ਮਝੈਲ ਸਿੰਘ ਸਰਾਂ ਦਾ ਲੇਖ ਤੇ ਹੋਰ ਲਿਖਤਾਂ

‘ਪੰਜਾਬ ਟਾਈਮਜ਼’ ਦੇ ਅੰਕ ਨੰਬਰ 25 ਵਿਚ ਮਝੈਲ ਸਿੰਘ ਸਰਾਂ ਦਾ ਭਖਦੇ ਮਸਲਿਆਂ ਬਾਰੇ ਲਿਖਿਆ ਲੇਖ ‘ਫਾਂਸੀ ਤੋਂ ਫਾਹੇ ਵੱਲ?’ ਚੰਗਾ ਲੱਗਿਆ। ਲੇਖਕ ਨੇ ਪੰਜਾਬ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਪਿਛੋਕੜ ਬਹੁਤ ਗਹਿਰਾਈ ਨਾਲ ਫਰੋਲਿਆ ਹੈ ਅਤੇ ਨਾਲ ਹੀ ਵੱਖ-ਵੱਖ ਸਮਿਆਂ ਦੌਰਾਨ ਸਰਕਾਰਾਂ ਵੱਲੋਂ ਇਸ ਮਸਲੇ ਬਾਰੇ ਕੀਤੀ ਜਾ ਰਹੀ ਅਣਦੇਖੀ ਦਾ ਮਾਮਲਾ ਵੀ ਬਹਿਸ ਅਧੀਨ ਲਿਆਂਦਾ ਹੈ।

ਜਾਪਦਾ ਹੈ ਕਿ ਇਸ ਮਾਮਲੇ ‘ਤੇ ਆਮ ਲੋਕ ਬਹੁਤ ਬੇਵਸ ਜਿਹੇ ਹਨ, ਕਿਉਂਕਿ ਸਰਕਾਰੀ-ਦਰਬਾਰੀ ਪੱਧਰ ਉਤੇ ਆਮ ਬੰਦੇ ਦੀ ਕਿਤੇ ਕੋਈ ਸੁਣਵਾਈ ਨਹੀਂ ਹੈ। ਸਰਕਾਰ ਨੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਕੀਮਾਂ ਚਲਾਈਆਂ ਹੋਈਆਂ ਹਨ, ਪਰ ਇਨ੍ਹਾਂ ਸਕੀਮਾਂ ਦਾ ਸਿੱਧਾ ਸਬੰਧ ਕਿਸਾਨਾਂ ਜਾਂ ਹੋਰ ਲੋੜਵੰਦਾਂ ਦੀ ਖਲਾਸੀ ਕਰਾਉਣਾ ਨਹੀਂ, ਸਗੋਂ ਆਪਣੀਆਂ ਵੋਟਾਂ ਪੱਕੀਆਂ ਕਰਨਾ ਹੀ ਹੁੰਦਾ ਹੈ। ਹੁਣ ਨੁਕਤਾ ਇਹ ਹੈ ਕਿ ਇਸ ਤਰ੍ਹਾਂ ਦੀ ਚੋਣ ਸਿਆਸਤ ਵਿਚੋਂ ਬਾਹਰ ਕਿਵੇਂ ਨਿਕਲਿਆ ਜਾਵੇ।
ਅਰੁੰਧਤੀ ਰਾਏ ਦਾ ਲੰਮਾ ਲੇਖ ਮੈਂ ਪੂਰੀ ਰੀਝ ਲਾ ਕੇ ਆਪ ਵੀ ਪੜ੍ਹਿਆ ਹੈ ਅਤੇ ਜਿੰਨਾ ਹੋ ਸਕਿਆ, ਹੋਰਾਂ ਨੂੰ ਵੀ ਪੜ੍ਹਾਇਆ ਹੈ। ਇਸ ਲੇਖ ਵਿਚ ਅਰੁੰਧਤੀ ਰਾਏ ਨੇ ਆਰæਐਸ਼ਐਸ਼ ਅਤੇ ਨਰੇਂਦਰ ਮੋਦੀ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਚੁਸਤੀਆਂ ਤੇ ਚਲਾਕੀਆਂ ਨੂੰ ਇਕ-ਇਕ ਕਰ ਕੇ ਗਿਣਾਇਆ ਹੈ। ਲੇਖ ਵਿਚ ਵਿਚਾਰੇ ਬਹੁਤ ਸਾਰੇ ਨੁਕਤੇ ਤਾਂ ਅਜਿਹੇ ਵੀ ਹਨ ਜਿਹੜੇ ਪਹਿਲੀ ਵਾਰ ਧਿਆਨ ਵਿਚ ਆਏ। ਇਸੇ ਤਰ੍ਹਾਂ ਦਲਜੀਤ ਅਮੀ ਵੱਲੋਂ ਫਿਲਮ ‘ਉੜਤਾ ਪੰਜਾਬ’ ਬਾਰੇ ਕੀਤੀਆਂ ਲਗਾਤਾਰ ਟਿੱਪਣੀਆਂ ਵੀ ਧਿਆਨ ਖਿੱਚਦੀਆਂ ਹਨ। ਮੇਰੀ ਜਾਚੇ ਇਸ ਫਿਲਮ ਬਾਰੇ ਦਲਜੀਤ ਅਮੀ ਦਾ ਰੀਵੀਊ ਸਭ ਤੋਂ ਵੱਧ ਦਲੀਲਪੂਰਨ ਸੀ। ਅਸਲ ਵਿਚ ਉਹ ਆਪਣੇ ਹਰ ਨੁਕਤੇ ਨੂੰ ਵੱਖ-ਵੱਖ ਪੱਖਾਂ ਦੇ ਪ੍ਰਸੰਗ ਵਿਚ ਉਭਾਰਦਾ ਹੈ ਅਤੇ ਇਨ੍ਹਾਂ ਪੱਖਾਂ ਦੇ ਸਿਆਸੀ ਪਿਛੋਕੜ ਨੂੰ ਕਦੀ ਦਰਕਿਨਾਰ ਨਹੀਂ ਕਰਦਾ। ਇਸੇ ਕਰ ਕੇ ਉਸ ਦੀਆਂ ਲਿਖਤਾਂ ਐਨੀਆਂ ਤਿੱਖੀਆਂ ਹੁੰਦੀਆਂ ਹਨ।
ਸਤਨਾਮ ਦੀ ਮਸ਼ਹੂਰ ਲਿਖਤ ‘ਜੰਗਲਨਾਮਾ’ ਲੜੀਵਾਰ ਛਾਪ ਕੇ ਤੁਸੀਂ ਪੁੰਨ ਵਾਲਾ ਕੰਮ ਕੀਤਾ ਹੈ। ਇਹ ਲਿਖਤ ਪਹਿਲਾਂ ਵੀ ਪੜ੍ਹੀ ਹੋਈ ਸੀ, ਪਰ ਹੁਣ ਕਈ ਸਾਲਾਂ ਬਾਅਦ ਕਈ ਤੱਥ ਚੇਤੇ ਵਿਚੋਂ ਵਿੱਸਰ ਗਏ ਹਨ। ਦੁਬਾਰਾ ਪੜ੍ਹ ਕੇ ਉਹੀ ਤੱਥ ਜ਼ਿਹਨ ਵਿਚ ਮੁੜ ਉਭਰ ਆਏ ਹਨ। ਬੂਟਾ ਸਿੰਘ ਦੇ ਲੇਖ ਵੀ ਮੈਂ ਬੜੀ ਨੀਝ ਨਾਲ ਪੜ੍ਹਦਾ ਹਾਂ। ਇਹ ਅਕਸਰ ਵਿਚਾਰ-ਉਕਸਾਊ ਹੁੰਦੇ ਹਨ। ਅਸਲ ਵਿਚ ‘ਪੰਜਾਬ ਟਾਈਮਜ਼’ ਦੀਆਂ ਵੱਖ-ਵੱਖ ਮਸਲਿਆਂ ਬਾਰੇ ਲਿਖਤਾਂ ਜਾਣਕਾਰੀ ਵਿਚ ਵਾਧਾ ਹੀ ਨਹੀਂ ਕਰਦੀਆਂ, ਸਗੋਂ ਸੋਚ ਨੂੰ ਵੀ ਤਿਖਿਆਂ ਕਰਦੀਆਂ ਹਨ।
-ਗੁਰਵੇਲ ਸਿੰਘ ਜਹਾਂਗੀਰ, ਨਿਊ ਯਾਰਕ