ਗੈਰ ਸਰਕਾਰੀ ਸੰਸਥਾਵਾਂ ਨੂੰ ਮੋਦੀ ਸਰਕਾਰ ਨੇ ਪਾਇਆ ਘੇਰਾ

ਚੰਡੀਗੜ੍ਹ: ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਜੱਦੋ-ਜਹਿਦ ਕਰਦੀ ਆ ਰਹੀ ਤੀਸਤਾ ਸੀਤਲਵਾੜ ਦੀ ਸਬਰੰਗ ਟਰੱਸਟ ਨਾਮ ਦੀ ਗ਼ੈਰ-ਸਰਕਾਰੀ ਸੰਸਥਾ (ਐਨæਜੀæਓ) ਦੀ ਰਜਿਸਟ੍ਰੇਸ਼ਨ ਰੱਦ ਕਰ ਦੇਣ ਨਾਲ ਵਿਵਾਦ ਮੁੜ ਖੜ੍ਹਾ ਹੋ ਗਿਆ ਹੈ। ਸਰਕਾਰ ਨੇ ਵਿਦੇਸ਼ੀ ਫੰਡਾਂ ਦੀ ਵਰਤੋਂ ਨੂੰ ਲੈ ਕੇ ਕਈ ਗੈਰ-ਸਰਕਾਰੀ ਸੰਸਥਾਵਾਂ ਖਾਸ ਤੌਰ ਉਤੇ ਸਰਕਾਰ ਤੋਂ ਅਲੱਗ ਰਾਇ ਰੱਖਣ ਵਾਲੀਆਂ ਸੰਸਥਾਵਾਂ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੋਇਆ ਹੈ।

ਮੋਦੀ ਸਰਕਾਰ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਮਸ਼ਹੂਰ ਵਕੀਲ ਇੰਦਰਾ ਜੈ ਸਿੰਘ ਅਤੇ ਆਨੰਦ ਗਰੋਵਰ ਦੀ ਅਗਵਾਈ ਵਾਲੀ ਸੰਸਥਾ ਲਾਇਰਜ਼ ਕੋਲੈਕਟਿਵ, ਗ੍ਰੀਨ ਪੀਸ ਅਤੇ ਫੋਰਡ ਫਾਊਂਡੇਸ਼ਨ ਆਦਿ ਗ਼ੈਰ-ਸਰਕਾਰੀ ਸੰਸਥਾਵਾਂ ਖਿਲਾਫ਼ ਵਿਦੇਸ਼ੀ ਫੰਡ ਨਿਯਮਤ ਕਾਨੂੰਨ (ਐਫ਼ਸੀæਆਰæਏæ) ਦੇ ਨਿਯਮਾਂ ਦਾ ਉਲੰਘਣ ਕਰਨ ਦੀ ਦਲੀਲ ਤਹਿਤ ਕਾਰਵਾਈ ਕਰ ਚੁੱਕੀ ਹੈ। ਦੇਸ਼ ਵਿਚ ਵੀਹ ਲੱਖ ਤੋਂ ਵੱਧ ਗੈਰ-ਸਰਕਾਰੀ ਜਥੇਬੰਦੀਆਂ ਹਨ। ਇਨ੍ਹਾਂ ਵਿਚੋਂ ਸਿਰਫ 10 ਫੀਸਦੀ ਹੀ ਆਪਣੀ ਸਾਲਾਨਾ ਰਿਟਰਨ ਭਰਦੀਆਂ ਹਨ। ਮੋਦੀ ਸਰਕਾਰ ਨੇ ਆਪਣੇ ਦੋ ਸਾਲਾਂ ਦੌਰਾਨ ਲਗਪਗ 10 ਹਜ਼ਾਰ ਗ਼ੈਰ-ਸਰਕਾਰੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਹੈ। ਇਨ੍ਹਾਂ ਵਿਚੋਂ ਬਹੁਤੀਆਂ ਕਿਸੇ ਨਾ ਕਿਸੇ ਰੂਪ ਵਿਚ ਸਰਕਾਰ ਤੋਂ ਅਲੱਗ ਰਾਇ ਰੱਖਣ ਵਾਲੀਆਂ ਹਨ। ਤੀਸਤਾ ਸੀਤਲਵਾੜ ਦੇ ਸਬਰੰਗ ਟਰੱਸਟ ਉੱਤੇ ਪੰਜਾਹ ਫੀਸਦੀ ਤੋਂ ਵੱਧ ਵਿਦੇਸ਼ੀ ਫੰਡ ਪ੍ਰਬੰਧਕੀ ਕੰਮਾਂ ਲਈ ਵਰਤਣ ਉੱਤੇ ਲੱਗੀ ਰੋਕ ਦੀ ਉਲੰਘਣਾ ਕਰਨ ਦਾ ਦੋਸ਼ ਹੈ ਪਰ ਟਰੱਸਟ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਹੀ ਹਰ ਇਤਰਾਜ਼ ਦਾ ਨੁਕਤਾਵਾਈਜ਼ ਜਵਾਬ ਦੇ ਦਿੱਤਾ ਹੈ। ਇਸ ਦੇ ਬਾਵਜੂਦ ਉਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ।
ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਲਗਾਤਾਰ ਸਰਗਰਮ ਭੂਮਿਕਾ ਨਿਭਾਉਣ ਕਾਰਨ ਤੀਸਤਾ ਮੋਦੀ ਸਰਕਾਰ ਦੇ ਅੱਖ ਵਿਚ ਰੜਕ ਰਹੀ ਹੈ। ਸਬਰੰਗ ਟਰੱਸਟ ਦੀ ਰਜਿਸਟ੍ਰੇਸ਼ਨ ਰੱਦ ਕਰਨ ਦਾ ਫੈਸਲਾ ਅਦਾਲਤ ਵੱਲੋਂ ਗੁਲਬਰਗ ਕੇਸ ਸਬੰਧੀ ਅਦਾਲਤ ਦੇ ਫ਼ੈਸਲੇ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ। ਤੀਸਤਾ ਇਸ ਕੇਸ ਵਿਚ ਸਰਗਰਮ ਭੂਮਿਕਾ ਅਦਾ ਕਰ ਰਹੀ ਹੈ ਤੇ ਕਾਰਵਾਈ ਤੋਂ ਬਾਅਦ ਵੀ ਉਸ ਨੇ ਸਜ਼ਾ ਦੀ ਨਰਮੀ ਖਿਲਾਫ਼ ਉੱਚ ਅਦਾਲਤ ਵਿਚ ਜਾਣ ਦਾ ਐਲਾਨ ਕੀਤਾ ਹੈ।
___________________________________
ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਬੋਲਬਾਲਾ
ਵਾਸ਼ਿੰਗਟਨ: ਧਾਰਮਿਕ ਆਜ਼ਾਦੀ ਬਾਰੇ ਕੌਮਾਂਤਰੀ ਅਮਰੀਕੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਪ੍ਰਿੰਸਟਨ ਯੂਨੀਵਰਸਿਟੀ ਵਿਚ ਪ੍ਰੋਫੈਸਰ ਰੌਬਰਟ ਪੀæ ਜੌਰਜ ਨੇ ਅਮਰੀਕੀ ਕਾਨੂੰਨਸਾਜ਼ਾਂ ਨੂੰ ਦੱਸਿਆ ਹੈ ਕਿ ਭਾਰਤ ਵਿਚ ਧਾਰਮਿਕ ਸਹਿਣਸ਼ੀਲਤਾ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਅਤੇ ਉਥੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਗੈਰ ਸਰਕਾਰੀ ਜਥੇਬੰਦੀਆਂ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡਾਂ ਉਤੇ ਸਖਤਾਈ ਦਾ ਵੀ ਜ਼ਿਕਰ ਕੀਤਾ। ਸਦਨ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੀ ਅਫ਼ਰੀਕਾ, ਗਲੋਬਲ ਹੈਲਥ ਅਤੇ ਗਲੋਬਲ ਮਨੁੱਖੀ ਹੱਕਾਂ ਬਾਰੇ ਉਪ ਕਮੇਟੀ ਅੱਗੇ ਗਵਾਹੀ ਦਿੰਦਿਆਂ ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਖਾਸ ਕਰ ਕੇ ਇਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਪਿਛਲੇ ਇਕ ਸਾਲ ਦੌਰਾਨ ਹਿੰਦੂ ਜਥੇਬੰਦੀਆਂ ਹੱਥੋਂ ਅਪਮਾਨਿਤ ਹੋਣਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਕਮਰਾਨ ਭਾਜਪਾ ਦੇ ਮੈਂਬਰ ਇਨ੍ਹਾਂ ਜਥੇਬੰਦੀਆਂ ਨੂੰ ਸ਼ਹਿ ਦਿੰਦੇ ਹਨ ਅਤੇ ਤਣਾਅ ਨੂੰ ਹੋਰ ਵਧਾਉਣ ਲਈ ਉਹ ਧਰਮ ਦੇ ਆਧਾਰ ਉਤੇ ਵੰਡ ਪਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ।
___________________________________
ਐਨæਜੀæਓæ ਨੂੰ ਨਿਸ਼ਾਨਾ ਬਣਾ ਰਿਹੈ ਕੇਂਦਰ: ਮਾਇਆਵਤੀ
ਲਖਨਊ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨੀਂ ਵਿਦੇਸ਼ੀ ਫੰਡ ਦੀ ਦੁਰਵਰਤੋਂ ਦੇ ਦੋਸ਼ ਵਿਚ ਤੀਸਤਾ ਸੀਤਲਵਾੜ ਦੇ ਐਨæਜੀæਓæ ਸਬਰੰਗ ਟਰੱਸਟ ਦਾ ਐਫ਼ਸੀæਆਰæਏæ ਪੰਜੀਕਰਨ ਰੱਦ ਕਰਨ ਦੇ ਮਾਮਲੇ ਉਤੇ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਖਿਲਾਫ਼ ਸੰਘਰਸ਼ ਕਰਨ ਵਾਲੇ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।