ਜ਼ੋਰਬਾ ਦਾ ਪੰਜਾਬ : ਸੋਹਣ ਸਿੰਘ ਪਰਮਾਰ

ਗੁਰਦਿਆਲ ਸਿੰਘ ਬੱਲ
ਫੋਨ-647-982-6091
ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੇ ਸ਼ੈਦਾਈ ਗੁਰਦਿਆਲ ਸਿੰਘ ਬੱਲ ਨੇ ‘ਜ਼ੋਰਬਾ ਦਾ ਪੰਜਾਬ’ ਵਿਚ ਕੈਨੇਡਾ ਵੱਸਦੇ ਸੋਹਣ ਸਿੰਘ ਪਰਮਾਰ ਦੇ ਬਹਾਨੇ ਜ਼ਿੰਦਗੀ ਦੀਆਂ ਬਾਤਾਂ ਪਾਈਆਂ ਹਨ। ਜ਼ੋਰਬਾ ਸੰਸਾਰ ਪ੍ਰਸਿੱਧ ਲਿਖਾਰੀ ਨਿਕੋਸ ਕਜਾਨਜੈਕਿਸ ਦੇ ਨਾਵਲ ‘ਜ਼ੋਰਬਾ ਦਿ ਗਰੀਕ’ ਦਾ ਮੁੱਖ ਪਾਤਰ ਹੈ ਜੋ ਮੁਹੱਬਤ ਨਾਲ ਲਬਾਲਬ ਹੈ। ਬੱਲ ਨੇ ਇਸ ਲਿਖਤ ਵਿਚ ਆਪਣੇ ਜ਼ੋਰਬਾ ਨੂੰ ਆਪਣੇ ਅੰਦਾਜ਼ ਨਾਲ ਧਿਆਇਆ ਹੈ।

-ਸੰਪਾਦਕ

ਐਤਕੀਂ ਪਾਠਕਾਂ ਨੂੰ ‘ਜ਼ੋਰਬਾ ਦਾ ਪੰਜਾਬ’ ਉਰਫ਼ ਸੋਹਣ ਸਿੰਘ ਪਰਮਾਰ ਨਾਲ ਮਿਲਾਉਣ ਦਾ ਮਨ ਹੈ। ‘ਜ਼ੋਰਬਾ’ ਜ਼ਿੰਦਗੀ ਨੂੰ ਰੱਜ ਕੇ ਜਿਉਣ ਦੀ ਸਿੱਕ, ਇੰਤਹਾ ਦੀ ਮੁਹੱਬਤ, ਹਰ ਹਾਲ ਦੋਸਤੀ ਨਿਭਾਉਣ ਦੀ ਚਾਹਤ ਦਾ ਪ੍ਰਤੀਕ ਹੈ। ਚੰਗਾ ਤਾਂ ਇਹ ਸੀ ਕਿ ਪਹਿਲਾਂ ਸੰਸਾਰ ਪ੍ਰਸਿੱਧ ਲਿਖਤ ‘ਜ਼ੋਰਬਾ ਦਾ ਗਰੀਕ’ ਬਾਰੇ ਦੱਸ ਲਿਆ ਜਾਵੇ ਜਿਸ ਤੋਂ ਇਹ ਨਾਮ ਸੁੱਝਿਆ, ਪਰ ਇਹ ਲਾਲਚ ਕਦੀ ਫਿਰ ਸਹੀ; ਫਿਲਹਾਲ ਸਿੱਧੀ ਸੋਹਣ ਦੀ ਗੱਲ ਕਰਦੇ ਹਾਂ।
ਪੰਜਾਬ ਦੀ ਨਕਸਲੀ ਲਹਿਰ ਦੇ ਮੁਢਲੇ ਕਾਰਕੁੰਨਾਂ ਨਾਲ ਮੇਰੀ ਵਿਚਾਰਧਾਰਕ ਸਾਂਝ ਤਾਂ ਨਹੀਂ ਰਹੀ ਪ੍ਰੰਤੂ ਜਜ਼ਬਾਤੀ ਅਤੇ ਦੋਸਤਾਨਾ ਸਾਂਝ ਸਦਾ ਹੀ ਰਹੀ ਹੈ। ਹਰਭਜਨ ਹਲਵਾਰਵੀ ਮੇਰਾ ਮਿੱਤਰ ਸੀ, ਕੁਲੀਗ ਸੀ ਅਤੇ ਬੌਸ ਸੀ। ਬਲਦੇਵ ਸਿੰਘ ਉਚਾ ਪਿੰਡ ਸੰਘੋਲ ਮੇਰਾ ਨੇੜੂ ਸੀ। ਬਾਬੂ ਰਾਮ ਬੈਰਾਗੀ ਉਰਫ ਡਾæ ਰਜਿੰਦਰਪਾਲ ਨਾਲ ਪੂਰੇ 40 ਵਰ੍ਹੇ ਮੇਰੀ ਦੋਸਤੀ ਰਹੀ। ਕਾæ ਅਮਰ ਸਿੰਘ ਅਚਰਵਾਲ ਅਤੇ ਉਸ ਦੇ ਅਜ਼ੀਜ ਉਜਾਗਰ ਲਲਤੋਂ ਨਾਲ ਮੇਰਾ ਮੁਹੱਬਤ ਦਾ ਰਿਸ਼ਤਾ ਅੱਜ ਵੀ ਕਾਇਮ ਹੈ, ਪ੍ਰੰਤੂ ਸਭ ਤੋਂ ਵਧ ਸਤਿਕਾਰ ਮੇਰੇ ਮਨ ਵਿਚ ਪੀæ ਐਸ਼ ਯੂ ਦੇ ਮੁਢਲੇ ਦੌਰ ਦੇ ਰੂਹੇ ਰਵਾਂ ਦਰਸ਼ਨ ਸਿੰਘ ਖਹਿਰਾ ਉਰਫ਼ ਬਾਗੀ ਸਾਹਿਬ ਲਈ ਹੀ ਸੀ ਅਤੇ ਜਾਂ ਫਿਰ ਦੂਸਰਾ ਨੰਬਰ ਕਾæ ਦਰਸ਼ਨ ਸਿੰਘ ਖੱਟਕੜ ਦਾ ਹੈ ਅਤੇ ਖੱਟਕੜ ਦਾ ਹੀ ਅੱਗੋਂ ਮੁਢਲੇ ਦਿਨਾਂ ਦਾ ਮਿੱਤਰ ਹੈ ਸਾਡਾ ਅਨੋਖਾ ਨਾਇਕ ਸੋਹਣ ਸਿੰਘ ਪਰਮਾਰ ਉਰਫ਼ ‘ਜ਼ੋਰਬਾ ਦਾ ਪੰਜਾਬ’।
ਡੇਢ ਕੁ ਸਾਲ ਪਹਿਲਾਂ ਕਾæ ਖੱਟਕੜ ਇੰਗਲੈਂਡ ਆਪਣੀ ਧੀ ਕੋਲ ਆਏ ਤਾਂ ਫੋਨ ਤੇ ਅਕਸਰ ਗੱਲ ਹੁੰਦੀ ਰਹਿੰਦੀ। ਉਨ੍ਹਾਂ ਦਸਿਆ ਕਿ ਬਰੈਂਪਟਨ, ਟੋਰਾਂਟੋ ਉਨ੍ਹਾਂ ਦੇ ਵੀ ਕਈ ਮਿੱਤਰ ਹਨ ਪ੍ਰੰਤੂ ਸੰਪਰਕ ਉਹ ਸੋਚ ਕੇ ਹੀ ਕਿਸੇ ਅਜਿਹੇ ਮਿੱਤਰ ਦਾ ਦੇਣਗੇ, ਜਿਸ ਨੂੰ ਮਿਲਿਆਂ ਰੂਹ ਸਰਸ਼ਾਰ ਹੋ ਜਾਵੇ। ਪੂਰਾ ਸਾਲ ਲੰਘ ਗਿਆ, ਇਕ ਦਿਨ ਉਨ੍ਹਾਂ ਫੋਨ ਕਰਕੇ ਸੋਹਣ ਪਰਮਾਰ ਦਾ ਸੰਪਰਕ ਨੰਬਰ ਦਿੱਤਾ। ਅਗਲੇ ਦਿਨ ਹੀ ਮੈਂ ਸੋਹਣ ਪਰਮਾਰ ਨੂੰ ਫੋਨ ਕਰਕੇ ਕਾæ ਖੱਟਕੜ ਦੇ ਹਵਾਲੇ ਨਾਲ ਆਪਣਾ ਤੁਆਰਫ ਕਰਾਇਆ। ਉਸੇ ਦਿਨ ਉਹ ਮੈਨੂੰ ਮਿਲਣ ਆ ਗਿਆ। ਆਪਣੀ ਜਾਣ-ਪਛਾਣ ਕਰਵਾਉਂਦਿਆਂ ਉਸ ਕਿਹਾ ਕਿ ਕਾਮਰੇਡ ਖੱਟਕੜ ਦੀ ਪਾਰਟੀ ਜਾਂ ਨਕਸਲੀ ਵਿਚਾਰਧਾਰਾ ਦਾ ਉਸ ਨੂੰ ਕੱਖ ਪਤਾ ਨਹੀਂ। ਪ੍ਰੰਤੂ ਉਹ ਕਾਮਰੇਡ ਦੇ ਰੂਪੋਸ਼ ਹੋਣ ਤੋਂ ਪਹਿਲਾਂ ਸਾਲ 1965-66 ਵਿੱਚ Ḕਸਿੱਖ ਨੈਸ਼ਨਲ ਕਾਲਜ ਬੰਗਾ’ ਦੇ ਦਿਨਾਂ ਦਾ ਹੀ ਉਸ ਦਾ ਨੇੜਲਾ ਮਿੱਤਰ ਤਾਂ ਸੀ ਹੀ, ਉਸ ਦੇ ਜੇਲ੍ਹ ਜਾਣ ‘ਤੇ ਉਸ ਦੇ ਕੇਸ ਦੀ ਪੈਰਵੀ ਵੀ ਉਹ ਹੀ ਕਰਦਾ ਰਿਹਾ ਸੀ। ਪਿਛਲੀ ਅੱਧੀ ਸਦੀ ਤੋਂ ਕਾæ ਖੱਟਕੜ ਦੇ ਪਰਿਵਾਰ ‘ਚ ਖੁਸ਼ੀ ਜਾਂ ਗਮੀ ਦਾ ਕੋਈ ਵੀ ਮੌਕਾ ਅਜਿਹਾ ਨਹੀਂ ਸੀ, ਜਿਸ ਵਿਚ ਉਹ ਸ਼ਰੀਕ ਨਾ ਹੋਇਆ ਹੋਵੇ।
ਫਿਰ ਉਸ ਨੇ ਆਪਣੇ ਮਿੱਤਰਾਂ-ਬੇਲੀਆਂ ਦੀਆਂ ਯਾਦਾਂ ਦੀ ਸਾਲ 2015 ਦੇ ਅਖ਼ੀਰ ਜਿਹੇ Ḕਚ ਛਪੀ ਪੁਸਤਕ Ḕਇਕ ਵੱਖਰਾ ਸਕੰਦਰ: ਸੋਹਣ ਸਿੰਘ ਪਰਮਾਰ’ ਮੇਰੇ ਮੂਹਰੇ ਧਰ ਦਿੱਤੀ ਜਿਸ ਦੇ ਸੰਪਾਦਕੀ ਮੰਡਲ ‘ਚ ਸਭ ਤੋਂ ਉਪਰ ਨਾਂ ਖੱਟਕੜ ਦਾ ਸੀ।
ਕਿਤਾਬ ਫੜ ਮੈਂ Ḕਪੌਣ ਕੀ ਜੇ ਵਗੇ ਨਾ; ਪਰਮਾਰ ਕੀ ਜੇ ਤੁਰੇ ਨਾ’ ਉਨਵਾਨ ਹੇਠਲਾ ਉਸ ਬਾਰੇ ਕਾæ ਖਟਕੜ ਦਾ ਲੇਖ ਪੜ੍ਹਨਾ ਸ਼ੁਰੂ ਕਰ ਦਿੱਤਾ। ਲੇਖ ਦੇ ਸ਼ੁਰੂ ਵਿੱਚ ਲਿਖਿਆ ਸੀ, “ਪਰਮਾਰ ਲੰਮਾ ਸਮਾਂ ਮੇਰੇ ਲਈ ਬੁਝਾਰਤ ਹੀ ਬਣਿਆ ਰਿਹਾ। ਉਹ ਏਨਾ ਨਿਸ਼ਕਾਮ, ਨਿਰਸਵਾਰਥ, ਬੇਗਰਜ਼ ਅਤੇ ਪ੍ਰਤੀਬੱਧ ਮੱਦਦਗਾਰ ਕਿਉਂ ਹੈ? ਉਸ ਦੀ ਅਜਿਹੀ ਪ੍ਰੇਰਨਾ ਆਖ਼ਰ ਕਿਸ ਧਰਮ, ਕਿਸ ਵਿਚਾਰਧਾਰਾ ਵਿੱਚੋਂ ਆਉਂਦੀ ਹੈ?”
ਅਗੇ ਲਿਖਿਆ ਸੀ, “ਪਰਮਾਰ ਮੈਨੂੰ ਚਾਰਲਸ ਡਿਕਨਜ਼ ਦੇ ਜਗਤ ਪ੍ਰਸਿੱਧ ਨਾਵਲ Ḕਟੇਲ ਆਫ ਟੂ ਸਿਟੀਜ਼’ ਦਾ ਉਹ ਨਾਇਕ ਜਾਪਦਾ ਹੈ ਜੋ ਨਾਇਕਾ ਨੂੰ ਇਕ ਤਰਫਾ ਪਿਆਰ ਕਰਦੈ। ਨਾਇਕਾ ਨੂੰ ਉਸ ਨਾਲ ਮਹਿਜ਼ ਏਨਾ ਕੁ ਨੇੜ ਹੀ ਸਵੀਕਾਰ ਹੈ, ਇਸ ਤੋਂ ਵਧੇਰੇ ਨਹੀਂ। ਇਸ ਦੇ ਬਾਵਜੂਦ ਇਹ ਵਕੀਲ ਪਾਤਰ, ਉਸ ਨਾਇਕਾ ਦੇ ਦੂਸਰੇ ਪ੍ਰੇਮੀ, ਜਿਸ ਨੂੰ ਉਹ ਦਿਲੋਂ ਪਿਆਰ ਕਰਦੀ ਹੈ, ਦੀ ਗਰਦਨ ਨੂੰ ਗਿਲੋਟਾਈਨ ਹੇਠਾਂ ਜਾਣ ਤੋਂ ਬਚਾਉਣ ਲਈ ਕਿਵੇਂ ਨਾ ਕਿਵੇਂ ਖੁਦ ਉਸ ਦੀ ਕਾਲ ਕੋਠੜੀ ਵਿਚ ਵੜ ਜਾਂਦਾ ਹੈ ਅਤੇ ਉਸ ਨੂੰ ਉਥੋਂ ਭਜਾ ਦਿੰਦਾ ਹੈ। ਆਪਣੀ ਚਾਹਤ ਲਈ ਕੁਰਬਾਨ ਹੋਣ ਦਾ ਉਸ ਦਾ ਆਪਣਾ ਹੀ ਅੰਦਾਜ਼ ਹੈ।”
ਕਾæ ਖੱਟਕੜ ਦਾ ਕਹਿਣਾ ਹੈ ਕਿ ਪਰਮਾਰ ਨਾਲ ਲੰਮੇ ਸਮੇਂ ਦੇ ਮੇਲ-ਮਿਲਾਪ ਦੌਰਾਨ ਉਸ ਦੇ ਵਰਤੋਂ-ਵਿਹਾਰ ਵਿਚੋਂ ਸਦਾ ਕੋਈ ਸ਼ਿੱਦਤ ਹੀ ਨਜ਼ਰ ਆਈ ਹੈ। ਇਸ ਨਿਬੰਧ ਵਿੱਚੋਂ ਮੈਂ ਇਕ ਘਟਨਾ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਇਸ ਘਟਨਾ ਵਿਚ ਭਲੇ ਹੀ Ḕਟੇਲ ਆਫ ਦਾ ਟੂ ਸਿਟੀਜ਼’ ਦੇ ਨਾਇਕ ਵਾਲੇ ਮਹਾਂ ਬਲੀਦਾਨ ਦਾ ਜਜ਼ਬਾ ਤਾਂ ਨਹੀਂ, ਪ੍ਰੰਤੂ ਆਤਮਿਕ ਹੁਸਨ ਜਾਂ ਪਾਕੀਜ਼ਗੀ ਘੱਟ ਵੀ ਨਹੀਂ ਹੈ।
70ਵਿਆਂ ਦੌਰਾਨ ਸੋਹਣ ਪਰਮਾਰ ਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੌਟਨੀ ਦੀ ਐਮæ ਐਸ਼ ਸੀ (ਆਨਰਜ਼) ਕੀਤੀ ਅਤੇ ਫਿਰ ਉਥੇ ਹੀ ਰਹਿੰਦਿਆਂ ਪੀਐਚ ਡੀ ਦੀ ਡਿਗਰੀ ਲਈ ਤਿਆਰੀ ਕਰਦਾ ਰਿਹਾ। ਇਸ ਸਮੇਂ ਦੌਰਾਨ ਪੜ੍ਹਾਈ ਉਸ ਲਈ ਦੂਜੇ ਦਰਜ਼ੇ ਦਾ ਕੰਮ ਸੀ ਪਰ ਮੁਖ ਜ਼ਿੰਮੇਵਾਰੀ ਉਹ ਪੀæ ਜੀæ ਆਈ ‘ਚ ਆਪਣੀ ਨਿਮਰ ਅਤੇ ਸਖੀ ਸਖਸ਼ੀਅਤ ਦੇ ਜ਼ੋਰ ਨਾਲ ਬਣਾਏ ਆੜੀ ਡਾਕਟਰਾਂ ਨਾਲ ਬੰਗਾ ਏਰੀਏ ਦੇ ਪਿੰਡਾਂ ਤੋਂ ਆਉਂਦੇ ਦਾਇਮੀ ਰੋਗਾਂ ਦੇ ਗਰੀਬ ਅਤੇ ਬੇਸਹਾਰਾ ਮਰੀਜ਼ਾਂ ਦੇ ਇਲਾਜ ਲਈ ਹੀ ਨਿਭਾਉਂਦਾ ਰਿਹਾ।
ਕਾæ ਖੱਟਕੜ ਅਨੁਸਾਰ ਜੇਲ੍ਹ ‘ਚੋਂ ਰਿਹਾਈ ਪਿੱਛੋਂ ਦਸੰਬਰ 1973 ਤੋਂ ਜੂਨ 1975 ਵਿਚ ਐਮਰਜੈਂਸੀ ਲੱਗਣ ਤੱਕ ਪਰਮਾਰ ਕਰਕੇ ਉਸ ਨੂੰ ਵੀ ਅਨੇਕਾਂ ਵਾਰ ਅਜਿਹੀ ਜ਼ਿੰਮੇਵਾਰੀ ਨਿਭਾਉਣੀ ਪਈ। ਉਨ੍ਹਾਂ ਦੱਸਿਆ:
ਉਨ੍ਹੀਂ ਦਿਨੀਂ ਸਾਡੇ ਗਵਾਂਢੀ ਕਾਬਲ ਸੂੰਹ ਨੇ ਤਰਲਾ ਮਾਰਿਆ, “ਸਾਰੇ ਦਰ ਵੇਖ ਲਏ। ਚਮੜੀ ਗਲੀ ਜਾਂਦੀ ਹੈ। ਕਿਤਿਓਂ ਫਾਇਦਾ ਨਹੀਂ। ਹੁਣ ਤੈਨੂੰ ਹੀ ਹੱਲਾ ਮਾਰਨਾ ਪੈਣਾ ਹੈ।” ਇਸ਼ਾਰਾ ਪਰਮਾਰ ਵੱਲ ਸੀ। ਅਸੀਂ ਚਲੇ ਗਏ। ਕਾਰਡ ਬਣਾ ਓæ ਪੀæ ਡੀ ‘ਚ ਦਿਖਾ, ਟੈਸਟਾਂ ਦੀ ਫੀਸ ਜਮ੍ਹਾਂ ਕਰਵਾ-ਸਭ ਕੰਮ ਕਰਵਾ ਕੇ ਪਰਮਾਰ ਤਾਂ ਲੈਬ ਲਈ ਰਵਾਨਾ ਹੋ ਗਿਆ ਅਤੇ ਅਸੀਂ ਦੋਵੇਂ ਰਿਪੋਰਟਾਂ ਲੈਂਦੇ 4 ਵਜੇ ਵਿਹਲੇ ਹੋਏ। ਡਾਕਟਰਾਂ ਅਗਲੇ ਦਿਨ ਆਉਣ ਲਈ ਆਖ ਦਿੱਤਾ। ਮੇਰੇ ਸਾਹਮਣੇ ਫਿਰ ਪੁਰਾਣਾ ਸੰਸਾ, ਪੁਰਾਣੀ ਦੁਬਿੱਧਾ। ਮਰੀਜ਼ ਦੇ ਘਰ ਦਿਆਂ ਨੂੰ ਸ਼ੱਕ ਸੀ ਕਿ ਉਸ ਨੂੰ ਕੋਹੜ ਹੋ ਰਿਹਾ ਹੈ। ਉਸ ਦੇ ਮੱਥੇ, ਚਿਹਰੇ ਅਤੇ ਹੱਥਾਂ Ḕਚੋਂ ਪਾਣੀ ਜਿਹਾ ਰਿਸਦਾ ਸੀ। ਆਮ ਆਦਮੀ ਨੂੰ ਤਾਂ ਦੇਖ ਕੇ ਹੀ ਕਚਿਆਣ ਆਉਣ ਲਗਦੀ। ਮਰੀਜ਼ ਨੂੰ ਕਿਹੜੇ ਬਿਸਤਰੇ ਵਿਚ ਪਾਵਾਂਗੇ? ਫਿਰ ਬਿਸਤਰਾ ਕੌਣ ਸਾਫ ਕਰੂ! ਨਾ ਕੋਲ ਏਨੇ ਪੈਸੇ ਨਾ ਕੋਈ ਹੋਰ ਟਿਕਾਣਾ। ਖੈਰ! ਹੋਸਟਲ ਗਏ ਤਾਂ ਪਰਮਾਰ ਮਿਲ ਪਿਆ। ਮੈਂ ਮੁਸ਼ਕਲ ਦੱਸੀ। ਅੱਗੋਂ ਉਹੀ ਗੱਲ-ਪਰਮਾਰ ਕੀ ਤੇ ਸਮੱਸਿਆ, ਸੰਸੇ ਕੀ। ਅਖੇ “ਦਰਸ਼ਨ ਤੂੰ ਫਿਕਰ ਨਾ ਕਰ। ਵਿਚਾਰੇ ਦੀ ਹਾਲਤ ਤਾਂ ਵੇਖ। ਬਿਸਤਰੇ-ਬੁਸਤਰੇ ਮੈਂ ਸਭ ਆਪੇ ਠੀਕ ਕਰਵਾ ਲਊਂਗਾ।”
ਕਾæ ਖੱਟਕੜ ਅਨੁਸਾਰ ਉਨ੍ਹਾਂ ਕੋਲੋਂ ਇਹ ਕਹਿਣੋਂ ਰਿਹਾ ਨਾ ਗਿਆ, “ਪਰਮਾਰ ਤੇਰੀ ਐਮæ ਐਸਸੀ ਦੇ ਫਾਈਨਲ ਦਾ ਇਮਤਿਹਾਨ ਸਿਰ ‘ਤੇ ਹੈ; ਤੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਊ?” ਪਰਮਾਰ ਨੇ ਗੱਲ ਵਿਚਾਲਿਓਂ ਹੀ ਕੱਟ ਛੱਡੀ।
ਕਾæ ਖੱਟਕੜ ਨੇ ਅੱਗੋਂ ਖੁਦ ਨੂੰ ਹੀ ਉਹੋ ਸਵਾਲ ਦੁਹਰਾਇਆ ਹੈ ਕਿ ਪਰਮਾਰ ਆਖਰ ਚਾਹੁੰਦਾ ਕੀ ਸੀ? ਵਿਦਿਆਰਥੀ ਚੋਣ ਉਸ ਲੜਨੀ ਨਹੀਂ ਸੀ; ਕਿਸੇ ਸਭਾ ਸੁਸਾਇਟੀ ਦਾ ਪ੍ਰਧਾਨ ਉਹ ਬਣਨਾ ਨਹੀਂ ਸੀ ਚਾਹੁੰਦਾ; ਕਾਰੋਬਾਰੀ ਉਹ ਉਂਜ ਹੈ ਨੀ। ਫਿਰ ਚੰਗਿਆਈ ਲਈ ਪ੍ਰੇਰਨਾ ਉਸ ਨੂੰ ਕਿਸ ਧਰਮ, ਕਿਸ ਵਿਚਾਰਧਾਰਾ ਵਿਚੋਂ ਮਿਲਦੀ ਸੀ।
ਸੋਹਣ ਪਰਮਾਰ ਦੇ ਧਾਰਮਿਕ ਪਿਛੋਕੜ ਦੀ ਗੱਲ ਵੀ ਸੁਣ ਲਓ, ਜੋ ਉਸ ਦੇ ਅਤੇ ਖੱਟਕੜ ਦੇ ਪੁਰਾਣੇ ਮਿੱਤਰ ਅਤੇ Ḕਕਨੇਡਾ ਦੇ ਗਦਰੀ ਯੋਧੇ’ ਪੁਸਤਕ ਦੇ ਲੇਖਕ ਸੋਹਣ ਸਿੰਘ ਪੂਨੀ ਨੇ ਆਪਣੇ ਲੇਖ Ḕਇੱਕ ਵੱਖਰਾ ਸਕੰਦਰ:ਸੋਹਣ ਪਰਮਾਰ’ ਵਿਚ ਸੁਣਾਈ ਹੈ:
“ਪਰਮਾਰ ਦਾ ਪਤਾ ਨਹੀਂ ਲਗਦਾ ਕਿ ਉਹ ਸਿੱਖਾਂ ਦਾ ਮੁੰਡਾ ਹੈ ਜਾਂ ਹਿੰਦੂਆਂ ਦਾ। ਇਸ ਦਾ ਇਕ ਕਾਰਨ ਸ਼ਾਇਦ ਉਸ ਦਾ ਪਰਿਵਾਰਕ ਪਿਛੋਕੜ ਹੋਵੇ। ਸੋਹਣ ਦਾ ਪਰਿਵਾਰ ਹਿੰਦੂ ਵੀ ਹੈ ਅਤੇ ਸਿੱਖ ਵੀ। ਉਸ ਦੇ ਚਾਰ ਬਾਬਿਆਂ ਵਿੱਚੋਂ ਦੋ ਦੇ ਨਾਂ ਹਿੰਦੂਆਂ ਵਾਲੇ ਤੇ ਦੋ ਦੇ ਸਿੱਖਾਂ ਵਾਲੇ ਸਨ। ਪਿਤਾ ਦਾ ਨਾਂ ਕੰਵਰ ਸੁਖਦੇਵ ਸਿੰਘ ਤੇ ਮਾਂ ਦਾ ਨਾਂ ਸਵਰਨ ਦੇਈ, ਦਾਦੀ ਦਾ ਨਾਂ ਪਰਸਿੰਨ ਕੌਰ ਤੇ ਦਾਦੇ ਦਾ ਨਾਂ ਗੇਂਦਾ ਰਾਮ। ਸੋਹਣ ਦੇ ਪਿਤਾ ਸ਼ਰਾਬ, ਮੀਟ ਜਾਂ ਸਿਗਰਟ ਦੇ ਨੇੜੇ ਨਹੀਂ ਸੀ ਜਾਂਦੇ ਪਰ ਦਾਦਾ ਗੇਂਦਾ ਰਾਮ ਹੁੱਕਾ ਕਦੀ ਛੱਡਦਾ ਨਹੀਂ ਸੀ। ਦਾਦੇ ਦਾ ਭਰਾ ਦਿਆਲ ਸਿੰਘ ਸਿੱਖ ਸੀ। ਫ਼ੌਜ਼ ਵਿਚ ਰਿਹਾ ਹੋਣ ਕਰਕੇ ਸ਼ਰਾਬ, ਮੀਟ ਸਭ ਕੁੱਝ ਰਗੜ ਜਾਂਦਾ ਸੀ। ਨਿੱਕੇ ਹੁੰਦਿਆਂ ਆਪਣੇ ਪਿੰਡ ਬਿਜੋਂ ਰਹਿੰਦਿਆਂ ਸੋਹਣ ਆਪਣੀ ਮਾਂ ਦਾ ਕਹਿਣਾ ਮੰਨ ਸਵੇਰੇ ਗੁਰਦੁਆਰੇ ਸੰਗਤਾਂ ਦੇ ਪੈਰ ਧੋਣ ਲਈ ਖੇਲ Ḕਚ ਪਾਣੀ ਭਰਨ ਜਾਂਦਾ ਤੇ ਸ਼ਾਮ ਨੂੰ ਮੰਦਰ ਦੀਵਾ ਜਗਾਉਣ। ਆਪਣੇ ਇਸੇ ਪਿਛੋਕੜ ਕਾਰਨ ਹੀ ਸ਼ਾਇਦ ਉਹ ਸਭ ਦਾ ਸਖੀ ਸੀ।”
ਸੋਹਣ ਸਿੰਘ ਪੂਨੀ ਦੇ ਇਸ ਕਥਨ ਤੋਂ ਆਪ ਮੁਹਾਰੇ ਹੀ ਚਿੰਤਕਾਂ ਤੋਂ ਸੁਣੀਆਂ ਅਨੇਕਾਂ ਗੱਲਾਂ ਚੇਤੇ ਆ ਰਹੀਆਂ ਹਨ, ਜਿਨ੍ਹਾਂ ਵਿਚੋਂ ਕੋਈ ਅੰਗਰੇਜ਼ਾਂ ਨੂੰ, ਕੋਈ ਜਰਮਨਾਂ ਨੂੰ; ਕੋਈ ਸ਼ੀਆ ਮੁਸਲਮਾਨਾਂ ਨੂੰ ਤੇ ਕੋਈ ਸੁੰਨੀਆਂ ਨੂੰ; ਕੋਈ ਬੰਗਾਲੀਆਂ ਨੂੰ, ਕੋਈ ਜਪਾਨੀਆਂ; ਕੋਈ ਸਿੱਖਾਂ ਨੂੰ ਅਤੇ ਕੋਈ ਹਿੰਦੂਆਂ ਨੂੰ ਜਨਮ ਜਾਤ ਸ੍ਰੇਸ਼ਟ ਕਹਿਣੋਂ ਹਟਦਾ ਹੀ ਨਹੀਂ ਹੈ। ਹੋਰ ਤਾਂ ਹੋਰ ਕਈ ਮਲਵਈਆਂ ਅਤੇ ਕਈ ਮਝੈਲਾਂ ਨੂੰ ਸਾਧ ਬਿਰਤੀ ਵਾਲੇ, ਸਾਦਾ ਦਿਲ ਜਾਂ Ḕਜੋਧ ਮਹਾ ਬਲ ਸੂਰ’ ਦੀ ਸਮਰੱਥਾ ਵਾਲੇ ਕਹੀ ਜਾਂਦੇ ਹਨ। ਮਸਲਨ ਕੰਮੋਂ ਕੇ ਨਾਂ ਦਾ ਮੇਰਾ ਨਿੱਕਾ ਜਿਹਾ ਬੱਲਾਂ ਦਾ ਪਿੰਡ ਕਿਸੇ ਗਿਣਤੀ ਵਿਚ ਹੈ ਨਹੀਂ, ਨਾਲ ਲਗਦੇ ਬੁਤਾਲਾ, ਸਠਿਆਲਾ, ਸੇਰੋਂ, ਜੋਧੇ, ਬੱਲ ਸਰਾਂ, ਸ਼ਾਹ ਪੁਰ, ਜਮਾਲ ਪੁਰ-ਮਝੈਲ ਬੱਲਾਂ ਦੇ ਵਿਸ਼ਾਲ ਨਗਰ ਹਨ ਪਰ ਖੁਦ ਮੇਰੇ ਆਪਣੇ ਪਿੰਡ ਸਮੇਤ ਇਨ੍ਹਾਂ ਪਿੰਡਾਂ ਵਿਚੋਂ ਇਕ ਵੀ ਪਾਏਦਾਰ ਇਨਸਾਨ ਮੈਨੂੰ ਪਿਛਲੀ ਅੱਧੀ ਸਦੀ ਦੌਰਾਨ ਨਜ਼ਰ ਨਹੀਂ ਆਇਆ। ਕਿਧਰੇ ਕਿਧਰੇ, ਸਾਡੇ ਨਾਇਕ Ḕਜ਼ੋਰਬਾ’ ਵਰਗੇ ਇਨਸਾਨਾਂ ਨੂੰ ਛੱਡ ਕੇ। ਹੋਰ ਤਾਂ ਛੱਡੋ ਰਿਸਾਲਦਾਰ ਪ੍ਰਤਾਪ ਸਿੰਘ ਅਤੇ ਪ੍ਰਦੇਸੀ ਭਗਤ ਸਿੰਘ ਮੇਰੇ ਪਿੰਡ ਦੇ ਸਭ ਤੋਂ ਪਹਿਲੇ ਪੜ੍ਹੇ ਤਿੰਨ ਸਕੇ ਭਾਈ ਸਨ। ਉਹ 70 ਵਿਆਂ ਦੇ ਅਖ਼ੀਰ ‘ਚ ਕਰੀਬ 90-90 ਵਰ੍ਹੇ ਉਮਰ ਭੋਗ ਕੇ ਪੂਰੇ ਹੋਏ। ਤਿੰਨਾਂ ਬਜ਼ੁਰਗਾਂ ਨਾਲ ਮੇਰੀ ਉਮਰ ਦੇ 25ਵੇਂ 30ਵੇਂ ਵਰ੍ਹੇ ਤੱਕ ਬਹੁਤ ਹੀ ਨੇੜਤਾ ਰਹੀ। ਭਾਰਤ ਅਤੇ ਪਾਕਿਸਤਾਨ ਤਾਂ ਕਦੀ ਕਦੀ ਆਪਸੀ ਮੋਹ ਜਤਾਉਣ ਦੀ ਮਸ਼ਕ ਕਰਦੇ ਮੈਂ ਕਈ ਵਾਰ ਵੇਖੇ ਹਨ, ਪ੍ਰੰਤੂ ਉਨ੍ਹਾਂ ਤਿੰਨਾਂ ਬਜ਼ੁਰਗਾਂ ਨੇ ਮੇਰੀ ਹੋਸ਼ ਵਿਚ ਕਦੀ ਕਲਾਮ ਤੱਕ ਵੀ ਕੀਤਾ ਨਹੀਂ ਸੀ। ਉਨ੍ਹਾਂ ਦੇ ਬੱਚੇ ਵੀ ਸਾਰੇ ਹੀ ਪੜ੍ਹੇ ਲਿਖੇ ਸਨ। ਸਾਡੇ ਕਰੀਬੀ ਮਿੱਤਰ ਸਨ ਪਰ ਉਹ ਅੱਗੋਂ ਆਪਣੇ ਬਜ਼ੁਰਗਾਂ ਤੋਂ ਵੀ ਕਈ ਗੁਣਾਂ ਵੱਧ ਨਾਕਸ ਨਿਕਲੇ। ਪਰਮਾਰ ਦੇ ਸੰਤ ਅਤੇ ਸਖੀ ਸੁਭਾਅ ਦੇ ਭੇਤ ਜਾਂ ਸੋਮਿਆਂ ਨੂੰ ਸਮਝਣ ਦੀ ਗੱਲ ਕਰਦਿਆਂ ਇਹ ਗੱਲਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨ ਨੂੰ ਦਿਲ ਕਰ ਆਇਆ। ਸੱਚ ਇਹ ਹੈ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਰਭਾਗ ਉਹ ਦਿਨ ਸੀ ਜਦੋਂ ਮੈਨੂੰ ਆਪਣਾ ਪਿੰਡ ਛੱਡਣਾ ਪਿਆ। ਦਰਅਸਲ ਸੋਹਣ ਵਰਗੇ ਸੋਹਣੇ ਦਿਲਾਂ ਵਾਲੇ ਇਨਸਾਨ ਹੁੰਦੇ ਹੀ ਘੱਟ ਹਨ।
ਸਵਾਲ ਇਹ ਹੈ ਪਰਮਾਰ ਦੀਆਂ ਗੱਲਾਂ ਸੁਣਦਿਆਂ ਅਤੇ ਉਸ ਬਾਰੇ ਯਾਦਾਂ ਦੀ ਕਿਤਾਬ ਵਿੱਚੋਂ ਉਸ ਦੇ ਮਿੱਤਰਾਂ, ਖਾਸ ਕਰ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵੀæ ਸੀ ਡਾæ ਸ਼ਵਿੰਦਰ ਸਿੰਘ ਗਿੱਲ ਦਾ ਉਸ ਬਾਰੇ ਲਿਖਿਆ Ḕਨਿਰਾਲਾ ਕਰਮਯੋਗੀ’; ਸਾਡੇ ਅਮਰੀਕਾ ਰਹਿੰਦੇ ਮਿੱਤਰ ਡਾæ ਜਸਬੀਰ ਸਿੰਘ ਮਾਨ ਦਾ Ḕਮੇਰਾ ਮਲੰਗ ਯਾਰ’, ਫਿਲਮ ਨਿਰਦੇਸ਼ਕ ਮਨਮੋਹਣ ਸਿੰਘ ਦਾ Ḕਖਾਸਾਂ ‘ਚੋਂ ਖਾਸ’ ਅਤੇ ਖੁਦ ਉਸ ਦੀ ਪਤਨੀ ਹਰਵਿੰਦਰ ਪਰਮਾਰ ਦਾ Ḕਮੇਰਾ ਨਿਵੇਕਲਾ ਪਰਮਾਰ’ ਸਿਰਲੇਖ ਹੇਠਲੇ ਸਾਦਾ ਜਿਹੇ ਯਾਦ ਨਿਬੰਧ ਪੜ੍ਹਦਿਆਂ ਇਸ ਸਖਸ਼ੀਅਤ ਦਾ ਬਿੰਬ ਮੇਰੇ ਜ਼ਹਿਨ ਅੰਦਰ ਬਣਦਾ ਚਲਿਆ ਗਿਆ ਕਿ ਉਸ ਦੇ ਸੋਮਿਆਂ ਦੇ ਰਹੱਸ ਨੂੰ ਸਮਝਿਆ ਕਿੰਜ ਜਾਵੇ? ਮਨ ਅੰਦਰ ਫਿਓਦਰ ਦਾਸਤੋਵਸਕੀ ਦੇ Ḕਬੁੱਧੂ’ ਦਾ ਨਾਇਕ ਪ੍ਰਿੰਸ ਮਿਸ਼ਕਿਨ ਆ ਰਿਹਾ ਸੀ ਤੇ ਜਾਂ ਫਿਰ ਸਪੇਨੀ ਸਾਹਿਤ ਜਗਤ ਦੇ ਮੱਧ ਕਾਲੀ ਸਮਿਆਂ ਦੇ ਪਿਤਾਮਾ ਸਰਵਾਂਤਿਸ ਦੀ Ḕਡੌਨ ਕੁਵਿਗਜ਼ੋਟ’ ਨਾਂ ਦੀ ਜਗਤ ਪ੍ਰਸਿੱਧ ਰਚਨਾ ਦੇ ਨਾਇਕ ਦੇ Ḕਕੌਤਿਕਾਂ’ ਦੀਆਂ ਮਨ ‘ਚ ਮੱਧਮ ਪਈਆਂ ਸਿਮਰਤੀਆਂ ਉਜਾਗਰ ਹੋ ਰਹੀਆਂ ਸਨ।
ਇਹ ਗੱਲ ਦੱਸਣੀ ਵੀ ਕੁਥਾਂ ਨਹੀਂ ਹੋਵੇਗੀ ਕਿ ਪੈਗੰਬਰ ਦਾਸਤੋਵਸਕੀ ਦੀ ਇਹ ਮਨਭਾਉਂਦੀ ਪੁਸਤਕ ਸੀ ਅਤੇ ਉਨ੍ਹਾਂ ਕਿਤੇ ਕਿਹਾ ਸੀ ਕਿ ਦੁਨੀਆਂ ਜੇ ਗਰਕਣ ਤੇ ਆ ਹੀ ਗਈ ਤੇ ਉਸ ਨੂੰ ਕੋਈ ਇਕੋ ਇਕ ਚੀਜ਼ ਬਚਾਉਣ ਦੀ ਚੋਣ ਮਿਲੇ ਤਾਂ ਉਹ ਸੋਚਣ ਲਈ ਇਕ ਛਿਣ ਵੀ ਗਵਾਏ ਬਗੈਰ Ḕਡੌਨ ਕੁਵਿਗਜ਼ੌਟ’ ਉਠਾ ਲਏਗਾ। ਦਾਸਤੋਵਸਕੀ ਨੇ ‘ਪ੍ਰਿੰਸ ਮਿਸ਼ਕਿਨ’ ਦੀ ਜਦੋਂ ਸਿਰਜਣਾ ਕੀਤੀ ਉਸ ਨੂੰ ਪ੍ਰੇਰਨਾ ਭਗਵਾਨ ਈਸਾ ਦੇ ਸੰਦੇਸ਼ ਦੀ ਰੂਸੀ-ਆਰਥੋਡੌਕਸ ਪੜ੍ਹਤ ਵਿਚੋਂ ਆ ਰਹੀ ਸੀ। ਪਰ ਪਰਮਾਰ ਦੀ ਸਖਸ਼ੀਅਤ ਦੇ ਸੋਮਿਆਂ ਦੀ ਟੋਹ ਲਾਉਣ ਦੀ ਦਿਸ਼ਾ ਵਿਚ ਮੇਰੀ ਪਹੇਲੀ ਤਾਂ ਹੱਲ ਨਹੀਂ ਹੋ ਰਹੀ ਸੀ।
ਖੈਰ! ਉਸ ਦਿਨ ਪਰਮਾਰ ਨੂੰ ਵਿਦਾ ਕਰਨ ਲਈ ਕਮਰੇ ਵਿਚੋਂ ਬਾਹਰ ਨਿਕਲਿਆ ਤਾਂ ਅਚਾਨਕ ਸਾਡੇ ਬੌਸ ਸੁਧੀਰ ਅਨੰਦ ਟੱਕਰ ਗਏ। ਮੈਂ ਉਨ੍ਹਾਂ ਦਾ ਤੁਆਰਫ ਕਰਵਾਉਣ ਹੀ ਲੱਗਾ ਸਾਂ ਕਿ ਉਨ੍ਹਾਂ ਨੇ ਇਹ ਕਹਿੰਦਿਆਂ ਕਿ ਇਹ ਕਿਧਰੇ ਮੇਰੇ ਅਜੀਜ਼ ਵਿਸ਼ਾਲ ਗਰੋਵਰ ਅਤੇ ਮੇਰੇ ਫਰਜੰਦ ਅਦਿੱਤਿਆ ਅਨੰਦ ਦਾ Ḕਅੰਕਲ’ ਪਰਮਾਰ ਤਾਂ ਨਹੀਂ, ਉਸ ਦੇ ਗੋਡਿਆਂ ਨੂੰ ਹੱਥ ਲਾ ਦਿੱਤੇ। ਬਾਅਦ ਵਿਚ ਵਿਸ਼ਾਲ ਗਰੋਵਰ ਨਾਲ ਜਦੋਂ ਮੈਂ ਪਰਮਾਰ ਬਾਰੇ ਗੱਲ ਕੀਤੀ ਤਾਂ ਉਹ ਖੱਟਕੜ ਤੋਂ ਵੀ ਪਾਰ ਦੀ ਕਹਾਣੀ ਸੀ।
ਇਸ Ḕਪ੍ਰਿੰਸ ਮਿਸ਼ਕਿਨ’ ਬਾਰੇ ਉਸ ਦੇ ਮਿੱਤਰ ਫਿਲਮ ਨਿਰਦੇਸ਼ਕ ਮਨਮੋਹਣ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਉਨ੍ਹੀਂ ਦਿਨੀਂ ਪਰਮਾਰ ਦਾ ਹਾਲ ਇਹ ਸੀ ਕਿ ਉਹ ਹਰੇਕ ਸਾਂਝੀ ਸਰਗਰਮੀ Ḕਚ ਮੋਹਰੀ ਹੁੰਦਾ ਹੀ ਸੀ, ਕਿਸੇ ਗਰੀਬ ਵਿਦਿਆਰਥੀ ਦੀ ਕੋਈ ਗਰਜ਼ ਵੀ ਹਰ ਹੀਲੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ। ਉਹ ਲਿਖਦਾ ਹੈ, “ਅੱਧੀ ਰਾਤੀਂ ਜੇ ਕਿਸੇ ਨੂੰ ਕੋਈ ਵੀ ਕੰਮ ਪੈਂਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ ਸੀ, ਪਰਮਾਰ ਨੂੰ ਉਠਾਓ ਉਹ ਸਾਂਭ ਲਊ!”
ਸੋਹਣ ਦੀ ਪਤਨੀ ਹਰਵਿੰਦਰ ਨੇ ਆਪਣੇ ਯਾਦ ਨਿਬੰਧ ਦੀ ਸ਼ੁਰੂਆਤ ਲੋਕ ਗੀਤ ਦੇ ਮੁਖੜੇ ‘ਮਾਹੀ ਮੇਰਾ ਫੁੱਲ ਵਰਗਾ, ਜਦੋਂ ਖਿੜਦਾ ਮਹਿਕਦਾ ਚੁਫੇਰੇ’ ਨਾਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਪਤੀ ਬਹੁਤ ਹੀ ਸਾਦਾ ਇਨਸਾਨ ਹੈ ਪ੍ਰੰਤੂ ਦੇਵਤਿਆਂ ਵਰਗਾ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਨਸਾਨ ਜ਼ਰਾ ਕੁ ਸੋਚ ਕੇ ਜਿਉਣ ਦੀ ਕੋਸ਼ਿਸ਼ ਕਰੇ ਤਾਂ ਦੇਵਤਿਆਂ ਵਰਗਾ ਬਣ ਸਕਦਾ ਹੈ; ਦੁਨੀਆਂ ਬੜੀ ਸੋਹਣੀ ਹੈ, ਇਹ ਹੋਰ ਵੀ ਸੋਹਣੀ ਬਣ ਸਕਦੀ ਹੈ!
ਪਰਮਾਰ ਦੀ ਬੇਮਿਸਾਲ ਆਤਮਿਕ ਪੂੰਜੀ ਦੇ ਸੋਮੇ ਨੂੰ ਜਾਨਣ ਲਈ ਜਦੋਂ ਮੈਂ ਪੁੱਛਿਆ ਕਿ ਉਹ ਕਿਸ ਧਰਮ, ਕਿਸ ਵਿਚਾਰਧਾਰਾ ਤੋਂ ਉਸ ਨੂੰ ਪ੍ਰੇਰਨਾ ਮਿਲਦੀ ਹੈ, ਤਾਂ ਨਿੰਮਾ ਜਿਹਾ ਮੁਸਕਰਾਉਂਦਿਆਂ ਦੱਸਿਆ ਕਿ ਉਹ ਬਚਪਨ ਤੋਂ ਲੈ ਕੇ ਅੱਜ ਤੱਕ ਘਰ ਲਾਗਲੇ ਗੁਰੂ ਘਰ ਵਿੱਚ ਪੂਰੀ ਸ਼ਰਧਾ ਨਾਲ ਜਾਂਦਾ ਹੈ ਅਤੇ ਮੌਕਾ ਮਿਲੇ ਤਾਂ ਮੰਦਰ ਵਿਚ ਵੀ ਸਿਰ ਨਿਵਾ ਆਉਂਦਾ ਹੈ। ਇਸ ਤੋਂ ਵੱਧ ਉਸ ਕਦੀ ਸੋਚਿਆ ਹੀ ਨਹੀਂ। ਕਾæ ਖੱਟਕੜ ਨਾਲ ਉਸ ਦਾ ਪੱਕਾ ਯਰਾਨਾ ਹੈ ਪ੍ਰੰਤੂ ਉਸ ਦੀ ਨਕਸਲੀ ਵਿਚਾਰਧਾਰਾ ਦਾ ਉਸ ਨੂੰ ਕੱਖ ਪਤਾ ਨਹੀਂ।
ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਸ ਟੋਕ ਦਿੱਤਾ ਕਿ ਮੈਨੂੰ ਪਤਾ ਲੱਗ ਗਿਆ ਹੈ, ਲੋੜਵੰਦ ਦੀ ਮੱਦਦ ਕਰਨੀ ਹੈ; ਕਿਸੇ ਦਾ ਬੁਰਾ ਨਹੀਂ ਕਰਨਾ ਅਤੇ ਸੱਚ ਨੂੰ ਸੱਚ ਕਹਿਣ ਦੀ ਕੋਸ਼ਿਸ਼ ਕਰਨੀ ਹੈ-ਜੇ ਇਹੋ ਹੀ ਹੈ ਤਾਂ ਮੈਨੂੰ ਪਤਾ ਹੈ। ਇਹੋ ਗੱਲ ਮੇਰੀ ਮਾਂ ਅਤੇ ਪਿਤਾ ਨੇ ਦੱਸੀ ਸੀ, ਉਦੋਂ ਤੋਂ ਹੀ ਮੈਂ ਪੱਲੇ ਬੰਨ੍ਹੀ ਹੋਈ ਹੈ।
ਹਰਵਿੰਦਰ ਆਪਣੇ ਨਿਬੰਧ ਵਿਚ ਲਿਖਦੀ ਹੈ, ਉਹ ਜੋ ਵੀ ਕੰਮ ਕਰਦੇ, ਮੇਰੇ ਤੋਂ ਵੀ ਸਲਾਹ ਲੈਂਦੇ ਹਨ। ਮੁਸੀਬਤ ਵਿਚ ਫਸੇ ਬੰਦੇ ਦੀ ਮੱਦਦ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਝਗੜੇ ਵਾਲੇ ਮਾਮਲਿਆਂ ਵਿਚ ਹਮੇਸ਼ਾਂ ਸੱਚੀ ਧਿਰ ਦਾ ਸਾਥ ਦਿੰਦੇ ਹਨ ਤੇ ਝੂਠੀ ਧਿਰ ਦੇ ਗੁੱਸੇ ਦੀ ਪ੍ਰਵਾਹ ਨਹੀਂ ਕਰਦੇ; ਭਾਵੇਂ ਕਿੰਨੇ ਵੀ ਪੁਰਾਣੇ ਅਤੇ ਗੂੜ੍ਹੇ ਰਿਸ਼ਤੇ ਹੋਣ। ਇਹ ਸਿਰਫ਼ ਮਨੁੱਖੀ ਕਦਰਾਂ-ਕੀਮਤਾਂ ਦੀ ਪ੍ਰਵਾਹ ਕਰਦੇ ਹਨ, ਰਿਸ਼ਤਿਆਂ ਦੀ ਨਹੀਂ।
ਪਰਮਾਰ ਦੀਆਂ ਸਹਿਯੋਗੀ ਅਧਿਆਪਕਾਵਾਂ-ਕੈਥੀ ਜੋਨਜ਼ ਤੇ ਲਿੰਡਾ ਪਿਕਸਲੀ ਨੇ Ḕਇਕ ਆਦਰਸ਼ ਅਧਿਆਪਕ: ਸੋਹਣ ਪਰਮਾਰ’ ਸਿਰਲੇਖ ਹੇਠ ਆਪਣੇ ਸਾਂਝੇ ਯਾਦ ਨਿਬੰਧ ਦੀ ਸ਼ੁਰੂਆਤ ਇਉਂ ਕੀਤੀ ਹੈ, “ਅਸੀਂ ਸੋਹਣ ਸਿੰਘ ਪਰਮਾਰ ਨਾਲ ਕਰੀਬ 14 ਸਾਲ ਕੰਮ ਕੀਤਾ ਹੈ। ਉਸ ਜਿਡਾ ਦਇਆਵਾਨ ਬੰਦਾ ਅਜੇ ਤੱਕ ਨਹੀਂ ਦੇਖਿਆ।”
ਬਿਹਤਰ ਹੈ, ਪਰਮਾਰ ਦੀਆਂ ਸਾਥਣਾਂ ਦੀ ਇਸੇ ਗਵਾਹੀ ਨਾਲ ਆਪਣੇ Ḕਜ਼ੋਰਬਾ ਦਾ ਪੰਜਾਬ’ ਬਾਰੇ ਇਸ Ḕਰੇਖਾ ਚਿੱਤਰ’ ਨੂੰ ਮੁਕਾ ਦਿੱਤਾ ਜਾਵੇ।