ਮਿਸ਼ਨ-2017 ਫਤਹਿ ਕਰਨ ਲਈ ਮੈਦਾਨ ਵਿਚ ਨਿਤਰੀ ‘ਆਪ’

ਚੰਡੀਗੜ੍ਹ: ਆਮ ਆਦਮੀ ਪਾਰਟੀ ‘ਮਿਸ਼ਨ 2017’ ਲਈ ਚੋਣ ਮੁਹਿੰਮ ਦਾ ਆਗਾਜ਼ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੇਗੀ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ ਮਹੀਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਨੌਜਵਾਨ ਵਰਗ ਲਈ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਚੋਣ ਮੈਦਾਨ ਵਿਚ ਡਟ ਜਾਏਗੀ।

ਦਰਅਸਲ, ‘ਮਿਸ਼ਨ 2017’ ਨੂੰ ਫਤਹਿ ਕਰਨ ਲਈ ਆਮ ਆਦਮੀ ਪਾਰਟੀ ਪੱਬਾਂ ਭਾਰ ਹੈ। ਪਾਰਟੀ ਸਭ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਕੇ ਬਾਜ਼ੀ ਮਾਰਨਾ ਚਾਹੁੰਦੀ ਹੈ। ਪਾਰਟੀ ਦਾ ਦਾਅਵਾ ਹੈ ਕਿ ਜੁਲਾਈ ਦੇ ਅਖੀਰ ਵਿਚ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨ ਵਰਗ ਲਈ ਚੋਣ ਮਨੋਰਥ ਪੱਤਰ ਤਿੰਨ ਜੁਲਾਈ ਨੂੰ ਜਾਰੀ ਕਰ ਦਿੱਤਾ ਜਾਏਗਾ।
ਸੂਤਰਾਂ ਮੁਤਾਬਕ ਕੇਜਰੀਵਾਲ ਤਿੰਨ ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਸਰ ਵਿਚ ਨੌਜਵਾਨ ਵਰਗ ਲਈ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਇਸ ਤੋਂ ਬਾਅਦ ਦੂਜੇ ਵਰਗਾਂ ਦੇ ਚੋਣ ਮਨੋਰਥ ਪੱਤਰ ਵੀ ਜਾਰੀ ਕਰ ਦਿੱਤੇ ਜਾਣਗੇ। ਪਾਰਟੀ ਦੇ ਕੌਮੀ ਬੁਲਾਰੇ ਤੇ ਸੰਸਦ ਮੈਂਬਰ ਭਗਵੰਤ ਮਾਨ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਲਈ 20-20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਮੀਦਵਾਰਾਂ ਦੀ ਪਹਿਲੀ ਸੂਚੀ ਜੁਲਾਈ ਦੇ ਅਖੀਰ ਤੱਕ ਜਾਰੀ ਕਰ ਦਿੱਤੀ ਜਾਵੇਗੀ। ‘ਆਪ’ ਨੂੰ ਖਦਸ਼ਾ ਹੈ ਕਿ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਨਾਲ ਪਾਰਟੀ ਅੰਦਰ ਵਿਰੋਧੀ ਸੁਰਾਂ ਉੱਭਰਨਗੀਆਂ। ਇਸ ਲਈ ‘ਆਪ’ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਹੀ ਸੂਚੀ ਜਾਰੀ ਕਰ ਕੇ ਇਨ੍ਹਾਂ ਵਿਰੋਧੀ ਸੁਰਾਂ ਨੂੰ ਸ਼ਾਂਤ ਕਰ ਲੈਣਾ ਚਾਹੁੰਦੀ ਹੈ।
________________________________
ਮੋਦੀ ਦੇਣਗੇ ਕੇਜਰੀਵਾਲ ਦੇ ਸਵਾਲਾਂ ਦਾ ਜਵਾਬ?
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ, ਕੇਜਰੀਵਾਲ ਨਾਲ ਆਪਣੀ ਲੜਾਈ ਵਿਚ ਦਿੱਲੀ ਦੇ ਲੋਕਾਂ ਨੂੰ ਤੰਗ ਨਾ ਕਰਨ। ਕੇਜਰੀਵਾਲ ਨੇ ਕਿਹਾ ਕਿ 1953 ਵਿਚ ਵੀ ਸੰਸਦੀ ਸਕੱਤਰ ਲਾਏ ਗਏ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਵਾਰ ਭਾਜਪਾ ਤੇ ਕਾਂਗਰਸ ਸਰਕਾਰਾਂ ਵੱਲੋਂ ਸੰਸਦੀ ਸਕੱਤਰਾਂ ਦੀ ਨਿਯੁਕਤੀ ਕੀਤੀ ਸੀ। ਕੇਜਰੀਵਾਲ ਨੇ ਦੋਸ਼ ਲਾਏ ਹਨ ਕਿ ਜਦੋਂ ਭਾਜਪਾ ਸੰਸਦੀ ਸਕੱਤਰ ਲਾਏ, ਉਦੋਂ ਸਭ ਸਹੀ ਹੁੰਦਾ ਹੈ ਪਰ ਜਦੋਂ ਆਮ ਆਦਮੀ ਪਾਰਟੀ ਨੇ ਸੰਸਦੀ ਸਕੱਤਰ ਲਾਏ ਤਾਂ ਇਹ ਗਲਤ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ 1997 ਵਿਚ, ਦਿੱਲੀ ਵਿਚ ਭਾਜਪਾ ਦੀ ਸਰਕਾਰ ਸੀ। ਉਸ ਵੇਲੇ ਵੀ ਸੰਸਦੀ ਸਕੱਤਰ ਲਾਏ ਗਏ ਸਨ। ਕਾਂਗਰਸ ਵਿਚ ਸ਼ੀਲਾ ਦੀਕਸ਼ਿਤ ਦੀ ਸਰਕਾਰ ਵੇਲੇ ਵੀ ਅਜੇ ਮਾਕਨ ਸੰਸਦੀ ਸਕੱਤਰ ਸਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੀ ਲੜਾਈ ਕੇਜਰੀਵਾਲ ਨਾਲ ਹੈ। ਇਸ ਦੀ ਸਜ਼ਾ ਉਹ ਦਿੱਲੀ ਦੀ ਲੋਕਾਂ ਨੂੰ ਨਾ ਦੇਣ।
__________________________________
ਪੰਜਾਬੀ ਭਾਸ਼ਾ ਦੇ ਮੁਰੀਦ ਹੋਏ ਕੇਜਰੀਵਾਲ
ਨਵੀਂ ਦਿੱਲੀ: 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਹਰ ਪੱਖੋਂ ਮਜ਼ਬੂਤ ਹੋਣ ਲਈ ਨਿੱਤ ਨਵੀਂ ਘਾਲਣਾ ਘਾਲਦੀ ਰਹਿੰਦੀ ਹੈ ਤੇ ਅੱਜ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗੁਰਮੁਖੀ ਸਿੱਖਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੁਣਨ ਵਿਚ ਆਇਆ ਹੈ ਕਿ ਗੁਰਮੁਖੀ ਸਿੱਖਣ ਲਈ ਮੁੱਖ ਮੰਤਰੀ ਕਾਫੀ ਮਿਹਨਤ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਪੰਜਾਬੀ ਜ਼ੁਬਾਨ ਸਿੱਖਣਾ ਬਹੁਤ ਲਾਜ਼ਮੀ ਹੈ। ਸੂਤਰਾਂ ਅਨੁਸਾਰ ਪਿਛਲੇ ਮਹੀਨੇ ਤੋਂ ਉਹ ਰੋਜ਼ਾਨਾ ਦੋ ਘੰਟੇ ਦੀ ਕਲਾਸ ਵੀ ਲੈ ਰਹੇ ਹਨ। ਇਸ ਬਾਰੇ ਜਦ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਜਰਨੈਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਨੇ ਪੰਜਾਬੀ ਸਿੱਖ ਲਈ ਹੈ ਅਤੇ ਉਹ ਲਿਖ ਤੇ ਪੜ੍ਹ ਵੀ ਲੈਂਦੇ ਹਨ। ਮੁੱਖ ਮੰਤਰੀ ਵਿਚਾਲੇ ਗੱਲਬਾਤ ਦਾ ਸਿਲਸਿਲਾ ਹੁਣ ਪੰਜਾਬੀ ਭਾਸ਼ਾ ਵਿਚ ਹੀ ਚੱਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ। ਜ਼ਿਕਰੇਖ਼ਾਸ ਹੈ ਕਿ ਕੇਜਰੀਵਾਲ ਨੇ ਆਪਣੇ ਭਾਸ਼ਣਾਂ ਦੌਰਾਨ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਸੀ ਤੇ ਪੰਜਾਬੀ ਵਿਚ ਗਾਣਾ ਵੀ ਗਾਇਆ ਸੀ।