ਨਾਈਟ ਕਲੱਬ ਵਿਚ 70 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਦੀ ਚਰਚਾ

ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਦੇ ਭਾਰਤੀ ਮੂਲ ਦੇ ਸਾਬਕਾ ਅਫਸਰ ਇਮਰਾਨ ਯੂਸਫ ਨੂੰ ਅੱਜ-ਕੱਲ੍ਹ ਹੀਰੋ ਕਿਹਾ ਜਾ ਰਿਹਾ ਹੈ। ਉਸ ਨੇ ਪਿਛਲੇ ਦਿਨੀਂ ਫਲੋਰੀਡਾ ਦੇ ਇਕ ਨਾਈਟ ਕਲੱਬ ਵਿਚ ਹੋਏ ਹਮਲੇ ਵਿਚ 70 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਲੱਬ ‘ਤੇ ਹਮਲਾ ਹੋਇਆ, ਉਸ ਵੇਲੇ ਯੂਸਫ ਕਲੱਬ ਵਿਚ ਬਾਊਂਸਰ ਵਜੋਂ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਗੋਲੀਆਂ ਚੱਲਣ ਦੀ ਆਵਾਜ਼ ਆਈ। ਇਸ ਤੋਂ ਬਾਅਦ ਸਾਰੇ ਸਹਿਮ ਗਏ। ਇਸ ਦੌਰਾਨ ਹੀ ਯੂਸਫ ਖਾਨ ਨੂੰ ਲੱਗਿਆ, ਜੇਕਰ ਪਿੱਛੇ ਦਾ ਦਰਵਾਜ਼ਾ ਖੋਲ੍ਹਿਆ ਜਾਵੇ ਤਾਂ ਉਥੋਂ ਬਾਹਰ ਨਿਕਲਿਆ ਜਾ ਸਕਦਾ ਹੈ। ਯੂਸਫ ਨੇ ਛਾਲ ਮਾਰ ਕੇ ਪਿਛਲਾ ਦਰਵਾਜ਼ਾ ਖੋਲ੍ਹ ਦਿੱਤਾ। ਬਹੁਤ ਸਾਰੇ ਲੋਕਾਂ ਨੇ ਬਾਹਰ ਆ ਕੇ ਆਪਣੀ ਜਾਨ ਬਚਾਈ। ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ,”ਮੈਂ ਚੀਖ ਰਿਹਾ ਸੀ ਕਿ ਬੂਹਾ ਖੋਲ੍ਹੋ, ਬੂਹਾ ਖੋਲੋ ਪਰ ਸਾਰੇ ਡਰੇ ਹੋਏ ਸਨ, ਇਸ ਕਾਰਨ ਕਿਸੇ ਨੇ ਵੀ ਬੂਹਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਮੇਰੇ ਕੋਲ ਇਕੋ ਹੀ ਰਸਤਾ ਸੀ ਕਿ ਮੈਂ ਛਾਲ ਮਾਰ ਕੇ ਬੂਹਾ ਖੋਲ੍ਹ ਦਿਆਂ ਜਾਂ ਫਿਰ ਸਾਰੇ ਡਰ ਕੇ ਉਥੇ ਹੀ ਬੈਠੇ ਰਹਿੰਦੇ ਤੇ ਮੌਤ ਦੇ ਮੂੰਹ ਵਿਚ ਪੈ ਜਾਂਦੇ।
ਯੂਸਫ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਛਾਲ ਮਾਰ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਇਸ ਰਸਤੇ ਤੋਂ ਕਈ ਲੋਕਾਂ ਨੇ ਬਾਹਰ ਆ ਕੇ ਆਪਣੀ ਜਾਨ ਬਚਾਈ। ਮੀਡੀਆ ਰਿਪੋਰਟ ਮੁਤਾਬਕ, ਯੂਸਫ 60-70 ਲੋਕਾਂ ਦੀ ਜਾਨ ਬਚਾਉਣ ਵਿਚ ਸਫਲ ਰਹੇ। ਇਮਰਾਮ ਦੇ ਭਰਾ ਅਮੀਰ ਯੂਸਫ ਨੇ ਕਿਹਾ, ਸਾਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਯੂਸਫ ਦੀ ਜਲ ਸੈਨਾ ਦੀ ਟ੍ਰੇਨਿੰਗ ਇਸ ਤਰ੍ਹਾਂ ਕੰਮ ਆਵੇਗੀ। ਜਲ ਸੈਨਾ ਐਸੋਸੀਏਸ਼ਨ ਨੇ ਇਮਰਾਨ ਦੀ ਫੋਟੋ ਦੇ ਨਾਲ ਟਵੀਟ ਕੀਤਾ, ਸ਼ੂਟਿੰਗ ਦੇ ਦੌਰਾਨ ਇਮਰਾਨ ਨੇ ਕਈ ਲੋਕਾਂ ਦੀ ਜਾਨ ਬਚਾਈ। ਦੱਸਣਯੋਗ ਹੈ ਕਿ ਯੂਸਫ ਦੇ ਮਾਤਾ-ਪਿਤਾ ਹਿੰਦੂ ਹਨ। ਉਸ ਦੇ ਬਜ਼ੁਰਗ ਵੀ ਭਾਰਤ ਤੋਂ ਹੀ ਸਨ।
_______________________________________
ਹਮਲਾਵਰ ਦੀ ਪਤਨੀ ਨੂੰ ਸੀ ਸਾਜ਼ਿਸ਼ ਦੀ ਜਾਣਕਾਰੀ
ਨਿਊ ਯਾਰਕ: ਅਰਲੈਂਡੋ ਵਿਚ ਗੋਲੀਬਾਰੀ ਕਰਨ ਵਾਲੇ ਉਮਰ ਮਤੀਨ ਦੀ ਪਤਨੀ ਨੂੰ ਗੇਅ ਨਾਈਟ ਕਲੱਬ ਵਿਚ ਉਸ ਦੇ ਹਮਲੇ ਦੀ ਸਾਜ਼ਿਸ਼ ਦੀ ਜਾਣਕਾਰੀ ਸੀ ਤੇ ਜਦ ਉਸ ਨੇ ਹਥਿਆਰ ਖਰੀਦੇ ਤਾਂ ਉਹ ਪਤੀ ਦੇ ਨਾਲ ਸੀ। ਮੀਡੀਆ ਦੀਆਂ ਰਿਪੋਰਟਾਂ ਵਿਚ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਬਾਰੇ ਪੁਲੀਸ ਨੂੰ ਚੌਕਸ ਨਾ ਕਰਨ ਕਾਰਨ ਮਤੀਨ ਦੀ ਪਤਨੀ ਖਿਲਾਫ਼ ਫੌਜਦਾਰੀ ਕੇਸ ਚਲਾਇਆ ਜਾ ਸਕਦਾ ਹੈ। ਐਨæਬੀæਸੀæ ਨਿਊਜ਼ ਨੇ ਇਸ ਮਾਮਲੇ ਨਾਲ ਸਬੰਧਤ ਕਈ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਨੂਰ ਜਾਹੀ ਸਲਮਾਨ ਨੇ ਐਫ਼ਬੀæਆਈæ ਨੂੰ ਦੱਸਿਆ ਹੈ ਕਿ ਜਦੋਂ ਮਤੀਨ ਨੇ ਹਥਿਆਰ ਤੇ ਪਿਸਤੌਲ ਰੱਖਣ ਵਾਲਾ ਕਵਰ ਖਰੀਦਿਆ ਤਾਂ ਉਹ ਉਸ ਦੇ ਨਾਲ ਸੀ। ਸਲਮਾਨ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨਾਲ ਗੇਅ ਨਾਈਟ ਕਲੱਬ ‘ਤੇ ਹਮਲੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਰਿਪੋਰਟ ਮੁਤਾਬਕ ਇਸ ਦੀ ਜਾਣਕਾਰੀ ਪੁਲੀਸ ਨੂੰ ਨਾ ਦੇਣ ਕਾਰਨ ਹੁਣ ਮਤੀਨ ਦੀ ਪਤਨੀ ਖਿਲਾਫ਼ ਅਪਰਾਧਕ ਮੁਕੱਦਮਾ ਚੱਲ ਸਕਦਾ ਹੈ।
_____________________________________
ਬੰਦੂਕ ਸਭਿਆਚਾਰ ਖਿਲਾਫ਼ ਸਖਤੀ ਹੋਵੇ: ਹਿਲੇਰੀ
ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਡੈਮੋਕਰੈਟਿਕ ਉਮੀਦਵਾਰ ਬਣਨ ਲਈ ਮਜ਼ਬੂਤ ਦਾਅਵੇਦਾਰ ਹਿਲੇਰੀ ਕਲਿੰਟਨ ਨੇ ਦੇਸ਼ ਵਿਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਬੰਦੂਕ ਸੱਭਿਆਚਾਰ ਖਿਲਾਫ਼ ਸਖਤੀ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਹਿਲੇਰੀ ਨੇ ਮੌਜੂਦਾ ਕਾਨੂੰਨ ਦੇ ਨਿਯਮਾਂ ਵਿਚਲੇ ਬਚਾਅ ਦੇ ਰਸਤਿਆਂ ਨੂੰ ਬੰਦ ਕਰ ਦੇਣ ਦੀ ਮੰਗ ਕੀਤੀ ਹੈ।