ਨੈਣੀਂ ਨਦਰਿ ਨਿਹਾਲ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਵਿਚ ਡਾæ ਭੰਡਾਲ ਨੇ ਉਨ੍ਹਾਂ ਨੇਹੁ ਭਰੇ ਨੈਣਾਂ ਦੀ ਵੀ ਗੱਲ ਕੀਤੀ ਹੈ, ਜਿਨ੍ਹਾਂ ਨੂੰ ਦਿਨੇ-ਰਾਤ ਵਹਿੰਦੇ ਹੋਣ ਕਰਕੇ ਨੀਂਦ ਨਹੀਂ ਪੈਂਦੀ ਅਤੇ ਪ੍ਰੀਤੋ ਦੇ ਉਨ੍ਹਾਂ ਨੈਣਾਂ ਦੀ ਵੀ ਜੋ ਬਹਿਜਾ-ਬਹਿਜਾ ਕਰਦੇ ਹਨ

ਤੇ ਜੇ ਕੋਈ ਤੱਕ ਲਵੇ ਤਾਂ ਨਾ ਜਿਊਂਦਿਆਂ ‘ਚ ਰਹਿੰਦਾ ਹੈ ਤੇ ਨਾ ਮਰਦਿਆਂ ‘ਚ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਨੈਣ ਮਨ ਦਾ ਸ਼ੀਸਾ, ਸੋਚ-ਪ੍ਰਤੀਬਿੰਬ, ਹਾਵ-ਭਾਵ ਦੀ ਤਰਜਮਾਨੀ, ਅੰਗਾਂ ‘ਚ ਸਿੰਮਦੀ ਕਹਾਣੀ ਅਤੇ ਅੰਤਰੀਵੀ ਨਾਦਾਨੀ।
ਨੈਣਾਂ ਰਾਹੀਂ ਦੁਨਿਆਵੀ ਰੰਗਾਂ ਨੂੰ ਮਾਨਣਾ, ਇਨ੍ਹਾਂ ਨੂੰ ਅੰਦਰ ਉਤਾਰਨਾ ਅਤੇ ਸੰਸਾਰੀ ਬਿੰਬ ਨੂੰ ਅੱਖਾਂ ਦੇ ਪ੍ਰਿਜ਼ਮ ‘ਚੋਂ ਨਿਹਾਰਨਾ।
ਨੈਣ ਕਹਿ ਜਾਂਦੇ ਅਕੱਥ ਕਹਾਣੀ ਜੋ ਬੋਲਾਂ ਤੇ ਹਰਫਾਂ ਦੀ ਮੁਹਤਾਜ਼ੀ ਤੋਂ ਪਰੇ ਅਤੇ ਜਿਸ ਦੀ ਉਡਾਣ ਹੈ ਸ਼ਬਦ-ਅਰਥ ਤੋਂ ਉਚੇਰੀ।
ਨੈਣ ਸੱਚ ਦਾ ਅਲਾਪ, ਮਨ ਦੇ ਸੂਖਮ ਅਹਿਸਾਸਾਂ ਦਾ ਜਾਪ ਅਤੇ ਇਨ੍ਹਾਂ ਵਿਚ ਵੱਸਦਾ ਏ ਦੁਨਿਆਵੀ ਝਮੇਲਿਆਂ ਤੋਂ ਵੱਖਰਾ ਸੁਪਨ-ਸੰਸਾਰ।
ਨੈਣਾਂ ਦੇ ਵੱਖੋ-ਵੱਖ ਮਿਜਾਜ਼, ਅੰਦਾਜ਼ ਤੇ ਆਦਾਬ। ਇਹ ਸਭ ਨਿੱਜ ‘ਤੇ ਨਿਰਭਰ ਕਰਦਾ। ਕੁਝ ਕਾਸ਼ਨੀ, ਬਲੌਰੀ, ਸੰਧੂਰੀ, ਨੀਲੀ, ਹਰੀ ਆਦਿ ਭਾਅ ਮਾਰਦੇ। ਕਈਆਂ ਨੈਣਾਂ ‘ਚ ਉਤਰੇ ਹੁੰਦੇ ਨੇ ਨਸ਼ੀਲੇ, ਮਦਹੋਸ਼ੀ ਭਰੇ ਲਾਲ ਡੋਰੇ।
ਨੈਣ ਸਮੁੰਦਰੋਂ ਗਹਿਰੇ, ਅੰਬਰਾਂ ਤੋਂ ਵਿਸ਼ਾਲ, ਕੁਦਰਤ ਤੋਂ ਅਸੀਮਤਤੇ ਫਿਜ਼ਾ ਦੇ ਹਰ ਰੰਗ ਨੂੰ ਆਪਣੇ ਵਿਚ ਸਮਾਉਣ ਦੇ ਸਮਰੱਥ। ਇਨ੍ਹਾਂ ਦੀ ਕੋਈ ਨਹੀਂ ਪਾ ਸਕਿਆ ਹਾਥ।
ਨੈਣਾਂ ‘ਚ ਸੁਪਨਿਆਂ ਦਾ ਤੈਰਨਾ, ਮਨ ‘ਚ ਉਤਰ ਕੇ ਹਾਥ ਪਾਉਣਾ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਸੁਯੋਗ-ਸੁਹਿਰਦ ਯਤਨ ਕਰਨਾ ਅਤੇ ਤਦਬੀਰਾਂ ਘੜਨੀਆਂ, ਇਨ੍ਹਾਂ ਦਾ ਸਹਿਜ ਵਰਤਾਰਾ।
ਕੁਝ ਲੋਕ ਨੈਣਾਂ ਨਾਲ ਅੱਠਖੇਲੀਆਂ ਕਰਦੇ, ਸੁਪਨਿਆਂ ਦੀ ਤਸ਼ਬੀਹ ਬਣਦੇ ਤੇ ਇਸ ਦੀ ਇਬਾਦਤ ਕਰਦਿਆਂ, ਇਸ ਦੇ ਹਾਣੀ ਬਣਨ ਦੇ ਰਾਹ ਤੁਰਦੇ।
ਕਦੇ ਕਦਾਈਂ ਨੈਣਾਂ ‘ਚ ਨਮੀ ਤਰਦੀ, ਇਕ ਸੰਤਾਪ ਝਰਦਾ। ਇਹ ਸੰਤਾਪ ਅੱਖਾਂ ‘ਚ ਉਤਰਦਾ ਸੈਲਾਬ, ਮਮੋਲੇ-ਨੈਣ ਬਣ ਜਾਂਦੇ ਖਾਰੇ ਸਾਗਰ। ਅੱਖਾਂ ਦੇ ਸਰ ਵਿਚ ਤਾਰੀਆਂ ਲਾਉਣਾ ਡਾਢਾ ਸਿਰੜ ਦਾ ਕਾਰਜ। ਇਨ੍ਹਾਂ ਸਾਗਰਾਂ ਨੂੰ ਪਾਰ ਕਰਨ ਲਈ ਕਈ ਵਾਰ ਜਿੰਦ ਦੀ ਬੀਹੀ ਵਿਚ ਮਰਸੀਏ ਦੀ ਹੇਕ ਵੀ ਲਾਉਣੀ ਪੈਂਦੀ।
ਨੈਣ ਖੁੱਲਦੇ ਤਾਂ ਨਵਾਂ ਜੀਵ ਚਾਰ-ਚੁਫੇਰੇ ਸਿਰਜੇ ਸੰਸਾਰ ਦੇ ਦੀਦਾਰੇ ਕਰਨ ਵਿਚ ਰੁੱਝ ਜਾਂਦਾ। ਨਵੀਂ ਦੁਨੀਆਂ, ਨਵੇਂ ਰੰਗ ਤੇ ਸਰੋਕਾਰਾਂ ਅਤੇ ਨਵੀਆਂ ਖੁਸ਼ੀਆਂ ਨਾਲ ਉਸ ਦਾ ਸੁਆਗਤ ਹੁੰਦਾ। ਕਈ ਵਾਰ ਨਿੱਕੇ ਨੈਣਾਂ ਦੀ ਝਾਤ ਖੁਸ਼ੀਆਂ ਦਾ ਨਿਉਂਦਾ ਬਣਦੀ ਜਦ ਕਿ ਕਈ ਨੈਣ ਕੁੱਖ ਵਿਚਲੇ ਕਤਲਾਂ ਤੋਂ ਬਚ ਕੇ ਇਸ ਦੁਨੀਆਂ ‘ਚ ਪੈਰ ਭਰਦੇ। ਭਾਵੇਂ ਦੁਨੀਆਂ ਨੇ ਅਜਿਹੇ ਨੈਣਾਂ ਨੂੰ ਕਤਲ ਦੇ ਰਾਹੀਂ ਤੋਰਨ ਦਾ ਹਰ ਹੀਲਾ ਕੀਤਾ ਹੁੰਦਾ।
ਨਿੱਕੇ ਨਿੱਕੇ ਨੈਣਾਂ ‘ਚ ਵੱਸਦੇ ਨੇ ਨਿੱਕੇ ਜਹੇ ਹਾਸੇ, ਮੁੱਠੀ ਭਰ ਖੁਸ਼ੀਆਂ ਦਾ ਹੁੰਗਾਰਾ, ਲੱਪ ਕੁ ਚਾਵਾਂ ਦਾ ਸੰਧਾਰਾ। ਅਜਿਹੇ ਨਿੱਕੇ ਬੋਲਾਂ ਦੇ ਨਾਮ ਕੀਤੀ ਹਾਕ ਦਰਅਸਲ ਨਿੱਕੀਆਂ ਨਿੱਕੀਆਂ ਖੁਸ਼ੀਆਂ ਨਾਲ ਜਿਊਣ-ਆਹਰ।
ਨੈਣਾਂ ਦੇ ਦਰਦ ਬੁਰੇ। ਜਦ ਲੱਗੀ ਵਾਲਿਆਂ ਦੀ ਅੱਖ ਲੱਗ ਜਾਵੇ ਤਾਂ ਤਿੱੜਕਦੀ ਸਾਹ-ਤੰਦ ‘ਚ ਚੀਸ ਪੈਦਾ ਹੁੰਦੀ ਜੋ ਸਿਰਫ ਨਿਹੋਰਾ ਬਣ ਕੇ ਕਹਿੰਦੀ ਕਿ ਐਵੇਂ ਨੈਣਾਂ ਦੇ ਆਖੇ ਲੱਗੇ। ਯਾਦ ਰੱਖਣਾ! ਨੈਣਾਂ ਦੇ ਸਾਗਰੀਂ ਤਾਂ ਲੱਖਾਂ ਪੱਤਣਾਂ ਦੇ ਤਾਰੂ ਡੁੱਬ ਮੋਏ। ਭਲਾ! ਆਮ ਬੰਦਾ ਕਿਹਦਾ ਪਾਣੀਹਾਰ!
ਨੈਣ ਸੱਚ ਦੇ ਪਹਿਰੇਦਾਰ, ਓਹਲੇ ਤੋਂ ਬੇਖੌਫ। ਮਨ ਵਿਚ ਦੱਬਿਆ ਜਦ ਨੈਣਾਂ ਰਾਹੀਂ ਜੱਗ-ਜਾਹਰ ਹੁੰਦਾ ਤਾਂ ਅੰਦਰਲੀ ਉਥਲ-ਪੁਥਲ ਪ੍ਰਗਟ ਹੁੰਦੀ। ਇਸ ਉਥਲ-ਪੁਥਲ ਨੂੰ ਆਪਣੇ ਅੰਦਰ ਦਫਨਾਉਣ ਵਾਲੇ ਹੌਲੀ-ਹੌਲੀ ਅੰਦਰੋਂ ਖੁਰਦੇ, ਆਖਰ ਨੂੰ ਬੇਜਾਨ ਹੋ ਕੇ ਰਹਿ ਜਾਂਦੇ। ਲੋੜ ਹੈ, ਨੈਣਾਂ ਅਤੇ ਅੰਤਰੀਵ ਵਿਚ ਇਕਸਾਰਤਾ ਪੈਦਾ ਕਰਕੇ ਸਮਾਜੀ ਦੋਗਲੇਪਣ ਨੂੰ ਅਲਵਿਦਾ ਕਹੀ ਜਾਵੇ।
ਨੈਣਾਂ ਵਿਚ ਸੰਦਲੀ ਸੁਪਨੇ ਤਰਦੇ ਤਾਂ ਇਕ ਹੁਸੀਨ ਸੰਸਾਰ, ਦੁਨਿਆਵੀ ਖੁਸ਼ੀਆਂ, ਰੰਗ-ਤਮਾਸ਼ੇ ਤੇ ਸੁਹੰਢਣੇ ਪਲ ਤੁਹਾਡੇ ਦਰ ਲਈ ਅਹੁਲਦੇ। ਦਸਤਕ ਸੁਣਨ ਅਤੇ ਇਸ ਦਾ ਹੁੰਗਾਰਾ ਭਰਨ ਵਾਲਿਆਂ ਦੇ ਧੰਨਭਾਗ ਅਤੇ ਉਨ੍ਹਾਂ ਦੇ ਜੀਵਨ ‘ਚ ਹੁੰਦੀ ਸਤਰੰਗੀ ਬਰਸਾਤ।
ਨੈਣਾਂ ਵਿਚ ਚਾਨਣ ਉਤਰਦਾ ਤਾਂ ਰਾਤ ਦੇ ਨੈਣੀਂ ਦੀਵਾ ਜਗਦਾ, ਰਾਹਾਂ ਦੇ ਧੂੰਧਲਕੇ ‘ਚ ਜੁਗਨੂੰ ਚਾਨਣ ਤਰੌਂਕਦੇ ਤੇ ਹਰਫ ਗਿਆਨ ਦੀ ਲੋਅ ਜ਼ਿੰਦਗੀ ਨੂੰ ਰੁਸ਼ਨਾ ਜਾਂਦੀ। ਅਜਿਹੀ ਲੋਅ ਦੀ ਤਰਕਸੰਗਤਾ, ਜੀਵਨ ਦਾ ਸੁੱਚਮ।
ਨੈਣਾਂ ਵਿਚ ਰਾਤ ਉਤਰਦੀ ਤਾਂ ਸੂਰਜ ਦੇ ਨੈਣਾਂ ਵਿਚ ਕੁੱਕਰੇ ਪੈ ਜਾਂਦੇ, ਚੰਨ ਦਾ ਮੱਥਾ ਗ੍ਰਹਿਣਿਆ ਜਾਂਦਾ ਅਤੇ ਅੰਬਰ ਵਿਹੜੇ ਲੱਗਦਾ ਨ੍ਹੇਰ ਦਾ ਪਹਿਰਾ। ਅਜਿਹੀ ਰਾਤ ਜਦ ਸੂਖਮ ਸੋਚ ਵਿਚ ਉਤਰਦੀ ਤਾਂ ਜੀਵਨ ‘ਚ ਉਗਦੇ ਹਨੇਰ-ਮੋੜ ਜਿਸ ਵਿਚੋਂ ਉਭਰਦਿਆਂ ਜੀਵਨ ਦੇ ਦਿੰਦਾ ਆਖਰੀ ਦਸਤਕ। ਪਰ ਇਸ ਰਾਤ ਵਿਚੋਂ ਹੀ ਸਰਘੀ ਦੀ ਆਸ ਰੱਖਣ ਵਾਲਿਆਂ ਦੀ ਤਲੀ ‘ਤੇ ਚਾਨਣ ਦਾ ਸ਼ਗਨ ਜਰੂਰ ਪੈਂਦਾ।
ਨੈਣਾਂ ‘ਚ ਜਦ ਉਡੀਕ-ਨਮੀ ਉਤਰਦੀ ਤਾਂ ਰੱਖੜੀ ਉਦਾਸ ਹੋ ਜਾਂਦੀ, ਭਰਾ ਦੀ ਕੁਰੰਗੜੀ ਹੌਕੇ ਭਰਦੀ, ਯਾਰੀ ਗੁੰਮਸੁੰਮ ਹੋ ਜਾਂਦੀ, ਸੰਦਲੀ-ਸੁਪਨਈ ਰੁੱਤ ਨੂੰ ਘੁੱਟ ਘੁੱਟ ਕੇ ਮਰਨ ਦੀ ਸਜ਼ਾ ਮਿਲਦੀ, ਡੰਗੋਰੀ ਨਾਵੇਂ ਝੂਰਨਾ ਰਹਿ ਜਾਂਦਾ ਤੇ ਧਾਗੇ ਨਾਲ ਨੱਕ ‘ਤੇ ਟਿਕਾਈਆਂ ਬਾਪੂ-ਬੇਬੇ ਦੀਆਂ ਐਨਕਾਂ ‘ਚ ਪੁੱਤ ਨੂੰ ਮਿਲਣ ਦੀ ਤਾਂਘ ਦਮ ਤੋੜਨ ਲੱਗਦੀ।
ਘਰ ਦੇ ਨੈਣਾਂ ‘ਚ ਜਦ ਹਿੰਝ ਭਰਦੀ ਤਾਂ ਦੀਵਾਰਾਂ ‘ਤੇ ਮਾਰੀਆਂ ਲਕੀਰਾਂ ਦੇ ਮੱਥੇ ਵਿਚ ਗਮ ਘੁਲਦਾ, ਕਮਰਿਆਂ ਨੂੰ ਸੁੰਨਤਾ ਦਾ ਵਰ ਮਿਲਦਾ ਅਤੇ ਹਰ ਨੁੱਕਰ ਵਿਚ ਚੁੱਪ ਸਹਿਮ ਜਾਂਦੀ।
ਨੈਣ ਲਿਸ਼ਕਦੇ ਤਾਂ ਆਸ-ਬਿਰਖ ਨੂੰ ਪੱਤੀਆਂ ਨਿਕਲਦੀਆਂ, ਕਰੂੰਬਲਾਂ ਅਤੇ ਲਗਰਾਂ ਨੂੰ ਪਨਪਣ ਦਾ ਸਬੱਬ ਮਿਲਦਾ ਅਤੇ ਮੌਲਦਾ ਬਿਰਛ ਜੀਵਨ-ਬਗੀਚੇ ਵਿਚ ਬਹਾਰ ਦੀ ਆਮਦ ਬਣ ਜਾਂਦਾ।
ਨੈਣਾਂ ਵਿਚ ਉਮੀਦ ਦੀ ਕਾਤਰ ਲਿਸ਼ਕਦੀ ਤਾਂ ਕਰਮ-ਰੇਖਾਵਾਂ ‘ਚ ਕਿਰਤ-ਤਾਰਾ ਟਿਮਟਮਾਉਂਦਾ, ਰਾਹਾਂ ਨੂੰ ਸਿਰਲੇਖ ਮਿਲਦਾ ਅਤੇ ਮੰਜ਼ਲਾਂ ਨੂੰ ਪੈੜਾਂ ਦਾ ਸਾਥ ਨਸੀਬ ਹੁੰਦਾ। ਬੇਉਮੀਦੀ ਦੇ ਸੁੰਨ ਕੀਤੇ ਰਾਹਾਂ ‘ਤੇ ਰਾਹੀਆਂ ਦਾ ਕਾਫਲਾ ਸਦਾ ਉਮੀਦ ਵਿਚੋਂ ਹੀ ਜਨਮਦਾ ਏ ਅਤੇ ਅਜਿਹੇ ਕਾਫਲਿਆਂ ਦੇ ਨਾਮ ਸੱਜਰੀਆਂ ਰੁੱਤਾਂ ਦਾ ਨਾਮਕਰਨ ਹੁੰਦਾ।
ਨੈਣਾਂ ਵਿਚ ਮਦਹੋਸ਼ੀ ਪੋਲੇ ਪੈਰੀਂ ਕਦਮ ਰੱਖਦੀ ਤਾਂ ਜ਼ਿੰਦਗੀ ਦੇ ਸੁੱਚੇ ਅਰਥ ਜੀਵਨ-ਜਾਚ ਦੇ ਨਾਮ ਹੁੰਦੇ, ਹਰ ਪਲ ਉਮਰੋਂ ਲੰਮੇਰਾ ਹੋਣਾ ਲੋਚਦਾ। ਅਜਿਹੇ ਪਲ ਤੋਂ ਜੀਵਨ ਵਾਰਨ ਨੂੰ ਜੀਅ ਕਰਦਾ। ਅਜਿਹੇ ਪਲ ਹੀ ਜੀਵਨ ਦੀ ਸੱਚੀ-ਸੁੱਚੀ ਅਮਾਨਤ ਹੁੰਦੇ ਜਿਨ੍ਹਾਂ ਦੀ ਯਾਦ-ਜੂਹ ਵਿਚ ਜਾਣ ਨੂੰ ਮੁੜ-ਮੁੜ ਜੀਅ ਕਰਦਾ।
ਨੈਣਾਂ ਵਿਚ ਜਦ ਸੁਪਨਾ ਮਰਦਾ ਤਾਂ ਜਵਾਨੀ ‘ਤੇ ਗੜੇਮਾਰ ਹੁੰਦੀ, ਬਹਾਰ ਨੂੰ ਪੱਤਝੜ ਦਾ ਸਰਾਪ ਮਿਲਦਾ, ਅਲੂੰਈਂ-ਆਸ ਵਲੂੰਧਰੀ ਜਾਂਦੀ। ਯਾਦ ਰੱਖਣਾ! ਅਜਿਹੇ ਸੁਪਨੇ ਦੀ ਮੌਤ ‘ਤੇ ਅੱਖਾਂ ਵਿਚ ਉਤਰੀ ਨਮੀ ਜੀਵਨ ਭਰ ਅੱਥਰੂ ਬਣਨ ਤੋਂ ਮੁੱਨਕਰ ਰਹਿੰਦਿਆਂ ਸਾਹਾਂ ‘ਚ ਰਚੀ ਰਹਿੰਦੀ। ਸੁਪਨਿਆਂ ਦਾ ਮਾਤਮ ਮਨਾਉਣ ਵਾਲੇ ਲੋਕ, ਸਾਹਾਂ ਦਾ ਭਾਰ ਢੋਣ ਤੋਂ ਵੀ ਅਸਮਰਥ ਹੋ ਜਾਂਦੇ।
ਕਈ ਸੁਜਾਖੇ ਵੀ ਅੰਨ੍ਹੇਪਣ ਦਾ ਸ਼ਿਕਾਰ ਹੋ ਕੇ ਅੰਧੇਰ-ਨਗਰੀ ਦਾ ਸਿਰਨਾਵਾਂ ਬਣ ਜਾਂਦੇ ਨੇ ਪਰ ਕਈ ਵਾਰ ਨੈਣ-ਵਿਹੂਣੇ ਲੋਕ ਮਨੁੱਖਤਾ ਲਈ ਮਾਣ ਬਣ ਜਾਂਦੇ। ਇਕ ਅੱਖ ਵਾਲਾ ਮਹਾਰਾਜਾ, ਅਜੋਕੇ ਦੋ-ਨੈਣੇ ਸ਼ਾਸ਼ਕਾਂ ਨਾਲੋਂ ਆਪਣੀ ਜਨਤਾ ਨੂੰ ਵੱਧ ਪਿਆਰ ਕਰਦਾ ਸੀ ਅਤੇ ਹਰੇਕ ਨੂੰ ਇਨਸਾਫ ਦਿੰਦਾ ਸੀ।
ਨੈਣਾਂ ‘ਚ ਜਦ ਸੁਪਨੇ ਨੂੰ ਦਫਨਾਉਣਾ ਪੈ ਜਾਵੇ ਤਾਂ ਨੈਣ ਪਥਰਾ ਜਾਂਦੇ। ਹੰਝੂਆਂ ਤੇ ਭਾਵਾਂ ਤੋਂ ਮਰਹੂਮ ਹੋ ਕੇ ਰੀਝਾਂ, ਚਾਵਾਂ, ਹਾਸਿਆਂ ਅਤੇ ਖੇੜਿਆਂ ਨੂੰ ਦਫਨਾਉਣ ਵਾਲੇ ਨੈਣ ਅਕਸਰ ਹੀ ਤਿੱਖੜ ਦੁਪਹਿਰੀਂ ਆਖਰੀ ਸਫਰ ਦੀ ਤਿਆਰੀ ਕਰ ਬੈਠਦੇ ਨੇ।
ਨੈਣਾਂ ਵਿਚ ਜਦ ਕੋਈ ਬਿੰਬ ਠਹਿਰ ਜਾਵੇ, ਕੋਈ ਚਿੱਤਰ ਸਦੀਵੀ ਥਾਂ ਮੱਲ ਲਵੇ ਜਾਂ ਪਲਕਾਂ ਵੀ ਅੱਖ ਝੱਪਕਣ ਤੋਂ ਇੰਨਕਾਰੀ ਹੋ ਜਾਣ ਤਾਂ ਅਸੀਮ ਸੁਹੱਪਣ ਨੈਣਾਂ ਦੀ ਅਮਾਨਤ ਬਣ ਜਾਂਦਾ ਜਿਸ ਨੂੰ ਜੇ ਕਿਸੇ ਦੀ ਹਾਅ ਲੱਗ ਜਾਵੇ ਤਾਂ ਸਰਾਪ ਵੀ ਬਣ ਜਾਂਦੀ।
ਨੈਣਾਂ ‘ਚ ਨੂਰ ਝਲਕਦਾ ਤਾਂ ਰੂਹਾਨੀ ਫਿਜ਼ਾ ਆਪਣੇ ਪੂਰੇ ਜਾਹੋ-ਜਲਾਲ ਨਾਲ ਚੌਗਿਰਦੇ ਦਾ ਹਾਸਲ ਬਣ ਜਾਂਦੀ। ਹਰ ਸ਼ੈਅ ਨੂੰ ਨੂਰਾਨੀ ਛੋਹ ਅਤੇ ਇਲਾਹੀ ਸਰੂਰ ਹਾਸਲ ਹੁੰਦਾ। ਕੁਦਰਤ ਆਪਣੀ ਅਸੀਮ ਸੁੰਦਰਤਾ ਤੇ ਸਹਿਜਤਾ ਨਾਲ ਸਮੁੱਚੀ ਕਾਇਨਾਤ ਨੂੰ ਕਲਾਵੇ ਵਿਚ ਲੈ ਲੈਂਦੀ।
ਨੈਣਾਂ ‘ਚ ਜਦ ਅਦਬ ਅਤੇ ਸਤਿਕਾਰ ਦੇ ਦਰਸ-ਦੀਦਾਰੇ ਹੁੰਦੇ ਤਾਂ ਸਮਾਜ ਅਜਿਹੇ ਦੀਦਿਆਂ ਦੇ ਸਦਕੇ ਜਾਂਦਾ, ਉਨ੍ਹਾਂ ਦੀਆਂ ਬਲਾਵਾਂ ਉਤਾਰਦਾ ਅਤੇ ਉਨ੍ਹਾਂ ਦੀ ਚਿਰੰਜੀਵਤਾ ਲਈ ਹਰ ਸੰਭਵ ਯਤਨ ਕਰਦਾ।
ਨੈਣਾਂ ‘ਚ ਹੈਂਕੜ ਦੀ ਬਜਾਏ ਹਲੀਮੀ, ਹੱਠ ਧਰਮੀ ਦੀ ਥਾਂ ਹੱਲਾਸ਼ੇਰੀ, ਗਰੂਰ ਦੀ ਬਜਾਏ ਗਨੀਮਤ, ਕਬਜ਼ਾ ਨਾ ਹੋ ਕੇ ਮੋਹ ਅਤੇ ਨਫਰਤ ਦੀ ਥਾਂ ਪਿਆਰ ਨਜ਼ਰ ਆਵੇ ਤਾਂ ਅਜਿਹੇ ਨੈਣ ਅਕੀਦਤ-ਯੋਗ ਹੁੰਦੇ।
ਨੈਣਾਂ ਵਿਚ ਲਾਲੀ ਤਰਦੀ ਤਾਂ ਇਨ੍ਹਾਂ ‘ਚ ਰੰਗੇ ਜਾਣ ਨੂੰ ਮਨ ਅਹੁਲਦਾ। ਕਿਸੇ ਦੇ ਨੈਣਾਂ ‘ਚ ਵਸੇਬਾ ਕਰਨ ਲਈ ਨਿਰਮਾਣਤਾ, ਸਮਰਪਿੱਤਾ, ਸਾਦਗੀ ਅਤੇ ਸਦ-ਸੋਚ ਦੀ ਲੋੜ ਹੁੰਦੀ ਏ।
ਨੈਣਾਂ ‘ਚ ਡਲ੍ਹਕਦਾ ਨੀਰ ਜਦ ਖੁਸ਼ੀ ਦੇ ਅੱਥਰੂ ਬਣ ਜਾਂਦਾ ਤਾਂ ਇਨ੍ਹਾਂ ‘ਚੋਂ ਰੰਗ ਬਿਖੇਰਦੀ ਸਤਰੰਗੀ ਜੀਵਨ ਵਿਚ ਰੰਗ ਭਰਦੀ, ਇਸ ਨੂੰ ਜਿਊਣ-ਜੋਗਾ ਕਰ ਜਾਂਦੀ। ਅਸੀਮ ਪ੍ਰਾਪਤੀ, ਵਿਲੱਖਣ ਹਾਸਲ, ਚਿਰਾਂ ਬਾਅਦ ਪਿਆਰੇ ਨਾਲ ਮਿਲਣੀ ਤੇ ਅਸੰਭਵ ਜਾਪਦੇ ਕਾਰਜਾਂ ਦੀ ਸੰਪੂਰਨਤਾ ਵਿਚੋਂ ਹੀ ਅਜਿਹੇ ਦੁਰਲੱਭ ਅੱਥਰੂਆਂ ਦੇ ਦਰਸ਼ਨ ਹੁੰਦੇ। ਅਜਿਹੇ ਅੱਥਰੂ ਸਮਾਜ ਤੇ ਪਰਿਵਾਰ ਲਈ ਮਾਣ ਦਾ ਸੁੱਚਾ ਹਰਫ ਹੁੰਦੇ।
ਨੈਣਾਂ ਦੀ ਆਪਣੀ ਬੋਲੀ। ਭਵਾਂ, ਪਲਕਾਂ, ਪੁਤਲੀਆਂ ਦੇ ਵੱਖੋ-ਵੱਖਰੇ ਸੰਕੇਤ ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾ ਜਾਂਦੇ। ਬਹੁਤ ਔਖਾ ਹੁੰਦਾ ਅਜਿਹੀ ਬੋਲੀ ਨੂੰ ਸਮਝਣਾ। ਪਰ ਨੈਣਾਂ ਨਾਲ ਨੈਣਾਂ ਦੀ ਅਬੋਲਤਾ ਨੂੰ ਸਮਝਣ ਵਾਲੇ ਇਕ ਅਜਿਹੇ ਸੁਪਨਈ ਸੰਸਾਰ ਦੇ ਵਾਸੀ ਹੁੰਦੇ ਜਿਨ੍ਹਾਂ ਦੇ ਸੁਪਨਿਆਂ ਨੂੰ ਕਦੇ ਤਾਂ ਪਰ ਲੱਗ ਜਾਂਦੇ ਪਰ ਕਈ ਵਾਰ ਇਨ੍ਹਾਂ ਨੂੰ ਲੰਗੜੇ ਹੋਣ ਦਾ ਦਰਦ ਵੀ ਉਠਾਉਣਾ ਪੈਂਦਾ।
ਨੈਣਾਂ ‘ਚ ਜਦ ਸੁਪਨੇ ਟੁੱਟਦੇ, ਜੁਦਾਈ ਦੀ ਅਸਹਿ ਪੀੜ ਉਤਰਦੀ, ਪਲ ਪਲ ਰਿਸਦੇ ਜ਼ਖਮਾਂ ਦੀ ਪੀੜ ਸਹਾਰਦੇ ਤਾਂ ਕਈ ਵਾਰ ਇਹ ਨੈਣ ਸਦਾ ਲਈ ਮੁੰਦ ਹੋਣਾ ਲੋਚਦੇ। ਅਜਿਹੇ ਨੈਣਾਂ ਦੇ ਬੰਦ ਹੋਣ ‘ਤੇ ਉਨ੍ਹਾਂ ਦੀ ਪੀੜ ਤੇ ਦਰਦ-ਹੇਰਵੇ ਦੇ ਨਾਲ ਬਹੁਤ ਸਾਰੇ ਸੂਖਮ-ਵਿਚਾਰ ਅਤੇ ਅਬੋਲ-ਭਾਵਨਾਵਾਂ ਦਫਨ ਹੋ ਜਾਂਦੀਆਂ ਜੋ ਆਪਣੀ ਗੱਲ ਕਹਿਣ ਤੋਂ ਅਸਮਰਥ ਹੁੰਦੀਆਂ। ਪਰਦੇਸੀ ਪੁੱਤਾਂ ਨੂੰ ਉਡੀਕਦੇ ਮਾਪਿਆਂ ਦੇ ਨੈਣ, ਘਰਾਂ ਵਾਲਿਆਂ ਨੂੰ ਉਡੀਕਦੇ ਘਰਾਂ ਦੇ ਦੀਦੇ, ਸੰਧੂਰੀ ਰੁੱਤ ਨੂੰ ਤਰਸਦੀਆਂ ਅੱਖਾਂ ਅਤੇ ਆਖਰੀ ਦਰਸ ਨੂੰ ਉਡੀਕਦੇ ਦੀਦਿਆਂ ਨੂੰ ਕਿਸ ਨਾਲ ਤਸ਼ਬੀਹ ਦੇਵੋਗੇ ਜਿਨ੍ਹਾਂ ਦੀਆਂ ਪਲਕਾਂ ਨੂੰ ਸਦਾ ਲਈ ਬੰਦ ਕਰਨ ਵਾਸਤੇ ਆਪਣੇ ਵੀ ਕੋਲ ਨਹੀਂ ਹੁੰਦੇ। ਅਜਿਹਾ ਸਫਰ ਮੁਕਾ ਕੇ ਤੁਰ ਗਏ ਸ਼ਖਸ ਆਪਣਿਆਂ ਦੀ ਰਾਖ ਫਰੋਲਣ ਅਤੇ ਅੱਖਾਂ ਵਿਚ ਮਰ ਗਏ ਸੁਪਨਿਆਂ ਦੀ ਨੈਂਅ ਲੈ ਕੇ ਜਦ ਘਰ ਦੀ ਦਹਿਲੀਜ਼ ਦੇ ਗਲ ਲੱਗ ਕੇ ਰੋਂਦੇ ਤਾਂ ਘਰ ਦੇ ਚੌਗਿਰਦੇ ਵਿਚ ਇਕ ਅਜਿਹਾ ਮਾਤਮ ਛਾ ਜਾਂਦਾ ਏ ਜਿਸ ਵਿਚ ਤੁਰ ਗਿਆਂ ਦੀ ਚੀਖ ਅਤੇ ਹੂਕ ਦੀ ਵੇਦਨਾ ਵੀ ਘੁਲੀ ਹੂੰਦੀ ਏ।
ਨੈਣਾਂ ਦੀ ਇਕ ਹੀ ਭਾਸ਼ਾ ਪਰ ਅਨੇਕਾਂ ਸਰੋਕਾਰ। ਹੱਥਾਂ ਤੋਂ ਨਾਬਰ ਕਾਰਜ ਅੱਖਾਂ ਕਰ ਜਾਂਦੀਆਂ। ਸੁੰਦਰ ਨੈਣਾਂ ਵਿਚ ਜੱਗ ਦੀ ਸੁੰਦਰਤਾ ਨਿਹਾਰੀ ਜਾਂਦੀ, ਅੱਥਰੂਆਂ ਤੋਂ ਵਿਰਵੀਆਂ ਅੱਖਾਂ ਅੱਖ ਕਹਿਲਾਉਣ ਦੀ ਹੱਕਦਾਰੀ ਗਵਾ ਬਹਿੰਦੀਆਂ ਕਿਉਂਕਿ ਨੈਣਾਂ ਵਿਚ ਤਰਦੇ ਹੰਝੂ ਹਜਾਰ ਇਬਾਰਤਾਂ ਅਤੇ ਇਬਾਦਤਾਂ ਵਰਗੇ ਹੁੰਦੇ।
ਨੈਣ ਕਦੇ ਚੁਗਲੀਆਂ ਕਰਦੇ, ਕਦੇ ਮਸ਼ਕਰੀਆਂ, ਕਦੇ ਕਤਲ ਕਰਦੇ, ਕਦੇ ਮਾਰ ਜਿਵਾਉਂਦੇ, ਕਦੇ ਠੱਗਦੇ, ਕਦੇ ਜਚਦੇ, ਕਦੇ ਅਦਬ ਵਿਚ ਝੁਕਦੇ, ਕਦੇ ਹੰਕਾਰ ਵਿਚ ਪੈਰਾਂ ਹੇਠਲੀ ਧਰਤ ਨੂੰ ਭੁੱਲਦੇ, ਕਦੇ ਹੁੰਗਾਰਾ ਭਰਦੇ, ਕਦੇ ਹੁੰਗਾਰਾ ਲੋਚਦੇ, ਕਦੇ ਸੋਕਾ ਹੰਢਾਉਂਦੇ, ਕਦੇ ਖਾਰੇ ਖਾਣੀਆਂ ‘ਚ ਤਰਦੇ, ਕਦੇ ਜਿੱਤਦੇ, ਕਦੇ ਹਰਦੇ।
ਜ਼ਿੰਦਗੀ ਵਿਚ ਅਹਿਮ ਫੈਸਲੇ ਕਰਨ ਸਮੇਂ ਨੈਣ ਖੁੱਲੇ ਰੱਖਣ ਵਾਲੇ ਲੋਕਾਂ ਨੂੰ ਆਪਣੇ ਫੈਸਲਿਆਂ ‘ਤੇ ਬਾਅਦ ਵਿਚ ਪਛਤਾਉਣ ਲਈ, ਅੱਖਾਂ ਵਿਚ ਹੰਝੂਆਂ ਦੇ ਸੈਲਾਬ ਨਹੀਂ ਉਗਾਉਣੇ ਪੈਂਦੇ।
ਨੈਣਾਂ ਵਿਚੋਂ ਨਜ਼ਰ ਆਉਂਦੀ ਸੁੰਦਰਤਾ, ਦਰਅਸਲ ਮਨੁੱਖ ਦੀ ਅੰਦਰਲੀ ਸੁੰਦਰਤਾ ਤੇ ਸੀਰਤ ਹੁੰਦੀ ਏ ਜਿਸ ਨੂੰ ਅੱਖਾਂ ਰਾਹੀਂ ਇਕ ਰਸਤਾ ਮਿਲਦਾ ਏ।
ਨੈਣ ਨੈਣਾਂ ਦਾ ਹੁੰਦੇ ਸਾਜ਼, ਨੈਣ ਨੈਣਾਂ ਦੇ ਹਮਰਾਜ਼। ਨੈਣ ਨੈਣਾਂ ਲਈ ਕਰਨ ਦੁਆਵਾਂ, ਨੈਣ ਨੈਣਾਂ ਦੀਆਂ ਲੈਣ ਬਲਾਵਾਂ। ਨੈਣ ਨੈਣ ਦਾ ਰਾਹ-ਦਸੇਰਾ, ਨੈਣ ਨੈਣਾਂ ਦਾ ਚਾਨਣ-ਘੇਰਾ। ਨੈਣ ਨੈਣਾਂ ਦੇ ਬਣਦੇ ਢੋਅ, ਨੈਣ ਨੈਣਾਂ ਦਾ ਖੁਸ਼ਬੂ-ਚੋਅ। ਨੈਣ ਨੈਣਾਂ ਲਈ ਭਰਦੇ ਹਉਕਾ, ਨੈਣ ਨੈਣਾਂ ਦਾ ਚੁੱਲ੍ਹਾ-ਚੌਂਕਾ। ਨੈਣ ਨੈਣਾਂ ਦਾ ਰੰਗ ਤੇ ਰੂਪ, ਨੈਣ ਨੈਣਾਂ ਦਾ ਸੁਗਮ-ਸਰੂਪ। ਨੈਣ ਨੈਣਾਂ ਦੀ ਬੀਹੀ ਜਾਣ, ਨੈਣ ਨੈਣਾਂ ਦੇ ਜਾਨ-ਪ੍ਰਾਣ। ਨੈਣੀਂ ਬੱਧੀ ਸਾਹ ਦੀ ਡੋਰ, ਨੈਣ ਨੈਣਾਂ ਦਾ ਸਾਵਣ-ਮੋਰ। ਨੈਣ ਨੈਣਾਂ ਦੀ ਚੁਗਲੀ ਕਰਦੇ, ਨੈਣ ਨੈਣਾਂ ਦੀ ਹਾਮੀ ਭਰਦੇ। ਨੈਣ, ਨੈਣਾਂ ਨੂੰ ਕਰਨ ਸਲਾਮ, ਨੈਣ ਨੈਣਾਂ ਦਾ ਬਣਨ ਕਲਾਮ। ਨੈਣੀਂ ਨਦਰਿ ਹੋਏ ਨਿਹਾਲ, ਨੈਣਾਂ ਜੇਡ ਨਾ ਹੋਰ ਕਮਾਲ। ਨੈਣ ਮੱਥੇ ਵਿਚ ਜਗਦੇ ਦੀਵੇ, ਨੈਣ ਨੈਣਾਂ ਸੰਗ ਹੁੰਦੇ ਖੀਵੇ। ਨੈਣ, ਨੈਣਾਂ ਦੀਆਂ ਪਾਉਂਦੇ ਬਾਤਾਂ, ਨੈਣ ਨੈਣਾਂ ਦੀਆਂ ਸੰਦਲੀ ਰਾਤਾਂ। ਨੈਣ-ਗਲੀ ਵਿਚ ਹੋਕਰਾ ਲਾਈਏ, ਨੈਣੀਂ ਸੁੱਖਨ-ਸਰੂਰੀ ਪਾਈਏ।
ਤੁਹਾਡੇ ਮਨ ਵਿਚ ਵੱਸਦੀ ਸਤਰੰਗੀ ਨੂੰ ਜਦ ਦੁਨੀਆਂ, ਤੁਹਾਡੇ ਦੀਦਿਆਂ ਵਿਚੋਂ ਛਣਦਿਆਂ ਝਾਕਦੀ ਏ ਤਾਂ ਤੁਹਾਡੀ ਬਹੁਰੰਗੀ ਸ਼ਖਸੀਅਤ ਸਮਾਜ ਲਈ ਇਕ ਰੋਲ ਮਾਡਲ ਬਣ ਜਾਂਦੀ ਏ।
ਆਪਣੇ ਨੈਣਾਂ ਵਿਚ ਖੁਦ ਦਾ ਬਿੰਬ ਸਿਰਜਣ ਦੀ ਬਜਾਏ ਸਾਨੂੰ ਦੂਸਰਿਆਂ ਦੇ ਨੈਣਾਂ ਵਿਚ ਆਪਣਾ ਅਜਿਹਾ ਪ੍ਰਤੀਬੰਬ ਬਣਾਉਣ ਦੀ ਲੋੜ ਹੈ ਜਿਸ ‘ਤੇ ਤੁਸੀਂ ਖੁਦ ਨਾਜ਼ ਕਰ ਸਕਦੇ ਹੋ।
ਰੱਬ ਦੇ ਨੈਣਾਂ ਅਤੇ ਬੰਦੇ ਦੇ ਨੈਣਾਂ ਵਿਚ ਕੋਈ ਅੰਤਰ ਨਹੀਂ। ਬੰਦੇ ਵਿਚੋਂ ਰੱਬ ਅਤੇ ਰੱਬ ਵਿਚੋਂ ਮਨੁੱਖ ਦੇ ਦਰਸ ਦੀਦਾਰੇ ਕਰਨ ਵਾਲੇ ਹੀ ਮਨੁੱਖਤਾ ਅਤੇ ਮਾਨਵਤਾ ਦੇ ਸੱਚੇ-ਸੁੱਚੇ ਸਾਹ-ਅਸਵਾਰ ਹੁੰਦੇ ਨੇ। ਕਦੇ ਅਜਿਹੀ ਸੋਚ ਨੇ ਤੁਹਾਡੇ ਮਨ ‘ਤੇ ਦਸਤਕ ਦਿਤੀ ਏ?
ਆਮੀਨ।