ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਅੰਧ-ਵਿਸ਼ਵਾਸ ਵਿਰੁੱਧ ਡਟਣ ਵਾਲੇ ਨਰੇਂਦਰ ਦਾਭੋਲਕਰ ਦੀ ਹੱਤਿਆ ਵਾਲੇ ਮਾਮਲੇ ਦੀ ਜਾਂਚ ਵਿਚ ਹਿੰਦੂ ਅਤਿਵਾਦ ਦੀ ਚੜ੍ਹਤ ਬਾਰੇ ਖੁਲਾਸਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸੀæਬੀæਆਈæ ਨੇ ਦਾਅਵਾ ਕੀਤਾ ਹੈ ਕਿ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਡਾਕਟਰ ਨੇ ਹਿੰਦੂ ਵਿਰੋਧੀ ਤਾਕਤਾਂ ਨਾਲ ਲੜਨ ਲਈ 15,000 ਲੋਕਾਂ ਦੀ ਹਥਿਆਰਬੰਦ ਸੈਨਾ ਬਣਾਈ ਹੋਈ ਸੀ।
ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸਨਾਤਨ ਸੰਸਥਾ ਦੇ ਮੈਂਬਰ ਡਾਕਟਰ ਵੀਰੇਂਦਰ ਤਾਵੜੇ ਨੇ ਸਾਰੰਗ ਅਕੋਲਕਰ ਨੂੰ ਇਸ ਬਾਰੇ ਈਮੇਲ ਭੇਜੀ ਸੀ। ਅਕੋਲਕਰ ਭਗੌੜਾ ਮੁਲਜ਼ਮ ਹੈ ਜਿਸ ਵਿਰੁੱਧ ਗੋਆ ਵਿਚ 2009 ਵਿਚ ਹੋਏ ਧਮਾਕੇ ਸਬੰਧੀ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਈਮੇਲ ਵਿਚ ਤਾਵੜੇ ਨੇ 15000 ਲੋਕਾਂ ਦੀ ਸੈਨਾ ਦੇ ਗਠਨ ਬਾਰੇ ਆਖਿਆ ਹੈ ਜੋ ਹਥਿਆਰਬੰਦ ਹੈ ਅਤੇ ਦੇਸ਼ ਵਿਚ ਹਿੰਦੂ ਵਿਰੋਧੀ ਤਾਕਤਾਂ ਨਾਲ ਲੜਨ ਲਈ ਤਿਆਰ-ਬਰ-ਤਿਆਰ ਹੈ। ਤਾਵੜੇ ਨੂੰ ਦਾਭੋਲਕਰ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੋਇਆ ਹੈ। ਤਾਵੜੇ ਨੇ ਅਕੋਲਕਰ ਨੂੰ ਆਖਿਆ ਸੀ ਕਿ ਇਸ ਸੈਨਾ ਦੇ ਗਠਨ ਲਈ ਪੈਸਾ ਦਾਨ ਤੇ ਚੰਦੇ ਰਾਹੀਂ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਫਿਰ ਵੀ ਹਥਿਆਰਾਂ ਲਈ ਪੈਸੇ ਦੀ ਕਮੀ ਹੁੰਦੀ ਹੈ ਤਾਂ ਡਾਕੇ ਵੀ ਮਾਰੇ ਜਾਣ।
ਯਾਦ ਰਹੇ, ਤਾਵੜੇ ਨੂੰ ਇਸ ਜੂਨ ਮਹੀਨੇ ਵਿਚ ਹੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਸਮੇਂ ਉਹ ਸੀæਬੀæਆਈæ ਦੀ ਹਿਰਾਸਤ ਵਿਚ ਹੈ। ਇਸ ਖੁਲਾਸੇ ਪਿਛੋਂ ਮੋਦੀ ਸਰਕਾਰ ਵੱਲੋਂ ਹਿੰਦੂ ਕੱਟੜਪੰਥੀਆਂ ਦੀਆਂ ਸਰਗਰਮੀਆਂ ਬਾਰੇ ਮੀਟੀਆਂ ਅੱਖਾਂ ਉਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਅਸਲ ਵਿਚ ਮੋਦੀ ਸਰਕਾਰ ਹਿੰਦੂ ਅਤਿਵਾਦ ਬਾਰੇ ਕਿਸੇ ਵੀ ਦਾਅਵੇ ਤੋਂ ਮੰਨਣ ਤੋਂ ਇਨਕਾਰੀ ਰਹੀ ਹੈ। ਕੌਮੀ ਜਾਂਚ ਏਜੰਸੀ (ਐਨæਆਈæਏæ) ਵੱਲੋਂ ਹਾਲ ਹੀ ਵਿਚ 2008 ਵਿਚ ਮਾਲੇਗਾਉਂ ਧਮਾਕਿਆਂ ਵਿਚ ਸਾਧਵੀ ਪਰਾਗਿਆ ਸਿੰਘ ਠਾਕੁਰ ਅਤੇ ਪੰਜ ਹੋਰ ਹਿੰਦੂ ਆਗੂਆਂ ਨੂੰ ਕਲੀਨ ਚਿੱਟ ਨੇ ਵੀ ਇਸ ਦਾਅਵੇ ਨੂੰ ਪੁਖਤਾ ਕੀਤਾ ਹੈ। ਮਾਲੇਗਾਉਂ, ਸਮਝੌਤਾ ਐਕਸਪ੍ਰੈਸ ਤੇ ਅਜਮੇਰ ਧਮਾਕਿਆਂ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਕਾਰਵਾਈ ਪਿਛੋਂ ਮੋਦੀ ਸਰਕਾਰ ਉਤੇ ਕੱਟੜਪੰਥੀ ਹਿੰਦੂਆਂ ਨੂੰ ਬਚਾਉਣ ਦੇ ਦੋਸ਼ ਵੀ ਲੱਗ ਰਹੇ ਹਨ। ਦਰਅਸਲ, ਮਾਲੇਗਾਉਂ, ਸਮਝੌਤਾ ਐਕਸਪ੍ਰੈਸ ਤੇ ਅਜਮੇਰ ਧਮਾਕਿਆਂ ਵਿਚ ਕੱਟੜ ਹਿੰਦੂ ਜਥੇਬੰਦੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਕਾਂਗਰਸ ਸਰਕਾਰ ਵੇਲੇ ਇਸ ਬਾਰੇ ਕੇਸ ਦਰਜ ਕੀਤੇ ਗਏ ਸਨ, ਪਰ ਮੋਦੀ ਸਰਕਾਰ ਆਉਣ ਮਗਰੋਂ ਇਹ ਕੇਸ ਰਫਾ-ਦਫਾ ਹੋਣੇ ਸ਼ੁਰੂ ਹੋ ਗਏ ਹਨ। ਸਾਧਵੀ ਤੋਂ ਇਲਾਵਾ ਸ਼ਿਵ ਨਾਰਾਇਣ, ਸ਼ਿਆਮ ਭਵਰਲਾਲ ਸਾਹੂ, ਪ੍ਰਵੀਨ ਟਕੱਲਕੀ, ਲੋਕੇਸ਼ ਸ਼ਰਮਾ ਅਤੇ ਧਿਆਨ ਸਿੰਘ ਚੌਧਰੀ ਖਿਲਾਫ਼ ਦੋਸ਼ ਹਟਾ ਦਿੱਤੇ ਗਏ। ਕੇਂਦਰ ਵਿਚ ਮੋਦੀ ਸਰਕਾਰ ਦੀ ਆਮਦ ਤੋਂ ਬਾਅਦ ਮਾਲੇਗਾਉਂ ਕੇਸ ਤੇ ਹਿੰਦ-ਪਾਕਿ ਸਮਝੌਤਾ ਐਕਸਪ੍ਰੈਸ ਕੇਸ ਵਿਚ ਗਵਾਹਾਂ ਦੇ ਮੁੱਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਇਹ ਪ੍ਰਭਾਵ ਬਣਨ ਲੱਗਿਆ ਕਿ ਇਨ੍ਹਾਂ ਕੇਸਾਂ ਦੇ ਮੁੱਖ ਦੋਸ਼ੀ ਅੰਤ ਬਰੀ ਹੋ ਜਾਣਗੇ।
ਭਾਰਤ ਵਿਚ 2006 ਤੋਂ 2008 ਤੱਕ ਹੋਏ ਧਮਾਕਿਆਂ ਦੀਆਂ ਛੇ ਘਟਨਾਵਾਂ ਵਿਚ 120 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਤਕਰੀਬਨ 400 ਜ਼ਖ਼ਮੀ ਹੋਏ ਹਨ। ਮੁਢਲੀ ਜਾਂਚ ਵਿਚ ਇਨ੍ਹਾਂ ਬੰਬ ਧਮਾਕਿਆਂ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰæਐਸ਼ਐਸ਼) ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਜੁੜੇ ਲੋਕਾਂ ਦੇ ਨਾਂ ਸਾਹਮਣੇ ਆਏ ਸਨ। ਇਹ ਘਟਨਾਵਾਂ ‘ਭਗਵਾ ਅਤਿਵਾਦ’ ਜਾਂ ‘ਹਿੰਦੂ ਅਤਿਵਾਦੀ’ ਦੇ ਨਾਮ ਨਾਲ ਚਰਚਿਤ ਹੋਈਆਂ ਸਨ, ਪਰ ਅੱਜ ਤੱਕ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਿਆ। ਕੇਂਦਰ ਵਿਚ ਭਾਜਪਾ ਦੀ ਸਰਕਾਰ ਆਉਣ ਪਿਛੋਂ ਕੱਟੜ ਹਿੰਦੂ ਜਥੇਬੰਦੀਆਂ ਨੇ ਇਕਦਮ ਸਰਗਰਮੀਆਂ ਵਧਾਉਂਦੇ ਹੋਏ ਘੱਟ ਗਿਣਤੀਆਂ, ਲੇਖਕ, ਵਿਚਾਰਵਾਨ ਤੇ ਤਰਕਸ਼ੀਲ ਆਗੂਆਂ ਨੂੰ ਨਿਸ਼ਾਨਾ ਬਣਾਇਆ।
ਤਰਕਸ਼ੀਲ ਆਗੂਆਂ ਐਮæਐਮæ ਕਲਬੁਰਗੀ ਤੇ ਡਾæਨਰੇਂਦਰ ਦਾਭੋਲਕਰ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਦਾ ਕਸੂਰ ਇਹ ਸੀ ਕਿ ਇਹ ਤਰਕਸ਼ੀਲ ਆਗੂ ਬੇਖੌਫ਼ ਹੋ ਕੇ ਆਪਣੀ ਗੱਲ ਕਹਿੰਦੇ ਸਨ। ਇਸੇ ਤਰ੍ਹਾਂ ਕੋਹਲਾਪੁਰ ਵਿਚ ਗੋਵਿੰਦ ਪਾਨਸਰੇ ਨੂੰ ਮਾਰ ਦਿੱਤਾ ਗਿਆ। ਉਤਰ ਪ੍ਰਦੇਸ਼ ਵਿਚ ਦਾਦਰੀ ਨੇੜੇ ਪਿੰਡ ਬਿਸਹੇੜਾ ਵਿਚ ਮੁਹੰਮਦ ਅਖਲਾਕ ਦੇ ਪਰਿਵਾਰ ਉਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਉਨ੍ਹਾਂ ਨੇ ਗਊ ਦਾ ਮਾਸ ਪਕਾਇਆ ਹੈ। ਭੀੜ ਨੇ 50 ਸਾਲਾ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਦੇ 20 ਸਾਲਾ ਲੜਕੇ ਦਾਨਿਸ਼ ਨੂੰ ਜ਼ਖਮੀ ਕਰ ਦਿੱਤਾ। ਇਸ ਪਿਛੋਂ ਰੋਸ ਵਜੋਂ ਵੱਡੀ ਗਿਣਤੀ ਲੇਖਕਾਂ, ਬੁੱਧੀਜੀਵੀਆਂ ਨੇ ਆਪਣੇ ਸਨਮਾਨ ਵਾਪਸ ਕੀਤੇ ਸਨ।
_______________________________________
ਮੁਸਲਮਾਨਾਂ ਵੱਲੋਂ ਹਿਜਰਤ ਕਰਨ ਦਾ ਦਾਅਵਾ
ਹੈਦਰਾਬਾਦ: ਏæਆਈæਐਮæ ਆਈæਐਮæ ਦੇ ਪ੍ਰਧਾਨ ਅਸਦ-ਉਦ-ਦੀਨ ਓਵਾਇਸੀ ਨੇ ਦਾਅਵਾ ਕੀਤਾ ਹੈ ਕਿ 2013 ਵਿਚ ਮੁਜ਼ੱਫਰਨਗਰ ਦੰਗਿਆਂ ਤੋਂ ਬਾਅਦ ਉਥੋਂ 50 ਹਜ਼ਾਰ ਮੁਸਲਮਾਨ ਘਰ-ਬਾਰ ਛੱਡ ਕੇ ਦੂਜੀਆਂ ਥਾਂਵਾਂ ‘ਤੇ ਚਲੇ ਗਏ ਸਨ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਜਿਵੇਂ ਕੈਰਾਨਾ ਵਿਚ ਹਿੰਦੂਆਂ ਵੱਲੋਂ ਹਿਜਰਤ ਕਰਨ ਦੇ ਮੁੱਦੇ ‘ਤੇ ਕਮੇਟੀ ਬਣਾਈ ਗਈ ਹੈ, ਉਸੇ ਤਰ੍ਹਾਂ ਦੀ ਕਮੇਟੀ ਬਣਾ ਕੇ ਮੁਜ਼ੱਫਰਨਗਰ ਵਿਚ ਇਸ ਤੱਥ ਦੀ ਪੜਤਾਲ ਕੀਤੀ ਜਾਵੇ।