-ਗੁਲਜ਼ਾਰ ਸਿੰਘ ਸੰਧੂ
ਭਾਰਤੀ ਸਾਹਿਤ ਅਕਾਦਮੀ ਨੇ ਇਸ ਵਰ੍ਹੇ ਦਾ ਬਾਲ ਸਾਹਿਤ ਪੁਰਸਕਾਰ ‘ਬਾਲ ਸੰਦੇਸ਼’ ਦੇ 35 ਵਰ੍ਹੇ ਸੰਪਾਦਕ ਰਹੇ ਹਿਰਦੇਪਾਲ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਹੈ। ਇਸ ਖਬਰ ਨੇ ਮੇਰੇ ਚੇਤੇ ਦੀ ਭੰਬੀਰੀ ਛੇ-ਸਤ ਦਹਾਕੇ ਪਹਿਲਾਂ ਵਾਲੇ ਮੇਰੇ ਵਿਦਿਆਰਥੀ ਜੀਵਨ ਵੱਲ ਭੰਵਾ ਦਿੱਤੀ ਹੈ। ਮੈਨੂੰ ਪ੍ਰੀਤ ਲੜੀ ਤੇ ਬਾਲ ਸੰਦੇਸ਼ ਪੜ੍ਹਨ ਦੀ ਚੇਟਕ ਖ਼ਾਲਸਾ ਕਾਲਜ ਮਾਹਿਲਪੁਰ ਪੜ੍ਹਦਿਆਂ (1949-53) ਵਿਚ ਲੱਗੀ।
Ḕਪ੍ਰੀਤ ਲੜੀ’ ਰਸਾਲਾ ਮੇਰਾ ਮਾਰਗ ਦਰਸ਼ਕ ਸੀ ਤੇ ਬਾਲ ਸੰਦੇਸ਼ ਮੇਰਾ ਮਿੱਤਰ ਪਿਆਰਾ। ਬਾਲ ਸੰਦੇਸ਼ ਵਿਚ ਛਪਦੀਆਂ ਰਚਨਾਵਾਂ ਨੇ ਮੈਨੂੰ ਲਿਖਣ ਦੇ ਰਾਹ ਤੋਰਿਆ। ਮੇਰੀ ਪਹਿਲੀ ਲਿਖਤ ‘ਸਾਡਾ ਹਸਮੁੱਖ ਬਾਬਾ’ ਇਸ ਵਿਚ ਛਪੀ।
ਮੇਰੇ ਨਾਨਕਾ ਪਿੰਡ ਕੋਟਲਾ ਬਡਲਾ, ਤਹਿਸੀਲ ਸਮਰਾਲਾ ਦੇ ਇੱਕ ਗਾਲੜੀ ਨਾਨੇ ਬਾਰੇ ਜਿਸ ਨੂੰ ਆਮ ਘਟਨਾਵਾਂ ਸੁਨਾਉਣ ਵੇਲੇ ਮਿਰਚ ਮਸਾਲਾ ਲਾਉਣ ਦੀ ਜਾਚ ਆਉਂਦੀ ਸੀ, ਇੱਕ ਹਨੇਰੀ ਨੂੰ ਵਰਣਨ ਕਰਦਿਆਂ ਉਸ ਨੇ ਦਸਿਆ ਸੀ ਕਿ ਉਹ ਰੇਤਲੇ ਟਿੱਬੇ ਉਤੇ ਲੰਮਾ ਪਿਆ ਸੀ ਜਦ ਹਨੇਰੀ ਨਾਲ ਰੁੜ੍ਹ ਕੇ ਆਈ ਰੇਤ ਉਸ ਦੇ ਬਰਾਬਰ ਚੜ੍ਹ ਆਈ। ਉਹ ਪਾਸਾ ਪਰਤ ਕੇ ਰੇਤ ਦੇ ਉਪਰ ਹੋਇਆ ਤਾਂ ਅਗਲੇ ਬੁਲ੍ਹੇ ਨੇ ਉਸ ਨੂੰ ਦਬਾ ਲਿਆ। ਹਨੇਰੀ ਦੇ ਬੰਦ ਹੋਣ ਤੱਕ ਉਹਦੇ ਵਾਲਾ ਟਿੱਬਾ ਉਹਦੇ ਪਾਸਿਆਂ ਨਾਲ ਏਨਾ ਉਚਾ ਹੋ ਗਿਆ ਕਿ ਉਸ ਨੂੰ ਆਪਣਾ ਆਪ ਆਪਣੇ ਘਰ ਦੀ ਛੱਤ ਨਾਲੋਂ ਵੀ ਉਚਾ ਜਾਪਣ ਲਗਿਆ। ਮੈਂ ਆਪਣੇ ਲੇਖ ਵਿਚ ਨਾਨੇ ਦੀਆਂ ਹੋਰ ਗੱਲਾਂ ਵੀ ਲਿਖੀਆਂ।
ਉਦੋਂ Ḕਬਾਲ ਸੰਦੇਸ਼’ ਦੀ ਸੰਪਾਦਕੀ ਹਿਰਦੇਪਾਲ ਦੇ ਵੱਡੇ ਭਰਾ ਨਵਤੇਜ ਸਿੰਘ ਕੋਲ ਸੀ। ਉਸ ਨੇ ਮੇਰਾ ਲੇਖ ਯੋਗ ਥਾਂ ਉਤੇ ਛਾਪਦਿਆਂ ਮੈਨੂੰ ਹੋਰ ਰਚਨਾਵਾਂ ਭੇਜਣ ਦਾ ਸੱਦਾ ਦਿੱਤਾ।
ਸਮਾਂ ਪਾ ਕੇ ਮੈਂ ਇੱਕ ਹੋਰ ਰਚਨਾ ਆਪਣੇ ਪਿਤਾ ਦੀ ਭੂਆ ਦੇ ਪੁੱਤ ਨਾਹਰ ਸਿੰਘ ਬਾਰੇ ਲਿਖੀ ਜਿਹੜਾ ਭਾਰਤੀ ਸੇਨਾ ਵਿਚੋਂ ਹਵਾਲਦਾਰੀ ਪੈਨਸ਼ਨ ਲੈ ਕੇ ਨਵਾਂ ਸ਼ਹਿਰ ਨੇੜੇ ਆਪਣੇ ਪਿੰਡ ਚੂਹੜਪੁਰ ਰਹਿੰਦਾ ਸੀ। ਨਵਤੇਜ ਸਿੰਘ ਨੇ ਉਹ ਰਚਨਾ ਵਾਪਸ ਕਰਦਿਆਂ ਇਹ ਦਲੀਲ ਦਿੱਤੀ ਕਿ ਇਹ ਬਾਲ ਸੰਦੇਸ਼ ਦੀ ਪੱਧਰ ਤੋਂ ਉਚੀ ਹੈ ਅਤੇ ਪ੍ਰੀਤ ਲੜੀ ਦੇ ਹਾਣ ਦੀ ਨਹੀਂ।
ਮੈਂ ਨਵਤੇਜ ਸਿੰਘ ਦੇ ਲਿਖੇ ਦੋਵੇਂ ਕਾਰਡ ਕਈ ਵਰ੍ਹੇ ਸੰਭਾਲ ਕੇ ਰਖੇ ਤੇ ਵਾਪਸ ਕੀਤੀ ਰਚਨਾ ਸੈਨਿਕ ਸਮਾਚਾਰ ਦੇ ਸੰਪਾਦਕ ਅਮਰ ਸਿੰਘ ਸੋਢੀ ਦੀ ਮੰਗ ਉਤੇ ਉਨ੍ਹਾਂ ਨੂੰ ਭੇਜੀ। ਉਨ੍ਹਾਂ ਨੇ ਇਸ ਰਚਨਾ ਦੇ ਵੀਹ ਰੁਪਏ ਵੀ ਦਿੱਤੇ। ਮੇਰੀਆਂ ਇਹ ਰਚਨਾਵਾਂ ਬਾਲ ਸੰਦੇਸ਼ ਦੀ ਉਪਜ ਸਨ। ਮੈਂ ਖ਼ੁਸ਼ ਹਾਂ ਕਿ ਇਸ ਵਾਰੀ ਦਾ ਪੁਰਸਕਾਰ ਹਿਰਦੇਪਾਲ ਸਿੰਘ ਨੂੰ ਮਿਲਿਆ ਹੈ। ਸ਼ਾਇਦ ਇਸ ਲਈ ਕਿ ਜਿਊਰੀ ਵਿਚ ਬਾਲ ਸਾਹਿਤ ਦਾ ਸਹੀ ਮੁੱਲ ਪਾਉਣ ਵਾਲਾ ਮਨਮੋਹਨ ਸਿੰਘ ਦਾਊਂ ਵੀ ਸੀ। ਸਵਾਗਤ ਹੈ।
ਜੱਜਾਂ ਦਾ ਦਰਦੀ ਨਿੰਦਰ ਘੁਗਿਆਣਵੀ: ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਨਿਆਂਪ੍ਰਣਾਲੀ ਦੇ ਥੱਮ ਜਜਾਂ ਦਾ ਕੋਡ ਆਫ਼ ਕੰਡਕਟ ਉਨ੍ਹਾਂ ਨੂੰ ਜ਼ਿੰਦਗੀ ਦੇ ਮੌਜ ਮੇਲਿਆਂ ਤੋਂ ਕਿੰਨਾ ਵਿਰਵਾ ਰੱਖਦਾ ਹੈ। ਆਮ ਜੀਵਨ ਦੇ ਮਨੋਰੰਜਨ ਤੋਂ ਟੁੱਟੇ ਇਹ ਲੋਕ ਆਪਣੇ ਸਾਕ ਸਬੰਧੀਆਂ ਨੂੰ ਵੀ ਖੁਲ੍ਹ ਕੇ ਨਹੀਂ ਮਿਲਦੇ। ਉਹ ਆਪਣਾ ਫੋਨ ਨੰਬਰ ਜੰਤਕ ਕਰਨੋਂ ਕਤਰਾਉਂਦੇ ਹਨ। ਉਨ੍ਹਾਂ ਉਤੇ ਘੁੰਮਡੀ ਹੋਣ ਦਾ ਲੇਬਲ ਲਗਦਾ ਹੈ। ਜਨਤਾ ਕੀ ਜਾਣੇ ਕਿ ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ ਕੇ ਜੀਵਨ ਬਤੀਤ ਕਰਦੇ ਹਨ। ਨਿੰਦਰ ਘੁਗਿਆਣਵੀ ਦੀ ਨਵੀਂ ਪੁਸਤਕ Ḕਕਾਲੇ ਕੋਟ ਦਾ ਦਰਦ’ ਨਿਆਂ ਪ੍ਰਣਾਲੀ ਦੀਆਂ ਇਨ੍ਹਾਂ ਵਿਸੰਗਤੀਆਂ ਅਤੇ ਦੁੱਖਾਂ ਉਤੋਂ ਪਰਦਾ ਚੁਕਦੀ ਹੈ। ਉਸ ਦੀ ਲਿਖਤ ਵਿਚ ਰਸ ਅਤੇ ਸਰਲਤਾ ਹੀ ਨਹੀਂ, ਰਸਮਿਸਾ ਵਿਅੰਗ ਵੀ ਹੈ ਜਿਸ ਨੂੰ ਪੜ੍ਹਦਿਆਂ ਗਲਪਕਾਰੀ ਵਰਗਾ ਅਨੰਦ ਆਉਂਦਾ ਹੈ।
ਕਈ ਜੱਜ ਆਪਣੇ ਕਾਰਜ ਕਾਲ ਜਾਂ ਸੇਵਾ ਮੁਕਤੀ ਸਮੇਂ ਆਪਣੇ ਅਸੂਲਾਂ ਦਾ ਪਾਲਣ ਕਰਦੇ ਅੰਤ ਵਿਚ ਉਦਾਸ ਤੇ ਦੁਖੀ ਰਹਿਣ ਲਗਦੇ ਹਨ। ਲੇਖਕ ਦੇ ਕਥਨ ਅਨੁਸਾਰ ਉਹ ਉਣੀਂਦਰੇ ਦੇ ਰੋਗੀ ਹੋ ਜਾਂਦੇ ਹਨ ਤੇ ਨੀਂਦ ਦੀਆਂ ਗੋਲੀਆਂ ਖਾਣ ਲਗਦੇ ਹਨ। ਨਿੰਦਰ ਘੁਗਿਆਣਵੀ ਆਪਣੇ ਅਰੰਭ ਵਾਲੇ ਜੀਵਨ ਵਿਚ ਕਿਸੇ ਜੱਜ ਦਾ ਅਰਦਲੀ ਰਿਹਾ ਹੈ ਤੇ ਉਸ ਜੀਵਨ ਦੀ ਬਾਤ ਪਾਉਂਦੀ ਉਸ ਦੀ ਪੁਸਤਕ, Ḕਮੈਂ ਸਾਂ ਜੱਜ ਦਾ ਅਰਦਲੀ’ ਛਪਦੇ ਸਾਰ ਹੀ ਧੜਾ-ਧੜਾ ਵਿਕ ਗਈ ਸੀ। ਉਸ ਨੂੰ ਰਚਨਾਕਾਰੀ ਤੇ ਰਿਸ਼ਵਤਖੋਰ ਜੱਜਾਂ ਦੀ ਤਣਾ-ਤਣੀ ਉਤੇ ਵੀ ਟਿੱਪਣੀ ਕੀਤੀ ਹੈ ਤੇ ਨਿਆਂਪ੍ਰਣਾਲੀ ਦੇ ਭ੍ਰਿਸ਼ਟ ਹੋਣ ਉਤੇ ਆਪਣਾ ਦੁੱਖ ਵੀ ਪ੍ਰਗਟ ਕੀਤਾ ਹੈ। ਕੁੱਝ ਵੀ ਹੋਵੇ ਲੇਖਕ ਕਿਧਰੇ ਵੀ ਜੱਜਾਂ ਪ੍ਰਤੀ ਆਪਣੀ ਹਮਦਰਦੀ ਦਾ ਪਲਾ ਨਹੀਂ ਛੱਡਦਾ। Ḕਕਾਲੇ ਕੋਟ ਦਾ ਦਰਦ’ ਓਨੀ ਹੀ ਪੜ੍ਹਨਯੋਗ ਤੇ ਮਾਨਣਯੋਗ ਰਚਨਾ ਹੈ, ਜਿੰਨ੍ਹੀ Ḕਮੈਂ ਸਾਂ ਜੱਜ ਦਾ ਅਰਦਲੀ।’ ਪਰਪੱਕਤਾ ਵਿਚ ਉਹਦੇ ਨਾਲੋਂ ਥੋੜ੍ਹੀ ਅੱਗੇ। ਪੜ੍ਹੋ ਤੇ ਮਾਣੋ।
ਅੰਤਿਕਾ: ਸਾਧੂ ਸਿੰਘ ਹਮਦਰਦ
ਸ਼ਿਕਾਇਤ ਖ਼ੁਦਾ ਦੀ ਕਰਨ ਕਿਸ ਤਰ੍ਹਾਂ,
ਜਿਨ੍ਹਾਂ ਨੂੰ ਜਿਨ੍ਹਾਂ ਦੇ ਖ਼ੁਦਾ ਮਾਰਿਆ।
ਉਹਦੀ ਜ਼ਿੰਦਗੀ ਵੀ ਹੈ ਕਿਆ ਜ਼ਿੰਦਗੀ,
ਜਿਨੂੰ ਮੌਤ ਨੇ ਹੀ ਡਰਾ ਮਾਰਿਆ।
ਤਿਰੇ ਮਨ ‘ਚ Ḕਹਮਦਰਦ’ ਪ੍ਰੀਤਮ ਦਾ ਵਾਸ
ਤੂੰ ਫਿਰਦਾ ਏਂ ਕਿਉਂ ਮਾਰਿਆ ਮਾਰਿਆ?