਾਲ ਵਿਚ ਆਪਣਾ ਵੱਖਰਾ ਮੁਕਾਮ ਬਣਾ ਲਿਆ। ਉਂਜ ਮੈਰਾਡੋਨਾ ਅਤੇ ਮੈਸੀ ਵਿਚਕਾਰ ਫਰਕ ਕੌਮੀ ਟੀਮ ਦੀ ਬੁਲੰਦੀ ਦੇ ਮਾਮਲੇ ਵਿਚ ਹੈ। ਮੈਰਾਡੋਨਾ ਦੀ ਬਦੌਲਤ ਅਰਜਨਟੀਨਾ ਦੀ ਟੀਮ ਨੇ ਬੁਲੰਦੀਆਂ ਛੋਹੀਆਂ, ਪਰ ਮੈਸੀ ਦੇ ਮਾਮਲੇ ਵਿਚ ਕੌੜਾ ਸੱਚ ਇਹੀ ਹੈ ਕਿ ਉਹ ਆਪਣੀ ਟੀਮ, ਅਰਜਨਟੀਨਾ ਨੂੰ ਜਿੱਤ ਦਾ ਉਹ ਸਿਹਰਾ ਨਹੀਂ ਬੰਨ੍ਹਵਾ ਸਕਿਆ ਜਿਸ ਤਰ੍ਹਾਂ ਦੀ ਤਵੱਕੋ ਉਸ ਤੋਂ ਕੀਤੀ ਜਾ ਰਹੀ ਸੀ। ਤੱਥ ਬੋਲਦੇ ਹਨ ਕਿ ਕਲੱਬ ਫੁੱਟਬਾਲ ਦਾ ਉਹ ਸਫਲ ਖਿਡਾਰੀ ਹੈ, ਪਰ ਮੁਲਕ ਦੀ ਟੀਮ ਨੂੰ ਬੁਲੰਦੀ ਉਤੇ ਪਹੁੰਚਾਉਣਾ ਉਸ ਦੇ ਹਿੱਸੇ ਨਹੀਂ ਆ ਸਕਿਆ। ਉਸ ਨੇ ਖੁਦ ਵੀ ਕਿਹਾ ਹੈ ਕਿ ਕੌਮੀ ਟੀਮ ਲਈ ਉਸ ਦੀ ਖੇਡ ਖਤਮ ਹੋ ਚੁੱਕੀ ਹੈ। ਹੁਣ ਕੋਪਾ ਅਮੈਰਿਕਾ ਦੇ ਜਿਸ ਫਾਈਨਲ ਮੈਚ ਤੋਂ ਬਾਅਦ ਮੈਸੀ ਨੇ ਆਪਣਾ ਫੈਸਲਾ ਸੁਣਾਇਆ ਹੈ, ਉਸ ਵਿਚ ਮੈਸੀ ਪੈਨਲਟੀ ਰਾਹੀਂ ਗੋਲ ਨਹੀਂ ਕਰ ਸਕਿਆ। ਅਜਿਹਾ ਨਹੀਂ ਕਿ ਪਹਿਲਾਂ ਅਜਿਹਾ ਕਦੀ ਨਹੀਂ ਹੋਇਆ; ਇਟਲੀ ਦੇ ਰੋਬਰਟੋ ਬੈਜੀਓ, ਬਰਤਾਨੀਆ ਦੇ ਡੇਵਿਡ ਬੈਕਹਮ, ਬ੍ਰਾਜ਼ੀਲ ਦੇ ਜਿਕੋ ਅਤੇ ਫਰਾਂਸ ਦੇ ਡੇਵਿਡ ਟ੍ਰੈਜਗਟ ਵਰਗੇ ਧੁਨੰਤਰ ਖਿਡਾਰੀ ਫੈਸਲਾਕੁਨ ਪਲਾਂ ਦੌਰਾਨ ਆਪਣੀ ਖੇਡ-ਕਲਾ ਦਾ ਜਾਦੂ ਨਹੀਂ ਸਨ ਚਲਾ ਸਕੇ ਅਤੇ ਉਨ੍ਹਾਂ ਨੂੰ ਵੀ ਮੈਸੀ ਵਾਂਗ ਇਹ ਪੀੜ ਹੰਢਾਉਣੀ ਪਈ ਸੀ, ਪਰ ਮੈਸੀ ਲਈ ਇਹ ਪੀੜ ਦੂਹਰੀ-ਤੀਹਰੀ ਸੀ। ਖੇਡ ਦੇ ਮੈਦਾਨ ਵਿਚ ਜਿੱਤ-ਹਾਰ ਦੇ ਮਾਇਨੇ ਭਾਵੇਂ ਕੋਈ ਖਾਸ ਨਹੀਂ ਹੁੰਦੇ, ਮਸਲਾ ਜੂਝ ਕੇ ਖੇਡਣ ਦਾ ਹੁੰਦਾ ਹੈ, ਪਰ ਅਰਜਨਟੀਨਾ ਪਿਛਲੇ ਦੋ ਦਹਾਕਿਆਂ ਤੋਂ ਵੱਡੀ ਜਿੱਤ ਦੀ ਆਸ ਲਾਈ ਬੈਠਾ ਹੈ ਅਤੇ ਇਹ ਸੋਕਾ ਫਿਲਹਾਲ ਟੁੱਟ ਨਹੀਂ ਰਿਹਾ। ਪਿਛਲੇ ਕੁਝ ਸਾਲਾਂ ਦੌਰਾਨ ਜਦੋਂ ਮੈਸੀ ਦਾ ਡੰਕਾ ਵੱਜਣਾ ਸ਼ੁਰੂ ਹੋਇਆ ਤਾਂ ਸਭ ਦੀਆਂ ਨਜ਼ਰਾਂ ਮੈਸੀ ਅਤੇ ਅਰਜਨਟੀਨਾ ਉਤੇ ਲੱਗੀਆਂ ਹੋਈਆਂ ਸਨ। ਹੁਣ ਮੈਰਾਡੋਨਾ ਅਤੇ ਉਸ ਦੇ ਲੱਖਾਂ-ਕਰੋੜਾਂ ਪ੍ਰਸ਼ੰਸਕਾਂ ਨੇ ਉਸ ਨੂੰ ਭਾਵੇਂ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਆਖਿਆ ਹੈ, ਪਰ ਮੈਸੀ ਦੇ ਖੇਡ ਕਰੀਅਰ ਵਿਚ ਕੋਪਾ ਅਮੈਰਿਕਾ ਦਾ ਇਹ ਫਾਈਨਲ ਆਰ ਬਣ ਕੇ ਚੁਭ ਗਿਆ ਹੈ। ਇਹ ਚੋਭ ਕੋਈ ਨਵਾਂ ਮੈਸੀ ਹੀ ਘਟਾ ਸਕਦਾ ਹੈ। ਸੰਸਾਰ ਦਾ ਇਤਿਹਾਸ ਇਸੇ ਤਰ੍ਹਾਂ ਬਣਦਾ-ਵਿਗਸਦਾ ਆਇਆ ਹੈ।