ਹੱਥ ਤੇ ਹਥਿਆਰਾਂ ਦਾ ਹੀਲਾ

ਜੰਗਲਨਾਮਾ-8
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ,

ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
ਚਾਹ ਨੂੰ ਅਜੇ ਕਾਫੀ ਸਮਾਂ ਪਿਆ ਸੀ, ਪਰ ਐਤੂ ਵਲੋਂ ਦਿਤਾ ਲਾਲਚ ਵੀ ਕੋਈ ਘੱਟ ਲੁਭਾਉਣਾ ਨਹੀਂ ਸੀ। ਨਿੰਬੂ ਵਾਲੀ ਚਾਹ, ਚਾਹ ਵੀ ਸੀ, ਦਵਾਈ ਵੀ ਸੀ ਅਤੇ ਨਾਲ ਹੀ ਜ਼ੁਬਾਨ ਨੂੰ ਸਵਾਦਲਾ ਬਣਾ ਦੇਣ ਵਾਲਾ ਅੰਮ੍ਰਿਤ ਵੀ। ਵੈਸੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਚਾਹ ਚਾਹ ਹੀ ਨਹੀਂ ਹੁੰਦੀ; ਸੋ ਅਸੀਂ ਕੋਈ ਅਸੂਲ ਨਹੀਂ ਤੋੜ ਰਹੇ ਸਾਂ। ਸੁੱਤੀ ਹੋਈ ਤਲਬ ਉਠ ਪਈ ਤੇ ਮੈਂ ਐਤੂ ਦੇ ਦਾਅਵਤ ਦੇ ਸੱਦੇ ਨੂੰ ਕਬੂਲ ਲਿਆ।
“ਆਪ ਬਣਾ ਕੇ ਪੀਣ ਦਾ ਆਪਣਾ ਹੀ ਮਜ਼ਾ ਹੈ।” ਚੁੱਲ੍ਹੇ ਵਿਚ ਅੱਗ ਡਾਹੁੰਦੇ ਹੋਏ ਮੈਂ ਐਤੂ ਨੂੰ ਕਿਹਾ।
“ਮਜ਼ਾ ਤਾਂ ਜ਼ਿੰਦਗੀ ਦਾ ਏਥੇ ਹੀ ਹੈ। ਮੈਟਰੋਪੋਲਿਸ ਵਿਚ ਤਾਂ ਦਮ ਘੁੱਟਦਾ ਸੀ। ਉਥੇ ਨਿੰਬੂ ਦੀ ਚਾਹ ਵੀ ਗਲਾ ਫੜ ਲੈਂਦੀ ਸੀ। ਉਿਥੇ ਇਹ ਤੁਹਾਨੂੰ ਹਲਕਾ-ਫੁਲਕਾ ਕਰ ਦੇਂਦੀ ਹੈ। ਹੁਣੇ ਇਸ ਦੀ ਮੰਗ ਵਧਣ ਲੱਗੇਗੀ। ਇਕæææ ਦੋæææ ਤਿੰਨ! ਤਿੰਨ ਕੱਪ ਪਾਣੀ ਹੋਰ ਪਵੇਗਾ।” ਤਿੰਨ ਹੋਰਨਾਂ ਨੂੰ ਆਉਂਦੇ ਦੇਖ ਉਸ ਨੇ ਪਤੀਲੇ ਵਿਚ ਹੋਰ ਪਾਣੀ ਪਾ ਕੇ ਉਸ ਨੂੰ ਚੁੱਲ੍ਹੇ ਉਤੇ ਟਿਕਾ ਦਿਤਾ।
ਚੁਸਕੀਆਂ ਨਾਲ ਪੀਤੀ ਚਾਹ ਨੇ ਤਰਾਵਟ ਵੀ ਦਿਤੀ, ਤਾਕਤ ਵੀ। ਸਵੇਰ ਵੇਲੇ ਹੋਈ ਘਟਨਾ ਉਤੇ ਅਫ਼ਸੋਸ ਜ਼ਾਹਰ ਕਰਦਿਆਂ ਮੈਂ ਕਿਹਾ, “ਸਵੇਰੇ ਸੂਰ ਦਾ ਸ਼ਿਕਾਰ ਕਰ ਲਿਆ ਜਾਂਦਾ ਤਾਂ ਚੰਗਾ ਹੀ ਰਹਿੰਦਾ। ਰਾਤ ਨੂੰ ਮਹਾਂ-ਭੋਜ ਹੋ ਜਾਂਦਾ।”
ਇਕ ਨੇ ਕਿਹਾ, “ਨਹੀਂ ਕੀਤਾ ਤਾਂ ਚੰਗਾ ਹੀ ਹੋਇਆ। ਗਾਂ ਤੇ ਸੁਰ ਦੋਨੋਂ ਫ਼ਸਾਦ ਦੀ ਜੜ੍ਹ ਨੇ। ਇਕ ਦਿਨ ਗਾਂ, ਦੂਸਰੇ ਦਿਨ ਸੂਰ! ਖ਼ੇਮੇ ਵਿਚ ਤਾਂ ਹੰਗਾਮਾ ਖੜ੍ਹਾ ਹੋ ਜਾਂਦਾ। ਅੱਧਿਆਂ ਨੂੰ ਮਰੋੜ ਲੱਗ ਜਾਣੇ ਸਨ। ਢਿੱਡਾਂ ਨੂੰ ਤਾਂ ਚੌਲਾਂ ਦੀ ਆਦਤ ਹੈ, ਹਲਕੀ-ਫੁਲਕੀ ਗਿਜ਼ਾ ਦੀ। ਡਾਕਟਰ ਪਵਨ ਤੰਬੂਆਂ ਦੇ ਗੇੜੇ ਕੱਢਦਾ ਕੱਢਦਾ ਹਫ਼ ਜਾਣਾ ਸੀ। ਸਾਰਾ ਕੁਝ ਉਲਟ-ਪੁਲਟ ਹੋ ਜਾਂਦਾ ਤੇ ਦਿੱੱਲੀ ਵਾਲਿਆਂ ਨੂੰ ਖ਼ਬਰ ਹੋ ਜਾਂਦੀ ਕਿ ਗੁਰੀਲਿਆਂ ਨੇ ਜੰਗਲ ਵਿਚ ਹਸਪਤਾਲ ਸਥਾਪਤ ਕਰ ਲਏ ਨੇ, ਦੇਸ਼ ਨੂੰ ਅੰਦਰੋਂ ਖ਼ਤਰਾ ਖੜ੍ਹਾ ਹੋ ਗਿਐ ਅਤੇ ਅੰਦਰੇ ਹੀ ਕਰਾਸ-ਬਾਰਡਰ ਟੈਰਰਿਜ਼ਮ ਸ਼ੁਰੂ ਹੋ ਗਿਐ।”
ਸਾਰੇ ਹੀ ਇਸ Ḕਸਿਆਸੀ’ ਤਕਰੀਰ ਉਪਰ ਖਿੜ ਖਿੜਾ ਕੇ ਹੱਸ ਉਠੇ। ਖ਼ੇਮੇ ਵਿਚ ਅਜਿਹਾ ਹਾਸਾ ਪੈਂਦਾ ਮੈਂ ਪਹਿਲੀ ਵਾਰ ਦੇਖਿਆ ਸੀ। ਇੰਜ ਲੱਗਾ ਕਿ ਜਿਵੇਂ ਇਹ ਹਾਸਾ ਵੀ ਗੁਰੀਲਾ ਹਮਲੇ ਵਾਂਗ ਹੋਵੇ ਜਿਸ ਨੇ ਹਰ ਕਿਸੇ ਨੂੰ ਅਵੇਸਲੇ ਹੀ ਦਬੋਚ ਲਿਆ ਹੋਵੇ।
“ਐਤੂ ਭਾਈ ਅਜਿਹੀ ਚਾਹ ਤਾਂ ਰੋਜ਼ ਬਣਾਈ ਜਾਣੀ ਚਾਹੀਦੀ ਹੈ। ਇਸ ਨੇ ਵਾਕਈ ਹਰ ਕਿਸੇ ਨੂੰ ਹਲਕਾ-ਫੁਲਕਾ ਕਰ ਦਿਤੈ। ਸ਼ਾਮ ਦੀ ਚਾਹ ਵੈਸੇ ਹੀ ਨਿੰਬੂ ਵਾਲੀ ਐਲਾਨੀ ਜਾ ਸਕਦੀ ਹੈ। ਦੁੱਧ ਵੀ ਬਚੇਗਾ, ਪੇਟ ਵੀ ਸਾਫ਼ ਰਹੇਗਾ, ਮਨ ਵੀ ਖਿੜੇਗਾ।”
“ਆਈਡੀਆ ਬੁਰਾ ਨਹੀਂ! ਪਰ ਫ਼ੈਸਲਾ ਸਾਰੇ ਖ਼ੇਮੇ ਵਲੋਂ ਹੀ ਲਿਆ ਜਾ ਸਕਦੈ। ਮੇਰਾ ਪੱਕਾ ਯਕੀਨ ਹੈ ਕਿ ਜ਼ਿਆਦਾ ਵੋਟਾਂ ਵਿਰੋਧ ਵਿਚ ਪੈਣਗੀਆਂ।”
“ਮਾਮਲਾ ਖਾਣ-ਪੀਣ ਦਾ ਹੈ, ਸੋ ਇਸ ਨੂੰ ਆਪੋ ਆਪਣੀ ਇੱਛਾ ਉਤੇ ਛੱਡ ਦਿਤਾ ਜਾਵੇ। ਜਿਹੜਾ ਪੀਣਾ ਚਾਹੁੰਦੈ, ਉਹ ਜੀ ਸਦਕੇ ਆਵੇ; ਜਿਸ ਨੇ ਦੁੱਧ ਵਾਲੀ ਪੀਣੀ ਹੈ, ਉਹ ਛੇ ਵਜੇ ਤੱਕ ਉਡੀਕ ਕਰੇ।” ਕੋਈ ਤੀਸਰਾ ਬੋਲਿਆ।
ਗੱਲ ਆਈ ਗਈ ਹੋ ਗਈ। ਮਜ਼ਾਕ ਮਜ਼ਾਕ ਵਿਚ ਫ਼ਿਰਕਾਪ੍ਰਸਤੀ ਦੇ ਨਾਜ਼ੁਕ ਮਾਮਲੇ ਵੱਲ ਸੰਕੇਤ ਹੋ ਗਿਆ। ਗਾਂ ਤੇ ਸੂਰ ਜਾਨਵਰਾਂ ਦੇ ਨਾਮ ਨਾ ਹੋ ਕੇ ਦੋ ਸਿੰਬਲ ਬਣ ਗਏ ਹਨ ਜਿਨ੍ਹਾਂ ਨੇ ਦੇਸ਼ ਦੀ ਤਕਰੀਬਨ ਅੱਧੀ ਆਬਾਦੀ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਹ ਦੋਵੇਂ ਜਾਨਵਰ ਅਕੀਦਿਆਂ ਦਾ ਹਿੱਸਾ ਹੋ ਗਏ ਹਨ। ਇਨਸਾਨ ਨੂੰ ਭਾਵੇਂ ਲਾਂਬੂ ਲੱਗ ਜਾਣ, ਪਰ ਧਰਮ ਦੇ ਵਹਿਸ਼ੀ ਅਕੀਦਿਆਂ ਉਤੇ ਆਂਚ ਨਹੀਂ ਆਉਣੀ ਚਾਹੀਦੀ! ਬਸਤੀਵਾਦੀ ਬਰਤਾਨਵੀ ਹਾਕਮਾਂ ਨੇ ਦੁਨੀਆਂ ਦੇ ਇਸ ਖਿੱਤੇ ਵਿਚ ਜੋ ਜ਼ਹਿਰ ਘੋਲਿਆ ਸੀ, ਉਹ ਪੁਸ਼ਤ-ਦਰ-ਪੁਸ਼ਤ ਨੂੰ ਆਪਣੇ ਮਾਰੂ ਅਸਰ ਹੇਠ ਹਿੰਸਕ ਜਾਨਵਰ ਬਣਾਉਂਦਾ ਆ ਰਿਹਾ ਹੈ। ਹਰ ਪੀੜ੍ਹੀ ਦਾ ਜਿਸਮ ਵਾਰ ਵਾਰ ਮਵਾਦ ਭਰੇ ਫੋੜਿਆਂ ਵਾਂਗ ਫਟ ਉਠਦਾ ਹੈ। ਇਤਿਹਾਸ, ਸਭਿਆਚਾਰ, ਸਿਆਸਤ ਸਭਨਾਂ ਚੀਜ਼ਾਂ ਅੰਦਰ ਹੀ ਜ਼ਹਿਰ ਘੁਲ ਗਿਆ ਹੈ। ਹੈਵਾਨੀਅਤ ਦਾ ਭਰਿਆ ਹੋਇਆ ਇਨਸਾਨ ਤੌਬਾ ਕਰਨਾ ਭੁੱਲ ਜਾਂਦਾ ਹੈ। 1947 ਦੀ ਭਿਆਨਕ ਕਤਲੋਗਾਰਤ ਤੋਂ ਬਾਅਦ ਦੇ ਪਚਵੰਜਾ ਸਾਲਾਂ ਵਿਚ ਅਨੇਕਾਂ ਵਾਰ ਇਸ ਭੱਠੀ ‘ਚ ਡਿੱਗਣ ਤੋਂ ਬਾਅਦ ਵੀ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਪਵਿਤਰਤਾ ਅਤੇ ਅਪਵਿਤਰਤਾ ਦੇ ਇਸ ਜਾਹਲ ਅਕੀਦੇ ਅਤੇ ਵਹਿਸ਼ੀ ਚਿੰਨ੍ਹਾਂ ਨੂੰ ਚੰਬੜਿਆ ਉਹ ਆਪਣੇ ਸਭਿਅਕ ਹੋਣ ਦਾ ਆਪ ਹੀ ਜਲੂਸ ਕੱਢ ਰਿਹਾ ਹੈ। ਬਾਹਰ ਆਇਆ ਤਾਂ ਗੁਜਰਾਤ ਦਾ ਤਾਂਡਵ ਵਾਪਰ ਗਿਆ ਜਿਸ ਨੇ ਹਰ ਰੂਹ ਨੂੰ ਕੰਬਾ ਦਿਤਾ।
ਇਤਿਹਾਸ ਦੇ ਕਿਸੇ ਦੌਰ ਵਿਚ ਅਪਣਾਏ ਗਏ ਪੁਰਾਣੇ ਤੇ ਹੁਣ ਵੇਲਾ ਵਿਹਾ ਚੁੱਕੇ ਸੰਕਲਪ ਤੇ ਨੈਤਿਕਤਾ ਅੱਜ ਜ਼ਿੰਦਗੀ ਨੂੰ ਅਗਾਂਹ ਨਹੀਂ ਤੋਰ ਸਕਦੇ। ਜੇ ਕੋਈ ਇਖ਼ਲਾਕ ਜ਼ਿੰਦਗੀ ਨੂੰ ਅਗਾਂਹ ਤੋਰਨ ਵਿਚ ਸਹਾਈ ਨਾ ਹੋਵੇ, ਸਗੋਂ ਵਿਰੋਧ ਵਿਚ ਜਾਣ ਲੱਗ ਪਵੇ ਤਾਂ ਉਹ ਇਖ਼ਲਾਕ ਜਾਂ ਨੈਤਿਕਤਾ ਨਹੀਂ ਹਨ। ਜੇ ਕਦੇ ਗਾਂ ਖਾਣੀ ਛੱਡੀ ਗਈ, ਤਾਂ ਜੀਵਨ ਨੂੰ ਅਗਾਂਹ ਵਧਾਉਣ ਵਾਸਤੇ ਛੱਡੀ ਗਈ ਹੋਵੇਗੀ; ਜੇ ਕਬਾਇਲੀ ਇਸ ਨੂੰ ਅੱਜ ਖਾਂਦੇ ਹਨ, ਤਾਂ ਇਹ ਵੀ ਜ਼ਿੰਦਗੀ ਨੂੰ ਬਰਕਰਾਰ ਰੱਖਣ ਅਤੇ ਅਗਾਂਹ ਤੋਰਨ ਲਈ ਹੈ। ਕੋਈ ਗਾਂ ਦਾ ਮਾਸ ਖਾ ਕੇ ਪਾਪੀ ਨਹੀਂ ਹੋ ਜਾਂਦਾ ਤੇ ਕੋਈ ਦੂਸਰਾ ਸੂਰ ਦੇ ਗੋਸ਼ਤ ਨੂੰ ਹਰ ਕੇ ਕਾਫ਼ਰ ਨਹੀਂ ਬਣ ਜਾਂਦਾ। ਹਰ ਸਮੇਂ ਅਤੇ ਸਥਾਨ ਦੀਆਂ ਆਪਣੀਆਂ ਹੱਦਾਂ ਹਨ, ਆਪਣੀਆਂ ਹੀ ਜ਼ਰੂਰਤਾਂ ਹਨ। ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ, ਜਦ ਇਸ ਨੂੰ ਜ਼ਿੰਦਗੀ ਦੀਆਂ ਪਦਾਰਥਕ ਹਕੀਕਤਾਂ ਨਾਲੋਂ ਤੋੜ ਕੇ Ḕਇਲਾਹੀ’ ਰੂਪ ਦੇ ਦਿਤਾ ਜਾਂਦਾ ਹੈ। “ਪਵਿਤਰਤਾ” ਦੇ ਅਕੀਦਿਆਂ ਨੇ ਹਰ ਮਨੁੱਖ ਨੂੰ ਹੀ ਅਪਵਿਤਰ ਕਰਾਰ ਦੇ ਦਿਤਾ ਹੈ। ਜਦ ਕਿਸੇ ਵਿਸ਼ੇਸ਼ ਸਮੇਂ ਤੇ ਸਥਾਨ ਦੀ ਹਕੀਕਤ ਨੂੰ ਸਰਵ-ਵਿਆਪੀ ਹਕੀਕਤ ਕਰਾਰ ਦੇ ਦਿਤਾ ਜਾਵੇ ਅਤੇ ਇਸ ਉਤੇ ਹਮੇਸ਼ਾਂ ਵਾਸਤੇ ਸੱਚ ਹੋਣ ਦਾ ਫ਼ਤਵਾ ਮੜ੍ਹ ਦਿਤਾ ਜਾਵੇ ਤਾਂ ਅਜਿਹਾ ਕਰਨਾ ਫ਼ਸਾਦ ਖੜ੍ਹਾ ਕਰ ਦੇਵੇਗਾ। ਜੋ Ḕਨਹੀਂ ਹੈ’ ਉਸ ਨੂੰ Ḕਹੈ’ ਬਣਾ ਦੇਵੇਗਾ। ਜੋ Ḕਹੈ’, ਉਸ ਨੂੰ Ḕਨਹੀਂ ਹੈḔ ਬਣਾ ਦੇਣ ਦੀ ਕੋਸ਼ਿਸ਼ ਕਰੇਗਾ। ਜਦ ਉਹ ਵਿਰੋਧਤਾਈ ਫ਼ਸਾਦ ਦਾ ਰੂਪ ਅਖ਼ਤਿਆਰ ਕਰ ਜਾਂਦੀ ਹੈ ਤਾਂ ਨਾ ਅੱਲਾ ਮੱਦਦ ਕਰਨ ਆਉਂਦਾ ਹੈ, ਨਾ ਕੋਈ ਪਰਮਾਤਮਾ ਅਤੇ ਨਾ ਹੀ ਕਿਸੇ ਰੱਬ ਦਾ ਕੋਈ ਪੁੱਤਰ। ਉਦੋਂ ਸਿਰਫ਼ ਅੱਗਜ਼ਨੀ ਤੇ ਬਲਾਤਕਾਰ ਹੀ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੋ ਜਾਂਦੇ ਹਨ, ਇਨਸਾਨ ਮਨਫ਼ੀ ਹੋ ਜਾਂਦਾ ਹੈ। ਜਿਹੜੇ ਗਾਂ ਦੇ ਨਾਂ ਉਤੇ ਐਨਾ ਉਪੱਦਰ ਕਰਦੇ ਹਨ, ਉਹ ਜਿਉਂਦੀ ਹੋਈ ਨੂੰ ਤਾਂ ਪਵਿੱਤਰ ਕਰਾਰ ਦੇਂਦੇ ਹਨ, ਪਰ ਮਰੀ ਹੋਈ ਤੋਂ ਇੰਜ ਦੂਰ ਭੱਜਦੇ ਹਨ ਜਿਵੇਂ ਉਸ ਨੂੰ ਹੱਥ ਲਾਇਆਂ ਉਨ੍ਹਾਂ ਨੂੰ ਕੋਹੜ ਹੋ ਜਾਵੇਗਾ। ਫਿਰ ਉਨ੍ਹਾਂ ਨੂੰ “ਨੀਚ ਜਾਤ” ਇਨਸਾਨਾਂ ਦੀ ਜ਼ਰੂਰਤ ਪੈਂਦੀ ਹੈ ਕਿ ਉਨ੍ਹਾਂ ਦੀ ਇਸ Ḕਪਵਿੱਤਰ’ ਚੀਜ਼ ਨੂੰ ਟਿਕਾਣੇ ਲਗਾ ਦੇਣ। ਆਪਣੀ Ḕਪਵਿੱਤਰ ਮਾਂḔ ਦਾ ਕਿਰਿਆ-ਕਰਮ ਕਰਨ ਵਾਸਤੇ ਨਾ ਉਨ੍ਹਾਂ ਅੰਦਰ ਕੋਈ ਇੱਜ਼ਤ ਦਾ ਅਹਿਸਾਸ ਹੈ, ਨਾ ਕੋਈ ਰਸਮ ਅਤੇ ਨਾ ਹੀ ਕੋਈ ਸਲੋਕ। ਪੂਜਾ ਦੇ ਕਿਸੇ ਸਿੰਬਲ ਦੀ ਐਨੀ ਦੁਰਦਸ਼ਾ ਹੋਰ ਕਿਸੇ ਵੀ ਧਰਮ ਵਿਚ ਨਹੀਂ ਹੁੰਦੀ। ਕੈਸਾ ਦੰਭ ਹੈ!
ਡਾæ ਪਵਨ ਮਰੋੜਾਂ ਦਾ ਇਲਾਜ ਤਾਂ ਕਰ ਸਕਦਾ ਸੀ, ਪਰ ਜੇ ਖ਼ੇਮੇ ਵਿਚ ਦੰਗਾ ਭੜਕ ਉਠਦਾ ਤਾਂ ਦਵਾ ਤਾਂ ਕੀ ਕਿਸੇ Ḕਰੱਬ’ ਨੇ ਵੀ ਉਸ ਦੀ ਮਦਦ ਨਹੀਂ ਸੀ ਕਰਨੀ। ਅਜਿਹੀ ਹਾਲਤ ਵਿਚ ਦਵਾ ਵੀ ਬੇ-ਅਸਰ ਰਹਿੰਦੀ, ਦੁਆ ਵੀ। ਸ਼ੁਕਰ ਹੈ ਕਿ ਉਥੇ ਗੌਂਡ ਕਬਾਇਲੀ ਸਨ ਜਿਨ੍ਹਾਂ ਵਾਸਤੇ ਗਾਂ ਤੇ ਸੂਰ ਦਰਮਿਆਨ ਦੇ ਇਸ ਫ਼ਸਾਦ ਦੀ ਕੋਈ ਗੁੰਜਾਇਸ਼ ਨਹੀਂ ਸੀ।
“ਐਤੂ ਭਾਈ!” ਰਸੋਈ ਤੋਂ ਵਾਪਸ ਮੁੜਦੇ ਹੋਏ ਮੈਂ ਉਸ ਨੂੰ ਕਿਹਾ, “ਗੌਂਡ ਕਬਾਇਲੀ ਇਨਸਾਨੀਅਤ ਦੇ ਜ਼ਿਆਦਾ ਨਜ਼ਦੀਕ ਹਨ। ਨਾ ਇਹ ਹਿੰਦੂ ਹਨ, ਨਾ ਮੁਸਲਮਾਨ।”
“ਸਹੀ ਗੱਲ ਹੈ।” ਉਹ ਬੋਲਿਆ, “ਪਰ ਇਨ੍ਹਾਂ ਦੇ ਵੀ ਆਪਣੇ ਦੇਵਤੇ ਹਨ। ਚੰਗੀ ਗੱਲ ਹੈ ਕਿ ਇਨ੍ਹਾਂ ਦੇ ਦੇਵਤੇ ਖਾਹ-ਮਖਾਹ ਦੇ ਫ਼ਸਾਦੀ ਨਹੀਂ ਹਨ। ਜਿਥੇ ਕਿਤੇ ਵੀ ਕਬਾਇਲੀ ਇਲਾਕਿਆਂ ਵਿਚ ਮਿਸ਼ਨਰੀ ਕਹੇ ਜਾਂਦੇ ਲੋਕ ਮੰਦਰ, ਮਸਜਿਦ ਤੇ ਗਿਰਜੇ ਖੜ੍ਹੇ ਕਰ ਦੇਂਦੇ ਹਨ, ਉਥੇ ਹੀ ḔਰੱਬੀḔ ਹਨੇਰੀ ਝੁੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਕਹਿਰ ਵਰਤਣ ਲੱਗਦਾ ਹੈ। ਧਰਮਾਂ ਵਾਲੇ Ḕਧਰਮ ਸੰਕਟḔ ਖੜ੍ਹਾ ਕਰ ਦੇਂਦੇ ਨੇ, ਤੇ ਕਤਲੋਗਾਰਤ ਸ਼ੁਰੂ ਕਰਵਾ ਦੇਂਦੇ ਨੇ। ਮਿਸ਼ਨਰੀ ਸਕੂਲਾਂ ਵਿਚ ਵੰਡਿਆ ਜਾ ਰਿਹਾ ḔਵਿਦਿਆḔ ਦਾ ਚਾਨਣ ਕਬਾਇਲੀਆਂ ਦੀਆਂ ਅੱਖਾਂ ਅੰਨ੍ਹੀਆਂ ਕਰਨ ਵਿਚ ਮੁਜਰਮਾਨਾ ਭੂਮਿਕਾ ਨਿਭਾਉਂਦਾ ਹੈ।”
ਉਸ ਨੇ ਬੋਲਣਾ ਜਾਰੀ ਰੱਖਿਆ, “ਮਿਸ਼ਨਰੀ ਕਬਾਇਲੀਆਂ ਦੀ ਜ਼ਮੀਨ, ਸਭਿਆਚਾਰ ਤੇ ਇਤਹਾਸ, ਸਾਰਾ ਕੁਝ ਹੀ ਹੜੱਪ ਕਰਨ ਉਤੇ ਤੁਲੇ ਹੋਏ ਹਨ। ਉਹ ਚਾਹੁੰਦੇ ਨੇ ਕਿ ਕਬਾਇਲੀ ਤਲਵਾਰਾਂ, ਤ੍ਰਿਸ਼ੂਲ ਚੁੱਕ ਲੈਣ ਤੇ ਆਪਸ ਵਿਚ ਲੜ ਮਰਨ। ਇਸ ਤਰ੍ਹਾਂ ਉਹ ਉਹਨਾਂ ਨੂੰ ਜਲ, ਜੰਗਲ ਤੇ ਜ਼ਮੀਨ ਦੀ ਲੜਾਈ ਤੋਂ ਤਿਲਕਾਉਣਾ ਚਾਹੁੰਦੇ ਹਨ। ਉਹ ਇਸ ਰਾਹੀਂ ਕਬਾਇਲੀਆਂ ਦਾ ਤੇ ਉਨ੍ਹਾਂ ਦੀ ਧਰਤੀ ਦਾ ਕੰਟਰੋਲ ਆਪਣੇ ਹੱਥ ਵਿਚ ਲੈਣਾ ਚਾਹੁੰਦੇ ਹਨ, ਪਰ ਅਸੀਂ ਏਥੇ ਅਜਿਹਾ ਨਹੀਂ ਹੋਣ ਦੇ ਰਹੇ। ਗੁਰੀਲੇ ਇਹ ਨਹੀਂ ਵਾਪਰਨ ਦੇਣਗੇ। ਏਥੋਂ ਦੇ ਕਬਾਇਲੀ ਕਦੀਮੀ ਜਾਦੂ ਟੂਣਿਆਂ ਉਪਰ ਵਿਸ਼ਵਾਸ ਕਰਦੇ ਹਨ, ਪਰ ਇਹ ਵਿਸ਼ਵਾਸ ਵੀ ਹੁਣ ਟੁੱਟ ਰਹੇ ਹਨ ਤੇ ਜਾਗ੍ਰਿਤੀ ਆ ਰਹੀ ਹੈ।”
ਐਤੂ ਭਾਈ ਕਬਾਇਲੀਆਂ ਵਾਸਤੇ ਪੜ੍ਹਾਈ ਦਾ ਵਿਗਿਆਨਕ ਸਿਲੇਬਸ ਵੀ ਤਿਆਰ ਕਰ ਰਿਹਾ ਸੀ। ਉਹ ਪੜ੍ਹੇ-ਲਿਖੇ ਲੋਕਾਂ ਉਤੇ ਤਰਸ ਵੀ ਖਾਂਦਾ ਹੈ ਤੇ ਗੁੱਸਾ ਵੀ ਕਰਦਾ ਹੈ ਜਿਹੜੇ ਵਿਗਿਆਨ ਤੇ ਸੱਚਾਈ ਨੂੰ ਸਹਿਜੇ ਹੀ ਸਮਝ ਸਕਦੇ ਹਨ, ਪਰ ਜਿਹੜੇ ਆਪਣੀ ਕਾਬਲੀਅਤ ਨੂੰ ਚੰਦ ਟੁਕੜਿਆਂ ਖ਼ਾਤਰ ਬੁਰਜੂਆ ਸੰਸਥਾਵਾਂ ਕੋਲ ਵੇਚ ਰਹੇ ਹਨ।

ਅਗਲੇ ਦਿਨ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਕਿੰਨੇ ਹੀ ਮੁੰਡੇ ਕੁੜੀਆਂ ਖ਼ੇਮੇ ਵਿਚ ਆ ਗਏ। ਰਸੋਈ ਦਾ ਦਲਾਨ ਤੇ ਆਲਾ-ਦੁਆਲਾ ਭਰ ਗਿਆ। ਇਸ ਇਕੱਠ ਨੇ ਮੈਨੂੰ ਹੈਰਾਨੀ ਵਿਚ ਪਾ ਦਿਤਾ। ਕਿਤੇ ਅੱਜ ਭਰਤੀ ਦਾ ਦਿਨ ਤਾਂ ਨਹੀਂ!
“ਕੋਸਾ! ਅੱਜ ਕੋਈ ਖ਼ਾਸ ਗੱਲ ਹੈ ਕੀ? ਐਨਾ ਜਮਘਟਾ ਕਿਉਂ ਹੈ?”
“ਕੋਈ ਖ਼ਾਸ ਗੱਲ ਨਹੀਂ। ਇਕੱਠੇ ਹੋ ਕੇ ਕੈਂਪ ਦੇਖਣ ਆਏ ਹਨ। ਆਪਣੇ ਆੜੀਆਂ ਮਿੱਤਰਾਂ ਨੂੰ ਮਿਲਣਾ ਚਾਹੁੰਦੇ ਹਨ।”
“ਤੁਸੀਂ ਇਸ ਤਰ੍ਹਾਂ ਦੀ ਇਜਾਜ਼ਤ ਵੀ ਦੇ ਦੇਂਦੇ ਹੋ? ਖ਼ਤਰਾ ਮਹਿਸੂਸ ਨਹੀਂ ਕਰਦੇ?”
“ਖ਼ਤਰਾ ਕਾਹਦਾ? ਆਪਣੇ ਹੀ ਲੋਕ ਹਨ। ਖ਼ਤਰਾ ਹੁੰਦਾ ਤਾਂ ਅਸੀਂ ਐਨੇ ਦਿਨ ਟਿਕਦੇ ਹੀ ਨਾ। ਦੂਰ ਦੂਰ ਦੇ ਪਿੰਡ ਜਾਣਦੇ ਨੇ ਕਿ ਕੈਂਪ ਚੱਲ ਰਿਹੈ। ਬੇਲੀਆਂ ਨੂੰ ਮਿਲੇ ਬਿਨਾਂ ਕੌਣ ਰਹਿ ਸਕਦੈ? ਸੋ ਚਲੇ ਆਏ।”
ਮੇਲੇ ਵਰਗਾ ਇਕੱਠ ਅਤੇ ਮੇਲੇ ਵਰਗਾ ਹੀ ਮਹੌਲ ਬਣਿਆ ਹੋਇਆ ਸੀ। ਉਹ ਝੁਰਮਟ ਮਿਲਣ-ਗਿਲਣ ਆਇਆ ਸੀ। ਕਈ ਘੰਟੇ ਬਿਤਾ ਕੇ ਵਾਪਸ ਚਲਾ ਗਿਆ। ਨੌਜਵਾਨ ਗੌਂਡ ਲੋਕ ਸਹਿਜ-ਸੁਭਾਅ ਹੀ ਲਹਿਰ ਨਾਲ ਇਕ ਮਿਕ ਹੋ ਰਹੇ ਹਨ। ਪਾਣੀ, ਜੰਗਲ ਤੇ ਭੂਮੀ ਦੀ ਜੱਦੋਜਹਿਦ ਨੇ ਉਨ੍ਹਾਂ ਨੂੰ ਗੁਰੀਲਿਆਂ ਦੇ ਨਜ਼ਦੀਕ ਲੈ ਆਂਦਾ ਹੈ। ਮੈਨੂੰ ਭਰਤਪੁਰ ਤੇ ਭੂਪਾਲ ਵਿਚ ਕਾਰਗਿਲ ḔਯੁੱਧḔ ਦੌਰਾਨ ਭਰਤੀ ਹੋਣ ਵਾਲਿਆਂ ਦੀਆਂ ਭੀੜਾਂ ਉਪਰ ਪੁਲਿਸ ਦਾ ਲਾਠੀਚਾਰਜ ਕਰਨਾ ਤੇ ਗੋਲੀ ਚਲਾਉਣਾ ਚੇਤੇ ਆ ਗਿਆ। ਲੋਕਾਂ ਦੀ ਆਪਣੀ ਫ਼ੌਜੀ ਤਾਕਤ ਅਤੇ ਬੇਗਾਨੀ, ਉਪਰ ਤੋਂ ਠੋਸੀ ਗਈ, ਤਾਕਤ ਵਿਚ ਕਿੰਨਾ ਅੰਤਰ ਸੀ!
ਰਸੋਈ ਘਰ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਗੁਰੀਲਾ ਦਿਲਚਸਪ ਕਹਾਣੀ ਵਰਗਾ ਹੈ। ਪਹਿਲਾਂ ਉਸ ਦੀ ਵੱਡੀ ਭੈਣ ਦਸਤੇ ਵਿਚ ਸ਼ਾਮਲ ਹੋਈ, ਸਾਲ ਬਾਅਦ ਉਹ ਆਣ ਮਿਲਿਆ ਅਤੇ ਦੋ ਸਾਲ ਬਾਅਦ ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਘਰ ਨੂੰ ਅਲਵਿਦਾ ਕਹਿ ਕੇ ਇਕ ਟੁਕੜੀ ਦਾ ਹਿੱਸਾ ਬਣ ਗਈਆਂ। ਉਸ ਦੇ ਦੁਆਲੇ ਝੁਰਮਟ ਪਿਆ ਹੋਇਆ ਸੀ। ਉਹ ਇਸੇ ਹੀ ਇਲਾਕੇ ਦੇ ਕਿਸੇ ਪਿੰਡ ਵਿਚੋਂ ਸੀ। ਉਸ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਹੁਣ ਇਕੱਲੇ ਰਹਿ ਗਏ ਹਨ, ਪਰ ਖੁਸ਼ ਹਨ।
ਤੀਰ-ਕਮਾਨ ਜਾਂ ਬੰਦੂਕ ਚਲਾਉਣਾ ਕਿਸੇ ਕਬਾਇਲੀ ਵਾਸਤੇ ਜ਼ਿਆਦਾ ਫ਼ਰਕ ਵਾਲੀ ਗੱਲ ਨਹੀਂ ਹੈ। ਉਹ ਬੰਦੂਕ ਦੇ ਹਿੱਸਿਆਂ ਨੂੰ ਅਲੱਗ ਅਲੱਗ ਕਰ ਕੇ ਸਾਫ਼ ਕਰਨਾ ਤੇ ਫਿਰ ਜੋੜ ਲੈਣਾ ਜਲਦੀ ਸਿੱਖ ਜਾਂਦੇ ਹਨ। ਬਿਨਾਂ ਸ਼ੱਕ, ਉਹ ਫ਼ੌਜੀ ਵਰਦੀ ਵਿਚ ਹੋਣ ਨੂੰ ਅਹੁਲਦੇ ਹਨ, ਪਰ ਆਪਣੀ ਨਿੱਕਰ-ਬੁਨੈਣ ਵਿਚ ਰਹਿ ਕੇ ਉਹ ਮਿਲੀਸ਼ੀਆ (ਲੋਕ-ਫੌਜ) ਦਾ ਮੈਂਬਰ ਬਣਨ ਵਿਚ ਵੀ ਘੱਟ ਮਾਣ ਮਹਿਸੂਸ ਨਹੀਂ ਕਰਦੇ। ਇਹ ਨਵੀਂ ਤਰ੍ਹਾਂ ਦੀ ਫ਼ੌਜ ਮੁੰਡਿਆਂ ਤੇ ਕੁੜੀਆਂ, ਦੋਵਾਂ ਨੂੰ ਹੀ ਲੁਭਾਉਂਦੀ ਹੈ। Ḕਮੁਰਗ਼ੇ ਖਾਣੀḔ ਪੁਲਿਸ ਨਾਲ ਇਸ ਦਾ ਮੁਕਾਬਲਾ ਕਰਨਾ ਉਨ੍ਹਾਂ ਸਿੱਖ ਲਿਆ ਹੈ। ਅੱਜ ਕਬਾਇਲੀ ਔਰਤ ਜਦ ਚਾਹੇ ਤੇ ਜਿੰਨਾ ਦੂਰ ਤਕ ਚਾਹੇ, ਜੰਗਲ ਵਿਚ ਬਿਨਾਂ ਕਿਸੇ ਡਰ-ਭੈਅ ਦੇ ਆਪਣਾ ਕੰਮ ਕਰਦੀ ਰਹਿ ਸਕਦੀ ਹੈ। ਤਿੱਖੜ ਦੁਪਹਿਰ ਹੈ ਕਿ ਰਾਤ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਕੋਈ ਗੁਰੀਲਾ ਟੁਕੜੀ ਉਸ ਦੇ ਇਕੱਲੇ ਹੁੰਦਿਆਂ ਉਸ ਕੋਲੋਂ ਦੀ ਗੁਜ਼ਰਦੀ ਹੈ ਤਾਂ ਉਹ ਹੋਰ ਵੀ ਸੁਰੱਖਿਅਤ ਮਹਿਸੂਸ ਕਰਦੀ ਹੈ। ਲੱਚਾ ਇਸ ਸੁਰੱਖਿਆ ਨੂੰ ਬਿਆਨ ਨਹੀਂ ਕਰ ਸਕਿਆ ਸੀ। ਉਸ ਦੀ ਉਮਰ ਅਜੇ ਛੋਟੀ ਹੈ ਜਿਹੜੀ ਅਜਿਹੇ ਮਾਮਲਿਆਂ ਬਾਰੇ ਚੇਤਨ ਨਹੀਂ ਹੋ ਸਕਦੀ। ਜੰਗਲ ਦੀ ਔਰਤ ਜੰਗਲੀ ਜਾਨਵਰ ਤੋਂ ਘਬਰਾ ਸਕਦੀ ਹੈ, ਪਰ ਜਿਹੜਾ ਦੋ ਟੰਗਾਂ ਵਾਲਾ ਜਾਨਵਰ ਉਸ ਦੀ ਜਾਨ ਦਾ ਖੌਅ ਹੋਇਆ ਕਰਦਾ ਸੀ, ਉਹ ਹੁਣ ਉਥੇ ਮੌਜੂਦ ਨਹੀਂ ਰਿਹਾ। ਬਹੁਤ ਕੁਝ ਬਦਲ ਗਿਆ ਹੈ। ਬਹੁਤ ਕੁਝ ਅਜੇ ਬਦਲੇ ਜਾਣ ਦੀ ਲੋੜ ਹੈ। ਲੋਕਾਂ ਨੂੰ ਖ਼ੁਸ਼ੀ ਇਸ ਗੱਲ ਦੀ ਹੈ ਕਿ ਅਜਿਹਾ ਉਨ੍ਹਾਂ ਦੀ ਜ਼ਿੰਦਗੀ ਵਿਚ ਪਹਿਲੀ ਵਾਰ ਹੋ ਰਿਹਾ ਹੈ। ਨਵੀਂ ਪੀੜ੍ਹੀ ਤਬਦੀਲੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਪੁਰਾਣੀ ਵਾਸਤੇ ਇਹ ਕਰਿਸ਼ਮੇ ਵਾਂਗ ਹੈ।
ਕੋਸਾ ਦੱਸਦਾ ਹੈ ਕਿ ਕਦੇ ਸਮਾਂ ਸੀ ਜਦੋਂ ਬੰਦੂਕਾਂ ਵਾਸਤੇ ਹੱਥ ਨਹੀਂ ਸਨ ਮਿਲਦੇ। ਅੱਜ ਹਾਲਤ ਇਹ ਹੈ ਕਿ ਹੱਥ ਹਨ, ਪਰ ਹਥਿਆਰ ਨਹੀਂ ਹਨ। ਜਦ ਗੁਰੀਲੇ ਕਿਸੇ ਪਿੰਡ ਵਿਚ ਪਹੁੰਚਦੇ ਹਨ ਤਾਂ ਸਾਰਾ ਪਿੰਡ ਆਣ ਢੁੱਕਦਾ ਹੈ। ਜਦ ਉਹ ਕੈਂਪ ਲਗਾਉਂਦੇ ਹਨ ਤਾਂ ਪਿੰਡ ਵਾਰੀਆਂ ਬੰਨ੍ਹ ਲੈਂਦੇ ਹਨ। ਕਬਾਇਲੀ ਮੁੰਡੇ ਕੁੜੀਆਂ ਦੇਰ ਰਾਤ ਤੱਕ ਦਸਤਿਆਂ ਨਾਲ ਰਹਿਣਾ ਲੋਚਦੇ ਹਨ। ਦਸਤੇ ਵੱਲੋਂ ਉਨ੍ਹਾਂ ਨੂੰ ਕਹਿਣਾ ਪੈਂਦਾ ਹੈ ਕਿ ਹੁਣ ਉਹ ਵਾਪਸ ਚਲੇ ਜਾਣ, ਤਾਂ ਕਿ ਉਹ ਵੀ ਅਗਾਂਹ ਕੂਚ ਕਰ ਸਕਣ। ਉਹ ਕਬਾਇਲੀ ਜਿਨ੍ਹਾਂ ਕਦੇ ਓਪਰਿਆਂ ਉਪਰ ਵਿਸ਼ਵਾਸ ਨਹੀਂ ਸੀ ਕੀਤਾ, ਜਿਹੜੇ ਹਥਿਆਰਬੰਦ ਫ਼ੌਜੀ ਤਾਕਤ ਨੂੰ ਦੇਖ ਕੇ ਭੇਡਾਂ ਵਾਂਗ ਦੁਬਕ ਜਾਂਦੇ ਸਨ, ਅੱਜ ਇਸ ਤਾਕਤ ਨੂੰ ਦੇਖ ਕੇ ਖੁਸ਼ ਹੁੰਦੇ ਹਨ ਅਤੇ ਕਿਸੇ ਦਸਤੇ ਦੇ ਪਹੁੰਚਣ ਉਤੇ ਚੌਲ, ਸਬਜ਼ੀਆਂ ਅਤੇ ਪਾਣੀ ਚੁੱਕੀ ਤੁਰੇ ਆਉਂਦੇ ਹਨ। ਜਨਤਾ ਗੁਰੀਲਿਆਂ ਵਾਸਤੇ ਸਮੁੰਦਰ ਬਣੀ ਦਿਖਾਈ ਦਿੰਦੀ ਹੈ। ਜੰਗਲ ਵਿਚ ਵੱਖਰੀ ਤਰ੍ਹਾਂ ਦਾ ਮੰਗਲ ਸ਼ੁਰੂ ਹੈ। ਨਵੇਂ ਨਾਚ, ਨਵੇਂ ਗੀਤ, ਨਵੇਂ ਵਿਚਾਰ। ਹਰ ਚੀਜ਼ ਨਵਾਂਪਣ ਅਪਣਾ ਰਹੀ ਹੈ ਅਤੇ ਨਵੀਂ ਰੌਸ਼ਨੀ ਵਿਚ ਧੁਲ ਰਹੀ ਹੈ। ਜਦ ਪੱਤਝੜ ਵਿਚ ਰੁੱਖ ਉਦਾਸ ਹੋ ਜਾਂਦੇ ਹਨ ਤਾਂ ਹਰ ਚੀਜ਼ ਉਦਾਸ ਹੋ ਜਾਂਦੀ ਹੈ, ਪਰ ਬਹਾਰ ਆਉਣ ਉਤੇ ਜਿਵੇਂ ਹਰ ਚੀਜ਼ ਖੇੜੇ ਨਾਲ ਭਰੀ ਜਾਂਦੀ ਹੈ, ਉਸੇ ਤਰ੍ਹਾਂ ਜੰਗਲ ਦੇ ਲੋਕ ਖਿੜੇ ਹੋਏ ਨਜ਼ਰ ਆਉਂਦੇ ਹਨ। ਗ਼ਰੀਬੀ, ਬਿਮਾਰੀ ਅਤੇ ਭੁੱਖ ਦੇ ਬਾਵਜੂਦ ਉਹ ਖੁਸ਼ ਹਨ, ਕਿਉਂਕਿ ਉਹ ਆਸ ਨਾਲ ਭਰ ਰਹੇ ਹਨ, ਸੁਪਨੇ ਨੂੰ ਸਾਕਾਰ ਹੁੰਦਾ ਹੋਇਆ ਦੇਖ ਰਹੇ ਹਨ, ਪਰ ਇਸ ਖੁਸ਼ੀ ਦੀ ਕੀਮਤ ਦਿੱਤੀ ਗਈ ਹੈ, ਕੀਮਤ ਦਿੱਤੀ ਜਾ ਰਹੀ ਹੈ। ਇਸ ਕੀਮਤ ਤੋਂ ਬਿਨਾਂ ਬਹਾਰ ਨਹੀਂ ਆ ਸਕਦੀ।
ਸ਼ਾਮ ਵੇਲੇ ਪਤਾ ਲੱਗਾ ਕਿ ਦੋ ਦਿਨ ਬਾਅਦ ਮੈਂ ਖ਼ੇਮੇ ਤੋਂ ਵਿਦਾ ਹੋ ਜਾਵਾਂਗਾ। ਦੋ ਦਿਨਾਂ ਵਿਚ ਜੋ ਕੁਝ ਹੋਰ ਮੈਂ ਇਥੋਂ ਬਾਰੇ ਜਾਣਨਾ ਚਾਹਵਾਂ, ਜਾਣ ਸਕਦਾ ਹਾਂ। ਮੈਂ ਸੋਚਿਆ ਬਾਅਦ ਵਿਚ ਜੰਗਲ ਵਿਚ ਘੁੰਮਾਂਗਾ, ਲੋਕਾਂ ਨੂੰ ਮਿਲਾਂਗਾ, ਉਨ੍ਹਾਂ ਦੇ ਘਰਾਂ, ਖੇਤਾਂ, ਤਾਲਾਬਾਂ ਤੇ ਡੰਗਰ-ਵਾੜਿਆਂ ਦਾ ਹਾਲ ਦੇਖਾਂਗਾ। ਫੇਰ ਪਤਾ ਨਹੀਂ ਕਿਤੇ ਡੇਰਾ ਪਿਆ ਹੋਇਆ ਮਿਲੇ ਜਾਂ ਨਾ ਮਿਲੇ; ਸੋ, ਮੈਂ ਇਨ੍ਹਾਂ ਦੋ ਦਿਨਾਂ ਦਾ ਪੂਰਾ ਫਾਇਦਾ ਉਠਾਉਣ ਬਾਰੇ ਸੋਚਿਆ।
(ਚਲਦਾ)