ਮੈਨਾ ਤੋਤੇ ਦੀ ਕਹਾਣੀ

ਪੰਜਾਬੀ ਦੇ ਬਹੁ-ਵਿਧਾਈ ਲੇਖਕ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਇਸ ਨਵੀਂ ਕਹਾਣੀ ਵਿਚ ਲੋਕ ਕਥਾਵਾਂ ਦੀ ਲੜੀ ਵਿਚੋਂ ਅੱਜ ਦੇ ਜ਼ਮਾਨੇ ਦੀ ਕਹਾਣੀ ਗੁੰਦੀ ਹੈ। ਕਹਾਣੀ ਦਾ ਸੁਹਜ ਤੇ ਸਲੀਕਾ ਕਹਾਣੀ ਦੇ ਪਾਤਰਾਂ ਵਾਲਾ ਹੀ ਹੈ-ਸੁਹਜ ਤੇ ਸਲੀਕੇ ਵਾਲਾ। ਮੁੱਖ ਪਾਤਰ ਦੀ ਮਨਬਚਨੀ ਕਹਾਣੀ ਵਿਚ ਆਏ ਵੱਖ ਵੱਖ ਪਾਤਰਾਂ ਦੇ ਸੱਚ ਅਤੇ ਸਭਿਆਚਾਰ ਦੀਆਂ ਕੜੀਆਂ ਜੋੜਦੀ ਹੈ। ਕਹਾਣੀ ਦਾ ਮੁੱਖ ਪਾਤਰ ਮਨੋਵਿਗਿਆਨ ਦਾ ਪ੍ਰੋਫੈਸਰ ਹੈ, ਤੇ ਸੱਚਮੁੱਚ
ਇਸ ਪਾਤਰ ਰਾਹੀਂ ਮਨੁੱਖੀ ਮਨ ਵਿਚ ਡੂੰਘੀਆਂ ਪਈਆਂ ਤਾਘਾਂ ਅਤੇ ਤ੍ਰਿਸ਼ਨਾਵਾਂ ਦਾ ਜ਼ਿਕਰ ਛਿੜਦਾ ਹੈ। ਇਕ ਗੱਲ ਹੋਰæææਹਰ ਜੁੱਗ ਵਿਚ ਪਿਆਰ ਦੀ ਕਹਾਣੀ ਇਕ ਹੀ ਰਹਿੰਦੀ ਹੈ, ਪਰ ਹਰ ਜੁੱਗ ਵਿਚ ਕਹਿੰਦੇ-ਕਹਾਉਂਦੇ ਇਸ ਹਨ੍ਹੇਰੀ ਵਿਚ ਕੱਖਾਂ-ਕਾਨਿਆਂ ਵਾਂਗ ਉਡਦੇ ਜਾਪਦੇ ਹਨ। -ਸੰਪਾਦਕ

ਬਲਦੇਵ ਸਿੰਘ ਧਾਲੀਵਾਲ
‘ਤੋਤਾ ਮੈਨਾ ਕੀ ਕਹਾਨੀ ਤੋ ਪੁਰਾਨੀ, ਪੁਰਾਨੀ ਹੋ ਗਈ’ ਕਿਸੇ ਫ਼ਿਲਮੀ ਗਾਣੇ ਵਾਲੀ ਰਿੰਗਟੋਨ ਵੱਜਦੀ ਹੈ। ਸੁਣ ਕੇ ਮੈਂ ਤ੍ਰਭਕਿਆ ਹਾਂ। ਮੈਨੂੰ ਪਤਾ ਹੈ ਕੌਣ ਹੋਵੇਗਾ। ਇਹ ਰਿੰਗਟੋਨ ਇਕ ਸਪੈਸ਼ਲ ਕਾਲਰ ਲਈ ਸੈਟ ਕੀਤੀ ਹੋਈ ਹੈ, ਐਵੇਂ ਸ਼ਰਾਰਤ ਨਾਲ।
“ਮਾæææਇæææਨਾ”, ਮੋਬਾਈਲ ਅੰਗਰੇਜ਼ੀ ਲਹਿਜ਼ੇ ਵਿਚ ਬੋਲਦਾ ਹੈ। ਮੈਨਾ ਹੀ ਹੈ। ਉਸ ਦਾ ਨਾਂ ਸਕਰੀਨ ਉਤੇ ਵੀ ਜਗਬੁਝ-ਜਗਬੁਝ ਕਰ ਰਿਹਾ ਹੈ। ਉਸ ਦਾ ਨਾਂ ਵੇਖ ਕੇ ਮੇਰੇ ਕੰਨਾਂ ਨੂੰ ਦਿਲ ਦੀ ਫੜੱਕ ਫੜੱਕ ਸੁਣਨ ਲੱਗੀ ਹੈ, ਜਿਵੇਂ ਕਿਸੇ ਇਮਤਿਹਾਨ ਦਾ ਨਤੀਜਾ ਸੁਣਨ/ਵੇਖਣ ਵੇਲੇ ਹੁੰਦਾ ਹੈ। ਹੁਣ ਵੀ ਨਤੀਜਾ ਹੀ ਤਾਂ ਨਿਕਲਣ ਵਾਲਾ ਹੈ, ਮੈਨਾ ਦੀ ਹਾਂ ਜਾਂæææ। ਨਾਂਹ ਸ਼ਬਦ ਸੋਚਾਂ ਵਿਚ ਲਿਆਉਣ ਲਈ ਵੀ ਮਨ ਤਿਆਰ ਨਹੀਂ। ਮੈਨਾ ਨਾਲ ਇੰਨਾ ਕੁਝ ਜੁੜ ਚੁੱਕਿਆ ਹੈ। ਉਂਜ ਵੀ ਇਹ ਕੰਨ ਨਾਂਹ ਸੁਣਨ ਦੇ ਤਾਂ ਆਦੀ ਹੀ ਨਹੀਂ ਰਹੇ। ਜੋ ਸੋਚਿਆ, ਉਹ ਹਾਸਿਲ ਕਰ ਕੇ ਹੀ ਦਮ ਲਿਆ ਹੈ। ਫਿਰ ਇਸ ਵਾਰæææ।
“ਹਾਂ ਬਈ ਮਨਮੀਤæææ?” ਮੈਂ ਦਿਲ ਨੂੰ ਸੰਭਾਲਦਿਆਂ, ਬੋਲਾਂ ਨੂੰ ਥਿੜਕਣ ਤੋਂ ਬਚਾਉਂਦਿਆਂ, ਪੂਰੇ ਸਹਿਜ ਨਾਲ ਉਸ ਨੂੰ ਪੂਰੇ ਨਾਂ ਨਾਲ ਬੁਲਾਉਂਦਾ ਪੁੱਛਦਾ ਹਾਂ।
“ਘਰ ਹੋ ਨਾ? ਆ-ਜਾਂ ਮੈਂ?” ਉਸ ਦਾ ਲਹਿਜਾ ਪੁੱਛਣ ਦੀ ਥਾਂ ਦੱਸਣ ਵਾਲਾ ਹੈ, ਜਿਵੇਂ ਕਹਿ ਰਹੀ ਹੋਵੇ-ਤਿਆਰ ਰਹੋ ਸ੍ਰੀਮਾਨ, ਮੈਂ ਆ ਰਹੀ ਹਾਂ। ਉਸ ਦੇ ਬੋਲਾਂ ਵਿਚੋਂ ਮੈਨੂੰ ਮਸ਼ਕਰੀ ਜਿਹੀ ਵਾਲੀ ਸੁਰ ਝਲਕਦੀ ਮਹਿਸੂਸ ਹੋਈ ਹੈ। ਅੱਗੇ ਤਾਂ ਉਹ ਹਮੇਸ਼ਾਂ ‘ਸਬਮਿਸਵ’ ਜਿਹੀ ਟੋਨ ਵਿਚ ਪੁੱਛਦੀ ਹੁੰਦੀ ਹੈ, “ਸਰ ਮੇ ਆਈ ਕੰਮ”, ਜਿਵੇਂ ਕੋਈ ਕਮਰੇ ‘ਚ ਵੜਨ ਵੇਲੇ ਪੁੱਛਦਾ ਹੁੰਦਾ ਹੈ।
“ਸ਼ਿਓਰæææਸ਼ਿਓਰæææ ਵੈਲ-ਕਮ, ਐਨੀ ਗੁੱਡ ਨਿਊਜ਼?” ਮੈਂ ਆਪਣੀ ਉਤੇਜਨਾ ਨੂੰ ਬੰਨ੍ਹ ਨਹੀਂ ਮਾਰ ਸਕਿਆ। ਆਪਣੇ ਰਿਜ਼ਰਵ ਸੁਭਾਅ ਦੇ ਉਲਟ ਓਪਨਲੀ ਪੁੱਛ ਬੈਠਾ ਹਾਂ।
“ਸਰਪ੍ਰਾਈਜ਼ ਐæææਰੀਅਲੀ ਬਿੱਗ ਵੰਨæææਫਾਰ ਯੂਅਰ ਇਨਫਰਮੇਸ਼ਨ ਮੰਮੀ-ਪਾਪਾ ਵੀ ਨਾਲ ਆ ਰਹੇ ਨੇ, ਕਹਿੰਦੇ ਮੂੰਹ ਮਿੱਠਾ ਕਰਾਉਣਾæææਓæਕੇæææਟੇਕ ਕੇਅਰæææਸੀ ਯੂ।” ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ ਹੈ। ਇਹ ਮੇਰਾ ਭੁਲੇਖਾ ਹੈ ਜਾਂ ਸੱਚ; ਮੈਨੂੰ ਅੰਤ ਵਿਚ ਕੋਈ ਨਖ਼ਰੇ ਭਰੀ ‘ਪੁææਅææਚ’ ਵਰਗੀ ਆਵਾਜ਼ ਵੀ ਸੁਣੀ ਹੈ।
ਅਚੰਭਿਤ ਜਿਹਾ ਹੋਇਆ ਮੈਂ ਮਨਮੀਤ ਦੇ ਇਕ ਇਕ ਸ਼ਬਦ ਨੂੰ ਰਿੜਕ ਰਿਹਾ ਹਾਂ। ਮਨੋਵਿਗਿਆਨ ਦੇ ਵਿਸ਼ੇ ਨੇ ਇਹ ਮੇਰੀ ਆਦਤ ਹੀ ਬਣਾ ਦਿੱਤੀ ਹੈ। ਅੱਜ ਉਸ ਨੇ ਸੰਬੋਧਨ ਵੀ ਸਰ ਕਹਿ ਕੇ ਨਹੀਂ ਕੀਤਾ। ਘਰ, ਆ-ਜਾਂ, ਮੂੰਹ ਮਿੱਠਾ-ਸਾਰੇ ਦੇ ਸਾਰੇ ਸ਼ਬਦ ਉਸ ਦੇ ਅਚੇਤ ਮਨ ਦੀ ਕਿਸੇ ਅਨੋਖੀ ਤਾਂਘ ਦੀ ਬਾਤ ਪਾ ਰਹੇ ਪ੍ਰਤੀਤ ਹੁੰਦੇ ਹਨ। ਸ਼ਾਇਦ ਉਸ ਦੀ ਇਸ ਘਰੇ ਆ ਵੱਸਣ ਦੀ ਮੂੰਹਜ਼ੋਰ ਇੱਛਾ ਦਾ ਪ੍ਰਗਟਾਵਾ। ਹੁਣ ਸ਼ਾਇਦ ਦੀ ਤਾਂ ਖ਼ੈਰ ਗੁੰਜਾਇਸ਼ ਹੀ ਨਹੀਂ ਰਹਿ ਗਈ। ਯੂਨੀਵਰਸਿਟੀ ਦੀ ਪ੍ਰੋਫੈਸਰੀ ਅਤੇ ਮਨੋਵਿਗਿਆਨ ਦੇ ਵਿਸ਼ੇ ਦਾ ਰਿਮੋਟ ਹੱਥ ਵਿਚ ਹੋਵੇ ਤਾਂ ਮਨ-ਚਾਹੇ ਚੈਨਲ ਕਿਉਂ ਨਹੀਂ ਚੱਲਣਗੇ? ‘ਮਨਮੀਤ ਕੀæææ।’ ਸੋਚ ਕੇ ਮੈਨੂੰ ਆਪਣੇ ਆਪ ਉਤੇ ਅਭਿਮਾਨ ਵਰਗਾ ਮਾਣ ਮਹਿਸੂਸ ਹੋਇਆ ਹੈ।
“ਸਰਪ੍ਰਾਈਜ਼!” ਮਨਮੀਤ ਦੇ ਬੋਲਾਂ ਨੂੰ ਮਨ ਹੀ ਮਨ ਵਿਚ ਦੁਹਰਾਉਂਦਾ ਸੋਚਦਾ ਹਾਂ, ‘ਹੁਣ ਕਾਹਦਾ ਸਰਪ੍ਰਾਈਜ਼ ਰਹਿ ਗਿਆ ਡੀਅਰ, ਸਭ ਕੁਝ ਤਾਂ ਚਿੱਟੇ ਦਿਨ ਵਾਂਗ ਸਪੱਸ਼ਟ ਐ। ਘਰਦਿਆਂ ਤੋਂ ਹਰੀ ਝੰਡੀ ਮਿਲ ਗਈ ਹੋਏਗੀ ਤੇ ਕੱਤਣੀ ਨੂੰ ਫੁੱਲ ਲੱਗਣ ਦੀਆਂ ਤਿਆਰੀਆਂ ਹੋਣਗੀਆਂ।’ ਇਸ ਕਾਵਿਕ ਜਿਹੇ ਖ਼ਿਆਲ ਨਾਲ ਮੇਰੀਆਂ ਸੋਚਾਂ ਸਰੂਰੀਆਂ ਗਈਆਂ ਹਨ, ਦਿਲ ਨੂੰ ਕਰਾਰ ਆ ਗਿਆ ਹੈ, ਬੁੱਲ੍ਹਾਂ ਉਤੇ ਮੁਸਕਣੀ ਖੇਡਣ ਲੱਗੀ ਹੈ।
‘ਲਓ ਜਿੱਤੀ ਗਈ ਇਹ ਜੰਗ ਵੀ, ਜਿੱਤੀ ਹੀ ਜਾਣੀ ਸੀ। ਹਾਰਨ ਵਾਲੇ ਖ਼ਾਨਦਾਨ ਵਿਚ ਤਾਂ ਮੈਂ ਜੰਮਿਆਂ ਹੀ ਨਹੀਂ। ਮੇਰੇ ਪੁਰਖਿਆਂ ਨੂੰ ਐਵੇਂ ਤਾਂ ਨੀ ਜਗੀਰਾਂ ਹਾਸਿਲ ਹੁੰਦੀਆਂ ਰਹੀਆਂ। ਐਵੇਂ ਤਾਂ ਨੀ ਇਲਾਕੇ ਵਿਚ ਨਿਰਾਲੀ ਸ਼ਾਨ ਦਾ ਪਰਚਮ ਲਹਿਰਦਾ ਰਿਹਾ।’ ‘ਸਰਦਾਰਾਂ ਦਾ ਘਰ’ ਉਂਜ ਈ ਤਾਂ ਨਹੀਂ ਕਿਹਾ ਜਾਣ ਲੱਗ ਪਿਆ ਪਿੰਡ ਵਿਚ। ਜੱਟ ਤਾਂ ਭਾਵੇਂ ਉਥੇ ਸਾਰੇ ਹੀ ਸਨ ਪਰ ਸਰਦਾਰ ਜੱਟਾਂ ਦਾ ਤਾਂ ਸਾਡਾ ਇਕੋ ਘਰ ਹੀ ਸੀ। ਇਉਂ ਸਰਦਾਰਾਂ ਵਾਂਗੂੰ ਸੋਚਣਾ ਮੈਨੂੰ ਗੁੜ੍ਹਤੀ ਵਿਚ ਹੀ ਮਿਲਿਆ ਹੈ। ‘ਆਮ ਜੱਟਾਂ ਵਾਂਗ ਸੋਚਣ’ ਵਾਲੇ ਦੀ ਸਾਡੇ ਘਰ ਵਿਚ ਹੁੰਦੀ ਟੋਕਾ-ਟੁਕਾਈ ਬਚਪਨ ਤੋਂ ਹੀ ਵੇਖਦਾ ਆਇਆ ਹਾਂ। ਉਹ ਗੱਲ ਮੈਨੂੰ ਹੁਣ ਵੀ ਯਾਦ ਆ ਰਹੀ ਹੈ ਜਿਹੜੀ ਮੇਰੀ ਚੜ੍ਹਦੀ ਉਮਰ ਵੇਲੇ ਵਾਪਰੀ ਸੀ। ਮੇਰੀ ਹੁੰਦੜਹੇਲ ਜਵਾਨੀ ਵੱਲ ਵੇਖ ਕੇ ਸਾਡਾ ਰੋਟੀ-ਟੁੱਕ ਕਰਨ ਵਾਲੀ ਮਹਿਰੀ ਨੇ ਮਾਂ ਨੂੰ ਕਿਸੇ ਕੁੜੀ ਦੀ ਦੱਸ ਪਾਉਣੀ ਚਾਹੀ ਸੀ।
“ਕੁੜੇ ਸਰਦਾਰਾਂ ਦੀ ਕਾਕੀ ਐ?” ਮਾਂ ਨੇ ਦੁਹਰਾ ਕੇ ਅੰਤਰਾ ਲੈਣਾ ਚਾਹਿਆ ਸੀ।
“ਨe੍ਹੀਂ ਬੀਬੀ ਜੀ, ਜੱਟਾਂ ਦੀ ਈ ਐ, ਊਂ ਸੁੱਖ ਨਾ ਜ਼ਮੀਨ-ਜਾਇਦਾਦ ਬਥੇਰੀ ਐ, ਘਰ ਭਰ ਦੇਣਗੇ ਲੈਣ-ਦੇਣ ਨਾ, ਕੁੜੀ ਵੀ ਜਾਣੀਦੀ ਹੱਥ ਲਾਇਆਂ ਮੈਲੀ ਹੋਣ ਵਾਲੀ ਐ।”
“ਹੇ ਖਾਂ, ਅਖੇ ਨਾ ਅਕਲ ਨਾ ਮੌਤ, ਕੁੜੇ ਕਿਤੇ ਮੋਰੀ ਦੀ ਇੱਟ ਚੁਬਾਰੇ ਨੂੰ ਲੱਗੀ ਐ ਭਲਾ? ਅੱਗੇ ਤੋਂ ਨਾ ਐਹੋ ਜਿਹਾ ਕਮਲ ਕੁੱਟੀਂ ਕਦੇ ਮੇਰੇ ਸਾਹਮਣੇ, ਨਹੀਂ ਤਾਂ ਫਿਰ ਮੈਥੋਂ ਬੁਰਾ ਕੋਈ ਨਹੀਂ।” ਮਾਂ ਨੇ ਮਹਿਰੀ ਦੀ ਥਾਂਏਂ ਖੁੰਬ ਠੱਪ ਦਿੱਤੀ ਸੀ। ਫਿਰ ਮਹਿਰੀ ਨੇ ਤਾਂ ਕੀ, ਪਿੰਡ ਦੇ ਕਿਸੇ ਹੋਰ ਨੇ ਵੀ ਅਜਿਹਾ ‘ਕਮਲ ਕੁੱਟਣ’ ਦੀ ਜੁਅਰਤ ਨਹੀਂ ਸੀ ਕੀਤੀ। ਇਸ ਨਾਲ ਮੈਨੂੰ ਵੀ ਕੰਨ ਹੋ ਗਏ ਸਨ ਕਿ ਸਰਦਾਰੀ ਕੀ ਹੁੰਦੀ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ ਮਾਂ ਵਾਂਗ ਕਿਵੇਂ ਸੋਚਣਾ ਹੈ!
ਫਿਰ ਜਦੋਂ ਮੈਂ ਯੂਨੀਵਰਸਿਟੀ ਵਿਚ ਲੈਕਚਰਾਰ ਆ ਲੱਗਾ ਤਾਂ ‘ਚੁਬਾਰਾ’ ਹੋਰ ਵੀ ਉਚਾ ਹੋ ਗਿਆ। ਕਿੰਨੀਆਂ ਹੀ ਲੰਮੀਆਂ-ਲੰਝੀਆਂ, ਗੋਰੀਆਂ-ਚਿੱਟੀਆਂ, ਪਤਲੀਆਂ-ਪਤੰਗਾਂ ਮੈਂ ਅੱਖਾਂ ਹੇਠੋਂ ਦੀ ਕੱਢੀਆਂ ਹੋਣਗੀਆਂ ਪਰ ਅੰਤ ਰੱਦ ਕਰ ਦਿੱਤੀਆਂ। ਕੋਈ ਵੀ ਮੈਨੂੰ ਆਪਣੀ ਅੰਦਰਲੀ ਸਰਦਾਰੀ ਦੇ ਮੇਚ ਦੀ ਨਾ ਜਾਪਦੀ। ਚਾਲੀਵਾਂ ਲੰਘਦਿਆਂ ਕਿਤੇ ਅੰਦਰੋਂ ਇਹ ਆਵਾਜ਼ ਵੀ ਸੁਣਨ ਲੱਗੀ ਸੀ ਕਿ ਸ਼ਾਇਦ ਸੰਸਾਰ ਵਿਚ ਇਹੋ ਜਿਹੀ ਕੋਈ ਹੋਣੀ ਹੀ ਨਹੀਂ; ਪਰ ਨਹੀਂ, ਇਹ ਸੱਚ ਨਹੀਂ ਸੀ, ਪਹਿਲੀ ਵਾਰ ਮਨਮੀਤ ਨੂੰ ਵੇਖ ਕੇ ਅਜਿਹਾ ਹੀ ਜਾਪਿਆ ਸੀ। ਕਾਮਨਾ ਦੇ ਸੁੱਕੇ ਬਾਗ ਜਿਵੇਂ ਪਲਾਂ ਵਿਚ ਹਰੇ ਹੋ ਗਏ ਸਨ।
ਮੇਰੀ ਪੀਐਚæਡੀæ ਦੀ ਪੁਰਾਣੀ ਸਟੂਡੈਂਟ ਗੁਰਜੋਤ ਨਾਲ ਉਹ ਮੈਨੂੰ ਉਚੇਚ ਨਾਲ ਮਿਲਣ ਆਈ ਸੀ। ਗੁਰਜੋਤ ਨੇ ਦੱਸਿਆ ਸੀ ਕਿ ਮਨਮੀਤ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਈਕਾਲੋਜੀ ਵਿਚ ਪੋਸਟ-ਗ੍ਰੈਜੂਏਸ਼ਨ ਕੀਤੀ ਸੀ। ਪੀਐਚæਡੀæ ਕਰਨਾ ਚਾਹੁੰਦੀ ਸੀ, ਪਰ ਉਥੇ ਕੋਈ ਗਾਈਡ ਨਹੀਂ ਸੀ ਮਿਲ ਸਕਿਆ। ਇਸ ਲਈ ਹੁਣ ਸਾਡੀ ਯੂਨੀਵਰਸਿਟੀ ਆਈ ਸੀ।
ਪਰ ਮੈਨੂੰ ਤਾਂ ਜਿਵੇਂ ਉਹ ਕੁਝ ਵੀ ਨਹੀਂ ਸੀ ਸੁਣ ਰਿਹਾ ਜੋ ਗੁਰਜੋਤ ਦੱਸ ਰਹੀ ਸੀ। ਮੇਰੀ ਸੁਰਤ ਤਾਂ ਮਨਮੀਤ ਦੇ ਸੁਹਜ ਅਤੇ ਸਲੀਕੇ ਉਤੇ ਟਿਕੀ ਹੋਈ ਸੀ। ਉਸ ਨੇ ਪੂਰੀਆਂ ਬਾਹਾਂ ਵਾਲਾ ਘੇਰੇਦਾਰ ਸਫ਼ੈਦ ਰੰਗ ਦਾ ਅਨਾਰਕਲੀ ਸਟਾਈਲ ਕੁੜਤਾ ਪਾਇਆ ਹੋਇਆ ਸੀ। ਰੇਬਦਾਰ ਪਜਾਮੀ ਅਤੇ ਕਢਾਈਦਾਰ ਜੁੱਤੀ ਖੂਬ ਜਚ ਰਹੀ ਸੀ। ਵੱਡੇ ਪਨ੍ਹੇ ਦੇ ਦੁਪੱਟੇ ਨਾਲ ਉਸ ਨੇ ਅੱਧਾ ਕੁ ਸਿਰ ਢਕ ਕੇ ਘੁੰਢ ਕੱਢਣ ਵਾਂਗ ਦੁਪੱਟਾ ਤਿਰਛਾ ਜਿਹਾ ਕੀਤਾ ਹੋਇਆ ਸੀ। ਛੱਲਾ, ਮਹੀਨ ਚੇਨੀ ਅਤੇ ਮੋਤੀਆਂ ਵਾਲੇ ਲੌਂਗ ਸ਼ੇਪ ਟਾਪਸਾਂ ਨਾਲ ਉਸ ਦਾ ਹੁਸਨ ਹੋਰ ਨਿੱਖਰ ਆਇਆ ਸੀ। ਲਿਪਸਟਿੱਕ ਇੰਨੀ ਮੱਧਮ ਗੁਲਾਬੀ ਕਿ ਹੋਠਾਂ ਦੇ ਕੁਦਰਤੀ ਰੰਗ ਨਾਲ ਇਕਮਿਕ ਹੋ ਗਈ ਜਾਪਦੀ ਸੀ। ਵੇਖਣ ਵਾਲੇ ਦਾ ਮਨ ਉਸ ਦੇ ਕਿਸੇ ਅੰਗ ਦੀ ਛੋਟੀ ਜਿਹੀ ਝਲਕ ਲਈ ਤੜਫ ਉਠਦਾ, ਪਰ ਉਸ ਨੇ ਆਪਣੇ ਜੋਬਨ ਨੂੰ ਇਉਂ ਸਾਂਭ ਰੱਖਿਆ ਸੀ ਕਿ ਹਵਾ ਵੀ ਸਿਰਫ ਹੱਥਾਂ ਅਤੇ ਚਿਹਰੇ ਨੂੰ ਰਤਾ-ਮਾਸਾ ਛੂਹ ਸਕਦੀ।
ਜੇ ਕਿਤੇ ਮਾਂ ਉਸ ਦੀ ਅਜਿਹੀ ਫੱਬਤ ਤੱਕ ਲੈਂਦੀ ਤਾਂ ਉਸ ਦੇ ਮੂੰਹੋਂ ਸੁਤੇ-ਸਿੱਧ ਹੀ ਨਿਕਲਣਾ ਸੀ, “ਕਾਕਾ ਜੀ, ਇਹ ਹੁੰਦੈ ਸਰਦਾਰੀ ਰੂਪ।”
ਮਨਮੀਤ ਵੱਲ ਵੇਖਦਿਆਂ ਮੈਂ ਮੰਤਰ-ਮੁਗਧ ਸਾਂ ਪਰ ਗੁਰਜੋਤ ਲਗਾਤਾਰ ਤਨਜ਼ੀ ਜਿਹਾ ਮੁਸਕਰਾ ਰਹੀ ਸੀ। ਇਸ ਲਈ ਮੈਨੂੰ ਵੀ ਝਟਕੇ ਨਾਲ ਵਿਹਾਰੀ ਦੁਨੀਆਂ ਵਿਚ ਆਉਣਾ ਪਿਆ। ਫਿਰ ਮੈਂ ਆਪਣੀਆਂ ਸ਼ਰਤਾਂ ਦੱਸਦਾ ਗਿਆ ਅਤੇ ਮਨਮੀਤ ਸਿਰ ਦੇ ਹਲਕੇ ਜਿਹੇ ਅਦਾਇਗੀ ਭਰੇ ਇਸ਼ਾਰੇ ਨਾਲ ਸਭ ਕਬੂਲ ਕਰਦੀ ਰਹੀ। ਸ਼ਾਇਦ ਕਿਸੇ ਵੀ ਕੀਮਤ ਉਤੇ ਉਹ ਮੇਰੀ ਨਾਂਹ ਨਹੀਂ ਸੁਣਨਾ ਚਾਹੁੰਦੀ ਸੀ। ਉਸ ਦੀ ਕਮਜ਼ੋਰੀ ਮੈਂ ਭਾਂਪ ਲਈ ਸੀ।
“ਸਰ, ਜਿਸ ਟਾਪਿਕ ਬਾਰੇ ਮੈਂ ਕੰਮ ਕਰਨ ਦਾ ਮਨ ਬਣਾਇਐ, ਸ਼ਾਇਦ ਕੋਈ ਵੀ ਮੈਰਿਡ ਟੀਚਰ ਉਸ ਸਬੰਧੀ ਬਾਇਸ ਹੋਏ ਬਿਨਾਂ ਸੋਚ ਨਹੀਂ ਸਕੇਗਾ। ਸਿਰਫ ਤੁਸੀਂ ਹੀ ਅਜਿਹੇ ਕੰਪਲੈਕਸ ਤੋਂ ਮੁਕਤ ਹੋ ਕੇ ਮੈਨੂੰ ਠੀਕ ਸੁਜੈਸ਼ਨਜ਼ ਦੇ ਸਕੋਗੇ, ਮੇਰਾ ਇਹ ਵਿਸ਼ਵਾਸ ਹੈ।” ਉਸ ਨੇ ਭਾਵੇਂ ਇਹ ਸਭ ਮੇਰੀ ਵਡਿਆਈ ਖਾਤਰ ਹੀ ਕਿਹਾ ਹੋਵੇ, ਪਰ ਕਹਿਣ ਦਾ ਅੰਦਾਜ਼ ਮੈਨੂੰ ਲਾ-ਜਵਾਬ ਲੱਗਿਆ ਸੀ। ਆਪਣੀਆਂ ਪਤਲੀਆਂ ਗੋਰੀਆਂ ਉਂਗਲਾਂ ਦੀ ਅਦਾਇਗੀ ਨਾਲ ਉਹ ਇਉਂ ਦੱਸ ਰਹੀ ਸੀ ਕਿ ਮੈਨੂੰ ਪਲ ਦੀ ਪਲ ਫ਼ਿਲਮ ‘ਉਮਰਾਓ ਜਾਨ’ ਵਿਚਲਾ ਰੇਖਾ ਦਾ ਜਲਵਾ, ‘ਦਿਲ ਚੀਜ਼ ਕਿਆ ਹੈ, ਆਪ ਮੇਰੀ ਜਾਨ ਲੀ-ਜੀਏ’ ਸੰਜੀਵ ਹੋ ਗਿਆ ਜਾਪਿਆ।
“ਕੀ ਟਾਪਿਕ ਸੋਚਿਐ?” ਮੈਂ ਆਪਣੀ ਉਤਸੁਕਤਾ ਛੁਪਾ ਨਾ ਸਕਿਆ।
“ਸਰ ਟਾਪਿਕ ਹੈ, ਤੋਤਾ ਮੈਨਾ ਦੀਆਂ ਲੋਕ-ਕਥਾਵਾਂ ਦਾ ਰਾਜਨੀਤਕ ਅਵਚੇਤਨ: ਸਮਕਾਲੀ ਸਮਾਜਕ ਸੰਦਰਭ ਵਿਚ।”
“ਰੀਅਲੀ ਇਨੋਵੇਟਿਵ! ਕੀ ਹਾਈਪੋ-ਥੀਸਿਸ ਹੈ ਮੁਢਲੇ ਤੌਰ ‘ਤੇ?” ਮੇਰੀ ਜਿਗਿਆਸਾ ਜਾਗ ਉਠੀ ਸੀ।
“ਸਰ ਇਨ ਮਾਈ ਓਪੀਨੀਅਨ, ਬੇਵਫ਼ਾਈ ਜਾਂ ਧੋਖੇ ਦਾ ਮਸਲਾ ਜੈਂਡਰ ਬੇਸਿਡ ਨਹੀਂ ਜਾਪਦਾ। ਔਰਤ-ਮਰਦ ਦੋਵੇਂ ਹਾਲਾਤ ਵੱਸ ਚਲਿੱਤਰ ਕਰਦੇ ਆਏ ਐ। ਧੋਖਾ ਕਰਨ ਵਾਲੀ ਧਿਰ ਓਨੀ ਕੁ ਹੀ ਸਫਲ ਹੁੰਦੀ ਐ, ਜਿੰਨੀ ਕੁ ਉਹ ਦੂਜੀ ਧਿਰ ਦੀਆਂ ਕਮਜ਼ੋਰੀਆਂ ਅਤੇ ਸੁਪਨਿਆਂ ਨੂੰ ਸਮਝ ਕੇ ਦਾਅ ਖੇਡਣ ਦੇ ਯੋਗ ਹੁੰਦੀ ਐ। ਸਰ ਇਹ ਧਾਰਨਾ ਮੈਨੂੰ ਸਮਕਾਲੀ ਸਮਾਜਕ ਪ੍ਰਸੰਗ ਵਿਚ ਵੀ ਰੈਲੇਵੈਂਟ ਪ੍ਰਤੀਤ ਹੁੰਦੀ ਐ।” ਨਪੇ-ਤੁਲੇ ਸ਼ਬਦਾਂ ਵਿਚ ਆਪਣੇ ਵਿਸ਼ੇ ਬਾਰੇ ਗੱਲ ਕਰਦੀ ਉਹ ਮੈਨੂੰ ਬਹੁਤ ਪੁਖ਼ਤਾ ਸੋਚ ਵਾਲੀ ਲੱਗੀ ਸੀ। ਇਹੋ ਜਿਹੀ ਪੁਖ਼ਤਗੀ ਲੰਮੇ ਅਭਿਆਸ ਨਾਲ ਆਉਂਦੀ ਹੈ, ਪਰ ਉਹ ਤਾਂ ਅਰੰਭ ਵਿਚ ਹੀæææ। ਜਾਪਿਆ ਸੂਰਤ ਅਤੇ ਸੀਰਤ ਦਾ ਅਦਭੁੱਤ ਸੁਮੇਲ ਸੀ ਮਨਮੀਤ। ਅੰਦਰੋ ਅੰਦਰੀ ਮੈਂ ਹੁਣ ਉਸ ਬਾਰੇ ‘ਪੋਜੈਸਵ’ ਹੋ ਕੇ ਸੋਚ ਰਿਹਾ ਸੀ। ਡੌਕਟਰੇਟ ਤੋਂ ਬਾਅਦ ਮੈਂ ਉਸ ਨੂੰ ਵਿਭਾਗ ਵਿਚ ਹੀ ਸੈੱਟ ਕਰਵਾ ਲਵਾਂਗਾ। ਮਨੋਵਿਗਿਆਨ ਦੇ ਵੱਟਿਆਂ ਨਾਲ ਵੀ ਮੈਂ ਨਾਪ-ਤੋਲ ਕੇ ਵੇਖਿਆ ਤਾਂ ਇਹੀ ਸਿੱਟਾ ਨਿਕਲਿਆ ਕਿ ਮਨਮੀਤ ਭਾਵੇਂ ਓਵਰ ਅੰਬੀਸ਼ੀਅਸ ਵੀ ਹੋਵੇ, ਪਰ ‘ਸਬਮਿਸਵ’ ਅਤੇ ਰਉਂ-ਰੁਖ ਚੱਲਣ ਵਾਲੀ ਹੋਵੇਗੀ। ਬਹੁਤ ਛੇਤੀ ਮੇਰੀ ਸ਼ਖ਼ਸੀਅਤ ਦੇ ਢਾਂਚੇ ਵਿਚ ਢਲ ਕੇ ਮੇਰਾ ਹੀ ਰੂਪ ਹੋ ਜਾਵੇਗੀ। ਇਸੇ ਦੀ ਤਾਂ ਮੈਨੂੰ ਭਾਲ ਸੀ। ਆਹ ਤਾਂ ‘ਰੱਬ ਨੇ ਦਿੱਤੀਆਂ ਗਾਜਰਾਂ, ਵਿਚੇ ਰੰਬਾ ਰੱਖ’ ਵਾਲੀ ਗੱਲ ਹੋ ਨਿੱਬੜੀ ਸੀ।
ਕੁਝ ਦਿਨਾਂ ਵਿਚ ਹੀ ਮਨਮੀਤ ਕੰਮ ਨੂੰ ਇਉਂ ਜੁਟ ਪਈ ਕਿ ਥੀਸਿਜ਼ ਉਸ ਲਈ ਮੱਛੀ ਦੀ ਅੱਖ ਅਤੇ ਉਹ ਖੁਦ ਅਰਜਨ ਦਾ ਤੀਰ ਜਾਪਣ ਲੱਗੀ। ਛੁੱਟੀ ਵਾਲੇ ਦਿਨ ਵੀ ਕੰਮ ਨੂੰ ਜੁਟੀ ਰਹਿੰਦੀ। ਸ਼ਾਮ ਨੂੰ ਮੇਰੇ ਕੈਂਪਸ ਵਾਲੇ ਘਰ ਆ ਕੇ ਵੀ ਡਿਸਕਸ ਕਰਦੀ ਰਹਿੰਦੀ। ਮੇਰੀ ਮਨੋਵਿਗਿਆਨਕ ਸੂਝ ਦੱਸਦੀ ਸੀ ਕਿ ਪਹਿਲਾਂ ਮੇਰੇ ਵਿਚ ਅਤੇ ਫਿਰ ਮੇਰੇ ਘਰ ਵਿਚ ਉਸ ਦੀ ਰੁਚੀ ਵਧਣ ਲੱਗ ਪਈ ਸੀ। ਥੀਸਿਸ ਬਾਰੇ ਗੱਲ ਕਰਦਿਆਂ ਕਰਦਿਆਂ ਅਚਾਨਕ ਉਹ ਆਨੀਂ-ਬਹਾਨੀਂ ਮੇਰੇ ਨਿੱਜੀ ਅਤੇ ਪਰਿਵਾਰਕ ਪਿਛੋਕੜ ਦੀ ਜਾਣਕਾਰੀ ਲੈਣ ਲੱਗ ਪੈਂਦੀ।
“ਸਰ, ਪੇਰੈਂਟਸ ਨੇ ਕਦੇ ਸੋਡੀ ਮੈਰਿਜ ਲਈ ਜ਼ੋਰ ਨੀ ਪਾਇਆ?” ਸਿੱਧਾ ਅੱਖਾਂ ‘ਚ ਝਾਕਦਿਆਂ ਉਹ ਅਪਣੱਤ ਨਾਲ ਪੁੱਛਦੀ।
“ਬਹੁਤ ਪ੍ਰੈਸ਼ਰ ਪਾਉਂਦੇ ਐ, ਪਰ ਕੋਈ ਕੁੜੀ ਅਪੀਲ ਕਰਦੀ, ਤਾਂ ਈ ਗੱਲ ਤੁਰਦੀ ਨਾ ਅੱਗੇ।” ਮੈਂ ਦੱਸਦਾ।
“ਵੈਰੀ ਮੱਚ ਰਾਈਟ ਸਰ, ਕੋਈ ਲੱਖਾਂ ‘ਚੋਂ ਇਕ ਹੀ ਸੋਡੇ ਨਾਲ ਵਰ ਮੇਚ ਸਕਦੀ ਐ। ਤੁਸੀਂ ਤਾਂ ਜਿਸ ‘ਤੇ ਉਂਗਲ ਰੱਖ ਦੇਵੋਂ, ਉਸ ਦੀ ਹਾਂ ਹੋਏਗੀ। ਮੇਰਾ ਯਕੀਨ ਐ, ਸਰ।” ਉਹ ਮੁਸਕੁਰਾਉਂਦਿਆਂ ਮੇਰੀ ਵਡਿਆਈ ਦੇ ਪੁਲ ਉਸਾਰਨ ਲਗਦੀ।
ਮੈਂ ਅੰਦਰੋਂ ਖੁਸ਼ ਸਾਂ। ਮੇਰਾ ਰਿਮੋਟ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਮਨਮੀਤ ਉਸੇ ਦਿਸ਼ਾ ਵੱਲ ਤੁਰ ਪਈ ਸੀ ਜਿਧਰ ਮੈਂ ਤੋਰਨਾ ਚਾਹੁੰਦਾ ਸਾਂ। ਉਸ ਸਮੇਂ ਤਾਂ ਮੇਰੀ ਹੈਰਾਨੀ ਦੀ ਹੱਦ ਹੀ ਨਾ ਰਹਿੰਦੀ ਜਦੋਂ ਮਨਮੀਤ ਮੇਰੀਆਂ ਉਹ ਇੱਛਾਵਾਂ ਵੀ ਸਮਝ ਲੈਂਦੀ ਜਿਹੜੀਆਂ ਮੈਂ ਅਜੇ ਕਿਸੇ ਵੀ ਜੈਸਚਰ ਨਾਲ ਬਾਹਰ ਨਾ ਵਿਖਾਲੀਆਂ ਹੁੰਦੀਆਂ।
“ਸਰ, ਚਾਹ ਪੀਣ ਦਾ ਮਨ ਐ?” ਕਈ ਵਾਰ ਕੰਮ ਕਰਦਿਆਂ ਕਰਦਿਆਂ ਉਹ ਅਚਾਨਕ ਪੁੱਛਦੀ ਅਤੇ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਕਿਚਨ ਵੱਲ ਜਾਣ ਲਈ ਉਠ ਪੈਂਦੀ।
“ਕੈਸਾ ਟਾਪਿਕ ਚੁਣ ਬੈਠੀ ਮੈਂ, ਕੰਪਲੈਕਸ ਪ੍ਰਾਬਲੈਮ ਹੈ ਸਰ, ਹਿਊਮਨ ਬਿਹੇਵੀਅਰ ਬਾਰੇ ਪਰਡਿਕਟ ਕਰਨਾ, ਇਥੇ ਆ ਕੇ ਤਾਂ ਵਿਚਾਰੀ ਸਾਈਕਾਲੋਜੀ ਦੀ ਵੀ ਬਰੇਕ ਲੱਗ ਜਾਂਦੀ ਐ; ਆਈ ਥਿੰਕ ਪਹਿਲਾਂ ਚਾਹ ਪੀਨੇ ਆਂ, ਫਿਰ ਤਾਜ਼ਾ ਦਮ ਹੋ ਕੇ ਇਸ ਮਸਲੇ ਨਾਲ ਦੋ-ਚਾਰ ਹੋਵਾਂਗੇ।” ਕਹਿੰਦਿਆਂ ਉਹ ਕਿਚਨ ਵਿਚ ਚਲੀ ਜਾਂਦੀ।
ਮੈਂ ਅਧਲੇਟੀ ਹਾਲਤ ਵਿਚ ਸੋਫ਼ੇ ਉਤੇ ਬੈਠਾ ਉਸ ਦੀ ਨਿੱਕੀ ਤੋਂ ਨਿੱਕੀ ਹਰਕਤ ਨਿਹਾਰਦਾ ਰਹਿੰਦਾ। ਉਹ ਟੀ-ਪੈਨ ਚੁੱਕਦੀ, ਪਾਣੀ ਪਾਉਂਦੀ, ਗੈਸ ਉਤੇ ਧਰਦੀ ਤਾਂ ਕਿਸੇ ਵੀ ਚੀਜ਼ ਦਾ ਭੋਰਾ-ਭਰ ਖੜਕਾ ਨਾ ਹੋਣ ਦਿੰਦੀ। ਇਉਂ ਲਗਦਾ ਜਿਵੇਂ ਕਿਸੇ ਗੈਬੀ ਸ਼ਕਤੀ ਨੇ ਚਾਹ ਬਣਾ ਕੇ ਕੱਪਾਂ ਵਿਚ ਪਾ ਦਿੱਤੀ ਹੋਵੇ। ਘਰ ਵਿਚ ਇਸ ਕਿਸਮ ਦੀ ਬੇ-ਆਵਾਜ਼ ਨਾਰੀ-ਹੋਂਦ ਦੀ ਤਾਂ ਮੈਂ ਵੀ ਕਲਪਨਾ ਨਹੀਂ ਕਰ ਸਕਿਆ ਸਾਂ ਕਿ ਉਹ ਹਵਾ ਵਾਂਗ ਮਹਿਸੂਸ ਹੋਵੇ, ਸੁਖ ਦੇਵੇ ਪਰ ਨਜ਼ਰ ਨਾ ਆਵੇ। ਟਰੇਅ ਵਿਚ ਕੇਤਲੀ, ਕੱਪ, ਮਿਲਕ ਪਾਟ, ਸ਼ੂਗਰ ਕਿਊਬਜ਼ ਦਾ ਪੈਕ, ਬਿਸਕੁਟ ਅਤੇ ਨੈਪਕਿਨ ਰੱਖੀ ਉਹ ਕਿਸੇ ਸਟੇਜੀ ਅਦਾਕਾਰ ਵਾਂਗ ਇਉਂ ਅਡੋਲ ਜਿਹੀ ਤੁਰੀ ਆਉਂਦੀ ਦਿਸਦੀ ਕਿ ਵੇਖ ਕੇ ਮਨ ਸਕੂਨ ਨਾਲ ਭਰ ਜਾਂਦਾ। ‘ਮਨਮੀਤ ਵਿਚ ਇਹ ਕੋਈ ਅਨੋਖੀ ਹੀ ਸੈਂਸ ਸੀ ਕਿ ਛਲੇਡੇ ਵਾਂਗ ਸਾਹਮਣੇ ਵਾਲੇ ਦੀ ਇੱਛਾ ਅਨੁਕੂਲ ਰੂਪ ਧਾਰ ਲੈਂਦੀ ਐ।’ ਇਹ ਵਿਚਾਰ ਅਕਸਰ ਮਨ ਵਿਚ ਆਉਂਦਾ। ‘ਇਹ ਸਭ ਕਿੱਥੋਂ ਸਿਖਿਐ ਮਨਮੀਤ?’ ਹਰ ਵਾਰ ਇਹ ਜਾਣਨਾ ਚਾਹੁੰਦਾ ਪਰ ਪੁੱਛਦਾ ਨਾ। ਮੇਰਾ ਅੰਦਰਲਾ ਲੋਚਦਾ ‘ਕਾਸ਼ ਇਹ ਥੀਸਿਸ ਵਰਕ ਇਉਂ ਹੀ ਚਲਦਾ ਰਹੇ, ਉਮਰ ਭਰ, ਕਦੇ ਨਾ ਮੁੱਕੇ। ਕਿਸੇ ਮਨੋਵਿਗਿਆਨੀ ਨੇ ਠੀਕ ਹੀ ਕਿਹਾ ਹੈ ਕਿ ਮਨ ਚਾਹੀ ਸਥਿਤੀ ਵਿਚ ਕੰਮ ਵੀ ਖੇਡ ਬਣ ਜਾਂਦਾ ਹੈ।’ ਸੱਚ ਹੀ ਤਾਂ ਸੀ। ਥਕਾਵਟ ਸ਼ਬਦ ਤਾਂ ਸਾਡੀ ਸੋਚ ਦੀ ਡਿਕਸ਼ਨਰੀ ਵਿਚੋਂ ਜਿਵੇਂ ਗਾਇਬ ਹੀ ਹੋ ਗਿਆ ਸੀ।
“ਮਨਮੀਤ ਤੈਨੂੰ ਥੀਸਿਸ ਸਬਮਿਟ ਕਰਨ ਦੀ ਇੰਨੀ ਕਾਹਲੀ ਕਿਉਂ ਐਂ? ਕੋਈ ਪ੍ਰੈਸ਼ਰ ਐ?” ਮਨਮੀਤ ਦੇ ਚਲੇ ਜਾਣ ਦੇ ਖ਼ਿਆਲ ਨਾਲ ਭੈਅ ਆਉਣ ਲਗਦਾ ਤਾਂ ਮੇਰੇ ਤੋਂ ਪੁੱਛ ਹੋ ਜਾਂਦਾ।
“ਯੈਸ ਸਰ, ਉਹੀ ਪ੍ਰਾਬਲੈਮ ਵਿਆਹ ਵਾਲੀ ਜਿਹੜੀ ਭਾਰਤ ਦੀਆਂ ਨੱਬੇ ਪਰਸੈਂਟ ਕੁੜੀਆਂ ਦੇ ਸਿਰ ‘ਤੇ ਤਲਵਾਰ ਵਾਂਗੂੰ ਲਟਕਦੀ ਰਹਿੰਦੀ ਐ। ਮੇਰੀ ਉਮਰ ਵਧਦੀ ਐ, ਤੇ ਪੇਰੈਂਟਸ ਦੀ ਹਾਈਪਰਟੈਨਸ਼ਨ। ਬੱਸ ਗਿਣਤੀ-ਮਿਣਤੀ ਦਾ ਮੰਗਵਾਂ ਟੈਮ ਹੀ ਮਿਲਿਐ ਮਸਾਂ।” ਉਸ ਨੇ ਬਾਦਲੀਲ ਢੰਗ ਨਾਲ ਦੱਸਦਿਆਂ ਕੱਪ ਬੁੱਲ੍ਹਾਂ ਨੂੰ ਛੁਹਾਇਆ ਅਤੇ ਬਿਨਾਂ ਸੁੜਾਕਾ ਮਾਰਿਆਂ ਸਹਿਜ ਅਤੇ ਸਲੀਕੇ ਨਾਲ ਚੁਸਕੀ ਲਈ।
“ਯੂ ਆਰ ਵੈਰੀ ਮੱਚ ਰਾਈਟ, ਮੇਰੀ ਇਕ ਸਟੂਡੈਂਟ ਨੂੰ ਤਾਂ ਵਿਆਹ ਕਰ ਕੇ ਪੀਐਚæਡੀæ ਅਧਵਾਟੇ ਹੀ ਛੱਡਣੀ ਪੈ ਗਈ ਸੀ।” ਮੈਂ ਆਪਣਾ ਖਦਸ਼ਾ ਦੱਸਿਆ।
“ਨੋ ਸਰ, ਇਸ ਪੱਖੋਂ ਮੈਂ ਡੈਫੀਨੇਟਲੀ ਕਲੀਅਰ ਤੇ ਅਸੱਰਟਿਵ ਆਂ, ਮੈਂ ਪੇਰੈਂਟਸ ਨੂੰ ਪੂਰੀ ਰਿਸਪੈਕਟ ਦਿੰਦੀ ਆਂ ਪਰ ਮੇਰੀ ਮਰਜ਼ੀ ਤੋਂ ਬਿਨਾਂ ਕੁਝ ਨe੍ਹੀਂ ਹੋ ਸਕਦਾ ਘਰ ਵਿਚ। ਯੂ ਨੋ ਸਰ, ਅਰੇਂਜਡ ਮੈਰਿਜ ਨੇ ਗੁਰਜੋਤ ਦੀਦੀ ਦੀ ਗਰੋਥ ਨੂੰ ਕਿਵੇਂ ਸਟੱਕ ਕੀਤਾ ਐ। ਵਿਚਾਰੀ ਪੰਜਾਂ ਸਾਲਾਂ ਤੋਂ ਪੀਐਚæਡੀæ ਵਿਚ ਅਟਕੀ ਹੋਈ ਐ। ਸਰ ਮੇਰੀਆਂ ਫਲਾਈਟਸ ਜ਼ਰਾ ਉਚੀਆਂ ਤੇ ਹੋਰ ਨੇ।” ਮਨਮੀਤ ਦੀਆਂ ਅੱਖਾਂ ਵਿਚ ਸਵੈ-ਵਿਸ਼ਵਾਸ ਦੀ ਲਿਸ਼ਕਵੀਂ ਲਕੀਰ ਵੇਖ ਕੇ ਮੈਨੂੰ ਭੈਅ ਜਿਹਾ ਮਹਿਸੂਸ ਹੋਇਆ। ਇਸ ਲਈ ਮੈਂ ਦੁਹਰਾ ਕੇ ਪੁੱਛਿਆ, “ਹੋਰ ਮੀਨਜ਼? ਐਨੀ ਥਿੰਗ ਅਲਟਰਾ ਮਾਡਰਨ?”
“ਸਰ ਨਾਟ ਸੋ ਕਾਲਡ ਅਲਟਰਾ ਮਾਡਰਨ, ਬੱਟ ਅਕੈਡਮਿਕ। ਟੂ ਬੀ ਵੈਰੀ ਫਰੈਂਕ, ਮੇਰੀ ਅੰਬੀਸ਼ਨ ਇਸ ਫੀਲਡ ਵਿਚ ਬਹੁਤ ਉਤਾਂਹ ਤੱਕ ਜਾਣ ਦੀ ਐ। ਇਸੇ ਲਈ ਮੈਰਿਜ ਵੀ ਇਹੀ ਸੋਚ ਕੇ ਕਰਨੀ ਐਂ ਕਿ ਪੋਸਟ-ਡੌਕਟਰੇਟ ਵਾਲੀ ਰਿਸਰਚ ਲਈ ਯੂਨੀਵਰਸਿਟੀ ਕੈਂਪਸ ਵਰਗਾ ਮਾਹੌਲ ਮਿਲੇ। ਕੰਪੇਨੀਅਨ ਮੈਚਿਉਰ ਹੋਵੇ, ਮੇਰੇ ਸੁਪਨਿਆਂ ਦੀ ਪੂਰਤੀ ਲਈ ਮੱਦਦਗਾਰ ਬਣਨ ਵਾਲਾ, ਸਹੁਰੇ ਪਰਿਵਾਰ ਦੀ ਲਾਇਬਿਲਿਟੀਜ਼ ਘੱਟ ਤੋਂ ਘੱਟ ਹੋਣ, ਆਪਣੇ ਸਬਜੈਕਟ ਉਤੇ ਮੈਂ ਕੰਨਸੈਂਟ੍ਰੇਟ ਕਰ ਸਕਾਂæææਸੋਡੇ ਵਾਂਗ ਹੀæææਯੂ ਨੋ ਵੈਰੀ ਵੈਲ ਸਰæææਨੋ ਨੀਡ ਟੂ ਐਕਸਪਲੇਨ।” ਕਹਿੰਦਿਆਂ ਉਹ ਸਹਿਵਨ ਹੀ ਡਰਾਇੰਗ ਰੂਮ ਦੀ ਉਸ ਕੰਧ ਵੱਲ ਵੇਖਣ ਲੱਗੀ ਜਿਸ ਉਤੇ ਮੇਰੀ ਫੋਟੋ ਲੱਗੀ ਹੋਈ ਸੀ। ਇਤਫ਼ਾਕ ਦੀ ਗੱਲ ਹੀ ਸੀ ਕਿ ਉਹ ਪਿਕਚਰ ਮੈਂ ਕਦੇ ਮੈਟਰੀਮੋਨੀਅਲ ਪਰਪਸ ਨਾਲ ਖਿਚਵਾਈ ਸੀ।
ਕੋਈ ਕੰਵਾਰੀ ਕੁੜੀ ਭਲਾ ਇਸ ਤੋਂ ਵੱਧ ਹੋਰ ਕੀ ਕਹਿ ਸਕਦੀ ਸੀ? ਮਨਮੀਤ ਦੇ ਉਤਰ ਵਿਚ ਸਭ ਕੁਝ ਤਾਂ ਚਿੱਟੇ ਦਿਨ ਵਾਂਗ ਸਪੱਸ਼ਟ ਸੀ। ਆਪਣੀ ਮਨੋਵਿਸ਼ਲੇਸ਼ਣੀ ਸੂਝ ਦੇ ਘੋੜੇ ਹੋਰ ਭਜਾਉਣ ਦੀ ਮੈਨੂੰ ਭਲਾ ਹੁਣ ਕੀ ਲੋੜ ਸੀ? ਹੁਣ ਤਾਂ ਜੰਗ ਜਿੱਤ ਚੁੱਕੀਆਂ ਫੌਜਾਂ ਦੇ ਅਰਾਮ ਕਰਨ ਦਾ ਸਮਾਂ ਸੀ। ਮੈਂ ਸੋਫ਼ੇ ਉਤੇ ਪਸਰ ਕੇ ਬੈਠਦਿਆਂ ਢੋਹ ਉਤੇ ਰੱਖਿਆ ਸਿਰ ਢਿੱਲਾ ਛੱਡ ਦਿੱਤਾ।
“ਸਰ ਜੇ ਰਿਲੈਕਸ ਹੋ ਗਏ ਤਾਂ ਫਿਰ ਚਾਹ ਪੀਤੀ ਦਾ ਲਾਭ ਉਠਾਇਆ ਜਾਵੇ ਹੁਣ?” ਮੁਸਕਰਾਉਂਦਿਆਂ ਮਨਮੀਤ ਨੇ ਆਪਣੇ ਚੈਪਟਰ ਦਾ ਖਰੜਾ ਮੇਰੇ ਵੱਲ ਸਰਕਾ ਦਿੱਤਾ।
“ਓæææਸ਼ਿਓਰ।” ਮੈਂ ਸਿੱਧਾ ਹੋ ਕੇ ਬੈਠਦਿਆਂ ਕਿਹਾ, “ਮਨਮੀਤ ਇਸ ਗੱਲੋਂ ਤਾਂ ਤੇਰਾ ਥੈਂਕਸ ਕਰਨਾ ਬਣਦੈ। ਸੱਚੀ ਗੱਲ ਐ ਕਿ ਮੈਂ ਆਪਣੀ ਖੋਜ ਦੇ ਕੰਮ ਵਿਚ ਢਿੱਲਾ ਪੈਣ ਲੱਗ ਪਿਆ ਸੀ। ਤੇਰੇ ਆਉਣ ਨਾਲ ਫਿਰ ਫੁਰਤੀ ਮਹਿਸੂਸ ਹੋਣ ਲੱਗੀ ਐ। ਇਉਂ ਰਲ-ਮਿਲ ਕੇ ਆਪਾਂ ਬਹੁਤ ਕੁਝ ਨਵਾਂ ਅਚੀਵ ਕਰ ਸਕਦੇ ਹਾਂ।” ਮੇਰੀ ਪ੍ਰਸੰਸਾ ਦਾ ਤੀਰ ਐਨ ਟਿਕਾਣੇ ਜਾ ਲੱਗਾ। ਮਨਮੀਤ ਦੀਆਂ ਤਰਲ ਹੋਈਆਂ ਨਜ਼ਰਾਂ ਨੇ ਇਸ ਗੱਲ ਦੀ ਗਵਾਹੀ ਭਰੀ।
“ਮੈਂ ਕੀ ਆਂ ਸਰ, ਸਭ ਸੋਡਾ ਪਰਤਾਪ ਐ ਜੀ। ਬਾਕੀ ਆਪਾਂ ਤਾਂ ਖੈਰ ਯਤਨ ਹੀ ਕਰ ਸਕਦੇ ਆਂ, ਕੀ ਪਤੈ ਫਿਊਚਰ ਦੀ ਕੁੱਖ ਵਿਚ ਕੀ ਐ?” ਮਨਮੀਤ ਬੇਵਜ੍ਹਾ ਨਿਰਾਸ਼ ਜਿਹੀ ਹੋ ਗਈ। ਸ਼ਾਇਦ ਮੇਰੀ ‘ਓਵਰ ਪੋਜੈਸਵਨੈਸ’ ਤੋਂ ਘਬਰਾ ਗਈ ਹੋਵੇ। ਉਸ ਦਾ ਧਿਆਨ ਬਦਲਣ ਲਈ ਮੈਂ ਚੈਪਟਰ ਉਤੇ ਨਜ਼ਰ ਘੁੰਮਾਉਂਦਿਆਂ ਪੁੱਛਿਆ, “ਮਨਮੀਤ ਆਪਾਂ ਹਾਈਪੋ-ਥੀਸਿਸ ਨੂੰ ਥੀਸਸ ਵਿਚ ਬਦਲਣ ਲਈ ਕਿਸ ਕਥਾ ਨੂੰ ਬੇਸ ਬਣਾ ਰਹੇ ਆਂ ਭਲਾ?”
“ਸਰ, ਉਹੀ ਕਿਸਾਨ ਦੀ ਤੀਵੀਂ ਵਾਲੀ ਕਥਾ ਨੂੰ। ਸੋਕੇ ਦੇ ਦਿਨਾਂ ਵਿਚ ਹਟਵਾਣੀਏਂ ਤੋਂ ਅਨਾਜ ਲੈਣ ਲਈ ਆਪਣੇ ਰੂਪ ਦੀ ਜੁਗਤ ਵਰਤਦੀ ਹੈ। ਫਸਲ ਆਉਣ ਤੱਕ ਹਟਵਾਣੀਏਂ ਨੂੰ ਲਾਰਿਆਂ-ਲੱਪਿਆਂ ਨਾਲ ਟਾਲ ਕੇ ਆਪਣਾ ਜਤ-ਸਤ ਵੀ ਕਾਇਮ ਰਖਦੀ ਐ ਅਤੇ ਪਰਿਵਾਰ ਦਾ ਔਖਾ ਵਕਤ ਵੀ ਲੰਘਾ ਲੈਂਦੀ ਐ।” ਮਨਮੀਤ ਕਥਾ ਦਾ ਤੱਤ-ਸਾਰ ਦੱਸਦੀ ਹੈ।
“ਠੀਕæææਇਸ ਵਿਚ ਸੱਤਾਵਾਨ ਅਤੇ ਸੱਤਾਹੀਣ ਦੇ ਹਿਤਾਂ ਦਾ ਸੰਘਰਸ਼ ਵੀ ਹੈ ਅਤੇ ਆਪਣਾ ਆਪਣਾ ਕੰਮ ਕੱਢਣ ਦੇ ਹੁਨਰ ਦੀ ਵਰਤੋਂ ਦਾ ਕਮਾਲ ਵੀæææਯੂ ਆਰ ਐਬਸੋਲਿਊਟਲੀ ਕੁਰੈਕਟ।” ਮੈਂ ਮਨਮੀਤ ਨੂੰ ਦਾਦ ਦੇਣ ਵਾਂਗ ਕਿਹਾ।
“ਸਰ ਮੋਰ ਓਵਰ, ਇਕ ਕੋਣ ਤੋਂ ਤੀਵੀਂ ਧੋਖੇਬਾਜ਼ ਲਗਦੀ ਐ, ਦੂਜੇ ਤੋਂ ਹਟਵਾਣੀਆਂ ਅਤੇ ਤੀਜੇ ਤੋਂ ਕਿਸਾਨ ਜਿਹੜਾ ਪਤਨੀ ‘ਤੇ ਸ਼ੱਕ ਵੀ ਕਰਦੈ ਅਤੇ ਮਤਲਬ ਕੱਢਣ ਲਈ ਉਸ ਦੀ ਵਰਤੋਂ ਵੀ ਕਰਦੈ। ਆਈ ਥਿੰਕ ਮਾਮਲਾ ਬਹੁਤ ਕੰਪਲੈਕਸ ਐ। ਮੇਰੇ ਵਿਚਾਰ ਵਿਚ ਸੱਚ ਜਾਣਨ ਲਈ ਸਾਨੂੰ ਸਾਰੇ ਕੋਣਾਂ ਤੋਂ ਖੜ੍ਹ ਕੇ ਵੇਖਣਾ ਪਵੇਗਾ, ਐਮ ਆਈ ਰਾਈਟ ਸਰ?” ਮਨਮੀਤ ਨੇ ਮੇਰੇ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਕਹਿਣਾ ਚਾਹੁੰਦੀ ਹੋਵੇ, ਆਪਣੇ ਵਿਚ ਹੁਣ ਦੋ ਰਾਵਾਂ ਦੀ ਗੁੰਜਾਇਸ਼ ਕਿੱਥੇ ਹੈ? ਜਾਂ ਸ਼ਾਇਦ ਮੈਂ ਹੀ ਉਸ ਦੀਆਂ ਨਜ਼ਰਾਂ ਦੇ ਇਹ ਅਰਥ ਕੱਢੇ।
ਕੀ ਅਸੀਂ ਸੱਚਮੁੱਚ ਇਕੋ ਤਰ੍ਹਾਂ ਹੀ ਸੋਚਣ ਲੱਗ ਪਏ ਸਾਂ? ਮਨੋਵਿਗਿਆਨੀ ਦੇ ਤਰਕ ਨਾਲ ਸੋਚਦਿਆਂ ਮੈਨੂੰ ਇਹ ਅਣਹੋਣੀ ਜਿਹੀ ਗੱਲ ਜਾਪੀ। ਭਲਾ ਦੋ ਵਿਅਕਤੀਆਂ ਦਾ ਨਜ਼ਰੀਆ ਇਕੋ ਕਿਵੇਂ ਹੋ ਸਕਦਾ ਹੈ? ਉਹ ਵੀ ਜੇ ਦੋਵੇਂ ਤੀਵੀਂ-ਮਰਦ ਹੋਣ? ‘ਚਲੋ ਅਲੋਕਾਰ ਹੀ ਸਹੀ, ਅਲੋਕਾਰੀ ਗੱਲਾਂ ਵੀ ਤਾਂ ਇਸੇ ਜਗਤ ਵਿਚ ਵਾਪਰਦੀਆਂ ਹਨ।’ ਸੋਚਦਿਆਂ ਮੈਂ ਆਪਣੀ ਸ਼ੱਕੀ ਦੁਬਿਧਾ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਸ਼ਾਂਤ ਹੋ ਕੇ ਸੋਚਦਾ ਤਾਂ ਜਾਪਦਾ ਕਿ ਮੈਨੂੰ ਮਨੋਵਿਗਿਆਨ ਦੇ ਫੋਬੀਏ ਨੇ ਘੇਰ ਲਿਆ ਸੀ। ਮੈਨੂੰ ਆਮ ਗੱਲਾਂ ਅਤੇ ਹਰਕਤਾਂ ਦੇ ਵੀ ਡੂੰਘੇ ਮੀਨਿੰਗ ਭਾਲਣ ਦੀ ਬਿਮਾਰੀ ਲੱਗ ਗਈ ਸੀ। ਥੀਸਸ ਮੁਕੰਮਲ ਕਰਨ, ਟਾਈਪ ਕਰਾਉਣ ਅਤੇ ਜਲਦੀ ਸਬਮਿਟ ਕਰਨ ਦੇ ਝੰਜਟਾਂ ਵਿਚ ਉਲਝੀ ਮਨਮੀਤ ਕਿਤੇ ਮੇਰੇ ਵੱਲੋਂ ਰਤਾ ਕੁ ਬੇਧਿਆਨ ਹੋ ਜਾਂਦੀ ਤਾਂ ਮੈਂ ਇਸ ਨੂੰ ਕੋਈ ਹੋਰ ਹੀ ਅਰਥ ਦੇਣ ਲਗਦਾ।
“ਮਨਮੀਤ ਕੀ ਤੂੰ ਲੋੜ ਤੋਂ ਵੱਧ ਕਾਹਲ ਨe੍ਹੀਂ ਕਰ ਰਹੀ?” ਮੇਰੀ ਆਵਾਜ਼ ਵਿਚੋਂ ਤਲਖ਼ੀ ਝਲਕਣ ਲੱਗੀ ਸੀ।
“ਸਰ, ਸੌਰੀ, ਯੂ ਨੋ, ਸਿਆਲ ਭੱਜਿਆ ਜਾ ਰਿਹੈ, ਇਸ ਵਾਰ ਮੈਂ ਇਸ ਨੂੰ ਇਉਂ ਸੁੱਕਾ ਨe੍ਹੀਂ ਲੰਘਣ ਦੇਣਾ, ਜੇ ਜ਼ਰਾ ਕੁ ਵੀ ਕੰਮ ਅੜਿਆ ਰਹਿ ਗਿਆ ਤਾਂ ਵਿਆਹ ‘ਚ ਬੀ ਦੇ ਲੇਖਾ ਪੈ ਜਾਣੈਂ। ਸੋ ਹਰ ਹੀਲੇ ਕੰਮ ਫਿਨਿਸ਼ ਕਰਨੈ, ਪਲੀਜ਼ ਹੈਲਪ ਮੀ ਸਰ।” ਮਨਮੀਤ ਦਾ ਤਰਲਾ ਮੇਰੀ ਸਾਰੀ ਤਲਖ਼ੀ ਡੀਕ ਗਿਆ। ਮੈਂ ਫਿਰ ਸਹਿਜ ਹੋ ਗਿਆ।
ਆਪਣਾ ਕੰਮ ਮੁਕਾ ਕੇ ਜਿਸ ਦਿਨ ਮਨਮੀਤ ਜਾਣ ਤੋਂ ਪਹਿਲਾਂ ਮਿਲਣ ਆਈ, ਉਸ ਦਿਨ ਗੁਰਜੋਤ ਵੀ ਨਾਲ ਸੀ। ਪਤਾ ਨਹੀਂ ਅਜਿਹੇ ਖਾਸ ਮੌਕੇ ਉਹ ਗੁਰਜੋਤ ਨੂੰ ਨਾਲ ਕਿਉਂ ਲੈ ਆਈ ਸੀ। ਕੋਈ ਵੀ ਗੱਲ ਖੁੱਲ੍ਹ ਕੇ ਨਹੀਂ ਸੀ ਹੋ ਰਹੀ।
“ਲੈ ਬਈ ਮਨਮੀਤ, ਤੇਰਾ ਟਾਰਗੈਟ ਤਾਂ ਪੂਰਾ ਹੋ ਗਿਐ, ਹੁਣ ਲੱਡੂ ਕਦੋਂ ਖੁਆ ਰਹੀ ਐਂ?” ਕੁਦਰਤੀ ਜਿਹੜੀ ਗੱਲ ਮੈਂ ਪੁੱਛਣੀ ਸੀ ਉਹ ਗੁਰਜੋਤ ਨੇ ਪੁੱਛ ਕੇ ਮੇਰਾ ਕੰਮ ਸੁਖਾਲਾ ਕਰ ਦਿੱਤਾ।
“ਬੱਸ ਵਾਈਵਾ ਹੋਣ ਤੋਂ ਪੰਦਰਾਂ ਦਿਨ ਬਾਅਦ ਤਿਆਰ ਰਹਿਣਾ।” ਹੱਸਦਿਆਂ ਮਨਮੀਤ ਨੇ ਕਿਹਾ ਗੁਰਜੋਤ ਨੂੰ ਪਰ ਜਿਵੇਂ ਸੁਣਾਇਆ ਮੈਨੂੰ। ਮੈਂ ਸਮਝ ਗਿਆ। ਹੁਣ ਇਸ ਬਾਰੇ ਹੋਛੇ ਢੰਗ ਨਾਲ ਕੋਈ ਗੱਲ ਕਰਨ ਦੀ ਜ਼ਰੂਰਤ ਵੀ ਨਹੀਂ ਸੀ। ਅਸੀਂ ਸਰਸਰੀ ਗੱਲਾਂ ਕਰਦੇ ਰਹੇ।
ਮਨਮੀਤ ਦੇ ਜਾਣ ਤੋਂ ਪਿੱਛੋਂ ਇਕ ਦਿਨ ਮਨ ਵਿਚ ਆਈ ਕਿ ਮਾਂ ਨਾਲ ਅੰਦਰਲੀ ਗੱਲ ਸਾਂਝੀ ਕਰ ਕੇ ਕਹਾਂ, “ਮਾਂ ਮੈਨੂੰ ਤੇਰੀਆਂ ਤੇ ਮੇਰੀਆਂ ਸੋਚਾਂ ਦੇ ਮੇਚ ਦੀ ਕੁੜੀ ਮਿਲ ਗਈ ਐ, ਹੈ ਤਾਂ ਜੱਟਾਂ ਦੀ ਕੁੜੀ ਪਰ ਸਰਦਾਰਾਂ ਦੀ ਧੀ ਤੋਂ ਚਾਰ ਰੱਤੀਆਂ ਵੱਧ ਐ। ਸੁਹਜ-ਸਲੀਕਾ ਸਰਦਾਰਨੀਆਂ ਵਾਲਾ ਅਤੇ ਅਕਲ ਇੱਕੀਵੀਂ ਸਦੀ ਦੀਆਂ ਕੁੜੀਆਂ ਵਾਲੀ, ਹੈ ਨਾ ਕਮਾਲ?” ਫਿਰ ਰੁਕ ਗਿਆ। ਸੋਚਿਆ, ਪਹਿਲਾਂ ਪੱਕੀ ਤਰ੍ਹਾਂ ਹਾਂ ਹੋ ਜਾਵੇ, ਫਿਰ ਅਚਾਨਕ ਸਰਪ੍ਰਾਈਜ਼ ਦੇਵਾਂਗਾ।
ਅੰਤ ਮਨਮੀਤ ਦਾ ਵਾਈਵਾ ਵੀ ਹੋ ਗਿਆ ਅਤੇ ਉਸ ਤੋਂ ਪਿੱਛੋਂ ਘਰੇ ਗਈ ਨੂੰ ਵੀ ਮਹੀਨਾ ਹੋ ਚੱਲਿਆ ਸੀ ਪਰ ਅਜੇ ਕੋਈ ਪਾਜੇਟਿਵ ਖ਼ਬਰ ਨਹੀਂ ਆਈ ਸੀ। ਮਨ ਵਿਚ ਕਈ ਵਾਰ ਸ਼ੱਕ ਦਾ ਨਾਗ ਫ਼ਨ ਚੁੱਕਦਾ ਤਾਂ ਉਸ ਨੂੰ ਸ਼ਾਂਤ ਕਰਨ ਲਈ ਗੱਲ ਨੂੰ ਦੂਜੇ ਕੋਣ ਤੋਂ ਖੜ੍ਹ ਕੇ ਵੇਖਣ ਲਗਦਾ, ‘ਘਰ ਦੇ ਉਮਰ ਦੇ ਪਾੜੇ ਵਾਲਾ ਇਸ਼ੂ ਨਾ ਬਣਾ ਕੇ ਬੈਠ ਗਏ ਹੋਣ, ਸ਼ਾਇਦ ਉਹ ਕਨਵਿੰਸ ਕਰ ਰਹੀ ਹੋਵੇ।’ ਕਦੇ ਖੁਦ ਫੋਨ ਕਰ ਕੇ ਪੁੱਛਣ ਦਾ ਖ਼ਿਆਲ ਆਉਂਦਾ ਪਰ ਉਸੇ ਵੇਲੇ ਅੰਦਰ ਸਰਦਾਰੀ ਵਾਲੀ ਈਗੋ ਦੀ ਚੰਗਿਆੜੀ ਮਘਣ ਲੱਗ ਪੈਂਦੀ। ਇਸ ਤਰ੍ਹਾਂ ਪਹਿਲ ਕਰ ਕੇ ਚਾਹਤ ਵਿਖਾਉਣੀ ਤਾਂ ਝੁਕਣ ਵਾਲੀ ਗੱਲ ਸਮਝੀ ਜਾਣੀ ਸੀ।
ਇਕ ਦਿਨ ਟੇਢੇ ਢੰਗ ਨਾਲ ਗੁਰਜੋਤ ਤੋਂ ਪਤਾ ਕਰਨ ਦਾ ਯਤਨ ਕੀਤਾ, “ਗੁਰਜੋਤ ਤੇਰੀ ਸਹੇਲੀ ਦੇ ਲੱਡੂਆਂ ਦੀ ਕੋਈ ਖ਼ਬਰਸਾਰ ਬਈ?” ਮੈਂ ਹਾਸੇ ਹਾਸੇ ‘ਚ ਕਿਹਾ।
“ਕੀ ਪਤੈ ਸਰ, ਫੋਨ ਵੀ ਨਹੀਂ ਲੈ ਰਹੀ, ਸ਼ਾਇਦ ਨੰਬਰ ਬਦਲ ਗਿਐ।” ਖੁਦ ਗੁਰਜੋਤ ਨੇ ਵੀ ਹੈਰਾਨੀ ਜ਼ਾਹਿਰ ਕੀਤੀ।
“ਹੁਣ ਕਾਹਦੇ ਵਿਚ ਬਿਜੀ ਹੋਵੇਗੀ?” ਮੈਂ ਕੋਈ ਰਾਜ਼ ਕਢਵਾਉਣ ਦੇ ਇਰਾਦੇ ਨਾਲ ਪੁੱਛਿਆ।
“ਕੋਈ ਨਵਾਂ ਰੋਲ ਕਰ ਰਹੀ ਹੋਵੇਗੀ ਸਰ।” ਕਹਿ ਕੇ ਉਹ ਖਿੜਖਿੜਾ ਕੇ ਹੱਸ ਪਈ।
“ਨਵਾਂ ਰੋਲ?” ਮੈਂ ਕੁਝ ਹੋਰ ਹੀ ਸੋਚ ਕੇ ਸੀਰੀਅਸ ਹੋ ਗਿਆ।
“ਜਸਟ ਜੋਕਿੰਗ ਸਰ, ਅਸਲ ਵਿਚ ਇਹ ਮਨਮੀਤ ਦਾ ਈਡੀਅਮ ਐ, ਕਾਲਜ ਵਿਚ ਥੀਏਟਰ ਕਰਦੀ ਹੁੰਦੀ ਸੀ। ਹਰ ਕੰਮ ਨੂੰ ਰੋਲ ਹੀ ਆਖਦੀ ਹੁੰਦੀ ਸੀ, ਅਖੇ ਅਨਾਰਕਲੀ ਦਾ ਰੋਲ ਕਰ ਰਹੀ ਆਂ, ਐਮæਏæ ਕਰਨ ਦਾ ਰੋਲ ਕਰ ਰਹੀ ਆਂ, ਰਿਸਰਚ ਸਕਾਲਰ ਦਾ ਰੋਲ ਕੀਤਾ ਜਾ ਰਿਹੈ। ਬਹੁਤ ਫਨੀ ਕਿਸਮ ਦੀ ਐ ਸਰ ਮੈਨਾ ਤਾਂ।” ਗੁਰਜੋਤ ਨੇ ਹੱਸ ਹੱਸ ਲੋਟ-ਪੋਟ ਹੁੰਦਿਆਂ ਨਵਾਂ ਰਹੱਸ ਜਿਹਾ ਪੈਦਾ ਕਰ ਦਿੱਤਾ।
ਗੁਰਜੋਤ ਦੀਆਂ ਹਾਸੇ ਹਾਸੇ ਵਿਚ ਕੀਤੀਆਂ ਗੱਲਾਂ ਨੇ ਮੇਰੇ ਦਿਮਾਗ ਨੂੰ ਹੋਰ ਹੀ ਦਲੀਲਾਂ ਵਿਚ ਪਾ ਦਿੱਤਾ। ‘ਕਦੇ ਥੀਏਟਰ ਕਰਨ ਦੀ ਗੱਲ ਸਾਂਝੀ ਤਾਂ ਕੀਤੀ ਨe੍ਹੀਂ ਮਨਮੀਤ ਨੇ?’ ਮੈਂ ਇਸ ਭੇਤ ਦੇ ਅਰਥ ਲੱਭਣ ਲੱਗਿਆ। ਕਦੇ ਕਦੇ ਆਪਣੀ ਮਨੋਵਿਗਿਆਨਕ ਸੂਝ ਥੋਥੀ ਜਾਪਣ ਲਗਦੀ। ਅਜੀਬ ਜਿਹੀ ਉਧੇੜ-ਬੁਣ ਵਿਚ ਸਾਂ ਕਿ ਅੱਜ ਸਵੇਰੇ ਮਨਮੀਤ ਦੀ ਫੋਨ ਕਾਲ ਨੇ ‘ਸਰਪ੍ਰਾਈਜ਼’ ਦੇ ਦਿੱਤਾ। ਉਸ ਦੇ ਦੋ ਬੋਲਾਂ ਨੇ ਸਭ ਸ਼ੰਕਿਆਂ ਦੀ ਮੈਲ ਧੋ ਦਿੱਤੀ ਹੈ।
ਮੈਂ ਕਾਹਲੀ ਨਾਲ ਤਿਆਰ ਹੋਣ ਲਗਦਾ ਹਾਂ। ਤਿਆਰ ਤਾਂ ਭਾਵੇਂ ਪਹਿਲਾਂ ਹੀ ਸਾਂ ਪਰ ਹੁਣ ਰਤਾ ਵੱਖਰੀ ਤਰ੍ਹਾਂ ਦੀ ਤਿਆਰੀ ਕਰਨੀ ਹੈ। ਚਾਹੁੰਦਾ ਹਾਂ ਮਨਮੀਤ ਦੇ ਮਾਪਿਆਂ ਨੂੰ ਵੀ ਪਹਿਲੀ ਨਜ਼ਰੇ ਜਚ ਜਾਵਾਂ। ਕੱਪੜਿਆਂ ਵਾਲੀ ਅਲਮਾਰੀ ਖੋਲ੍ਹੀ ਹੈ। ਪੱਗਾਂ ਦੇ ਢੇਰ ਹੇਠਾਂ ਦੱਬੀ ਪਈ ਗੁਲਾਬੀ ਰੰਗ ਦੀ ਪੱਗ ਛਾਂਟ ਲਈ ਹੈ। ਇਸ ਨਾਲ ਹਲਕੇ ਲੈਮਨ ਰੰਗ ਦੀ ਸਿਲਕੀ ਕਮੀਜ਼ ਠੀਕ ਰਹੇਗੀ। ਪਤਾ ਨਹੀਂ ਕਦੇ ਕੀ ਸੋਚ ਕੇ ਲਈ ਹੋਵੇਗੀ, ਉਂਜ ਇਸ ਦੀ ਲਿਸ਼ਕਵੀਂ ਆਭਾ ਕਰ ਕੇ ਕਦੇ ਵਿਭਾਗ ਜਾਦਾ ਨਹੀਂ ਪਾ ਸਕਿਆ। ਕਮੀਜ਼-ਪੱਗ ਨਾਲ ਹਲਕੇ ਬ੍ਰਾਊਨ ਕਲਰ ਦਾ ਕੋਟ-ਪੈਂਟ ਮੈਚ ਕਰਦਾ ਹੈ। ਇਹ ਸਾਰੇ ਰੰਗ ਹੀ ਸ਼ਗਨਾਂ ਵਾਲੇ ਹੋਣ ਕਰ ਕੇ ਚੁਣੇ ਹਨ। ਚਿਰਾਂ ਪਿੱਛੋਂ ਲੰਮੀ ਤਿੱਖੀ ਨੋਕ ਵਾਲੇ ਲੂਈ ਫਿਲਿਪ ਦੇ ਬੂਟ ਡੱਬੇ ਵਿਚੋਂ ਕੱਢੇ ਹਨ। ਪੂਰੀ ਰੀਝ ਨਾਲ ਚਿਣ ਚਿਣ ਕੇ ਪੱਗ ਬੰਨ੍ਹ ਲਈ ਹੈ। ਮਨ ਦੀ ਤਸੱਲੀ ਲਈ ਪਹਿਲਾਂ ਹੀ ਪ੍ਰੈਸ ਦਾਹੜੀ ਦੇ ਵਾਲਾਂ ਨੂੰ ਡੋਰੀ ਹੇਠ ਕਰਨ ਲਈ ਸਲਾਈ ਫੇਰਦਾ ਹਾਂ। ਚੈਨਲ-ਫਾਈਵ ਬਰਾਂਡ ਦੇ ਸੈਂਟ ਦਾ ਸਪਰੇਅ ਕਰਦਿਆਂ ਮਨ ਵਿਚ ਲਤੀਫ਼ੇ ਵਰਗਾ ਖ਼ਿਆਲ ਆਇਆ ਹੈ, ‘ਹੁਣ ਤਾਂ ਬੱਸ ਕਲਗੀ ਲਾਉਣ ਦੀ ਕਸਰ ਐ।’ ਸ਼ੀਸ਼ਾ ਤੱਕਦਿਆਂ ਮੇਰਾ ਹਾਸਾ ਨਿਕਲ ਗਿਆ ਹੈ। ‘ਪੁੱਤ ਸਰਦਾਰਾਂ ਦੇæææ’ ਆਪਣੀ ਸਰਦਾਰੀ ਵਾਲੀ ਟੌਅਰ ਵੇਖ ਕੇ ਪੁਰਾਣਾ ਗੀਤ ਆਪ ਮੁਹਾਰੇ ਬੁੱਲ੍ਹਾਂ ਉਤੇ ਨੱਚਣ ਲੱਗ ਪਿਆ ਹੈ।
ਕੰਧ ‘ਤੇ ਲੱਗੇ ਕਲਾਕ ਵੱਲ ਝਾਤੀ ਮਾਰਦਾ ਹਾਂ। ਸਮਾਂ ਠਹਿਰ ਗਿਆ ਲਗਦਾ ਹੈ। ਟਾਈਮ ਪਾਸ ਕਰਨ ਲਈ ਡਰਾਇੰਗ ਰੂਮ ਵਿਚ ਆ ਕੇ ਟੀæਵੀæ ਆਨ ਕਰ ਲਿਆ ਹੈ ਪਰ ਉਸ ਵਿਚ ਮਨ ਨਹੀਂ ਲੱਗ ਰਿਹਾ। ਫਿਰ ਏਧਰ ਓਧਰ ਟਹਿਲ ਕਦਮੀ ਕਰਨ ਲਗਦਾ ਹਾਂ। ‘ਟæææਅæææਨ’ ਬੈੱਲ ਹੋਈ ਹੈ।
ਕਿਸਮਤ ਪੁੜੀ ਖੋਲ੍ਹਣ ਵਾਂਗ ਸੰਭਲ ਕੇ ਬੂਹਾ ਖੋਲ੍ਹਦਾ ਹਾਂ। ਵੇਖ ਕੇ ਅਚੰਭਾ ਹੁੰਦਾ ਹੈ। ਮਨਮੀਤ ਦੀ ਥਾਂ ਬਾਹਰ ਕੋਈ ਹੋਰ ਹੀ ਪਲੱਸ-ਟੂ ਪਾਸ ਚੁਲਬਲੀ ਜਿਹੀ ਕੁੜੀ ਖੜ੍ਹੀ ਹੈ। ਸਕਾਈ ਬਲੂ ਜੀਨ ਨਾਲ ਉਸ ਨੇ ਕਾਲੇ ਰੰਗ ਦਾ ਸਕਿੱਨ ਫਿੱਟ ਟਾਪ ਪਾਇਆ ਹੋਇਆ ਹੈ। ਕੰਨਾਂ ਵਿਚ ਆਰਟੀਫਿਸ਼ੀਅਲ ਜਾਪਦੀਆਂ ਛੋਟੀਆਂ ਛੋਟੀਆਂ ਲਮਕਵੀਆਂ ਡੰਡੀਆਂ ਹਨ। ਡੀਪ ਗਲੇ ਦੇ ਟਾਪ ਵਿਚੋਂ ਜੋਬਨ ਡੁੱਲ੍ਹ ਡੁੱਲ੍ਹ ਜਾਂਦਾ ਹੈ। ‘ਇਹ ਕੀ ਕਮਲ ਕੁੱਟਿਐ ਅੱਜ ਇਹਨੇ, ਰੱਬਿਸ਼, ਨੌਨ ਸੈਂਸ’ ਮਨਮੀਤ ਦਾ ਨਵਾਂ ਰੂਪ ਵੇਖ ਕੇ ਗਾਲ ਵਰਗਾ ਖ਼ਿਆਲ ਮੇਰੇ ਅੰਦਰੋਂ ਕਰੰਟ ਵਾਂਗ ਲੰਘਿਆ ਹੈ। ਮਨਮੀਤ ਵੱਲੋਂ ਧਿਆਨ ਹਟਾ ਕੇ ਮੈਂ ਉਸ ਦੇ ਪਿੱਛੇ ਖੜ੍ਹੇ ਮੰਮੀ-ਪਾਪਾ ਨੂੰ ਰਤਾ ਕੁ ਝੁਕਦਿਆਂ ਸਤਿ ਸ੍ਰੀ ਅਕਾਲ ਆਖਦਾ ਹਾਂ। ਉਹ ਮੱਧਲੀ ਕਿਸਾਨੀ ਦੇ ਪਿਛੋਕੜ ਵਾਲੇ ਸਿੱਧੇ-ਸਾਧੇ ਜੱਟ-ਬੂਟ ਜਾਪਦੇ ਹਨ।
ਡਰਾਇੰਗ ਰੂਮ ਵਿਚ ਬੈਠਦਿਆਂ ਹੀ ਮਨਮੀਤ ਦਾ ਪਾਪਾ ਦੋਵੇਂ ਹੱਥ ਜੋੜ ਕੇ ਬੋਲਣ ਲੱਗ ਜਾਂਦਾ ਹੈ, “ਪ੍ਰੋæ ਸਾਹਿਬ ਮੈਨਾ ਤਾਂ ਦਿਨ ਰਾਤ ਥੋਡਾ ਗੁਣ-ਗਾਣ ਕਰਦੀ ਨ੍ਹੀਂ ਥਕਦੀ। ਬਹੁਤ ਮੱਦਤ ਕੀਤੀ ਤੁਸੀਂ ਇਹਨੂੰ ਸਿਖਰਲੇ ਡੰਡੇ ‘ਤੇ ਅਪੜਾਉਣ ਲਈ। ਸਿਆਣੇ ਆਂਹਦੇ ਐ ਬੱਚੇ ਤੇ ਟੀਚਰ ਦਾ ਹੱਕ ਮਾਪਿਆਂ ਤੋਂ ਵੀ ਵੱਧ ਹੁੰਦੈ। ਧੰਨਭਾਗ ਐ ਜੀ ਸਾਡੇ ਜਿਹੜਾ ਸੋਡੇ ਨਾਲ ਮੇਲ-ਮਿਲਾਪ ਦਾ ਸਬੱਬ ਬਣਿਐਂ।”
ਫਿਰ ਉਹ ਖੁਸ਼ੀ ਨਾਲ ਕੰਬਦੇ ਹੱਥਾਂ ਨਾਲ ਲਿਫਾਫ਼ੇ ਵਿਚੋਂ ਡਰਾਈ ਫਰੂਟ ਦਾ ਬਹੁਤ ਖੂਬਸੂਰਤ ਪੈਕ ਕੱਢ ਕੇ ਮੇਰੇ ਵੱਲ ਵਧਾਉਂਦਾ ਹੈ। ਸ਼ਰਮਾਉਣ ਦੀ ਥਾਂ ਮਨਮੀਤ ਹੱਸਦਿਆਂ ਹੱਸਦਿਆਂ ਸਭ ਕੁਝ ਗਹੁ ਨਾਲ ਵੇਖ ਰਹੀ ਹੈ। ਨਿਮਰ ਜਿਹਾ ਹੋ ਕੇ ਮੈਂ ਪੈਕ ਫੜ ਕੇ ਮੇਜ਼ ਉਤੇ ਰੱਖ ਲੈਂਦਾ ਹਾਂ। ਪੈਕ ਦੇ ਟ੍ਰਾਂਸਪੇਰੈਂਟ ਕਵਰ ਵਿਚੋਂ ਮੈਨੂੰ ਕਾਰਡ ਨਜ਼ਰ ਆਉਂਦਾ ਹੈ। ਚੋਰੀ ਅੱਖ ਮਨਮੀਤ ਵੱਲ ਤੱਕਦਾ ਮੈਂ ਕਾਰਡ ਪੜ੍ਹਨ ਦਾ ਯਤਨ ਕਰਦਾ ਹਾਂ। ‘ਦਿਲਜੀਤ ਵੈਡਜ਼ ਮਨਮੀਤæææ’ ਪੜ੍ਹ ਕੇ ਮੈਨੂੰ ਤਰੇਲੀ ਆ ਗਈ ਹੈ। “ਸਰਪ੍ਰਾਈਜ਼æææਰੀਅਲੀ ਬਿੱਗ ਵੰਨ!” ਕਹਿੰਦਿਆਂ ਮੈਂ ਕੱਚਾ ਜਿਹਾ ਹਾਸਾ ਹਸਦਿਆਂ ਮਨਮੀਤ ਵੱਲ ਵੇਖਦਾ ਹਾਂ।
“ਸਰæææਦਿਲਜੀਤ ਵਾਜ ਮਾਈ ਕਲਾਸ ਫੈਲੋ, ਇਨਫੈਕਟ ਮੋਰ ਦੈਨæææ, ਨੈਟ ਕਲੀਅਰ ਕਰ ਕੇ ਉਸ ਨੂੰ ਪੰਜਾਬ ਯੂਨੀਵਰਸਿਟੀ ਵਿਚ ਅਪੁਇੰਟਮੈਂਟ ਮਿਲ ਗਈ ਐ। ਹਾਰਡ ਵਰਕਿੰਗ ਤੇ ਨਾਈਸ ਫੈਲੋ ਐæææਜਵਾਂ ਸੋਡੇ ਵਾਂਗ ਹੀ। ਹੀ ਵਾਜ ਜਸਟ ਵੇਟਿੰਗ ਫਾਰ ਮਾਈ ਡੌਕਟਰੇਟ। ਥੈਂਕਸ ਏ ਲੌਟ ਸਰ”, ਮੰਦ ਮੰਦ ਮੁਸਕਰਾਉਂਦਿਆਂ ਉਹ ਸਭ ਕੁਝ ਦੱਸ ਰਹੀ ਹੈ ਜਿਸ ਦੀ ਪੂਰੇ ਤਿੰਨ ਸਾਲ ਉਸ ਭਾਫ਼ ਵੀ ਨਹੀਂ ਸੀ ਨਿਕਲਣ ਦਿੱਤੀ।
“ਸਰ, ਵੰਨ ਇਨਟਰੱਸਟਿੰਗ ਥਿੰਗ, ਹੀ ਇਜ ਫੌਂਡ ਆਫ ਮਾਡਰਨ ਡਰੈਸਜ਼, ਉਹਦੇ ਲਈ ਇਹæææ”, ਉਸ ਨੇ ਆਪਣੇ ਦੋਵੇਂ ਹੱਥ ਸਿਰ ਤੋਂ ਪੈਰਾਂ ਵੱਲ ਲਿਜਾਂਦਿਆਂ ਆਪਣੇ ਨਵੇਂ ‘ਰੋਲ’ ਦੀ ਵਿਆਖਿਆ ਕਰਨੀ ਚਾਹੀ, ਪਰ ਮੇਰੀ ਹੁਣ ਉਸ ਦੀ ਅਜਿਹੀ ਬਕਬਕ ਵਿਚ ਕੋਈ ਰੁਚੀ ਨਹੀਂ ਹੈ।
‘ਡਰਾਮੇਬਾਜ਼æææ’, ਮੈਂ ਆਪਣੇ ਲਾਵੇ ਨੂੰ ਮਸਾਂ ਹੀ ਅੰਦਰ ਸਾਂਭਦਾ ਹਾਂ। ਬਾਹਰੋਂ ਸਹਿਜ ਦਿਸਣ ਦਾ ਯਤਨ ਕਰਦਾ ਹਾਂ ਪਰ ਅੰਦਰੋਂ ਕਿਸੇ ਹਾਰੇ ਹੋਏ ਯੋਧੇ ਵਾਂਗ ਬਦਲੇ ਦੀ ਅੱਗ ਵਿਚ ਸੜ ਭੁੱਜ ਰਿਹਾ ਹਾਂ। ਉਨ੍ਹਾਂ ਛੋਟੇ ਲੋਕਾਂ ਸਾਹਮਣੇ ਨਿਤਾਣਾ ਨਹੀਂ ਦਿਸਣਾ ਚਾਹੁੰਦਾ। ਸੋਚਦਾ ਹਾਂ, ‘ਜਦੋਂ ਮੌਕਾ ਬਣਿਆਂ ਤਾਂ ਦੱਸੂੰਗਾ’ ਕੁੱਤੀਏ, ਇਸ ਕਹਾਣੀ ਨੂੰ ਖਤਮ ਹੋਈ ਨਾ ਸਮਝ ਲਈਂ, ਯਾਦ ਰੱਖੀਂ ਭੱਜਦਿਆਂ ਨੂੰ ਵਾਹਣ ਇਕੋ ਜਿਹੇ ਹੁੰਦੇ ਐ। ਸਾਹ ਫੁੱਲਣ ਨਾਲ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਹੈ। ਸੀਨੇ ਉਤੇ ਕੋਈ ਲੱਖਾਂ ਮਣ ਬੋਝ ਆ ਪਿਆ ਹੈ। ਇਉਂ ਲਗਦਾ ਹੈ ਜਿਵੇਂ ਸਿਖਰੋਂ ਡਿੱਗੇ ਚੁਬਾਰੇ ਦੇ ਮਲਬੇ ਥੱਲੇ ਦੱਬਿਆ ਬਾਹਰ ਨਿਕਲਣ ਲਈ ਪੂਰੇ ਤਾਣ ਨਾਲ ਕਰਾਹੁਣ ਦਾ ਯਤਨ ਕਰ ਰਿਹਾ ਹੋਵਾਂ, ਪਰ ਮੇਰੀ ਆਵਾਜ਼ ਸੰਘ ਵਿਚ ਫਸੀ ਪਈ ਹੋਵੇ।

Be the first to comment

Leave a Reply

Your email address will not be published.