ਸਾਮਰਾਜੀ ਪੂੰਜੀਵਾਦੀ ਸਭਿਅਤਾ ਦਾ ਸਰਬਪੱਖੀ ਸੰਕਟ

ਮਨੁੱਖੀ ਮਨ ਦੀ ਤਾਂਘ ਸਦਾ ਹੀ ਨੀਲੇ ਆਕਾਸ਼ ਵਿਚ ਹੋਰ ਉਚੇਰਾ ਉਡਣ ਦੀ ਰਹੀ ਹੈ। ਇਸ ਉਚ-ਉਡਾਰੀ ਵਿਚੋਂ ਹੀ ਮਨੁੱਖੀ ਮਨ ਵਿਚ, ਤੇਜ਼ੀ ਵੀ ਬਹੁਤ ਅਛੋਪਲੇ ਜਿਹੇ, ਕਿਤੇ ਡੂੰਘੀ ਬੈਠ ਗਈ ਹੈ। ਇਸ ਤੇਜ਼ੀ ਦਾ ਸਿਖਰ ਅੱਜ ਦਾ ਸਾਮਰਾਜੀ ਪੂੰਜੀਵਾਦੀ ਪ੍ਰਬੰਧ ਹੈ ਜਿਸ ਬਾਰੇ ਸ਼ ਗੁਰਬਚਨ ਸਿੰਘ ਨੇ ਆਪਣੇ ਖਿਆਲ, ਇਸ ਲੇਖ ਵਿਚ ਸਾਂਝੇ ਕੀਤੇ ਹਨ। ਇਸ ਮੌਜੂਦਾ ਪ੍ਰਬੰਧ ਵਿਚ ਆ ਰਹੇ ਨਿੱਤ ਨਵੇਂ ਸੰਕਟਾਂ ਨੂੰ ਲੇਖਕ ਆਪੂੰ-ਸਹੇੜੇ ਸੰਕਟ ਤਸੱਵਰ ਕਰਦਾ ਹੈ ਅਤੇ ਇਸ ਦੀਆਂ ਜੜ੍ਹਾਂ ਇਸੇ ਪ੍ਰਬੰਧ ਦੇ ਖੋਟੇਪਣ ਵਿਚੋਂ ਤਲਾਸ਼ਦਾ ਹੈ; ਨਾਲ ਹੀ ਲੇਖਕ ਇਸ ਪ੍ਰਬੰਧ ਵੱਲੋਂ ਮਨੁੱਖ ਅਤੇ ਇਸ ਦੇ ਮਨ ਬਾਰੇ ਖੜ੍ਹੇ ਕੀਤੇ ਭਰਮ-ਭੁਲੇਖਿਆਂ ਦੀ ਪੁਣ-ਛਾਣ ਕਰਦਾ ਹੈ। ਉਂਜ, ਇਸ ਪ੍ਰਬੰਧ ਦੀ ਜਿੰਨੀ ਮਹੀਨ ਅਤੇ ਸਟੀਕ ਵਿਆਖਿਆ ਆਪਣੇ ਦੌਰ ਵਿਚ ਸੰਸਾਰ ਪ੍ਰਸਿੱਧ ਫਿਲਾਸਫਰ ਕਾਰਲ ਮਾਰਕਸ ਨੇ ਕੀਤੀ, ਉਸ ਪੱਧਰ ਤੱਕ ਸ਼ਾਇਦ ਕੋਈ ਵੀ ਪੁੱਜ ਨਹੀਂ ਸਕਿਆ। ਉਸ ਨੇ ਇਸ ਪ੍ਰਬੰਧ ਨੂੰ ਸਮਝਣ-ਸਮਝਾਉਣ ਦਾ ਜੋ ਹਥਿਆਰ ਮਨੁੱਖ ਜਾਤੀ ਨੂੰ ਦਿੱਤਾ, ਉਹ ਬੇਜੋੜ ਹੈ ਅਤੇ ਸ਼ ਗੁਰਬਚਨ ਸਿੰਘ ਆਪ ਵੀ ਇਹ ਤੱਥ ਸਵੀਕਾਰ ਕਰਦਾ ਹੈ; ਪਰ ਉਹ ਮਾਰਕਸ ਦੀ ਫਿਲਾਸਫੀ ਦੇ ਨਾਲ ਗੁਰਬਾਣੀ ਦਾ ਉਹ ਸੂਤਰ ਜੋੜਦਾ ਹੈ ਜਿਹੜਾ ‘ਰੂਹਾਨੀਅਤ ਨਾਲ ਸਰਸ਼ਾਰ’ ਹੈ। ਇਹ ਅਸਲ ਵਿਚ ਮਨੁੱਖ ਦੀ ਆਪੇ ਨੂੰ ਪਛਾਣਨ ਲਈ ਲਾਈ ਕੋਈ ਸੱਦ ਹੀ ਹੈ। ਲੇਖਕ ਮਨੁੱਖ ਦੀ ਕੁਦਰਤੀ ਹੋਂਦ ਪ੍ਰਤੀ ਸੁਚੇਤ ਹੋਏ ਮਨੁੱਖ ਨੂੰ ਇਕੋ ਸਮੇਂ ਗੁਰਮੁਖ ਅਤੇ ਕਮਿਊਨਿਸਟ ਆਖਦਾ ਹੈ। ਆਪਣੀਆਂ ਹੋਰ ਲਿਖਤਾਂ ਵਿਚ ਵੀ ਉਹ ਗੁਰਬਾਣੀ ਅਤੇ ਮਾਰਕਸ ਦੀ ਫਿਲਾਸਫੀ ਨੂੰ ਅੰਗੀਕਾਰ ਮੰਨ ਕੇ ਚੱਲਦਾ ਹੈ। ਮੌਜੂਦਾ ਸੰਕਟ ਦਾ ਹੱਲ ਵੀ ਉਹ ਇਨ੍ਹਾਂ ਦੋਹਾਂ ਦੇ ਸਹੀ ਸੁਮੇਲ ਨੂੰ ਹੀ ਮਿਥਦਾ ਹੈ। -ਸੰਪਾਦਕ
ਗੁਰਬਚਨ ਸਿੰਘ
ਸਾਡੇ ਸਮਿਆਂ ਵਿਚ ਸੰਸਾਰ ਭਰ ਅੰਦਰ ਰਹਿੰਦੇ ਹਰ ਇਕ ਮਨੁੱਖ ਦੇ ਰੂਹਾਨੀ, ਪਰਿਵਾਰਕ, ਸਮਾਜੀ, ਸਭਿਆਚਾਰਕ ਅਤੇ ਰਾਜਸੀ-ਆਰਥਿਕ ਰਿਸ਼ਤਿਆਂ ਨੂੰ ਫੈਸਲਾਕੁੰਨ ਰੂਪ ਵਿਚ ਪ੍ਰਭਾਵਿਤ ਕਰਨ ਵਾਲਾ ਸਾਮਰਾਜੀ ਪੂੰਜੀਵਾਦੀ ਰਾਜ ਪ੍ਰਬੰਧ ਚਾਰ ਵੱਡੇ ਝੂਠਾਂ ਦੀ ਬੁਨਿਆਦ ਉਤੇ ਟਿਕਿਆ ਹੋਇਆ ਹੈ। ਇਨ੍ਹਾਂ ਚਾਰ ਵੱਡੇ ਝੂਠਾਂ ਨੂੰ ਸੱਚ ਬਣਾਉਣ ਲਈ ਨਿੱਤ ਦਿਨ ਹੋਰ ਹਜ਼ਾਰਾਂ ਝੂਠ ਬੋਲੇ ਜਾਂਦੇ ਹਨ। ਇਸ ਕੂੜ ਪਸਾਰੇ ਨੂੰ ਸੱਚ ਬਣਾ ਕੇ ਪੇਸ਼ ਕਰਨ ਲਈ ਹਜ਼ਾਰਾਂ-ਲੱਖਾਂ ਨਹੀਂ, ਸਗੋਂ ਕਰੋੜਾਂ ਮਨੁੱਖ ਆਪਣੀ ਮਿਹਨਤ ਸ਼ਕਤੀ ਅਜਾਈਂ ਗੁਆ ਰਹੇ ਹਨ। ਅਰਬਾਂ-ਖਰਬਾਂ ਰੁਪਏ ਇਸ ਝੂਠ ਪਸਾਰੇ ਨੂੰ ਕਾਇਮ ਰੱਖਣ ਲਈ ਖਰਚੇ ਜਾ ਰਹੇ ਹਨ। ਇਸ ਸਾਮਰਾਜੀ ਜਕੜ ਨੇ ਬੜੀ ਖੂਬਸੂਰਤ ਮਨੁੱਖੀ ਜ਼ਿੰਦਗੀ ਨੂੰ ਘੋਰ ਨਰਕ ਬਣਾ ਦਿੱਤਾ ਹੈ। ਪਰ ਇਸ ਵਰਤਾਰੇ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਮਨੁੱਖ ਜਾਤੀ ਦੀ ਭਾਰੀ ਬਹੁਗਿਣਤੀ ਇਸ ਕੂੜ ਪਸਾਰੇ ਨੂੰ ਕੁਦਰਤੀ ਵਰਤਾਰਾ ਸਮਝ ਕੇ, ਇਹ ਨਰਕੀ ਜ਼ਿੰਦਗੀ ਜਿਉਣ ਲਈ ਮਾਨਸਿਕ ਤੌਰ ‘ਤੇ ਤਿਆਰ ਕਰ ਦਿੱਤੀ ਗਈ ਹੈ। ਨਿਰਸੰਦੇਹ ਇਹ ਕੋਈ ਕੁਦਰਤੀ ਵਰਤਾਰਾ ਨਹੀਂ, ਸਗੋਂ ਸਾਮਰਾਜੀ ਕੂੜ ਪਸਾਰਾ ਹੈ, ਜਿਹੜਾ ਸਾਮਰਾਜੀ ਰਾਜ ਪ੍ਰਬੰਧ ਦੀ ਦੇਣ ਹੈ।
ਇਸ ਕੂੜ ਪਸਾਰੇ ਦਾ ਸਭ ਤੋਂ ਪਹਿਲਾ ਵੱਡਾ ਝੂਠ ਇਹ ਹੈ ਕਿ ਇਹ ਸਮੁੱਚਾ ਅੰਤਹੀਣ ਬ੍ਰਹਿਮੰਡੀ ਵਿਸਥਾਰ ਕਿਸੇ ਕਲਪਿਤ ‘ਰੱਬ’ ਜਾਂ ਉਸ ਕਲਪਿਤ ਰੱਬ ਦੇ ਕਿਸੇ ਪ੍ਰਤੀਨਿਧ, ਕਿਸੇ ਅਵਤਾਰੀ ਪੁਰਸ਼ (ਅਨੇਕਾਂ ਧਰਮਾਂ ‘ਚ ਇਹ ਪ੍ਰਚਲਿਤ ਨਾਂ ਵੱਖੋ-ਵੱਖਰੇ ਹਨ) ਦੀ ਰਚਨਾ ਹੈ ਅਤੇ ਇਸ ਸਮੁੱਚੇ ਦਿਸਦੇ-ਅਣਦਿਸਦੇ ਅੰਤਹੀਣ ਬ੍ਰਹਿਮੰਡੀ ਵਿਸਥਾਰ ਨੂੰ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਜਾਂ ਇਹੋ ਜਿਹੇ ਕੁਝ ਦੇਵਤੇ ਜਾਂ ਅਵਤਾਰੀ ਪੁਰਸ਼ ਚਲਾ ਰਹੇ ਹਨ। ਇਸ ਧਾਰਨਾ ਅਨੁਸਾਰ ਬ੍ਰਹਮਾ ਮਨੁੱਖ ਨੂੰ ਪੈਦਾ ਕਰਦਾ ਹੈ, ਵਿਸ਼ਨੂ ਉਸ ਦਾ ਪਾਲਣ-ਪੋਸਣ ਕਰਦਾ ਹੈ ਅਤੇ ਮਹੇਸ਼ ਜਾਂ ਸ਼ਿਵਜੀ ਉਸ ਦਾ ਸੰਘਾਰ ਕਰਦਾ ਹੈ। ਇਸ ਵੱਡੇ ਝੂਠ ਦੇ ਨਾਲ-ਨਾਲ ਹੋਰ ਅਨੇਕਾਂ ਛੋਟੇ ਝੂਠ ਜੋੜ ਦਿੱਤੇ ਗਏ ਹਨ, ਜਿਵੇਂ ਕਿਤੇ ਉਚੇ ਅਸਮਾਨ ਵਿਚ ਕਿਸੇ ਨਰਕ-ਸਵਰਗ ਦੀ ਹੋਂਦ ਦਾ ਹੋਣਾ, ਪੁਨਰ ਜਨਮ ਦੀ ਧਾਰਨਾ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਫਲ ਇਸ ਜੀਵਨ ਵਿਚ ਭੋਗਣਾ ਅਤੇ ਇਸ ਜੀਵਨ ਦੇ ਕਰਮਾਂ ਦਾ ਲੇਖਾ-ਜੋਖਾ ਕਿਸੇ ਅਗਲੇ ਜਨਮ ਵਿਚ ਦੇਣਾ। ਇਸ ਦੇ ਨਾਲ ਇਹ ਵੀ ਜੋੜ ਦਿੱਤਾ ਗਿਆ ਹੈ ਕਿ ਬ੍ਰਾਹਮਣ ਬ੍ਰਹਮਾ ਦੇ ਸਿਰ ‘ਚੋਂ ਪੈਦਾ ਹੋਇਆ ਹੈ, ਖੱਤਰੀ ਬ੍ਰਹਮਾ ਦੇ ਮੋਢਿਆਂ ‘ਚੋਂ ਪੈਦਾ ਹੋਇਆ ਹੈ, ਵੈਸ਼ ਬ੍ਰਹਮਾ ਦੇ ਪੱਟਾਂ ‘ਚੋਂ ਪੈਦਾ ਹੋਇਆ ਹੈ ਅਤੇ ਸ਼ੂਦਰ ਬ੍ਰਹਮਾ ਦੇ ਪੈਰਾਂ ‘ਚੋਂ ਪੈਦਾ ਹੋਏ ਹਨ। ਇਸ ਭਰਮਜਾਲ ਨੂੰ ਧਰਮ ਦਾ ਨਾਂ ਦੇ ਕੇ ਇਸ ਦੇ ਨਾਲ ਇਕ ਅਜੀਬ ਕਿਸਮ ਦਾ ਕਰਮਕਾਂਡ ਜੋੜ ਦਿੱਤਾ ਗਿਆ ਹੈ, ਜਿਸ ਕਰਮਕਾਂਡ ਨੂੰ ਕਰਦਾ ਮਨੁੱਖ ਆਪਣੀ ਸਾਰੀ ਉਮਰ ਅਗਿਆਨ ਦੇ ਇਸ ਹਨੇਰੇ ਵਿਚ ਹੀ ਬਿਤਾ ਜਾਂਦਾ ਹੈ।
ਦੂਜਾ ਵੱਡਾ ਝੂਠ ਇਹ ਹੈ, ਕਿ ‘ਰੱਬੋਂ’ ਹੀ ਕੁਝ ਲੋਕਾਂ ਨੂੰ ਨਿੱਜੀ ਜਾਇਦਾਦ ਦੇ ਰੂਪ ਵਿਚ ਕੁਦਰਤੀ ਸਾਧਨਾਂ ਦੀ ਮਾਲਕੀ ਦਾ ਹੱਕ ਮਿਲਿਆ ਹੋਇਆ ਹੈ। ਸਾਰੀਆਂ ਹੀ ਸਾਮਰਾਜੀ ਪੂੰਜੀਵਾਦੀ ਸਰਕਾਰਾਂ ਨੇ ਇਸ ਝੂਠ ਦੀ ਕਾਨੂੰਨੀ ਪੁਸ਼ਟੀ ਕੀਤੀ ਹੋਈ ਹੈ ਕਿ ਪੈਸੇ ਜਾਂ ਪੂੰਜੀ ਦੇ ਪ੍ਰਗਟ ਰੂਪ ਵਿਚ ਇਨ੍ਹਾਂ ਦੀ ਨਿੱਜੀ ਜਾਇਦਾਦ ਵਜੋਂ ਕੁਝ ਲੋਕਾਂ ਕੋਲ ਮਾਲਕੀ ਹੱਕੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਵਪਾਰ ਦੀ ਆਜ਼ਾਦੀ ਜਾਂ ਖੁੱਲ੍ਹੀ ਮੰਡੀ ਦਾ ਦਸਤੂਰ ਸਮੁੱਚੇ ਰਾਜਸੀ-ਸਮਾਜੀ ਤਾਣੇ-ਬਾਣੇ ਨੂੰ ਥਾਂ-ਸਿਰ ਰੱਖਣ ਲਈ ਜ਼ਰੂਰੀ ਹੈ, ਤਾਂ ਕਿ ਵਸਤੂਆਂ ਦੀ ਲੋੜੀਂਦੀ ਪੈਦਾਵਾਰ ਅਤੇ ਉਨ੍ਹਾਂ ਦੀ ਲੋਕਾਂ ਵਿਚ ਜਾਇਜ਼ ਵੰਡ ਹੋ ਸਕੇ।
ਤੀਜਾ ਵੱਡਾ ਝੂਠ ਇਹ ਹੈ ਕਿ ਮੌਜੂਦਾ ਸਰਕਾਰਾਂ ਲੋਕਾਂ ਵਾਸਤੇ, ਲੋਕਾਂ ਦੀਆਂ, ਲੋਕਾਂ ਰਾਹੀਂ ਚੁਣੀਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਕੰਮ ਲੋਕ ਭਲਾਈ ਹੈ। ਇਹ ਸਾਮਰਾਜੀ ਰਾਜ ਪ੍ਰਬੰਧ ਜਮਹੂਰੀ ਨਿਯਮਾਂ ਅਤੇ ਇਨਸਾਫ ਦੇ ਕਾਨੂੰਨ ‘ਤੇ ਆਧਾਰਤ ਹੈ।
ਚੌਥਾ ਵੱਡਾ ਝੂਠ ਇਹ ਬੋਲਿਆ ਗਿਆ ਹੈ ਕਿ ਮਨੁੱਖ ਜਮਾਂਦਰੂ ਹੀ ਆਪਣੇ ਕੁਦਰਤੀ ਸੁਭਾਅ ਪੱਖੋਂ ਲਾਲਚੀ, ਕਮੀਨਾ ਅਤੇ ਸੁਆਰਥੀ ਹੈ। ਇਸ ਲਈ ਇਹ ਸਾਰਾ ਸਮਾਜੀ ਤਾਣਾ-ਬਾਣਾ ਕਾਇਮ ਰੱਖਣ ਵਾਸਤੇ ਅਤੇ ਅਪਰਾਧੀ ਬਿਰਤੀ ਦੇ ਮਨੁੱਖਾਂ ਨੂੰ ਕਾਬੂ ਹੇਠ ਰੱਖਣ ਲਈ ਸਰਕਾਰੀ ਜਬਰ-ਪ੍ਰਬੰਧ ਅਤਿ ਲੋੜੀਂਦਾ ਹੈ। ਪੁਲਿਸ, ਫੌਜ ਅਤੇ ਅਨੇਕਾਂ ਹੋਰ ਹਥਿਆਰਬੰਦ ਬਲ, ਖੁਫੀਆ ਏਜੰਸੀਆਂ ਅਤੇ ਇਹੋ ਜਿਹਾ ਹੋਰ ਸਮੁੱਚਾ ਤਾਣਾ-ਬਾਣਾ ਮਨੁੱਖ ਜਾਤੀ ਦੀ ਅਣਸਰਦੀ ਲੋੜ ਹੈ। ਅਤੇ ਜਿਵੇਂ ਕਿਹਾ ਜਾਂਦਾ ਹੈ ਕਿ ਇਹ ਸਾਰਾ ਸਾਮਰਾਜੀ ਅਡੰਬਰ ਜਮਹੂਰੀ ਤੌਰ ‘ਤੇ ਚੁਣੀਆਂ ਹੋਈਆਂ ਪਾਰਲੀਮੈਂਟਾਂ ਜਾਂ ਅਸੰਬਲੀਆਂ, ਕਾਨੂੰਨੀ ਨਿਆਂ-ਪ੍ਰਬੰਧ ਉਤੇ ਟਿਕੀਆਂ ਹੋਈਆਂ ਅਦਾਲਤਾਂ, ਚੁਸਤ-ਚਲਾਕ ਤੇ ਵਿਸ਼ੇਸ਼ ਬੁੱਧੀ ਦੀ ਮਾਲਕ ਅਫ਼ਸਰਸ਼ਾਹੀ ਅਤੇ ਇਨ੍ਹਾਂ ਦੀਆਂ ਖਾਮੀਆਂ ਦੱਸਣ ਲਈ ਆਜ਼ਾਦ ਪ੍ਰੈਸ ਦੇ ਚਾਰ ਥੰਮਾਂ ਉਤੇ ਟਿਕਿਆ ਹੋਇਆ ਹੈ, ਇਹ ਕੋਰਾ ਝੂਠ ਹੈ। ਸੱਚ ਸਿਰਫ ਇਹ ਹੈ ਕਿ ਇਹ ਸਮੁੱਚਾ ਸਾਮਰਾਜੀ ਸਰਕਾਰੀ ਅਡੰਬਰ ਉਪਰੋਕਤ ਚਾਰ ਵੱਡੇ ਝੂਠਾਂ ਦੇ ਥੰਮਾਂ ਉਤੇ ਟਿਕਿਆ ਹੋਇਆ ਹੈ ਅਤੇ ਇਹ ਸਾਰਾ ਕੁਝ ਸਾਮਰਾਜੀ ‘ਮਨ’ ਦੀ ਨਿਰੋਲ ਕਲਪਨਾ ‘ਤੇ ਆਧਾਰਤ ਹੈ।
ਠੋਸ ਸੱਚ ਇਹ ਹੈ ਕਿ ਸਾਡੇ ਚਾਰ ਚੁਫੇਰੇ ਫੈਲਿਆ ਇਹ ਦ੍ਰਿਸ਼ਟ-ਅਦ੍ਰਿਸ਼ਟ ਅੰਤਹੀਣ ਵਿਸਥਾਰ ਭਾਵ ਮਨੁੱਖੀ ਮਨ ਦੀ ਪਕੜ ਤੋਂ ਅਪਹੁੰਚ ਸਗਲ ਬ੍ਰਹਿਮੰਡ, ਸਮੁੱਚੀ ਸ੍ਰਿਸ਼ਟੀ, ਕਾਇਨਾਤ, ਕੁਦਰਤ, ਮਨੁੱਖੀ ਮਨ ਦੀ ਪਕੜ ਵਿਚ ਨਾ ਆ ਸਕਣ ਵਾਲੇ ਸਮੇਂ, ਅੰਤਹੀਣ ਆਦਿ ਕਾਲ ਤੋਂ ਇਵੇਂ ਹੀ ਚੱਲਦਾ ਆ ਰਿਹਾ ਹੈ ਅਤੇ ਮਨੁੱਖੀ ਮਨ ਦੀ ਪਕੜ ਤੋਂ ਅਪਹੁੰਚ ਅੰਤਹੀਣ ਕਾਲ ਤੱਕ ਇਸ ਨੇ ਇਵੇਂ ਹੀ ਚੱਲਦੇ ਜਾਣਾ ਹੈ।
ਇਸ ਸਗਲ ਬ੍ਰਹਿਮੰਡੀ ਪਸਾਰੇ ਵਿਚ ਧਰਤੀ ਅਸਲੋਂ ਹੀ ਇਕ ਛੋਟਾ ਜਿਹਾ ਗ੍ਰਹਿ ਹੈ। ਇਸ ਧਰਤੀ ਦੀ ਰੋਮਾਂਵਲੀ ਭਾਵ ਤਹਿ ‘ਤੇ ਜਨਮੀਆਂ ਲੱਖਾਂ ਜੀਵ-ਜੂਨਾਂ ਵਿਚੋਂ ਇਕ ਜੂਨ ਮਨੁੱਖ ਹੈ ਅਤੇ ਬਾਕੀ ਜੀਵਾਂ ਵਾਂਗ ਮਨੁੱਖ ਵੀ ਇਕ ਕੁਦਰਤੀ ਜੀਵ ਹੈ। ਪਰ ਬਾਕੀ ਜੀਵਾਂ ਨਾਲੋਂ ਇਹ ਇਸ ਗੱਲੋਂ ਨਿਵੇਕਲਾ ਹੈ ਕਿ ਇਹ ਚੇਤੰਨ ਜੀਵ ਹੈ। ਭਾਵ ਆਪਣੀ ਹੋਂਦ ਪ੍ਰਤੀ ਸੁਚੇਤ ਹੈ। ਇਕ ਸੀਮਤ ਕੁਦਰਤੀ ਦਾਇਰੇ ਦੇ ਅੰਦਰ ਆਪਣੀ ਹੋਣੀ ਆਪ ਘੜਨ ਦੇ ਸਮਰੱਥ ਹੈ। ਇਸ ਵਾਸਤੇ ਉਸ ਕੋਲ ਦੋ ਸੂਖਮ ਅਦਿੱਸ ਸ਼ਕਤੀਆਂ ਹਨ-ਸਵੈ-ਚੇਤਨਾ (ਦੇ ਰੂਪ ਵਿਚ ਆਤਮਾ ਜਾਂ ਰੂਹ) ਅਤੇ ਮਨ। ਮਨ ਮਨੁੱਖੀ ਸਰੀਰ ਅੰਦਰ ਕੁਦਰਤ ਦਾ ਮੂਲ ਮੁੱਢ ਭਾਵ ਆਧਾਰ ਹੈ (ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥) ਅਤੇ ਸਵੈ-ਚੇਤਨਾ ਹੁਣ ਤੱਕ ਦੀ ਸਮੁੱਚੀ ਮਨੁੱਖ ਜਾਤੀ ਦੀ ਅਨੁਭਵੀ ਸਿਆਣਪ ਦਾ ਫਲਸਫੇ ਦੇ ਰੂਪ ਵਿਚ ਨਿਕਲਿਆ ਤੱਤ-ਨਿਚੋੜ। ਇਹ ਫਲਸਫਾ ਸਬਦੁ (ਸੰਕਲਪ) ਰਾਹੀਂ ਰੂਪਮਾਨ ਹੁੰਦਾ ਹੈ ਅਤੇ ਇਹ ਸਬਦੁ ਹੀ ਕੁਦਰਤ, ਸਵੈ-ਚੇਤਨਾ (ਆਤਮਾ) ਅਤੇ ਮਨ ਵਿਚਕਾਰ ਸੰਪਰਕ ਕੜੀ ਹੈ। ਸੋਚਵਾਨ, ਤਰਕ ਸੰਗਤ, ਕਲਪਨਾਸ਼ੀਲ ਮਨ ਅਤੇ ਸਵੈ-ਚੇਤਨਾ (ਆਤਮਾ) ਦਾ ਆਪਣੀ ਕਾਇਆ ਨਾਲ ਸਜਿੰਦ ਰਿਸ਼ਤਾ ਹੀ ਇਕ ਪੂਰਨ ਮਨੁੱਖ ਦੀ ਸਿਰਜਣਾ ਦਾ ਮੂਲ ਹੈ। ਸਵੈ-ਚੇਤਨਾ ਨਾਲ ਸਰਸ਼ਾਰ, ਪੂਰਵ ਧਾਰਨਾਵਾਂ ਤੋਂ ਮੁਕਤ, ਆਪਣੀਆਂ ਤਰਕ ਸੰਗਤ ਸਰੀਰਕ ਤੇ ਜਜ਼ਬਾਤੀ ਲੋੜਾਂ ਪ੍ਰਤੀ ਸੁਚੇਤ, ਕਲਪਨਾਸ਼ੀਲ ਮਨ ਹੀ ਕਿਸੇ ਮਨੁੱਖ ਦੀ ਅਸਲੀ ਪੂੰਜੀ ਹੈ। ਮਨੁੱਖੀ ਵਿਗਾਸ ਅਤੇ ਖੇੜੇ ਦਾ ਸੋਮਾ ਹੈ।
ਗੁਰ ਬਿਨੁ ਕਿਨਿ ਸਮਝਾਈਐ
ਮਨੁ ਰਾਜਾ ਸੁਲਤਾਨੁ॥
(ਗੁਰੂ ਗ੍ਰੰਥ ਸਾਹਿਬ, ਪੰਨਾ 61)
ਬੋਧੀ ਧਰਮ ਗ੍ਰੰਥ ‘ਧੰਮ ਪਦ’ ਭਾਵ ਧਰਮ ਦਾ ਮਾਰਗ ਦੀ ਪਹਿਲੀ ਪੰਗਤੀ ਹੈ, ਜੀਵਨ ਦੇ ਸਾਰੇ ਭਾਵਾਂ ਦਾ ਮੂਲ ਮਨ ਹੈ, ਮਨ ਹੀ ਸਰਵਸ੍ਰੇਸ਼ਟ ਹੈ ਅਤੇ ਸਾਰੇ ਪਾਸੇ ਮਨ ਦੀ ਹੀ ਮਾਇਆ ਹੈ ਅਰਥਾਤ ਮਨ ਸਰਬਸ਼ਕਤੀਮਾਨ ਹੈ।
ਜਿਵੇਂ-ਜਿਵੇਂ ਸਵੈ-ਚੇਤਨਾ ਵਧਦੀ ਜਾਂਦੀ ਹੈ, ਤਿਵੇਂ-ਤਿਵੇਂ ਮਨ ਵਿਕਾਸ ਕਰੀ ਜਾਂਦਾ ਹੈ। ਮਨ ਸਮੁੱਚੇ ਅਨੁਭਵੀ ਗਿਆਨ ਦਾ ਪ੍ਰਗਟ ਰੂਪ ਹੈ। ਵਿਕਸਿਤ ਮਨ ਹੀ ਮਨੁੱਖੀ ਜਜ਼ਬਿਆਂ ਅਤੇ ਵਿਹਾਰ ਨੂੰ ਸਵੈ-ਕਾਬੂ ਵਿਚ ਰੱਖਦਾ ਹੈ। ਇਕ ਚੇਤੰਨ ਮਨੁੱਖ ਦੀ ਇਹੀ ਹੋਂਦ ਹੈ। ਗਿਆਨੀ ਹੋਇ ਜੋ ਚੇਤੰਨ ਹੋਇ ਅਗਿਆਨੀ ਅੰਧ ਕਮਾਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 556) ਸਵੈ-ਚੇਤਨਾ ਹੋਰ ਕੁਝ ਨਹੀਂ, ਸਗੋਂ ਚੇਤੰਨ ਮਨੁੱਖੀ ਹੋਂਦ ਹੈ। (ਕਾਰਲ ਮਾਰਕਸ, ਜਰਮਨ ਵਿਚਾਰਧਾਰਾ, ਸਫਾ 42)
ਫ਼ਲਸਫ਼ਾ ਕੁਦਰਤੀ ਸੱਚ ਹੈ ਅਤੇ ਧਰਮ ਇਸ ਸੱਚ ਅਨੁਸਾਰ ਕੀਤਾ ਗਿਆ ਵਿਹਾਰ (ਆਚਾਰ) ਹੈ। ਫਲਸਫਾ ਜਦੋਂ ਵਿਹਾਰ ਦਾ ਰੂਪ ਧਾਰਦਾ ਹੈ, ਉਦੋਂ ਹੀ ਉਹ ਧਰਮ ਬਣਦਾ ਹੈ। (ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ॥ ਗੁਰੂ ਗ੍ਰੰਥ ਸਾਹਿਬ ਪੰਨਾ, 62) ਭਾਵ ਹਰ ਹਾਲਤ ਵਿਚ ਮੰਨਣ ਵਾਲੀਆਂ ਕੁਦਰਤੀ ਸੱਚਾਈਆਂ (ਹੁਕਮੁ) ਜਦੋਂ ਮਨੁੱਖੀ ਮਨ ਵਿਚ ਵੱਸ ਕੇ ਅਮਲ (ਵਿਹਾਰ) ਦਾ ਰੂਪ ਧਾਰਦੀਆਂ ਹਨ ਤਾਂ ਉਹ ਧਰਮ ਬਣਦੀਆਂ ਹਨ। ਫਲਸਫਾ ਜੇ ਆਚਾਰ ਜਾਂ ਵਿਹਾਰ ਦਾ ਰੂਪ ਨਹੀਂ ਧਾਰਦਾ ਤਾਂ ਇਸ ਦੀ ਕੌਡੀ ਕੀਮਤ ਨਹੀਂ। ਇਹੀ ਫਿਲਾਸਫਰਾਂ ਅਤੇ ਧਰਮ ਗੁਰੂਆਂ ਵਿਚਕਾਰ ਫਰਕ ਹੈ। ਧਰਮ-ਗੁਰੂ ਫਲਸਫੇ ਨੂੰ ਆਪਣੇ ਆਚਾਰ ਵਿਚ ਢਾਲ ਕੇ ਪ੍ਰਚਾਰਦੇ ਹਨ, ਜਦੋਂ ਕਿ ਫਿਲਾਸਫਰ ਇਸ ਦੀ ਸਿਰਫ ਵਿਆਖਿਆ ਤੱਕ ਸੀਮਤ ਰਹਿੰਦੇ ਹਨ। ਇਸੇ ਕਰਕੇ ਧਰਮ ਗੁਰੂਆਂ ਦਾ ਰੋਲ ਫ਼ਿਲਾਸਫਰਾਂ ਨਾਲੋਂ ਵੱਡਾ ਹੈ ਪਰ ਇਹ ਵੀ ਸੱਚ ਹੈ ਕਿ ਫਲਸਫੇ ਵਿਚਲੇ ਗਿਆਨ ਤੋਂ ਵਿਹੂਣਾ ਮਨੁੱਖ ਨਿਰਾ ਪਸੂ ਸਮਾਨ ਹੈ। ਅਗਿਆਨੀ ਹੈ। ਫਲਸਫਾ ਮਨ ਰਾਹੀਂ ਵਿਹਾਰ ਦਾ ਰੂਪ ਧਾਰਦਾ ਹੈ। ਇਸ ਲਈ ਫਲਸਫਾ ਸਿਰਫ ਉਦੋਂ ਧਰਮ ਬਣਦਾ ਹੈ, ਜਦੋਂ ਇਹ ਮਨ ਦੀ ਸੋਚ ਦਾ ਹਿੱਸਾ ਬਣ ਕੇ ਜਾਂ ਮਨ ਫਲਸਫੇ ਦੇ ਇਸ ਗਿਆਨ ਨੂੰ ਆਪਣੇ ਅੰਦਰ ਵਸਾ ਕੇ ਇਸ ਅਨੁਸਾਰ ਵਿਹਾਰ ਕਰਦਾ ਹੈ। ਮਾਰਕਸ ਦੇ ਇਸ ਕਥਨ ਕਿ ਹੁਣ ਤੱਕ ਫਿਲਾਸਫਰ ਇਸ ਸੰਸਾਰ ਦੀ ਸਿਰਫ ਵਿਆਖਿਆ ਹੀ ਕਰਦੇ ਆਏ ਹਨ, ਪਰ ਮਸਲਾ ਇਸ ਨੂੰ ਬਦਲਣ ਦਾ ਹੈ, ਨੂੰ ਵੀ ਇਸ ਪ੍ਰਸੰਗ ਵਿਚ ਹੀ ਘੋਖਣ ਦੀ ਲੋੜ ਹੈ।
ਗਿਆਨ ਅੰਦਰ ਜਜ਼ਬ ਹੁੰਦਾ ਹੈ, ਵਿਹਾਰ ਬਾਹਰ ਪ੍ਰਗਟ ਹੁੰਦਾ ਹੈ, ਭਾਵ ਇੰਦ੍ਰੀਆਂ ਰਾਹੀਂ ਪ੍ਰਾਪਤ ਕੀਤੀ ਪ੍ਰਤੱਖ ਜਾਣਕਾਰੀ ਮਨ ਅਤੇ ਬੁੱਧੀ ਰਾਹੀਂ ਗਿਆਨ ਦੇ ਰੂਪ ਵਿਚ ਸਰੀਰ ਦੇ ਅੰਦਰ ਜਜ਼ਬ ਹੁੰਦੀ ਹੈ। ਇਹ ਅੰਤਰਮੁਖੀ ਵਰਤਾਰਾ ਹੈ। ਬੁੱਧੀ ਅਤੇ ਮਨ ਚਿੰਤਨ ਅਤੇ ਮਨਨ ਰਾਹੀਂ ਉਸ ਗਿਆਨ ਨੂੰ ਵਿਹਾਰ ਵਿਚ ਢਾਲਦੇ ਹਨ। ਮਨੁੱਖੀ ਕਾਇਆ ਅੰਦਰ ਨਿਰੰਤਰ ਚਿੰਤਨ ਅਤੇ ਮਨਨ ਭਾਵ ਸਵੈ-ਚੇਤਨਾ ਅਤੇ ਮਨ ਵਿਚਕਾਰ ਚੱਲ ਰਹੇ ਸੰਵਾਦ ਦੇ ਨਿਕਲੇ ਸਿੱਟਿਆਂ ਨੂੰ ਮਨ ਵਿਹਾਰ ਵਿਚ ਢਾਲਦਾ ਹੈ, ਭਾਵ ਕਰਮ-ਇੰਦ੍ਰੀਆਂ ਨੂੰ ਉਸ ਅਨੁਸਾਰੀ ਕੰਮ ਕਰਨ ਲਈ ਹੁਕਮ ਦਿੰਦਾ ਹੈ। ਇਕ ਜਿਉਂਦੇ ਮਨੁੱਖ ਦੇ ਸਰੀਰ ਅੰਦਰ ਇਹ ਕਿਰਿਆ ਨਿਰੰਤਰ ਦਿਨ-ਰਾਤ ਚੱਲਦੀ ਰਹਿੰਦੀ ਹੈ। ਇਹ ਅੱਡ ਗੱਲ ਹੈ ਕਿ ਇਸ ਪ੍ਰਤੀ ਕੋਈ ਚੇਤੰਨ ਹੈ ਜਾਂ ਨਹੀਂ। ਪੜਚੋਲ ਸਵੈ-ਪੜਚੋਲ ਦੇ ਵਰਤਾਰੇ ਨੂੰ ਇਸੇ ਰੂਪ ਵਿਚ ਹੀ ਸਮਝਿਆ ਜਾ ਸਕਦਾ ਹੈ। (ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥ ਗੁਰੂ ਗ੍ਰੰਥ ਸਾਹਿਬ, ਪੰਨਾ 148)
ਪਦਾਰਥ ਨੂੰ ਆਪਣੇ ਅਨੁਕੂਲ ਕਰਨਾ ਸਾਇੰਸ ਹੈ ਅਤੇ ਆਪਣੇ-ਆਪ ਨੂੰ ਕੁਦਰਤ ਦੇ ਅਨੁਕੂਲ ਢਾਲਣਾ ਰੂਹਾਨੀਅਤ ਹੈ। ਆਪਣੇ-ਆਪ ਨੂੰ ਕੁਦਰਤ ਦੇ ਅਨੁਕੂਲ ਢਾਲਣ ਲਈ ਮਨ ਇਕ ਸ਼ਕਤੀ ਹੈ। ਇੰਦਰਿਆਂ ਨੂੰ ਮਨ ਰਾਹੀਂ ਕਾਬੂ ਵਿਚ ਰੱਖ ਕੇ ਹੀ ਇਨ੍ਹਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ। ਬੇਕਾਬੂ ਇੰਦਰੇ ਮਨ ਦੀ ਭਟਕਣਾ ਦਾ ਕਾਰਨ ਬਣਦੇ ਹਨ ਅਤੇ ਮਨ ਦੀ ਭਟਕਣਾ ਸਰੀਰਕ ਰੋਗ ਪੈਦਾ ਕਰਦੀ ਹੈ। ਮਾਨਸਿਕ ਪੀੜਾ ਸਰੀਰਕ ਪੀੜਾ ਨਾਲੋਂ ਜਿਆਦਾ ਦੁਖਦਾਈ ਹੁੰਦੀ ਹੈ। ਸਰੀਰ ਦੀ ਪੀੜ ਬੰਦਾ ਝੱਲ ਜਾਂਦਾ ਹੈ ਪਰ ਮਾਨਸਿਕ ਪੀੜਾ ਸਾਰੇ ਸਰੀਰ ਨੂੰ ਜਰਜਰਾ ਕਰ ਦਿੰਦੀ ਹੈ। ਮਨੁੱਖੀ ਸੋਚ ਨੂੰ ਖੰਡਿਤ ਕਰ ਦਿੰਦੀ ਹੈ। ਮਾਨਸਿਕ ਪੀੜਾ ਨੂੰ ਜਰਨ ਤੋਂ ਅਸਮਰੱਥ ਵਿਅਕਤੀ ਹੀ ਖੁਦਕੁਸ਼ੀਆਂ ਕਰਦੇ ਹਨ, ਦਹਿਸ਼ਤਗਰਦ ਘਟਨਾਵਾਂ ਨੂੰ ਜਨਮ ਦਿੰਦੇ ਹਨ। ਮਨੁੱਖ ਜਾਤੀ ਇਕਲਾਪੇ ਅਤੇ ਅਸੁਰੱਖਿਆ ਦੀ ਭਾਵਨਾ ਕਾਰਨ ਜਿੰਨੀ ਮਾਨਸਿਕ ਪੀੜਾ ਅੱਜ ਝੱਲ ਰਹੀ ਹੈ, ਇੰਨੀ ਉਸ ਨੇ ਹੁਣ ਤੱਕ ਦੀ ਆਪਣੀ ਕੁੱਲ ਹਯਾਤੀ ਵਿਚ ਨਹੀਂ ਹੰਢਾਈ। ਇਸ ਦਾ ਕਾਰਨ ਸਾਮਰਾਜੀ ਪੂੰਜੀਵਾਦੀ ਰਿਸ਼ਤੇ ਹਨ। ਪੂੰਜੀ ਕੋਈ ਵਸਤੂ ਨਹੀਂ ਹੈ, ਸਗੋਂ ਇਕ ਰਿਸ਼ਤਾ ਹੈ। ਇਸੇ ਮਾਨਸਿਕ ਪੀੜਾ ਕਾਰਨ ਨਸ਼ੇੜੀਪੁਣਾ, ਤਣਾਅ, ਬਲੱਡ ਪ੍ਰੈਸ਼ਰ ਅਤੇ ਅਨੇਕਾਂ ਦਿਲ ਦੀਆਂ ਹੋਰ ਬਿਮਾਰੀਆਂ ਜਨਮ ਲੈਂਦੀਆਂ ਹਨ। ਅਸਲ ਵਿਚ ਸਾਮਰਾਜੀ ਪੂੰਜੀਵਾਦੀ ਰਿਸ਼ਤਿਆਂ ਦਾ ਦੂਜਾ ਨਾਂ ਮਾਨਸਿਕ ਤਣਾਅ ਹੈ।
ਜਬਰ-ਜ਼ੁਲਮ ਨਾਲ ਟਕਰਾਉਣਾ ਅਤੇ ਨਿਆਂ ਲਈ ਸੰਘਰਸ਼ ਕਰਨਾ ਵੀ ਮਨੁੱਖ ਜਾਤੀ ਦੀ ਹੁਣ ਤੱਕ ਦੀ ਇਕੱਠੀ ਹੋਈ ਸਮੁੱਚੀ ਅਨੁਭਵੀ ਸਿਆਣਪ ਦਾ ਇਕ ਹਿੱਸਾ ਹੀ ਹੈ ਅਤੇ ਇਹੀ ਜਜ਼ਬਾ ਮਨੁੱਖ ਜਾਤੀ ਨੂੰ ਅੱਜ ਦੇ ਇਸ ਪੜਾਅ ‘ਤੇ ਲੈ ਕੇ ਆਇਆ ਹੈ, ਜਿੱਥੇ ਪਹੁੰਚ ਕੇ ਸਮੁੱਚੀ ਮਨੁੱਖ ਜਾਤੀ ਸੁਚੇਤ ਰੂਪ ਵਿਚ ਸਦਾ ਲਈ ਜ਼ਬਰ-ਜੁਲਮ ਦਾ ਖਾਤਮਾ ਕਰਕੇ, ਕੁਦਰਤੀ ਨਿਆਂ ਪ੍ਰਬੰਧ ਅਧੀਨ ਮੁਕੰਮਲ ਬਰਾਬਰੀ ‘ਤੇ ਆਧਾਰਤ, ਇਕ ਨਵਾਂ ਸੰਸਾਰ ਜਾਂ ਨਵਾਂ ਮਨੁੱਖੀ ਭਾਈਚਾਰਾ ਸਿਰਜਣ ਦੇ ਯੋਗ ਹੋਈ ਹੈ।
ਗੁਰੂ ਨਾਨਕ ਸਾਹਿਬ ਦੇ ਦਿੱਤੇ ਗਿਆਨ ਅਨੁਸਾਰ, ਇਹ ਦਿਸਦਾ ਅਤੇ ਅੰਤਹੀਣ ਅਣਦਿਸਦਾ ਬ੍ਰਹਿਮੰਡੀ ਪਸਾਰਾ ਅਸਲੀ ਆਕਾਰ ਰੂਪ ਭਾਵ ਸੱਚ (ਯਥਾਰਥ) ਹੈ। ਫਿਰ ਸੁਆਲ ਪੈਦਾ ਹੋਇਆ ਕਿ ਇਹ ਕਲਪਿਤ ਰੱਬ ਅਤੇ ਦੇਵੀ-ਦੇਵਤਿਆਂ ਦਾ ਅਡੰਬਰ ਕੀ ਹੈ? ਗੁਰੂ ਸਾਹਿਬ ਅਨੁਸਾਰ ਇਹ ਨਿਰਾ ਭਰਮਜਾਲ ਹੈ ਅਤੇ ਮਨੁੱਖ ਜਾਤੀ ਲਈ ਇਹ ਓਨਾ ਹੀ ਚੰਗਾ ਹੋਵੇਗਾ ਜਿੰਨੀ ਛੇਤੀ ਉਹ ਇਸ ਭਰਮਜਾਲ ਵਿਚੋਂ ਬਾਹਰ ਨਿਕਲੇਗੀ। ਗੁਰੂ ਸਾਹਿਬ ਇਸ ਧਾਰਨਾ ਨੂੰ ਹੋਰ ਸਪੱਸ਼ਟ ਕਰਦੇ ਹਨ, ਨਿਰਗੁਣੁ ਸਰਗੁਣੁ ਆਪੇ ਸੋਈ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥ ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਭਾਵ ਨਿਰਗੁਣ ਸਰਗੁਣ ਦੀ ਨਿਰੰਤਰਤਾ ਹੈ। ਦ੍ਰਿਸ਼ਟ ਬ੍ਰਹਿਮੰਡ (ਸਰਗੁਣ) ਨੂੰ ਸਰੀਰ ਦੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ ਅਤੇ ਅਣਦਿਸਦੇ ਅੰਤਹੀਣ ਬ੍ਰਹਿਮੰਡੀ ਵਿਸਥਾਰ ਭਾਵ (ਨਿਰਗੁਣ) ਬ੍ਰਹਮ ਨੂੰ ਮਨ ਦੀਆਂ ਅੱਖਾਂ ਨਾਲ ਅਨੁਭਵ ਕੀਤਾ ਜਾ ਸਕਦਾ ਹੈ।
ਗੁਰੂ ਸਾਹਿਬ ਇਹ ਵੀ ਗਿਆਨ ਦਿੰਦੇ ਹਨ ਕਿ ਇਹ ਸਮੁੱਚਾ ਬ੍ਰਹਿਮੰਡੀ ਪਸਾਰਾ ਜਿਸ (ਹਸਤੀ) ਰੱਬ, ਕਰਤਾ, ਅਕਾਲ ਦਾ ਸਿਰਜਿਆ ਹੋਇਆ ਹੈ, ਉਸ ਦੀ ਸ਼ਨਾਖ਼ਤ ਕੁਦਰਤ ‘ਚੋਂ ਹੁੰਦੀ ਹੈ, “ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ ਬਲਿਹਾਰੀ ਕੁਦਰਤਿ ਵਸਿਆ॥ ਕੁਦਰਤਿ ਕਰਨੈਹਾਰ ਅਪਾਰਾ॥ ਕੁਦਰਤਿ ਕਰਿ ਕੈ ਵਸਿਆ ਸੋਇ॥ ਕੁਦਰਤਿ ਕਾਦਰ ਕਰਣ ਕਰੀਮਾ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥” ਕਰਤਾ ਰੂਪੀ ਕੁਦਰਤ ਸੱਚੀ ਹੈ ਅਤੇ ਇਸ ਦਾ ਨਿਆਂ ਪ੍ਰਬੰਧ ਵੀ ਸੱਚਾ ਹੈ। ਮਨੁੱਖ ਇਸ ਕੁਦਰਤ ਦਾ ਸਿਰਜਿਆ ਹੋਇਆ ਇਕ ਜੀਵ ਹੈ ਅਤੇ ਮਨੁੱਖ ਦਾ ਕੁਦਰਤ ਨਾਲ ਸਿੱਧਾ ਤੇ ਅਟੁੱਟ ਰਿਸ਼ਤਾ ਹੈ।
ਗੁਰੂ ਸਾਹਿਬ ਇਹ ਵੀ ਦੱਸਦੇ ਹਨ ਕਿ ਇਸ ਅਕਾਲ-ਪੁਰਖ, ਕਰਤਾ-ਪੁਰਖ, ਸਤਿ-ਪੁਰਖ, ਆਦਿ-ਪੁਰਖ, ਹਰਿ, ਪ੍ਰਭੂ, ਪਰਮਾਤਮਾ ਦੇ ਪ੍ਰਗਟ ਰੂਪ ਕੁਦਰਤ ਤੇ ਮਨੁੱਖ ਜਾਤੀ ਵਿਚਕਾਰ ਕੋਈ ਅੰਤਰ ਨਹੀਂ ਹੈ ਅਤੇ ਇਨ੍ਹਾਂ ਦਾ ਇਕ-ਦੂਜੇ ਨਾਲ ਲੈਣ-ਦੇਣ ਦਾ ਸਿੱਧਾ ਸਬੰਧ ਹੈ। ਇਨ੍ਹਾਂ ਵਿਚਕਾਰ ਕਿਸੇ ਵਿਚੋਲਗਿਰੀ ਦੀ ਲੋੜ ਨਹੀਂ। ਗੁਰੂ ਸਾਹਿਬ ਇਹ ਵੀ ਗਿਆਨ ਦਿੰਦੇ ਹਨ ਕਿ ਮਨੁੱਖ ਜਾਤੀ ਨੂੰ ਇਸ ਪੜਾਅ ‘ਤੇ ਪਹੁੰਚ ਕੇ ਹੁਣ ਬੰਦੇ ਦੇ ਬਣਾਏ ਕਾਨੂੰਨਾਂ ਦੀ ਜਕੜ ਵਿਚੋਂ ਕੱਢ ਕੇ, ਸਿੱਧੇ ਕੁਦਰਤੀ ਕਾਨੂੰਨਾਂ ਭਾਵ ਹੁਕਮੁ ਅਧੀਨ ਨਵੇਂ ਸਿਰਿਓਂ ਜਥੇਬੰਦ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਸੰਕਲਪ ਨੂੰ ਹਕੀਕਤ ਵਿਚ ਢਾਲਣ ਦੀ ਕੋਸ਼ਿਸ਼ ਕੀਤੀ। ਇਸ ਸੋਚ ਨੂੰ ਵਿਹਾਰ ਵਿਚ ਬਦਲਣ ਦੇ ਯਤਨ ਕੀਤੇ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਮਨੁੱਖੀ ਸਮਾਜ ਨੂੰ ਇਸ ਆਧਾਰ ਉਤੇ ਮੁੜ ਤੋਂ ਜਥੇਬੰਦ ਕਰਨ ਦੇ ਯਤਨ ਸ਼ੁਰੂ ਹੋ ਗਏ ਸਨ, ਜਿਨ੍ਹਾਂ ਨੂੰ ਅੰਤਿਮ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਜਥੇਬੰਦ ਕਰਕੇ ਦਿੱਤਾ। ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ’ ਸਿੱਖ ਪੰਥ ਦਾ ਇਸ ਲਈ ਨਿਸ਼ਾਨਾ ਮਿਥਿਆ ਗਿਆ ਕਿ ਇਸ ਦਾ ਮੰਤਵ ਅਜਿਹੇ ਰਾਜ ਦੀ ਸਥਾਪਨਾ ਕਰਨਾ ਹੈ ਜਿਸ ਅਧੀਨ ਕੋਈ ਵੀ ਮਨੁੱਖ ਕੁਦਰਤੀ ਕਾਨੂੰਨਾਂ (ਹੁਕਮੁ) ਤੋਂ ਆਕੀ ਨਾ ਹੋਵੇ।
ਮਨੁੱਖ ਜਦੋਂ ਆਪਣੀ ਹੋਸ਼ ਸੰਭਾਲਦਾ ਹੈ ਤੇ ਜਦੋਂ ਉਸ ਦੇ ਮਨ ਵਿਚ ਮੁਢਲੀ ਜਿਗਿਆਸਾ ਪੈਦਾ ਹੋਣੀ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਮਨ ਵਿਚ ਸਭ ਤੋਂ ਪਹਿਲਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਮੇਰੇ ਆਲੇ-ਦੁਆਲੇ ਦਿੱਸ ਰਿਹਾ ਸੰਸਾਰ ਕੀ ਹੈ? ਫਿਰ ਜਦੋਂ ਉਹ ਥੋੜ੍ਹੀ ਜਿਹੀ ਹੋਰ ਹੋਸ਼ ਸੰਭਾਲਦਾ ਹੈ ਤਾਂ ਉਹ ਆਪਣੇ ਆਲੇ-ਦੁਆਲੇ ਦੇ ਸੰਸਾਰ ਨੂੰ ਆਪਣੇ ਮਨ ਦੇ ਅਨੁਭਵ ਵਿਚ ਆ ਰਹੀ ਸਮੁੱਚੀ ਸ੍ਰਿਸ਼ਟੀ ਨਾਲ ਜੋੜ ਲੈਂਦਾ ਹੈ। ਉਸ ਦਾ ਪਹਿਲਾ ਸੁਆਲ ਹੋਰ ਵੱਡਾ ਰੂਪ ਧਾਰ ਜਾਂਦਾ ਹੈ ਤੇ ਉਸ ਦੇ ਮਨ ਵਿਚ ਸੁਆਲ ਪੈਦਾ ਹੁੰਦਾ ਹੈ ਕਿ ਇਹ ਸ੍ਰਿਸ਼ਟੀ ਕੀ ਹੈ? ਇਸ ਦੀ ਬਣਤਰ ਕੀ ਹੈ ਤੇ ਇਸ ਨਾਲ ਮੇਰਾ ਰਿਸ਼ਤਾ ਕੀ ਹੈ? ਗੁਰੂ ਸਾਹਿਬ ਮਨੁੱਖੀ ਮਨ ਵਿਚ ਪੈਦਾ ਹੁੰਦੇ ਇਸ ਸਭ ਤੋਂ ਮੁਢਲੇ ਸੁਆਲ ਦੇ ਜੁਆਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਕਰਦੇ ਹਨ ਅਤੇ ਦੱਸਦੇ ਹਨ ਕਿ ਇਹ ਦਿਸਦਾ ਅਤੇ ਅੰਤਹੀਣ ਅਣਦਿਸਦਾ ਪਸਾਰਾ ਇਕ ਹੈ ਅਤੇ ਮਨੁੱਖ ਇਸ ਪਸਾਰੇ ਦਾ ਹੀ ਇਕ (ਰੂਪ) ਅੰਗ ਹੈ। ਭਾਵ ੴ  ਦੀ ਵਿਆਖਿਆ ਰਾਹੀਂ ਗੁਰੂ ਸਾਹਿਬ ਦ੍ਰਿਸ਼ਟ ਅਤੇ ਅਦ੍ਰਿਸ਼ਟ ਪਸਾਰੇ ਦੇ ਰਿਸ਼ਤੇ ਨੂੰ ਸਪੱਸ਼ਟ ਕਰਦਿਆਂ ਨਿਰਗੁਣ ਅਤੇ ਸਰਗੁਣ ਦਾ ਭੇਦ ਹਮੇਸ਼ਾ ਲਈ ਖਤਮ ਕਰ ਦਿੰਦੇ ਹਨ।
ਕੁਦਰਤ ਅਧੀਨ ਸਮੁੱਚੀ ਮਨੁੱਖ ਜਾਤੀ ਭਾਸ਼ਾਈ ਲੋਕ-ਸਮੂਹਾਂ ਦਾ ਜਮ੍ਹਾਂ-ਜੋੜ ਹੈ। ਹਰ ਭਾਸ਼ਾਈ ਲੋਕ-ਸਮੂਹ ਨੇ ਕਿਉਂਕਿ ਆਪਣਾ ਅਨੁਭਵੀ ਗਿਆਨ ਆਪਣੀ ਭਾਸ਼ਾ ਦੇ ਸ਼ਬਦਾਂ ਰਾਹੀਂ ਹੀ ਸੰਭਾਲਿਆ ਹੈ, ਇਸ ਕਰਕੇ ਹਰ ਭਾਸ਼ਾਈ ਲੋਕ-ਸਮੂਹ ਇਕ ਇਕਾਈ ਬਣਦਾ ਹੈ। ਹਰ ਭਾਸ਼ਾਈ ਲੋਕ-ਸਮੂਹ ਨੇ ਭਾਵੇਂ ਇਕ-ਦੂਜੇ ਨਾਲ ਰਲਦੇ-ਮਿਲਦੇ ਅਨੁਭਵ ਹੰਢਾਏ ਹਨ ਪਰ ਹਰ ਭਾਸ਼ਾਈ ਲੋਕ-ਸਮੂਹ ਨੇ ਇਨ੍ਹਾਂ ਅਨੁਭਵਾਂ ਨੂੰ ਆਪਣੇ ਸ਼ਬਦਾਂ ਵਿਚਲੇ ਸੰਕਲਪੀ ਗਿਆਨ ਅੰਦਰ ਅੱਡ-ਅੱਡ ਰੂਪਾਂ ਵਿਚ ਇਕੱਠੇ ਕੀਤਾ ਹੈ। ਇਸ ਲਈ ਹਰ ਭਾਸ਼ਾਈ ਲੋਕ-ਸਮੂਹ ਦੇ ਆਪਣੇ-ਆਪਣੇ ਅਨੁਭਵਾਂ ਦੇ ਸ਼ਬਦੀ ਸੰਕਲਪ ਹਨ ਅਤੇ ਉਸ ਦੇ ਅਨੁਭਵੀ ਗਿਆਨ ਨੂੰ ਸੰਭਾਲਣ ਅਤੇ ਇਸ ਦਾ ਪਸਾਰਾ ਕਰਨ ਲਈ ਹਰ ਭਾਸ਼ਾ ਨੂੰ ਸੰਭਾਲਣਾ ਅਤੇ ਉਸ ਨੂੰ ਵਿਕਸਿਤ ਕਰਨਾ ਮਨੁੱਖ ਜਾਤੀ ਦੀ ਆਪਣੀ ਲੋੜ ਹੈ। ਕਿਸੇ ਬੱਝਵੀਂ ਥਾਂ ਅੰਦਰ ਕੁਦਰਤੀ ਰੂਪ ਵਿਚ ਵਿਕਸਿਤ ਹੋਇਆ ਇਕ ਭਾਸ਼ਾਈ ਭਾਈਚਾਰਾ ਹੀ ਹੈ, ਜਿਸ ਨੇ ਆਪਣੀ ਭਾਸ਼ਾ, ਆਪਣੇ ਸਭਿਆਚਾਰ ਅਤੇ ਆਪਣੇ ਧਰਮਾਂ ਵਿਚਲੇ ਫਲਸਫੇ ਦੀ ਪੜਚੋਲ ਰਾਹੀਂ ਪੂਰਨ ਰੂਹਾਨੀ (ਕੁਦਰਤੀ) ਚੇਤਨਾ ਪ੍ਰਾਪਤ ਕਰਨੀ ਹੈ।
ਹਰ ਬੋਲੀ ਦਾ ਹਰ ਇਕ ਸ਼ਬਦ ਹਜ਼ਾਰਾਂ ਸਾਲਾਂ ਦੇ ਇਤਿਹਾਸਕ ਮਨੁੱਖੀ ਵਿਕਾਸ ਦਾ ਸਿੱਟਾ ਹੈ। ਹਰ ਸ਼ਬਦ ਲਿਖਣ ਵਿਚ ਇਕ ਇਕੱਲਾ ਅੱਖਰ ਨਹੀਂ ਹੈ, ਬਲਕਿ ਇਸ ਵਿਚ ਵਿਕਸਿਤ ਹੋਇਆ ਇੱਕ ਪੂਰਾ ਸੰਕਲਪ ਬਿਰਾਜਮਾਨ ਹੈ। ਦੇਹੀ, ਮਨ, ਆਤਮਾ, ਚੇਤਨਾ, ਸਵੈ-ਚੇਤਨਾ, ਆਜ਼ਾਦੀ, ਜਮਹੂਰੀਅਤ, ਮੁਕਤੀ ਅਤੇ ਹੋਰ ਸਾਰੇ ਸ਼ਬਦ ਇਕ ਇਕੱਲੇ ਅੱਖਰ ਨਹੀਂ ਹਨ। ‘ਆਜ਼ਾਦੀ ਦਾ ਸ਼ਬਦ ਹਰ ਮਨੁੱਖ ਦੇ ਮਨ ਵਿਚ ਆਪਣੇ-ਆਪਣੇ ਅਰਥ ਸਾਕਾਰ ਕਰਦਾ ਹੈ। ਕਿਸੇ ਲਈ ਆਜ਼ਾਦੀ ਦਾ ਅਰਥ ਆਪਣੇ ਮਨ ਵਿਚ ਪੈਦਾ ਹੁੰਦੀਆਂ ਵੱਧ ਤੋਂ ਵੱਧ ਇੱਛਾਵਾਂ ਦੀ ਪੂਰਤੀ ਕਰਨਾ ਹੈ। ਕਿਸੇ ਹੋਰ ਲਈ ਇਸ ਦਾ ਅਰਥ ਕਿਸੇ ਦੂਜੇ ਮਨੁੱਖ ਦੀ ਧੱਕੇ ਨਾਲ ਕਰਵਾਈ ਜਾ ਰਹੀ ਵਗਾਰ ਤੋਂ ਆਜ਼ਾਦੀ ਹਾਸਲ ਕਰਨਾ ਹੈ। ਕਿਸੇ ਤੀਜੇ ਲਈ ਇਸ ਦਾ ਅਰਥ ਆਪਣੇ ਦੇਸ ਦੀ ਕਿਸੇ ਦੂਜੇ ਦੇਸ ਵੱਲੋਂ ਕੀਤੀ ਜਾ ਰਹੀ ਆਰਥਿਕ ਲੁੱਟ ਜਾਂ ਹੰਢਾਈ ਜਾ ਰਹੀ ਰਾਜਸੀ ਗੁਲਾਮੀ ਤੋਂ ਛੁਟਕਾਰਾ ਹਾਸਲ ਕਰਨਾ ਹੈ। ਕਿਸੇ ਹੋਰ ਲਈ ਆਜ਼ਾਦੀ ਦਾ ਅਰਥ ਆਪਣੇ ਤੋਂ ਕਮਜ਼ੋਰਾਂ ਕੋਲੋਂ ਧੱਕੇ ਨਾਲ ਆਪਣੀ ਸੇਵਾ ਕਰਵਾਉਣਾ ਹੈ।
ਇਸੇ ਤਰ੍ਹਾਂ ਮੁਕਤੀ ਦਾ ਅਰਥ ਹਰ ਇਕ ਦੇ ਮਨ ਵਿਚ ਇਸ ਦਾ ਆਪਣਾ-ਆਪਣਾ ਸੰਕਲਪ ਰੂਪਮਾਨ ਕਰਦਾ ਹੈ। ਕਿਸੇ ਲਈ ਮੁਕਤੀ ਦਾ ਅਰਥ ਇਸ ਸੰਸਾਰ ਤੋਂ ਰੁਖਸਤ ਹੋਣਾ ਹੈ। ਕਿਸੇ ਲਈ ਆਪਣੇ ਧਾਰਮਿਕ ਰਹਿਬਰ ਦੇ ਕਹੇ ਬਚਨਾਂ ਅਨੁਸਾਰ ਕਰਮਕਾਂਡ ਕਰਨਾ ਮੁਕਤੀ ਹੈ। ਕਿਸੇ ਲਈ ਇਸ ਸ਼ਬਦ ਦੇ ਅਰਥ ਭਾਲਦਿਆਂ ਸਾਰੀ ਉਮਰ ਦੀ ਭਟਕਣਾ ਹੀ ਉਸ ਦੀ ਹੋਣੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਹੋ ਜਿਹੇ ਮਨੁੱਖਾਂ ਨੂੰ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ। ਇਨ੍ਹਾਂ ਸ਼ਬਦਾਂ ਵਿਚਲੇ ਸੰਕਲਪਾਂ ਨੂੰ ਸਮਝੇ ਬਿਨਾਂ ਜਾਂ ਉਨ੍ਹਾਂ ਵਿਚਲੇ ਇਤਿਹਾਸਕ ਵਿਕਾਸ ਨੂੰ ਜਾਣੇ ਬਿਨਾਂ, ਇਨ੍ਹਾਂ ਵਿਚਲੇ ਗਿਆਨ ਨੂੰ ਨਹੀਂ ਸਮਝਿਆ ਜਾ ਸਕਦਾ। ਹਰ ਇਤਿਹਾਸਕ ਪੜਾਅ ਵਿਚ ਹਰ ਸ਼ਬਦ ਦਾ ਅਰਥ ਗਹਿਰਾ ਹੁੰਦਾ ਜਾਂਦਾ ਹੈ। ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਮਨੁੱਖ ਦੇ ਮਨ ਵਿਚ ਦੇਹੀ ਦੇ ਅਰਥ ਉਹ ਨਹੀਂ ਸਨ, ਜੋ ਅੱਜ ਦੇ ਮਨੁੱਖ ਦੇ ਮਨ ਵਿਚ ਹਨ। ਉਦੋਂ ਦੇਹੀ ਦਾ ਅਰਥ ਮਹਿਜ ਸਰੀਰ ਸੀ, ਜਦੋਂਕਿ ਅੱਜ ਮਨ ਵਿਚ ਦੇਹੀ ਦਾ ਖਿਆਲ ਆਉਂਦਿਆਂ ਹੀ ਇਸ ਦੇਹੀ ਵਿਚਲੇ ਅਨੇਕਾਂ ਅੰਗ ਭਾਵ ਗੁਰਦੇ, ਜਿਗਰ, ਫੇਫੜੇ, ਦਿਲ ਅਤੇ ਪੇਟ ਦੀਆਂ ਅੰਤੜੀਆਂ, ਨਾਲ ਹੀ ਪ੍ਰਗਟ ਹੋ ਜਾਂਦੇ ਹਨ।
ਹਰ ਭਾਸ਼ਾਈ ਸਭਿਆਚਾਰਕ ਲੋਕ-ਸਮੂਹ ਨੂੰ ਕੌਮ ਦੇ ਸੰਕਲਪ ਨਾਲ ਰਲਗੱਡ ਕਰਨ ਦੀ ਲੋੜ ਨਹੀਂ ਹੈ। ਕੌਮ ਦਾ ਸੰਕਲਪ ਪੂੰਜੀਵਾਦੀ ਦੌਰ ਦੀ ਦੇਣ ਹੈ। ਸਾਮਰਾਜੀ ਸੰਸਾਰੀਕਰਨ ਦੇ ਇਸ ਦੌਰ ਵਿਚ ਆ ਕੇ, ਇਸ ਦਾ ਅਗਾਂਹਵਧੂ ਰੋਲ ਸੀਮਤ ਹੈ। ਇਸ ਦਾ ਅਗਾਂਹਵਧੂ ਰੋਲ ਹੁਣ ਸਿਰਫ ਸਾਮਰਾਜੀ ਜਕੜ ਤੋਂ ਮੁਕਤੀ ਦੇ ਪ੍ਰਸੰਗ ਵਿਚ ਹੀ ਬਣਦਾ ਹੈ। ਇਸ ਜਕੜ ‘ਚੋਂ ਮੁਕਤੀ ਪ੍ਰਾਪਤ ਕਰਨ ਲਈ ਸੰਘਰਸ਼ ਕਰਦਿਆਂ ਅੱਡ-ਅੱਡ ਕੌਮੀ ਰਾਜਾਂ ਦੀ ਵਕਤੀ ਹੋਂਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿਉਂਕਿ ਸਮੁੱਚੇ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਇਕੋ ਹੱਲੇ ਵਿਚ ਖਤਮ ਕਰਨਾ ਅਮਲੀ ਤੌਰ ‘ਤੇ ਸੰਭਵ ਨਹੀਂ ਹੋ ਸਕਣਾ ਪਰ ਅੱਜ ਦੇ ਆਲਮੀ ਪ੍ਰਸੰਗ ਵਿਚ ਕੌਮੀ ਰਾਜ ਜ਼ਿਆਦਾ ਦੇਰ ਟਿਕਾਊ ਹੋਣੇ ਮੁਸ਼ਕਿਲ ਹਨ।
ਕੁਦਰਤ ਅਤੇ ਮਨੁੱਖ ਵਿਚਕਾਰ ਇਹ ਸਿੱਧਾ ਰਿਸ਼ਤਾ ਹੀ ਦੱਸ ਪਾਉਂਦਾ ਹੈ ਕਿ ਭਾਵੇਂ ਮਨੁੱਖ ਜਾਤੀ ਲੱਖਾਂ ਸਾਲਾਂ ਤੋਂ ਇਵੇਂ ਹੀ ਤੁਰੀ ਆ ਰਹੀ ਹੈ ਅਤੇ ਜੇ ਮਨਾਂ ਦੇ ਅੰਨ੍ਹੇ ਅਤੇ ਸੋਚ ਪੱਖੋਂ ਕੰਗਾਲ ਵਹਿਸ਼ੀ ਸਾਮਰਾਜੀਆਂ ਨੇ, ਆਪਣੇ ਮੁਨਾਫੇ ਦੀ ਅੰਨ੍ਹੀ ਹਵਸ ਤੇ ਮੂਰਖਤਾ ਕਾਰਨ ਇਸ ਨੂੰ ਤਬਾਹ ਨਾ ਕੀਤਾ, ਤਾਂ ਪਤਾ ਨਹੀਂ ਇਸ ਨੇ ਕਿੰਨੇ ਅਨੰਤ ਸਾਲ ਇਵੇਂ ਹੀ ਹੋਰ ਅੱਗੇ ਚੱਲਦੇ ਜਾਣਾ ਹੈ। ਪਰ ਇਸ ਦੇ ਬਾਵਜੂਦ ਇਕ ਮਨੁੱਖ ਦੀ ਉਮਰ ਸੀਮਤ ਹੈ। ਉਸ ਨੇ ਆਪਣੀ ਇਸ ਸੀਮਤ ਉਮਰ ਵਿਚ ਕੁਦਰਤੀ ਕਾਨੂੰਨਾਂ (ਹੁਕਮੁ) ਅਧੀਨ ਰਹਿ ਕੇ ਹੀ ਜ਼ਿੰਦਗੀ ਬਸਰ ਕਰਨੀ ਹੈ। ਇਹ ਜ਼ਿੰਦਗੀ ਉਸ ਨੇ ਸੁਚੇਤ ਰੂਪ ਵਿਚ ਸਾਰੇ ਮਨੁੱਖੀ ਰਸਾਂ ਦਾ ਅਨੰਦ ਮਾਣਦਿਆਂ ਬਸਰ ਕਰਨੀ ਹੈ ਜਾਂ ਦੁਖੀ ਹੋ ਕੇ ਲੰਘਾਉਣੀ ਹੈ, ਇਸ ਦਾ ਫੈਸਲਾ ਉਸ ਨੇ ਖੁਦ ਕਰਨਾ ਹੈ। ਇਸ ਫੈਸਲੇ ਲਈ ਹੀ ਉਸ ਨੂੰ ਸਮੁੱਚੀ ਮਨੁੱਖ ਜਾਤੀ ਦੇ, ਹੁਣ ਤੱਕ ਦੇ ਅਰਜਿਤ ਅਨੁਭਵੀ ਗਿਆਨ ਦੀ ਲੋੜ ਹੈ। ਇਹ ਗਿਆਨ ਪੀੜ੍ਹੀ ਦਰ ਪੀੜ੍ਹੀ ਫਲਸਫੇ ਦੇ ਰੂਪ ਵਿਚ ਇਕੱਠਾ ਹੁੰਦਾ ਹੈ। ਇਸ ਗਿਆਨ ਨੇ ਹੀ ਮਨੁੱਖ ਨੂੰ ਦੱਸਣਾ ਹੈ ਕਿ ਇਸ ਜ਼ਿੰਦਗੀ ਵਿਚ ਉਸ ਦੀ ਹੋਂਦ ਦਾ ਕੀ ਮੰਤਵ ਹੈ? ਮਨੁੱਖ ਨੇ ਪੂਰਨ ਸਮਾਜੀ ਰੂਪ ਵਿਚ ਵਿਚਰਦਿਆਂ ਖੂਬਸੂਰਤ ਮਨੁੱਖੀ ਰਿਸ਼ਤਿਆਂ ਨੂੰ ਕਿਵੇਂ ਮਾਣਨਾ ਹੈ? ਇਕ ਚੇਤੰਨ ਮਨੁੱਖ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਮੰਤਵ ਸਪੱਸ਼ਟ ਹੋਣਾ ਚਾਹੀਦਾ ਹੈ ਤਾਂ ਹੀ ਉਹ ਜ਼ਿੰਦਗੀ ਦੇ ਅਨੇਕ ਰਸਾਂ-ਕਸਾਂ ਨੂੰ ਮਾਣਦਿਆਂ ਸਹਿਜ ਸਮਾਜੀ ਜ਼ਿੰਦਗੀ ਜੀਅ ਸਕਦਾ ਹੈ।
ਦੂਜੇ ਝੂਠ ਬਾਰੇ ਗੁਰਮਤਿ ਵਿਚ ਬੜੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਗਿਆ ਹੈ,
ਕਬੀਰ ਧਰਤੀ ਸਾਧ ਕੀ
ਤਸਕਰ ਬੈਸਹਿ ਗਾਹਿ॥
ਧਰਤੀ ਭਾਰਿ ਨ ਬਿਆਪਈ
ਉਨ ਕਉ ਲਾਹੂ ਲਾਹਿ॥
ਅਰਥ ਬੜੇ ਸਪੱਸ਼ਟ ਹਨ। ਇਹ ਧਰਤੀ ਸਾਧ ਲੋਕਾਂ ਦੀ ਹੈ ਪਰ ਤਸਕਰਾਂ ਨੇ ਇਸ ‘ਤੇ ਜਬਰੀ ਕਬਜ਼ਾ ਕੀਤਾ ਹੋਇਆ ਹੈ। ਉਹ ਧੱਕੇ ਨਾਲ ਹੀ ਇਸ ਦੇ ਮਾਲਕ ਬਣ ਬੈਠੇ ਹਨ। ਭਾਈ ਵੀਰ ਸਿੰਘ ਦੀ ਵਿਆਖਿਆ ਅਨੁਸਾਰ ‘ਸਾਧ’ ਉਹ ਲੋਕ ਹਨ, ਜਿਹੜੇ ਆਪਣੀਆਂ ਸੀਮਤ ਸਰੀਰਕ ਲੋੜਾਂ ਪ੍ਰਤੀ ਸੁਚੇਤ ਤੇ ਗਿਆਨਵਾਨ ਹਨ, ਜਿਨ੍ਹਾਂ ਨੇ ਆਪਣੀਆਂ ਇੰਦ੍ਰਿਆਵੀ ਲੋੜਾਂ ਨੂੰ ਕਾਬੂ ਕੀਤਾ ਹੋਇਆ ਹੈ। ਭਾਵ ਜਿਹੜੇ ਇਸ ਧਰਤੀ ਨੂੰ ਆਪਣੀਆਂ ਕੁਦਰਤੀ ਲੋੜਾਂ ਪੂਰੀਆਂ ਕਰਨ ਲਈ ਵਰਤਦੇ ਹਨ। ਗੁਰੂ ਸਾਹਿਬ ਇਹ ਵੀ ਦੱਸਦੇ ਹਨ ਕਿ ਧਰਤੀ ਇਨ੍ਹਾਂ ਤਸਕਰਾਂ ਦਾ ਭਾਰ ਝੱਲਣ ਤੋਂ ਇਨਕਾਰੀ ਹੈ ਪਰ ਇਸ ਦੇ ਬਾਵਜੂਦ ਇਹ ਤਸਕਰ ਆਪਣੀ (ਮੁਨਾਫਿਆਂ ਦੀ ਅੰਨ੍ਹੀ) ਹਵਸ ਪੂਰੀ ਕਰਨ ਲਈ ਉਸ ਦੀ ਛਿੱਲ ਲਾਹੀ ਜਾਂਦੇ ਹਨ।
ਇਸ ਸਾਮਰਾਜੀ ਤਾਣੇ-ਬਾਣੇ ਦਾ ਸਾਰਾ ਆਰਥਿਕ ਅਡੰਬਰ ਸਿਰੇ ਦਾ ਉਜਾੜੂ, ਫਜੂਲ ਖਰਚ ਅਤੇ ਸਮੁੱਚੇ ਸਮਾਜ ਵਿਚ ਫੈਲੀ ਅਰਾਜਕਤਾ ਦਾ ਇਕੋ-ਇਕ ਸੋਮਾ ਹੈ। ਬੀਮਾ ਕੰਪਨੀਆਂ, ਬੈਂਕ, ਮਾਲ ਕਲਚਰ, ਕਾਲ ਸੈਂਟਰ, ਇੰਟਰਨੈਟ ‘ਤੇ ਹੁੰਦੀ ਖਰੀਦੋ-ਫਰੋਖਤ, ਇਹ ਸਾਰੀ ਦੀ ਸਾਰੀ ਬੇਲੋੜੀ ਅਤੇ ਵਾਹਯਾਤ ਕਿਸਮ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜਿਹੜੀ ਹਿੰਸਕ ਅਰਾਜਕਤਾ ਇਹ ਘੋਰ ਸੰਕਟਗ੍ਰਸਤ ਆਰਥਿਕ-ਰਾਜਸੀ ਪ੍ਰਬੰਧ ਆਉਣ ਵਾਲੇ ਸਮੇਂ ਵਿਚ ਫੈਲਾਉਣ ਜਾ ਰਿਹਾ ਹੈ, ਉਹ ਸੋਚ ਕੇ ਹੀ ਦਿਲ ਦਹਿਲ ਜਾਂਦਾ ਹੈ।
ਤੀਜਾ ਸੱਚ ਇਹ ਹੈ ਕਿ ਸਿਰਫ ਕੁਦਰਤ ਦਾ ਨਿਆਂ ਪ੍ਰਬੰਧ ਹੀ ਸੱਚਾ ਹੈ, ਸਿਰਫ ਕੁਦਰਤੀ ਨੇਮਾਂ ਅਧੀਨ ਸਿਰਜਿਆ ਰਾਜ ਅਤੇ ਸਮਾਜ ਹੀ ਅਸਲੀ ਜਮਹੂਰੀ ਪ੍ਰਬੰਧ ਹੈ, ਜਿਸ ਦਾ ਆਧਾਰ ਸੋਚਵਾਨ, ਤਰਕਸੰਗਤ, ਕਲਪਨਾਸ਼ੀਲ ਭਾਵ ਸਵੈ-ਕਾਬੂ ਮਨ ਹੈ। ਅਰਥਾਤ ਰੂਹਾਨੀ ਤੌਰ ‘ਤੇ ਚੇਤੰਨ (ਗੁਰਮੁਖ) ਮਨੁੱਖ ਹੈ। (ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣ ਹਾਰੋ॥ ਗੁਰੂ ਗ੍ਰੰਥ ਸਾਹਿਬ, ਪੰਨਾ 580)
ਯੂ ਐਨ ਓ ਤੋਂ ਲੈ ਕੇ ਹੇਠਾਂ ਤੱਕ ਮੌਜੂਦਾ ਸਾਰੀਆਂ ਸਰਕਾਰਾਂ ਦਾ ਰਾਜਸੀ ਪ੍ਰਬੰਧਕੀ ਤਾਣਾ-ਬਾਣਾ ਸਿਰੇ ਦਾ ਖਰਚੀਲਾ ਅਤੇ ਬਿਲਕੁੱਲ ਬੇਲੋੜਾ ਹੈ। ਇਸ ਤਾਣੇ-ਬਾਣੇ ਦਾ ਮੰਤਵ ਆਪਣੇ-ਆਪਣੇ ਜੋਟੀਦਾਰ ਸਾਮਰਾਜੀ ਧਨ-ਕੁਬੇਰਾਂ ਦੇ ਮੁਨਾਫਿਆਂ ਦੀ ਰਾਖੀ ਕਰਨਾ ਹੈ। ਹਰ ਧਨ-ਕੁਬੇਰ ਸਮੂਹ ਦਾ ਦੂਜੇ ਧਨ-ਕੁਬੇਰ ਸਮੂਹ ਨਾਲ ਮੁਕਾਬਲਾ ਹੈ। ਇਹ ਟਕਰਾਅ ਇਨ੍ਹਾਂ ਨੂੰ ਇਕ-ਦੂਜੇ ਨਾਲ ਲੈਣ-ਦੇਣ ਕਰਦਿਆਂ ਵੀ ਇਕ-ਦੂਜੇ ਦੇ ਵਿਰੁਧ ਲਾਮਬੰਦ ਕਰਦਾ ਹੈ। ਇਸ ਟਕਰਾਅ ਕਾਰਨ ਇਕ-ਦੂਜੇ ਤੋਂ ਰਾਖੀ ਲਈ ਅੰਤਾਂ ਦਾ ਖਰਚਾ ਖਤਰਨਾਕ ਹਥਿਆਰਾਂ ਤੇ ਫੌਜਾਂ ‘ਤੇ ਕੀਤਾ ਜਾਂਦਾ ਹੈ। ਇਹੀ ਟਕਰਾਅ ਅੱਜ ਸਾਮਰਾਜੀ ਦੇਸਾਂ ਨੂੰ ਤੀਜੀ ਸੰਸਾਰ ਜੰਗ ਵੱਲ ਧੱਕ ਰਿਹਾ ਹੈ।
ਇਸ ਰਾਜ-ਪ੍ਰਬੰਧ ਦਾ ਆਧਾਰ ਬਣਿਆ ਅਫਸਰਸ਼ਾਹੀ ਦਾ ਸਾਰਾ ਅਡੰਬਰ ਨਾ ਸਿਰਫ ਅੱਤ ਦਾ ਖਰਚੀਲਾ ਅਤੇ ਬੇਲੋੜਾ ਹੈ, ਸਗੋਂ ਇਹ ਸਮੁੱਚੀ ਲੋਕਾਈ ਉਤੇ ਨਿਰਾ ਬੋਝ ਹੈ ਅਤੇ ਲੋਕਾਂ ਦਾ ਸਿੱਧਾ ਦੁਸ਼ਮਣ ਹੈ। ਅਫਸਰਸ਼ਾਹੀ ਮਾਨਸਿਕਤਾ ਆਪਣੇ-ਆਪ ਵਿਚ ਹੀ ਇਕ ਮਨੋਰੋਗ ਹੈ।
ਚੌਥਾ ਸੱਚ ਇਹ ਹੈ ਕਿ ਮਨੁੱਖ ਜਨਮਜਾਤ ਲਾਲਚੀ ਅਤੇ ਕਮੀਨਾ ਨਹੀਂ, ਸੁਆਰਥੀ ਜ਼ਰੂਰ ਹੈ। ਪਰ ਉਸ ਦਾ ਸੁਆਰਥ ਕੀ ਹੈ? ਇਹ ਸਵੈ-ਚੇਤਨਾ ਅਤੇ ਮਨ ਦਾ ਕਾਇਆ ਨਾਲ ਸਜਿੰਦ ਰਿਸ਼ਤਾ ਹੀ ਦੱਸ ਸਕਦਾ ਹੈ। ਇਹੀ ਸੁਚੇਤ ਚੇਤੰਨ ਜੀਵਨ ਹੈ।
ਮਨੁੱਖ ਨੂੰ ਜਨਮਜਾਤ ਲਾਲਚੀ ਅਤੇ ਕਮੀਨਾ ਸਿਰਫ ਤੇ ਸਿਰਫ ਸਾਮਰਾਜੀ ਆਰਥਿਕ-ਰਾਜਸੀ-ਸਮਾਜੀ ਰਿਸ਼ਤਿਆਂ (ਸਭਿਅਤਾ) ਨੇ ਬਣਾਇਆ ਹੈ। ਪੂੰਜੀਵਾਦੀ ਵਰਤਾਰੇ ਦੇ ਖੋਜੀ ਮਾਰਕਸ ਅਤੇ ਏਂਗਲਜ਼ ਨੇ ਇਸ ਦੀ ਬੜੀ ਸਪੱਸ਼ਟ ਨਿਸ਼ਾਨਦੇਹੀ ਪਹਿਲਾਂ ਹੀ ਕੀਤੀ ਹੋਈ ਹੈ। ਕੁਦਰਤੀ ਤੌਰ ‘ਤੇ ਮਨੁੱਖ ਸੁਆਰਥੀ ਜ਼ਰੂਰ ਹੈ ਪਰ ਸਾਮਰਾਜੀ ਦੌਰ ਦੇ ਮਨੁੱਖ ਨੂੰ ਤਾਂ ਆਪਣੇ ਸੁਆਰਥਾਂ ਦਾ ਵੀ ਪਤਾ ਨਹੀਂ। ਜੇ ਉਸ ਨੂੰ ਆਪਣੇ ਸੁਆਰਥਾਂ ਦਾ ਪਤਾ ਹੋਵੇ ਤਾਂ ਉਹ ਲੋੜੋਂ ਵੱਧ ਖਾ-ਖਾ ਕੇ ਮੋਟਾ ਕਿਉਂ ਹੋਇਆ ਹੋਵੇ। ਜਾਂ ਉਸ ਨੇ ਤਣਾਅ, ਉਨੀਂਦਰੇ ਆਦਿ ਵਰਗੀਆਂ ਅਨੇਕਾਂ ਹੋਰ ਗੈਰ-ਕੁਦਰਤੀ ਬਿਮਾਰੀਆਂ ਕਿਉਂ ਸਹੇੜੀਆਂ ਹੋਣ, ਜਦੋਂ ਕਿ ਉਸ ਨੂੰ ਇਸ ਗੱਲ ਦਾ ਵੀ ਇਲਮ ਹੋਵੇ ਕਿ ਇਹ ਸਾਰੀਆਂ ਬਿਮਾਰੀਆਂ ਸਾਮਰਾਜੀ ਤਰਜੇ ਜ਼ਿੰਦਗੀ ਦੀਆਂ ਅਲਾਮਤਾਂ ਹਨ।
ਸਾਮਰਾਜੀ ਪੂੰਜੀਵਾਦ ਦੇ ਪੈਰੋਕਾਰਾਂ ਵੱਲੋਂ ਜਿਹੜੀ ਇਹ ਧਾਰਨਾ ਬਣਾ ਦਿੱਤੀ ਗਈ ਹੈ ਕਿ ਮਨੁੱਖ ਘੋਰ ਸੁਆਰਥੀ ਹੈ ਅਤੇ ਉਸ ਦਾ ਇਹ ਸੁਭਾਅ ਹੀ ਸਾਰੇ ਸਮਾਜੀ ਪੁਆੜਿਆਂ ਦੀ ਜੜ੍ਹ ਹੈ, ਕੋਰਾ ਝੂਠ ਹੈ। ਸਾਮਰਾਜੀ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਮਨੁੱਖ ਤਾਂ ਆਪਣੇ ਸੁਆਰਥਾਂ ਤੋਂ ਵੀ ਅਣਜਾਣ ਹੈ। ਉਹ ਤਾਂ ਆਪਣੇ ਨਿੱਜੀ ਅਨੁਭਵੀ ਅਹਿਸਾਸ ਤੋਂ ਹੀ ਵਿਹੂਣਾ ਹੈ। ਆਪਣੇ ਸੁਆਰਥੀ ਹਿਤਾਂ ਪ੍ਰਤੀ ਜੇ ਉਹ ਸੁਚੇਤ ਹੋਵੇਗਾ ਤਾਂ ਹੀ ਉਸ ਨੂੰ ਸਮਝ ਆਵੇਗੀ ਕਿ ਇਕ ਮਨੁੱਖ ਦੀ ਦੂਜੇ ਮਨੁੱਖ ਨਾਲ ਅਨੁਭਵੀ ਸਾਂਝ ਪੈਦਾ ਕਰਨੀ ਜਾਂ ਸਮਾਜੀ ਰਿਸ਼ਤੇ ਬਣਾਉਣੇ ਉਸ ਦਾ ਆਪਣਾ ਸੁਆਰਥ ਹੈ ਤਾਂ ਕਿ ਇਕ-ਦੂਜੇ ਮਨੁੱਖ ਦੇ ਅਨੁਭਵੀ ਤਜ਼ਰਬਿਆਂ ਦਾ ਫਾਇਦਾ ਆਪਣੀ ਨਿੱਜੀ ਜ਼ਿੰਦਗੀ ਵਿਚ ਉਠਾਇਆ ਜਾ ਸਕੇ। ਇਕ-ਦੂਜੇ ਨਾਲ ਅਨੁਭਵੀ ਸਾਂਝ ਪਾਉਣ ਲਈ ਇਕ-ਦੂਜੇ ਨਾਲ ਦਿਲੀ (ਨਿਸ਼ਕਪਟ) ਸਾਂਝ ਪਾਉਣੀ ਬਹੁਤ ਜ਼ਰੂਰੀ ਹੈ। ਇਹੀ ਲੋੜ ਦਿਲੀ ਸਾਂਝ, ਦੋਸਤੀ, ਮਿਤਰਤਾ ਅਤੇ ਪਿਆਰ ਦਾ ਆਧਾਰ ਬਣਦੀ ਹੈ। ਇਹੀ ਮਨੁੱਖ ਦੇ ਸਹਿਜ ਵਿਕਾਸ ਅਤੇ ਮਨੁੱਖੀ ਜ਼ਿੰਦਗੀ ਜਿਉਣ ਦਾ ਅਸਲੀ ਰਾਹ ਹੈ।
ਪਰ-ਸੁਆਰਥੀ ਹੋਣਾ ਵੀ ਮਨੁੱਖ ਦਾ ਆਪਣਾ ਸੁਆਰਥ ਹੀ ਹੈ ਕਿਉਂਕਿ ਸਮਾਜੀ ਹੋਏ ਬਿਨਾਂ ਮਨੁੱਖ ਆਪਣੇ ਸਾਰੇ ਜਜ਼ਬਿਆਂ ਦਾ ਪੂਰਨ ਵਿਕਾਸ ਅਤੇ ਪ੍ਰਗਟਾਵਾ ਨਹੀਂ ਕਰ ਸਕਦਾ। ਸਮਾਜੀ ਹੋਏ ਬਿਨਾਂ ਬੰਦਾ ਮਨੁੱਖ ਹੀ ਨਹੀਂ ਬਣ ਸਕਦਾ, ਪੂਰਨ ਮਨੁੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਇਹ ਵੀ ਮਨੁੱਖ ਦਾ ਆਪਣਾ ਸੁਆਰਥ ਹੀ ਹੈ ਕਿ ਉਹ ਗੈਰ-ਕੁਦਰਤੀ ਇੱਛਾਵਾਂ ਤੋਂ ਪੈਦਾ ਹੋਈ ਤ੍ਰਿਸ਼ਨਾ ਜਾਂ ਲਾਲਸਾ ਨੂੰ ਤਿਆਗੇ ਅਤੇ ਆਪਣੇ ਕੁਦਰਤੀ ਸੁਆਰਥ ਪੂਰੇ ਕਰਦਾ ਹੋਇਆ ਸਮਾਜੀ ਸਮੂਹ ਦਾ ਹਿੱਸਾ ਬਣੇ।
ਮਨੁੱਖ ਦੀ ਕੁਦਰਤੀ ਬਣਤਰ ਹੀ ਇਸ ਤਰ੍ਹਾਂ ਦੀ ਹੈ ਕਿ ਉਹ ਆਪਣੀ ਜਜ਼ਬਾਤੀ ਹੋਂਦ ਕਿਸੇ ਦੂਜੇ ਮਨੁੱਖ ਰਾਹੀਂ ਹੀ ਪ੍ਰਗਟ ਕਰ ਸਕਦਾ ਹੈ। ਇਸ ਲਈ ਉਸ ਦਾ ਆਪਣਾ ਮਨੁੱਖੀ ਵਿਕਾਸ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਸਮੂਹ ਸਮਾਜ ਦਾ ਹਿੱਸਾ ਬਣੇ ਅਤੇ ਸਮੂਹਕ ਸਮਾਜੀ ਵਿਕਾਸ ਦਾ ਫਾਇਦਾ ਲੈ ਕੇ ਆਪਣੇ ਨਿੱਜ ਨੂੰ ਉਚਾ ਚੁੱਕੇ। ਇਕੱਲੇ ਬੰਦੇ ਦੇ ਅਨੁਭਵੀ ਗਿਆਨ ਦਾ ਪੱਧਰ ਹਮੇਸ਼ਾ ਹੀ ਸਮੂਹਕ ਅਨੁਭਵੀ ਗਿਆਨ ਤੋਂ ਨੀਵਾਂ ਹੋਵੇਗਾ। ਇਹੀ ਕਾਰਨ ਹੈ ਕਿ ਅਜੋਕਾ ਮਨੁੱਖ ਜਾਣਕਾਰੀ ਦੇ ਆਏ ਹੜ੍ਹ ਦੇ ਬਾਵਜੂਦ, ਨਿੱਜੀ ਤੌਰ ‘ਤੇ ਮੂਰਖ ਬਣਦਾ ਜਾ ਰਿਹਾ ਹੈ। ਸਾਮਰਾਜੀ ਪੂੰਜੀਵਾਦ ਵੱਲੋਂ ਆਪਣੇ ਤੱਕ ਸੀਮਤ, ਨਿੱਜੀ ਇਕਾਈਆਂ ਤੱਕ ਤੋੜਿਆ ਹੋਇਆ ਮਨੁੱਖ, ਜਿਸ ਨੂੰ ਪੈਸੇ ਦੇ ਰਿਸ਼ਤਿਆਂ ਤੋਂ ਬਿਨਾਂ ਹੋਰ ਕਿਸੇ ਰਿਸ਼ਤੇ ਦਾ ਪਤਾ ਹੀ ਨਹੀਂ ਤੇ ਖਪਤਕਾਰੀ ਦੇ ਖਬਤ ਤੋਂ ਬਿਨਾਂ ਜਿਸ ਦਾ ਹੋਰ ਕੋਈ ਜਜ਼ਬਾ ਹੀ ਨਹੀਂ, ਉਹ ਸਭ ਕੁਝ ਕੋਲ ਹੁੰਦਿਆਂ ਸੁੰਦਿਆਂ ਵੀ ਇਕਲਾਪੇ ਅਤੇ ਤਣਾਅ ਦਾ ਸ਼ਿਕਾਰ ਹੈ ਅਤੇ ਇਸ ਨਾਲ ਜੁੜੀਆਂ ਉਨ੍ਹੀਂਦਰੇ ਸਮੇਤ ਅਨੇਕਾਂ ਬਿਮਾਰੀਆਂ ਸਹੇੜੀ ਬੈਠਾ ਹੈ। ਸਾਮਰਾਜੀ ਉਜੱਡਪੁਣਾ ਅਤੇ ਅਸਮਾਜਿਕਤਾ ਇਨ੍ਹਾਂ ਮਾਨਸਿਕ ਰੋਗਾਂ ਦੀ ਮੂਲ ਜੜ੍ਹ ਹੈ।
ਇਸ ਲਈ ਮਨੁੱਖ ਦਾ ਸੁਆਰਥ ਹੀ ਇਹ ਮੰਗ ਕਰਦਾ ਹੈ ਕਿ ਉਹ ਆਪਣੀਆਂ ਕੁਦਰਤੀ ਲੋੜਾਂ ਦੀ ਪਛਾਣ ਕਰੇ ਅਤੇ ਉਨ੍ਹਾਂ ਦੀ ਪੂਰਤੀ ਕਰਦਾ ਸਮਾਜੀ ਜ਼ਿੰਦਗੀ ਜੀਵੇ। ਸਿਰਫ ਇਉਂ ਕੀਤਿਆਂ ਹੀ ਸੰਤੁਲਿਤ ਤੇ ਸਾਂਵੀ ਮਨੁੱਖੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਭੁੱਖ ਦੂਰ ਕਰਨੀ ਮਨੁੱਖ ਦਾ ਸੁਆਰਥ ਹੈ ਪਰ ਉਸ ਨੇ ਕੀ ਖਾਣਾ ਹੈ, ਇਸ ਦਾ ਫੈਸਲਾ ਅਨੁਭਵੀ ਗਿਆਨ ਭਾਵ ਕੁਦਰਤੀ ਲੋੜਾਂ ਦੀ ਪਛਾਣ ਨੇ ਕਰਨਾ ਹੈ। ਬੰਦੇ ਦੇ ਖਾਣ ਦਾ ਫੈਸਲਾ ਵੀ ਇੰਦ੍ਰਿਆਵੀ ਸੁਆਦ ਦਾ ਨਹੀਂ ਸਗੋਂ ਲੋੜਾਂ ਦੀ ਚੇਤਨਾ ਦਾ ਮੁਥਾਜ ਹੈ। ਆਪਣੀ ਸਰੀ¬ਰਕ ਲੋੜ ਤੋਂ ਬਿਨਾਂ ਖਾਈ ਜਾਣ ਦਾ ਮਤਲਬ ਮੋਟਾਪਾ ਅਤੇ ਇਸ ਨਾਲ ਜੁੜੀਆਂ ਹੋਰਨਾਂ ਅਨੇਕਾਂ ਬਿਮਾਰੀਆਂ ਨੂੰ ਸਹੇੜਨਾ ਹੈ।
ਇਸ ਲਈ ਮਨੁੱਖੀ ਆਜ਼ਾਦੀ ਦਾ ਅਰਥ ਗੈਰ-ਕੁਦਰਤੀ ਇੱਛਾਵਾਂ (ਇੰਦ੍ਰਿਆਵੀ ਲਾਲਸਾਵਾਂ) ਦੀ ਪੂਰਤੀ ਮਗਰ ਭੱਜਣਾ ਨਹੀਂ, ਸਗੋਂ ਸੁਚੇਤ ਰੂਪ ਵਿਚ ਆਪਣੀਆਂ ਕੁਦਰਤੀ ਲੋੜਾਂ ਨੂੰ ਜਾਣ ਕੇ, ਉਨ੍ਹਾਂ ਦੀ ਪੂਰਤੀ ਕਰਨਾ ਅਤੇ ਗੈਰ ਕੁਦਰਤੀ ਜਾਂ ਗੈਰ-ਮਨੁੱਖੀ ਲਾਲਸਾਵਾਂ ਨੂੰ ਤਿਆਗ ਕੇ ਸਵੈ (ਮਨ) ‘ਤੇ ਕਾਬੂ ਪਾਉਣਾ ਹੈ। ਮਨੁੱਖੀ ਆਜ਼ਾਦੀ ਜਾਂ ਮੁਕਤੀ ਦੀ ਅਸਲੀ ਵਿਆਖਿਆ ਇਹੀ ਹੈ। ਆਜ਼ਾਦੀ ਦੀਆਂ ਬਾਕੀ ਸਾਰੀਆਂ ਧਾਰਨਾਵਾਂ ਇਸੇ ਪ੍ਰਸੰਗ ਵਿਚ ਹੀ ਹਨ। ਮਨੁੱਖ ਦੀ ਇਹੀ ਅਸਲੀ ਤੇ ਅਮਲੀ ਆਜ਼ਾਦੀ ਹਾਸਲ ਕਰਨ ਲਈ ਹੀ ਬਾਕੀ ਸਾਰੀਆਂ ਆਜ਼ਾਦੀਆਂ ਦੀ ਲੋੜ ਹੈ। ਇਹੀ ਮਨੁੱਖੀ ਮੁਕਤੀ ਦਾ ਅਸਲੀ ਰਾਹ ਹੈ। ਮਨਿ ਜੀਤੈ ਜਗੁ ਜੀਤੁ॥
ਸਾਮਰਾਜੀ ਪ੍ਰਬੰਧ ਦਾ ਸਮੁੱਚਾ ਅਖ਼ਬਾਰੀ ਤੇ ਟੀ ਵੀ ਦਾ ਤਾਣਾ-ਬਾਣਾ ਸਿਰੇ ਦਾ ਮਨੋਰੋਗੀ, ਹਵਾਈ ਕਲਪਨਾ ਦਾ ਸ਼ਿਕਾਰ, ਹਕੀਕਤ ਤੋਂ ਟੁੱਟਾ ਹੋਇਆ, ਆਪਣੇ ਹੀ ਮਨਾਂ ਤੋਂ ਭਟਕੇ ਹੋਏ ਲੋਕਾਂ ਦਾ ਅਡੰਬਰ ਹੈ, ਜਿਹੜਾ 24 ਘੰਟੇ ਮਨੋਰੋਗੀ ਸਭਿਆਚਾਰ ਫੈਲਾ ਕੇ ਲੋਕਾਂ ਨੂੰ ਮਨੋਰੋਗੀ ਬਣਾਉਂਦਾ ਹੈ ਤਾਂ ਕਿ ਉਹ ਆਪਣੀ ਅਸਲੀ ਹੋਂਦ ਪਛਾਣ ਕੇ ਇਸ ਸਾਮਰਾਜੀ ਪ੍ਰਬੰਧ ਦਾ ਤਖਤਾ ਨਾ ਪਲਟ ਦੇਣ। ਨਾ ਇਨ੍ਹਾਂ ਦੀਆਂ ਫਿਲਮਾਂ ਵਿਚ ਕੋਈ ਗੰਭੀਰਤਾ ਹੈ, ਨਾ ਇਨ੍ਹਾਂ ਦੇ ਸਾਹਿਤ ਵਿਚ ਕੋਈ ਮਨੁੱਖੀ ਦਰਦ ਹੈ, ਨਾ ਇਨ੍ਹਾਂ ਦੀ ਪੱਤਰਕਾਰੀ ਮਨੁੱਖਤਾ ਨੂੰ ਸਮਰਪਿਤ ਹੈ। ਤਰਕਸ਼ੀਲਤਾ ਦੇ ਨਾਂ ‘ਤੇ ਇਹ ਸਾਰਾ ਦਿਨ ਅਤਰਕ ਫੈਲਾਉਂਦੇ ਹਨ। ਇਹੀ ਕਾਰਨ ਹੈ ਕਿ ਅੱਜ ਮਨੁੱਖ ਆਪਣੇ ਸੁਆਰਥਾਂ ਪ੍ਰਤੀ ਵੀ ਅਣਜਾਣ ਹੈ। ਉਹ ਸਾਮਰਾਜੀ ਖਪਤਕਾਰੀ ਦਾ ਸ਼ਿਕਾਰ ਹੋ ਗਿਆ ਹੈ। ਇਹੀ ਸਾਮਰਾਜੀ ਸਭਿਅਤਾ ਦੇ ਸਰਬਪੱਖੀ ਸੰਕਟ ਦਾ ਮੂਲ ਕਾਰਨ ਹੈ। ਇਕ ਰੂਹਾਨੀ ਇਨਕਲਾਬ ਅਤੇ ਉਸ ਰੂਹਾਨੀਅਤ ਨਾਲ ਸਰਸ਼ਾਰ ਆਪਣੀ ਕੁਦਰਤੀ ਹੋਂਦ ਪ੍ਰਤੀ ਸੁਚੇਤ ਹੋਏ (ਗੁਰਮੁਖ, ਕਮਿਊਨਿਸਟ) ਮਨੁੱਖਾਂ ਦੀ ਅਗਵਾਈ ਹੇਠ, ਇਕ ਰਾਜਨੀਤਕ ਇਨਕਲਾਬ ਹੀ ਇਸ ਸੰਕਟ ਦਾ ਹੱਲ ਹੈ। ਅੱਜ ਦੀ ਹਾਲਤ ਵਿਚ ਇਸ ਤੋਂ ਬਿਨਾਂ ਸਾਮਰਾਜੀ ਸੰਕਟ ਵਿਚੋਂ ਬਾਹਰ ਨਿਕਲਣ ਅਤੇ ਮਨੁੱਖੀ ਆਜ਼ਾਦੀ ਜਾਂ ਮੁਕਤੀ ਦਾ ਹੋਰ ਕੋਈ ਰਾਹ ਨਹੀਂ ਹ੍ਵੈ

Be the first to comment

Leave a Reply

Your email address will not be published.