ਗੁਰਨਾਮ ਕੌਰ ਕੈਨੇਡਾ
ਯੋਗ ਸ਼ਾਸਤਰ ਵੈਦਿਕ ਦਰਸ਼ਨ ਦੇ ਛੇ ਸਕੂਲਾਂ ਵਿਚੋਂ ਇੱਕ ਹੈ। ਇਸ ਦਾ ਜ਼ਿਕਰ ਅਸੀਂ ਭਾਈ ਗੁਰਦਾਸ ਦੇ ਹਵਾਲੇ ਨਾਲ ਪਹਿਲਾਂ ਹੀ ਕਰ ਚੁੱਕੇ ਹਾਂ ਅਤੇ ਇਥੇ ਇਸ ਦੇ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ ਹੈ। Ḕਪੰਜਾਬ ਟਾਈਮਜ਼Ḕ ਦੇ ਪਿਛਲੇ ਅੰਕ ਵਿਚ ਸ਼ ਅਭੈ ਸਿੰਘ ਦਾ ਲੇਖ ਛਪਿਆ Ḕਯੋਗ ਦਾ ਅਸਲ ਮਕਸਦḔ ਅਤੇ ਨਾਲ ਹੀ ਸੰਪਾਦਕੀ ਨੋਟ ਵੀ ਇਸੇ ਵਿਸ਼ੇ ‘ਤੇ ਹੈ ਜਿਸ ਦਾ ਸਿਰਲੇਖ ਹੈ Ḕਯੋਗ ਅਤੇ ਸਿਆਸਤḔ।
ਭਾਜਪਾ ਦੀ ਅਗਵਾਈ ਹੇਠ ਕੌਮਾਂਤਰੀ ਪੱਧਰ ‘ਤੇ ਯੋਗ ਦਿਵਸ ਦੇ ਨਾਂ ‘ਤੇ ਇਹ ਦਿਨ ਮਨਾਇਆ ਗਿਆ। ਇਸ ਨੂੰ ਮਨਾਉਣ ਪਿੱਛੇ ਮਨਸੂਬੇ ਕੀ ਸਨ ਜਾਂ ਹਨ; ਉਹ ਇਨ੍ਹਾਂ ਦੋਵਾਂ ਪੜ੍ਹਤਾਂ ਤੋਂ ਪਤਾ ਲੱਗ ਜਾਂਦਾ ਹੈ। ਵੈਸੇ ਵੀ ਇਹ ਗੱਲ ਹੁਣ ਗੁੱਝੀ ਨਹੀਂ ਰਹੀ ਕਿ ਭਾਜਪਾ ਦਾ ਅਸਲ ਏਜੰਡਾ ਕੀ ਹੈ? ਕੇਂਦਰ ਸਰਕਾਰ ਦਾ ਇੱਕ ਹੋਰ ਮਕਸਦ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਪਾਸੇ ਕਰਕੇ ਯੋਗ ਵਰਗੇ ਅਭਿਆਨ ਨਾਲ ਜੋੜਿਆ ਜਾਵੇ।
ਸਿੱਖ ਧਰਮ ਦੇ ਆਗਾਜ਼ ਵੇਲੇ ਵੀ ਭਾਰਤੀ ਲੋਕਾਂ ਦੇ ਇੱਕ ਹਿੱਸੇ ‘ਤੇ ਯੋਗ ਦਾ ਅਸਰ ਬਹੁਤ ਸੀ ਜਿਸ ਨੇ ਵਿਹਲੜਾਂ ਦੀ ਇੱਕ ਖਾਸ ਜਮਾਤ ਪੈਦਾ ਕਰ ਦਿੱਤੀ ਜੋ ਸਮਾਜ ‘ਤੇ ਬਹੁਤ ਵੱਡਾ ਬੋਝ ਸੀ। ਯੋਗ ਨੇ ਕਿਸ ਕਿਸਮ ਦੀ ਅਧਿਆਤਮਕ ਜਮਾਤ ਪੈਦਾ ਕੀਤੀ। ਇਸ ਦੇ ਹਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਹੁਤ ਮਿਲ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੀ ਸਿੱਧ-ਯੋਗੀਆਂ ਨਾਲ ਗੋਸ਼ਟੀ ਦਾ ਵਿਸਥਾਰ ਰਾਮਕਲੀ ਰਾਗ ਵਿਚ ਰਚਿਤ Ḕਸਿਧ ਗੋਸਟਿḔ ਵਿਚ ਪ੍ਰਾਪਤ ਹੈ।
ਪੰਚਮ ਪਾਤਿਸ਼ਾਹ ਦਾ ਉਪਰ ਦਿੱਤੇ ਸਿਰਲੇਖ ਹੇਠਲਾ ਸ਼ਬਦ ਵੀ ਰਾਗ ਰਾਮਕਲੀ ਵਿਚ ਹੀ ਹੈ ਅਤੇ ਇਹ ਤੁਕ ਰਹਾਉ ਦੀ ਤੁਕ ਹੈ। ਕਿਸੇ ਵੀ ਸ਼ਬਦ ਵਿਚ ਰਹਾਉ ਦੀ ਤੁਕ ਵਿਚ ਉਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਪੰਕਤੀ ਵਿਚ ਗੁਰੂ ਅਰਜਨ ਦੇਵ ਯੋਗੀ ਨੂੰ ਸੰਬੋਧਿਤ ਹਨ ਕਿ ਯੋਗੀ ਆਪਣੀ ਛੋਟੀ ਜਿਹੀ ਕਿੰਗਰੀ ਵਜਾਉਣ ਵਿਚ ਮਸਤ ਹੈ ਪਰ ਉਸ ਨੂੰ ਅਕਾਲ ਪੁਰਖ ਦੀ ਆਪਣੇ ਅੰਦਰ ਵੱਜ ਰਹੀ ਰੱਬੀ ਰਾਗ ਦੀ ਸੋਹਣੀ ਕਿੰਗਰੀ ਧਿਆਨ ਨਾਲ ਸੁਣਨੀ ਚਾਹੀਦੀ ਹੈ। ਭਾਵ ਉਸ ਰੱਬੀ ਰਉਂ ਨੂੰ ਅੰਦਰ ਅਨੁਭਵ ਕਰਨ ਦੀ ਜ਼ਰੂਰਤ ਹੈ ਨਾ ਕਿ ਬਾਹਰਲੇ ਕਿਸੇ ਸਾਜ ਨਾਲ ਮਸਤ ਹੋਣ ਦੀ ਲੋੜ ਹੈ:
ਕਿੰਕੁਰੀ ਅਨੂਪ ਵਾਜੈ॥
ਜੋਗੀਆ ਮਤਵਾਰੋ ਰੇ॥੧॥ਰਹਾਉ॥
ਇਸ ਤੱਥ ਤੋਂ ਸਾਰੇ ਵਾਕਫ ਹਨ ਕਿ ਵੱਖੋ ਵੱਖਰੀਆਂ ਹਿੰਦੂ ਧਾਰਮਿਕ ਪਰੰਪਰਾਵਾਂ ਸਮੇਤ ਛੇ ਦਰਸ਼ਨਾਂ ਦੇ ਹੋਰ ਸਾਰੇ ਵੈਦਿਕ ਦਰਸ਼ਨ ਅਤੇ ਚਾਰ ਵੇਦਾਂ ਨੂੰ ਆਖ਼ਰੀ ਪ੍ਰਮਾਣਕ ਮੰਨਦੀਆਂ ਹਨ। ਇਸੇ ਵੱਲ ਇਸ਼ਾਰਾ ਕਰਦਿਆਂ ਗੁਰੂ ਅਰਜਨ ਦੇਵ ਯੋਗੀ ਨੂੰ ਆਗਾਹ ਕਰਦੇ ਹਨ ਕਿ ਚਾਰ ਵੇਦਾਂ ਵਿਚ ਵੀ ਇਹੋ ਗੱਲ ਵਾਰ ਵਾਰ ਦੱਸੀ ਗਈ ਹੈ ਕਿ ਸਭ ਦੇ ਅੰਦਰ ਰੱਬੀ ਕਿੰਗਰੀ ਵੱਜ ਰਹੀ ਹੈ ਪਰ ਤੂੰ ਵੇਦਾਂ ਦੀ ਕਹੀ ਹੋਈ ਇਸ ਗੱਲ ‘ਤੇ ਵੀ ਯਕੀਨ ਨਹੀਂ ਕਰ ਰਿਹਾ। ਛੇ ਸ਼ਾਸਤਰ ਵੀ ਇਹੋ ਗੱਲ ਦੱਸ ਰਹੇ ਹਨ ਅਤੇ ਅਠਾਰਾਂ ਪੁਰਾਣਾਂ ਨੇ ਵੀ ਮਿਲ ਕੇ ਇਸੇ ਬਚਨ ਨੂੰ ਦ੍ਰਿੜ ਕਰਵਾਇਆ ਹੈ ਪਰ ਤੂੰ ਇਸ ਅੰਦਰ ਵੱਜ ਰਹੀ ਕਿੰਗਰੀ ਦੇ ਭੇਤ ਨੂੰ ਸਮਝਣ ਦੀ ਕੋਸ਼ਸ਼ ਹੀ ਨਹੀਂ ਕਰ ਰਿਹਾ:
ਚਾਰਿ ਪੁਕਾਰਹਿ ਨਾ ਤੂ ਮਾਨਹਿ॥
ਖਟੁ ਭੀ ਏਕਾ ਬਾਤ ਵਖਾਨਹਿ॥
ਦਸ ਅਸਟੀ ਮਿਲਿ ਏਕੋ ਕਹਿਆ॥
ਤਾ ਭੀ ਜੋਗੀ ਭੇਦੁ ਨ ਲਹਿਆ॥੧॥
ਅੱਗੇ ਗੁਰੂ ਅਰਜਨ ਦੇਵ ਉਸ ਮਿੱਥ ਦਾ ਹਵਾਲਾ ਦੇ ਰਹੇ ਹਨ ਜੋ ਹਿੰਦੂ ਸ਼ਾਸਤਰਾਂ ਵਿਚ ਆਮ ਪ੍ਰਚਲਿਤ ਹੈ ਕਿ ਕਿਹੜੇ ਕਿਹੜੇ ਜੁਗ ਵਿਚ ਧਰਮ ਦੀ ਕਿਹੋ ਜਿਹੀ ਹਾਲਤ ਸੀ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਮਿੱਥ ਅਨੁਸਾਰ ਪਹਿਲੇ ਜੁਗ ਅਰਥਾਤ ਸਤਿਜੁਗ ਵਿਚ ਸਤਿ ਦਾ, ਦਾਨ ਦਾ ਨਗਰ ਵੱਸਦਾ ਸੀ ਅਰਥਾਤ ਦਾਨ ਕਰਨ ਦਾ ਕਰਮ ਪ੍ਰਧਾਨ ਸੀ ਅਤੇ ਤੇਰਾ ਆਪਣਾ ਵੀ ਇਹੋ ਵਿਸ਼ਵਾਸ ਹੈ (ਸਾਰੇ ਹਿੰਦੂ ਸ਼ਾਸਤਰਾਂ ਦਾ ਇਹੀ ਮੱਤ ਹੈ)। ਫਿਰ ਤ੍ਰੇਤੇ ਜੁਗ ਵਿਚ ਇਸ ਧਰਮ ਵਿਚ ਕੁਝ ਤ੍ਰੇੜ ਆ ਗਈ (ਕਿਉਂ ਕਿ ਹਿੰਦੂ ਮਿੱਥ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਧਰਮ ਰੂਪੀ ਬਲਦ ਦੇ ਸਤਿ ਜੁਗ ਵਿਚ ਚਾਰੇ ਪੈਰ ਕਾਇਮ ਸਨ ਅਤੇ ਤ੍ਰੇਤੇ ਵਿਚ ਇੱਕ ਪੈਰ ਖਿਸਕ ਗਿਆ। ਧਰਮ ਆਪਣੇ ਤਿੰਨ ਪੈਰਾਂ ‘ਤੇ ਹੀ ਰਹਿ ਗਿਆ) ਅਤੇ ਹੇ ਯੋਗੀ ਤੂੰ ਇਹ ਮਿੱਥ ਬਣਾਇਆ ਹੋਇਆ ਹੈ ਕਿ ਦੁਆਪਰ ਵਿਚ ਆ ਕੇ ਧਰਮ ਆਪਣੇ ਦੋ ਪੈਰਾਂ ‘ਤੇ ਹੀ ਰਹਿ ਗਿਆ, ਉਸ ਦਾ ਇੱਕ ਪੈਰ ਹੋਰ ਖਿਸਕ ਗਿਆ। ਹੁਣ ਜਦੋਂ ਕਲਿਜੁਗ ਆ ਗਿਆ ਹੈ ਅਤੇ ਧਰਮ ਦਾ ਇੱਕੋ ਪੈਰ ਰਹਿ ਗਿਆ ਹੈ ਤਾਂ ਦਾਨ, ਤਪ, ਯੱਗ ਆਦਿ ਦੀ ਥਾਂ ਨਾਮ-ਸਿਮਰਨ ਦਾ ਇੱਕੋ ਇੱਕ ਰਸਤਾ ਰਹਿ ਗਿਆ ਹੈ। ਕਲਿਜੁਗ ਵਿਚ (ਹਿੰਦੂ ਧਰਮ ਅਨੁਸਾਰ) ਪੂਜਾ-ਵਿਧੀਆਂ ਨੇ ਜੀਵਾਂ ਨੂੰ ਨਾਮ ਦਾ ਇਹੋ ਇੱਕ ਰਸਤਾ ਦਿਖਾਇਆ ਹੈ।
ਗੁਰੂ ਅਰਜਨ ਦੇਵ ਯੋਗੀ ਨੂੰ ਸਮਝਾਉਂਦੇ ਹਨ ਕਿ ਇਹ ਤੇਰਾ ਭੁਲੇਖਾ ਹੈ ਕਿ ਅਕਾਲ ਪੁਰਖ ਦੇ ਰਚੇ ਇਸ ਸੰਸਾਰ ਵਿਚ ਵੱਖਰੇ ਵੱਖਰੇ ਜੁਗਾਂ ਵਿਚ ਵੱਖਰੇ ਵੱਖਰੇ ਧਰਮ-ਆਦਰਸ਼ ਹੁੰਦੇ ਹਨ। ਅਕਾਲ ਪੁਰਖ ਵੱਲੋਂ ਰਚੇ ਹੋਏ ਇਸ ਸੰਸਾਰ ਵਿਚ ਹਰ ਜੁਗ ਵਿਚ ਧਰਮ ਦੀ ਮਰਿਆਦਾ ਇੱਕੋ ਹੁੰਦੀ ਹੈ:
ਪ੍ਰਥਮੇ ਵਸਿਆ ਸਤ ਕਾ ਖੇੜਾ॥
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ॥
ਦੁਤੀਆ ਅਰਧੋ ਅਰਧਿ ਸਮਾਇਆ॥
ਏਕੁ ਰਹਿਆ ਤਾ ਏਕੁ ਦਿਖਾਇਆ॥੨॥
ਗੁਰੂ ਸਾਹਿਬ ਮਾਲਾ ਦੇ ਦ੍ਰਿਸ਼ਟਾਂਤ ਰਾਹੀਂ ਯੋਗੀ ਨੂੰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਮਾਲਾ ਦੇ ਧਾਗੇ ਵਿਚ ਕਈ ਸਾਰੇ ਮਣਕੇ ਪਰੋਏ ਹੋਏ ਹੁੰਦੇ ਹਨ ਅਤੇ ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ; ਇਸੇ ਤਰ੍ਹਾਂ ਸੰਸਾਰ ਦੇ ਸਾਰੇ ਜੀਵ-ਰੂਪੀ ਮਣਕੇ ਉਸ ਅਕਾਲ ਪੁਰਖ ਦੇ ਸੱਤਾ-ਰੂਪੀ ਇੱਕ ਹੀ ਧਾਗੇ ਵਿਚ ਪਰੋਏ ਹੋਏ ਹਨ ਅਤੇ ਇਹ ਮਾਲਾ ਕਈ ਤਰੀਕਿਆਂ ਨਾਲ ਫਿਰਦੀ ਰਹਿੰਦੀ ਹੈ ਅਰਥਾਤ ਸੰਸਾਰ ਦਾ ਚੱਕਰ ਚੱਲਦਾ ਰਹਿੰਦਾ ਹੈ। ਜਦੋਂ ਅਕਾਲ ਪੁਰਖ ਆਪਣਾ ਸੱਤਾ-ਰੂਪੀ ਧਾਗਾ ਖਿੱਚ ਲੈਂਦਾ ਹੈ ਤਾਂ ਸਾਰੀ ਮਾਲਾ ਇੱਕੋ ਥਾਂ ਵਿਚ ਆ ਜਾਂਦੀ ਹੈ। ਭਾਵ ਉਸ ਦੀ ਰਚੀ ਹੋਈ ਸਾਰੀ ਸ੍ਰਿਸ਼ਟੀ ਉਸੇ ਇੱਕ ਵਿਚ ਸਮਾ ਜਾਂਦੀ ਹੈ, ਉਸੇ ਵਿਚ ਲੀਨ ਹੋ ਜਾਂਦੀ ਹੈ:
ਏਕੈ ਸੂਤਿ ਪਰੋਏ ਮਣੀਏ॥
ਗਾਠੀ ਭਿਨਿ ਭਿਨਿ ਭਿਨਿ ਤਣੀਏ॥
ਫਿਰਤੀ ਮਾਲਾ ਬਹੁ ਬਿਧਿ ਭਾਇ॥
ਖਿੰਚਿਆ ਸੂਤੁ ਤ ਆਈ ਥਾਇ॥੩॥
ਯੋਗੀਆਂ ਦੇ ਆਮ ਤੌਰ ‘ਤੇ ਮੱਠ ਬਣੇ ਹੋਏ ਹੁੰਦੇ ਹਨ। ਇਸੇ ਦੀ ਉਦਾਹਰਣ ਦੇ ਕੇ ਉਸ ਨੂੰ ਅੱਗੇ ਸਮਝਾਉਂਦੇ ਹਨ ਕਿ ਯੋਗੀਆਂ ਦੇ ਮੱਠਾਂ ਦੀ ਤਰ੍ਹਾਂ ਇਹ ਸੰਸਾਰ ਵੀ ਇੱਕ ਮੱਠ ਹੈ ਅਤੇ ਚਾਰੇ ਜੁਗਾਂ ਵਿਚ ਇਹ ਮੱਠ ਸਦੀਵੀ ਕਾਲ ਤੋਂ ਉਸੇ ਇੱਕ ਹੀ ਅਕਾਲ ਪੁਰਖ ਦਾ ਬਣਾਇਆ ਹੋਇਆ ਹੈ। ਇਸ ਮੱਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ, ਆਪਣੇ ਰਸਤੇ ਤੋਂ ਵਿਚਲਿਤ ਕਰਨ ਲਈ ਅਨੇਕ ਕਿਸਮ ਦੇ ਵਿਕਾਰ-ਰੂਪੀ ਔਖੇ ਸਥਾਨ ਹਨ ਅਤੇ ਵਿਕਾਰਾਂ ਵਿਚ ਫਸੇ ਹੋਏ ਜੀਵ ਲਈ ਅਨੇਕਾਂ ਜੂਨੀਆਂ ਹਨ ਜਿਨ੍ਹਾਂ ਵਿਚੋਂ ਜੀਵ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਜਦੋਂ ਕੋਈ ਮਨੁੱਖ ਲੱਭਦਾ ਲੱਭਦਾ ਗੁਰੂ ਦੇ ਦਰਵਾਜ਼ੇ ‘ਤੇ ਪਹੁੰਚ ਜਾਂਦਾ ਹੈ ਤਾਂ ਅਕਾਲ ਪੁਰਖ ਦੇ ਚਰਨਾਂ ਵਿਚ ਜੁੜੇ ਹੋਏ ਉਸ ਮਨੁੱਖ ਨੂੰ ਅਕਾਲ ਪੁਰਖ ਦਾ ਘਰ ਲੱਭ ਪੈਂਦਾ ਹੈ। ਭਾਵ ਗੁਰੂ ਰਾਹੀਂ ਉਸ ਅਕਾਲ ਪੁਰਖ ਦੇ ਘਰ ਦਾ ਦਰਵਾਜ਼ਾ ਮਿਲ ਜਾਂਦਾ ਹੈ:
ਚਹੁ ਮਹਿ ਏਕੈ ਮਟੁ ਹੈ ਕੀਆ॥
ਤਹ ਬਿਖੜੇ ਥਾਨ ਅਨਿਕ ਖਿੜਕੀਆ॥
ਖੋਜਤ ਖੋਜਤ ਦੁਆਰੇ ਆਇਆ॥
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ॥੪॥
ਇਸ ਸ਼ਬਦ ਵਿਚ ਦੋ ਰਹਾਉ ਹਨ। ਪਹਿਲੇ ਰਹਾਉ ਤੇ ਉਸ ਤੋਂ ਅਗਲੇ ਦੋ ਬੰਦਾਂ ਵਿਚ ਗੁਰੂ ਅਰਜਨ ਦੇਵ ਯੋਗੀ ਦੇ ਮੱਤ ਨੂੰ ਪ੍ਰਗਟ ਕਰਦੇ ਹਨ ਅਤੇ ਉਸ ਤੋਂ ਅਗਲੇ ਦੋ ਬੰਦਾਂ ਵਿਚ ਉਹ ਗੁਰਮਤਿ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੇ ਹਨ। ਦੂਸਰੇ ਰਹਾਉ ਵਿਚ ਕੇਂਦਰੀ ਭਾਵ ਦੱਸਦੇ ਹਨ ਕਿ ਇਸ ਤਰ੍ਹਾਂ ਗੁਰੂ ਦੇ ਦੱਸੇ ਹੋਏ ਰਸਤੇ ‘ਤੇ ਚੱਲ ਕੇ ਅਕਾਲ ਪੁਰਖ ਤੱਕ ਪਹੁੰਚ ਸਕੀਦਾ ਹੈ। ਅੱਗੇ ਦੱਸਦੇ ਹਨ ਕਿ ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਮਨੁੱਖ ਗੁਰੂ ਦੇ ਦਰਵਾਜ਼ੇ ‘ਤੇ ਪਹੁੰਚ ਜਾਂਦਾ ਹੈ ਅਤੇ ਗੁਰੂ ਰਾਹੀਂ ਉਸ ਨੂੰ ਇਸ ਤੱਥ ਦੀ ਸੋਝੀ ਆ ਜਾਂਦੀ ਹੈ ਕਿ ਅਕਾਲ ਪੁਰਖ ਹਰ ਇੱਕ ਮਨੁੱਖ ਦੇ ਹਿਰਦੇ ਅੰਦਰ ਵੱਸਦਾ ਹੈ। ਉਸ ਦੀ ਚੇਤਨ-ਸਤਾ ਹੀ ਕਿੰਗਰੀ ਹੈ ਜੋ ਮਨੁੱਖ ਦੇ ਹਿਰਦੇ ਅੰਦਰ ਵੱਜ ਰਹੀ ਹੈ; ਉਸੇ ਨੂੰ ਸੁਣਨ ਦੀ ਜ਼ਰੂਰਤ ਹੈ। ਇਸ ਕਿੰਗਰੀ ਨੂੰ ਸੁਣ ਸੁਣ ਕੇ ਹੀ ਜਦੋਂ ਮਨੁੱਖ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਜੁੜੀ ਰਹਿੰਦੀ ਤਾਂ ਉਸ ਨੂੰ ਇਹ ਅੰਦਰ ਵੱਜ ਰਹੀ ਕਿੰਗਰੀ ਮਿੱਠੀ ਲੱਗਣ ਲੱਗ ਪੈਂਦੀ ਹੈ:
ਇਉ ਕਿੰਕੁਰੀ ਆਨੂਪ ਵਾਜੈ॥
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ॥੧॥ਰਹਾਉ ਦੂਜਾ॥੧॥੧੨॥ (ਪੰਨਾ ੮੮੬)
ਇਸ ਤੋਂ ਅਗਲਾ ਸ਼ਬਦ ਵੀ ਯੋਗੀ ਨੂੰ ਹੀ ਸੰਬੋਧਿਤ ਹੈ, ਜਿਸ ਵਿਚ ਗੁਰੂ ਅਰਜਨ ਦੇਵ ਯੋਗੀ ਨੂੰ ਇਹ ਸਾਰਾ ਯੋਗ ਵਾਲਾ ਅਡੰਬਰ ਛੱਡ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦੀ ਸਿੱਖਿਆ ਦਿੰਦੇ ਹਨ। ਗੁਰੂ ਅਰਜਨ ਦੇਵ ਰਹਾਉ ਦੀ ਤੁਕ ਵਿਚ ਯੋਗੀ ਨੂੰ ਸੁਚੇਤ ਕਰਦੇ ਹਨ ਕਿ ਤੇਰੀ ਉਮਰ ਥੋੜੀ ਜਿਹੀ ਹੀ ਬਾਕੀ ਰਹਿੰਦੀ ਹੈ, ਇਸ ਲਈ ਬਿਹਤਰ ਹੈ ਕਿ ਇਸ ਰਹਿੰਦੀ ਉਮਰ ਨੂੰ ਤੂੰ ਦਿਨ ਰਾਤ ਉਸ ਅਕਾਲ ਪੁਰਖ ਦੇ ਨਾਮ ਦਾ ਜਾਪ ਕਰਨ ਵਿਚ ਲਾ ਦੇਵੇਂ ਜਿਹੜਾ ਇਸ ਸਾਰੀ ਦੁਨੀਆਂ ਦਾ ਮਾਲਕ ਹੈ:
ਜਪਿ ਨਾਥੁ ਦਿਨੁ ਰੈਨਾਈ॥
ਤੇਰੀ ਖਿੰਥਾ ਦੋ ਤਿਹਾਈ॥੧॥ਰਹਾਉ॥
ਯੋਗੀ ਨੂੰ ਉਸੇ ਦੇ ਮੱਤ ਦੇ ਵੱਖਰੇ ਵੱਖਰੇ ਧਾਰਮਿਕ ਚਿੰਨ੍ਹਾਂ ਰਾਹੀਂ ਸਮਝਾਉਂਦੇ ਹਨ ਕਿ ਉਸ ਮਾਲਕ ਨੇ ਨਾੜੀਆਂ ਨੂੰ ਧਾਗਾ ਬਣਾ ਕੇ ਇਸ ਸਰੀਰ ਦੇ ਵੱਖ ਵੱਖ ਅੰਗਾਂ ਦੀਆਂ ਟਾਕੀਆਂ ਜੋੜ ਕੇ ਸੀਤਾ ਹੈ, ਇਸ ਨੂੰ ਸਰੀਰ ਦਾ ਰੂਪ ਬਖਸ਼ਿਸ਼ ਕੀਤਾ ਹੈ, ਨਾੜੀਆਂ ਸਰੀਰ-ਰੂਪੀ ਗੋਦੜੀ ਨੂੰ ਸਿਉਣ ਲਈ ਤੋਪਿਆਂ ਦਾ ਕੰਮ ਕਰ ਰਹੀਆਂ ਹਨ ਅਤੇ ਸਰੀਰ ਦੀ ਹਰੇਕ ਹੱਡੀ ਸੂਈ ਦਾ ਕੰਮ ਕਰ ਰਹੀ ਹੈ, ਜਿਸ ਨਾਲ ਇਹ ਗੋਦੜੀ ਸੀਤੀ ਜਾਂਦੀ ਹੈ। ਮਾਤਾ-ਪਿਤਾ ਦੇ ਰਕਤ-ਬੂੰਦ ਰਾਹੀਂ ਅਕਾਲ ਪੁਰਖ ਨੇ ਤੇਰਾ ਇਹ ਸਰੀਰ ਰੂਪੀ-ਡੰਡਾ ਖੜਾ ਕਰ ਦਿੱਤਾ ਹੈ, ਇਸ ਦੀ ਰਚਨਾ ਕਰ ਦਿੱਤੀ ਹੈ। ਯੋਗੀ ਨੂੰ ਮੁਖ਼ਾਤਿਬ ਹਨ ਕਿ ਤੂੰ ਆਪਣੀ ਇਸ ਸਰੀਰ-ਰੂਪੀ ਗੋਦੜੀ ਦਾ ਕੀ ਮਾਣ ਕਰਦਾ ਹੈਂ? ਭਾਵ ਇਹ ਤਾਂ ਅਕਾਲ ਪੁਰਖ ਨੇ ਰਚਿਆ ਹੈ:
ਤਾਗਾ ਕਰਿ ਕੈ ਲਾਈ ਥਿਗਲੀ॥
ਲਉ ਨਾੜੀ ਸੂਆ ਹੈ ਅਸਤੀ॥
ਅੰਭੈ ਕਾ ਕਰਿ ਡੰਡਾ ਧਰਿਆ॥
ਕਿਆ ਤੂ ਜੋਗੀ ਗਰਬਹਿ ਪਰਿਆ॥੧॥
ਆਪਣੇ ਆਪ ਨੂੰ ਦੁਨੀਆਂ ਤੋਂ ਵਿਰਕਤ ਕਰਨ ਲਈ ਯੋਗੀ ਕਈ ਕਿਸਮ ਦੀ ਕਿਰਿਆ ਕਰਦੇ ਹਨ ਅਤੇ ਉਨ੍ਹਾਂ ਵਿਚੋਂ ਹੀ ਇੱਕ ਹੈ ਪਿੰਡੇ ‘ਤੇ ਸੁਆਹ ਮਲ ਕੇ ਰੱਖਣਾ। ਇਸੇ ਦੇ ਹਵਾਲੇ ਨਾਲ ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਆਪਣੇ ਸਰੀਰ ‘ਤੇ ਬਹੁਤ ਸਾਰੀ ਸੁਆਹ ਮਲ ਕੇ ਸਮਾਧੀ ਲਾ ਕੇ ਬੈਠਾ ਹੋਇਆ ਹੈਂ ਅਤੇ ਕੰਨ ਪੜਵਾ ਕੇ ਮੁੰਦਰਾਂ ਵੀ ਪਾਈਆਂ ਹੋਈਆਂ ਹਨ; ਇਹ ਬਾਹਰੀ ਚਿੰਨ੍ਹ ਧਾਰਨ ਕਰਨ ਦੇ ਬਾਵਜੂਦ ਤੂੰ ਦੁਨੀਆਂ ਤੋਂ ਵਿਰਕਤ ਤਾਂ ਹੋਇਆ ਨਹੀਂ? ਤੇਰੇ ਅੰਦਰ ਆਮ ਬੰਦਿਆਂ ਦੀ ਤਰ੍ਹਾਂ ਹੀ ਮੇਰ-ਤੇਰ ਭਰੀ ਹੋਈ ਹੈ। ਤੂੰ ਘਰ ਘਰ ਜਾ ਕੇ ਲੋਕਾਂ ਪਾਸੋਂ ਮੰਗ ਕੇ ਖਾਂਦਾ ਹੈਂ ਅਤੇ ਤੇਰੇ ਅੰਦਰ ਸਬਰ-ਸੰਤੋਖ ਨਹੀਂ ਹੈ, ਤੇਰੀ ਭੁੱਖ ਤਾਂ ਤ੍ਰਿਪਤ ਨਹੀਂ ਹੁੰਦੀ। ਉਸ ਨੂੰ ਪ੍ਰਸ਼ਨ ਕਰਦੇ ਹਨ ਕਿ ਉਹ ਅਕਾਲ ਪੁਰਖ ਜੋ ਸਾਰੀ ਦੁਨੀਆਂ ਦਾ ਮਾਲਕ ਹੈ, ਉਸ ਕੋਲੋਂ ਮੰਗਣ ਦੀ ਥਾਂ ਤੂੰ ਲੋਕਾਂ ਕੋਲੋਂ ਘਰ ਘਰ ਜਾ ਕੇ ਮੰਗਦਾ ਹੈਂ, ਤੈਨੂੰ ਕੋਈ ਸ਼ਰਮ ਨਹੀਂ ਆ ਰਹੀ?
ਗਹਰੀ ਬਿਭੂਤ ਲਾਇ ਬੈਠਾ ਤਾੜੀ॥
ਮੇਰੀ ਤੇਰੀ ਮੁੰਦ੍ਰਾ ਧਾਰੀ॥
ਮਾਗਹਿ ਟੂਕਾ ਤ੍ਰਿਪਤਿ ਨ ਪਾਵੈ॥
ਨਾਥੁ ਛੋਡਿ ਜਾਚਹਿ ਲਾਜ ਨ ਆਵੈ॥੨॥
ਯੋਗੀ ਨੂੰ ਅੱਗੇ ਦੱਸਦੇ ਹਨ ਕਿ ਤੇਰਾ ਮਨ ਤਾਂ ਸਦਾ ਡੋਲਦਾ ਰਹਿੰਦਾ ਹੈ, ਇਸ ਲਈ ਸਮਾਧੀ ਲਾ ਕੇ ਬੈਠਣ ਜਾਂ ਆਸਣ ਜਮਾ ਕੇ ਬੈਠਣਾ ਕਿਸੇ ਕੰਮ ਨਹੀਂ ਹੈ, ਇਹ ਸਮਾਧੀ ਬੇਕਾਰ ਹੈ। ਭਾਵੇਂ ਦਿਖਾਵੇ ਲਈ ਤੇਰੀ ਸਿੰਙੀ ਵੱਜ ਰਹੀ ਹੈ ਪਰ ਤੇਰੇ ਮਨ ਦੀ ਭਟਕਣ ਨਹੀਂ ਮੁੱਕੀ। ਭਾਵ ਦਿਖਾਵੇ ਲਈ ਤੂੰ ਤਿਆਗੀ ਬਣਿਆ ਫਿਰਦਾ ਹੈਂ ਪਰ ਦੁਨਿਆਵੀ ਚੀਜ਼ਾਂ ਲਈ ਤੇਰਾ ਮਨ ਭਟਕ ਰਿਹਾ ਹੈ, ਇਸ ਵਿਚ ਕੋਈ ਠਹਿਰਾਉ ਨਹੀਂ ਹੈ। ਸਿੰਙੀ ਇਕਾਗਰਤਾ ਦੀ ਪ੍ਰਤੀਕ ਹੈ ਜਿਸ ਨੂੰ ਯੋਗੀ ਇਕਾਗਰਤਾ ਲਈ ਵਜਾਉਂਦੇ ਹਨ। ਯੋਗੀ ਨੂੰ ਅੱਗੇ ਦੱਸਦੇ ਹਨ ਕਿ ਜਦੋਂ ਮਨ ਨੇ ਡੋਲਣਾ ਨਹੀਂ ਛੱਡਿਆ, ਤੂੰ ਇਕਾਗਰ-ਚਿੱਤ ਹੋ ਕੇ ਉਸ ਵਿਚ ਲੀਨ ਨਹੀਂ ਹੋ ਸਕਿਆ ਤਾਂ ਇਸ ਦਾ ਅਰਥ ਇਹੀ ਬਣਦਾ ਹੈ ਕਿ ਦੁਨੀਆਂ ਦੇ ਮਾਲਕ ਉਸ ਸਭ ਤੋਂ ਵੱਡੇ ਗੋਰਖ ਦੀ ਤੈਨੂੰ ਕੋਈ ਸੋਝੀ ਹੀ ਨਹੀਂ ਪਈ, ਤੂੰ ਉਸ ਦੀ ਸਮਝ ਹਾਸਲ ਹੀ ਨਹੀਂ ਕਰ ਸਕਿਆ। ਇਹੋ ਜਿਹਾ ਯੋਗੀ ਜਨਮ-ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ, ਉਸ ਦਾ ਜਨਮ-ਮਰਨ ਦਾ ਗੇੜ ਮੁੱਕਦਾ ਨਹੀਂ:
ਚਲਚਿਤ ਜੋਗੀ ਆਸਣੁ ਤੇਰਾ॥
ਸਿੰਙੀ ਵਾਜੈ ਨਿਤ ਉਦਾਸੇਰਾ॥
ਗੁਰ ਗੋਰਖ ਕੀ ਤੈ ਬੂਝ ਨ ਪਾਈ॥
ਫਿਰਿ ਫਿਰਿ ਜੋਗੀ ਆਵੈ ਜਾਈ॥੩॥
ਅਗਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਦੱਸਦੇ ਹਨ ਕਿ ਉਸ ਨੂੰ ਪਾਉਣ ਲਈ ਅਸਲੀ ਰਸਤਾ ਉਸ ਦੀ ਮਿਹਰ ਦਾ ਪਾਤਰ ਬਣਨਾ ਹੈ; ਮਿਹਰ ਤੋਂ ਬਿਨਾ ਯੋਗੀਆਂ ਵਾਲੇ ਚਿੰਨ੍ਹ ਧਾਰਨ ਕਰਨਾ ਕੋਈ ਮਾਅਨੇ ਨਹੀਂ ਰੱਖਦਾ। ਭਾਵ ਜੇ ਮਨ ਉਸ ਦੇ ਨਾਮ ਵਿਚ ਭਿੱਜਦਾ ਨਹੀਂ, ਸੁਰਤਿ ਉਸ ਦੀ ਸੁਰਤਿ ਨਾਲ ਇਕਸੁਰ ਨਹੀਂ ਹੁੰਦੀ ਫਿਰ ਬਾਹਰੀ ਭੇਖ ਧਾਰਨ ਕਰਨਾ ਵਿਆਰਥ ਹੈ। ਯੋਗੀ ਨੂੰ ਸੰਬੋਧਨ ਕਰਦੇ ਹਨ ਕਿ ਹੇ ਯੋਗੀ! ਜਿਸ ਮਨੁੱਖ ਉਤੇ ਉਹ ਸਾਰੀ ਦੁਨੀਆਂ ਦਾ ਮਾਲਕ ਮਿਹਰ ਕਰਦਾ ਹੈ, ਉਹ ਮਨੁੱਖ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਕਿ ਹੇ ਦੀਨ-ਦੁਨੀ ਦੇ ਮਾਲਕ! ਗੁਰ ਗੋਪਾਲ! ਸਾਡੀ ਅਰਦਾਸ ਤੇਰੇ ਦਰ ‘ਤੇ ਹੀ ਹੈ, ਸਾਡੇ ‘ਤੇ ਮਿਹਰ ਕਰ ਅਤੇ ਆਪਣੇ ਨਾਮ ਦਾ ਦਾਨ ਦੇ, ਤੇਰਾ ਨਾਮ ਹੀ ਸਾਡੀ ਗੋਦੜੀ ਹੈ, ਤੇਰਾ ਨਾਮ ਹੀ ਸਾਡਾ ਭਗਵਾਂ ਵੇਸ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਜਿਹਾ ਮਨੁੱਖ ਹੀ ਅਸਲ ਯੋਗੀ ਹੈ ਅਤੇ ਉਸ ਦਾ ਮਨ ਕਦੇ ਡੋਲਦਾ ਨਹੀਂ ਹੈ:
ਜਿਸ ਨੋ ਹੋਆ ਨਾਥੁ ਕ੍ਰਿਪਾਲਾ॥
ਰਹਰਾਸਿ ਹਮਾਰੀ ਗੁਰ ਗੋਪਾਲਾ॥
ਨਾਮੈ ਖਿੰਥਾ ਨਾਮੈ ਬਸਤਰੁ॥
ਜਨ ਨਾਨਕ ਜੋਗੀ ਹੋਆ ਅਸਥਿਰੁ॥੪॥
ਇਸ ਸ਼ਬਦ ਵਿਚ ਵੀ ਦੋ ਰਹਾਉ ਹਨ। ਦੂਸਰੇ ਰਹਾਉ ਵਿਚ ਕੇਂਦਰੀ ਭਾਵ ਦੱਸਦੇ ਹਨ ਕਿ ਜੋ ਮਨੁੱਖ ਇਸ ਤਰ੍ਹਾਂ ਦੁਨੀਆਂ ਦੇ ਮਾਲਕ ਉਸ ਅਕਾਲ ਪੁਰਖ ਨੂੰ ਸਿਮਰਦਾ ਹੈ, ਉਸ ਨੇ ਇਸੇ ਜਨਮ ਵਿਚ ਹੀ ਉਸ ਸਭ ਤੋਂ ਵੱਡੇ ਇਸ ਸੰਸਾਰ ਦੇ ਮਾਲਕ ਨਾਲ ਇਕਸੁਰਤਾ ਪ੍ਰਾਪਤ ਕਰ ਲਈ ਹੈ, ਉਸ ਦਾ ਮੇਲ ਹੋ ਗਿਆ ਹੈ:
ਇਉ ਜਪਿਆ ਨਾਥੁ ਦਿਨੁ ਰੈਨਾਈ॥
ਹੁਣਿ ਪਾਇਆ ਗੁਰੁ ਗੋਸਾਈ॥੧॥ ਰਹਾਉ ਦੂਜਾ॥੨॥੧੩॥ (ਪੰਨਾ ੮੮੬)