ਕਾਬੁਲ: ਅਫ਼ਗ਼ਾਨਿਸਤਾਨ ਵਿਚ ਰਹਿੰਦੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਹੁੰਦੀਆਂ ਵਧੀਕੀਆਂ ਦੇ ਮੱਦੇਨਜ਼ਰ ਉਥੋਂ ਭੱਜਣ ਲਈ ਮਜਬੂਰ ਹਨ। ਹਾਲੀਆ ਹਮਲੇ ਵਿਚ ਇਕ ਵਿਅਕਤੀ, ਜਗਤਾਰ ਸਿੰਘ ਲਾਗਮਨੀ ਦੀ ਰਵਾਇਤੀ ਜੜ੍ਹੀ ਬੂਟੀਆਂ ਦੀ ਦੁਕਾਨ ਵਿਚ ਦਾਖਲ ਹੋਇਆ ਤੇ ਉਸ ਦੀ ਗਰਦਨ ਉਤੇ ਚਾਕੂ ਰੱਖ ਕੇ ਇਸਲਾਮ ਕਬੂਲਣ ਲਈ ਕਿਹਾ।
ਨੇੜਲੇ ਦੁਕਾਨਦਾਰਾਂ ਤੇ ਹੋਰਨਾਂ ਲੋਕਾਂ ਨੇ ਕਹਿ ਕੁਹਾ ਕੇ ਉਹਦੀ ਜਾਨ ਬਚਾਈ। ਹਿੰਦੂ ਤੇ ਸਿੱਖ ਭਾਈਚਾਰੇ ਬਾਰੇ ਕੌਮੀ ਕੌਂਸਲ ਦੇ ਚੇਅਰਮੈਨ ਅਵਤਾਰ ਸਿੰਘ ਨੇ ਕਿਹਾ 1992 ਵਿਚ ਕਾਬੁਲ ਸਰਕਾਰ ਦੇ ਡਿੱਗਣ ਤੋਂ ਪਹਿਲਾਂ ਭਾਈਚਾਰੇ ਦੇ 2æ20 ਲੱਖ ਪਰਿਵਾਰ ਸਨ, ਪਰ ਅੱਜ ਇਹ ਗਿਣਤੀ ਘਟ ਕੇ 220 ਪਰਿਵਾਰਾਂ ਨੂੰ ਪੁੱਜ ਗਈ ਹੈ।
ਬਹੁਤ ਹੀ ਰੂੜ੍ਹੀਵਾਦੀ ਮੁਸਲਿਮ ਦੇਸ਼ ਅਫਗਾਨਿਸਤਾਨ ਵਿਚ ਇਸਲਾਮਕ ਬਗਾਵਤ ਅਤੇ ਆਰਥਿਕ ਚੁਣੌਤੀਆਂ ਕਾਰਨ ਘੱਟ ਗਿਣਤੀਆਂ ਵਿਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਕਿਸੇ ਸਮੇਂ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੀ ਚੋਖੀ ਆਬਾਦੀ ਸੀ, ਪਰ ਹੁਣ ਮੁੱਠੀ ਭਰ ਸਿੱਖ ਤੇ ਹਿੰਦੂ ਪਰਿਵਾਰ ਹੀ ਉਥੇ ਰਹਿ ਗਏ ਹਨ। ਬਹੁਤੇ ਲੋਕ ਵਿਤਕਰੇ ਅਤੇ ਅਸਹਿਣਸ਼ੀਲਤਾ ਕਾਰਨ ਅਫਗਾਨਿਸਤਾਨ ਤੋਂ ਦੂਸਰੇ ਦੇਸ਼ਾਂ ਨੂੰ ਚਲੇ ਗਏ ਹਨ।
ਅਫਗਾਨਿਸਤਾਨ ਵਿਚ ਭਾਵੇਂ ਬਹੁਤੇ ਮੁਸਲਮਾਨ ਹੀ ਵਸਦੇ ਹਨ, ਪਰ ਤਾਲਿਬਾਨ ਸਰਕਾਰ ਨੂੰ 2001 ਨੂੰ ਸੱਤਾ ਤੋਂ ਹਟਾਉਣ ਪਿੱਛੋਂ ਬਣਾਇਆ ਸੰਵਿਧਾਨ ਘੱਟ ਗਿਣਤੀਆਂ ਨੂੰ ਸੁਤੰਤਰ ਪੂਜਾ ਦੀ ਗਰੰਟੀ ਦਿੰਦਾ ਹੈ। ਕਾਬੁਲ ਦੇ ਗੁਰਦੁਆਰੇ ਵਿਚ ਇਕ ਹੋਰ ਸਿੱਖ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਚੰਗੇ ਦਿਨ ਲੱਦ ਗਏ ਹਨ ਜਦੋਂ ਸਾਨੂੰ ਅਫਗਾਨ ਸਮਝਿਆ ਜਾਂਦਾ ਸੀ, ਨਾ ਕਿ ਬਾਹਰੋਂ ਆਏ ਲੋਕ। ਉਸ ਨੇ ਦੱਸਿਆ ਕਿ ਸਰਕਾਰ ਵਿਚਲੇ ਲੋਕਾਂ ਖਾਸਕਰ ਸੈਨਾਪਤੀਆਂ (ਵਾਰਲਾਰਡਜ਼) ਨੇ ਸਾਥੋਂ ਆਜ਼ਾਦੀ ਖੋਹ ਲਈ ਹੈ। ਅਸੀਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਹ ਛੋਟਾ ਜਿਹਾ ਭਾਈਚਾਰਾ ਦਿਨ ਪ੍ਰਤੀ ਦਿਨ ਛੋਟਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੇਲਮੰਡ ਸੂਬੇ ਵਿਚੋਂ ਦਰਜਨਾਂ ਹਿੰਦੂ ਤੇ ਸਿੱਖ ਪਰਿਵਾਰ ਹਿਜਰਤ ਕਰ ਗਏ ਹਨ ਜਿਥੇ ਤਾਲਿਬਾਨ ਬਾਗੀਆਂ ਨੇ ਭਾਈਚਾਰੇ ਤੋਂ 200000 ਅਫਗਾਨੀ ਕਰੰਸੀ (2800 ਡਾਲਰ) ਪ੍ਰਤੀ ਮਹੀਨਾ ਲੈਣ ਦੀ ਮੰਗ ਵਾਲਾ ਪੱਤਰ ਭੇਜਿਆ ਹੈ।
ਕਾਬੁਲ ਦੇ ਬਾਹਰਵਾਰ ਕਲਾਚਾ ਇਲਾਕੇ ਵਿਚ ਵੀ ਤਣਾਅ ਫੈਲਿਆ ਹੋਇਆ ਹੈ ਜਿਥੇ ਸਿੱਖਾਂ ਤੇ ਹਿੰਦੂਆਂ ਦਾ ਉੱਚੀਆਂ ਕੰਧਾਂ ਵਾਲਾ ਸ਼ਮਸ਼ਾਨਘਾਟ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਦੀ ਆਬਾਦੀ ਵਧੀ ਹੈ ਅਤੇ ਕਈ ਮੁਸਲਿਮ ਲੋਕ ਬਾਹਰ ਜਾ ਕੇ ਸ਼ਮਸ਼ਾਨਘਾਟ ਦੇ ਨੇੜੇ ਮਕਾਨ ਬਣਾ ਕੇ ਰਹਿਣ ਲੱਗ ਹੋਏ ਹਨ ਜਿਹੜੇ ਹੁਣ ਸ਼ਮਸ਼ਾਨਘਾਟ ਵਿਚ ਲਾਸ਼ਾਂ ਦਾ ਸਸਕਾਰ ਕਰਨ ਦਾ ਵਿਰੋਧ ਕਰ ਰਹੇ ਹਨ।
ਕਲਾਚਾ ਵਾਸੀ ਮੁਸਲਮਾਨ ਅਹਿਮਦ ਤੋਮਰ ਨੇ ਕਿਹਾ ਕਿ ਜਦੋਂ ਲਾਸ਼ ਸੜਦੀ ਹੈ ਤਾਂ ਉਸ ਦੀ ਦੁਰਗੰਧ ਨਾਲ ਉਸ ਦਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਥੇ ਲਾਸ਼ਾਂ ਦਾ ਸਸਕਾਰ ਕੀਤਾ ਜਾਵੇ। ਸਿੱਖਾਂ ਦਾ ਕਹਿਣਾ ਹੈ ਕਿ ਸਥਾਨਕ ਮੁਸਲਿਮ ਕੱਟੜਪੰਥੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਦੋਵਾਂ ਭਾਈਚਾਰਿਆਂ ਨੂੰ ਹੁਣ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਪੁਲਿਸ ਦੀ ਸੁਰੱਖਿਆ ਲੈਣੀ ਪੈਂਦੀ ਹੈ।
ਸ਼ਮਸ਼ਾਨਘਾਟ ਨੇੜੇ ਬਣੇ ਇਕ ਮਕਾਨ ਵੱਲ ਇਸ਼ਾਰਾ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਉਹ ਸਾਡੇ ਇੱਟਾਂ-ਪੱਥਰ ਮਾਰਦੇ ਹਨ। ਉਧਰ, ਹੱਜ ਤੇ ਧਾਰਮਿਕ ਮਾਮਲਿਆਂ ਦੇ ਉਪ ਮੰਤਰੀ ਦਹੀ-ਉਲ-ਹੱਕ ਆਬਿਦ ਨੇ ਕਿਹਾ ਕਿ ਸਰਕਾਰ ਹਿੰਦੂ ਤੇ ਸਿੱਖਾਂ ਦੀ ਰੋਜ਼ੀ ਰੋਟੀ ਵਿਚ ਜੋ ਸੁਧਾਰ ਕਰ ਸਕਦੀ ਹੈ, ਉਸ ਨੇ ਕੀਤਾ ਹੈ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਜੰਗ ਕਾਰਨ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣਾ ਪਿਆ ਹੈ, ਪਰ ਉਨ੍ਹਾਂ ਦੀ ਹਾਲਤ ਇੰਨੀ ਮਾੜੀ ਨਹੀਂ ਜਿੰਨਾ ਉਹ ਦਾਅਵਾ ਕਰਦੇ ਹਨ।
____________________________________________
ਸਿਰਫ 220 ਪਰਿਵਾਰ ਹੀ ਬਚੇ
ਕਾਬੁਲ: ਸਥਾਨਕ ਸਿੱਖਾ ਦਾ ਕਹਿਣਾ ਹੈ ਕਿ ਜਦੋਂ 1992 ਵਿਚ ਕਾਬੁਲ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਤਾਂ ਉਸ ਸਮੇਂ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੇ ਤਕਰੀਬਨ 220000 ਪਰਿਵਾਰ ਸਨ ਜਿਹੜੇ ਹੁਣ ਮਸਾਂ 220 ਰਹਿ ਗਏ ਹਨ। ਕਿਸੇ ਸਮੇਂ ਦੋਵਾਂ ਫਿਰਕਿਆਂ ਦੀ ਆਬਾਦੀ ਪੂਰੇ ਅਫਗਾਨਿਸਤਾਨ ਵਿਚ ਫੈਲੀ ਹੋਈ ਸੀ ਪਰ ਹੁਣ ਸਿਰਫ ਸੁੰਗੜ ਕੇ ਨੰਗਰਹਾਰ, ਗਜ਼ਨੀ ਸੂਬਿਆਂ ਤੇ ਰਾਜਧਾਨੀ ਕਾਬੁਲ ਵਿਚ ਰਹਿ ਗਈ ਹੈ।