ਐਨ.ਐਸ.ਜੀ. ਮੈਂਬਰੀ ਬਾਰੇ ਚੀਨ ਬਣਿਆ ਭਾਰਤ ਦਾ ਸ਼ਰੀਕ

ਨਵੀਂ ਦਿੱਲੀ: ਪਰਮਾਣੂ ਸਪਲਾਇਰ ਗਰੁੱਪ (ਐਨæਐਸ਼ਜੀæ) ਦੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਹੋਈ ਦੋ ਰੋਜ਼ਾ ਮੀਟਿੰਗ ਵਿਚ ਮੈਂਬਰੀ ਦੇ ਮੁੱਦੇ ਉਤੇ ਕੋਈ ਵੀ ਫੈਸਲਾ ਨਾ ਹੋਣ ਕਾਰਨ ਭਾਰਤ ਦੀਆਂ ਉਮੀਦਾਂ ਉਤੇ ਪਾਣੀ ਫਿਰ ਗਿਆ ਹੈ। ਐਨæਐਸ਼ਜੀæ ਮੁਲਕਾਂ ਨੇ ਭਾਰਤ ਦੀ ਦਾਅਵੇਦਾਰੀ ਉਤੇ ਵਿਚਾਰ ਕਰਨ ਦਾ ਪ੍ਰਸਤਾਵ ਤਾਂ ਸਵੀਕਾਰ ਕਰ ਲਿਆ ਸੀ, ਪਰ ਚੀਨ ਤੋਂ ਇਲਾਵਾ ਬਰਾਜ਼ੀਲ, ਆਸਟਰੀਆ, ਨਿਊਜ਼ੀਲੈਂਡ, ਆਇਰਲੈਂਡ ਅਤੇ ਤੁਰਕੀ ਵੱਲੋਂ ਵੀ ਵਿਰੋਧ ਕਰਨ ਕਰ ਕੇ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੀਨ ਦੀ ਹਮਾਇਤ ਲੈਣ ਲਈ ਚੀਨੀ ਸਦਰ ਸ਼ੀ ਚਿਨਪਿੰਗ ਨਾਲ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿਚ ਮੁਲਾਕਾਤ ਵੀ ਕੀਤੀ, ਫਿਰ ਵੀ ਆਸਾਂ ਨੂੰ ਬੂਰ ਨਹੀਂ ਪੈ ਸਕਿਆ। ਹੋਰ ਤਾਂ ਹੋਰ, ਸਵਿਟਜ਼ਰਲੈਂਡ ਵੀ ਪਹਿਲਾਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਭਾਰਤ ਦੇ ਖਿਲਾਫ਼ ਭੁਗਤਿਆ।
ਭਾਰਤ ਲੰਬੇ ਸਮੇਂ ਤੋਂ ਐਨæਐਸ਼ਜੀæ ਦਾ ਮੈਂਬਰ ਬਣਨ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਚੀਨ ਵੱਲੋਂ ਲਗਾਤਾਰ ਵਿਰੋਧ ਕੀਤੇ ਜਾਣ ਕਾਰਨ ਸਫਲਤਾ ਨਹੀਂ ਮਿਲ ਰਹੀ। ਚੀਨ ਵੱਲੋਂ ਇਸ ਮੁੱਦੇ ਉਤੇ ਵਿਰੋਧਤਾ ਕਰਨ ਦਾ ਕਾਰਨ ਭਾਵੇਂ ਭਾਰਤ ਵੱਲੋਂ ਪਰਮਾਣੂ ਅਪਸਾਰ ਸੰਧੀ ਉਤੇ ਦਸਤਖਤ ਨਾ ਕਰਨਾ ਦੱਸਿਆ ਗਿਆ ਹੈ ਪਰ ਇਹ ਇਕੋ-ਇਕ ਕਾਰਨ ਨਹੀਂ ਹੈ। ਦਰਅਸਲ, ਚੀਨ ਉਸ ਸਮੇਂ ਤੋਂ ਹੀ ਭਾਰਤ ਦਾ ਇਸ ਮੁੱਦੇ ਉਤੇ ਵਿਰੋਧ ਕਰ ਰਿਹਾ ਹੈ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਪਹਿਲੇ ਭਾਰਤ ਦੌਰੇ ਦੌਰਾਨ ਭਾਰਤੀ ਸੰਸਦ ਵਿਚ ਇਸ ਮੰਗ ਦਾ ਸਮਰਥਨ ਕੀਤਾ ਸੀ। ਅਮਰੀਕਾ ਅਤੇ ਚੀਨ ਦੀ ਆਪਸੀ ਸ਼ਰੀਕੇਬਾਜ਼ੀ ਜੱਗ-ਜ਼ਾਹਿਰ ਹੈ ਅਤੇ ਇਹ ਗੱਲ ਹੀ ਭਾਰਤ ਦੀ ਐਨæਐਸ਼ਜੀæ ਦੀ ਮੈਂਬਰੀ ਵਿਚ ਅੜਿੱਕਾ ਬਣ ਰਹੀ ਹੈ। ਇੰਨਾ ਹੀ ਨਹੀਂ, ਗੁਆਂਢੀ ਹੋਣ ਦੇ ਬਾਵਜੂਦ ਚੀਨ ਅਤੇ ਭਾਰਤ ਦੇ ਆਪਸੀ ਸਬੰਧ ਵੀ ਸ਼ਰੀਕਾਂ ਵਾਲੇ ਹੀ ਹਨ। ਚੀਨ ਆਪਣੀ ਕੌਮਾਂਤਰੀ ਪੁਜ਼ੀਸ਼ਨ ਦੇ ਮੱਦੇਨਜ਼ਰ ਅਕਸਰ ਹੀ ਭਾਰਤ ਦੀ ਯੁੱਧਨੀਤਕ ਘੇਰਾਬੰਦੀ ਕਰਨ ਦੇ ਆਹਰ ਵਿਚ ਰਹਿੰਦਾ ਹੈ। ਇਸੇ ਕਰਕੇ ਉਹ ਨੇਪਾਲ, ਭੂਟਾਨ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਅਤੇ ਮਾਲਦੀਵ ਵਿਚ ਭਾਰਤ ਦੇ ਪ੍ਰਭਾਵ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਭਾਰਤ ਦੇ ਮੁਕਾਬਲੇ ਪਾਕਿਸਤਾਨ ਨੂੰ ਹਰ ਸੰਭਵ ਸਹਾਇਤਾ ਅਤੇ ਸਰਪ੍ਰਸਤੀ ਦੇਣੀ ਵੀ ਚੀਨ ਦੀ ਇਸੇ ਨੀਤੀ ਦਾ ਹਿੱਸਾ ਹੈ। ਆਪਣੇ ਸਿਆਸੀ ਅਤੇ ਆਰਥਿਕ ਵਿਰੋਧੀ ਅਮਰੀਕਾ ਵਿਰੁੱਧ ਭਾਰਤ ਉਤੇ ਦਬਾਅ ਬਣਾ ਕੇ ਰੱਖਣਾ ਵੀ ਚੀਨ ਦੀ ਕੂਟਨੀਤੀ ਹੈ।
_____________________________________________________
ਚੀਨ ਨੇ ਵਿਰੋਧ ਨੂੰ ਜਾਇਜ਼ ਦੱਸਿਆ
ਭਾਰਤ ਵਰਗੇ ਦੇਸ਼ਾਂ ਦਾ ਐਨæਐਸ਼ਜੀæ ਵਿਚ ਦਾਖਲੇ ਦੇ ਆਪਣੇ ਵਿਰੋਧ ਨੂੰ ਸਹੀ ਦੱਸਦਿਆਂ ਚੀਨ ਨੇ ਕਿਹਾ ਕਿ ਉਸ ਨੇ 48 ਦੇਸ਼ਾਂ ਦੇ ਗਰੁੱਪ ਦੇ ਨਿਯਮਾਂ ਦੀ ਪਾਲਣਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੂਆ ਚੁਨਯਿੰਗ ਨੇ ਕਿਹਾ ਕਿ ਚੀਨ ਦੋ ਗੱਲਾਂ ਚਾਹੁੰਦਾ ਹੈ, ਸਾਡੇ ਲਈ ਐਨæਐਸ਼ਜੀæ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਨਿਯਮ ਕਿਸੇ ਖਾਸ ਦੇਸ਼ ਵੱਲ ਸੇਧਤ ਨਹੀਂ। ਹੂਆ ਨੇ ਦਾਅਵਾ ਕੀਤਾ ਕਿ ਸਿਓਲ ਵਿਚ ਐਨæਐਸ਼ਜੀæ ਦੇ ਪਲੈਨਰੀ ਸੈਸ਼ਨ ਦੌਰਾਨ ਚੀਨ ਨੇ ਰਚਨਾਤਮਿਕ ਸਾਧਨਾਂ ਰਾਹੀਂ ਗੈਰ ਐਨæਪੀæਟੀæ ਦੇਸ਼ਾਂ ਦੇ ਦਾਖਲੇ ‘ਤੇ ਅੱਗੇ ਵਧਣ ਲਈ ਦੋ ਦੇਸ਼ਾਂ ਨਾਲ ਮਿਲ ਕੇ ਕੰਮ ਕੀਤਾ ਹੈ।
___________________________________________________
ਅਮਰੀਕਾ ਵੱਲੋਂ ਭਾਰਤ ਦਾ ਸਮਰਥਨ ਵੱਡੀ ਸਾਜ਼ਿਸ਼: ਪਾਕਿ
ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਸਰ ਜੰਜੂਆ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਪਰਮਾਣੂ ਸਪਲਾਇਰ ਗਰੁੱਪ (ਐਨæਐਸ਼ਜੀæ) ਵਿਚ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਇਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਚੀਨ ਨੂੰ ਘੇਰਨ ਅਤੇ ਰੂਸ ਦੇ ਮੁੜ ਉਭਾਰ ਨੂੰ ਰੋਕਣ ਲਈ ਇੱਕ ਵੱਡੀ ਸਾਜਿਸ਼ ਤਹਿਤ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰ ਰਿਹਾ ਹੈ।
______________________________________
ਭਾਰਤ ਨੂੰ ਚੀਨ ਨਾਲ ਗਿਲਾ
ਤਾਸ਼ਕੰਦ: ਐਨæਐਸ਼ਜੀæ ਵੱਲੋਂ ਮੈਂਬਰਸ਼ਿਪ ਸਬੰਧੀ ਅਰਜ਼ੀ ਖਾਰਜ ਕਰਨ ਤੋਂ ਪ੍ਰੇਸ਼ਾਨ ਭਾਰਤ ਨੇ ਕਿਹਾ ਕਿ 48 ਮੈਂਬਰੀ ਗਰੁੱਪ ਵਿਚ ਉਸ ਦੀ ਅਰਜ਼ੀ ਉਤੇ ਚਰਚਾ ਦੌਰਾਨ ਇਕ ਦੇਸ਼ ਪ੍ਰਕਿਰਿਆ ਰੁਕਾਵਟਾਂ ਨੂੰ ਲੈ ਕੇ ਅੜਿਆ ਰਿਹਾ। ਭਾਰਤ ਦਾ ਇਹ ਸਿੱਧਾ ਇਸ਼ਾਰਾ ਚੀਨ ਦੀ ਤਿੱਖੀ ਵਿਰੋਧਤਾ ਵੱਲ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਵੀ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਭਾਰਤ ਦੀ ਐਨæਐਸ਼ ਜੀæ ਵਿਚ ਸ਼ਮੂਲੀਅਤ ਨਾਲ ਪਰਮਾਣੂ ਅਪਾਸਾਰ ਪ੍ਰਬੰਧ ਹੋਰ ਮਜ਼ਬੂਤ ਹੋਵੇਗਾ ਅਤੇ ਵਿਸ਼ਵ ਪਰਮਾਣੂ ਵਪਾਰ ਹੋਰ ਸੁਰੱਖਿਅਤ ਹੋ ਜਾਵੇਗਾ।
____________________________________
ਐਮæਟੀæਸੀæਆਰæ ਵਿਚ ਭਾਰਤ ਦਾ ਦਾਖਲਾ
ਨਵੀਂ ਦਿੱਲੀ: ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ (ਐਮæਟੀæਸੀæਆਰæ) ਵਿਚ 35ਵੇਂ ਮੈਂਬਰ ਵਜੋਂ ਸ਼ਾਮਲ ਹੋ ਗਿਆ ਹੈ। ਭਾਰਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਵੱਕਾਰੀ ਸੰਸਥਾ ਵਿਚ ਸ਼ਾਮਲ ਹੋਣ ਨਾਲ ਆਲਮੀ ਪੱਧਰ ਉਤੇ ਉਹ ਅਪਸਾਰ ਨੇਮਾਂ ਦਾ ਪ੍ਰਚਾਰ ਕਰੇਗਾ। ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਐਮæਟੀæਸੀæਆਰæ ਵਿਚ ਦਾਖਲੇ ਦੇ ਦਸਤਾਵੇਜ਼ਾਂ ਉਤੇ ਇਥੇ ਦਸਤਖ਼ਤ ਕੀਤੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੈਰਿਸ ਵਿਚ ਐਮæਟੀæਸੀæਆਰæ ਸਥਿਤ ਦਫਤਰ ਨੇ ਭਾਰਤ ਦੇ ਸੰਸਥਾ ਵਿਚ ਦਾਖਲੇ ਦੀ ਜਾਣਕਾਰੀ ਨਵੀਂ ਦਿੱਲੀ ਵਿਚ ਫਰਾਂਸ, ਨੀਦਰਲੈਂਡਜ਼ ਅਤੇ ਲਕਜ਼ਮਬਰਗ ਦੇ ਸਫ਼ਾਰਤਖ਼ਾਨਿਆਂ ਰਾਹੀਂ ਦਿੱਤੀ। ਭਾਰਤ ਦਾ ਐਮæਟੀæਸੀæਆਰæ ਵਿਚ ਦਾਖਲਾ ਉਸ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਉਸ ਦੀ ਐਨæਐਸ਼ਜੀæ ਵਿਚ ਮੈਂਬਰਸ਼ਿਪ ਵਿਚ ਚੀਨ ਅਤੇ ਕੁਝ ਹੋਰ ਮੁਲਕਾਂ ਨੇ ਅੜਿੱਕਾ ਪਾ ਦਿੱਤਾ ਸੀ। ਦਿਲਚਸਪ ਗੱਲ ਇਹ ਹੈ ਕਿ ਚੀਨ ਐਮæਟੀæਸੀæਆਰæ ਦਾ ਮੈਂਬਰ ਨਹੀਂ ਹੈ। ਅਮਰੀਕਾ ਨਾਲ ਸਿਵਲ ਪਰਮਾਣੂ ਸਮਝੌਤਾ ਹੋਣ ਕਰ ਕੇ ਭਾਰਤ ਐਨæਐਸ਼ਜੀæ, ਐਮæਟੀæਸੀæਆਰæ, ਆਸਟਰੇਲੀਆ ਗਰੁੱਪ ਅਤੇ ਵਾਜ਼ੇਨਾਰ ਅਰੇਂਜਮੈਂਟ ਵਿਚ ਦਾਖਲ ਹੋਣ ਦੇ ਯਤਨ ਕਰ ਰਿਹਾ ਸੀ ਜਿਨ੍ਹਾਂ ਰਾਹੀਂ ਰਵਾਇਤੀ, ਪਰਮਾਣੂ, ਜੈਵਿਕ ਅਤੇ ਰਸਾਇਣਕ ਹਥਿਆਰਾਂ ਤੇ ਤਕਨਾਲੋਜੀਆਂ ਨੂੰ ਨਿਯਮਤ ਕੀਤਾ ਜਾਂਦਾ ਹੈ।