ਦੂਜਾ ਕੌਮਾਂਤਰੀ ਯੋਗ ਦਿਵਸ ਸੰਸਾਰ ਭਰ ਵਿਚ ਮਨਾਏ ਜਾਣ ਦੀਆਂ ਖਬਰਾਂ ਹਨ ਅਤੇ ਭਾਰਤ ਵਿਚ ਇਸ ਦਿਵਸ ਦੀ ਕਾਮਯਾਬੀ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਆਰæਐਸ਼ਐਸ਼ ਦੀ ਪੂਰੀ ਮਸ਼ੀਨਰੀ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਸਭਨਾਂ ਲਈ ਭਾਵੇਂ ਇਹ ਸਪਸ਼ਟ ਹੈ ਕਿ ਆਰæਐਸ਼ਐਸ਼ ਦਾ ਲਾਣਾ ਯੋਗ ਦਾ ਪ੍ਰਚਾਰ ਅਤੇ ਪਸਾਰ ਆਪਣੀ ਵਿਸ਼ੇਸ਼ ਸਿਆਸਤ ਖਾਤਰ ਹੀ ਕਰ ਰਿਹਾ ਹੈ, ਪਰ ਸਿਹਤ ਦੀ ਤੰਦਰੁਸਤੀ ਦੇ ਕੋਣ ਤੋਂ ਪਿਛਲੇ ਕੁਝ ਸਾਲਾਂ ਦੌਰਾਨ ਆਮ ਲੋਕਾਂ ਨੇ ਯੋਗ ਨੂੰ ਖੂਬ ਹੁੰਗਾਰਾ ਭਰਿਆ ਹੈ।
ਦਾਅਵਾ ਕੀਤਾ ਜਾਂਦਾ ਹੈ ਕਿ ਯੋਗ ਸਰੀਰ ਨੂੰ ਤੰਦਰੁਸਤ ਰੱਖਣ ਦੀ ਪ੍ਰਾਚੀਨ ਪ੍ਰਣਾਲੀ ਹੈ। ਅੱਜ ਦਾ ਮਨੁੱਖ ਜਿਸ ਤਰ੍ਹਾਂ ਦੀਆਂ ਮਾਨਸਿਕ ਗੁੰਝਲਾਂ ਵਿਚੋਂ ਲੰਘ ਰਿਹਾ ਹੈ, ਉਸ ਨੇ ਇਸ ਨੂੰ ਯੋਗ ਵੱਲ ਖਿੱਚਿਆ ਜ਼ਰੂਰ ਹੈ। ਯੋਗ ਦੇ ਪ੍ਰਚਾਰਕਾਂ ਨੇ ਜਿਸ ਢੰਗ ਨਾਲ ਇਸ ਦਾ ਪ੍ਰਚਾਰ ਕੀਤਾ ਹੈ, ਉਸ ਤੋਂ ਆਮ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਸਿਰਫ ਯੋਗ ਹੀ ਉਨ੍ਹਾਂ ਦੀਆਂ ਸਿਹਤ ਸਬੰਧੀ ਤੇ ਮਾਨਸਿਕ ਸਮੱਸਿਆਵਾਂ ਦਾ ਹੱਲ ਹੈ। ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਆਰæਐਸ਼ਐਸ਼ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਬਾਰੇ ਕਿੰਨੀ ਤੁਅੱਸਬੀ ਪਹੁੰਚ ਰੱਖਦੀ ਹੈ। ਯੋਗ ਦੇ ਸਿਲਸਿਲੇ ਵਿਚ ਵੀ ਇਸ ਨੇ ਕੋਈ ਘੱਟ ਨਹੀਂ ਗੁਜ਼ਾਰੀ। ਉਂਜ, ਇਕ ਤੱਥ ਨੋਟ ਕਰਨ ਵਾਲਾ ਹੈ ਕਿ ਅੱਜ ਸੱਤਾਧਾਰੀ ਹੋਣ ਦਾ ਲਾਹਾ ਲੈ ਕੇ ਆਰæਐਸ਼ਐਸ਼ ਅਤੇ ਇਸ ਦੀਆਂ ਜੋਟੀਦਾਰ ਧਿਰਾਂ ਆਪਣਾ ਏਜੰਡਾ ਖੁਦ ਤੈਅ ਕਰ ਰਹੀਆਂ ਹਨ, ਤੇ ਇਸ ਨੂੰ ਲੋਕਾਂ ਅੰਦਰ ਲੈ ਕੇ ਵੀ ਜਾ ਰਹੀਆਂ ਹਨ। ਨੋਟ ਕਰਨ ਵਾਲਾ ਦੂਜਾ ਨੁਕਤਾ ਇਹ ਹੈ ਕਿ ਮੁਖਾਲਿਫ ਧਿਰਾਂ ਆਪਣਾ ਕੋਈ ਏਜੰਡਾਂ ਲੋਕਾਂ ਅੱਗੇ ਰੱਖਣ ਦੀ ਥਾਂ, ਸੱਤਾਧਾਰੀਆਂ ਦੇ ਏਜੰਡੇ ਬਾਰੇ ਹੀ ਆਪੋ-ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੀਆਂ ਹਨ। ਮਸਲਨ, ਕੁਝ ਸਿੱਖ ਜਥੇਬੰਦੀਆਂ ਨੇ 21 ਜੂਨ ਨੂੰ ਯੋਗ ਦਿਵਸ ਦੀ ਥਾਂ ਗਤਕਾ ਦਿਵਸ ਮਨਾਉਣ ਦਾ ਐਲਾਨ ਕੀਤਾ। ਕੌਮੀ ਪੱਧਰ ਉਤੇ ਕਾਂਗਰਸ ਪਾਰਟੀ, ਯੋਗ ਦੀ ਇਸ ਮੁਹਿੰਮ ਖਿਲਾਫ ਵਿਸ ਘੋਲ ਰਹੀ ਹੈ। ਜ਼ਾਹਰ ਹੈ ਕਿ ਸੱਤਾਧਾਰੀ ਧਿਰਾਂ ਨੇ ਮੁਖਾਲਿਫ ਧਿਰਾਂ ਨੂੰ ਆਪਣੀ ਸਿਆਸਤ ਵਿਚ ਪੂਰੀ ਤਰ੍ਹਾਂ ਲਪੇਟ ਲਿਆ ਹੈ। ਇਹ ਅਸਲ ਵਿਚ ਬੌਧਿਕ ਅਤੇ ਸਿਆਸੀ ਕੰਗਾਲੀ ਦੇ ਸਪਸ਼ਟ ਸੰਕੇਤ ਹਨ। ਹੁਣ ਤਾਂ ਮੁਖਾਲਿਫ ਧਿਰਾਂ ਦਾ ਵਿਰੋਧ ਵੀ ਸੱਤਾਧਾਰੀਆਂ ਦੇ ਹੱਕ ਵਿਚ ਭੁਗਤਦਾ ਪ੍ਰਤੀਤ ਹੋ ਰਿਹਾ ਹੈ। ਵਿਦਵਾਨ ਲੋਕ ਇਸੇ ਨੂੰ ‘ਜ਼ਿਹਨੀ ਕਬਜ਼ਾ’ ਗਰਦਾਨਦੇ ਹਨ। ਇਸ ਪੱਖ ਤੋਂ ਸੱਤਾ-ਧਿਰ ਕਾਮਯਾਬ ਦਿਖਾਈ ਦੇ ਰਹੀ ਹੈ।
ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗਾ ਕਿ 21 ਜੂਨ ਨੂੰ ਸੰਗੀਤ ਦਿਵਸ ਵੀ ਹੁੰਦਾ ਹੈ। ਸੰਗੀਤ ਦਿਵਸ ਦੀ ਸ਼ੁਰੂਆਤ 34 ਸਾਲ ਪਹਿਲਾਂ 1982 ਵਿਚ ਫਰਾਂਸ ਦੇ ਸ਼ਹਿਰ ਪੈਰਿਸ ਦੀਆਂ ਗਲੀਆਂ ਵਿਚ ਹੋਈ ਸੀ ਅਤੇ ਇਹ ਸ਼ੁਰੂਆਤ ਕਰਨ ਵਾਲਾ ਫਰਾਂਸ ਦਾ ਸਭਿਆਚਾਰ ਬਾਰੇ ਮੰਤਰੀ ਜੈਕ ਲਾਂਗ ਸੀ। ਅਸਲ ਵਿਚ ਜੈਕ ਲਾਂਗ ਨੇ ਸਾਲ ਪਹਿਲਾਂ, 1981 ਵਿਚ ਮਸ਼ਹੂਰ ਸੰਗੀਤਕਾਰ ਮੌਰਿਸ ਫਲੀਊ ਨੂੰ ਆਪਣੇ ਮਹਿਕਮੇ ਅੰਦਰ ਸੰਗੀਤ ਤੇ ਨਾਚ ਵਿੰਗ ਦਾ ਮੁਖੀ ਲਾ ਦਿੱਤਾ। ਮੌਰਿਸ ਨੇ ਮੁਲਕ ਭਰ ਵਿਚ ਸੰਗੀਤ ਦੀ ਲਹਿਰ ਚਲਾ ਛੱਡੀ। 1982 ਵਿਚ ਜਦੋਂ ਸਰਵੇਖਣ ਵਿਚ ਇਹ ਸਾਹਮਣੇ ਆਇਆ ਕਿ ਫਰਾਂਸੀਸੀਆਂ ਦੀ ਸਭਿਆਚਾਰਕ ਪਸੰਦ ਵਿਚ ਸੰਗੀਤ ਦਾ ਬਹੁਤ ਅਹਿਮ ਰੋਲ ਹੈ, ਤੇ ਹਰ ਦੂਜਾ ਬੱਚਾ ਸੰਗੀਤ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹੋਇਆ ਹੈ, ਤਾਂ ਉਸ ਨੇ ਇਸ ਉਤਸ਼ਾਹ ਨੂੰ ਲੋਕਾਂ ਵਿਚ ਲਿਆਉਣ ਲਈ ਆਹਰ ਸ਼ੁਰੂ ਕਰ ਦਿੱਤਾ। ਹੁਣ 21 ਜੂਨ ਨੂੰ ਸੰਸਾਰ ਦੇ 120 ਮੁਲਕਾਂ ਵਿਚ ਸੰਗੀਤ ਦਿਵਸ ਮਨਾਇਆ ਜਾਂਦਾ ਹੈ। ਇਨ੍ਹਾਂ ਮੁਲਕਾਂ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਰੂਸ, ਜਰਮਨੀ, ਇਟਲੀ, ਯੂਨਾਨ (ਗਰੀਸ), ਆਸਟਰੇਲੀਆ ਵੀ ਸ਼ਾਮਲ ਹਨ। ਪੰਜਾਬ ਵਿਚ ਸੰਗੀਤ ਅਤੇ ਸ਼ਬਦ ਦੀ ਬੜੀ ਅਮੀਰ ਪਰੰਪਰਾ ਚਲੀ ਆ ਰਹੀ ਹੈ, ਪਰ ਕਿਸੇ ਦੇ ਜ਼ਿਹਨ ਅੰਦਰ ਫਰਾਂਸੀਸੀਆਂ ਦੇ ਪੱਧਰ ਵਾਲਾ ਖੌਰੂ ਨਹੀਂ ਪਿਆ। ਨੀਂਦ ਉਦੋਂ ਹੀ ਟੁੱਟੀ ਹੈ ਜਦੋਂ ਅਗਲੇ ਸਿਰ ਉਤੇ ਚੜ੍ਹ ਆਏ ਹਨ।
ਪਿਛਲੇ ਸਾਲ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਤੋਂ ਬਾਅਦ ਭਾਵੇਂ ਕੌਮਾਂਤਰੀ ਯੋਗ ਦਿਵਸ ਸੰਸਾਰ ਭਰ ਵਿਚ ਮਨਾਉਣ ਲਈ ਰਾਹ ਪੱਧਰਾ ਹੋ ਗਿਆ ਸੀ, ਪਰ ਅੱਜ ਇਸ ਦਾ ਸਾਰਾ ਕਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤਾ ਜਾ ਰਿਹਾ ਹੈ। ਬਹੁਤਿਆਂ ਨੂੰ ਇਹ ਖਬਰ ਹੀ ਨਹੀਂ ਕਿ ਨੇਪਾਲ ਵਿਚ ਕੌਮਾਂਤਰੀ ਯੋਗ ਦਿਵਸ ਪਿਛਲੇ 36 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਨੇਪਾਲ ਦੀ ਤਜਵੀਜ਼ ਨੂੰ ਉਂਗਲਾਂ ਉਤੇ ਗਿਣੇ ਜਾ ਸਕਣ ਵਾਲੇ ਮੁਲਕਾਂ ਨੇ ਹੁੰਗਾਰਾ ਭਰਿਆ ਸੀ। ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਮੁਲਕ ਅੰਦਰ ਸੌੜੀ ਸਿਆਸਤ ਕਰਨ ਵਾਲੀ ਆਰæਐਸ਼ਐਸ਼ ਨੇ ਆਪਣਾ ਸਿਆਸੀ ਦਾਈਆ ਕਿੰਨਾ ਵਿਰਾਟ ਰੱਖਿਆ ਹੈ ਅਤੇ ਇਸ ਦੀ ਸਿਆਸਤ ਦੀ ਮਾਰ ਕਿੰਨੀ ਜ਼ਿਆਦਾ ਹੈ। ਇਸ ਮਾਮਲੇ ਵਿਚ ਇਸ ਨੇ ਆਪਣੇ ਸਭ ਮੁਖਾਲਿਫਾਂ ਨੂੰ ਪੂਰੀ ਤਰ੍ਹਾਂ ਚਿਤ ਕਰ ਦਿਤਾ ਹੈ। ਇਸ ਤੋਂ ਆਰæਐਸ਼ਐਸ਼ ਦੀ ਕਾਰਜਸ਼ੈਲੀ ਦੇ ਦਰਸ਼ਨ ਵੀ ਹੋ ਜਾਂਦੇ ਹਨ। ਰਤਾ ਕੁ ਬਾਰੀਕੀ ਵਿਚ ਜਣਾ ਹੋਵੇ ਤਾਂ ਦੱਸਿਆ ਜਾ ਸਕਦਾ ਹੈ ਕਿ ਪੰਜਾਬ ਵਿਚ ਆਪਣੇ ਪ੍ਰਚਾਰ ਲਈ ਆਰæਐਸ਼ਐਸ਼ ਜਿਹੜਾ ਪਰਚਾ ਕੱਢਦੀ ਹੈ, ਉਸ ਵਿਚ ਸਿੱਖ ਗੁਰੂਆਂ ਅਤੇ ਪੰਜਾਬ ਨਾਲ ਜੁੜੇ ਮਸਲੇ ਬਹੁਤ ਸਹਿਜ ਨਾਲ ਲੋਕਾਂ ਕੋਲ ਪਹੁੰਚਾਏ ਜਾ ਰਹੇ ਹਨ। ਡੇਢ-ਦੋ ਦਹਾਕੇ ਪਹਿਲਾਂ ਇਸ ਜਥੇਬੰਦੀ ਦੀਆਂ ਪੰਜਾਬ ਵਿਚ ਸਰਗਰਮੀਆਂ ਬਾਰੇ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸਨ, ਅੱਜ ਇਹ ਸਰਗਰਮੀਆਂ ਨਤੀਜਿਆਂ ਦੇ ਰੂਪ ਵਿਚ ਉਜਾਗਰ ਹੋ ਰਹੀਆਂ ਹਨ। ਇਸ ਤੋਂ ਵੱਡਾ ਦਾਈਆ ਹੋਰ ਕੀ ਹੋ ਸਕਦਾ ਹੈ ਕਿ ਲੋਕਾਂ ਨੂੰ ਸਿਆਸਤ ਦੀ ਘੁੱਟੀ ਪਿਲਾਉਣ ਵਾਲੀ ਆਰæਐਸ਼ਐਸ਼ ਰਿਕਾਰਡ ਵਿਚ ਸਿਰਫ ਸਭਿਆਚਾਰਕ ਜਥੇਬੰਦੀ ਵਜੋਂ ਹੀ ਦਰਜ ਹੈ ਅਤੇ ਲਾਠੀ ਦੇ ਸਹਾਰੇ ਇਹ ਆਪਣੇ ਕਾਡਰ ਨੂੰ ਹਥਿਆਰਬੰਦ ਹੋਣ ਦਾ ਸੁਨੇਹਾ ਵੀ ਦੇਈ ਜਾਂਦੀ ਹੈ। ਇਹ ਉਹ ਤੱਥ ਹਨ ਜਿਨ੍ਹਾਂ ਨੂੰ ਦਰਕਿਨਾਰ ਕਰ ਕੇ ਯੋਗ ਦਿਵਸ ਦੀ ਸਿਆਸਤ ਨੂੰ ਸਮਝਣਾ ਬਹੁਤ ਔਖਾ ਹੈ।