ਆਫੀਆ ਸਦੀਕੀ ਦਾ ਜਹਾਦ-2

1972 ਵਿਚ ਪਾਕਿਸਤਾਨ ‘ਚ ਜੰਮੀ ਆਫੀਆ ਸਦੀਕੀ ਦੀ ਇਹ ਕਹਾਣੀ ‘ਆਫੀਆ ਸਦੀਕੀ ਦਾ ਜਹਾਦ’ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ, ਪਰ ਉਸ ਦੇ ਜ਼ਿਹਨ ਵਿਚ ਉਸ ਸਿੱਖਿਆ ਨੇ ਵਾਹਵਾ ਉਥਲ-ਪੁਥਲ ਮਚਾਈ ਜੋ ਉਸ ਨੇ ਆਪਣੀ ਅੰਮੜੀ ਦੀਆਂ ਮਜ਼ਹਬੀ ਤਕਰੀਰਾਂ ਤੋਂ ਗ੍ਰਹਿਣ ਕੀਤੀ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਈ। ਅੱਜਕੱਲ੍ਹ ਇਹ ਕੁੜੀ ਅਮਰੀਕੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ 86 ਸਾਲ ਦੀ ਸਜ਼ਾ ਮਿਲੀ ਹੋਈ ਹੈ। ਲੇਖਕ ਹਰਮਹਿੰਦਰ ਚਾਹਲ ਨੇ ਆਫੀਆ ਦੀ ਇਸ ਕਹਾਣੀ ਦੇ ਬਹਾਨੇ ਉਸ ਉਬਾਲੇ ਮਾਰਦੇ ਵਕਤ ਦੀ ਬਾਤ ਪਾਈ ਹੈ ਜਦੋਂ ਆਲਾ-ਦੁਆਲਾ ਬਹੁਤ ਤੇਜ਼ੀ ਨਾਲ ਕਰਵਟਾਂ ਲੈ ਰਿਹਾ ਸੀ ਅਤੇ ਮਾਸੂਮ ਜਿੰਦਾਂ ਇਨ੍ਹਾਂ ਕਰਵਟਾਂ ਦੇ ਰੂ-ਬ-ਰੂ ਹੋ ਰਹੀਆਂ ਸਨ। ਹਰਮਹਿੰਦਰ ਚਹਿਲ ਦੀ ਇਹ ਲੰਮੀ ਰਚਨਾ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਲੜੀਵਾਰ ਪ੍ਰਕਾਸ਼ਿਤ ਕਰ ਰਹੇ ਹਾਂ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239
ਚਹਅਹਅਲਸ57@ੇਅਹੋ।ਚੋਮ

ਤੁਸੀਂ ਪੜ੍ਹ ਚੁੱਕੇ ਹੋæææ
ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ਵਿਚ ਸਾਲ 2008 ‘ਚ 17 ਜੁਲਾਈ ਦੀ ਸ਼ਾਮ ਨੂੰ ਇਕ ਮੁਟਿਆਰ ਗ੍ਰਿਫਤਾਰ ਹੋਈ। ਇਹ ਮੁਟਿਆਰ ਕੋਈ ਹੋਰ ਨਹੀਂ, ਅਮਰੀਕੀ ਜਾਂਚ ਏਜੰਸੀ ਐਫ਼ਬੀæਆਈæ ਦੁਆਰਾ ਐਲਾਨੀ ਗਈ ਦੁਨੀਆਂ ਦੀ ਸਭ ਤੋਂ ਖਤਰਨਾਕ ਅਤਿਵਾਦੀ ਔਰਤ ਆਫੀਆ ਸਦੀਕੀ ਸੀ। ਪਾਕਿਸਤਾਨ ਵਿਚ ਰਹਿੰਦਿਆਂ ਆਫੀਆ ਦੀ ਮਾਂ ਇਸਮਤ ਜਹਾਨ ਮਜ਼ਹਬੀ ਤਾਲੀਮ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਉਭਰੀ ਸੀ। ਅੰਮੀ ਦੀ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਡੂੰਘਾ ਅਸਰ ਹੋਇਆ। ਜਨਰਲ ਜ਼ਿਆ-ਉਲ-ਹੱਕ ਦੇ ਕਾਰਜਕਾਲ ਵੇਲੇ ਉਸ ਦਾ ਰੁਤਬਾ ਹੋਰ ਵੀ ਵੱਡਾ ਹੋ ਗਿਆ। ਉਸ ਦਾ ਪਰਿਵਾਰ ਜਨਰਲ ਜ਼ਿਆ ਅਤੇ ਹੋਰ ਵੱਡੇ ਲੋਕਾਂ ਦੇ ਸਿੱਧਾ ਸੰਪਰਕ ਵਿਚ ਆ ਗਿਆ। ਪਾਕਿਸਤਾਨ ਤੋਂ ਅਫਗਾਨਿਸਤਾਨ ਜਾਣ ਵਾਲਾ ਪਹਿਲਾ ਲੜਾਕਾ ਜਹਾਦੀ ਗਰੁਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ ‘ਚੋਂ ਵਿਦਾ ਹੋਇਆ ਸੀ। ਜਨਰਲ ਜ਼ਿਆ ਦੀ ਅਚਾਨਕ ਹੋਈ ਮੌਤ ਪਰਿਵਾਰ ਲਈ ਅਸਹਿ ਸੀ। ਪਰਿਵਾਰ ਨੇ ਨਵੇਂ ਸਿਰਿਓਂ ਸੋਚਿਆ। ਆਫੀਆ ਦਾ ਭਰਾ ਮੁਹੰਮਦ ਅਲੀ ਪੜ੍ਹਾਈ ਲਈ ਅਮਰੀਕਾ ਗਿਆ ਹੋਇਆ ਸੀ। ਪਰਿਵਾਰ ਨੇ ਆਫੀਆ ਨੂੰ ਵੀ ਅਮਰੀਕਾ ਭੇਜਣ ਦਾ ਫੈਸਲਾ ਕੀਤਾ।æææਹੁਣ ਅੱਗੇ ਪੜ੍ਹੋæææ

ਡੈਲਟਾ ਏਅਰਲਾਈਨਜ਼ ਦਾ ਜਹਾਜ਼ ਨੀਵਾਂ ਹੋਣ ਲੱਗਿਆ ਤਾਂ ਆਫੀਆ ਨੇ ਹੇਠਾਂ ਵੱਲ ਨੀਝ ਲਾ ਕੇ ਵੇਖਿਆ। ਉਸ ਨੂੰ ਕੁਝ ਵੀ ਵਿਖਾਈ ਨਾ ਦਿੱਤਾ। ਹੇਠਾਂ ਸੰਘਣੀ ਧੁੰਦ ਜਿਹੀ ਵਿਛੀ ਹੋਈ ਸੀ। ਜਹਾਜ਼ ਨੀਵਾਂ ਹੁੰਦਾ ਗਿਆ ਪਰ ਹੇਠਾਂ ਅਜੇ ਵੀ ਕੁਝ ਨਹੀਂ ਦਿਸ ਰਿਹਾ ਸੀ। ਫਿਰ ਉਸ ਨੂੰ ਮਰੀਆਂ ਜਿਹੀਆਂ ਰੋਸ਼ਨੀਆਂ ਦਿਸਣੀਆਂ ਸ਼ੁਰੂ ਹੋਈਆਂ ਤੇ ਉਦੋਂ ਹੀ ਜਹਾਜ਼ ਲੈਂਡ ਕਰ ਗਿਆ। ਝਟਕਾ ਜਿਹਾ ਵੱਜਿਆ ਤੇ ਜਹਾਜ਼ ਰਨਵੇਅ ‘ਤੇ ਭੱਜਣ ਲੱਗਿਆ। ਫਿਰ ਜਹਾਜ਼ ਹੌਲੀ ਹੋਇਆ ਤਾਂ ਆਫੀਆ ਨੇ ਬਾਹਰ ਵੱਲ ਵੇਖਿਆ। ਹਰ ਪਾਸੇ ਬਰਫ ਦੇ ਢੇਰ ਲੱਗੇ ਪਏ ਸਨ। ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਤਾਂ ਸਨੋਅ ਪੈ ਰਹੀ ਹੈ ਤਾਂ ਉਹ ਅਚੰਭੇ ਨਾਲ ਬਾਹਰ ਵੇਖਣ ਲੱਗੀ। ਇੰਨੇ ਨੂੰ ਜਹਾਜ਼ ਟਰਮੀਨਲ ‘ਤੇ ਜਾ ਲੱਗਿਆ। ਉਹ ਕਸਟਮ ਵਗੈਰਾ ‘ਚੋਂ ਕਲੀਅਰ ਹੋ ਕੇ ਬਾਹਰ ਆਈ ਤਾਂ ਸਾਹਮਣੇ ਉਸ ਦਾ ਭਰਾ ਮੁਹੰਮਦ ਅਲੀ ਉਸ ਦੀ ਉਡੀਕ ਕਰ ਰਿਹਾ ਸੀ। ਨਾਲ ਉਸ ਦੇ ਕੋਈ ਉਸ ਦਾ ਦੋਸਤ ਜਾਪਦਾ ਗੋਰਾ ਮੁੰਡਾ ਸੀ। ਆਫੀਆ ਭਰਾ ਨਾਲ ਘਰੇ ਚਲੀ ਗਈ। ਉਸ ਦੇ ਭਰਾ ਦਾ ਹਿਊਸਟਨ ਯੂਨੀਵਰਸਿਟੀ ਦੇ ਨੇੜੇ ਹੀ ਆਪਣਾ ਅਪਾਰਟਮੈਂਟ ਸੀ। ਉਹ ਉਥੇ ਹੀ ਪੜ੍ਹਿਆ ਸੀ ਤੇ ਹੁਣ ਆਰਚੀਟੈਕਟ ਦਾ ਕੰਮ ਕਰ ਰਿਹਾ ਸੀ। ਸਾਰੇ ਉਸ ਨੂੰ ਮੁਹੰਮਦ ਕਹਿ ਕੇ ਬੁਲਾਉਂਦੇ ਸਨ।
ਅਗਲੇ ਪੰਜ ਸੱਤ ਦਿਨ ਤਾਂ ਆਫੀਆ ਦਾ ਥਕੇਵਾਂ ਹੀ ਨਾ ਲੱਥਿਆ। ਉਸ ਦਾ ਮਨ ਵੀ ਪਿੱਛੇ ਲਈ ਬੜਾ ਉਦਾਸ ਸੀ। ਉਹ ਸਾਰਾ ਦਿਨ ਅਪਾਰਟਮੈਂਟ ਵਿਚ ਹੀ ਪਈ ਰਹਿੰਦੀ। ਟੀæਵੀæ ਵਗੈਰਾ ਦੀ ਉਸ ਨੂੰ ਨਾ ਪੂਰੀ ਸਮਝ ਆਉਂਦੀ ਸੀ ਤੇ ਨਾ ਹੀ ਉਸ ਨੂੰ ਟੀæਵੀæ ਵੇਖਣਾ ਪਸੰਦ ਸੀ। ਫਿਰ ਮੁਹੰਮਦ ਉਸ ਨੂੰ ਯੂਨੀਵਰਸਿਟੀ ਲੈ ਗਿਆ ਤੇ ਉਸ ਦੀ ਪੜ੍ਹਾਈ ਦਾ ਪਤਾ ਕੀਤਾ। ਸਾਰੀ ਜਾਣਕਾਰੀ ਲੈ ਕੇ ਆਫੀਆ ਨੇ ਕਲਾਸਾਂ ‘ਚ ਜਾਣਾ ਸ਼ੁਰੂ ਕਰ ਦਿੱਤਾ ਪਰ ਅਜੇ ਵੀ ਉਸ ਦਾ ਮਨ ਲੱਗ ਨਹੀਂ ਸੀ ਰਿਹਾ। ਉਹ ਘਰੇ ਵੀ ਅੰਦਰੇ ਹੀ ਵੜੀ ਰਹਿੰਦੀ। ਫਿਰ ਹੌਲੀ ਹੌਲੀ ਉਸ ਦਾ ਮਨ ਪਰਚਣ ਲੱਗਿਆ। ਇਸ ਦਾ ਵੱਡਾ ਕਾਰਨ ਸੀ ਕਿ ਇੱਥੇ ਮੁਸਲਮਾਨ ਵਿਦਿਆਰਥੀਆਂ ਦੀ ਬਹੁਤ ਵੱਡੀ ਗਿਣਤੀ ਸੀ। ਉਹ ਕਈਆਂ ਦੇ ਨੇੜੇ ਹੋਣ ਲੱਗੀ। ਆਪਣੇ ਸੁਭਾਅ ਮੁਤਾਬਕ ਆਫੀਆ ਹਰ ਇੱਕ ਨਾਲ ਧਰਮ ਬਾਰੇ ਚਰਚਾ ਜ਼ਰੂਰ ਕਰਦੀ। ਇਸੇ ਦੌਰਾਨ ਹੀ ਉਹ ਵੇਖਦੀ ਕਿ ਉਸ ਦੇ ਭਰਾ ਦੇ ਅਪਾਰਟਮੈਂਟ ‘ਚ ਬਹੁਤ ਸਾਰੇ ਵਿਦਿਆਰਥੀ ਆਉਂਦੇ ਸਨ। ਉਥੇ ਮੁਸਲਮਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਚਲਦੀ ਰਹਿੰਦੀ ਸੀ। ਉਸ ਦਾ ਭਰਾ ਮੁਸਲਿਮ ਭਾਈਚਾਰੇ ਦਾ ਸਿਰਕੱਢ ਲੀਡਰ ਸੀ। ਅਜਿਹੇ ਵੇਲੇ ਉਹ ਪਿਛਲੇ ਕਮਰੇ ‘ਚ ਚਲੀ ਜਾਂਦੀ। ਉਹ ਸਾਰਿਆਂ ਦੇ ਵਿਚਕਾਰ ਨਾ ਬੈਠਦੀ। ਫਿਰ ਉਸ ਨੇ ਵੇਖਿਆ ਕਿ ਉਸ ਦੇ ਭਰਾ ਦਾ ਉਹ ਦੋਸਤ ਮੁੰਡਾ ਜਿਹੜਾ ਉਸ ਦੇ ਅਮਰੀਕਾ ਆਉਣ ਵਾਲੇ ਦਿਨ ਵੀ ਏਅਰਪੋਰਟ ਗਿਆ ਸੀ, ਉਹ ਵੀ ਅਪਾਰਟਮੈਂਟ ‘ਚ ਬਹੁਤ ਆਉਂਦਾ ਜਾਂਦਾ ਸੀ। ਉਸ ਦਾ ਨਾਂ ਜਾਰਜ ਸੀ। ਜਾਰਜ ਜਦੋਂ ਵੀ ਆਉਂਦਾ ਤਾਂ ਆਫੀਆ ਉਸ ਤੋਂ ਪਾਸੇ ਹੋ ਜਾਂਦੀ; ਹਾਲਾਂਕਿ ਉਹ ਹਮੇਸ਼ਾ ਉਸ ਨਾਲ ਕੋਈ ਗੱਲ ਕਰਨੀ ਚਾਹੁੰਦਾ। ਉਹ ਉਸ ਨਾਲ ਪਹਿਲੀ ਵਾਰ ਉਦੋਂ ਬੋਲੀ ਜਦੋਂ ਇੱਕ ਦਿਨ ਮੁਹੰਮਦ ਨੇ ਜਾਰਜ ਦੇ ਆਇਆਂ ਤੋਂ ਉਸ ਨੂੰ ਕਮਰੇ ‘ਚ ਬੁਲਾਇਆ। ਉਸ ਨੇ ਦੱਸਿਆ ਕਿ ਜਾਰਜ ਉਸ ਦਾ ਬਹੁਤ ਗਹਿਰਾ ਦੋਸਤ ਹੈ ਤੇ ਉਹ ਉਸ ਨਾਲ ਬੇਝਿਜਕ ਗੱਲਬਾਤ ਕਰ ਸਕਦੀ ਹੈ। ਫਿਰ ਉਹ ਜਾਰਜ ਨਾਲ ਥੋੜ੍ਹਾ ਬਹੁਤਾ ਬੋਲਣ ਲੱਗੀ। ਜਾਰਜ ਉਸ ਨੂੰ ਫਰੈਂਡ ਕਹਿ ਕੇ ਬੁਲਾਉਂਦਾ ਤਾਂ ਇਹ ਸੰਬੋਧਨ ਉਸ ਨੂੰ ਚੰਗਾ ਨਾ ਲੱਗਦਾ। ਫਿਰ ਜਾਰਜ ਉਸ ਨੂੰ ਸਿਸਟਰ ਕਹਿ ਕੇ ਬੁਲਾਉਣ ਲੱਗਿਆ ਤਾਂ ਜਾਰਜ ਨਾਲ ਉਹ ਪੂਰੀ ਤਰ੍ਹਾਂ ਖੁੱਲ੍ਹ ਗਈ। ਉਹ ਉਸ ਨਾਲ ਧਰਮ ਬਾਰੇ ਲੰਬੀਆਂ ਬਹਿਸਾਂ ਕਰਦੀ। ਇਨ੍ਹਾਂ ਬਹਿਸਾਂ ਦੌਰਾਨ ਜਾਰਜ ਵੇਖਦਾ ਕਿ ਉਹ ਹਰ ਵੇਲੇ ਇਸਲਾਮ ਨੂੰ ਹੀ ਵਡਿਆਉਂਦੀ ਸੀ। ਦੂਜੇ ਧਰਮਾਂ ਦੀ ਉਹ ਜ਼ਿਆਦਾ ਕਦਰ ਨਹੀਂ ਕਰਦੀ ਸੀ। ਜਾਰਜ ਬਹੁਤ ਵਾਰੀ ਇਸਾਈ ਧਰਮ ਬਾਰੇ ਕੁਝ ਸਮਝਾਉਂਦਾ ਪਰ ਉਹ ਕਿਸੇ ਗੱਲ ਨਾਲ ਸਹਿਮਤ ਨਾ ਹੁੰਦੀ। ਉਹ ਹਰ ਬਹਿਸ ਵੇਲੇ ਇਸਲਾਮ ਨੂੰ ਉਚਾ ਅਤੇ ਅਸਲੀ ਧਰਮ ਕਹਿੰਦੀ। ਜਾਰਜ ਨੇ ਇੱਕ ਗੱਲ ਜ਼ਰੂਰ ਵੇਖ ਲਈ ਸੀ ਕਿ ਆਫੀਆ ਨੂੰ ਧਰਮ ਬਾਰੇ ਬਹੁਤ ਡੂੰਘੀ ਜਾਣਕਾਰੀ ਸੀ ਅਤੇ ਉਸ ‘ਚ ਦੂਜਿਆਂ ਨੂੰ ਆਪਣੇ ਪ੍ਰਭਾਵ ਹੇਠ ਲੈਣ ਦੀ ਕਾਬਲੀਅਤ ਸੀ। ਮੁਹੰਮਦ ਦੇ ਕਈ ਦੋਸਤ ਤਾਂ ਪਹਿਲੀ ਵਾਰ ਹੀ ਉਸ ਦਾ ਪ੍ਰਭਾਵ ਕਬੂਲ ਲੈਂਦੇ ਸਨ। ਆਫੀਆ ਦੇ ਹੋਰ ਰਿਸ਼ਤੇਦਾਰ ਵੀ ਹਿਊਸਟਨ ਰਹਿੰਦੇ ਸਨ। ਕਿਸੇ ਨਾ ਕਿਸੇ ਫੰਕਸ਼ਨ ਜਾਂ ਤਿਉਹਾਰ ਵਾਲੇ ਦਿਨ ਸਾਰੇ ਇਕੱਠੇ ਹੁੰਦੇ ਰਹਿੰਦੇ ਸਨ। ਜਾਰਜ ਇਨ੍ਹਾਂ ਸਾਰਿਆਂ ਨੂੰ ਜਾਣਦਾ ਸੀ ਅਤੇ ਸਭ ਨਾਲ ਵਰਤਦਾ ਵੀ ਸੀ। ਇਸ ਕਰ ਕੇ ਆਫੀਆ ਪਿੱਛੋਂ ਜਾ ਕੇ ਉਸ ਨਾਲ ਪੂਰੀ ਤਰ੍ਹਾਂ ਖੁੱਲ੍ਹ ਗਈ। ਉਹ ਖੁੱਲ੍ਹ ਕੇ ਬਹਿਸਾਂ ਕਰਦੇ। ਇੱਕ ਦਿਨ ਜਾਰਜ, ਮੁਹੰਮਦ ਦੇ ਅਪਾਰਟਮੈਂਟ ‘ਚ ਆਇਆ ਤਾਂ ਉਸ ਨੇ ਵੇਖਿਆ ਕਿ ਆਫੀਆ ਚੁੱਪ ਚਾਪ ਇੱਕ ਪਾਸੇ ਬੈਠੀ ਹੋਈ ਸੀ। ਘਰ ਵਿਚ ਪੂਰੀ ਚੁੱਪ-ਚਾਨ ਸੀ।
“ਕੀ ਗੱਲ ਸਿਸਟਰ, ਅੱਜ ਇੰਨੀ ਉਦਾਸ ਐਂ?” ਜਾਰਜ ਨੇ ਪੁੱਛਿਆ।
“ਜਾਰਜ, ਅੱਜ ਘਰ ਯਾਦ ਆ ਰਿਹਾ ਐ। ਖਾਸ ਕਰ ਕੇ ਅੰਮੀ।”
“ਨਾ ਤੂੰ ਟੀæਵੀæ ਵੇਖਦੀ ਐਂ। ਨਾ ਕੋਈ ਕਿਤਾਬ ਪੜ੍ਹਦੀ ਐਂ। ਫਿਰ ਵਿਹਲੀ ਬੈਠੀ ਨੇ ਉਦਾਸ ਤਾਂ ਹੋਣਾ ਈ ਐ।”
“ਇਸੇ ਕਰ ਕੇ ਈ ਮੈਂ ਟੀæਵੀæ ਨ੍ਹੀਂ ਵੇਖਦੀ ਤੇ ਨਾ ਈ ਕੁਛ ਪੜ੍ਹਦੀ ਆਂ।”
“ਮਤਲਬ?” ਜਾਰਜ ਹੈਰਾਨ ਹੋਇਆ।
“ਕਿਉਂਕਿ ਇਹ ਗੱਲਾਂ ਸਿਰਫ ਵਕਤ ਕਟੀ ਲਈ ਨੇ। ਇਹ ਇਨਸਾਨ ਦਾ ਵਕਤ ਪਾਸ ਨ੍ਹੀਂ ਕਰਵਾਉਂਦੀਆਂ, ਸਗੋਂ ਇਹ ਵਕਤ ਬਰਬਾਦ ਕਰਦੀਆਂ ਨੇ। ਇਸੇ ਕਰ ਕੇ ਇਨ੍ਹਾਂ ਗੱਲਾਂ ਦੀ ਸਾਡੇ ਧਰਮ ‘ਚ ਮਨਾਹੀ ਐ।”
“ਵਿਹਲੇ ਵੇਲੇ ਹੋਰ ਫਿਰ ਕੀ ਕਰੋ?”
“ਰੱਬ ਦੀ ਇਬਾਦਤ ਕਰੋ, ਜਾਂ ਫਿਰ ਸਮਾਜਕ ਭਲਾਈ ਦੇ ਕੰਮ ਕਰੋ।”
“ਜੇ ਤੁਸੀਂ ਟੀæਵੀæ ਨ੍ਹੀਂ ਵੇਖੋਗੇ, ਕੋਈ ਅਖ਼ਬਾਰ ਨ੍ਹੀਂ ਪੜ੍ਹੋਗੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੂ ਕਿ ਸੰਸਾਰ ਅੰਦਰ ਕੀ ਹੋ ਰਿਹਾ ਐ?”
“ਤੇਰੇ ਵਰਗਿਆਂ ਤੋਂ ਪਤਾ ਲੱਗ ਈ ਜਾਂਦਾ ਐ ਕਿ ਸੰਸਾਰ ਅੰਦਰ ਕੀ ਚੱਲ ਰਿਹਾ ਐ।” ਇੰਨਾ ਕਹਿੰਦਿਆਂ ਆਫੀਆ ਹੱਸੀ। ਉਸ ਦੀ ਇਹ ਗੱਲ ਸੁਣ ਕੇ ਜਾਰਜ ਹੈਰਾਨ ਨਾ ਹੋਇਆ ਕਿਉਂਕਿ ਉਸ ਨੇ ਪਹਿਲਾਂ ਹੀ ਵੇਖ ਲਿਆ ਸੀ ਕਿ ਜੋ ਅੱਜਕੱਲ੍ਹ ਦੀ ਜੁਆਨ ਪੀੜ੍ਹੀ ਕਰ ਰਹੀ ਹੈ, ਆਫੀਆ ਉਨ੍ਹਾਂ ਗੱਲਾਂ ਤੋਂ ਕੋਹਾਂ ਦੂਰ ਹੈ। ਉਹ ਟੀæਵੀæ ਨਹੀਂ ਵੇਖਦੀ, ਸੰਗੀਤ ਨਹੀਂ ਸੁਣਦੀ, ਕੋਈ ਨਾਵਲ ਵਗੈਰਾ ਨਹੀਂ ਪੜ੍ਹਦੀ ਤੇ ਕਿਸੇ ਮੁੰਡੇ ਨਾਲ ਘੁੰਮਣ-ਫਿਰਨ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਉਸ ਦੇ ਲਈ ਬੱਸ ਦੋ ਹੀ ਗੱਲਾਂ ਜ਼ਰੂਰੀ ਸਨ, ਆਪਣੀ ਪੜ੍ਹਾਈ ਜਾਂ ਫਿਰ ਧਰਮ। ਉਹ ਕੁਝ ਦੇਰ ਚੁੱਪ ਰਹਿੰਦਾ ਬੋਲਿਆ, “ਸਿਸਟਰ ਤੈਨੂੰ ਮੈਂ ਸਲਾਹ ਦੇਊਂ ਕਿ ਤੂੰ ਟੀæਵੀæ ‘ਤੇ ਖ਼ਬਰਾਂ ਵਗੈਰਾ ਜ਼ਰੂਰ ਵੇਖ ਲਿਆ ਕਰ। ਇਸ ਨਾਲ ਇਨਸਾਨ ਨੂੰ ਇੰਨਾ ਪਤਾ ਲੱਗਦਾ ਰਹਿੰਦੈ ਕਿ ਆਲੇ-ਦੁਆਲੇ ਕੀ ਹੋ ਰਿਹਾ ਐ।”
“ਕਿਉਂ ਕੁਛ ਖਾਸ ਹੋ ਰਿਹਾ ਐ ਆਲੇ-ਦੁਆਲੇ?” ਆਫੀਆ ਨੇ ਗੱਲ ਫਿਰ ਮਜ਼ਾਕ ‘ਚ ਪਾਈ।
“ਤੈਨੂੰ ਨ੍ਹੀਂ ਪਤਾ ਕਿ ਅੱਜ ਕੀ ਹੋ ਗਿਆ?”
“ਨ੍ਹੀਂ ਤਾਂ।”
“ਇਰਾਕ ਨੇ ਕੁਵੈਤ ‘ਤੇ ਹਮਲਾ ਕਰ ਦਿੱਤਾ ਐ।”
“ਹੈਂ!?” ਆਫੀਆ ਹੈਰਾਨ ਹੁੰਦਿਆਂ ਜਾਰਜ ਵੱਲ ਝਾਕੀ। ਉਹ ਇੱਕਦਮ ਸਕਤੇ ‘ਚ ਆ ਗਈ।”
“ਹਾਂ, ਇਹ ਸਹੀ ਐ। ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ, ਇਹ ਤਾਂ ਤੈਨੂੰ ਪਤਾ ਈ ਐ; ਪਰ ਅੱਜ ਸੱਦਾਮ ਹੁਸੈਨ ਸਾਰੀ ਦੁਨੀਆਂ ਦੇ ਰੋਕਣ ਦੇ ਬਾਵਜੂਦ ਨਾ ਰੁਕਿਆ ਤੇ ਉਸ ਨੇ ਕੁਵੇਤ ‘ਤੇ ਚੜ੍ਹਾਈ ਕਰ ਦਿੱਤੀ।”
“ਸੱਦਾਮ ਹੁਸੈਨ ਤਾਂ ਬੁੱਚੜ ਐ, ਇਹ ਸਾਰੇ ਈ ਜਾਣਦੇ ਨੇ ਪਰ ਘੱਟ ਕੁਵੈਤ ਦੇ ਸ਼ੇਖ ਵੀ ਨ੍ਹੀਂ।”
“ਸਿਸਟਰ, ਕੁਵੈਤ ਦਾ ਇਸ ‘ਚ ਕੀ ਕਸੂਰ ਐ?” ਜਾਰਜ ਉਸ ਦੀ ਗੱਲ ਸੁਣ ਕੇ ਹੈਰਾਨ ਹੋਇਆ।
“ਇਹ ਜਿੰਨੇ ਵੀ ਡਿਕਟੇਟਰ ਨੇ, ਇਹ ਸਾਰੇ ਈ ਸ਼ੈਤਾਨ ਨੇ। ਸਾਰੇ ਈ ਇਸਲਾਮ ਨੂੰ ਢਾਹ ਲਾ ਰਹੇ ਨੇ। ਇਨ੍ਹਾਂ ਸਾਰਿਆਂ ਦਾ ਈ ਖਾਤਮਾ ਹੋਣਾ ਜ਼ਰੂਰੀ ਐ।”
“ਫਿਰ ਤੇਰੇ ਖਿਆਲ ‘ਚ ਹੁਣ ਕੀ ਹੋਣਾ ਚਾਹੀਦਾ ਐ?”
“ਪਹਿਲਾਂ ਸੱਦਾਮ ਦਾ ਫਸਤਾ ਵੱਢਿਆ ਜਾਵੇ। ਉਸ ਪਿੱਛੋਂ ਇਨ੍ਹਾਂ ਸ਼ੇਖਾਂ ਅਤੇ ਡਿਕਟੇਟਰਾਂ ਦਾ ਸਫਾਇਆ ਹੋਵੇ।”
“ਕੌਣ ਕਰੂਗਾ ਇਹ ਸਭ?”
“ਲੋਕ।” ਇੰਨਾ ਕਹਿ ਕੇ ਆਫੀਆ ਜਾਰਜ ਵੱਲ ਝਾਕੀ।
“ਲੋਕ ਇੱਥੇ ਕੁਛ ਨ੍ਹੀਂ ਕਰ ਸਕਦੇ। ਇਸ ਵੇਲੇ ਕਿਸੇ ਵੱਡੀ ਸ਼ਕਤੀ ਦੀ ਲੋੜ ਐ ਜੋ ਸੱਦਾਮ ਨੂੰ ਨੱਥ ਪਾਵੇ।”
“ਮਤਲਬ?”
“ਮਲਤਬ ਇਹ ਐ ਕਿ ਅਮਰੀਕਾ ਨੇ ਇਰਾਕ ਨੂੰ ਕਹਿ ਦਿੱਤਾ ਐ ਕਿ ਉਹ ਆਪਣੀਆਂ ਫੌਜਾਂ ਕੁਵੈਤ ‘ਚੋਂ ਬਾਹਰ ਕੱਢੇ। ਨ੍ਹੀਂ ਤਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।”
“ਅਮਰੀਕਾ ਇੱਥੇ ਵਿਚ-ਵਿਚਕਾਰ ਕਿੱਥੋਂ ਆ ਗਿਆ? ਇਹ ਅਰਬ ਮੁਲਕਾਂ ਦਾ ਆਪਸ ਦਾ ਮਾਮਲਾ ਐ।” ਆਫੀਆ ਤੁਰੰਤ ਗੱਲ ਦਾ ਪਾਸਾ ਬਦਲ ਗਈ।
“ਤੈਨੂੰ ਨ੍ਹੀਂ ਪਤਾ, ਇਰਾਕ ਤਾਂ ਕੁਵੈਤ ਤੋਂ ਵੀ ਅੱਗੇ ਸਾਊਦੀ ਅਰਬ ‘ਤੇ ਹਮਲਾ ਕਰਨ ਦੀ ਤਿਆਰੀ ਕਰੀ ਜਾ ਰਿਹਾ ਐ। ਜੇ ਉਸ ਨੂੰ ਰੋਕਿਆ ਨਾ ਗਿਆ ਤਾਂæææ।”
“ਮੈਨੂੰ ਇਹ ਸਭ ਕੁਛ ਸਾਜ਼ਿਸ਼ ਲੱਗਦੀ ਐ।” ਜਾਰਜ ਦੀ ਗੱਲ ਵਿਚਕਾਰੋਂ ਟੋਕਦੀ ਆਫੀਆ ਬੋਲੀ।
“ਸਾਜ਼ਿਸ਼ ਮਤਲਬ?”
“ਅਮਰੀਕਾ ਸ਼ੈਤਾਨ ਦੀ ਪਾਰਟੀ ਐ। ਅੱਜ ਇਹ ਦੁਨੀਆਂ ‘ਚ ਕਿਸੇ ਨੂੰ ਵੀ ਟਿਕ ਕੇ ਨ੍ਹੀਂ ਬੈਠਣ ਦਿੰਦਾ। ਹਰ ਮੁਲਕ ਦੇ ਘਰੇਲੂ ਮਾਮਲਿਆਂ ‘ਚ ਦਖਲ ਦਿੰਦਾ ਰਹਿੰਦਾ ਐ।”
“ਮੈਂ ਇਹ ਗੱਲ ਨ੍ਹੀਂ ਮੰਨਦਾ। ਤੂੰ ਕੋਈ ਉਦਾਹਰਣ ਦੇਹ।”
“ਦੂਰ ਜਾਣ ਦੀ ਲੋੜ ਈ ਨ੍ਹੀਂ। ਮੇਰੇ ਆਪਣੇ ਮੁਲਕ ਪਾਕਿਸਤਾਨ ਦੀ ਗੱਲ ਕਰ ਲੈਨੇ ਆਂ। ਉਥੇ ਉਹੀ ਹੁੰਦਾ ਐ ਜੋ ਅਮਰੀਕਾ ਨੂੰ ਚੰਗਾ ਲੱਗੇ। ਮੁਲਕ ‘ਤੇ ਰਾਜ ਕਰਨ ਵਾਲਾ ਕੋਈ ਵੀ ਹੋਵੇ, ਉਸ ਨੂੰ ਅਮਰੀਕਾ ਦੀ ਗੱਲ ਮੰਨਣੀ ਈ ਪੈਂਦੀ ਐ। ਅਸਲ ਵਿਚ ਸਾਡੇ ਮੁਲਕ ਦੇ ਸਾਰੇ ਸਿਆਸਤਦਾਨ ਅਮਰੀਕਾ ਦੇ ਪਿੱਠੂ ਨੇ। ਆਪਣੀ ਰਾਜਗੱਦੀ ਬਚਾਉਣ ਲਈ ਉਹ ਕੋਈ ਵੀ ਸਮਝੌਤਾ ਕਰ ਸਕਦੇ ਨੇ। ਇਵੇਂ ਈ ਬਾਕੀ ਮੁਲਕਾਂ ‘ਚ ਹੋ ਰਿਹਾ ਐ। ਅਰਬ ਮੁਲਕਾਂ ‘ਚ ਅਮਰੀਕਾ ਇੱਕ ਦੂਜੇ ਨੂੰ ਲੜਾ ਕੇ ਆਪਣਾ ਮਤਲਬ ਕੱਢੀ ਰੱਖਦਾ ਐ।”
“ਪਰ ਆਪਾਂ ਗੱਲ ਇਰਾਕ ਦੀ ਕਰ ਰਹੇ ਆਂ।” ਜਾਰਜ ਨੇ ਉਸ ਨੂੰ ਟੋਕਿਆ।
“ਠੀਕ ਐ ਇਰਾਕ ਦੀ ਸਹੀ। ਪਹਿਲਾਂ ਤਾਂ ਅਮਰੀਕਾ, ਇਰਾਕ ਨੂੰ ਇਰਾਨ ਦੇ ਖਿਲਾਫ ਚੁੱਕੀ ਗਿਆ। ਇੰਨੇ ਸਾਲ ਦੀ ਇਰਾਨ-ਇਰਾਕ ਲੜਾਈ ਵਿਚ ਇਸ ਨੇ ਇਰਾਕ ਦੀ ਪੂਰੀ ਹਮਾਇਤ ਕੀਤੀ। ਹੁਣ ਉਹ ਲੜਾਈ ਖਤਮ ਹੋ ਗਈ ਤਾਂ ਇਸ ਨੇ ਆਪਣਾ ਹੋਰ ਏਜੰਡਾ ਸ਼ੁਰੂ ਕਰ ਲਿਆ।”
“ਸਿਸਟਰ, ਤੂੰ ਫਿਰ ਮਸਲੇ ਤੋਂ ਪਰ੍ਹਾਂ ਜਾ ਰਹੀ ਐਂ। ਇਰਾਕ ਨੇ ਕੁਵੈਤ ‘ਤੇ ਹਮਲਾ ਕੀਤਾ ਐ, ਨਾ ਕਿ ਅਮਰੀਕਾ ਨੇ।”
“ਜਾਰਜ, ਮੈਂ ਸਭ ਜਾਣਦੀ ਆਂ। ਪਿਛਲੇ ਕਈ ਮਹੀਨਿਆਂ ਤੋਂ ਇਹ ਰੌਲਾ ਚੱਲ ਰਿਹਾ ਸੀ। ਇਰਾਕ ਨੇ ਅਮਰੀਕਾ ਕੋਲ ਸ਼ਿਕਾਇਤ ਵੀ ਕੀਤੀ ਸੀ ਕਿ ਉਸ ਦਾ ਕੁਵੈਤ ਨਾਲ ਕਿਸੇ ਇਲਾਕੇ ਨੂੰ ਲੈ ਕੇ ਝਗੜਾ ਐ; ਪਰ ਅਮਰੀਕਾ ਨੇ ਇਹ ਕਹਿ ਕੇ ਪਾਸਾ ਝਾੜ ਲਿਆ ਕਿ ਇਹ ਤੁਹਾਡਾ ਆਪਸੀ ਮਾਮਲਾ ਐ, ਜਿਵੇਂ ਮਰਜ਼ੀ ਸੁਲਝਾਉ, ਉਹ ਇਸ ਵਿਚ ਨਹੀਂ ਪਵੇਗਾ। ਅਸਲ ‘ਚ ਇਹ ਕਹਿ ਕੇ ਅਮਰੀਕਾ ਨੇ ਇਰਾਕ ਨੂੰ ਇੱਕ ਕਿਸਮ ਦੀ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਜੋ ਮਰਜ਼ੀ ਕਰੇ, ਅਮਰੀਕਾ ਵਿਚ ਨ੍ਹੀਂ ਆਵੇਗਾ। ਸੱਦਾਮ ਨੇ ਵੀ ਉਸ ਦਾ ਇਸ਼ਾਰਾ ਸਮਝ ਲਿਆ ਤੇ ਮੌਕਾ ਮਿਲਦਿਆਂ ਈ ਕੁਵੈਤ ‘ਤੇ ਚੜ੍ਹਾਈ ਕਰ ਦਿੱਤੀ। ਇਰਾਕ ਦੇ ਇੰਨਾ ਕਰਦਿਆਂ ਈ ਅਮਰੀਕਾ ਆਪਣੀ ਗੱਲ ਤੋਂ ਬਦਲ ਗਿਆ। ਅਸਲ ‘ਚ ਅਮਰੀਕਾ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਰਾਕ ਕੋਈ ਕਦਮ ਚੁੱਕੇ ਤੇ ਉਸ ਨੂੰ ਵਿਚ ਪੈਣ ਦਾ ਮੌਕਾ ਮਿਲੇ। ਹੁਣ ਵੇਖ ਲੈ ਅਮਰੀਕਾ ਦੇ ਮਨ ਦੀ ਹੋ ਗਈ। ਇਰਾਕ ਨੂੰ ਰੋਕਣ ਲਈ ਉਸ ਨੇ ਸਾਊਦੀ ਅਰਬ ਨੂੰ ਅੱਗੇ ਲਾ ਲਿਆ।”
“ਸਿਸਟਰ ਆਫੀਆ, ਪਹਿਲਾਂ ਇਹ ਦੱਸ ਕਿ ਤੂੰ ਇਰਾਕ ਦੇ ਚੁੱਕੇ ਇਸ ਕਦਮ ਦੇ ਹੱਕ ‘ਚ ਐਂ ਕਿ ਖਿਲਾਫ।”
“ਮੈਂ ਇਸ ਦੇ ਬਿਲਕੁਲ ਖਿਲਾਫ ਆਂ। ਮੈਂ ਤਾਂ ਇੱਥੋਂ ਤੱਕ ਕਹਿਨੀ ਆਂ ਕਿ ਇਸ ਬੁੱਚੜ ਸੱਦਾਮ ਦਾ ਖਾਤਮਾ ਹੋਵੇ ਤੇ ਇਰਾਕ ਦੇ ਲੋਕਾਂ ਦਾ ਉਸ ਤੋਂ ਖਹਿੜਾ ਛੁੱਟੇ। ਇਕੱਲਾ ਉਹ ਈ ਨ੍ਹੀਂ, ਜਿਵੇਂ ਮੈਂ ਪਹਿਲਾਂ ਈ ਕਹਿ ਚੁੱਕੀ ਆਂ ਕਿ ਅਰਬ ਮੁਲਕਾਂ ਦੇ ਸਾਰੇ ਡਿਕਟੇਟਰਾਂ ਅਤੇ ਸ਼ੇਖਾਂ ਦਾ ਖਾਤਮਾ ਜ਼ਰੂਰੀ ਐ। ਇਸ ਨਾਲ ਈ ਇਸਲਾਮ ਤਰੱਕੀ ਕਰ ਸਕਦਾ ਐ; ਪਰ ਇਹ ਮਾਮਲਾ ਮੁਸਲਮਾਨ ਲੋਕਾਂ ਦਾ ਆਪਣਾ ਐਂ। ਮੈਂ ਚਾਹੁੰਨੀ ਆਂ ਕਿ ਉਹ ਆਪ ਈ ਇਸ ਨੂੰ ਸੁਲਝਾਉਣ। ਅਮਰੀਕਾ ਨੂੰ ਸਾਡੇ ਲੋਕਾਂ ਦੇ ਮਸਲਿਆਂ ਵਿਚ ਦਖਲ ਦੇਣ ਦੀ ਕੋਈ ਲੋੜ ਨ੍ਹੀਂ।”
“ਜੋ ਵੀ ਐ ਸਿਸਟਰ, ਪਰ ਇੱਕ ਗੱਲ ਪੱਕੀ ਐ ਕਿ ਕੁਛ ਹੀ ਦਿਨਾਂ ‘ਚ ਅਮਰੀਕੀ ਫੌਜਾਂ ਅਰਬ ਵੱਲ ਚਾਲੇ ਪਾ ਦੇਣਗੀਆਂ।” ਜਾਰਜ ਨੇ ਚੁਟਕੀ ਮਾਰਦਿਆਂ ਹੱਸ ਕੇ ਕਿਹਾ।
“ਅਜਿਹਾ ਕਦੀ ਵੀ ਨ੍ਹੀਂ ਹੋਵੇਗਾ। ਮੁਸਲਮਾਨ ਲੋਕ ਅਜਿਹਾ ਨ੍ਹੀਂ ਹੋਣ ਦੇਣਗੇ।”
“ਇਹ ਤਾਂ ਵਕਤ ਈ ਦੱਸੂਗਾ ਪਰ ਹੁਣ ਮੈਂ ਚੱਲਦਾ ਆਂ। ਮੁਹੰਮਦ ਨੂੰ ਦੱਸ ਦੇਵੀਂ ਕਿ ਜਾਰਜ ਆਇਆ ਸੀ।” ਇੰਨਾ ਕਹਿੰਦਿਆਂ ਜਾਰਜ ਬਾਹਰ ਨਿਕਲ ਗਿਆ ਪਰ ਆਫੀਆ ਫਿਕਰਾਂ ‘ਚ ਡੁੱਬ ਗਈ। ਉਸ ਦੇ ਮਨ ਮਸਤਕ ਨੂੰ ਇਰਾਕ ਵਾਲੇ ਮਾਮਲੇ ਨੇ ਘੇਰ ਲਿਆ। ਦਿਲੋਂ ਭਾਵੇਂ ਉਹ ਚਾਹੁੰਦੀ ਸੀ ਕਿ ਸੱਦਾਮ ਦਾ ਸਫਾਇਆ ਹੋ ਜਾਵੇ ਪਰ ਉਹ ਇਹ ਵੀ ਨਹੀਂ ਚਾਹੁੰਦੀ ਸੀ ਕਿ ਅਮਰੀਕਾ ਇਸ ਗੱਲ ਵਿਚ ਦਖਲ ਦੇਵੇ। ਉਸ ਨੇ ਜਿਉਂ ਹੀ ਸੁਰਤ ਸੰਭਾਲੀ ਸੀ, ਉਸ ਦੇ ਘਰ ‘ਚ ਅਮਰੀਕਾ ਦੇ ਖਿਲਾਫ ਹੀ ਗੱਲਾਂ ਹੁੰਦੀਆਂ ਸਨ। ਉਸ ਨੇ ਅਫਗਾਨਿਸਤਾਨ ਵਾਲਾ ਸਾਰਾ ਮਾਮਲਾ ਆਪਣੇ ਸਾਹਮਣੇ ਵਾਪਰਦਾ ਵੇਖਿਆ ਸੀ। ਉਹ ਸੋਚਦੀ ਹੁੰਦੀ ਸੀ ਕਿ ਆਪਣਾ ਕੰਮ ਕੱਢਣ ਲਈ ਪਹਿਲਾਂ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਮੂਹਰੇ ਲਾ ਲਿਆ। ਜਦੋਂ ਸੋਵੀਅਤ ਯੂਨੀਅਨ ਹਾਰ ਗਿਆ ਤਾਂ ਅਮਰੀਕਾ ਨੇ ਆਪਣੇ ਹੀ ਉਨ੍ਹਾਂ ਦੋਸਤਾਂ ਦਾ ਸਫਾਇਆ ਕਰ ਦਿੱਤਾ ਜਿਨ੍ਹਾਂ ਨੇ ਅਫਗਾਨਿਸਤਾਨ ਦੀ ਲੜਾਈ ਵਿਚ ਉਸ ਦਾ ਸਾਥ ਦਿੱਤਾ ਸੀ। ਖਾਸ ਕਰ ਕੇ ਉਸ ਨੂੰ ਜ਼ਿਆ-ਉਲ-ਹੱਕ ਵਾਲਾ ਹਾਦਸਾ ਬਹੁਤ ਚੁੱਭਦਾ ਸੀ। ਉਸ ਦੀ ਆਪਣੀ ਸੋਚ ਇਹ ਸੀ ਕਿ ਉਹ ਹੈਲੀਕਾਪਟਰ ਹਾਦਸਾ ਅਮਰੀਕਨ ਏਜੰਸੀ ਸੀæਆਈæਏæ ਨੇ ਕਰਵਾਇਆ ਸੀ ਜਿਸ ਵਿਚ ਜ਼ਿਆ-ਉਲ-ਹੱਕ ਦੀ ਮੌਤ ਹੋਈ ਸੀ। ਉਸ ਦੇ ਪਰਿਵਾਰ ਦਾ ਅਜੇ ਵੀ ਜ਼ਿਆ-ਉਲ-ਹੱਕ ਦੇ ਪਰਿਵਾਰ ਨਾਲ ਗਹਿਰਾ ਵਾਹ-ਵਾਸਤਾ ਸੀ, ਖਾਸਕਰ ਉਸ ਦੇ ਪੁੱਤਰ ਇਜਾਜ਼-ਉਲ-ਹੱਕ ਨਾਲ। ਖੈਰ, ਜਾਰਜ ਅਤੇ ਆਫੀਆ ਦੀ ਇਸ ਮੁਲਾਕਾਤ ਦੇ ਕੁਝ ਦਿਨ ਬਾਅਦ ਹੀ ਉਹ ਫਿਰ ਮੁਹੰਮਦ ਦੇ ਅਪਾਰਟਮੈਂਟ ਵਿਚ ਬੈਠੇ ਸਨ। ਅੱਜ ਮੁਹੰਮਦ ਵੀ ਉਥੇ ਹੀ ਸੀ।
“ਵੇਖ ਲੈ ਜਾਰਜ, ਅਮਰੀਕਾ ਨੇ ਸਾਊਦੀ ਅਰਬ ਦੀ ਪਵਿੱਤਰ ਧਰਤੀ ਗੰਧਲੀ ਕਰ ਦਿੱਤੀ।” ਗੱਲ ਮੁਹੰਮਦ ਨੇ ਸ਼ੁਰੂ ਕੀਤੀ।
“ਮੁਹੰਮਦ ਹੋਰ ਕੋਈ ਰਾਹ ਵੀ ਤਾਂ ਨ੍ਹੀਂ ਐ। ਜੇ ਅਮਰੀਕਾ ਉਥੇ ਨਾ ਜਾਂਦਾ ਤਾਂ ਇਰਾਕ ਨੇ ਅੱਗੇ ਵਧੀ ਜਾਣਾ ਸੀ।”
“ਸਭ ਚਾਲਾਂ ਨੇ। ਜੋ ਕੁਛ ਵੀ ਹੋ ਰਿਹਾ ਐ, ਇਸ ਸਭ ਦਾ ਜ਼ਿੰਮੇਵਾਰ ਅਮਰੀਕਾ ਈ ਐ।” ਆਫੀਆ ਗੱਲਬਾਤ ‘ਚ ਹਿੱਸਾ ਲੈਂਦਿਆਂ ਬੋਲੀ।
“ਅਸਲ ‘ਚ ਅਮਰੀਕਾ ਨੂੰ ਤਾਂ ਮਸਾਂ ਮੌਕਾ ਮਿਲਿਆ ਐ, ਅਰਬ ਮੁਲਕਾਂ ‘ਚ ਜਾ ਕੇ ਅੱਡਾ ਲਾਉਣ ਲਈ। ਅਮਰੀਕਾ ਕਿੱਦੇਂ ਦਾ ਬਹਾਨਾ ਭਾਲਦਾ ਸੀ, ਉਹ ਇਸ ਨੂੰ ਇਰਾਕ ਨੇ ਦੇ ਦਿੱਤਾ। ਹੁਣ ਨ੍ਹੀਂ ਅਮਰੀਕਾ ਉਥੋਂ ਕਦੇ ਵੀ ਨਿਕਲਦਾ।” ਮੁਹੰਮਦ ਬੋਲਿਆ।
“ਨ੍ਹੀਂ ਮੇਰੇ ਖਿਆਲ ਵਿਚ ਅਜਿਹਾ ਨ੍ਹੀਂ ਹੋਵੇਗਾ। ਅਮਰੀਕਾ ਨੇ ਇਰਾਕ ਨੂੰ ਕਿਹਾ ਐ ਕਿ ਉਹ ਕੁਵੈਤ ‘ਚੋਂ ਨਿਕਲ ਜਾਵੇ। ਮੈਨੂੰ ਲੱਗਦਾ ਐ ਕਿ ਇਹ ਸਭ ਅਮਰੀਕਾ ਨੇ ਉਸ ਨੂੰ ਡਰਾਉਣ ਲਈ ਕੀਤਾ ਐ। ਇਸ ਤਰ੍ਹਾਂ ਇਰਾਕ ਵਾਪਸ ਚਲਿਆ ਜਾਵੇਗਾ ਤਾਂ ਅਮਰੀਕਾ ਵੀ ਫੌਜਾਂ ਵਾਪਸ ਬੁਲਾ ਲਊਗਾ।”
“ਜਾਰਜ ਅਜਿਹਾ ਕਦੇ ਵੀ ਨ੍ਹੀਂ ਹੋਣ ਲੱਗਿਆ। ਅਮਰੀਕਾ ਨੇ ਨਾ ਕਦੇ ਪਹਿਲਾਂ ਮੁਸਲਮਾਨਾਂ ਦੀ ਪ੍ਰਵਾਹ ਕੀਤੀ ਐ ਤੇ ਨਾ ਹੁਣ ਕਰੂਗਾ।”
“ਸਿਸਟਰ, ਸਾਊਦੀ ਅਰਬ ਦੇ ਕਿੰਗ ਦੇ ਕਹਿਣ ‘ਤੇ ਹੀ ਤਾਂ ਅਮਰੀਕਾ ਨੇ ਫੌਜਾਂ ਉਥੇ ਇਕੱਠੀਆਂ ਕੀਤੀਆਂ ਨੇ। ਉਹ ਵੀ ਮੁਸਲਮਾਨ ਈ ਐ।”
“ਤੂੰ ਮੈਨੂੰ ਉਹੀ ਗੱਲਾਂ ਵਾਰ ਵਾਰ ਦੁਹਰਾਉਣ ਨੂੰ ਪਤਾ ਨ੍ਹੀਂ ਕਿਉਂ ਉਕਸਾਉਂਦਾ ਰਹਿਨਾ ਐਂ ਕਿ ਇਹ ਸ਼ੇਖ, ਕਿੰਗ ਅਤੇ ਡਿਕਟੇਟਰ ਸਭ ਸ਼ੈਤਾਨ ਨੇ। ਜਦੋਂ ਤੱਕ ਇਹ ਜਿੰਦਾ ਨੇ, ਉਦੋਂ ਤੱਕ ਮੁਸਲਮਾਨਾਂ ਦਾ ਭਲਾ ਨ੍ਹੀਂ ਹੋ ਸਕਦਾ।”
“ਜਾਰਜ, ਉਂਜ ਤਾਂ ਤੂੰ ਬੜੀਆਂ ਫੜ੍ਹਾਂ ਮਾਰਦਾ ਰਹਿੰਦਾ ਐਂ ਕਿ ਕਰਿਸ਼ੀਅਨ, ਅਹਿੰਸਾ ‘ਚ ਵਿਸ਼ਵਾਸ ਰੱਖਦੇ ਨੇ; ਹੁਣ ਦੱਸ ਕਿ ਤੁਹਾਡਾ ਇਹ ਅਸੂਲ ਕਿੱਧਰ ਗਿਆ? ਹੁਣ ਉਥੇ ਜਾ ਕੇ ਮੁਸਲਮਾਨ ਲੋਕਾਂ ਦਾ ਘਾਣ ਕਰਨ ਲੱਗੇ ਓਂ ਤਾਂ ਨਾਨ-ਵਾਇਲੈਂਸ ਦਾ ਅਸੂਲ ਕਿੱਥੇ ਐ?” ਮੁਹੰਮਦ ਨੂੰ ਗੁੱਸਾ ਆ ਗਿਆ ਲੱਗਦਾ ਸੀ।
“ਆਪਣੇ ਤੌਰ ‘ਤੇ ਤਾਂ ਮੈਂ ਹੁਣ ਵੀ ਖੂਨ ਖਰਾਬੇ ਦੇ ਖਿਲਾਫ ਆਂ ਪਰ ਇਹ ਮੁਸਲਮਾਨ ਈ ਨੇ ਜਿਹੜੇ ਅਮਰੀਕਾ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੇ ਨੇ।”
“ਇਹ ਕਿਉਂ ਨ੍ਹੀਂ ਕਹਿੰਦਾ ਕਿ ਡਾਹਢੇ ਦਾ ਹਰ ਥਾਂ ਜ਼ੋਰ ਚੱਲਦਾ ਐ।”
“ਇਹ ਤਾਂ ਫਿਰ ਹੈ ਈ। ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਆਂ, ਜੋ ਮਰਜ਼ੀ ਕਰੀਏ।” ਜਾਰਜ ਨੇ ਹਾਸੇ ਵਿਚ ਕਿਹਾ ਪਰ ਮੁਹੰਮਦ ਇਸ ਗੱਲ ਦਾ ਗੁੱਸਾ ਮੰਨ ਗਿਆ। ਦੰਦੀਆਂ ਪੀਂਹਦਾ ਉਹ ਬੋਲਿਆ, “ਜਾਰਜ, ਜੇ ਅਗਾਂਹ ਇੱਕ ਲਫਜ਼ ਵੀ ਬੋਲਿਆ ਤਾਂ ਮੈਂ ਤੈਨੂੰ ਚੁੱਕ ਕੇ ਬਾਹਰ ਸੁੱਟ ਦੂੰਗਾ।”
“ਅਸੀਂ ਸੁਪਰ ਪਾਵਰ ਆਂ, ਸਾਨੂੰ ਕੌਣ ਛੇੜ ਸਕਦਾ ਐ।” ਜਾਰਜ ਫਿਰ ਹਾਸੇ ਦੇ ਰੌਂਅ ‘ਚ ਬੋਲਿਆ। ਇਸ ਨਾਲ ਮੁਹੰਮਦ ਨੂੰ ਹੋਰ ਵੀ ਗੁੱਸਾ ਆ ਗਿਆ। ਉਹ ਉਠਦਾ ਹੋਇਆ ਕੜਕਿਆ, “ਤੂੰ ਹੁਣੇ ਈ ਮੇਰੇ ਘਰੋਂ ਨਿਕਲ ਜਾ।”
“ਇਹ ਘਰ ਮੇਰੀ ਇਸ ਲਿਟਲ ਸਿਸਟਰ ਦਾ ਵੀ ਐ। ਮੈਂ ਨ੍ਹੀਂ ਇੱਥੋਂ ਜਾਣਾ।” ਜਾਰਜ ਆਫੀਆ ਵੱਲ ਵੇਖਦਾ ਬੋਲਿਆ।
“ਠੀਕ ਐ, ਫਿਰ ਮੈਂ ਈ ਇੱਥੋਂ ਚਲਾ ਜਾਨਾਂ। ਢੱਠੇ ਖੂਹ ‘ਚ ਪੈ ਤੂੰ ਤੇ ਨਾਲੇ ਤੇਰੀ ਅਮਰੀਕਾ।” ਮੁਹੰਮਦ ਉਠ ਕੇ ਤੁਰ ਗਿਆ। ਆਫੀਆ ਸ਼ਾਂਤ ਚਿੱਤ ਉਸ ਵੱਲ ਵੇਖਦੀ ਰਹੀ। ਜਦੋਂ ਉਹ ਅਪਾਰਟਮੈਂਟ ‘ਚੋਂ ਬਾਹਰ ਨਿਕਲ ਗਿਆ ਤਾਂ ਆਫੀਆ ਬੋਲੀ, “ਸੱਚੇ ਮੁਸਲਮਾਨ ਨੂੰ ਇੰਨਾ ਗੁੱਸਾ ਸੋਭਾ ਨ੍ਹੀਂ ਦਿੰਦਾ।”
“ਚੱਲ ਕੋਈ ਗੱਲ ਨ੍ਹੀਂ, ਉਹ ਮੇਰਾ ਜਿਗਰੀ ਦੋਸਤ ਐ; ਜਦੋਂ ਗੁੱਸਾ ਠੰਢਾ ਹੋ ਗਿਆ ਤਾਂ ਆਪੇ ਮੁੜ ਆਊਗਾ।”
ਇਸ ਪਿੱਛੋਂ ਆਫੀਆ ਅਤੇ ਜਾਰਜ ਅੱਗੇ ਵਾਪਰਨ ਵਾਲੀਆਂ ਘਟਨਾਵਾਂ ‘ਤੇ ਚਰਚਾ ਕਰਦੇ ਰਹੇ। ਦੇਰ ਰਾਤ ਜਾਰਜ ਆਪਣੇ ਘਰ ਚਲਿਆ ਗਿਆ। ਅਗਲੀ ਮੁਲਾਕਾਤ ਵੇਲੇ ਮੁਹੰਮਦ ਅਤੇ ਜਾਰਜ ਦੀ ਸੁਲ੍ਹਾ ਹੋ ਗਈ ਸੀ ਪਰ ਇਸ ਪਿੱਛੋਂ ਕਾਫੀ ਕੁਝ ਅਣਕਿਆਸਿਆ ਵਾਪਰ ਗਿਆ। ਅਮਰੀਕੀ ਫੌਜਾਂ ਨੇ ਹਮਲਾ ਕਰ ਕੇ ਇਰਾਕ ਨੂੰ ਕੁਵੈਤ ‘ਚੋਂ ਬਾਹਰ ਕੱਢ ਦਿੱਤਾ। ਇਹੀ ਨਹੀਂ, ਅਮਰੀਕਾ ਨੇ ਇਰਾਕੀ ਫੌਜਾਂ ਦਾ ਲੱਕ ਤੋੜ ਦਿੱਤਾ। ਇਰਾਕ ਨੂੰ ਵਾਪਸ ਮੁੜ ਰਹੀਆਂ ਇਰਾਕੀ ਫੌਜਾਂ ਦਾ ਘਾਣ ਕੀਤਾ ਗਿਆ। ਜੰਗਬੰਦੀ ਅਸੂਲਾਂ ਦੀ ਪ੍ਰਵਾਹ ਕੀਤੇ ਬਿਨਾਂ ਅਮਰੀਕੀ ਫੌਜਾਂ ਨੇ ਇਰਾਕੀਆਂ ਨੂੰ ਮਾਰਨ ਤੋਂ ਝਿਜਕ ਨਾ ਦਿਖਾਈ। ਸਭ ਕੁਝ ਟੀæਵੀæ ‘ਤੇ ਵਿਖਾਇਆ ਜਾ ਰਿਹਾ ਸੀ। ਉਸ ਦਿਨ ਆਫੀਆ ਬਹੁਤ ਚੁੱਪ ਸੀ। ਜਾਰਜ ਕੋਲ ਨੀਵੀਂ ਪਾਈ ਬੈਠਾ ਸੀ। ਮੁਹੰਮਦ ਨੇ ਚੁੱਪੀ ਤੋੜੀ।
“ਵੇਖ ਲਿਆ ਆਪਣੇ ਅਮਰੀਕਾ ਦਾ ਅਸਲੀ ਚਿਹਰਾ ਜਾਰਜ?”
“ਹਾਂ, ਇਹ ਬਹੁਤ ਹੀ ਮਾੜਾ ਹੋਇਆ। ਮੈਂ ਇਸ ਸਭ ਦੇ ਖਿਲਾਫ ਆਂ।”
“ਇਨ੍ਹਾਂ ਨੇ ਕੁਵੈਤ ਤੋਂ ਇਰਾਕ ਜਾ ਰਹੀਆਂ ਨਿਹੱਥੀਆਂ ਫੌਜਾਂ ‘ਤੇ ਗੋਲਾਬਾਰੀ ਕਰ ਕੇ ਲੱਖਾਂ ਲੋਕ ਮਾਰ ਮੁਕਾਏ। ਅਜੇ ਕਹਿੰਦੇ ਨੇ, ਅਸੀਂ ਇਸ ਸਭ ਕੁਝ ਸੰਸਾਰ ਸ਼ਾਂਤੀ ਲਈ ਕੀਤਾ ਐ।”
“ਟੀæਵੀæ ਵਾਲਿਆਂ ਨੇ ਤਾਂ ਉਸ ਰਸਤੇ ਦਾ ਨਾਂ ਈ ਡੈਥ ਹਾਈਵੇ ਰੱਖ ਲਿਆ ਐ। ਅੰਨ੍ਹੇਵਾਹ ਬੰਬਾਰੀ ਕਰ ਕੇ ਤਕਰੀਬਨ ਤਿੰਨ ਲੱਖ ਫੌਜੀ ਮਾਰ ਮੁਕਾਏ ਨੇ। ਇਹ ਸਾਰਾ ਕੁਝ ਮਨੁੱਖਤਾ ਦੇ ਨਾਂ ‘ਤੇ ਧੱਬਾ ਐ। ਮੇਰਾ ਹੁਣ ਇੱਥੇ ਰਹਿਣ ਨੂੰ ਜੀਅ ਨ੍ਹੀਂ ਕਰਦਾ।” ਆਫੀਆ ਬੁਝੇ ਮਨ ਨਾਲ ਬੋਲੀ।
“ਹੋਰ ਸਿਸਟਰ ਹੁਣ ਕਿੱਥੇ ਜਾਵੇਂਗੀ? ਪਾਕਿਸਤਾਨ ਮੁੜਨ ਦਾ ਇਰਾਦਾ ਐ?”
“ਨ੍ਹੀਂ ਜਾਰਜ ਵਾਪਸ ਤਾਂ ਮੈਂ ਨ੍ਹੀਂ ਜਾਣਾ, ਪਰ ਮੈਂ ਕਿਸੇ ਹੋਰ ਸ਼ਹਿਰ ਵੱਲ ਜਾਣ ਦਾ ਮਨ ਬਣਾ ਲਿਆ ਐ।”
“ਹੋਰ ਸ਼ਹਿਰ ਕਿਹੜਾ?”
“ਮੈਂ ਪਿਛਲੇ ਮਹੀਨੇ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲਾ ਭੇਜਿਆ ਸੀ। ਉਥੇ ਦਾਖਲੇ ਦੇ ਨਾਲ ਮੈਨੂੰ ਤਾਂ ਸਕਾਲਰਸ਼ਿਪ ਵੀ ਮਿਲ ਗਿਆ ਐ।”
“ਅੱਛਾ ਤੂੰ ਐਮæਆਈæਟੀæ ਦੀ ਗੱਲ ਕਰਦੀ ਐਂ। ਪਹਿਲਾਂ ਤੂੰ ਇਸ ਗੱਲ ਦੀ ਕਦੇ ਭਿਣਕ ਈ ਨ੍ਹੀਂ ਬਾਹਰ ਕੱਢੀ, ਪਰ ਤੈਨੂੰ ਇਸ ਤਰ੍ਹਾਂ ਇੱਥੋਂ ਨ੍ਹੀਂ ਜਾਣਾ ਚਾਹੀਦਾ।”
“ਨਹੀਂ ਜਾਰਜ, ਮੈਂ ਹੁਣ ਇੱਥੇ ਨ੍ਹੀਂ ਰਹਿਣਾ।” ਆਫੀਆ ਉਵੇਂ ਨੀਵੀਂ ਪਾਈ ਬੋਲੀ।
“ਸਿਸਟਰ ਇਉਂ ਨਾ ਕਰ। ਤੇਰੇ ਬਿਨਾਂ ਮੇਰਾ ਦਿਲ ਨ੍ਹੀਂ ਲੱਗਣਾ।” ਜਾਰਜ ਨੇ ਉਸ ਨੂੰ ਹਲੂਣਿਆ। ਵਾਕਿਆ ਈ ਉਹ ਆਫੀਆ ਨੂੰ ਸਕੀ ਭੈਣ ਤੋਂ ਵੀ ਵੱਧ ਪਿਆਰ ਕਰਦਾ ਸੀ।
“ਮੈਂ ਫੈਸਲਾ ਕਰ ਚੁੱਕੀ ਆਂ।”
“ਮੈਂ ਤੈਨੂੰ ਜਾਣ ਈ ਨ੍ਹੀਂ ਦੇਣਾ।” ਜਾਰਜ ਦਾ ਮੋਹ ਬੋਲਿਆ ਪਰ ਆਫੀਆ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ।
ਅਗਲੇ ਦਿਨ ਉਨ੍ਹਾਂ ਵਿਚਕਾਰ ਫਿਰ ਗੱਲ ਹੋਈ ਤਾਂ ਆਫੀਆ ਨੇ ਆਪਣਾ ਚਲੇ ਜਾਣ ਦਾ ਇਰਾਦਾ ਦੁਹਰਾਇਆ। ਜਾਰਜ ਨੇ ਉਸ ਨੂੰ ਰੁਕ ਜਾਣ ਨੂੰ ਕਿਹਾ। ਕਾਫੀ ਦੇਰ ਉਨ੍ਹਾਂ ਵਿਚਕਾਰ ਬਹਿਸ ਚਲਦੀ ਰਹੀ।
“ਜੋ ਮਰਜ਼ੀ ਕਰ, ਪਰ ਆਫੀਆ ਤੂੰ ਇੱਥੋਂ ਨਾ ਜਾਹ।” ਜਾਰਜ ਆਪਣੀ ਗੱਲ ‘ਤੇ ਅੜਿਆ ਰਿਹਾ। ਆਫੀਆ ਕੁਝ ਪਲ ਉਸ ਦੇ ਚਿਹਰੇ ਵੱਲ ਵੇਖਦੀ ਰਹੀ ਤੇ ਫਿਰ ਬੋਲੀ, “ਜਾਰਜ, ਤੂੰ ਮੈਨੂੰ ਇੰਨੇ ਜ਼ੋਰ ਨਾਲ ਕਿਉਂ ਰੋਕ ਰਿਹਾ ਐਂ?”
“ਕਿਉਂਕਿ ਮੈਂ ਤੈਨੂੰ ਰੀਅਲ ਸਿਸਟਰ ਦੇ ਤੌਰ ‘ਤੇ ਪਿਆਰ ਕਰਦਾ ਆਂ।”
“ਉਹ ਤਾਂ ਮੈਂ ਵੀ ਸਮਝਦੀ ਆਂ ਪਰæææ।” ਅੱਗੇ ਆਫੀਆ ਨੇ ਗੱਲ ਵਿਚਕਾਰ ਹੀ ਛੱਡ ਦਿੱਤੀ।
“ਪਰ ਕੀ?”
“ਤੂੰ ਮੈਨੂੰ ਇੱਥੇ ਰੱਖਣ ਲਈ ਕੀ ਕਰ ਸਕਦਾ ਐਂ?”
“ਕੁਝ ਵੀ, ਜਿਸ ਨਾਲ ਤੈਨੂੰ ਖੁਸ਼ੀ ਮਿਲੇ।”
“ਪੱਕੀ ਗੱਲ ਐ।” ਆਫੀਆ ਨੇ ਜਾਰਜ ਦੇ ਚਿਹਰੇ ‘ਤੇ ਨਿਗ੍ਹਾ ਗੱਡ ਦਿੱਤੀ।
“ਹਾਂ ਹਾਂ, ਮੈਂ ਆਪਣੀ ਲਿਟਲ ਸਿਸਟਰ ਲਈ ਕੁਝ ਵੀ ਕਰ ਸਕਦਾਂ।”
“ਤਾਂ ਫਿਰ ਇਉਂ ਕਰæææ?”
“ਦੱਸ?”
“ਤੂੰ ਕਰਿਸ਼ਚੀਅਨ ਧਰਮ ਛੱਡ ਕੇ ਮੁਸਲਮਾਨ ਬਣ ਜਾ।”
ਉਸ ਦੀ ਗੱਲ ਸੁਣ ਕੇ ਜਾਰਜ ਅੰਦਰ ਤੱਕ ਹਿੱਲ ਗਿਆ। ਉਸ ਨੂੰ ਮੁਹੰਮਦ ਨੇ ਕਈ ਵਾਰ ਦੱਸਿਆ ਸੀ ਕਿ ਜੇ ਕੋਈ ਮੁਸਲਮਾਨ ਕਿਸੇ ਹੋਰ ਧਰਮ ਦੇ ਇਨਸਾਨ ਨੂੰ ਇਸਲਾਮ ਧਰਮ ਵਿਚ ਲੈ ਆਵੇ ਤਾਂ ਉਸ ਤੋਂ ਵੱਡਾ ਪੁੰਨ ਦਾ ਕਾਰਜ ਕੋਈ ਵੀ ਨਹੀਂ ਹੋ ਸਕਦਾ। ਮੁਹੰਮਦ ਨਾਲ ਉਹ ਬਹੁਤ ਜ਼ਿਆਦਾ ਖੁੱਲ੍ਹਿਆ ਹੋਇਆ ਸੀ, ਇਸੇ ਕਰ ਕੇ ਮੁਹੰਮਦ ਉਸ ਨਾਲ ਹਰ ਗੱਲ ਕਰ ਲੈਂਦਾ ਸੀ; ਪਰ ਧਰਮ ਬਦਲਣ ਨੂੰ ਉਸ ਨੇ ਕਦੇ ਨਹੀਂ ਕਿਹਾ ਸੀ, ਪਰ ਅੱਜ ਉਹੀ ਗੱਲ ਆਫੀਆ ਦੇ ਮੂੰਹੋਂ ਸੁਣ ਕੇ ਉਹ ਹੈਰਾਨ ਰਹਿ ਗਿਆ। ਉਹ ਆਫੀਆ ਦੀ ਗੱਲ ਸੁਣ ਕੇ ਲੱਗੇ ਸਦਮੇ ‘ਚੋਂ ਬਾਹਰ ਆਇਆ ਤਾਂ ਉਸ ਨੇ ਧਿਆਨ ਨਾਲ ਆਫੀਆ ਵੱਲ ਵੇਖਿਆ। ਉਹ ਮਨ ‘ਚ ਸੋਚਣ ਲੱਗਿਆ, ‘ਇਹ ਜੋ ਦਿਸਦੀ ਐ, ਉਹ ਇਹ ਹੈ ਨ੍ਹੀਂ ਐ। ਇਹ ਅਸਲ ਵਿਚ ਕੁਝ ਹੋਰ ਐ। ਇਸ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਪ੍ਰਵਾਹ ਨ੍ਹੀਂ ਐ। ਇਸ ਨੂੰ ਸਿਰਫ ਅਤੇ ਸਿਰਫ ਆਪਣੇ ਧਰਮ ਨਾਲ ਪਿਆਰ ਐ। ਹੋਰ ਕੋਈ ਵੀ ਗੱਲ ਇਸ ਲਈ ਮਾਅਨੇ ਨ੍ਹੀਂ ਰੱਖਦੀ। ਸ਼ਾਇਦ ਇਸ ਦਾ ਆਪਣਾ ਸਕਾ ਭਰਾ ਮੁਹੰਮਦ ਵੀ ਇਸ ਨੂੰ ਚੰਗੀ ਤਰ੍ਹਾਂ ਨ੍ਹੀਂ ਜਾਣਦਾ।’ ਆਪਣੇ ਆਪ ਨਾਲ ਗੱਲਾਂ ਕਰਦੇ ਜਾਰਜ ਨੇ ਦਰਵਾਜ਼ਾ ਖੋਲ੍ਹਿਆ ਤੇ ਘਰੋਂ ਬਾਹਰ ਹੋ ਗਿਆ।

Be the first to comment

Leave a Reply

Your email address will not be published.