ਬੂਟਾ ਸਿੰਘ
ਫੋਨ: +91-94634-74342
ਹਿੰਦੁਸਤਾਨ ਦੇ ਸੰਵਿਧਾਨ ਤੇ ਕਾਨੂੰਨ, ਸਮੇਂ ਦੇ ਹੁਕਮਰਾਨਾਂ ਲਈ ਐਸੀ ਮੋਮ ਦੀ ਨੱਕ ਵਾਂਗ ਹਨ ਜਿਨ੍ਹਾਂ ਨੂੰ ਉਹ ਮਰਜ਼ੀ ਅਨੁਸਾਰ ਮੋੜ ਲੈਂਦੇ ਹਨ। ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਭੜਕਾਹਟ ਪੈਦਾ ਕਰਨ ਨੂੰ ਰੋਕਣ ਲਈ ਬਣਾਏ ਕਾਨੂੰਨਾਂ ਦਾ ਇਸਤੇਮਾਲ ਅਕਸਰ ਹੀ ਹਿੰਦੁਸਤਾਨੀ ਹੁਕਮਰਾਨ ਉਨ੍ਹਾਂ ਤਾਕਤਾਂ ਦੇ ਖ਼ਿਲਾਫ਼ ਕਰਦੇ ਦੇਖੇ ਜਾ ਸਕਦੇ ਹਨ ਜੋ ਅੰਧਵਿਸ਼ਵਾਸਾਂ ਅਤੇ ਪਿਛਾਂਹਖਿਚੂ ਧਾਰਮਿਕ ਦਸਤੂਰ ਉਤੇ ਕਰਾਰੀ ਚੋਟ ਕਰਦੀਆਂ ਹਨ। ਹਾਲ ਹੀ ਵਿਚ (17 ਜੂਨ ਨੂੰ) ਮੈਸੂਰ ਯੂਨੀਵਰਸਿਟੀ ਦੇ ਪ੍ਰੋਫੈਸਰ ਬੀæਪੀæ ਮਹੇਸ਼ ਗੁਰੂ ਨੂੰ ਇਹ ਇਲਜ਼ਾਮ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ
ਕਿ ਉਸ ਨੇ ਰੋਹਿਤ ਵੇਮੂਲਾ ਦੀ ਖ਼ੁਦਕੁਸ਼ੀ ਦੇ ਖ਼ਿਲਾਫ਼ ਆਵਾਜ਼ ਉਠਾਉਣ ਲਈ ਕੀਤੇ ਗਏ ਸਮਾਗਮ ਵਿਚ ‘ਭਗਵਾਨ ਰਾਮ’ ਬਾਰੇ ਠੇਸ ਪਹੁੰਚਾਊ ਟਿਪਣੀਆਂ ਕੀਤੀਆਂ ਸਨ। ਪ੍ਰੋਫੈਸਰ ਮਹੇਸ਼ ਗੁਰੂ ਨੇ ਕਿਹਾ ਸੀ ਕਿ ਰਾਮ ਵਲੋਂ ਸੀਤਾ ਦੀ ਪਵਿਤਰਤਾ ਉਪਰ ਸ਼ੱਕ ਕਰ ਕੇ ਉਸ ਨਾਲ ਜੋ ਅਨਿਆਂ ਕੀਤਾ ਗਿਆ, ਉਹ ਮਨੁੱਖੀ ਹੱਕਾਂ ਦੀ ਉਲੰਘਣਾ ਸੀ। ਪ੍ਰੋਫੈਸਰ ਮਹੇਸ਼ ਗੁਰੂ ਮਹਿਖਾਸੁਰ, ਦੁਸਹਿਰਾ ਅਤੇ ਰਮਾਇਣ ਦੇ ਬ੍ਰਾਹਮਣਵਾਦੀ ਮਿਥਿਹਾਸ ਦਾ ਤਿੱਖਾ ਆਲੋਚਕ ਹੈ। ਅਦਾਲਤ ਵਲੋਂ ਨਾ ਸਿਰਫ਼ ਉਸ ਦੀ ਜ਼ਮਾਨਤ ਦੀ ਦਰਖ਼ਾਸਤ ਨਾ-ਮਨਜ਼ੂਰ ਕਰ ਦਿੱਤੀ ਗਈ, ਸਗੋਂ ਯੂਨੀਵਰਸਿਟੀ ਵਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਲਿਹਾਜ਼ਾ, ਉਹ ਅਣਮਿਥੇ ਵਕਤ ਲਈ ਜੇਲ੍ਹ ਵਿਚ ਸੜਦਾ ਰਹੇਗਾ ਅਤੇ ਫਿਰ ਕਚਹਿਰੀ ਵਿਚ ਤਰੀਕਾਂ ਭੁਗਤਦਾ ਰਹੇਗਾ। ਦਰਅਸਲ, ਉਹ ਆਰæਐਸ਼ਐਸ਼ ਵਲੋਂ ਮੁਲਕ ਉਪਰ ਥੋਪੇ ਜਾ ਰਹੇ ਹਿੰਦੂਤਵੀ ਏਜੰਡੇ ਦਾ ਬੇਬਾਕ ਆਲੋਚਕ ਹੈ। ਉਸ ਦੀ ਆਵਾਜ਼ ਬੰਦ ਕਰਨ ਲਈ ਹੀ ਹੁਣ ਉਸ ਨੂੰ ਇਸ ਤਰ੍ਹਾਂ ਦੇ ਬੇਹੂਦਾ ਕੇਸ ਵਿਚ ਉਲਝਾਇਆ ਗਿਆ ਹੈ। ਵਿਅੰਗ ਦੀ ਗੱਲ ਇਹ ਵੀ ਹੈ ਕਿ ਇਹ ਗ੍ਰਿਫ਼ਤਾਰੀ ਉਸ ਸੂਬੇ ਵਿਚ ਹੋਈ ਹੈ ਜਿਥੇ ਕਾਂਗਰਸ ਦੀ ਸਰਕਾਰ ਹੈ ਜੋ ਸੰਘ ਪਰਿਵਾਰ ਨੂੰ ਆਏ ਦਿਨ ਭੰਡਦੀ ਹੈ ਕਿ ਇਸ ਦੇ ਰਾਜ ਵਿਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ।
ਸੱਤਾਧਾਰੀਆਂ ਵਲੋਂ ਇਹੀ ਕਾਨੂੰਨ ਕਦੇ ਵੀ ਆਪਣੇ ਚਹੇਤਿਆਂ ਉਪਰ ਲਾਗੂ ਨਹੀਂ ਕੀਤੇ ਜਾਂਦੇ ਜਿਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ ਕਿ ਤੁਸੀਂ ਜੋ ਮਰਜ਼ੀ ਬਿਆਨ ਦੇਵੋ, ਤੁਹਾਨੂੰ ਕੋਈ ਨਹੀਂ ਰੋਕੇਗਾ; ਨਾ ਹੀ ਤੁਹਾਡੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਹੋਵੇਗੀ। ਸੁਬਰਾਮਨੀਅਨ ਸਵਾਮੀ ਤੋਂ ਲੈ ਕੇ ਰਾਮਦੇਵ ਵਰਗੇ ਕਾਰੋਬਾਰੀ ਸਾਧਾਂ, ਯੋਗੀਆਂ ਅਤੇ ਸਾਧਵੀਆਂ ਦੀ ਪੂਰੀ ਫ਼ੌਜ ਨੂੰ ਮੋਦੀ ਸਰਕਾਰ ਵਲੋਂ ਇਹ ਡਿਊਟੀ ਸੰਭਾਲੀ ਗਈ ਹੈ। ਸਭ ਤੋਂ ਵੱਧ ਭੜਕਾਊ ਅਤੇ ਅਵਾਮ ਦੇ ਜਜ਼ਬਾਤ ਨੂੰ ਠੇਸ ਪਹੁੰਚਾਊ ਬਿਆਨ ਸੰਘ ਪਰਿਵਾਰ ਦੇ ਇਹ ਸਾਧ-ਸਾਧਵੀਆਂ ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਦੇ ਆਗੂ ਦਿੰਦੇ ਹਨ। ਸ਼ਾਇਦ ਹੀ ਕੋਈ ਦਿਨ ਐਸਾ ਹੁੰਦਾ ਹੈ ਜਦੋਂ ਇਨ੍ਹਾਂ ਦੀਆਂ ਜੀਭਾਂ ਨਫ਼ਰਤ ਨਹੀਂ ਉਗਲਦੀਆਂ। ਕਈ ਵਾਰ ਤਾਂ ਇਉਂ ਲਗਦਾ ਹੈ ਕਿ ਉਨ੍ਹਾਂ ਦਰਮਿਆਨ ਵੱਧ ਤੋਂ ਵੱਧ ਭੜਕਾਊ ਬਿਆਨ ਦੇਣ ਲਈ ਕੋਈ ਮੁਕਾਬਲਾ ਚਲ ਰਿਹਾ ਹੈ। ਇਨ੍ਹਾਂ ਦੇ ਖ਼ਿਲਾਫ਼ ਉਥੇ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਥੇ ਗ਼ੈਰ-ਭਾਜਪਾ ਸਰਕਾਰਾਂ ਹਨ ਜੋ ਉਂਜ ਭਾਜਪਾ ਦੇ ਫਿਰਕੂ ਏਜੰਡੇ ਦੀ ਆਲੋਚਨਾ ਕਰਦੀਆਂ ਨਹੀਂ ਥੱਕਦੀਆਂ।
10 ਜੂਨ ਨੂੰ ਗੁਜਰਾਤ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਹਿੰਦੂਆਂ ਦੀ ਥੋੜ੍ਹੀ ਆਬਾਦੀ ਲਈ ਹਿੰਦੂ ਮਰਦਾਂ ਵਿਚ ਵਧ ਰਹੀ ‘ਨਾਮਰਦੀ’ ਜ਼ਿੰਮੇਵਾਰ ਹੈ। ਉਸ ਨੇ ਹਿੰਦੂ ਜੋੜਿਆਂ ਨੂੰ ਆਪਣੇ ਘਰ ਜਾ ਕੇ ਮਰਦਾਨਗੀ ਦੀ ਪੂਜਾ ਕਰਨ ਦੀ ਤਾਕੀਦ ਕੀਤੀ ਤਾਂ ਜੋ ਵੱਧ ਤੋਂ ਵੱਧ ਹਿੰਦੂ ਬੱਚੇ ਜੰਮੇ ਜਾ ਸਕਣ। ਉਸ ਨੇ ਮੰਚ ਤੋਂ ਮਰਦਾਨਗੀ ਵਧਾਊ ਟਾਨਿਕ ਰਿਆਇਤੀ ਮੁੱਲ ‘ਤੇ ਦੇਣ ਦਾ ਐਲਾਨ ਵੀ ਕੀਤਾ ਜਿਸ ਬਾਰੇ ਉਸ ਨੇ ਕਿਹਾ ਕਿ ਡਾਕਟਰ ਦੀ ਹੈਸੀਅਤ ਵਿਚ ਇਹ ਉਸ ਨੇ ‘ਰਾਸ਼ਟਰੀ’ ਹਿਤ ਲਈ ਉਚੇਚੇ ਤੌਰ ‘ਤੇ ਤਿਆਰ ਕੀਤਾ ਹੈ। ਸਾਲ ਕੁ ਪਹਿਲਾਂ ਉਸ ਨੇ ਇਹ ਫਾਰਮੂਲਾ ਵੀ ਪੇਸ਼ ਕੀਤਾ ਸੀ ਕਿ ਹਿੰਦੂ ਬਹੁ-ਗਿਣਤੀ ਵਾਲੇ ਇਲਾਕਿਆਂ ਵਿਚ ਮੁਸਲਮਾਨਾਂ ਨੂੰ ਘਰ ਖ਼ਰੀਦਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ! ਜਦੋਂ ਐਕਟਰ ਸਲਮਾਨ ਖ਼ਾਨ ਨੇ ਟਵੀਟ ਕੀਤਾ ਕਿ ਯਾਕੂਬ ਮੈਮਨ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਤਾਂ ਇਸ ਦੇ ਵਿਰੋਧ ਵਿਚ ਤੋਗੜੀਆ ਨੇ ਬਿਆਨ ਦਿਤਾ ਸੀ ਕਿ ਸਲਮਾਨ ਖ਼ਾਨਾਂ ਦੇ ਪੁਰਖਿਆਂ ਨੇ 1947 ਵਿਚ ਪਾਕਿਸਤਾਨ ਨਾ ਜਾ ਕੇ ਜੋ ਗ਼ਲਤੀ ਕੀਤੀ ਸੀ, ਉਨ੍ਹਾਂ ਨੂੰ ਹੁਣ ‘ਇਸਲਾਮਿਕ ਰਿਪਬਲਿਕ’ ਵਿਚ ਜਾ ਕੇ ਇਸ ਗ਼ਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ।
ਇਸੇ ਤਰ੍ਹਾਂ ਆਪਣੇ ਭੜਕਾਊ ਬਿਆਨਾਂ ਕਾਰਨ ਹਮੇਸ਼ਾ ਸੁਰਖ਼ੀਆਂ ਵਿਚ ਰਹਿਣ ਵਾਲੀ ਸਾਧਵੀ ਪਰਾਚੀ ਨੇ 8 ਜੂਨ ਨੂੰ ਬਿਆਨ ਦਿਤਾ ਕਿ ਅਸੀਂ “ਕਾਂਗਰਸ ਮੁਕਤ ਭਾਰਤ” ਦਾ ਮਿਸ਼ਨ ਪੂਰਾ ਕਰ ਲਿਆ ਹੈ, ਹੁਣ “ਮੁਸਲਿਮ ਮੁਕਤ ਭਾਰਤ” ਦਾ ਮਿਸ਼ਨ ਪੂਰਾ ਕੀਤਾ ਜਾਵੇਗਾ। ਇਸੇ ਸਾਧਵੀ ਨੇ ਇਨਾਮ-ਸਨਮਾਨ ਵਾਪਸੀ ਦੀ ਹਮਾਇਤ ਕਰਨ ‘ਤੇ ਐਕਟਰ ਸ਼ਾਹ ਰੁਖ ਖ਼ਾਨ ਨੂੰ ਦੇਸ਼ਧ੍ਰੋਹੀ ਕਰਾਰ ਦੇ ਦਿੱਤਾ ਸੀ ਅਤੇ ਉਸ ਵਰਗਿਆਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਸੀ। ਕਦੇ ਉਹ ਕਹਿੰਦੀ ਹੈ- ‘ਭਾਰਤ ਮਾਤਾ ਦੀ ਜੈ’ ਅਤੇ ‘ਬੰਦੇ ਮਾਤ੍ਰਮ’ ਨਾ ਕਹਿਣ ਵਾਲੇ ਕੌਮੀ ਝੰਡੇ ਦਾ ਅਪਮਾਨ ਕਰਦੇ ਹਨ, ਗਊ ਮਾਸ ਖਾਣ ਵਾਲਿਆਂ ਨੂੰ ਇਸ ਮੁਲਕ ਵਿਚ ਰਹਿਣ ਦਾ ਕੋਈ ਹੱਕ ਨਹੀਂ। ਕਦੇ ਕਹਿੰਦੀ ਹੈ- ਗਊ ਦਾ ਮਾਸ ਖਾਣ ਵਾਲੇ ਉਸੇ ਹਸ਼ਰ ਦੇ ਹੱਕਦਾਰ ਹਨ ਜੋ ਦਾਦਰੀ ਵਿਚ ਅਖ਼ਲਾਕ ਦਾ ਹੋਇਆ। ਕਦੇ ਉਹ ਬਿਆਨ ਦਿੰਦੀ ਹੈ- ਮੁਸਲਮਾਨ ‘ਲਵ ਜਹਾਦ’ ਰਾਹੀਂ ਹਿੰਦੂ ਕੁੜੀਆਂ ਨੂੰ ਵਰਗਲਾ ਕੇ 35-40 ਬੱਚੇ ਜੰਮਦੇ ਹਨ ਤੇ ਹਿੰਦੁਸਤਾਨ ਨੂੰ ਦਾਰੁਲ-ਇਸਲਾਮ ਬਣਾ ਰਹੇ ਹਨ। ਕਦੇ ਉਹ ਕਹਿੰਦੀ ਹੈ- ਚਾਰ ਬੱਚੇ ਪੈਦਾ ਕਰੋ, ਨਾ ਕਿ ਚਾਲੀ ਕਤੂਰੇ। ਕਦੇ ਕਹਿੰਦੀ ਹੈ- ਜਿਵੇਂ ਸ਼ੇਰ ਇਕ ਬੱਚਾ ਜੰਮਣ ਤਕ ਸੀਮਤ ਨਹੀਂ ਰਹਿੰਦਾ, ਤੁਸੀਂ ਵੀ ਚਾਰ-ਚਾਰ ਬੱਚੇ ਜੰਮੋ- ਇਕ ਸਰਹੱਦ ਦੀ ਰਾਖੀ ਲਈ ਦਿਓ, ਇਕ ਸਾਧਾਂ ਨੂੰ ਭੇਟ ਕਰੋ ਅਤੇ ਇਕ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਸਮਾਜਿਕ ਕਾਰਜਾਂ ਲਈ ਦਿਓ। ਕਦੇ ਕਹਿੰਦੀ ਹੈ- ਜੇ ਅਮਰਨਾਥ, ਵੈਸ਼ਨੋ ਦੇਵੀ, ਪੁਰੀ ਜਗਨਨਾਥ ਦੇ ਯਾਤਰੀਆਂ ਉਪਰ ਹਮਲੇ ਹੁੰਦੇ ਰਹੇ ਤਾਂ ਹੱਜ ‘ਤੇ ਜਾਣ ਵਾਲੇ ਵੀ ਨਤੀਜੇ ਭੁਗਤਣ ਲਈ ਤਿਆਰ ਰਹਿਣ। ਹੁਣੇ ਹੀ ਮਹਾਰਾਸ਼ਟਰ ਵਿਚ ਰਵਿੰਦਰ ਚਵਾਨ ਨਾਂ ਦੇ ਭਾਜਪਾ ਵਿਧਾਇਕ ਨੇ ਦਲਿਤਾਂ ਦੀ ਤੁਲਨਾ ਸੂਰਾਂ ਨਾਲ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਆਗੂ ਵੀæਕੇæ ਸਿੰਘ ਦਲਿਤਾਂ ਦੀ ਤੁਲਨਾ ਕੁੱਤਿਆਂ ਨਾਲ ਕਰ ਚੁੱਕਾ ਹੈ।
ਇਹ ਇਨ੍ਹਾਂ ਆਪੇ ਬਣੇ ਦੇਸ਼ ਭਗਤਾਂ ਦੇ ‘ਰਾਸ਼ਟਰਵਾਦ’ ਦੀਆਂ ਕੁਝ ਝਲਕੀਆਂ ਹਨ। ਗ਼ੌਰਤਲਬ ਹੈ ਕਿ ‘ਰਾਸ਼ਟਰ ਦੀ ਸਮੂਹਿਕ ਆਤਮਾ’ ਨੂੰ ਸ਼ਾਂਤ ਕਰਨ ਲਈ ਅਫ਼ਜ਼ਲ ਗੁਰੂ ਵਰਗੇ ਮੁਸਲਿਮ ਨੌਜਵਾਨਾਂ ਨੂੰ ਬਿਨਾ ਕਸੂਰ ਸਾਬਤ ਕੀਤੇ ਫਾਹੇ ਲਾਉਣ ਦੇ ਨਿਰਦੇਸ਼ ਦੇਣ ਵਾਲੀ ਅਦਾਲਤੀ ਪ੍ਰਣਾਲੀ ਅਤੇ ਜੱਜ ਇਨ੍ਹਾਂ ਭੜਕਾਊ ਬਿਆਨਾਂ ਦਾ ਕਦੇ ਨੋਟਿਸ ਨਹੀਂ ਲੈਂਦੇ। ਸਮਾਜ ਅੰਦਰ ਫਿਰਕੂ ਸਦਭਾਵਨਾ ਅਤੇ ਸਾਂਝ ਦਾ ਮਾਹੌਲ ਬਣਾਈ ਰੱਖਣ ਲਈ ਹੁਣ ਆਵਾਜ਼ ਉਠਣੀ ਚਾਹੀਦੀ ਹੈ। ਸੱਤਾਧਾਰੀਆਂ ਅਤੇ ਰਾਜ-ਮਸ਼ੀਨਰੀ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਹੈ ਕਿ ਪ੍ਰੋਫੈਸਰ ਮਹੇਸ਼ ਗੁਰੂ ਵਰਗੇ ਚਿੰਤਕ ਜੇਲ੍ਹਾਂ ਵਿਚ ਕਿਉਂ ਬੰਦ ਹਨ ਅਤੇ ਭੜਕਾਊ ਬਿਆਨ ਦੇਣ ਵਾਲੇ ਸਾਧ, ਸਾਧਵੀਆਂ ਤੇ ਭਗਵੇਂ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਜੇਲ੍ਹਾਂ ਵਿਚ ਕਿਉਂ ਨਹੀਂ ਭੇਜਿਆ ਜਾਂਦਾ।