ਯੂਰਪੀ ਸੰਸਦ ਤੱਕ ਪਹੁੰਚਿਆ ਬੇਅਦਬੀ ਦਾ ਮਾਮਲਾ

ਜਲੰਧਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਵਿਚ ਮਾਰੇ ਗਏ ਦੋ ਸਿੱਖ ਪ੍ਰਦਰਸ਼ਨਕਾਰੀਆਂ ਦਾ ਮਾਮਲਾ ਯੂਰਪੀਅਨ ਪਾਰਲੀਮੈਂਟ ਤੱਕ ਪਹੁੰਚ ਗਿਆ ਹੈ। ਦਲ ਖਾਲਸਾ ਦੇ ਪ੍ਰਧਾਨ ਅਤੇ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ ਬਰੂਸਲਜ਼ (ਬੈਲਜੀਅਮ) ਦੇ ਵੈਸਟ ਮਿਡਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸਿਓਨ ਸਿਮਨ ਨਾਲ ਮੁਲਾਕਾਤ ਕਰ ਕੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਉਨ੍ਹਾਂ ਨਾਲ ਵਿਚਾਰਿਆ।

ਕਈ ਅਹਿਮ ਮਸਲਿਆਂ ਬਾਰੇ ਗੱਲਬਾਤ ਕੀਤੀ, ਜਿਸ ਵਿਚ ਹਿੰਦੁਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ, ਭਾਰਤ ਸਰਕਾਰ ਦੀ ਘੱਟ ਗਿਣਤੀ ਧਰਮਾਂ, ਕੌਮਾਂ ਅਤੇ ਦਲਿਤਾਂ ਖਿਲਾਫ਼ ਵਧ ਰਹੀ ਅਸਹਿਣਸ਼ੀਲਤਾ ਅਤੇ ਨਾਂਹ-ਪੱਖੀ ਪਹੁੰਚ ਦਾ ਮਸਲਾ ਵੀ ਸ਼ਾਮਲ ਹੈ।
ਯੂਰਪੀਅਨ ਯੂਨੀਅਨ ਦੇ ਮੈਂਬਰ ਨਾਲ ਸਿੱਖ ਫੈਡਰੇਸ਼ਨ ਵੱਲੋਂ ਕੀਤੀ ਗਈ ਮੀਟਿੰਗ ਵਿਚ ਸਿੱਖ ਫੈਡਰੇਸ਼ਨ ਤੋਂ ਕੁਲਦੀਪ ਸਿੰਘ ਚਹੇੜੂ, ਦਬਿੰਦਰਜੀਤ ਸਿੰਘ ਅਤੇ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ ਸ਼ਾਮਲ ਹੋਏ। ਹਰਪਾਲ ਸਿੰਘ ਚੀਮਾ, ਪੰਚ ਪ੍ਰਧਾਨੀ ਦੇ ਦਲ ਖ਼ਾਲਸਾ ਵਿਚ ਹੋਏ ਰਲੇਵੇਂ ਤੋਂ ਬਾਅਦ ਯੂਰਪੀਅਨ ਮੁਲਕਾਂ ਵਿਚਲੇ ਪਾਰਟੀ ਢਾਂਚੇ ਨੂੰ ਨਵੇਂ ਸਿਰਿਓਂ ਗਠਿਤ ਕਰਨ ਲਈ ਯੂਰਪ ਦੇ ਦੌਰੇ ਉਤੇ ਸਨ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਨੇ ਵਿਦੇਸ਼ੀ ਅਧਿਕਾਰੀਆਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਪੰਜਾਬ ਇਕੱਲਾ ਅਜਿਹਾ ਸੂਬਾ ਹੈ ਜਿਸਦਾ 55 ਫੀਸਦੀ ਦਰਿਆਈ ਪਾਣੀ, ਭਾਰਤ ਸਰਕਾਰ ਵੱਲੋਂ ਜਬਰਦਸਤੀ ਨਾਲ ਗੈਰ-ਰਾਇਪੇਰੀਅਨ ਸੂਬਿਆਂ ਰਾਜਸਥਾਨ, ਦਿੱਲੀ ਅਤੇ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ। ਸ੍ਰੀ ਚੀਮਾ ਨੇ ਅੰਤਰਰਾਸ਼ਟਰੀ ਭਾਈਚਾਰੇ ਕੋਲੋਂ ਪੰਜਾਬ ਦੀ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਦੀ ਵਕਾਲਤ ਕਰਨ ਦੀ ਅਪੀਲ ਕੀਤੀ।
________________________________________________
ਜਸਟਿਸ ਜੋਰਾ ਸਿੰਘ ਰਿਪੋਰਟ ਤਿਆਰ
ਚੰਡੀਗੜ੍ਹ: ਫਰੀਦਕੋਟ ਵਿਚ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣੇ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਤਿਆਰ ਕਰ ਲਈ ਹੈ। ਕਮਿਸ਼ਨ ਨੇ ਨਾ ਸਿਰਫ਼ ਪਿਛਲੇ ਸਾਲ ਅਕਤੂਬਰ ਵਿਚ ਬਹਿਬਲ ਕਲਾਂ ਤੇ ਬੁਰਜ ਜਵਾਹਰ ਸਿੰਘਵਾਲਾ ਵਿਚ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਦੀ ਜਾਂਚ ਕੀਤੀ, ਸਗੋਂ ਪਿਛਲੇ ਸਾਲ ਪਹਿਲੀ ਜੂਨ ਨੂੰ ਬੁਰਜ ਜਵਾਹਰ ਸਿੰਘਵਾਲਾ ਤੋਂ ਪਵਿੱਤਰ ਬੀੜ ਚੋਰੀ ਹੋਣ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਨੂੰ ਵੀ ਪੜਤਾਲਿਆ। ਕਮਿਸ਼ਨ ਨੇ ਤਿੰਨ ਕੇਸਾਂ ਦੀ ਐਫ਼ਆਈæਆਰæ ਤੇ ਪੁਲਿਸ ਜਾਂਚ ਤੋਂ ਇਲਾਵਾ ਆਪਣੀਆਂ ਸੁਣਵਾਈਆਂ ਦੇ ਆਧਾਰ ਉਤੇ ਬੇਅਦਬੀ ਦੀਆਂ ਤਿੰਨ ਘਟਨਾਵਾਂ ਵਿਚਲੀਆਂ ਆਪਸੀ ਕੜੀਆਂ ਜੋੜ ਲਈਆਂ ਹਨ। ਪੰਜਾਬ ਸਰਕਾਰ ਨੇ ਪਿਛਲੇ ਸਾਲ 15 ਅਕਤੂਬਰ ਨੂੰ ਇਹ ਕਮਿਸ਼ਨ ਬਣਾਇਆ ਸੀ। ਭਾਵੇਂ ਕਮਿਸ਼ਨ ਨੇ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਦੀ ਪੜਤਾਲ ਕੀਤੀ, ਪਰ ਕਿਸੇ ਅਧਿਕਾਰੀ ਉਤੇ ਦੋਸ਼ ਨਹੀਂ ਲਾਇਆ।