ਆਪ ਦੀਆਂ ਸਰਗਰਮੀਆਂ ਨੇ ਮਘਾਇਆ ਪੰਜਾਬ ਦਾ ਸਿਆਸੀ ਪਿੜ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੇ ਦੂਜੀਆਂ ਸਿਆਸੀ ਧਿਰਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ। ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿੰਨ ਜੁਲਾਈ ਨੂੰ ਅੰਮ੍ਰਿਤਸਰ ਤੋਂ ਪੰਜਾਬ ਚੋਣਾਂ ਦਾ ਡੰਕਾ ਵਜਾਉਣਗੇ ਤੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਯੂਥ ਨਾਲ ਸਬੰਧਤ ਮੈਨੀਫੈਸਟੋ ਵੀ ਜਾਰੀ ਕਰਨਗੇ।

ਪੰਜਾਬ ਦੀਆਂ ਰਵਾਇਤੀ ਸਿਆਸੀ ਧਿਰਾਂ ਇਸ ਨੂੰ ਚੁਣੌਤੀ ਵਜੋਂ ਲੈ ਰਹੀਆਂ ਹਨ। ‘ਆਪ’ ਦੀ ਇਸ ਮੁਹਿੰਮ ਨੂੰ ਵੇਖਦੇ ਹੋਏ ਕਾਂਗਰਸ ਤੇ ਹਾਕਮ ਧਿਰ ਅਕਾਲੀ ਦਲ ਨੇ ਸੂਬੇ ਦੇ ਪੁਰਾਣੇ ਮਸਲਿਆਂ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ‘ਹਲਕੇ ਵਿਚ ਕੈਪਟਨ’ ਅਤੇ ਅਕਾਲੀ ਦਲ ਵੱਲੋਂ ਐਸ਼ਵਾਈæਐਲ਼ ਦੇ ਮੁੱਦੇ ਉਤੇ ਸੂਬੇ ਭਰ ਦੀਆਂ ਪੰਚਾਇਤਾਂ ਕੋਲੋਂ ਮਤੇ ਪਾਸ ਕਰਵਾਉਣ ਦੀ ਆੜ ਹੇਠ ਪਿੰਡਾਂ ਵਿਚ ਅਸਿੱਧੇ ਢੰਗ ਨਾਲ ਚੋਣ ਮੁਹਿੰਮ ਛੇੜ ਦਿੱਤੀ ਗਈ ਹੈ। ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਲੰਬੇ ਸਮੇਂ ਤੋਂ ਹੀ ਸੰਗਤ ਦਰਸ਼ਨਾਂ ਦੇ ਨਾਮ ਹੇਠ ਪ੍ਰਚਾਰ ਵਿੱਢ ਚੁੱਕੇ ਹਨ। ਬਾਦਲ ਸਰਕਾਰ ਵੱਲੋਂ ਕਈ ਲੋਕ ਲੁਭਾਊ ਸਕੀਮਾਂ ਐਲਾਨੀਆਂ ਜਾ ਚੁੱਕੀਆਂ ਹਨ ਅਤੇ ਕਈ ਹੋਰਾਂ ਦਾ ਐਲਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਅਕਸਰ ਰਵਾਇਤੀ ਸਿਆਸੀ ਪਾਰਟੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਰਸਮੀ ਤੌਰ ਉਤੇ ਆਪੋ-ਆਪਣੇ ਮੈਨੀਫੈਸਟੋ ਜਾਰੀ ਕਰਦੀਆਂ ਹਨ, ਪਰ ਸ੍ਰੀ ਕੇਜਰੀਵਾਲ ਵੱਲੋਂ ਚੋਣਾਂ ਤੋਂ 6-7 ਮਹੀਨੇ ਪਹਿਲਾਂ ਮੈਨੀਫੈਸਟੋ ਜਾਰੀ ਕਰਨ ਦੇ ਕੀਤੇ ਐਲਾਨ ਕਰ ਕੇ ਨਵੀਂ ਪਿਰਤ ਪਾਈ ਜਾ ਰਹੀ ਹੈ। ‘ਆਪ’ ਨੇ ਵਿਰੋਧੀ ਧਿਰਾਂ ਨੂੰ ਸਿਆਸੀ ਤੌਰ ਉਤੇ ਪਛਾੜਨ ਲਈ ਤਿੰਨ ਜੁਲਾਈ ਨੂੰ ਯੂਥ ਨਾਲ ਸਬੰਧਤ ਮਸਲਿਆਂ ਦਾ ਪਹਿਲਾ ਮੈਨੀਫੈਸਟੋ ਜਾਰੀ ਕਰਨ ਦੀ ਰਣਨੀਤੀ ਬਣਾਈ ਹੈ। ਪਾਰਟੀ ਸੂਤਰਾਂ ਅਨੁਸਾਰ ਪੰਜਾਬ ਦੇ 10 ਅਹਿਮ ਵਰਗਾਂ ਕਿਸਾਨਾਂ, ਦਲਿਤਾਂ, ਸਰਕਾਰੀ ਮੁਲਾਜ਼ਮਾਂ, ਉਦਯੋਗਪਤੀਆਂ ਤੇ ਵਪਾਰੀਆਂ, ਮਹਿਲਾਵਾਂ, ਮਜ਼ਦੂਰਾਂ ਅਤੇ ਪ੍ਰੋਫੈਸ਼ਨਲਜ਼ ਲਈ 10 ਵੱਖ-ਵੱਖ ਮੈਨੀਫੈਸਟੋ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਅਗਲੇ ਦਿਨਾਂ ਵਿਚ ਪੜਾਅਵਾਰ ਵੱਡੇ ਪੱਧਰ ‘ਤੇ ਜਾਰੀ ਕਰਨ ਦੀ ਰਣਨੀਤੀ ਬਣਾਈ ਗਈ ਹੈ। ਤਿੰਨ ਜੁਲਾਈ ਤੋਂ ਪੰਜਾਬ ਵਿਚ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਸਿਖਰ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ‘ਆਪ’ ਵੱਲੋਂ ਅਗਲੇ ਦਿਨੀਂ ਆਪਣੇ ਕੁਝ ਉਮੀਦਵਾਰਾਂ ਦਾ ਵੀ ਐਲਾਨ ਕਰਨ ਦੀ ਸੰਭਾਵਨਾ ਹੈ ਅਤੇ ਕੁਝ ਵਿਰੋਧੀ ਧਿਰਾਂ ਦੇ ਅਹਿਮ ਲੀਡਰ ਵੀ ਇਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ‘ਆਪ’ ਵੱਲੋਂ ਸੋਚੀ-ਸਮਝੀ ਨੀਤੀ ਤਹਿਤ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਸ੍ਰੀ ਕੇਜਰੀਵਾਲ ਨੇ ਪਿਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਮੁੱਦੇ ਉਤੇ ਗਠਿਤ ਕੀਤੀ ਵਿਸ਼ੇਸ਼ ਪੜਤਾਲੀਆ ਟੀਮ (ਐਸ਼ਆਈæਟੀæ) ਉਪਰ ਕਈ ਸਵਾਲ ਖੜ੍ਹੇ ਕੀਤੇ ਸਨ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਇਸ ਫੇਰੀ ਦੌਰਾਨ ਵੀ ਐਸ਼ਆਈæਟੀæ ਅਤੇ ਪੰਜਾਬ ਵਿਚ ਡਰੱਗ ਦੇ ਮੁੱਦੇ ਨੂੰ ਉਭਾਰ ਸਕਦੇ ਹਨ।
‘ਆਪ’ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਯੂਥ ਮੈਨੀਫੈਸਟੋ ਇਸ ਲਈ ਜਾਰੀ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦਾ ਸੰਤਾਪ ਨੌਜਵਾਨ ਹੰਢਾ ਰਹੇ ਹਨ। ਨਸ਼ਿਆਂ ਦਾ ਭਿਆਨਕ ਪ੍ਰਕੋਪ ਬੇਰੁਜ਼ਗਾਰੀ ਨਾਲ ਹੀ ਜੁੜਿਆ ਹੈ। 10 ਵਿਸ਼ੇਸ਼ ਵਰਗਾਂ ਦੇ ਮੈਨੀਫੈਸਟੋ ਜਾਰੀ ਕਰਨ ਦੀ ਲੜੀ ਹੁਣ ਨਿਰੰਤਰ ਜਾਰੀ ਰਹੇਗੀ। ਸ੍ਰੀ ਕੇਜਰੀਵਾਲ 3 ਤੋਂ 5 ਜੁਲਾਈ ਤੱਕ ਪੰਜਾਬ ਵਿਚ ਹੀ ਰਹਿਣਗੇ। ਉਹ ਤਿੰਨ ਜੁਲਾਈ ਨੂੰ ਅੰਮ੍ਰਿਤਸਰ ਦਾ ਪ੍ਰੋਗਰਾਮ ਕਰਨ ਤੋਂ ਬਾਅਦ ਗੁਰਦਾਸਪੁਰ, ਜਲੰਧਰ, ਲੁਧਿਆਣਾ ਅਤੇ ਖੰਨਾ ਵਿਚ ਵੱਖ-ਵੱਖ ਸੰਸਥਾਵਾਂ ਦੇ ਸਮਾਗਮਾਂ ਵਿਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਸ੍ਰੀ ਕੇਜਰੀਵਾਲ ਪਹਿਲੀ ਵਾਰ ਤਿੰਨ ਦਿਨ ਪੰਜਾਬ ਵਿਚ ਰਹਿਣਗੇ।
___________________________________
ਕਾਂਗਰਸ ਵੱਲੋਂ ਵਾਅਦਿਆਂ ਦੀ ਝੜੀ
ਬਸੀ ਪਠਾਣਾਂ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ‘ਹਲਕੇ ਵਿਚ ਕੈਪਟਨ’ ਪ੍ਰੋਗਰਾਮ ਦੌਰਾਨ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਵਾਅਦੇ ਦੇ ਨਾਲ-ਨਾਲ ਆਟਾ-ਦਾਲ ਸਕੀਮ ਤੋਂ ਅੱਗੇ ਵਧਦਿਆਂ ਨੀਲੇ ਕਾਰਡ ਧਾਰਕਾਂ ਨੂੰ ਚੀਨੀ ਅਤੇ ਚਾਹ-ਪੱਤੀ ਦੇਣ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਸੌ ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ।
________________________________
ਚੋਣ ਕਮਿਸ਼ਨ ਨੇ ਚੌਕਸੀ ਵਧਾਈ
ਚੰਡੀਗੜ੍ਹ: ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਜ਼ਿਆਦਾ ਹੀ ਚੌਕਸ ਹੋ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਸਿੰਘ ਨੂੰ ਪੱਛਮੀ ਬੰਗਾਲ ਸਮੇਤ ਹੋਰਨਾਂ ਰਾਜਾਂ ‘ਚ ਹੋਈਆਂ ਚੋਣਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਤੌਰ ਉਤੇ ਭੇਜਿਆ ਗਿਆ ਸੀ। ਸ੍ਰੀ ਸਿੰਘ ਨੂੰ ਕਮਿਸ਼ਨ ਨੇ ਦੱਖਣੀ ਅਫ਼ਰੀਕਾ ਅਤੇ ਬਰਮਾ ਵਿਚ ਵੀ ਕਮਿਸ਼ਨ ਦੇ ਨੁਮਾਇੰਦੇ ਵਜੋਂ ਵਿਦੇਸ਼ਾਂ ਦੀਆਂ ਚੋਣਾਂ ਦਾ ਤਜਰਬਾ ਲੈਣ ਖਾਤਰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਵੱਲੋਂ ਅਫਸਰਾਂ ਦੀਆਂ ਤਾਇਨਾਤੀਆਂ ਬਾਰੇ ਦਿੱਤੀਆਂ ਹਦਾਇਤਾਂ ਤੋਂ ਰਾਜ ਸਰਕਾਰ ਦੀ ਨੀਂਦ ਹਰਾਮ ਹੋ ਗਈ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਜਿਸ ਕਿਸੇ ਵੀ ਅਫਸਰ ਦਾ ਤਬਾਦਲਾ ਚੋਣ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਜਾਂ ਮੀਡੀਆ ਰਿਪੋਰਟ ਦੇ ਆਧਾਰ ਉਤੇ ਹੋਇਆ ਹੈ, ਉਸ ਨੂੰ ਫੀਲਡ ‘ਚ ਤਾਇਨਾਤ ਨਾ ਕੀਤਾ ਜਾਵੇ।
___________________________________
ਆਪ ਵਲੋਂ ਮੁੱਖ ਮੰਤਰੀ ਲਈ ਉਮੀਦਵਾਰ ਬਾਰੇ ਯੂ-ਟਰਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਆਪਣੇ ਪਹਿਲੇ ਸਟੈਂਡ ਤੋਂ ਪਿੱਛੇ ਹਟਦਿਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ‘ਆਪ’ ਦੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਪਰਸਨ ਆਸ਼ੀਸ਼ ਖੇਤਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਸਹੀ ਸਮਾਂ ਆਉਣ ਉਤੇ ਕੀਤਾ ਜਾਵੇਗਾ। ਉਹ ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚੋਂ 100 ਸੀਟਾਂ ਹਾਸਲ ਕਰਨ ਦੀ ਸਮਰੱਥਾ ਤਿਆਰ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਫੈਸਲਾ ਸਮਾਂ ਆਉਣ ਉਤੇ ਹੀ ਕੀਤਾ ਜਾਵੇਗਾ।