ਨਵੀਂ ਦਿੱਲੀ: ਚੌਦਾਂ ਸਾਲ ਪਹਿਲਾਂ ਅਹਿਮਦਾਬਾਦ ਦੀ ਮੁਸਲਿਮ ਪਰਿਵਾਰਾਂ ਵਾਲੀ ਗੁਲਬਰਗ ਸੁਸਾਇਟੀ ਵਿਚ ਹਿੰਦੂਤਵੀ ਅਨਸਰਾਂ ਵੱਲੋਂ ਕੀਤੇ ਗਏ ਨਰਸੰਹਾਰ ਬਾਰੇ ਅਦਾਲਤੀ ਫੈਸਲੇ ਉਤੇ ਸਵਾਲ ਉੱਠਣ ਲੱਗੇ ਹਨ। ਗੁਲਬਰਗ ਕਤਲੇਆਮ ਨੂੰ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੰਦਿਆਂ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਦੀ ਵਿਸ਼ੇਸ਼ ਅਦਾਲਤ ਨੇ 24 ਦੋਸ਼ੀਆਂ ਵਿਚੋਂ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸਾਲ 2002 ਵਿਚ ਗੋਧਰਾ ਕਾਂਡ ਤੋਂ ਬਾਅਦ ਹੋਏ ਇਨ੍ਹਾਂ ਦੰਗਿਆਂ ਦੌਰਾਨ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਸਮੇਤ 69 ਵਿਅਕਤੀਆਂ ਨੂੰ ਜਿਊਂਦਿਆਂ ਸਾੜ ਦਿੱਤਾ ਗਿਆ ਸੀ। ਅਦਾਲਤ ਨੇ ਇਕ ਦੋਸ਼ੀ ਨੂੰ 10 ਸਾਲ ਅਤੇ ਬਾਕੀ 12 ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹੈ।
ਅਹਿਸਾਨ ਜਾਫ਼ਰੀ ਜੋ ਕਿ ਕਾਂਗਰਸ ਦਾ ਸਾਬਕਾ ਸੰਸਦ ਮੈਂਬਰ ਸੀ ਅਤੇ ਜਿਸ ਨੂੰ ਭੜਕੀ ਭੀੜ ਨੇ ਹੋਰਾਂ ਨਾਲ ਜਲਾ ਕੇ ਮਾਰ ਦਿੱਤਾ ਸੀ, ਦੀ ਵਿਧਵਾ ਜ਼ਕੀਆ ਜਾਫਰੀ ਨੇ ਅਦਾਲਤ ਵੱਲੋਂ ਸੁਣਾਈ ਸਜ਼ਾ ਉਤੇ ਨਾਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਜਦੋਂ ਭੀੜ ਵਿਚ ਸਾਰੇ ਹੀ ਫੜੇ ਗਏ ਦੋਸ਼ੀ ਸ਼ਾਮਲ ਸਨ ਤਾਂ ਉਨ੍ਹਾਂ ਵਿਚੋਂ ਸਿਰਫ 11 ਨੂੰ ਹੀ ਉਮਰ ਕੈਦ ਦੀ ਸਜ਼ਾ ਕਿਉਂ ਸੁਣਾਈ ਗਈ ਹੈ?
ਜਾਫ਼ਰੀ ਘਟਨਾ ਵੇਲੇ ਉਥੇ ਹੀ ਸੀ, ਜਿਥੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਅਤੇ ਫਿਰ ਸਾੜ ਦਿੱਤਾ ਗਿਆ ਸੀ। ਇਹੀ ਹਾਲ ਬਾਕੀ 69 ਲੋਕਾਂ ਦਾ ਕੀਤਾ ਗਿਆ ਸੀ। ਜ਼ਕੀਆ ਜਾਫ਼ਰੀ ਦਾ ਤਰਕ ਹੈ ਕਿ ਫੜੇ ਗਏ ਸਾਰੇ ਦੋਸ਼ੀਆਂ ਨੂੰ ਵੱਡੀ ਸਜ਼ਾ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ। ਉਧਰ, ਵਿਸ਼ੇਸ਼ ਜਾਂਚ ਟੀਮ ਦੇ ਵਿਸ਼ੇਸ਼ ਵਕੀਲ ਆਰæਸੀæ ਕੋਡਕਰ ਨੇ ਫੈਸਲੇ ਉਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਹਾਈ ਕੋਰਟ ‘ਚ ਅਪੀਲ ਪਾਉਣਗੇ। ਸੁਪਰੀਮ ਕੋਰਟ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਵੱਲੋਂ 2002 ਦੇ ਗੁਜਰਾਤ ਦੰਗਿਆਂ ਦੀ ਜਾਂਚ ਦੇ 9 ਕੇਸਾਂ ਵਿਚੋਂ ਇਹ ਇਕ ਮਾਮਲਾ ਸੀ।
ਸਾਲ 2002 ਵਿਚ ਗੁਜਰਾਤ ਵਿਚ ਮੁਸਲਿਮ ਵਿਰੋਧੀ ਹਿੰਸਾ ਭੜਕਾਈ ਗਈ ਸੀ। 27 ਫਰਵਰੀ 2002 ਨੂੰ ਸਾਬਰਮਤੀ ਗੱਡੀ ਦੇ ਇਕ ਡੱਬੇ ਨੂੰ ਗੋਧਰਾ ਸਟੇਸ਼ਨ ਉਤੇ ਲੱਗੀ ਅੱਗ ਨਾਲ ਉੱਤਰ ਪ੍ਰਦੇਸ਼ ਤੋਂ ਕਾਰ ਸੇਵਾ ਕਰ ਕੇ ਆ ਰਹੇ 59 ਵਿਅਕਤੀ ਮਾਰੇ ਗਏ ਸਨ ਅਤੇ 48 ਗੰਭੀਰ ਜ਼ਖ਼ਮੀ ਹੋ ਗਏ ਸਨ। ਉਸ ਸਮੇਂ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਜਿਨ੍ਹਾਂ ‘ਤੇ ਇਹ ਦੋਸ਼ ਲਗਦਾ ਰਿਹਾ ਕਿ ਉਹ ਦੰਗੇ ਭੜਕਣ ਦੀ ਸੂਰਤ ਵਿਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੇ। ਗੋਧਰਾ ਕਾਂਡ ਤੋਂ ਬਾਅਦ ਅਗਲੇ ਦਿਨ ਵੱਖ-ਵੱਖ ਥਾਵਾਂ ਉਤੇ ਲੋਕ ਇਕੱਠੇ ਹੋਏ ਸਨ।
ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ ਵਿਚ ਮੁਸਲਮਾਨ ਫਿਰਕੇ ਦੇ ਲੋਕ ਰਹਿੰਦੇ ਸਨ, ਜਿਨ੍ਹਾਂ ਵਿਚ ਕਾਂਗਰਸ ਦਾ ਸਾਬਕਾ ਮੈਂਬਰ ਪਾਰਲੀਮੈਂਟ ਅਹਿਸਾਨ ਜਾਫ਼ਰੀ ਅਤੇ ਉਸ ਦਾ ਪਰਿਵਾਰ ਵੀ ਰਹਿੰਦਾ ਸੀ। 28 ਫਰਵਰੀ ਨੂੰ ਭੜਕੀ ਭੀੜ ਨੇ ਇਸ ਸੁਸਾਇਟੀ ਨੂੰ ਘੇਰ ਲਿਆ। ਇਸ ਬਾਰੇ ਅਹਿਸਾਨ ਜਾਫ਼ਰੀ ਨੇ ਸੱਤਾਧਾਰੀ ਹੁਕਮਰਾਨਾਂ ਸਮੇਤ ਵੱਡੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੋਨ ‘ਤੇ ਗੱਲ ਕੀਤੀ, ਪਰ ਇਸ ਦੇ ਬਾਵਜੂਦ ਭੀੜ ਨੇ ਇਸ ਸੁਸਾਇਟੀ ਨੂੰ ਛੇ ਘੰਟੇ ਘੇਰੀ ਰੱਖਿਆ ਅਤੇ ਅਖੀਰ ਹਮਲਾ ਕਰ ਦਿੱਤਾ। 69 ਲੋਕਾਂ ਨੂੰ ਜਾਂ ਤਾਂ ਜ਼ਿੰਦਾ ਸਾੜ ਦਿੱਤਾ ਗਿਆ ਜਾਂ ਬੁਰੀ ਤਰ੍ਹਾਂ ਕੋਹ-ਕੋਹ ਕੇ ਮਾਰ ਦਿੱਤਾ ਗਿਆ।
_________________________________
ਗੁਲਬਰਗ ਸੁਸਾਇਟੀ ਕਾਂਡ : ਕਦੋਂ ਕੀ ਹੋਇਆ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਚਮਨਪੁਰਾ ਇਲਾਕੇ ਵਿਚ ਸਥਿਤ ਗੁਲਬਰਗ ਸੁਸਾਇਟੀ ਵਿਚ ਹੋਏ ਕਤਲੇਆਮ ਮਾਮਲੇ ਵਿਚ ਕੁੱਲ 66 ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਮਾਮਲੇ ਵਿਚ 335 ਗਵਾਹ ਭੁਗਤੇ ਅਤੇ 3000 ਦਸਤਾਵੇਜ਼ ਪੇਸ਼ ਕੀਤੇ ਗਏ।
ਸਤੰਬਰ 2009: ਅਦਾਲਤ ਵਿਚ ਹੱਤਿਆ ਕਾਂਡ ਦੀ ਸੁਣਵਾਈ ਸ਼ੁਰੂ ਹੋਈ
27 ਮਾਰਚ, 2010: ਨਰੇਂਦਰ ਮੋਦੀ ਨੂੰ ਸੰਮਨ ਕੀਤਾ
ਦਸੰਬਰ, 2010: ਜ਼ਾਕੀਆ ਜਾਫ਼ਰੀ ਸਮੇਤ ਹੋਰ ਪੀੜਤਾਂ ਨੇ ਮੰਗ ਰੱਖੀ ਕਿ ਐਸ਼ਆਈæਟੀæ 30 ਦਿਨਾਂ ਵਿਚ ਰਿਪੋਰਟ ਪੇਸ਼ ਕਰੇ
ਮਾਰਚ, 2011: ਸੁਪਰੀਮ ਕੋਰਟ ਨੇ ਐਸ਼ਆਈæਟੀæ ਨੂੰ ਕਾਨੂੰਨੀ ਮਾਹਿਰ ਰਾਜੂ ਰਾਮ ਚੰਦਰਨ ਵੱਲੋਂ ਪ੍ਰਗਟਾਏ ਤੌਖਲੇ ਦੂਰ ਕਰਨ ਲਈ ਕਿਹਾ
18 ਜੂਨ, 2011: ਕਾਨੂੰਨੀ ਮਾਹਿਰ ਰਾਮ ਚੰਦਰਨ ਨੇ ਅਹਿਮਦਾਬਾਦ ਦਾ ਦੌਰਾ ਕੀਤਾ ਤੇ ਗਵਾਹਾਂ ਅਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ
ਜੁਲਾਈ, 2011: ਕਾਨੂੰਨੀ ਮਾਹਿਰ ਰਾਮ ਚੰਦਰਨ ਨੇ ਇਸ ਰਿਪੋਰਟ ‘ਤੇ ਆਪਣਾ ਨੋਟ ਸੁਪਰੀਮ ਕੋਰਟ ਵਿਚ ਰੱਖਿਆ
ਸਤੰਬਰ, 2011: ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਫੈਸਲਾ ਸੁਣਵਾਈ ਅਦਾਲਤ ‘ਤੇ ਛੱਡਿਆ
8 ਫਰਵਰੀ, 2012: ਮੈਟਰੋਪਾਲੀਟਨ ਮਜਿਸਟ੍ਰੇਟ ਨੇ ਆਪਣੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ
10 ਅਪਰੈਲ, 2012: ਮੈਟਰੋਪਾਲੀਟਨ ਮਜਿਸਟ੍ਰੇਟ ਦੇ ਸਾਹਮਣੇ ਰੱਖੀ ਗਈ ਐਸ਼ਆਈæਟੀæ ਰਿਪੋਰਟ ਵਿਚ ਮੰਨਿਆ ਗਿਆ ਕਿ ਤਤਕਾਲੀਨ ਮੁੱਖ ਮੰਤਰੀ ਮੋਦੀ ਦੀ ਇਨ੍ਹਾਂ ਦੰਗਿਆਂ ਵਿਚ ਕੋਈ ਭੂਮਿਕਾ ਨਹੀਂ ਹੈ