ਭਾਰਤ ਵਿਚ ਪੰਜ ਸਾਲ ਬਾਅਦ ਮੁੜ ਪੋਲੀਓ ਵਾਇਰਸ

ਹੈਦਰਾਬਾਦ: ਭਾਰਤ ਵਿਚ ਪੰਜ ਸਾਲ ਬਾਅਦ ਪੋਲੀਓ ਦਾ ਵਾਇਰਸ ਮੁੜ ਪਾਇਆ ਗਿਆ ਹੈ। ਸਿੰਕਦਰਾਬਾਦ ਰੇਲਵੇ ਸਟੇਸ਼ਨ ਨੇੜਿਓਂ ਸੀਵਰੇਜ ਦੇ ਪਾਣੀ ਦਾ ਨਮੂਨਾ ਲਿਆ ਗਿਆ, ਜਿਸ ਦਾ ਟੈਸਟ ਕਰਨ ਉਤੇ ਇਕ ਵਿਸ਼ੇਸ਼ ਤਰ੍ਹਾਂ ਦਾ ਪੋਲੀਓ ਵਾਇਰਸ (ਪੀ-2 ਸਟ੍ਰੇਨ) ਪਾਇਆ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਤੇਲੰਗਾਨਾ ਸਰਕਾਰ ਨੇ ਪੋਲੀਓ ਖਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਹੈਦਰਾਬਾਦ ਤੇ ਰੰਗਰੈਡੀ ਜ਼ਿਲ੍ਹਿਆਂ ਦੇ ਤਿੰਨ ਲੱਖ ਬੱਚਿਆਂ ਨੂੰ ਇਸ ਵਾਇਰਸ ਤੋਂ ਬਚਾਅ ਲਈ ਟੀਕੇ ਵੀ ਲਗਾਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਸ ਵੀæਡੀæਪੀæਵੀæ ਹੈ।

ਮਾਹਿਰਾਂ ਅਨੁਸਾਰ ਸਭ ਤੋਂ ਵੱਧ ਡਰ ਇਸ ਗੱਲ ਦਾ ਹੈ ਕਿ ਇਹ ਵਾਇਰਸ ਹੋਰ ਸੂਬਿਆਂ ਵਿਚ ਵੀ ਫੈਲ ਸਕਦਾ ਹੈ। ਵਾਇਰਸ ਮਿਲਣ ਤੋਂ ਤੁਰਤ ਬਾਅਦ ਸਿਹਤ ਮੰਤਰਾਲੇ ਨੇ ਪ੍ਰਭਾਵਿਤ ਖੇਤਰ ਵਿਚ ਆਪਣੀ ਇਕ ਟੀਮ ਰਵਾਨਾ ਕੀਤੀ, ਹਾਲਾਂਕਿ ਅਜੇ ਤੱਕ ਕੋਈ ਵੀ ਬੱਚਾ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਸਾਲ 2013 ਵਿਚ ਭਾਰਤ ਨੂੰ ਡਬਲਿਊæ ਐਚæਓæ ਨੇ ਪੂਰੀ ਤਰ੍ਹਾਂ ਪੋਲੀਓ ਮੁਕਤ ਦੇਸ਼ ਐਲਾਨਿਆ ਸੀ। ਉਧਰ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਹ ਵਾਇਰਸ ਟੀਕੇ ਨਾਲ ਹੀ ਆਇਆ ਹੈ ਅਤੇ ਇਸ ਨਾਲ ਪੋਲੀਓ ਮੁਕਤ ਭਾਰਤ ਦੇ ਦਰਜੇ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਤਰਾਲਾ ਚੌਕਸੀ ਵਜੋਂ ਤੇਲੰਗਾਨਾ ਦੇ ਜ਼ਿਆਦਾ ਜ਼ੋਖਮ ਵਾਲੇ ਇਲਾਕਿਆਂ ਵਿਚ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਵੇਗਾ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਪੋਲੀਓ ਦਾ ਆਖਰੀ ਕੇਸ 13 ਜਨਵਰੀ, 2011 ਵਿਚ ਸਾਹਮਣੇ ਆਇਆ ਸੀ ਅਤੇ ਭਾਰਤ ਪੋਲੀਓ ਮੁਕਤ ਰਹੇਗਾ।
____________________________
ਭਾਰਤ ਵਿਚ ਜਣੇਪੇ ਦੌਰਾਨ ਹਰ ਘੰਟੇ ਪੰਜ ਔਰਤਾਂ ਦੀ ਮੌਤ
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਬੱਚੇ ਨੂੰ ਜਨਮ ਦੇਣ ਸਮੇਂ ਵਧੇਰੇ ਖੂਨ ਵਗ ਜਾਣ ਕਾਰਨ ਹਰ ਘੰਟੇ ਤਕਰੀਬਨ ਪੰਜ ਔਰਤਾਂ ਦੀ ਮੌਤ ਹੋ ਜਾਂਦੀ ਹੈ। ਭਾਰਤ ਵਿਚ ਹਰ ਸਾਲ ਤਕਰੀਬਨ 45,000 ਮਾਂਵਾਂ ਬੱਚਿਆਂ ਨੂੰ ਜਨਮ ਦੇਣ ਸਮੇਂ ਮਰ ਜਾਂਦੀਆਂ ਹਨ ਜੋ ਕਿ ਵਿਸ਼ਵ ਵਿਚ ਜਨਮ ਦੇਣ ਸਮੇਂ ਮਰਨ ਵਾਲੀਆਂ ਔਰਤਾਂ ਦਾ 17 ਫੀਸਦੀ ਬਣਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਮਾਵਾਂ ਦੀ ਮੌਤ ਦਾ ਵੱਡਾ ਕਾਰਨ ਬੱਚੇ ਨੂੰ ਜਨਮ ਦੇਣ ਦੌਰਾਨ ਪਹਿਲੇ 24 ਘੰਟਿਆਂ ਵਿਚ 500 ਤੋਂ 1000 ਮਿਲੀਗ੍ਰਾਮ ਤੱਕ ਖੂਨ ਦਾ ਵਗ ਜਾਣਾ ਹੈ।
ਭਾਰਤ ਵਿਚ ਇਕ ਲੱਖ ਬੱਚਿਆਂ ਨੂੰ ਜਨਮ ਦੇਣ ਸਮੇਂ ਕਰੀਬ 174 ਮਾਂਵਾਂ ਦੀ ਮੌਤ ਹੋ ਜਾਂਦੀ ਹੈ, ਭਾਰਤ ਵਿਚ ਹਰ ਸਾਲ ਤਕਰੀਬਨ 2æ6 ਕਰੋੜ ਬੱਚੇ ਪੈਦਾ ਹੁੰਦੇ ਹਨ ਤੇ ਇਸ ਤਰ੍ਹਾਂ ਕਰੀਬ 45 ਹਜ਼ਾਰ ਮਾਂਵਾਂ ਦੀ ਮੌਤ ਹੋ ਜਾਂਦੀ ਹੈ। ਭਾਰਤ ਦੇ ਆਪਣੇ ਅਨੁਮਾਨਤ ਅੰਕੜਿਆਂ ਮੁਤਾਬਕ ਵੀ 1 ਲੱਖ ਪਿੱਛੇ 167 ਮਾਂਵਾਂ ਬੱਚਿਆਂ ਨੂੰ ਜਨਮ ਦੇਣ ਸਮੇਂ ਮਰ ਜਾਂਦੀਆਂ ਹਨ ਜੋ ਕਿ 174 ਤੋਂ ਥੋੜ੍ਹਾ ਘੱਟ ਹਨ ਪਰ ਜਨਮ ਸਮੇਂ ਮਾਂਵਾਂ ਨੂੰ ਮੌਤ ਤੋਂ ਬਚਾਉਣ ਲਈ ਵੱਡੀ ਪਹਿਲ ਕਦਮੀ ਕਰਨ ਦੀ ਜ਼ਰੂਰਤ ਹੈ।