ਰਾਏਸ਼ੁਮਾਰੀ: ਬਰਤਾਨੀਆ ਤੇ ਯੂਰਪੀ ਯੂਨੀਅਨ ਦੇ ਰਾਹ ਹੋਏ ਵੱਖ

ਲੰਡਨ: ‘ਬ੍ਰਿਐਗਜ਼ਿਟ’ ਰਾਏਸ਼ੁਮਾਰੀ ਦੇ ਨਤੀਜੇ ਨਾਲ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਵੱਖ ਹੋ ਗਏ ਹਨ। ਇਸ ਇਤਿਹਾਸ ਰਾਏਸ਼ੁਮਾਰੀ ਦੇ ਨਤੀਜੇ ਦੇ ਨਾਲ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਬਰਤਾਨੀਆ ਦਾ ਤੋੜ ਵਿਛੋੜਾ 28 ਮੁਲਕਾਂ ਵਾਲੀ ਯੂਰਪੀ ਯੂਨੀਅਨ ਲਈ ਝਟਕਾ ਹੈ। ਇਸ ਬਾਅਦ ਕੌਮਾਂਤਰੀ ਬਾਜ਼ਾਰ ਵਿਚ ਉਥਲ ਪੁਥਲ ਹੋਈ ਅਤੇ ਇਸ ਦੇ ਨਾਲ ਹੀ ਯੂæਕੇ ਵਿਚ ਇਮੀਗਰੇਸ਼ਨ ਅਤੇ ਹੋਰ ਮੁੱਦੇ ਉੱਠ ਖੜ੍ਹੇ ਹਨ।

ਨਤੀਜੇ ਵਿਚ 51æ9 ਫੀਸਦੀ ਵੋਟਰਾਂ (17,410,742) ਨੇ ਬ੍ਰਿਟੇਨ ਤੇ ਯੂਰਪੀ ਯੂਨੀਅਨ ਦੇ ਚਾਰ ਦਹਾਕਿਆਂ ਤੋਂ ਵੱਧ ਪੁਰਾਣੇ ਰਿਸ਼ਤੇ ਤੋੜਨ ਦੇ ਪੱਖ ਵਿਚ ਵੋਟਾਂ ਪਾਈਆਂ ਹਨ ਜਦੋਂ ਕਿ 48æ1 ਫ਼ੀਸਦੀ ਵੋਟਰ (16,141,241) ਇਸ ਸੰਸਥਾ ਵਿਚ ਬਣੇ ਰਹਿਣ ਦੇ ਪੱਖ ਵਿਚ ਭੁਗਤੇ ਹਨ। ਇਸ ਤਰ੍ਹਾਂ 1,269,501 ਵੋਟਾਂ ਦੇ ਫਰਕ ਨਾਲ ਬਰਤਾਨੀਆ ਦਾ ਵੱਖ ਹੋਣ ਵਾਲਾ ਕੈਂਪ ਜੇਤੂ ਰਿਹਾ। ਜਰਮਨੀ ਬਾਅਦ ਬ੍ਰਿਟੇਨ ਯੂਰਪ ਦੀ ਸਭ ਤੋਂ ਵੱਡੀ ਆਰਥਿਕਤਾ ਹੈ ਅਤੇ ਗਰੀਨਲੈਂਡ ਬਾਅਦ ਇਹ ਸੰਸਥਾ ਛੱਡਣ ਵਾਲਾ ਉਹ ਦੂਜਾ ਮੁਲਕ ਹੈ। ਲੰਡਨ, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਨੇ ਯੂਰਪੀ ਯੂਨੀਅਨ ਵਿਚ ਬਣੇ ਰਹਿਣ ਦੇ ਹੱਕ ਵਿਚ ਸਪੱਸ਼ਟ ਫ਼ਤਵਾ ਦਿੱਤਾ, ਪਰ ਇੰਗਲੈਂਡ ਦੇ ਉੱਤਰ, ਮਿੱਡਲੈਂਡ ਰਿਜਨ, ਵੇਲਜ਼ ਅਤੇ ਜ਼ਿਆਦਾਤਰ ਇੰਗਲਿਸ਼ ਕਾਊਂਟੀਆਂ ਨੇ ਤੋੜ ਵਿਛੋੜੇ ਦੇ ਪੱਖ ਵਿਚ ਵੋਟਾਂ ਪਾਈਆਂ।
ਦਰਅਸਲ, ਰਾਏਸ਼ੁਮਾਰੀ ਕਰਵਾਉਣ ਦਾ ਫੈਸਲਾ ਕੈਮਰੌਨ ਦੀ ਕੰਜ਼ਰਵੇਟਿਵ ਪਾਰਟੀ ਅੰਦਰਲੀ ਖ਼ਾਨਾਜੰਗੀ ਦਾ ਨਤੀਜਾ ਸੀ। 13 ਮਹੀਨੇ ਪਹਿਲਾਂ ਜਦੋਂ ਇਹ ਪਾਰਟੀ ਦੁਬਾਰਾ ਚੋਣ ਜਿੱਤ ਕੇ ਮੁੜ ਸੱਤਾ ਵਿਚ ਆਈ ਸੀ ਤਾਂ ਯੂਰਪੀਨ ਸੰਘ ਤੋਂ ਅਲਹਿਦਾ ਹੋਣ ਦੀ ਚਰਚਾ ਬਹੁਤ ਸੀਮਤ ਸੀ। ਕੈਮਰੌਨ ਦੇ ਸ਼ਰੀਕਾਂ ਨੇ ਪਹਿਲਾਂ ਇਸ ਚਰਚਾ ਨੂੰ ਪਾਰਟੀ ਮੰਚਾਂ ਤੋਂ ਬਾਹਰ ਅਤੇ ਫਿਰ ਪਾਰਟੀ ਦੇ ਅੰਦਰ ਭਖ਼ਾਇਆ। ਦੂਜੇ ਪਾਸੇ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਤੇ ਹੋਰ ਲੇਬਰ ਆਗੂਆਂ ਵੱਲੋਂ ਯੂਰਪੀਨ ਸੰਘ ਨਾਲ ਜੁੜੇ ਰਹਿਣ ਦੀਆਂ ਖਾਹਿਸ਼ਾਂ ਪ੍ਰਗਟਾਉਣ ਦੇ ਬਾਵਜੂਦ ਆਪਣੀ ਸੋਚ ਦੇ ਹੱਕ ਵਿਚ ਡਟਵੇਂ ਢੰਗ ਨਾਲ ਮੁਹਿੰਮ ਨਹੀਂ ਚਲਾਈ ਅਤੇ ਡੇਵਿਡ ਕੈਮਰੌਨ ਨੂੰ ਕਸੂਤਾ ਫਸਿਆ ਦੇਖ ਕੇ ਸਥਿਤੀ ਦਾ ਰਾਜਸੀ ਲਾਭ ਲੈਣ ਦੇ ਰਾਹ ਤੁਰਦੇ ਰਹੇ।
ਬਰਤਾਨਵੀ ਰਾਜਸੀ ਪੰਡਿਤਾਂ ਨੇ ਰਾਏਸ਼ੁਮਾਰੀ ਦੇ ਫੈਸਲੇ ਦੇ ਅੱਠ ਕਾਰਨ ਲੱਭੇ ਹਨ। ਪਹਿਲਾ ਕਾਰਨ ਆਰਥਿਕ ਹੈ। ਬਰਤਾਨਵੀ ਜਨਤਾ ਦੀ ਬਹੁਗਿਣਤੀ ਇਹ ਮਹਿਸੂਸ ਕਰਦੀ ਆਈ ਹੈ ਕਿ 28 ਮੁਲਕਾਂ ਦੀ ਜਥੇਬੰਦੀ ਯੂਰਪੀਨ ਸੰਘ ਦਾ ਮੈਂਬਰ ਬਣ ਕੇ ਉਨ੍ਹਾਂ ਦੇ ਮੁਲਕ ਨੇ ਖੱਟਿਆ ਘੱਟ ਤੇ ਗਵਾਇਆ ਵੱਧ। ਯੂਰਪੀਨ ਸੰਘ ਦਾ ਪੱਲਾ ਛੱਡਣ ਤੋਂ ਕੌਮੀ ਸਿਹਤ ਸੇਵਾ (ਐਨæਐਚæਐਸ਼) ਨੂੰ ਹੋਣ ਵਾਲੇ 35 ਕਰੋੜ ਪਾਊਂਡ ਸਟਰਲਿੰਗ ਦੀ ਹਫਤਾਵਾਰੀ ਬੱਚਤ ਨੇ ਵੀ ਲੋਕਾਂ ਦੀ ਸੋਚ ਬਦਲੀ। ਯੂਰਪੀਨ ਸੰਘ ਦਾ ਮੈਂਬਰ ਹੋਣ ਦੇ ਨਾਤੇ ਮੱਧ ਪੂਰਬ ਦੇ ਸ਼ਰਨਾਰਥੀਆਂ ਦੀ ਬਰਤਾਨਵੀ ਭੂਮੀ ਉਤੇ ਹੋਰ ਆਮਦ ਦੀ ਚਰਚਾ ਨੇ ਵੀ ਵਿਰੋਧ ਦੀ ਭਾਵਨਾ ਮਜ਼ਬੂਤ ਬਣਾਈ। ਉੱਪਰੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਵੱਲੋਂ ਸੰਘ ਦੇ ਹਮਾਇਤੀ ਵਜੋਂ ਮੋਰਚਾ ਖੋਲ੍ਹ ਲਏ ਜਾਣ ਨੇ ਇਹ ਪ੍ਰਭਾਵ ਪੈਦਾ ਕੀਤਾ ਕਿ ਉਹ ਯੂਰਪ ਵਿਚ ਆਪਣੀ ਚੌਧਰ ਚਮਕਾਉਣ ਹਿੱਤ ਅਜਿਹਾ ਕਰ ਰਹੇ ਹਨ। ਲੇਬਰ ਪਾਰਟੀ ਨੇ ਸੰਘ ਦੀ ਹਮਾਇਤੀ ਹੋਣ ਦੇ ਬਾਵਜੂਦ ਵੋਟਰਾਂ ਨਾਲ ਇਸ ਪੱਖੋਂ ਠੋਸ ਰਾਬਤਾ ਬਣਾਉਣ ਦਾ ਯਤਨ ਨਹੀਂ ਕੀਤਾ। ਯੁਵਾ ਵੋਟਰ ਖੁੱਲ੍ਹ ਕੇ ਵੋਟਾਂ ਪਾਉਣ ਨਹੀਂ ਆਏ। ਬੂਥਾਂ ਉੱਪਰ ਵੱਡ-ਉਮਰੇ ਵੋਟਰਾਂ ਦੀ ਭੀੜ ਰਹੀ ਜਿਨ੍ਹਾਂ ਨੂੰ ਯੂਰਪੀਨ ਸੰਘ ਦੇ ਸੰਕਲਪ ਵਿਚ ਮੁੱਢ ਤੋਂ ਹੀ ਖੋਟ ਨਜ਼ਰ ਆਉਂਦੀ ਰਹੀ ਸੀ। ਸਭ ਤੋਂ ਵੱਡਾ ਤੇ ਇਤਿਹਾਸਕ ਕਾਰਨ ਇਹ ਸੀ ਕਿ ਬਰਤਾਨੀਆ ਕਦੇ ਵੀ ਤਨੋਂ-ਮਨੋਂ ਬਾਕੀ ਯੂਰਪ ਨਾਲ ਨਹੀਂ ਜੁੜਿਆ ਰਿਹਾ। ਭੂਗੋਲਿਕ ਵਖਰੇਵਾਂ ਹੋਣ ਤੋਂ ਇਲਾਵਾ ਬਰਤਾਨੀਆ ਪੰਜ ਸਦੀਆਂ ਤੱਕ ਸੱਤ ਸਮੁੰਦਰਾਂ ਦਾ ਸਰਦਾਰ ਰਿਹਾ। ਬਾਕੀ ਯੂਰਪੀਨ ਮੁਲਕ ਇਸ ਪੱਖੋਂ ਕਦੇ ਵੀ ਉਸ ਦੇ ਹਾਣ ਦੇ ਨਹੀਂ ਬਣ ਸਕੇ। ਅਜਿਹੀ ਸੂਰਤ ਵਿੱਚ ਯੂਰਪੀਨ ਸੰਘ ਦੇ ਦਫ਼ਤਰ ਜਾਂ ਪਾਰਲੀਮੈਂਟ ਦਾ ਬੈਲਜੀਅਮ ਵਿਚ ਹੋਣਾ ਬਹੁਤ ਸਾਰੇ ਬਰਤਾਨਵੀ ਨਾਗਰਿਕਾਂ ਨੂੰ ਹਮੇਸ਼ਾਂ ਹੀ ਨਾਗਵਾਰ ਭਾਸਦਾ ਰਿਹਾ।
ਰਾਏਸ਼ੁਮਾਰੀ ਦੇ ਫ਼ੈਸਲੇ ਨਾਲ ਬਰਤਾਨਵੀ ਪਾਊਂਡ ਸਟਰਲਿੰਗ ਅਤਿਅੰਤ ਕਮਜ਼ੋਰ ਪੈਣ ਅਤੇ ਸ਼ੇਅਰ ਬਾਜ਼ਾਰ ਲੁੜ੍ਹਕ ਜਾਣ ਵਰਗੇ ਆਰਥਿਕ ਪ੍ਰਭਾਵ ਸਾਹਮਣੇ ਆਏ ਹਨ, ਪਰ ਕੂਟਨੀਤਕ ਤੇ ਆਰਥਿਕ ਮਾਹਿਰਾਂ ਦੀ ਅਵਧਾਰਨਾ ਹੈ ਕਿ ਇਹ ਵਰਤਾਰਾ ਅਸਥਾਈ ਹੈ। ਸਕਾਟਲੈਂਡ ਤੇ ਨਾਰਦਰਨ ਆਈਲੈਂਡ ਨੇ ਯੂਰਪੀਨ ਸੰਘ ਦੀ ਮੈਂਬਰੀ ਬਰਕਰਾਰ ਰੱਖੇ ਜਾਣ ਦੇ ਹੱਕ ਵਿਚ ਡਟ ਕੇ ਵੋਟ ਪਾਈ।
________________________________________
ਰਾਏਸ਼ੁਮਾਰੀ ਪਿਛੋਂ ਲੇਬਰ ਪਾਰਟੀ ਵਿਚ ਭੁਚਾਲ
ਲੰਡਨ: ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਵਿਚ ਬ੍ਰਿਐਗਜ਼ਿਟ ਤੋਂ ਬਾਅਦ ਭੂਚਾਲ ਜਿਹਾ ਆ ਗਿਆ ਹੈ। ਯੂਰਪੀ ਯੂਨੀਅਨ ਤੋਂ ਤੋੜ ਵਿਛੋੜਾ ਕਰਨ ਦੇ ਫਤਵੇ ਤੋਂ ਬਾਅਦ ਲੇਬਰ ਪਾਰਟੀ ਦੇ ਸ਼ੈਡੋ ਕੈਬਨਿਟ ਵਿਚੋਂ 16 ਮੰਤਰੀਆਂ ਨੇ ਅਸਤੀਫੇ ਦੇ ਦਿੱਤੇ। ਅਸਤੀਫਾ ਦੇਣ ਵਾਲਿਆਂ ਵਿਚ ਭਾਰਤੀ ਮੂਲ ਦੀ ਐਮæਪੀæ ਸੀਮਾ ਮਲਹੋਤਰਾ ਵੀ ਸ਼ਾਮਲ ਹੈ। ਦੂਜੇ ਪਾਸੇ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੋਰਬਿਨ ਨੇ ਬਗਾਵਤ ਨੂੰ ਅਣਗੌਲਿਆ ਕਰਦਿਆਂ ਨਵੇਂ ਮੰਤਰੀਆਂ ਦੀ ਚੋਣ ਸ਼ੁਰੂ ਕਰ ਦਿੱਤੀ ਹੈ। ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਲੇਬਰ ਪਾਰਟੀ ਦੇ ਟੁੱਟਣ ਦਾ ਖਤਰਾ ਵੀ ਬਣ ਗਿਆ ਹੈ। ਕੋਰਬਿਨ ਖਿਲਾਫ਼ ਦੋਸ਼ ਲੱਗੇ ਹਨ ਕਿ ਰਾਏਸ਼ੁਮਾਰੀ ਦੌਰਾਨ ਯੂਰਪੀ ਯੂਨੀਅਨ ਨਾਲ ਬਣੇ ਰਹਿਣ ਦਾ ਉਨ੍ਹਾਂ ਜ਼ੋਰਦਾਰ ਢੰਗ ਨਾਲ ਪ੍ਰਚਾਰ ਨਹੀਂ ਕੀਤਾ। ਇਨ੍ਹਾਂ ਤੋਂ ਇਲਾਵਾ ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਵੀ ਕੋਰਬਿਨ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਫੈਸਲੇ ਤੋਂ ਬਾਅਦ ਨਸਲੀ ਅਤੇ ਨਫਰਤ ਸਬੰਧੀ ਹਮਲਿਆਂ ਵਿਚ ਵਾਧਾ ਹੋ ਗਿਆ ਹੈ।