ਡਾæ ਦੀਪਕ ਮਨਮੋਹਨ ਸਿੰਘ*
ਫੋਨ: 91-98762-00380
ਮੂਲ ਖਿੱਤੇ ਵਿਚ ਆਪਣੀ ਸਦੀਆਂ ਪੁਰਾਣੀ ਹੋਂਦ ਨੂੰ ਬਣਾਈ ਰੱਖਣ ਅਤੇ ਪਰਦੇਸਾਂ ਵਿਚ ਆਪਣੀ ਵਿਲੱਖਣ ਪਹਿਚਾਣ ਨੂੰ ਬਣਾਈ ਰੱਖਣ ਹਿਤ ਪੰਜਾਬੀ ਕੌਮ ਦੇ ਸਨਮੁਖ ਅਨੇਕਾਂ ਚੁਣੌਤੀਆਂ ਹਨ। ਮਸਲਨ ਹੋਰਨਾਂ ਸਭਿਆਚਾਰਾਂ ਦੇ ਪ੍ਰਭਾਵ ਹੇਠ ਆਪਣੇ ਮੂਲ ਤੋਂ ਦੂਰ ਹੋਣ ਦੀ ਸਮੱਸਿਆ। ਦੂਰ-ਦੁਰੇਡੇ ਬਿਗਾਨੇ ਮੁਲਕਾਂ ਵਿਚ ਪਰਵਾਸ ਭੋਗ ਰਹੇ ਪੰਜਾਬੀਆਂ ਨੂੰ ਉਥੋਂ ਦੇ ਸਥਾਨਕ ਸਭਿਆਚਾਰ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਪੈਂਦਾ ਹੈ।
ਆਪਣੀਆਂ ਕਾਰੋਬਾਰੀ ਲੋੜਾਂ ਦੇ ਮੱਦੇਨਜ਼ਰ ਉਨ੍ਹਾਂ ਲਈ ਅਜਿਹਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹ ਜਿਸ ਧਰਤੀ ‘ਤੇ ਵਸ ਕੇ ਰੋਜ਼ੀ ਰੋਟੀ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉਥੋਂ ਦੇ ਢਾਂਚੇ ਵਿਚ ਸਹਿਜ ਨਾਲ ਸਮਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਸਮਾਉਣ ਦੀ ਪ੍ਰਕਿਰਿਆ ਵਿਚ ਭਾਸ਼ਾ ਇਕ ਅਹਿਮ ਰੋਲ ਅਦਾ ਕਰਦੀ ਹੈ। ਕਿਸੇ ਵੀ ਪਹਾੜ ਵਰਗੇ ਅਜਨਬੀ ਕਲਚਰ ਵਿਚ ਘੁਸਣ ਅਤੇ ਉਸ ਦੇ ਪਾਰ ਜਾਣ ਵਿਚ ਭਾਸ਼ਾ ਇਕ ਸੁਰੰਗ ਵਾਂਗ ਕਾਰਜ ਕਰਦੀ ਹੈ। ਭਾਸ਼ਾ ਦੇ ਜ਼ਰੀਏ ਹੀ ਕਿਸੇ ਮਨੁੱਖ, ਕੌਮ ਜਾਂ ਢਾਂਚੇ ਦੇ ਵਧੇਰੇ ਨੇੜੇ ਹੋਇਆ ਜਾ ਸਕਦਾ ਹੈ। ਸਿਸਟਮ ਇਸ ਨੁਕਤੇ ਨੂੰ ਬਾਖੂਬੀ ਸਮਝਦਾ ਹੈ। ਇਸੇ ਲਈ ਹੀ ਤਾਂ ਆਇਲੈੱਟਸ ਜਾਂ ਟੌਇਫਿਲ ਵਰਗੇ ਟੈਸਟਾਂ ਰਾਹੀਂ ਰਸਮੀ ਰੂਪ ਵਿਚ ਅੰਗਰੇਜ਼ੀ ਸਿੱਖ ਕੇ ਹੀ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਵਿਚ ਪੱਕਿਆਂ ਪ੍ਰਵੇਸ਼ ਕਰਵਾਇਆ ਜਾਂਦਾ ਹੈ ਤਾਂ ਕਿ ਉਸ ਪ੍ਰਵੇਸ਼ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਦੀ ਸੰਚਾਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸੋ ਜਿੱਥੇ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਹਿਤ ਪਰਵਾਸ ਇਕ ਮਜਬੂਰੀ ਹੈ, ਉਥੇ ਹੀ ਪਰਵਾਸ ਹੰਢਾਉਂਦੇ ਡਾਇਸਪੋਰਾ ਲਈ ਸਥਾਨਕ ਭਾਸ਼ਾ ਅਤੇ ਸਭਿਆਚਾਰ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਉਸ ਦੀਆਂ ਅਨੇਕ ਵਿਲੱਖਣਤਾਵਾਂ ਨੂੰ ਆਪਣੇ ਮੂਲ ਵਿਚ ਸਮਾਉਣਾ ਵੀ ਮਜ਼ਬੂਰੀ ਬਣ ਜਾਂਦਾ ਹੈ।
ਇਸ ਗੱਲ ਨੂੰ ਸੁਰਜੀਤ ਪਾਤਰ ਦੀ Ḕਪਿੱਛੇ ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰḔ ਵਾਲੀ ਕਵਿਤਾ ਦੇ ਹਵਾਲੇ ਨਾਲ ਹੋਰ ਵੀ ਸੌਖਿਆਂ ਸਮਝਿਆ ਜਾ ਸਕਦਾ ਹੈ। ਭਾਵ ਜੇ ਨੰਦ ਕਿਸ਼ੋਰ ਦੇ ਪਰਿਵਾਰ ਦੀਆਂ ਖੁਸ਼ੀਆਂ ਅਤੇ ਅਕਾਂਖਿਆਵਾਂ ਯੂæਪੀæ ਬਿਹਾਰ ਤੋਂ ਆ ਕੇ ਪੰਜਾਬ ਵਿਚ ਪੱਕਿਆਂ ਵਸਣ ਨਾਲ ਜੁੜੀਆਂ ਹਨ ਤਾਂ ḔਲੁੱਧੇਆਣੇḔ ਵਿਚ ਪੱਕੇ ਅਤੇ ਸਹਿਜ ਵਸੇਬੇ ਦੀ ਗਾਰੰਟੀ ਲਈ ਉਸ ਦੀ ਧੀ ਨੂੰ ਹਰ ਹਾਲਤ ਵਿਚ ਊੜੇ ਐੜੇ ਨਾਲ ਸਾਂਝ ਪਾਉਣੀ ਹੀ ਪਵੇਗੀ। ਇਸੇ ਸੱਚ ਨੂੰ ਭਾਂਪਦਿਆਂ ਹੀ ਨੰਦ ਕਿਸ਼ੋਰ ਆਪਣੀ ਉਸ ਬੇਟੀ ਨੂੰ ਪੰਜਾਬੀ ਸਕੂਲ ਵਿਚ ਪੜ੍ਹਨੇ ਪਾਉਂਦਾ ਹੈ।
ਦੂਸਰੇ ਪਾਸੇ ਇਸੇ ਸੱਚ ਦੀ ਲੋਅ ਵਿਚ ਹੀ ਕਵਿਤਾ ਦਾ ਦੂਸਰਾ ਪਾਤਰ ਅੱਛਰ ਸਿੰਘ ਆਪਣੇ ਪੋਤਿਆਂ ਨੂੰ ਕਾਨਵੈਂਟ ਸਕੂਲ ਵਿਚ ਲਿਜਾ ਕੇ ਉਨ੍ਹਾਂ ਦੀ ਸਾਂਝ Ḕਏ ਬੀ ਸੀ ਡੀḔ ਨਾਲ ਪੁਆਉਂਦਾ ਹੈ। ਸੋ ਇਹ ਆਦਾਨ-ਪ੍ਰਦਾਨ ਪਰਵਾਸ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਸਭਿਆਚਾਰਕ ਆਦਾਨ-ਪ੍ਰਦਾਨ ਦੇ ਕਾਰਨਾਂ ਵਿਚੋਂ ਪਰਵਾਸ ਤੋਂ ਇਲਾਵਾ ਇਕ ਕਾਰਨ ਵਿਸ਼ਵੀਕਰਨ ਵੀ ਹੈ। ਅੱਜ ਮੀਡੀਆਂ ਰਾਹੀਂ ਘਰ ਬੈਠਿਆਂ ਹੀ ਹਰ ਮਨੁੱਖ ਪੂਰੀ ਦੁਨੀਆਂ ਦੇ ਸੰਪਰਕ ਵਿਚ ਹੈ। ਇਸ ਤੋਂ ਇਲਾਵਾ ਹੋਰ ਬੜੇ ਕਾਰਨ ਹਨ ਜਿਸ ਕਾਰਨ ਦੁਨੀਆਂ ਭਰ ਦੀਆਂ ਕਈ ਕੌਮਾਂ ਆਪਣੀ ਵਿਲੱਖਣ ਪਹਿਚਾਣ ਤੋਂ ਇਕ ਸਾਂਝੇ ਅਤੇ ਵੱਡੇ ਸਭਿਆਚਾਰਾਂ ਵਲ ਝੁਕਦੀਆਂ ਨਜ਼ਰ ਆਉਂਦੀਆਂ ਹਨ।
ਪੰਜਾਬੀ ਕੌਮ ਦੇ ਸਬੰਧ ਵਿਚ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਜਾਪਦਾ ਹੈ। ਕਿਤੇ ਕਿਤੇ ਤਾਂ ਵਿਦੇਸ਼ੀਂ ਵਸਦੇ ਪੰਜਾਬੀਆਂ ਦੀਆਂ ਨਵੀਂਆਂ ਪੀੜ੍ਹੀਆਂ ਆਪਣੀ ਮੂਲ ਪਛਾਣ ‘ਤੇ ਫਖਰ ਮਹਿਸੂਸ ਕਰਦੀਆਂ ਵੀ ਨਹੀਂ ਜਾਪਦੀਆਂ। ਇਸ ਸੰਤਾਪ ਨੂੰ ਹੀ ਉਨ੍ਹਾਂ ਦੀਆਂ ਵੱਡੀਆਂ ਪੀੜ੍ਹੀਆਂ ਹੰਢਾ ਰਹੀਆਂ ਹਨ। ਸਥਿਤੀ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਮਸਲਾ ਭਵਿੱਖ ਵਿਚ ਹੋਰ ਵੀ ਗਹਿਰਾ ਹੋ ਸਕਦਾ ਹੈ। ਡਰ ਵਾਲੀ ਗੱਲ ਇਹ ਹੈ ਕਿ ਇਸ ਤੋਂ ਅਗਲੇਰੀ ਪੀੜ੍ਹੀ ਨੇ ਸ਼ਾਇਦ ਆਪਣੇ ਪੰਜਾਬੀ ਹੋਣ ‘ਤੇ ਮਾਣ ਤਾਂ ਕੀ ਕਰਨੈਂ ਬਲਕਿ ਇਸ ਹੋਂਦ ਨੂੰ ਛੁਪਾਉਣ ਵਿਚ ਹੀ ਬਿਹਤਰੀ ਸਮਝਣੀ ਹੈ। ਇਸ ਵਰਤਾਰੇ ਦੀ ਗਹਿਰਾਈ ਨੂੰ ਸਮਝਦਿਆਂ ਇਹ ਜ਼ਰੂਰੀ ਹੈ ਕਿ ਇਸ ਦਿਸ਼ਾ ਵਿਚ ਹੁਣੇ ਤੋਂ ਗੰਭੀਰ ਚਿੰਤਨ ਹੋ ਸਕੇ। ਇਸ ਸਭ ਲਈ ਹੀ ਤਾਂ ਕਾਨਫਰੰਸਾਂ, ਸੈਮੀਨਾਰਾਂ, ਗੋਸ਼ਟੀਆਂ ਆਦਿ ਦਾ ਆਯੋਜਨ ਬਹੁਤ ਜ਼ਰੂਰੀ ਬਣ ਜਾਂਦਾ ਹੈ ਤਾਂ ਕਿ ਰਸਮੀ ਰੂਪ ਵਿਚ ਇਸ ਚਿੰਤਨ ਦੀ ਸ਼ੁਰੂਆਤ ਹੋ ਸਕੇ।
ਵਿਦੇਸ਼ੀਂ ਵਸਦੇ ਡਾਇਸਪੋਰਾ ਵਿਚ ਸਿਰਫ ਲੇਖਕ ਜਾਂ ਬੁੱਧੀਜੀਵੀ ਹੀ ਸ਼ਾਮਲ ਨਹੀਂ ਬਲਕਿ ਵਖ-ਵਖ ਖੇਤਰਾਂ ਦੇ ਲੋਕ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿਚ ਕਾਰਜਸ਼ੀਲ ਕਾਮੇ ਜਿਨ੍ਹਾਂ ਵਿਚ ਕਾਸ਼ਤਕਾਰ, ਟਰਾਂਸਪੋਰਟ, ਡਾਕਟਰ ਅਤੇ ਵਖ-ਵਖ ਫਰੈਂਚਾਈਜ਼ ਨਾਲ ਸਬੰਧਤ ਸਟੋਰਾਂ ਦੇ ਮਾਲਕ ਅਤੇ ਸਟੋਰਾਂ ‘ਤੇ ਕੰਮ ਕਰਦੇ ਕਾਰਿੰਦੇ ਆਦਿ ਸ਼ਾਮਲ ਹਨ। ਜਿਥੇ ਵਪਾਰ ਜਾਂ ਖੇਤੀ ਖੇਤਰ ਵਿਚ ਸਾਡੀ ਕੌਮ ਦੇ ਇਨ੍ਹਾਂ ਬੰਦਿਆਂ ਨੇ ਲੋਹਾ ਮੰਨਵਾਇਆ ਹੈ, ਉਥੇ ਡਾਕਟਰੀ, ਇੰਜੀਨੀਅਰਿੰਗ, ਟਰਾਂਸਪੋਰਟ, ਸਿੱਖਿਆ ਆਦਿ ਖੇਤਰਾਂ ਵਿਚ ਵੀ ਅਨੇਕਾਂ ਮੱਲਾਂ ਮਾਰੀਆਂ ਹਨ। ਪਰ ਮਸਲਾ ਇਹ ਹੈ ਕਿ ਭਾਸ਼ਾਈ ਪਛਾਣ ਦੇ ਬਚਾਅ ਹਿਤ ਇਹ ਸਾਰੀਆਂ ਧਿਰਾਂ ਭਾਵੇਂ ਚੇਤੰਨ ਤਾਂ ਆਪੋ ਆਪਣੀ ਪੱਧਰ ‘ਤੇ ਹਨ ਪਰ ਹਰੇਕ ਧਿਰ ਵਿਚ ਐਨਾ ਮਾਦਾ ਨਹੀਂ ਹੁੰਦਾ ਕਿ ਉਹ ਇਸ ਮਸਲੇ ‘ਤੇ ਖੁੱਲ੍ਹ ਕੇ ਗੱਲ ਕਰ ਸਕੇ। ਇਸ ਲਿਹਾਜ਼ ਨਾਲ ਇਹ ਜ਼ਿੰਮੇਵਾਰੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਸਿੱਧੇ ਚਿੰਤਨ ਵਾਲਿਆਂ ਦੇ ਸਿਰ ਹੀ ਆ ਜਾਂਦੀ ਹੈ।
ਜੰਗ ਹਥਿਆਰਾਂ ਨਾਲ ਹੀ ਜਿੱਤੀ ਜਾਂਦੀ ਹੈ। ਹਥਿਆਰ ਜਿੰਨੇ ਤਿੱਖੇ ਤੇ ਤੇਜ਼ਧਾਰ ਹੋਣ, ਉਨੇ ਹੀ ਕਾਰਗਰ ਸਿੱਧ ਹੁੰਦੇ ਹਨ। ਖੁੰਢੇ ਅਤੇ ਪੁਰਾਣੇ ਹਥਿਆਰਾਂ ਨਾਲ ਨਾ ਹੀ ਜੰਗਾਂ ਲੜੀਆਂ ਅਤੇ ਨਾ ਹੀ ਜਿੱਤੀਆਂ ਜਾ ਸਕਦੀਆਂ ਹਨ। ਪੰਜਾਬੀਅਤ ਦੀ ਪਛਾਣ ਨੂੰ ਇਸੇ ਤਰ੍ਹਾਂ ਕਾਇਮ ਦਾਇਮ ਰੱਖਣਾ ਵੀ ਇਕ ਜੰਗ ਹੀ ਹੈ। ਇਸ ਜੰਗ ਵਿਚ ਵਰਤੇ ਜਾਣ ਵਾਲੇ ਹਥਿਆਰ ਸ਼ਬਦ ਹਨ। ਜੇ ਸਾਡੇ ਕੋਲ ਸ਼ਬਦ ਨਹੀਂ ਤਾਂ ਅਸੀਂ ਤਰਕ ਨਹੀਂ ਸਿਰਜ ਸਕਦੇ। ਬਗੈਰ ਤਰਕ ਦੇ ਕੁਝ ਵੀ ਮੰਨਵਾਉਣਾ ਜਾਂ ਸਿੱਧ ਕਰਨਾ ਅਸੰਭਵ ਹੈ। ਅਜਿਹਾ ਵੀ ਨਹੀਂ ਕਿ ਇਹ ਜੰਗ ਸਿਰਫ ਇਨ੍ਹਾਂ ਸ਼ਬਦ ਵਾਲਿਆਂ ਦੇ ਮੋਢੇ ‘ਤੇ ਬੰਦੂਕ ਚਲਾਉਣ ਵਾਂਗ ਸਿਰਫ ਉਨ੍ਹਾਂ ਦੇ ਬਲਬੂਤੇ ਹੀ ਲੜੀ ਜਾਣੀ ਚਾਹੀਦੀ ਹੈ। ਮੇਰਾ ਇਸ਼ਾਰਾ ਉਸ ਧਿਰ ਨੂੰ ਬਲਦੀ ਦੇ ਬੁੱਥੇ ਦੇ ਕੇ ਬਾਕੀ ਧਿਰਾਂ ਨੂੰ ਬਰੀ ਕਰਨ ਵੱਲ ਬਿਲਕੁਲ ਨਹੀਂ। ਮੇਰਾ ਭਾਵ ਤਾਂ ਸਿਰਫ ਇਹ ਹੈ ਕਿ ਇਸ ਵੱਡੀ ਜੰਗ ਦੀ ਸੁਚੱਜੀ ਰਣਨੀਤੀ ਇਹੋ ਹੋਵੇਗੀ ਕਿ ਪਹਿਲੀ ਕਤਾਰ ਵਿਚ ਉਨ੍ਹਾਂ ਨੂੰ ਹੀ ਤਾਇਨਾਤ ਕੀਤਾ ਜਾਵੇ ਜਿਨ੍ਹਾਂ ਕੋਲ ਤਿੱਖੇ ਹਥਿਆਰ ਹਨ ਅਤੇ ਜਿਨ੍ਹਾਂ ਨੂੰ ਇਹ ਹਥਿਆਰ ਸੁਚੱਜ ਅਤੇ ਨਿਪੁੰਨਤਾ ਨਾਲ ਚਲਾਉਣੇ ਆਉਂਦੇ ਹੋਣ। ਇਥੇ ਇਸ ਨੁਕਤੇ ਬਾਰੇ ਸਪਸ਼ਟ ਹੋਣਾ ਵੀ ਅਤਿ ਜ਼ਰੂਰੀ ਹੈ ਕਿ ਹਥਿਆਰ ਦਾ ਕੋਲ ਹੋਣਾ ਹੀ ਕਾਫੀ ਨਹੀਂ ਹੁੰਦਾ ਬਲਕਿ ਇਸ ਨੂੰ ਵਰਤਣ ਦੀ ਸਮਝ ਅਤੇ ਸੂਝ ਵੀ ਲੋੜੀਂਦੀ ਹੈ।
ਬੇਅਕਲ ਅਤੇ ਬੁੱਧੀਹੀਣ ਤਾਂ ਦੁਸ਼ਮਣਾਂ ਦੀ ਸ਼ਨਾਖਤ ਕੀਤੇ ਬਿਨਾ ਇਨ੍ਹਾਂ ਹਥਿਆਰਾਂ ਨਾਲ ਆਪਣਿਆਂ ‘ਤੇ ਵੀ ਵਾਰ ਕਰ ਸਕਦੇ ਹਨ। ਉਚਿਤ ਸ਼ਬਦਾਂ ਵਿਚ ਰੱਖਿਆ ਤਰਕ ਹੀ ਚੰਗ ਮੰਦ ਬਾਰੇ ਜਾਗ੍ਰਿਤ ਕਰ ਸਕਦਾ ਹੈ। ਜੇ ਤਰਕ ਹੈ ਤਾਂ ਹੀ ਆਪਣੀ ਪਛਾਣ ਨੂੰ ਕਾਇਮ-ਦਾਇਮ ਰੱਖਣ ਦੀ ਵਕਾਲਤ ਕੀਤੀ ਜਾ ਸਕਦੀ ਹੈ। ਤਰਕ ਦੇ ਸਹਾਰੇ ਹੀ ਆਪਣੀ ਪਛਾਣ ਦੇ ਇਤਿਹਾਸ ਨੂੰ ਆਧਾਰ ਬਣਾ ਕੇ ਇਸ ਦੀ ਅਹਿਮੀਅਤ ਨੂੰ ਪਛਾਣਿਆ ਜਾ ਸਕਦਾ ਹੈ।
ਸ਼ਬਦ ਨਾਲ ਲੈਸ ਇਸ ਧਿਰ ਕੋਲ ਜੇ ਇਹ ਹਥਿਆਰ ਹੈ ਤਾਂ ਦੂਸਰੀ ਧਿਰ ਕੋਲ ਸਾਧਨਾਂ ਦੀ ਬਹੁਤਾਤ ਹੈ। ਉਨ੍ਹਾਂ ਦੇ ਲੜਨ ਦਾ ਮੁਹਾਜ਼ ਆਪਣਾ ਹੈ। ਉਸ ਮੁਹਾਜ ‘ਤੇ ਉਹ ਹੀ ਲੜ ਸਕਦੇ ਹਨ। ਵੱਡੀਆਂ ਕਾਨਫਰੰਸਾਂ ਕਰਨ ਤੋਂ ਲੈ ਕੇ ਵੱਡੇ ਅਤੇ ਮਹਿੰਗੇ ਪ੍ਰਾਜੈਕਟਾਂ ਦਾ ਵਿੱਤੀ ਬੋਝ ਆਪਣੇ ਮੋਢਿਆਂ ‘ਤੇ ਚੁੱਕਣਾ ਜਾਂ ਫਿਰ ਸਰਕਾਰੇ-ਦਰਬਾਰੇ ਆਪਣੀ ਪਹੁੰਚ ਦੀ ਵਰਤੋਂ ਕਰਦਿਆਂ ਇਸ ਦਿਸ਼ਾ ਵਿਚ ਮਦਦ ਕਰਨਾ ਆਦਿ ਅਜਿਹੇ ਕਾਰਜ ਹਨ ਜੋ ਸਿਰਫ ਸਮਰੱਥ ਧਿਰਾਂ ਹੀ ਕਰ ਸਕਦੀਆਂ ਹਨ। ਇਸ ਤਰ੍ਹਾਂ ਐਨਾ ਕੁ ਤਾਂ ਸਪਸ਼ਟ ਹੈ ਕਿ ਇਸ ਜੰਗ ਦੌਰਾਨ ਪਹਿਲੀ ਕਤਾਰ ਵਿਚ ਹੋ ਕੇ ਝੰਡਾ ਬਰਦਾਰੀ ਦਾ ਕਾਰਜ ਸ਼ਬਦ ਅਤੇ ਤਰਕ ਨਾਲ ਲੈਸ ਸੈਨਾ ਹੀ ਕਰ ਸਕਦੀ ਹੈ। ਸੋ ਹੁਣ ਵਕਤ ਹੈ ਕਿ ਇਸ ਸੰਕਟ ਦੀ ਗਹਿਰਾਈ ਨੂੰ ਮਹਿਸੂਸ ਕਰਦੇ ਹੋਏ ਪੂਰੀ ਕੌਮ ਦੇ ਪੱਧਰ ‘ਤੇ ਲਾਮਬੰਦ ਹੋਈਏ ਅਤੇ ਇਕ ਮੁਕੰਮਲ ਰਣਨੀਤੀ ਘੜੀਏ ਅਤੇ ਸਭ ਆਪੋ ਆਪਣੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਨੂੰ ਪਛਾਣੀਏ ਅਤੇ ਮਾਂ ਬੋਲੀ ਦੀ ਸੇਵਾ ਵਿਚ ਆਪੋ-ਆਪਣੇ ਹਿੱਸੇ ਦਾ ਬਣਦਾ ਯੋਗਦਾਨ ਪਾ ਸਕੀਏ।
*ਸੀਨੀਅਰ ਫੈਲੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ।