‘ਉੜਤਾ ਪੰਜਾਬ’ ਦੀ ਏਕਤਾ ਅਤੇ ਪੰਜਾਬ ਦਾ ਖਿੰਡਾਰਾ

ਦਲਜੀਤ ਅਮੀ
ਫੋਨ: +91-97811-21873
ਸ਼ਾਇਦ ਫਿਲਮ ਇਤਿਹਾਸ ਦੇ ਸਭ ਤੋਂ ਵੱਡੇ ਬੇਦਾਅਵੇ (ਡਿਸਕਲੇਮਰ) ਨਾਲ ‘ਉੜਤਾ ਪੰਜਾਬ’ ਸ਼ੁਰੂ ਹੁੰਦੀ ਹੈ। ਇਸ ਬੇਦਾਅਵੇ ਵਿਚ ਸੈਂਟਰਲ ਬੋਰਡ ਆਫ਼ ਫ਼ਿਲਮ ਦੀ ਸੁਝਾਈ ਹੋਈ ਇਹ ਸਤਰ ਵੀ ਸ਼ਾਮਿਲ ਹੈ, “ਅਸੀਂ ਸਰਕਾਰ ਅਤੇ ਪੁਲਿਸ ਰਾਹੀਂ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਦੀ ਤਸਦੀਕ ਕਰਦੇ ਹਾਂ। ਇਸ ਬਿਮਾਰੀ ਖ਼ਿਲਾਫ਼ ਲੜਾਈ ਨੂੰ ਸਮੁੱਚੇ ਮੁਲਕ ਦੇ ਏਕੇ ਤੋਂ ਬਿਨਾਂ ਨਹੀਂ ਜਿੱਤਿਆ ਜਾ ਸਕਦਾ।” ਇਸ ਦੇ ਨਾਲ ਹੀ ਇਹ ਸਾਫ਼ ਕੀਤਾ ਜਾਂਦਾ ਹੈ ਕਿ ਇਸ ਫ਼ਿਲਮ ਦੇ ਸਾਰੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਹਨ ਜਿਨ੍ਹਾਂ ਦਾ ਹਕੀਕਤ ਨਾਲ ਕਿਸੇ ਤਰ੍ਹਾਂ ਦਾ ਮੇਲ, ਮਹਿਜ਼ ਮੌਕਾ-ਮੇਲ ਹੈ।

ਇਸ ਤੋਂ ਬਾਅਦ ਪੂਰੀ ਫ਼ਿਲਮ ਇਨ੍ਹਾਂ ਬੇਦਾਅਵਿਆਂ ਵਿਚ ਢੁਕਣ ਦੀ ਮਸ਼ਕ ਬਣਦੀ ਜਾਪਦੀ ਹੈ। ਪਹਿਲੇ ਦ੍ਰਿਸ਼ ਵਿਚ ਪਾਕਿਸਤਾਨ ਦੀ ਜ਼ਮੀਨ ਤੋਂ ਡਿਸਕਸ ਸੁਟਾਵਾ, ਤਸਕਰਾਂ ਦੀ ਟੋਲੀ ਨਾਲ ਮਿਲ ਕੇ ਕੋਕੀਨ ਦੀ ਤਿੰਨ ਕਿਲੋ ਥੈਲੀ ਕੌਮਾਂਤਰੀ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਿਚ ਸੁੱਟਦਾ ਹੈ। ਇਹ ਥੈਲੀ ਹਵਾ ਵਿਚ ਰੁਕ ਜਾਂਦੀ ਹੈ ਅਤੇ ਇਸ ਦੇ ਉੱਤੇ ਫ਼ਿਲਮ ਦਾ ਨਾਮ ਉਭਰਦਾ ਹੈ- ‘ਉੜਤਾ ਪੰਜਾਬ’।
ਇਹ ਦ੍ਰਿਸ਼ ਦੋਵਾਂ ਬੇਦਾਅਵਿਆਂ ਦੇ ਅੰਦਰੋਂ ਕੀਤੀ ਦਾਅਵੇਦਾਰੀ ਹੈ। ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਅਤੇ ਸਰਹੱਦੀ ਤਾਰ ਦੇ ਉਪਰੋਂ ਆ ਰਿਹਾ ਹੈ। ਇਹ ਦ੍ਰਿਸ਼ ਕਾਲਪਨਿਕ ਵੀ ਹੈ ਅਤੇ ਇਸ ਨਾਲ ਭਾਰਤੀ ਸਰਕਾਰ ਅਤੇ ਪੁਲਿਸ ਦੇ ਪੱਖ ਵਿਚ ਜੁੱਟ ਬਣਨ ਦਾ ਮੁੱਢ ਵੀ ਬੰਨ੍ਹਿਆ ਜਾਂਦਾ ਹੈ। ਅਸਲ ਵਿਚ ਸਰਹੱਦੀ ਤਾਰ ਅਤੇ ਸਰਹੱਦ ਵਿਚ ਚੋਖਾ ਫ਼ਾਸਲਾ ਹੈ। ਤਾਰ ਤੋਂ ਪਾਰ ਭਾਰਤੀ ਕਿਸਾਨ ਖੇਤੀ ਕਰਨ ਜਾਂਦੇ ਹਨ। ਤਾਰ ਤੋਂ ਪਾਰ ਕੋਈ ਉਸਾਰੀ ਜਾਂ ਰਿਹਾਇਸ਼ ਨਹੀਂ ਹੈ। ਤਾਰ ਤੋਂ ਪਾਰ ਜਾਣ ਦਾ ਕੰਮ ਨੀਮ ਫ਼ੌਜੀ ਦਲਾਂ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਹੋ ਸਕਦਾ। ਤਾਰ ਤੋਂ ਪਾਰ ਤਕਰੀਬਨ ਇੱਕ ਕਿਲੋਮੀਟਰ ਦਾ ਇਲਾਕਾ ਭਾਰਤ ਦਾ ਹੈ। ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ Ḕਨੋ ਮੈਨ ਲੈਂਡ’ ਹੈ ਅਤੇ ਇਸ ਦੇ ਵਿਚਕਾਰੋਂ ਕੌਮਾਂਤਰੀ ਸਰਹੱਦ ਗੁਜ਼ਰਦੀ ਹੈ। ਤਾਰ ਦੇ ਨਾਲ ਸੀਮਾ ਸੁਰੱਖਿਆ ਬਲ ਦੇ ਮਚਾਣ ਹਨ ਅਤੇ ਦੋਵੇਂ ਪਾਸੇ ਗਸ਼ਤ ਲਈ ਰਾਹ ਬਣੇ ਹੋਏ ਹਨ। ਤਾਰ ਦੇ ਆਲੇ-ਦੁਆਲੇ ਮੱਸਿਆ ਦੀ ਰਾਤ ਨੂੰ ਦਿਨ ਚੜ੍ਹਾ ਦੇਣ ਵਾਲੀਆਂ ਬੱਤੀਆਂ ਦਾ ਇੰਤਜ਼ਾਮ ਹੈ। ਇਹ ਬੱਤੀਆਂ ਰਾਤ ਨੂੰ ਜਗਦੀਆਂ ਹਨ। ਤਾਰ ਤੋਂ ਪਾਰ ਭਾਰਤੀ ਕਿਸਾਨਾਂ ਨੂੰ ਗੰਨਾ-ਮੱਕੀ-ਬਾਜਰਾ ਵਰਗੀਆਂ ਉਚੀਆਂ ਫ਼ਸਲਾਂ ਬੀਜਣ ਦੀ ਮਨਾਹੀ ਹੈ।
ਇਉਂ ਪਾਕਿਸਤਾਨ ਵਾਲੇ ਪਾਸਿਉਂ ਤਾਰ ਦੇ ਲਾਗੇ ਆਉਣ ਲਈ ਹਨੇਰੇ, ਫ਼ਸਲਾਂ ਜਾਂ ਇਮਾਰਤਾਂ ਦੀ ਕੋਈ ਓਟ ਨਹੀਂ ਹੈ। ਜੇ ਪਾਕਿਸਤਾਨ ਵਿਚੋਂ ਤਿੰਨ ਕਿਲੋ ਕੋਕੀਨ ਭਾਰਤ ਵਿਚ ਸੁੱਟਣੀ ਹੋਵੇ ਤਾਂ ਕੌਮਾਂਤਰੀ ਰਿਕਾਰਡ ਧਾਰੀ ਡਿਸਕਸ ਸੁਟਾਵਾ ਵੀ ਇਹ ਕੰਮ ਨਹੀਂ ਕਰ ਸਕਦਾ। ਇਹ ਫ਼ਾਸਲਾ ਘੱਟੋ-ਘੱਟ ਇੱਕ ਕਿਲੋਮੀਟਰ ਬਣਦਾ ਹੈ, ਪਰ ਡਿਸਕਸ ਸੁੱਟਣ ਦਾ ਕੌਮਾਂਤਰੀ ਰਿਕਾਰਡ 74æ08 ਮੀਟਰ ਹੈ ਜਿਸ ਦੇ ਲਾਗੇ 1986 ਤੋਂ ਬਾਅਦ ਕੋਈ ਸੁਟਾਵਾ ਨਹੀਂ ਪਹੁੰਚਿਆ। ਮਰਦਾਂ ਦੇ ਮੁਕਾਬਲੇ ਵਿਚ ਵਰਤੀ ਜਾਂਦੀ ਡਿਸਕਸ ਦਾ ਵਜ਼ਨ ਦੋ ਕਿਲੋ ਹੁੰਦਾ ਹੈ। ਇਹ ਸੁਆਲ ਜਾਇਜ਼ ਹੈ ਕਿ ਫ਼ਿਲਮਸਾਜ਼ ਕੋਲ ਤਖ਼ਲੀਕੀ (ਸਿਰਜਣਾਤਮਿਕ) ਖੁੱਲ੍ਹ ਹੁੰਦੀ ਹੈ ਅਤੇ ਪੜਚੋਲ ਵੇਲੇ ਇੱਦਾਂ ਦੀ ਤੱਥ-ਮੂਲਕ ਜਾਣਕਾਰੀ ਬੇਮਾਅਨਾ ਹੈ। ਇਸੇ ਦਲੀਲ ਦਾ ਦੂਜਾ ਪਾਸਾ ਹੈ ਕਿ ਇਸੇ ਤਖ਼ਲੀਕੀ ਖੁੱਲ੍ਹ ਨੇ ਮਿਸਾਲਾਂ ਬਣ ਕੇ ਹਕੀਕਤ ਦੀ ਪੜਚੋਲ ਦਾ ਸਬੱਬ ਬਣਨਾ ਹੈ। Ḕਉੜਤਾ ਪੰਜਾਬ’ ਬਾਰੇ ਤਾਂ ਸਮੁੱਚੀ ਬਹਿਸ ਹੀ ਪੰਜਾਬ ਦੀ ਮੌਜੂਦਾ ਹਾਲਾਤ ਨਾਲ ਜੋੜ ਕੇ ਹੋ ਰਹੀ ਹੈ।
ਫ਼ਿਲਮ ਦੇ ਤਕਨੀਕੀ ਮਿਆਰ ਬਾਬਤ ਜ਼ਿਆਦਾ ਬਹਿਸ ਦੀ ਗੁੰਜਾਇਸ਼ ਨਹੀਂ। ਅਨੁਰਾਗ ਕਸ਼ਿਅਪ ਅਤੇ ਏਕਤਾ ਕਪੂਰ ਦੀ ਜੋੜੀ ਫ਼ਿਲਮ ਸਨਅਤ ਵਿਚ ਤਕਨੀਕੀ ਮੁਹਾਰਤ ਜੋੜਨ ਦੇ ਸਮਰੱਥ ਹੈ। ਇਸ ਸਮਰੱਥਾ ਦੀ ਨੁਮਾਇਸ਼ Ḕਉੜਤਾ ਪੰਜਾਬ’ ਵਿਚ ਹੁੰਦੀ ਹੈ। ਸੁਆਲ ਤਾਂ ਉਨ੍ਹਾਂ ਦੇ ਵਿਸ਼ੇ ਬਾਬਤ ਹੈ। ਅਨੁਰਾਗ ਅਤੇ ਏਕਤਾ ਨੇ ਕ੍ਰਮਵਾਰ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਨਿਵੇਕਲੀ ਪਛਾਣ ਬਣਾਈ ਹੈ। ਏਕਤਾ ਦੇ ਸੀਰੀਅਲ ਘਰਾਂ ਵਿਚ ਬਾਜ਼ਾਰ ਲਗਾਉਣ ਅਤੇ ਕਹਾਣੀ ਅੰਦਰ ਇਸ਼ਤਿਹਾਰ ਸਜਾਉਣ ਲਈ ਜਾਣੇ ਜਾਂਦੇ ਹਨ। ਉਸ ਦੇ ਕਿਰਦਾਰ ਖੁੰਦਕ ਅਤੇ ਹਿਰਸ ਦੇ ਧਾਰਨੀ ਹਨ। ਉਸ ਨੂੰ ਕਿਸੇ ਕਿਰਦਾਰ ਦੀ ਪਾਕੀਜ਼ਗੀ ਨਾਪਸੰਦ ਹੈ। ਏਕਤਾ ਕਪੂਰ ਦੇ ਜ਼ਨਾਨਾ-ਮਰਦਾਨਾ ਕਿਰਦਾਰਾਂ ਨੂੰ ਵਸਤਾਂ ਚਲਾਉਂਦੀਆਂ ਹਨ ਅਤੇ ਹਰ ਤਰ੍ਹਾਂ ਦੀ ਸੌਦੇਬਾਜ਼ੀ ਸੱਸ-ਬਹੂ ਦੇ ਰਿਸ਼ਤਿਆਂ ਰਾਹੀਂ ਕੀਤੀ ਜਾਂਦੀ ਹੈ।
ਦੂਜੇ ਪਾਸੇ ਅਨੁਰਾਗ ਦੀਆਂ ਫ਼ਿਲਮਾਂ ਛੋਟੇ ਸ਼ਹਿਰਾਂ, ਤੰਗ ਇਲਾਕਿਆਂ, ਭੀੜ ਅਤੇ ਖਰ੍ਹਵੀ ਬੋਲੀ ਵਿਚੋਂ ਬੰਦੇ ਦੀ ਬਦਸੂਰਤੀ ਦੀ ਨੁਮਾਇਸ਼ ਕਰਦੀਆਂ ਹਨ। ਉਸ ਦੀ ਦਲੀਲ ਹੈ ਕਿ ਉਹਦੀਆਂ ਫ਼ਿਲਮਾਂ ਸਮਾਜਿਕ-ਸਿਆਸੀ ਮਨਾਹੀਆਂ ਦਾ ਘੇਰਾ ਤੋੜ ਕੇ ਹਨੇਰੀਆਂ ਕੰਦਰਾਂ ਦੀ ਹਕੀਕਤ ਦੱਸਦੀਆਂ ਹਨ। ਉਸ ਦੇ ਕਿਰਦਾਰ ਹਿੰਸਾ ਨੂੰ ਰੋਟੀ ਖਾਣ ਜਿਹਾ ਸਹਿਜ ਕਾਰਜ ਬਣਾ ਦਿੰਦੇ ਹਨ। ਕਿਰਦਾਰਾਂ ਦੀ ਬੋਲੀ ਵਿਚੋਂ ਨਰਮੀ, ਨਿੱਘ ਅਤੇ ਸਲੀਕਾ ਮਨਫ਼ੀ ਹੈ। ਉਨ੍ਹਾਂ ਦੀ ਸਾਹ ਰਗ ਵਿਚੋਂ ਗਾਲਾਂ ਨਿਕਲਦੀਆਂ ਹਨ। ਇਹ ਦਲੀਲ ਲਗਾਤਾਰ ਦਿੱਤੀ ਜਾਂਦੀ ਹੈ ਕਿ ਗਾਲਾਂ ਸਮਾਜ ਦੀ ਹਕੀਕਤ ਹਨ ਅਤੇ ਇਨ੍ਹਾਂ ਨੂੰ ਸਾਹਿਤ ਤੇ ਸਿਰਜਣਾ ਦੀ ਕਿਸੇ ਵਿਧਾ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਇਹ ਦਲੀਲ ਰਾਹੀ ਮਾਸੂਮ ਰਜ਼ਾ ਨੇ ਆਪਣੇ ਨਾਵਲ Ḕਓਸ ਕੀ ਬੂੰਦ’ ਦੀ ਭੂਮਿਕਾ ਵਿਚ ਦਿਤੀ ਕਿ ਉਹ ਹਿਟਲਰ ਬਣ ਕੇ ਕਿਰਦਾਰਾਂ ਦੇ ਮੂੰਹ ਵਿਚ ਆਈਆਂ ਗਾਲਾਂ ‘ਤੇ ਪਾਬੰਦੀ ਨਹੀਂ ਲਾ ਸਕਦਾ। ਇਸ ਦਲੀਲ ਨੂੰ ਅਨੁਰਾਗ ਦੀਆਂ ਫ਼ਿਲਮਾਂ ਤੱਕ ਸਮਝਣਾ ਅਹਿਮ ਹੈ। ਅਨੁਰਾਗ ਦਾ ਹਰ ਕਿਰਦਾਰ ਨੇਮ ਨਾਲ ਗਾਲਾਂ ਦਿੰਦਾ ਹੈ। ਗਾਲਾਂ ਉਨ੍ਹਾਂ ਦੀ ਤਰਜ਼ਿ-ਜ਼ਿੰਦਗੀ ਹਨ। ਇਨ੍ਹਾਂ ਫ਼ਿਲਮਾਂ ਵਿਚ ਗਾਲਾਂ ਕਿਸੇ ਖਿਝ ਜਾਂ ਗੁੱਸੇ ਜਾਂ ਪਿਆਰ ਦੀ ਨੁਮਾਇੰਦਗੀ ਨਹੀਂ ਕਰਦੀਆਂ। ਉਹਦੀ ਦਲੀਲ ਸੜਕਾਂ ਅਤੇ ਗਲੀਆਂ ਵਿਚ ਸੁਣਾਈ ਦਿੰਦੀਆਂ ਗਾਲਾਂ ਨਾਲ ਜੁੜੀ ਹੋਈ ਹੈ। ਦਰਅਸਲ ਅਸੀਂ ਸਮਾਜਿਕ ਜੀਅ ਵਜੋਂ ਬੇਨਾਮ ਜਾਂ ਅਣਜਾਣ ਲੋਕਾਂ ਦੀਆਂ ਗਾਲਾਂ ਸੁਣਦੇ ਹਾਂ, ਪਰ ਅਨੁਰਾਗ ਦੀਆਂ ਫ਼ਿਲਮਾਂ ਵਿਚ ਇਹ ਰੁਝਾਨ ਬਾ-ਨਾਮ ਅਤੇ ਜਾਣਕਾਰ ਘੇਰੇ ਦਾ ਹਿੱਸਾ ਹੋ ਜਾਂਦਾ ਹੈ। ਸਮਾਜ ਵਿਚ ਸੁਆਲ ਗਾਲਾਂ ਕੱਢਣ ਵਾਲੇ ਬੇਨਾਮ ਜੀਅ ਤੱਕ ਪਹੁੰਚਦਾ ਹੈ, ਪਰ ਅਨੁਰਾਗ ਗਾਲਾਂ ਕੱਢਣ ਵਾਲੇ ਬੇਨਾਮ ਨੂੰ ਜਾਣ-ਪਛਾਣ ਦੇ ਘੇਰੇ ਵਿਚ ਲਿਆ ਕੇ ਜਾਇਜ਼ ਕਰਾਰ ਦਿੰਦਾ ਹੈ। ਉਹਦੀਆਂ ਫ਼ਿਲਮਾਂ ਬੇਮੁਹਾਰ ਹਿੰਸਾ ਅਤੇ ਬੇਲਗ਼ਾਮ ਜ਼ੁਬਾਨ ਉਤੇ ਸੁਆਲ ਕਰਨ ਵਾਲੀ ਹਰ ਥਾਂ ਜਾਂ ਅਦਾਰੇ ਜਾਂ ਕਿਰਦਾਰ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਅਨੁਰਾਗ ਦੀ ਕਾਮਯਾਬੀ ਪਰਦੇ ‘ਤੇ ਪੇਸ਼ ਕੀਤੀ ਬੇਕਿਰਕ ਹਿੰਸਾ ਅਤੇ ਬੇਲਗ਼ਾਮ ਬੋਲੀ ਦੇ ਸਦਮੇ ਨਾਲ ਜੁੜੀ ਹੋਈ ਹੈ।
‘ਉੜਤਾ ਪੰਜਾਬ’ ਰਾਹੀਂ ਅਨੁਰਾਗ ਕਸ਼ਿਅਪ ਅਤੇ ਏਕਤਾ ਕਪੂਰ ਦਾ ਗੱਠਜੋੜ ਨਸ਼ਿਆਂ ਦੇ ਵਪਾਰ ਵਿਚੋਂ ਫ਼ਿਲਮੀ ਕਹਾਣੀ ਉਸਾਰਦਾ ਹੈ ਜੋ ਮੌਜੂਦਾ ਦੌਰ ਦੇ ਹਾਲਾਤ ਵਿਚ ਉਨ੍ਹਾਂ ਦੀ ਅਜ਼ਮਾਈਆਂ ਹੋਈਆਂ ਜੁਗਤਾਂ ਦਾ ਕਾਰਗਰ ਅਖਾੜਾ ਬਣਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਅਭਿਸ਼ੇਕ ਚੌਬੇ ਦੀ ਹੈ, ਅਨੁਰਾਗ ਜਾਂ ਏਕਤਾ ਦੀ ਨਹੀਂ। ਇਹ ਇਤਰਾਜ਼ ਦਰੁਸਤ ਹੈ, ਪਰ ਅਨੁਰਾਗ ਅਤੇ ਏਕਤਾ ਦੇ ਤਖ਼ਲੀਕੀ ਗੁਣ Ḕਉੜਤਾ ਪੰਜਾਬ’ ਰਾਹੀਂ ਵਪਾਰਕ ਸਫ਼ਰ ਕਰਦੇ ਹਨ। ਅਭਿਸ਼ੇਕ ਚੌਬੇ ਦੀ ਫ਼ਿਲਮ ਅਨੁਰਾਗ ਅਤੇ ਏਕਤਾ ਦੇ ਨਿਵੇਕਲੇ ਚੌਖਟਿਆਂ ਵਿਚ ਪੂਰੀ ਉਤਰਦੀ ਹੈ। ਸਰਪ੍ਰਸਤੀ ਅਤੇ ਰਵਾਇਤ ਪੱਖੋਂ ਇਹ ਅਨੁਰਾਗ ਅਤੇ ਏਕਤਾ ਦੀ ਫ਼ਿਲਮ ਬਣਦੀ ਹੈ।
ਅਨੁਰਾਗ ਅਤੇ ਏਕਤਾ ਦੇ ਕਿਰਦਾਰ ਵੇਗ ਵਿਚ ਰਹਿੰਦੇ ਹਨ। ਉਨ੍ਹਾਂ ਦਾ ਵੇਗ ਨਿੱਜੀ ਹੈ। ਇਹ ਵੇਗ ਕਿਸੇ ਨਾਲ ਸਾਂਝ ਜਾਂ ਜੋੜ ਨਹੀਂ ਭਾਲਦਾ। Ḕਉੜਤਾ ਪੰਜਾਬ’ ਦੇ ਸਾਰੇ ਕਿਰਦਾਰ ਆਪੋ-ਆਪਣੇ ਵੇਗ ਵਿਚ ਹਨ। ਉਹ ਆਪਣੀ ਇਕੱਲਤਾ, ਨਾਕਾਮਯਾਬੀ, ਗ਼ੁਰਬਤ ਜਾਂ ਸਿਆਸਤ ਦਾ ਤੋੜ ਨਸ਼ਿਆਂ ਦੇ ਵਪਾਰ ਜਾਂ ਵਰਤੋਂ ਵਿਚ ਵੇਖਦੇ ਹਨ। ਉਹ ਆਪ ਸਹੇੜੀ ਅੱਗ ਵਿਚੋਂ ਆਪਣੇ-ਆਪ ਨੂੰ ਬਚਾਉਣ ਲਈ ਹੱਥ-ਪੈਰ ਮਾਰਦੇ ਹਨ। ਇਹ ਫ਼ਿਲਮ ਅਨੁਰਾਗ ਕਸ਼ਿਅਪ ਦੇ ਅੰਦਾਜ਼ ਵਿਚ ਗਾਲਾਂ ਅਤੇ ਹਿੰਸਾ ਉਤੇ ਟੇਕ ਰੱਖਦੀ ਹੈ। ਗਾਲਾਂ ਹਿੰਸਾ ਦਾ ਸਭ ਤੋਂ ਸੂਖ਼ਮ ਅਤੇ ਬੇਲਿਹਾਜ ਹਥਿਆਰ ਬਣਦੀਆਂ ਹਨ। ਏਕਤਾ ਦੇ ਅੰਦਾਜ਼ ਵਿਚ ਸਾਰੇ ਕਿਰਦਾਰ ਹਿਰਸ, ਬੇਵਿਸਾਹੀ ਅਤੇ ਖੁੰਦਕ ਦਾ ਆਸਰਾ ਭਾਲਦੇ ਹਨ। ਡਿਸਕਲੇਮਰ ਮੁਤਾਬਕ ਫ਼ਿਲਮ, ਭਾਈ ਦੇ ਨਸ਼ੇੜੀ ਹੋ ਜਾਣ ਕਾਰਨ Ḕਅੱਖਾਂ ਖੋਲ੍ਹਣ’ ਵਾਲੇ ਪੁਲਿਸ ਅਫ਼ਸਰ, ਚੰਗਿਆਈ ਨਾਲ ਜੁੜੀ ਪਰ ਇਕੱਲੀ ਡਾਕਟਰ ਅਤੇ ਹਾਲਾਤ ਤੋਂ ਬਦਜ਼ਨ ਹਾਕੀ ਖਿਡਾਰਨ ਦੀਆਂ ਕਹਾਣੀਆਂ ਨੂੰ ਅਨੁਰਾਗ-ਏਕਤਾ ਰਾਹਾਂ ਤੋਂ ਤੋਰਦੀ ਹੈ। ਬੇਦਾਅਵੇ ਨਾਲ ਸੱਚਾ ਰਹਿੰਦੀ ਹੋਈ ਫ਼ਿਲਮ ਨਸ਼ਿਆਂ ਦੇ ਵਪਾਰ ਦੀ ਸਿਆਸੀ ਸਰਪ੍ਰਸਤੀ ਬੇਪਰਦ ਹੋਣ ਅਤੇ ਪੁਲਿਸ ਦੀ ਜਾਂਚ ਸ਼ੁਰੂ ਹੋਣ ਨਾਲ ਖ਼ਤਮ ਹੁੰਦੀ ਹੈ। ਇਸੇ ਤੋਂ ਸਾਫ਼ ਹੁੰਦਾ ਹੈ ਕਿ ਅਦਾਲਤ ਨੇ ਫ਼ਿਲਮ ਬੋਰਡ ਨੂੰ ਹਦਾਇਤ ਦੇਣ ਦੀ ਕੀ ਦਲੀਲ ਦਿੱਤੀ ਸੀ, “ਫ਼ਿਲਮ ਮੁਲਕ ਦੀ ਪ੍ਰਭੂਸੱਤਾ ਜਾਂ ਅਖੰਡਤਾ ਉਤੇ ਕੋਈ ਸੁਆਲ ਨਹੀਂ ਕਰਦੀ।” ਫ਼ਿਲਮ ਇਸ ਦਲੀਲ ਉਤੇ ਖ਼ਰੀ ਉਤਰਦੀ ਹੈ। ਇਹ ਸਰਕਾਰ ਅਤੇ ਪੁਲਿਸ ਦੀਆਂ ਕਾਲੀਆਂ ਭੇਡਾਂ ਰਾਹੀਂ ਆਵਾਮ ਅੰਦਰਲੀ ਬਦਸੂਰਤੀ ਦੀ ਨੁਮਾਇਸ਼ ਲਗਾਉਂਦੀ ਹੈ। ਦਰਸ਼ਕਾਂ ਨੂੰ ਗਾਲ-ਕੋਸ਼ ਦਾ ਤੋਹਫ਼ਾ ਦਿੰਦੀ ਹੈ ਅਤੇ ਬੇਕਿਰਕ ਹਿੰਸਾ ਦੀ ਬੇਸੁਆਦੀ ਨਾਲ ਭਰ ਦਿੰਦੀ ਹੈ।
‘ਉੜਤਾ ਪੰਜਾਬ’ ਦੀ ਪੰਜਾਬ ਦੀ ਮੌਜੂਦਾ ਹਾਲਾਤ ਨਾਲ ਜੋੜ ਕੇ ਪੜਚੋਲ ਜ਼ਰੂਰੀ ਹੈ। ਤਕਨੀਕੀ ਅਤੇ ਤਾਇਨਾਤੀ ਪੱਖੋਂ ਦੁਨੀਆਂ ਦੀ ਸਭ ਤੋਂ ਔਖੀ ਸਰਹੱਦ ਤੋਂ ਨਸ਼ੇ ਦਾ ਵਪਾਰ ਕਿਵੇਂ ਚੱਲਦਾ ਹੈ? ਪੰਜਾਬ ਸਰਕਾਰ ਦੇ ਨੁਮਾਇੰਦੇ ਵਾਰ-ਵਾਰ ਕਹਿੰਦੇ ਹਨ ਕਿ ਇਸ ਨੂੰ ਰੋਕਣਾ ਕੇਂਦਰ ਸਰਕਾਰ ਦੇ ਹੱਥ ਹੈ, ਕਿਉਂਕਿ ਕੇਂਦਰੀ ਬਲ ਕੇਂਦਰੀ ਗ੍ਰਹਿ ਮੰਤਰਾਲੇ ਹੇਠ ਹਨ। ਦੁਨੀਆਂ ਭਰ ਦੇ ਅਧਿਐਨ ਦਰਸਾਉਂਦੇ ਹਨ ਕਿ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਨਸ਼ਿਆਂ ਦਾ ਕੌਮਾਂਤਰੀ ਵਪਾਰ ਨਹੀਂ ਹੋ ਸਕਦਾ। ‘ਉੜਤਾ ਪੰਜਾਬ’ ਇਸ ਪੱਖ ਦੇ ਉਤੋਂ ਡਿਸਕਸ ਨਾਲ ਉਡਾਰੀ ਮਾਰ ਜਾਂਦੀ ਹੈ।
ਨਸ਼ੇ ਦਾ ਸਮਾਜਿਕ ਮਸਲਾ ਬਣਨ ਦੇ ਲੱਛਣ ਕੀ ਹਨ? ਨਸ਼ੇ ਕਰਨ ਵਾਲਿਆਂ ਦੀ ਸਿਹਤ ਅਤੇ ਸਮਾਜ ਉਤੇ ਬੁਰਾ ਅਸਰ ਪੈ ਰਿਹਾ ਹੈ। ਆਵਾਮ ਦੀਆਂ ਸਮਰੱਥਾਵਾਂ ਅਜਾਈਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨਸ਼ਿਆਂ ਨੂੰ ਸਮਾਜਿਕ ਬੇਵਿਸਾਹੀ ਅਤੇ ਬੇਲਾਗਤਾ ਦੀ ਨਿਸ਼ਾਨੀ ਵਜੋਂ ਵੀ ਸਮਝਿਆ ਜਾਂਦਾ ਹੈ। ਜਦੋਂ ਨਸ਼ਾ ਥਕਾਵਟ ਉਤਾਰਨ ਅਤੇ ਦਿਲ-ਪਰਚਾਵੇ ਦੀਆਂ ਨਿੱਜੀ ਹਦੂਦ ਪਾਰ ਕਰ ਜਾਂਦਾ ਹੈ ਤਾਂ ਇਹ ਸਮਾਜਿਕ ਮਸਲਾ ਬਣਦਾ ਹੈ। ਇਸੇ ਲਈ ਨਸ਼ਿਆਂ ਨੂੰ ਸਮਾਜਿਕ ਅਤੇ ਸਿਆਸੀ ਮੁਹਾਜ਼ ਤੋਂ ਮੁਖ਼ਾਤਬ ਹੋਣਾ ਜ਼ਰੂਰੀ ਹੈ। ਪੰਜਾਬ ਵਿਚ ਦੇਸੀ ਨਸ਼ਿਆਂ ਦੀ ਪੈਦਾਵਾਰ ਨਹੀਂ ਹੁੰਦੀ। ਸਿੰਥੈਟਿਕ ਨਸ਼ਿਆਂ ਦਾ ਕਾਰੋਬਾਰ ਅਤੇ ਕੌਮਾਂਤਰੀ ਤਸਕਰੀ ਸਿਆਸੀ, ਸਰਕਾਰੀ ਤੇ ਨਿਜ਼ਾਮ ਦੀ ਮਿਲੀਭੁਗਤ ਤੋਂ ਬਿਨਾਂ ਹੋ ਨਹੀਂ ਸਕਦੀ। ਇਸ ਗੱਠਜੋੜ ਨੂੰ ਪਾਂਡੀਆਂ ਤੋਂ ਲੈ ਕੇ ਖ਼ਪਤਕਾਰਾਂ ਦੀ ਲੋੜ ਹੈ ਅਤੇ ਇਸ ਦੀ ਆਪਣੀ ਹਾਲਤ ਨਸ਼ੇਖ਼ੋਰ ਆਵਾਮ ਨਾਲ ਮਜ਼ਬੂਤ ਹੁੰਦੀ ਹੈ। ‘ਉੜਤਾ ਪੰਜਾਬ’ ਨਸ਼ਿਆਂ ਦੇ ਵਪਾਰ ਨੂੰ ਇਸ ਗੱਠਜੋੜ ਵਜੋਂ ਨਾ ਸਮਝਣ ਦੇ ਬੇਦਾਅਵੇ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਨਾਲ ਤੋੜ ਤੱਕ ਨਿਭਦੀ ਹੈ। ਫ਼ਿਲਮ ਦਾ ਪੰਜਾਬ ਵਿਚ ਨਸ਼ਿਆਂ ਦੀ ਮਾਰ ਨਾਲ ਕੋਈ ਲੈਣਾ-ਦੇਣਾ ਨਹੀਂ। ਅਨੁਰਾਗ-ਏਕਤਾ ਦੀ ਜੋੜੀ ਨੂੰ ਮੌਜੂਦਾ ਪੰਜਾਬ ਵਿਚੋਂ ਆਪਣੀ ਮੁਹਾਰਤ ਦਰਸਾਉਣ ਵਾਲੀ ਫ਼ਿਲਮੀ ਕਹਾਣੀ ਮਿਲੀ ਹੈ। ਇਸ ਕਹਾਣੀ ਵਿਚ ਉਨ੍ਹਾਂ ਨੇ ਆਪਣੇ ਨਿਵਕਲੇਪਣ ਦੀ ਪੁੱਠ ਚੜ੍ਹਾਈ ਹੈ ਅਤੇ ਸਿਆਸੀ ਮਾਹੌਲ ਨੇ ਇਸ ਦੇ ਇਸ਼ਤਿਹਾਰ ਦਾ ਕੰਮ ਕੀਤਾ ਹੈ। ਪੰਜਾਬ ਸਰਕਾਰ ਅਤੇ ਸਮੂਹ ਸਿਆਸੀ ਪਾਰਟੀਆਂ ਆਪਣੀ ਸਿਆਸੀ ਅਚਵੀ ਕਾਰਨ Ḕਉੜਤਾ ਪੰਜਾਬ’ ਦੁਆਲੇ ਲਾਮਬੰਦੀ ਕਰ ਰਹੀਆਂ ਸਨ। ਫ਼ਿਲਮ ਨੇ ਨਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਹੱਥ ਫੜਨਾ ਹੈ ਅਤੇ ਨਾ ਹੁਕਮਰਾਨਾਂ ਦੀ ਡੁੱਬਦੀ ਬੇੜੀ ਵਿਚ ਵੱਟੇ ਪਾਉਣ ਦਾ ਕੰਮ ਕਰਨਾ ਹੈ। ਇਸ ਫ਼ਿਲਮ ਦੀ ਕਾਮਯਾਬੀ ਇਸ ਸੁਆਲ ਵਿਚ ਹੈ ਕਿ ਮੌਜੂਦਾ ਮਾਹੌਲ ਵਿਚ ਅਨੁਰਾਗ ਕਸ਼ਅਪ-ਏਕਤਾ ਕਪੂਰ ਦੀ ਜੋੜੀ ਸਾਰੀਆਂ ਸਿਆਸੀ ਧਿਰਾਂ ਨੂੰ ਟਿਕਟ ਖਿੜਕੀ ਦੇ ਬਾਹਰ ਕਿਵੇਂ ਜਥੇਬੰਦ ਕਰਦੇ ਹਨ।