ਬਿਊਟੀ ਕੁਈਨ ਦੇ ਡਰੱਗ ਰੈਕੇਟ ਦਾ ਹੋਇਆ ਪਰਦਾਫਾਸ਼

ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨæਸੀæਬੀæ) ਨੇ ਕਰਨਾਟਕ ਦੇ ਬੈਂਗਲੁਰੂ ਵਿਚ ਡਰੱਗ ਰੈਕੇਟ ਚਲਾਨ ਵਾਲੀ ਮਾਡਲ ਬਿਊਟੀ ਕੁਈਨ ਨੂੰ ਗ੍ਰਿਫਤਾਰ ਕੀਤਾ ਹੈ। ਐਨæਸੀæਬੀæ ਨੇ ਦੱਸਿਆ ਕਿ ਮਾਡਲ ਕਈ ਰਾਜਾਂ ਵਿਚ ਇਸ ਰੈਕੇਟ ਨੂੰ ਚਲਾਉਂਦੀ ਸੀ। ਉਸ ਦਾ ਮੁੱਖ ਕੰਮ ਹਾਈ ਪ੍ਰੋਫਾਈਲ ਗਾਹਕਾਂ ਤੇ ਕਾਲਜ ਵਿਦਿਆਰਥੀਆਂ ਨੂੰ ਡਰੱਗ ਸਪਲਾਈ ਕਰਨਾ ਸੀ। ਰਿਪੋਰਟਾਂ ਮੁਤਾਬਕ, ਪੁਲਿਸ ਨੇ ਜਿਸ ਮਾਡਲ ਨੂੰ ਗ੍ਰਿਫਤਾਰ ਕੀਤਾ ਹੈ, ਉਸ ਦਾ ਨਾਂ ਦਰਸ਼ਿਤਾ ਗੌੜਾ ਹੈ। ਉਹ 2014 ਵਿਚ ਮਿਸ ਕੁਈਨ ਕਰਨਾਟਕ ਬਣੀ ਸੀ। ਬੈਂਗਲੁਰੂ ਵਿਚ ਉਹ ਹਮੇਸ਼ਾ ਹੀ ਫੈਸ਼ਨ ਪ੍ਰੋਗਰਾਮਾਂ ਵਿਚ ਨਜ਼ਰ ਆਉਂਦੀ ਸੀ।

ਦੱਸਣਯੋਗ ਹੈ ਕਿ 26 ਸਾਲਾਂ ਇਸ ਮਾਡਲ ਦੀ ਡਰੱਗ ਰੈਕੇਟ ਮਾਮਲੇ ਵਿਚ 5ਵੀਂ ਗ੍ਰਿਫਤਾਰੀ ਹੈ। 2015 ਨਵੰਬਰ ਵਿਚ ਪਹਿਲੀ ਵਾਰ ਇਸ ਗੈਂਗ ਦਾ ਖੁਲਾਸਾ ਹੋਇਆ ਸੀ। ਹੁਣ ਤੱਕ ਚਾਰ ਲੋਕ ਗ੍ਰਿਫਤਾਰ ਹੋ ਚੁੱਕੇ ਸਨ। ਐਨæਸੀæਬੀæ ਨੇ 30 ਨਵੰਬਰ, 2015 ਨੂੰ ਬੈਂਗਲੁਰੂ ਦੇ ਆਰਟੀ ਨਗਰ ਇਲਾਕੇ ਵਿਚ ਰੇਡ ਮਾਰੀ ਸੀ। ਉਸ ਦੌਰਾਨ ਵੱਡੀ ਗਿਣਤੀ ਵਿਚ ਨਸ਼ਾ ਬਰਾਮਦ ਕੀਤਾ ਗਿਆ ਸੀ। ਜਿਸ ਫਲੈਟ ਵਿਚ ਰੇਡ ਕੀਤਾ ਗਿਆ ਸੀ, ਉਥੇ ਦਰਸ਼ਿਤਾ ਆਪਣੇ ਨੌਜਵਾਨ ਦੋਸਤ ਨਿਸ਼ਾਂਤ ਨਾਲ ਰਹਿੰਦੀ ਸੀ। ਉਸ ਦੌਰਾਨ ਨਿਸ਼ਾਂਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਮਾਡਲ ਫਰਾਰ ਹੋ ਗਈ ਸੀ।
ਪੁਲਿਸ ਨੇ ਨਿਸ਼ਾਂਤ ਤੋਂ ਇਸ ਮਾਮਲੇ ਵਿਚ ਪੁੱਛਗਿਛ ਕੀਤੀ ਸੀ। ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ਇਸ ਪੂਰੇ ਰੈਕੇਟ ਵਿਚ ਦਰਸ਼ਿਤਾ ਦਾ ਅਹਿਮ ਰੋਲ ਸੀ। ਉਹ ਨਾ ਸਿਰਫ ਡਰੱਗ ਸਪਲਾਈ ਦਾ ਕੰਮਕਾਜ ਵੇਖਦੀ ਸੀ, ਸਗੋਂ ਡਰੱਗ ਲਈ ਨਕਦੀ ਦਾ ਜੁਗਾੜ ਵੀ ਉਹ ਹੀ ਕਰਦੀ ਸੀ। ਲੈਣ-ਦੇਣ ਦਾ ਪੂਰਾ ਹਿਸਾਬ ਵੀ ਉਹ ਹੀ ਦੇਖਦੀ ਸੀ। ਇਸ ਆਧਾਰ ‘ਤੇ ਹੀ ਪੁਲਿਸ ਨੇ ਦਰਸ਼ਿਤਾ ਨੂੰ ਸੰਮਨ ਕੀਤਾ ਸੀ। 21 ਜੂਨ ਨੂੰ ਪੁੱਛਗਿਛ ਦੌਰਾਨ ਐਨæਸੀæਬੀæ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ।
_____________________________________
ਕੈਨੇਡਾ ਸਰਹੱਦ ‘ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ
ਵੈਨਕੂਵਰ: ਕੈਨੇਡਾ ਬਾਰਡਰ ਸਰਵਿਸ ਸਟਾਫ ਨੇ ਅਮਰੀਕਾ ਤੋਂ ਆਏ ਇਕ ਟਰੱਕ ਵਿਚੋਂ ਘਾਤਕ ਨਸ਼ੇ ਮੈਥਾਫੈਟਾਮਿਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਹੈ। ਇਸ ਮਾਮਲੇ ਦੀ ਪੜਤਾਲ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਟਰੱਕ ਚਾਲਕ ਬ੍ਰਿਟਿਸ਼ ਕੋਲੰਬੀਆ ਦਾ ਨਾਗਰਿਕ ਦੱਸਿਆ ਗਿਆ ਹੈ। ਕੈਨੇਡਾ ਬਾਰਡਰ ਸਰਵਿਸ ਸਟਾਫ ਨੇ ਦੱਸਿਆ ਕਿ ਇਕ ਟਰੱਕ ਅਮਰੀਕਾ ਵੱਲੋਂ ਪੈਸੀਫਿਕ ਲਾਂਘੇ ਰਾਹੀਂ ਕੈਨੇਡਾ ਦਾਖਲ ਹੋਣ ਲਈ ਆਇਆ ਤਾਂ ਤਲਾਸ਼ੀ ਲੈਣ ਉਤੇ ਉਸ ਵਿਚੋਂ 31 ਕਿਲੋ ਮੈਥਾਫੈਟਾਮਿਨ, ਇਕ ਕਿਲੋ ਹੈਰੋਇਨ ਤੇ ਇਕ ਕਿਲੋ ਕੋਕੀਨ ਦੇ ਪੈਕੇਟ ਮਿਲੇ। ਬਾਰਡਰ ਏਜੰਸੀ ਦੇ ਅਮਲੇ ਵੱਲੋਂ ਕਾਰਵਾਈ ਤੋਂ ਬਾਅਦ ਕੇਸ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੈਨੇਡਾ ਵਿਚ ਨਸ਼ੀਲੇ ਪਦਾਰਥਾਂ ਦੀ ਫੜੀ ਜਾਣ ਵਾਲੀ ਇਹ ਖੇਪ ਇਕ ਰਿਕਾਰਡ ਹੈ। ਕਈ ਸਾਲ ਸਭ ਤੋਂ ਵੱਡੀ ਖੇਪ 20 ਕਿਲੋ ਦੀ ਫੜੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਚਾਲਕ ਤੋਂ ਹੋਰ ਪੁੱਛਗਿੱਛ ਕਰ ਕੇ ਇਹ ਪਤਾ ਲਾਇਆ ਜਾਏਗਾ ਕਿ ਉਹ ਇਹ ਕੰਮ ਕਦੋਂ ਤੋਂ ਅਤੇ ਕਿਸੇ ਵਾਸਤੇ ਕਰ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਟਰੱਕ ਚਾਲਕ ਭਾਰਤੀ ਮੂਲ ਦਾ ਹੈ। ਇਹ ਟਰੱਕ ਚਾਲਕ ਪਹਿਲਾਂ ਹੀ ਬਾਰਡਰ ਸਟਾਫ ਦੀ ਨਜ਼ਰ ਹੇਠ ਹੋਣ ਕਾਰਨ ਉਸ ਦਾ ਅਮਰੀਕਾ ਵਿਚ ਵੀ ਪਿੱਛਾ ਕੀਤਾ ਜਾ ਰਿਹਾ ਸੀ ਤੇ ਉਥੋਂ ਹੀ ਉਸ ਦੇ ਉਸ ਗੁਪਤ ਟਿਕਾਣਿਆਂ ਦਾ ਪਤਾ ਲਾਇਆ ਗਿਆ ਸੀ।