ਕੈਨੇਡਾ ਵਿਚ ਨਵੇਂ ਨਵੇਂ ਆਏ ਤਾਂ ਆਉਣ ਦੀ ਬੜੀ ਖ਼ੁਸ਼ੀ ਹੋਈ। ਇਸ ਮੁਲਕ, ਇਸ ਦੇ ਲੋਕਾਂ, ਇਨ੍ਹਾਂ ਲੋਕਾਂ ਦਾ ਰਹਿਣ ਸਹਿਣ ਤੇ ਬੋਲਣ ਦਾ ਸਲੀਕਾ ਦੇਖ ਕੇ ਬਹੁਤ ਚੰਗਾ ਚੰਗਾ ਲੱਗਿਆ। ਸਭ ਤੋਂ ਵੱਧ ਖੁਸ਼ੀ ਗੁਰੂ ਘਰਾਂ ਉਤੇ ਨਿਸ਼ਾਨ ਸਾਹਿਬ ਝੂਲਦੇ ਵੇਖ ਕੇ ਹੋਈ। ਇਹ ਇੰਨੇ ਵੱਡੇ ਤੇ ਉਚੇ ਸਨ ਕਿ ਦੂਰ ਤੋਂ ਹੀ ਨਜ਼ਰੀਂ ਪੈਂਦੇ। ਐਤਵਾਰ ਨੂੰ ਗੁਰੂ ਘਰ ਮੱਥਾ ਟੇਕਣ ਅਤੇ ਰੱਬ ਦਾ ਸ਼ੁਕਰ ਮਨਾਉਣ ਵਾਸਤੇ ਜਾਣ ਲੱਗੇ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਰੂਹ ਬਾਗੋ-ਬਾਗ ਹੋ ਉਠਦੀ। ਫਿਰ ਜਿਵੇਂ ਜਿਵੇਂ ਟਾਈਮ ਪੈਂਦਾ ਗਿਆ, ਉਵੇਂ ਉਵੇਂ ਇਹ ਖੁਸ਼ੀ ਮੁਰਝਾਉਣ ਲੱਗੀ।
ਜਿਸ ਗੁਰੂ ਘਰ ਅਸੀਂ ਜਾਂਦੇ ਸਾਂ, ਉਥੇ ਵੋਟਾਂ ਦਾ ਰੌਲਾ ਪੈਣ ਲੱਗ ਪਿਆ। ਕੋਈ ਕਹੇ, ਇਹ ਚੰਗੇ ਨੇ; ਕੋਈ ਆਖੇ, ਦੂਜੇ ਚੰਗੇ ਨੇ। ਗੱਲ ਸਮਝ ਨਾ ਆਵੇ ਕਿ ਵੋਟਾਂ ਕਿਸ ਚੀਜ਼ ਲਈ ਪੈਣ ਲੱਗੀਆਂ, ਕਰਨੀ ਤਾਂ ਸੇਵਾ ਹੈ। ਜਾਣ ਪਛਾਣ ਵਾਲੇ ਇਕ-ਦੋ ਸੱਜਣਾਂ ਨਾਲ ਗੱਲ ਕੀਤੀ ਕਿ ਇਹ ਮਾਜਰਾ ਕੀ ਹੈ? ਉਨ੍ਹਾਂ ਨੇ ਵੀ ਇਹੀ ਕਿਹਾ ਕਿ ਇਥੇ ਇਸੇ ਤਰ੍ਹਾਂ ਹੀ ਚੱਲਦਾ ਹੈ! ਫਿਰ ਸਾਡੇ ਸਕੇ-ਸਬੰਧੀਆਂ ਨੇ ਜਿਸ ਨੂੰ ਵੋਟਾਂ ਪਾਉਣ ਲਈ ਕਿਹਾ, ਅਸੀਂ ਵੋਟ ਪਾ ਦਿੱਤੀ। ਨਤੀਜਾ ਆਇਆ ਤਾਂ ਪੈ ਗਿਆ ਰੌਲਾ! ਕੁਝ ਨਹੀਂ ਪਤਾ ਕਿ ਜੋ ਹਾਰੇ ਉਨ੍ਹਾਂ ਦੀ ਕਰਤੂਤ ਸੀ ਜਾਂ ਜੋ ਜਿੱਤੇ, ਉਨ੍ਹਾਂ ਦੀ। ਕਹਿੰਦੇ ਕਿਸੇ ਪਾਸੇ ਜੈਕਾਰੇ ਵੱਜਦੇ ਸਨ ਤੇ ਕਿਸੇ ਪਾਸੇ ਨਾਅਰੇ ਵੱਜਦੇ ਸਨ। ਸਾਨੂੰ ਤਾਂ ਸ਼ਾਮੀਂ ਪਤਾ ਲੱਗਾ ਜਦੋਂ ਸਾਡਾ ਰਿਸ਼ਤੇਦਾਰ ਜਿਹੜਾ ਸਾਨੂੰ ਵੋਟਾਂ ਪਵਾਉਣ ਲਈ ਲੈ ਕੇ ਗਿਆ ਸੀ, ਉਸ ਦੀ ਕਿਸੇ ਨੇ ਅੱਖ ਹੀ ਭੰਨ ਸੁੱਟੀ। ਅਸੀਂ ਉਹਦਾ ਪਤਾ ਲੈਣ ਗਏ ਤਾਂ ਉਸ ਨੇ ਸਾਰੀ ਕਹਾਣੀ ਦੱਸੀ। ਅਖੇ, ਉਹ ਤਾਂ ਛਡਾਉਣ ਹੀ ਲੱਗਾ ਸੀ, ਪਤਾ ਨਹੀਂ ਕਿਹੜਾ ਉਸ ਉਪਰ ਹੱਥ ਗਰਮ ਕਰ ਗਿਆ।
ਮਨ ਬੜਾ ਦੁਖੀ ਹੋਇਆ। ਮੇਰੇ ਬੇਬੇ ਬਾਪੂ ਡਰ ਗਏ। ਅਖੇ, ‘ਆਪਾਂ ਨਹੀਂ ਜਾਣਾ ਗੁਰੂ ਘਰ, ਘਰੇ ਬਹਿ ਕੇ ਹੀ ਰੱਬ ਰੱਬ ਕਰ ਲਉ।’ ਇਕ ਦੋ ਮਹੀਨੇ ਗੁਜ਼ਰ ਗਏ। ਕਿਸੇ ਨੇ ਦੱਸਿਆ ਕਿ ਸਾਡੇ ਗੁਆਂਢ ‘ਚ ਕੁਝ ਬੰਦਿਆਂ ਨੇ ਛੋਟੀ ਜਿਹੀ ਬਿਲਡਿੰਗ ਲੈ ਕੇ ਗੁਰੂ ਘਰ ਬਣਾਇਆ ਹੈ। ਬੜੇ ਹੀ ਗੁਰਮੁਖ ਤੇ ਸਾਊ ਬੰਦੇ ਹਨ, ਨਾ ਕੋਈ ਭੇਦ-ਭਾਵ ਹੈ। ਚਾਹੇ ਕੋਈ ਮੋਨਾ ਹੈ, ਚਾਹੇ ਸਿੱਖ। ਕਮੇਟੀ ਵੀ ਸੁਲਝੇ ਹੋਏ ਬੰਦਿਆਂ ਦੀ ਹੈ। ਦੋ ਚਾਰ ਮੋਨੇ ਹਨ, ਦੋ ਚਾਰ ਸਿੱਖੀ ਸਰੂਪ ਵਾਲੇ। ਸ਼ਾਂਤੀ ਬਹੁਤ ਹੈ। ਸਾਨੂੰ ਆਸ ਦੀ ਇਕ ਹੋਰ ਕਿਰਨ ਦਿਸੀ ਕਿ ਚਲੋ ਗੁਰੂ ਘਰ ਤਾਂ ਜਾਇਆ ਕਰਾਂਗੇ। ਐਤਵਾਰ ਹੀ ਤਾਂ ਹੁੰਦਾ ਹੈ। ਅਸੀਂ ਸਾਰਾ ਪਰਿਵਾਰ ਉਥੇ ਜਾਣ ਲੱਗੇ। ਇਕ ਸਾਲ ਹੋ ਗਿਆ ਸੀ। ਵਾਕਿਆ, ਬਹੁਤ ਵਧੀਆ ਪ੍ਰਬੰਧ ਸੀ। ਜਾਉ, ਕੀਰਤਨ ਸੁਣੋ, ਲੰਗਰ ਛਕੋ, ਸੰਗਤ ਨਾਲ ਗੱਲਾਂ-ਬਾਤਾਂ ਕਰੋ ਤੇ ਘਰ। ਇਹ ਤਾਂ ਹੋਇਆ ਨਾ ਗੁਰੂ ਘਰæææ।
ਫਿਰ ਅਸੀਂ ਇਕ ਮਹੀਨੇ ਵਾਸਤੇ ਇੰਡੀਆ ਚਲੇ ਗਏ। ਵਾਪਸ ਆਏ ਤਾਂ ਸੋਚਿਆ, ਐਤਵਾਰ ਗੁਰੂ ਘਰ ਚੱਲਾਂਗੇ, ਰੱਬ ਦਾ ਸ਼ੁਕਰਾਨਾ ਕਰਨ। ਐਤਵਾਰ ਗੁਰੂ ਘਰ ਗਏ ਪਰ ਉਸ ਦਿਨ ਪਹਿਲਾਂ ਨਾਲੋਂ ਮਾਹੌਲ ਥੋੜ੍ਹਾ ਵੱਖਰਾ ਸੀ। ਅੱਗੇ ਤਾਂ ਸਾਰੇ ਅੰਦਰ ਬੈਠੇ ਹੁੰਦੇ ਸਨ ਜਾਂ ਲੰਗਰ ਵਿਚ ਚਾਹ-ਪਾਣੀ ਛਕਦੇ ਸਨ। ਜੇ ਕਿਸੇ ਨੇ ਕੋਈ ਗੱਲਬਾਤ ਵੀ ਕਰਨੀ ਹੁੰਦੀ, ਉਹ ਵੀ ਲੰਗਰ ਹਾਲ ਵਿਚ ਹੀ ਬੈਠ ਕੇ ਕਰਦੇ ਹੁੰਦੇ। ਅੱਜ ਬਾਹਰ ਹੀ ਕਈ ਥਾਂਈਂ ਥੋੜ੍ਹੇ ਥੋੜ੍ਹੇ ਬੰਦੇ ਗਰੁਪਾਂ ਵਿਚ ਖੜ੍ਹੇ ਗੱਲਾਂ-ਬਾਤਾਂ ਕਰ ਰਹੇ ਸਨ। ਚਾਹ ਪੀਣ ਗਏ ਤਾਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਕਿ ਅੱਜ ਸਾਲ ਪੂਰਾ ਹੋ ਗਿਆ ਹੈ, ਨਵੀਂ ਕਮੇਟੀ ਬਣਨ ਦੀਆਂ ਗੱਲਾਂ ਹੋ ਰਹੀਆਂ ਹਨ। ਅਸੀਂ ਬਹੁਤਾ ਧਿਆਨ ਨਾ ਦਿੱਤਾ ਕਿ ਚਲੋ, ਇਹ ਤਾਂ ਇਨ੍ਹਾਂ ਦੀ ਆਪਸੀ ਗੱਲਬਾਤ ਹੈ; ਜੋ ਚੰਗਾ ਲੱਗਾ, ਕਰ ਲੈਣਗੇ। ਸਭ ਕੁਝ ਠੀਕ ਚੱਲਿਆ। ਅਰਦਾਸ ਹੋਈ। ਪ੍ਰਸ਼ਾਦ ਵੰਡਣ ਲੱਗੇ ਸਿੰਘਾਂ ਨੂੰ ਇਕ ਬੰਦੇ ਨੇ ਉਚੀ ਆਵਾਜ਼ ਵਿਚ ਰੋਕ ਦਿੱਤਾ, ‘ਠਹਿਰ ਜਾਉ ਬਾਬਾ ਜੀ। ਕੁਝ ਅਨਾਊਸਮੈਂਟਾਂ ਹੋਣੀਆਂ ਨੇ।’
ਕੀਰਤਨੀਏ ਸਿੰਘਾਂ ਦਾ ਹਾਲ ਉਹੀ, ਜਿਵੇਂ ਕਬੂਤਰ ਦਾ ਬਿੱਲੀ ਵੇਖ ਕੇ ਹੁੰਦਾ ਹੈ। ਗ੍ਰੰਥੀ ਸਿੰਘਾਂ ਨੇ ਥਾਲ ਉਥੇ ਹੀ ਰੱਖ ਦਿੱਤੇ। ਇੰਨੇ ਨੂੰ ਕਮੇਟੀ ਵਾਲੇ ਉਠ ਖੜ੍ਹੇ ਹੋਏ। ਸੈਕਟਰੀ ਨੇ ਆਖ ਦਿੱਤਾ, ‘ਕੋਈ ਸਾਡੇ ਕਹਿਣ ਤੋਂ ਬਿਨਾਂ ਸਟੇਜ ‘ਤੇ ਨ੍ਹੀਂ ਬੋਲ ਸਕਦਾ।’ ਦੂਜੇ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ, ‘ਕਿਉਂ ਨ੍ਹੀਂ ਬੋਲ ਸਕਦਾ ਬਈ। ਗੁਰੂ ਘਰ ਐ। ਸਭ ਦਾ ਸਾਂਝਾ ਏ। ਜੋ ਕੋਈ ਬੋਲਣਾ ਚਾਹੁੰਦੈ ਤਾਂ ਸੁਣਨ ਵਿਚ ਕੀ ਹਰਜ ਹੈ? ਚਲੋ ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ!’
ਬੱਸ ਫਿਰ ਕੀ ਸੀ! ਉਠਣ ਦੀ ਦੇਰ ਸੀ, ਹੋ ਗਿਆ ਖੜਕਾ-ਦੜਕਾ। ਧੱਕਾ-ਮੁੱਕੀ। ਸਿਰ ਤੋਂ ਪੱਗਾਂ ਲਾਹ ਸੁੱਟੀਆਂ। ਵਿਚੇ ਹੀ ਬੀਬੀਆਂ ਤੇ ਵਿਚੇ ਹੀ ਬੰਦੇ। ਗੁਰੂ ਘਰ ਜੰਗ ਦਾ ਅਖਾੜਾ ਬਣਾ ਦਿੱਤਾ ਰਲ ਕੇ। ਬਾਅਦ ‘ਚ ਪਤਾ ਲੱਗਾ ਕਿ ਪੁਲਿਸ ਆਈ, ਮੀਡੀਆ ਵੀ ਆਇਆ। ਸ਼ਾਮ ਨੂੰ ਟੈਲੀਵਿਜ਼ਨ ‘ਤੇ ਵੇਖ ਕੇ ਸਿਰ ਸ਼ਰਮ ਨਾਲ ਝੁਕ ਗਿਆ। ਇਕੋ ਧਰਮ ਤੇ ਇਕੋ ਗੁਰੂ; ਫਿਰ ਲੜਾਈ ਕਿਸ ਗੱਲ ਦੀ? ਚੌਧਰ ਦੀ ਲੜਾਈ? ਪ੍ਰਧਾਨਗੀ ਦੀ ਲੜਾਈ? ਹਿਸਾਬ-ਕਿਤਾਬ ਦੱਸਣ ਤੋਂ ਲੜਾਈ? ਇਕ ਦੂਜੇ ਨੂੰ ਨੀਵੇਂ ਦਿਖਾਉਣ ਦੀ ਲੜਾਈ? ਕੀ ਦੱਸਣਾ ਚਾਹੁੰਦੇ ਹਨ ਇਹ ਧਰਮ ਦੇ ਠੇਕੇਦਾਰ? ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਬੈਠਦੇ ਨੇ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਿਸੇ ਦੀ ਪੱਗ ਲਾਹੁਣੀ ਤਾਂ ਸਮਝੋ ਗੁਰੂ ਦੀ ਪੱਗ ਨੂੰ ਹੱਥ ਪਾ ਲਿਆ! ਜ਼ਰਾ ਵਿਚਾਰ ਕਰ ਕੇ ਵੇਖੋæææਆਪਣੇ ਅੰਦਰ ਝਾਤੀ ਮਾਰੋæææਤੁਸੀਂ ਕਿਥੇ ਖੜ੍ਹੇ ਹੋ? ਕੀ ਤੁਹਾਨੂੰ ਗੁਰੂ ਦਾ ਕੋਈ ਖੌਫ ਨਹੀਂ? ਤੁਸੀਂ ਕਿਸ ਤਰ੍ਹਾਂ ਗੁਰੂ ਮੂਹਰੇ ਮੱਥਾ ਟੇਕ ਲੈਂਦੇ ਹੋ? ਤੁਹਾਡੀ ਜ਼ਮੀਰ ਲਾਹਣਤਾਂ ਨਹੀਂ ਪਾਉਂਦੀ? ਇਹ ਨਾ ਸੋਚੋ ਕਿ ਕਿਸੇ ਨੂੰ ਧੱਕੇ ਮਾਰ ਕੇ ਗੁਰੂ ਘਰ ਵਿਚੋਂ ਕੱਢ ਦਿੱਤਾ ਜਾਂ ਚਾਰ ਬੰਦਿਆਂ ਵਿਚ ਕਿਸੇ ਦੀ ਬੇਇੱਜ਼ਤੀ ਕਰ ਦਿੱਤੀ, ਤੇ ਅਸੀਂ ਜਿੱਤ ਗਏ। ਨਹੀਂ, ਇਹ ਤੁਹਾਡੀ ਸਭ ਤੋਂ ਵੱਡੀ ਹਾਰ ਹੈ।
ਕੁਝ ਸਿੱਖਣ ਦੀ ਕੋਸ਼ਿਸ਼ ਤਾਂ ਕਰੋ। ਗੁਰੂ ਘਰ ਆਉਣ ਦਾ ਮਤਲਬ ਕੀ ਏ ਭਲਾ? ਗੁਰੂ ਘਰ ਕੀ ਕਰਨ ਆਈਦਾ ਹੈ? ਗੁਰੂ ਘਰ ਆਉਣ ਦਾ ਮਤਲਬ ਹੈ, ਆਪਣੇ ਮਨ ਨੂੰ ਨੀਵਾਂ ਕਰਨਾ; ਗੁਰੂ ਦੇ ਭੈਅ ਵਿਚ ਰੱਖਣਾ, ਹਰ ਵੇਲੇ ਡਰਨਾ ਕਿ ਕੋਈ ਉਚਾ ਨੀਵਾਂ ਬੋਲ ਨਾ ਕਿਸੇ ਨੂੰ ਬੋਲ ਹੋਵੇ; ਗੁਰਬਾਣੀ ਸੁਣਨਾ ਤੇ ਸਿੱਖਿਆ ਲੈਣੀ। ਕੀ ਲੜਨ-ਭਿੜਨ ਵਾਲਿਆਂ ਦਾ ਇਸ ਪਾਸੇ ਕੋਈ ਧਿਆਨ ਹੈ? ਕਿਸੇ ਹੋਰ ਧਰਮ ਦਾ ਕੋਈ ਬੰਦਾ ਸਾਡੀ ਪੱਗ ਵੱਲ ਉਂਗਲ ਕਰੇ ਤਾਂ ਅਸੀਂ ਮੋਰਚੇ ਵਿੱਢਣ ਲਈ ਤਿਆਰ ਹੋ ਜਾਂਦੇ ਹਾਂ; ਤੇ ਆਪ ਅਸੀਂ ਇਕ-ਦੂਜੇ ਦੀਆਂ ਪੱਗਾਂ ਨੂੰ ਗੁਰੂ ਮਹਾਰਾਜ ਦੀ ਹਜੂਰੀ ਵਿਚ ਹੱਥ ਪਾਈ ਜਾਂਦੇ ਹਾਂ।
ਅੱਜ ਜਦੋਂ ਉਚੇ ਉਚੇ ਨਿਸ਼ਾਨ ਸਾਹਿਬ ਵੇਖਦਾ ਹਾਂ ਤਾਂ ਇਕੋ ਹੀ ਹੂਕ ਦਿਲ ‘ਚੋਂ ਨਿਕਲਦੀ ਹੈ ਕਿ ਜੇ ਇਹ ਨਿਸ਼ਾਨ ਸਾਹਿਬ ਥੋੜ੍ਹੇ ਨੀਵੇਂ ਵੀ ਹੁੰਦੇ, ਤਾਂ ਕੋਈ ਫਰਕ ਨਹੀਂ ਪੈਣਾ ਸੀ; ਜੇ ਕਿਤੇ ਇਨ੍ਹਾਂ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਸੰਗਤ ਦੀ ਮੱਤ ਉਚੀ ਹੁੰਦੀ ਤਾਂ ਬੜਾ ਕੁਝ ਹੋ ਜਾਣਾ ਸੀæææਗੁਰੂ ਘਰਾਂ ਨੂੰ ਬੜਾ ਫਰਕ ਪੈਣਾ ਸੀ। ਅਜੇ ਵੀ ਜਾਗੋ, ਕੁਝ ਸਮਝੋæææਗੁਰੂ ਤੋਂ ਬੇਮੁਖ ਹੋਏ ਸਿੱਖੋ, ਬੰਦ ਕਰ ਦਿਉ ਇਹ ਝਗੜੇ ਅਤੇ ਚੌਧਰਾਂ; ਨਹੀਂ ਤਾਂ ਆਖਰ ਪੱਲੇ ਪਛਤਾਵਾ ਹੀ ਰਹਿ ਜਾਣਾ ਹੈ, ਸਿਰਫ ਪਛਤਾਵਾ।
-ਸੇਵਕ ਨਿਮਾਣਾ
Leave a Reply