ਨੀਅਤਾਂ ਚੰਗੀਆਂ ਨੂੰ ਲੱਗਦੇ ਫਲ ਲੋਕੋ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਅਮਰੀਕਾ ਦੀ ਮਿਸ਼ੀਗਨ ਸਟੇਟ ਵਿਚ ਰਹਿੰਦੇ ਕੇਵਲ ਸਿੰਘ ਤੂਰ ਨੇ ਆਪਣੇ ਵਿਗੜੇ ਪੁੱਤ ਨੂੰ ਸੂਤ ਕਰਨ ਲਈ ਉਸ ਦੇ ਨੱਕ ਵਿਚ ਵਿਆਹ ਦੀ ਨੱਥ ਪਾਉਣ ਲਈ ਪੱਕਾ ਮਨ ਬਣਾ ਲਿਆ। ਕਈ ਯਾਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਰਿਸ਼ਤਾ ਕਰਵਾਉਣ ਲਈ ਕਿਹਾ, ਪਰ ਸਭ ਨੂੰ ਪੁੱਤ ਦੀਆਂ ਕਰਤੂਤਾਂ ਦਾ ਪਤਾ ਸੀ। ਜਦੋਂ ਗੱਲ ਨਾ ਬਣੀ ਤਾਂ ਕੇਵਲ ਸਿੰਘ ਨੇ ਸਾਰੇ ਪਰਿਵਾਰ ਦੀਆਂ ਇੰਡੀਆ ਵਾਸਤੇ ਟਿਕਟਾਂ ਕਟਵਾ ਲਈਆਂ।

ਮਨਵੀਰ ਤੋਂ ‘ਮਾਵੀ’ ਬਣਿਆ ਉਹ ਸਰਕਸ ਦਾ ਜੋਕਰ ਲੱਗਦਾ ਸੀ, ਪਰ ਪੰਜਾਬ ਵਿਚ ਉਸ ਲਈ ਰਿਸ਼ਤਿਆਂ ਦੀਆਂ ਲਾਈਨਾਂ ਲੱਗ ਗਈਆਂ। ਰਾੜਾ ਸਾਹਿਬ ਕੋਲ ਪਿੰਡ ਵਿਚ ਮਾਵੀ ਦਾ ਰਿਸ਼ਤਾ ਪੱਕਾ ਹੋ ਗਿਆ। ਕੁੜੀ ਸੋਹਣੀ-ਸੁਨੱਖੀ ਤੇ ਲੰਬੀ ਸੀ। ਰਾੜਾ ਸਾਹਿਬ ਹੀ ਦੇਖ-ਦਿਖਾਈ ਹੋਈ। ਬਿਨਾ ਦਾਜ ਦੇ ਵਿਆਹ ਦੀ ਗੱਲ ਪੱਕੀ ਹੋਈ। ਕੇਵਲ ਸਿੰਘ ਨੇ ਬਰਾਤੀਆਂ ਦੀ ਪੂਰੀ ਸੇਵਾ ਕਰਨ ਦਾ ਵਾਅਦਾ ਲੈ ਕੇ ਦਿਨ ਪੱਕਾ ਕਰ ਦਿੱਤਾ। ਮਾਵੀ ਚਾਈਂ-ਚਾਈਂ ਕੋਮਲ ਨੂੰ ਵਿਆਹ ਲਿਆਇਆ।
ਮਹੀਨਾ ਪੰਜਾਬ ਰਹਿ ਕੇ ਸਾਰਾ ਪਰਿਵਾਰ ਵਾਪਸ ਆ ਗਿਆ ਅਤੇ ਕੋਮਲ ਦੇ ਪੇਪਰ ਭਰ ਦਿਤੇ। ਅੱਠ ਮਹੀਨਿਆਂ ਬਾਅਦ ਉਹ ਵੀ ਆ ਗਈ। ਮਹਿਲਾਂ ਵਰਗਾ ਘਰ ਵੇਖ ਕੇ ਉਸ ਦੇ ਭੁੰਜੇ ਪੈਰ ਨਾ ਲੱਗਣ। ਸੁਪਨੇ ਵਿਚ ਦੇਖੀਆਂ ਕਾਰਾਂ ਬੂਹੇ ਅੱਗੇ ਖੜ੍ਹੀਆਂ ਦੇਖੀਆਂ। ਕੋਮਲ ਨੂੰ ਲੱਗਿਆ, ਉਹ ਜਿਵੇਂ ਸਵਰਗਾਂ ਵਿਚ ਆ ਗਈ ਹੋਵੇ। ਥੋੜ੍ਹਾ ਸਮਾਂ ਲੰਘਿਆ ਤਾਂ ਉਸ ਨੂੰ ਮਾਵੀ ਦੀਆਂ ਕਰਤੂਤਾਂ ਦਿਸਣ ਲੱਗੀਆਂ। ਸਾਰੀ ਰਾਤ ਦੋਸਤ ਮੁੰਡੇ-ਕੁੜੀਆਂ ਨਾਲ ਆਵਾਰਾਗਰਦੀ। ਫਿਰ ਕੰਮ ‘ਤੇ ਟਾਈਮ ਨਾਲ ਨਾ ਪਹੁੰਚਣਾ। ਉਸ ਕੋਲੋਂ ਸਿਗਰਟਾਂ ਦੀ ਬਦਬੂ ਆਉਂਦੀ ਤਾਂ ਕੋਮਲ ਕਿਸਮਤ ਨੂੰ ਕੋਸਣ ਲੱਗਦੀ।
ਸੱਸ ਸਹੁਰਾ ਉਸ ਦਾ ਬਹੁਤ ਖਿਆਲ ਰੱਖਦੇ। ਇਸੇ ਤਰ੍ਹਾਂ ਸਾਲ ਲੰਘ ਗਿਆ ਤੇ ਮਾਵੀ ਘਰ ਧੀ ਨੇ ਜਨਮ ਲਿਆ। ਕੋਮਲ ਸੋਚਦੀ ਕਿ ਹੁਣ ਇਹ ਧੀ ਦਾ ਬਾਪ ਬਣ ਗਿਆ ਹੈ, ਸ਼ਾਇਦ ਸੁਧਰ ਜਾਵੇਗਾ, ਪਰ ਨਹੀਂ। ਹੌਲੀ-ਹੌਲੀ ਮਾਵੀ ਪਰਿਵਾਰਕ ਰਿਸ਼ਤਿਆਂ ਵਿਚੋਂ ਮੁੱਠੀ ਦੀ ਰੇਤ ਵਾਂਗ ਕਿਰਨ ਲੱਗ ਪਿਆ। ਉਹਨੇ ਮਾਰ-ਕੁਟਾਈ ਸ਼ੁਰੂ ਕਰ ਦਿਤੀ। ਕੋਮਲ ਨੇ ਪੰਜ ਸਾਲ ਇੰਤਜ਼ਾਰ ਕੀਤਾ, ਪਰ ਉਹ ਰਾਹ ਉਤੇ ਨਾ ਆਇਆ। ਅਖੀਰ ਸਿਰੋਂ ਪਾਣੀ ਲੰਘਦਾ ਵੇਖ ਕੋਮਲ ਨੇ ਮਾਵੀ ਤੋਂ ਤਲਾਕ ਲੈ ਲਿਆ। ਉਹ ਆਪਣੀ ਧੀ ਜਸਲੀਨ ਨੂੰ ਨਾਲ ਲੈ ਕੇ ਕੈਲੀਫੋਰਨੀਆ ਦੇ ਕਿਸੇ ਸ਼ਹਿਰ ਵਿਚ ਦੂਰ ਦੇ ਰਿਸ਼ਤੇਦਾਰ ਕੋਲ ਆ ਠਹਿਰੀ। ਉਨ੍ਹਾਂ ਉਸ ਨੂੰ ਆਪਣੇ ਕੋਲ ਇਕ ਸਾਲ ਰੱਖਿਆ। ਕੋਮਲ ਨੂੰ ਸਿਟੀਜ਼ਨਸ਼ਿਪ ਦਿਵਾ ਦਿੱਤੀ।
ਫਿਰ ਰਿਸ਼ਤੇਦਾਰਾਂ ਨੇ ਕੋਮਲ ਦਾ ਦੁਬਾਰਾ ਵਿਆਹ ਕਰਨ ਲਈ ਉਸ ਨੂੰ ਰਾਜ਼ੀ ਕਰ ਲਿਆ। ਪਿਛਲੇ ਦਸ ਸਾਲਾਂ ਤੋਂ ਵਰਕ ਪਰਮਿਟ ਉਤੇ ਅਮਰੀਕਾ ਵਿਚ ਰਹਿ ਰਿਹਾ ਗੁਰਸਿੱਖ ਮੁੰਡਾ ਦੇਖਿਆ ਜਿਸ ਕੋਲ ਆਪਣਾ ਟਰੱਕ-ਟਰੇਲਰ ਸੀ ਤੇ ਕੋਮਲ ਤੋਂ ਪੰਜ-ਛੇ ਸਾਲ ਵੱਡਾ ਸੀ। ਕੋਮਲ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਹਾਂ ਕਰ ਦਿੱਤੀ। ਮੋਹਣ ਸਿੰਘ ਨਾਲ ਵਿਆਹ ਕਰਵਾ ਕੇ ਕੋਮਲ ਨੂੰ ਲੱਗਿਆ, ਪਰਮਾਤਮਾ ਨੇ ਫਿਰ ਚੰਗੇ ਦਿਨ ਵਿਖਾ ਦਿਤੇ ਹਨ। ਮੋਹਣ ਸਿੰਘ ਨੇ ਵਿਆਹ ਤੋਂ ਬਾਅਦ ਚਾਰ ਬੈੱਡਰੂਮ ਵਾਲਾ ਘਰ ਖਰੀਦ ਲਿਆ। ਕੋਮਲ ਦੇ ਪਸੰਦ ਦਾ ਸਾਰਾ ਸਾਮਾਨ ਘਰ ਵਿਚ ਲਿਆਂਦਾ। ਦੋਵੇਂ ਆਪਣੀ ਜ਼ਿੰਦਗੀ ਦੀ ਗੱਡੀ ਅਗਾਂਹ ਤੋਰਨ ਲੱਗੇ। ਫਿਰ ਉਨ੍ਹਾਂ ਦੇ ਘਰ ਦੋ ਪੁੱਤਰ ਆ ਗਏ।
ਮੋਹਣ ਸਿੰਘ ਨੇ ਵੀ ਨਹੀਂ ਸੋਚਿਆ ਸੀ ਕਿ ਰੱਬ ਛੱਪਰ ਪਾੜ ਕੇ ਇੰਨੀਆਂ ਦਾਤਾਂ ਇਕੱਠੀਆਂ ਹੀ ਦੇ ਦੇਵੇਗਾ। ਪੁੱਤਰਾਂ ਦੀ ਲੋਹੜੀ ਤੋਂ ਪਹਿਲਾਂ ਉਸ ਨੂੰ ਗਰੀਨ ਕਾਰਡ ਮਿਲ ਗਿਆ। ਉਹ ਸਾਰੇ ਪਰਿਵਾਰ ਨੂੰ ਲੈ ਕੇ ਬਾਰ੍ਹਾਂ ਸਾਲਾਂ ਬਾਅਦ ਆਪਣੇ ਮਾਪਿਆਂ ਦੇ ਸੀਨੇ ਲੱਗਿਆ। ਮਾਂ ਤਾਂ ਕੋਮਲ ਨੂੰ ਬੁੱਕਲ ਵਿਚੋਂ ਨਾ ਕੱਢੇ ਜਿਸ ਨੇ ਉਨ੍ਹਾਂ ਦਾ ਪੁੱਤਰ ਮਿਲਾਇਆ। ਸਾਰਾ ਪਰਿਵਾਰ ਦੋ ਮਹੀਨੇ ਰਹਿ ਕੇ ਵਾਪਸ ਆ ਗਿਆ। ਕੋਮਲ ਆਪਣੀ ਪਸੰਦ ਦੀ ਖਰੀਦਦਾਰੀ ਕਰ ਕੇ ਪ੍ਰਸੰਨ ਹੋ ਗਈ ਸੀ। ਮੋਹਣ ਨੇ ਇਕ ਵਾਰ ਵੀ ਖਰਚੇ ਤੋਂ ਹੱਥ ਨਹੀਂ ਘੁੱਟਿਆ। ਮੋਹਣ ਤਾਂ ਜਸਲੀਨ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀ ਜਿਸ ਕਰ ਕੇ ਕੋਮਲ, ਮੋਹਣੇ ਦੇ ਪਿਆਰ ਵਿਚ ਭਿੱਜ ਜਾਂਦੀ ਸੀ। ਕੋਮਲ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਹੁਣ ਉਸ ਨੇ ਆਪਣੇ ਮਾਪਿਆਂ ਦੇ ਪੇਪਰ ਵੀ ਭਰ ਦਿਤੇ ਸਨ। ਬੱਚੇ ਵੱਡੇ ਹੋ ਰਹੇ ਸਨ। ਸਾਰਾ ਪਰਿਵਾਰ ਖੁਸ਼ੀ ਵਿਚ ਹੱਸਦਾ-ਵੱਸਦਾ ਸੀ।
ਫਿਰ ਇਕ ਦਿਨ ਪਿੰਡੋਂ ਫੋਨ ਆਇਆ ਕਿ ਮੋਹਣ ਦੀ ਭੈਣ ਦਾ ਪਤੀ ਐਕਸੀਡੈਂਟ ਵਿਚ ਮਾਰਿਆ ਗਿਆ ਜਿਹੜਾ ਦੋ ਧੀਆਂ ਤੇ ਇਕ ਪੁੱਤ ਦਾ ਪਿਉ ਸੀ। ਮੋਹਣ ਨੂੰ ਲੱਗਿਆ, ਸਿਖਰ ਦੁਪਹਿਰੇ ਅਸਮਾਨੀ ਬਿਜਲੀ ਡਿੱਗ ਪਈ ਹੋਵੇ। ਉਹ ਭੈਣ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਇੰਡੀਆ ਜਹਾਜ਼ ਚੜ੍ਹ ਗਿਆ। ਭੈਣ ਦਾ ਦੁੱਖ ਦੇਖ ਕੇ ਉਹ ਧਾਹਾਂ ਮਾਰ-ਮਾਰ ਰੋਇਆ। ਭੈਣ ਨੂੰ ਦਿਲਾਸਾ ਦੇ ਕੇ ਵਾਪਸ ਆ ਗਿਆ। ਹੁਣ ਮੋਹਣ ਦਾ ਧਿਆਨ ਕਦੇ ਆਪਣੇ ਪਰਿਵਾਰ ਤੇ ਕਦੇ ਭੈਣ ਦੇ ਪਰਿਵਾਰ ਵੱਲ ਘੁੰਮਦਾ ਰਹਿੰਦਾ। ਗੁਰਬਾਣੀ ਦਾ ਸਹਾਰਾ ਉਸ ਨੂੰ ਹਮੇਸ਼ਾ ਅਡੋਲ ਰੱਖਦਾ। ਸਮਾਂ ਲੰਘਦਾ ਗਿਆ। ਮੋਹਣ ਨੇ ਆਪਣੇ ਮਾਪਿਆਂ ਦੇ ਪੇਪਰ ਭਰ ਦਿਤੇ। ਆਪਣੇ ਮਾਤਾ-ਪਿਤਾ ਨੂੰ ਸੱਦ ਕੇ ਬਹੁਤ ਖੁਸ਼ ਹੋਇਆ। ਕੋਮਲ ਨੇ ਵੀ ਸੱਸ-ਸਹੁਰੇ ਦੀ ਸੇਵਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਜਸਲੀਨ ਅਠਾਰਾਂ ਸਾਲਾਂ ਦੀ ਹੋ ਗਈ। ਮੋਹਣ ਦੀ ਭੈਣ ਨੇ ਰਾਇ ਦਿੱਤੀ ਕਿ ਜਸਲੀਨ ਦਾ ਕਾਗਜ਼ੀ ਵਿਆਹ ਉਹਦੇ ਪੁੱਤ ਮਿੱਠੂ ਨਾਲ ਕਰ ਦੇਈਏ, ਮਿੱਠੂ ਨਾਲ ਉਹ ਵੀ ਅਮਰੀਕਾ ਆ ਜਾਵੇਗੀ ਤੇ ਧੀਆਂ ਲਈ ਵੀ ਵਧੀਆ ਵਰ ਮਿਲ ਜਾਣਗੇ। ਮੋਹਣ ਦਾ ਕਹਿਣਾ ਸੀ ਕਿ ਉਹ ਆਪਣੀ ਧੀ ਦਾ ਵਿਆਹ ਆਪਣੇ ਹੀ ਭਾਣਜੇ ਨਾਲ ਕਿੰਜ ਕਰ ਦੇਵੇ!
“ਤੇਰੀ ਕਿਹੜਾ ਅਸਲੀ ਧੀ ਹੈ।” ਵਿਧਵਾ ਭੈਣ ਦੇ ਮੂੰਹੋਂ ਸੁਣ ਕੇ ਮੋਹਣ ਦਾ ਪਾਰਾ ਚੜ੍ਹ ਗਿਆ। ਕੋਮਲ ਨੇ ਕਹਿ-ਸੁਣ ਕੇ ਗੱਲ ਠੰਢੀ ਕਰ ਦਿੱਤੀ ਤੇ ਸੋਚਣ ਲਈ ਕਿਹਾ। ਫਿਰ ਦੋਵਾਂ ਨੇ ਰਾਇ ਕਰ ਕੇ ਜਸਲੀਨ ਤੇ ਕੋਮਲ ਨੂੰ ਇੰਡੀਆ ਭੇਜ ਦਿੱਤਾ। ਫਰਜ਼ੀ ਵਿਆਹ ਕਰਨ ਲੱਗੇ ਸੀ, ਪਰ ਮੋਹਣ ਦੀ ਭੈਣ ਨੇ ਵਿਆਹ ਦੇ ਸ਼ਗਨ ਕਰ ਕੇ ਜਸਲੀਨ ਨੂੰ ਆਪਣੀ ਨੂੰਹ ਮੰਨ ਲਿਆ। ਜਸਲੀਨ ਵੀ ਮਿੱਠੂ ਨੂੰ ਪਿਆਰ ਕਰਨ ਲੱਗ ਪਈ। ਜਵਾਨੀ ਦੇ ਜੋਸ਼ ਵਿਚ ਉਹ ਆਪਣੇ ਅਸਲੀ ਰਿਸ਼ਤੇ ਦੀ ਹੋਸ਼ ਭੁੱਲ ਬੈਠੇ ਤੇ ਅਸਲੀ ਪਤੀ-ਪਤਨੀ ਬਣ ਗਏ। ਕੋਮਲ ਨੇ ਸਾਰਾ ਕੁਝ ਮੋਹਣ ਨੂੰ ਦੱਸਿਆ ਤਾਂ ਉਹ ਬਹੁਤ ਗੁੱਸੇ ਹੋਇਆ। ਕੋਮਲ, ਜਸਲੀਨ ਨੂੰ ਲੈ ਕੇ ਵਾਪਸ ਆ ਗਈ। ਤਿੰਨ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਮੋਹਣ ਤਾਂ ਪਾਗਲ ਹੋਣ ਵਾਲਾ ਹੋ ਗਿਆ- ਕੀ ਸੋਚਿਆ ਸੀ ਤੇ ਭੈਣ ਨੇ ਕੀ ਬਣਾ ਦਿੱਤਾ! ਭਾਣਜੇ ਨੂੰ ਜਵਾਈ ਕਿਸ ਤਰ੍ਹਾਂ ਮੰਨੇ! ਘਰੇ ਬਹੁਤ ਰੌਲਾ ਪਿਆ, ਪਰ ਪਾਣੀ ਤਾਂ ਪੁਲਾਂ ਥੱਲਿਉਂ ਲੰਘ ਚੁੱਕਿਆ ਸੀ।
ਜੋ ਕੁਝ ਹੋ ਗਿਆ ਸੀ, ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਸੀ। ਕੋਮਲ ਨੇ ਧੀ ਦਾ ਘਰ ਵਸਾਉਣ ਲਈ ਮਿੱਠੂ ਦੇ ਪੇਪਰ ਭਰਾ ਦਿਤੇ। ਸਾਲ ਵਿਚ ਹੀ ਮਿੱਠੂ ਅਮਰੀਕਾ ਆ ਗਿਆ। ਵਿਧਵਾ ਭੈਣ ਦੀ ਤਾਂ ਸ਼ਾਇਦ ਗੱਡੀ ਲੀਹ ਉਤੇ ਆ ਗਈ, ਪਰ ਮੋਹਣ ਸਿੰਘ ਚੱਕੀ ਦੇ ਦੋ ਪੁੜਾਂ ਵਿਚਕਾਰ ਆ ਗਿਆ। ਮਿੱਠੂ ਕਹੇ- ਉਹਨੇ ਮਾਮੇ ਨਾਲ ਨਹੀਂ ਰਹਿਣਾ। ਪੜ੍ਹਾਈ ਦੀ ਉਮਰੇ ਹੀ ਜਸਲੀਨ ਨੂੰ ਗ੍ਰਹਿਸਥੀ ਜੀਵਨ ਦੀ ਤਾਣੀ ਨੇ ਉਲਝਾ ਦਿਤਾ। ਉਹਨੇ ਅਗਲੀ ਪੜ੍ਹਾਈ ਛੱਡ ਦਿਤੀ। ਮਿੱਠੂ ਨੂੰ ਕਾਰ ਦਾ ਲਾਇਸੈਂਸ ਦਿਵਾ ਕੇ ਫਿਰ ਟਰੱਕ ਦਾ ਲਾਇਸੈਂਸ ਦਿਵਾਇਆ। ਸਾਲ ਵਿਚ ਮਿੱਠੂ ਨੂੰ ਅਮਰੀਕਾ ਦੀ ਆਜ਼ਾਦੀ ਨੇ ਆਪਣੇ ਰੰਗ ਵਿਚ ਰੰਗਣਾ ਸ਼ੁਰੂ ਕਰ ਦਿਤਾ। ਉਹ ਹੌਲੀ-ਹੌਲੀ ਕੋਮਲ ਦੇ ਪਹਿਲੇ ਪਤੀ ਮਾਵੀ ਦਾ ਰੂਪ ਧਾਰਨ ਲੱਗ ਪਿਆ। ਜਸਲੀਨ ਦੇ ਵੀ ਅੱਗੇ ਧੀ ਨੇ ਜਨਮ ਲੈ ਲਿਆ। ਕੋਮਲ ਨੇ ਜੋ ਆਪਣੇ ਪਿੰਡੇ ਦਰਦ ਹੰਢਾਇਆ ਸੀ, ਉਹ ਦਰਦ ਹੁਣ ਉਸ ਦੀ ਧੀ ਜਸਲੀਨ ਹੰਢਾ ਰਹੀ ਸੀ।
ਮੋਹਣ ਨੂੰ ਵਿਧਵਾ ਹੋਈ ਭੈਣ, ਡੈਣ ਦਿਸਣ ਲੱਗੀ, ਪਰ ਉਹ ਕਹਿ ਕੁਝ ਨਹੀਂ ਸੀ ਸਕਦਾ। ਮਿੱਠੂ ਨੇ ਮਾਂ ਦੇ ਪੇਪਰ ਭਰ ਕੇ ਉਸ ਨੂੰ ਇਥੇ ਸੱਦ ਲਿਆ। ਕੋਮਲ ਨੇ ਸੋਚਿਆ ਕਿ ਭੈਣ ਜੀ ਦੇ ਆਉਣ ਨਾਲ ਸ਼ਾਇਦ ਉਸ ਦੀ ਧੀ ਦੇ ਦੁੱਖਾਂ ਭਰੇ ਜ਼ਖ਼ਮਾਂ ‘ਤੇ ਮਲ੍ਹਮ ਲੱਗ ਜਾਵੇਗੀ, ਪਰ ਇੰਜ ਨਹੀਂ ਹੋਇਆ। ਉਸ ਨੇ ਤਾਂ ਮੱਠੀ ਹੁੰਦੀ ਅੱਗ ਵਿਚ ਫੂਕਾਂ ਮਾਰ ਕੇ ਭਾਂਬੜ ਬਾਲ ਦਿਤੇ, ਜਸਲੀਨ ਦਾ ਚਾਲ-ਚਲਨ ਸਹੀ ਨਹੀਂ ਹੈ। ਜਿਹੜੀ ਭੈਣ ਦੇ ਦੁੱਖਾਂ ਵੇਲੇ ਮੋਹਣ ਧਾਹੀਂ ਰੋਂਦਾ ਸੀ, ਉਹੀ ਭੈਣ ਅੱਜ ਮੋਹਣ ਨੂੰ ਦੁੱਖ ਦੇ ਰਹੀ ਸੀ। ਮੋਹਣ ਨੇ ਬਹੁਤ ਸਮਝਾਇਆ ਕਿ ਇੰਜ ਨਾ ਕਰ, ਪਰ ਭੈਣ ਠਾਣੇਦਾਰ ਵਾਂਗ ਗਰਜਦੀ ਸੀ।
ਭੈਣ ਦੇ ਕੰਨ ਵਿਚ ਕਿਸੇ ਨੇ ਕਹਿ ਦਿੱਤਾ ਕਿ ਨੂੰਹ ਨੂੰ ਤਲਾਕ ਦੇ, ਤੇ ਆਪਣਾ ਮਿੱਠੂ ਇੰਡੀਆ ਜਾ ਕੇ ਦੁਬਾਰਾ ਵਿਆਹ ਲਿਆ, ਨਾਲੇ ਅਗਲਿਆਂ ਤੋਂ ਦਾਜ ਪੂਰਾ ਲਈਂ। ਅਕਲ ਤੋਂ ਖਾਲੀ ਭੈਣ ਨੇ ਝੱਟ ਗੱਲ ਮੰਨ ਲਈ। ਜਸਲੀਨ ਨੂੰ ਇੰਨਾ ਜਲੀਲ ਕੀਤਾ ਕਿ ਉਹ ਤਲਾਕ ਲਈ ਮਜਬੂਰ ਹੋ ਗਈ। ਭੈਣ, ਮਿੱਠੂ ਨੂੰ ਲੈ ਕੇ ਇੰਡੀਆ ਆ ਗਈ। ਕਈ ਥਾਈਂ ਕੁੜੀਆਂ ਦੇਖੀਆਂ, ਪਰ ਗੱਲ ਨਾ ਬਣੀ। ਸੋਹਣੀ ਕੁੜੀ ਮਿਲੇ ਤਾਂ ਦਾਜ ਨਾ ਮਿਲੇ। ਜੇ ਦਾਜ ਮਿਲੇ ਤਾਂ ਕੁੜੀ ਸੋਹਣੀ ਨਾ ਹੋਵੇ। ਅਖੀਰ ਮਾਂ-ਪੁੱਤ ਨੇ ਵਾਪਸ ਮੁੜਨ ਦੀ ਸਲਾਹ ਬਣਾਈ। ਵਾਪਸ ਆਉਣ ਤੋਂ ਪਹਿਲਾਂ ਮਾਂ-ਪੁੱਤ ਦਾ ਐਕਸੀਡੈਂਟ ਹੋ ਗਿਆ। ਮਿੱਠੂ ਥਾਂ ‘ਤੇ ਹੀ ਪੂਰਾ ਹੋ ਗਿਆ। ਭੈਣ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਅਸਮਾਨੀਂ ਚੜ੍ਹੀ ਗੁੱਡੀ ਇਕਦਮ ਥੱਲੇ ਆਣ ਲੱਥੀ। ਹਸਪਤਾਲ ਵਿਚ ਦਾਖਲ ਭੈਣ ਆਖਰੀ ਸਮੇਂ ਪੁੱਤ ਦਾ ਮੂੰਹ ਵੀ ਨਾ ਦੇਖ ਸਕੀ। ਮੋਹਣ ਤੋਂ ਫਿਰ ਵੀ ਨਾ ਰਿਹਾ ਗਿਆ। ਉਹ ਕੋਮਲ ਨੂੰ ਲੈ ਕੇ ਜਹਾਜ਼ ਚੜ੍ਹ ਗਿਆ, ਪਰ ਹੁਣ ਸਮਾਂ ਲੰਘ ਚੁੱਕਾ ਸੀ। ਭੈਣ ਵ੍ਹੀਲਚੇਅਰ ਉਤੇ ਬੈਠੀ ਹੱਥ ਜੋੜੀ ਜਾਂਦੀ ਸੀ। ਜਿਸ ਨੇ ਹੱਥੀਂ ਬੂਟਾ ਲਾ ਕੇ ਆਪ ਹੀ ਪੁੱਟ ਦਿੱਤਾ ਸੀ, ਉਸ ਕੋਲ ਸਿਰਫ ਪਛਤਾਵਾ ਰਹਿ ਗਿਆ ਸੀ।
ਉਧਰ, ਕੇਵਲ ਸਿੰਘ ਕੋਮਲ ਦੇ ਤਲਾਕ ਤੋਂ ਬਾਅਦ ਮਿਸ਼ੀਗਨ ਛੱਡ ਕੇ ਕਿਤੇ ਹੋਰ ਚਲਿਆ ਗਿਆ ਜਿਥੇ ਉਸ ਦਾ ਪੁੱਤ ਮਾਵੀ ਵੀ ਕਿਸੇ ਹਾਦਸੇ ਵਿਚ ਮਾਰਿਆ ਗਿਆ। ਉਨ੍ਹਾਂ ਦੇ ਖਾਨਦਾਨ ਦੀ ਨਿਸ਼ਾਨੀ ਕੋਮਲ ਦੀ ਧੀ ਜਸਲੀਨ ਸੀ। ਉਹ ਆਪਣਾ ਸਾਰਾ ਕੁਝ ਵੇਚ-ਵੱਟ ਕੇ ਜਸਲੀਨ ਕੋਲ ਆ ਗਏ। ਕੋਮਲ ਨੇ ਮੋਹਣ ਨੂੰ ਸਭ ਕੁਝ ਦੱਸ ਕੇ ਆਖਰੀ ਇੱਛਾ ਜਸਲੀਨ ਨਾਲ ਰਹਿਣ ਦੀ ਜਤਾਈ। ਥੋੜ੍ਹੇ ਬਹੁਤੇ ਗੁੱਸੇ ਗਿਲੇ ਤੋਂ ਬਾਅਦ ਸਾਰੇ ਇਕੱਠੇ ‘ਹਾਂ’ ਕਰ ਗਏ। ਫਿਰ ਕੇਵਲ ਸਿੰਘ ਨੇ ਜਸਲੀਨ ਨੂੰ ਪੰਜ ਬੈੱਡਰੂਮ ਦਾ ਘਰ ਲੈ ਦਿੱਤਾ। ਇਥੇ ਹੀ ਦੁਬਾਰਾ ਉਸ ਦਾ ਵਿਆਹ ਕਰ ਦਿਤਾ। ਉਸ ਦਾ ਪਤੀ ਵਧੀਆ ਇਨਸਾਨ ਹੈ। ਉਜੜ ਕੇ ਘਰ ਫਿਰ ਵਸ ਗਿਆ ਹੈ। ਨੀਅਤਾਂ ਚੰਗੀਆਂ ਨੂੰ ਫਲ ਲੱਗ ਜਾਂਦੇ ਹਨ। ਖੋਟੀਆਂ ਨੀਅਤਾਂ ਨੂੰ ਨਿੱਤ ਮਰਗਾਂ ਵਰਗੇ ਦਿਨ ਲੰਘਾਉਣੇ ਪੈਂਦੇ ਹਨ। ਮੋਹਣ ਦੇ ਮਾਤਾ-ਪਿਤਾ ਤੇ ਕੋਮਲ ਦੇ ਮਾਤਾ-ਪਿਤਾ ਸਾਰੇ ਜਣੇ ਆਪਣੇ ਬਾਗ-ਪਰਿਵਾਰ ਵਿਚ ਖੁਸ਼ ਹਨ, ਪਰ ਮੋਹਣ ਦੀ ਭੈਣ ਅਜੇ ਵੀ ਭੱਠੀ ਦੇ ਦਾਣੇ ਵਾਂਗ ਭੁੱਜਦੀ ਰਹਿੰਦੀ ਹੈ।