ਹਾਕਮ ਧਿਰ ਅਕਾਲੀ ਦਲ ਨੇ ਨੁੱਕਰੇ ਲਾਇਆ ਟੌਹੜਾ ਪਰਿਵਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕਾ ਦਾ ਇੰਚਾਰਜ ਸਤਬੀਰ ਸਿੰਘ ਖਟੜਾ ਨੂੰ ਲਾਉਣ ਨਾਲ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੂੰ ਪਾਰਟੀ ਵਿਚ ਨੁੱਕਰੇ ਲਾਉਣ ਦੇ ਸੰਕੇਤ ਦੇ ਦਿੱਤੇ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਨੌਜਵਾਨ ਅਕਾਲੀ ਆਗੂਆਂ ਨੂੰ ਹਲਕਾ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ।

ਦੂਜੇ ਨੌਜਵਾਨ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਨ, ਜਿਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਦਾ ਇੰਚਾਰਜ ਲਾਇਆ ਗਿਆ ਹੈ। ਹਰਿੰਦਰ ਪਾਲ ਸਿੰਘ ਚੰਦੂਮਾਜਰਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਨ।
ਸਾਲ 2012 ਦੀਆਂ ਆਮ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਤੋਂ ਜਥੇਦਾਰ ਟੌਹੜਾ ਦੀ ਪੁੱਤਰੀ ਕੁਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ। ਰੌਚਕ ਤੱਥ ਇਹ ਹੈ ਕਿ ਉਨ੍ਹਾਂ ਚੋਣਾਂ ਦੌਰਾਨ ਸਤਬੀਰ ਸਿੰਘ ਖਟੜਾ ਨੇ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਸਿਆਸੀ ਹਲਕਿਆਂ ਵਿਚ ਇਹ ਚਰਚਾ ਚਲਦੀ ਰਹੀ ਹੈ ਕਿ ਸ੍ਰੀ ਖਟੜਾ ਨੂੰ ਵੱਡੀ ਸਿਆਸੀ ਹਸਤੀ ਦਾ ਅਸ਼ੀਰਵਾਦ ਹਾਸਲ ਸੀ ਤੇ ਇਸ ਚੋਣ ਵਿਚ ਜਥੇਦਾਰ ਟੌਹੜਾ ਦੀ ਪੁੱਤਰੀ ਹਾਰ ਗਈ ਸੀ। ਸਨੌਰ ਵਿਧਾਨ ਸਭਾ ਹਲਕੇ ਤੋਂ ਚੰਦੂਮਾਜਰਾ ਦੇ ਪੁੱਤਰ ਨੂੰ ਹਲਕਾ ਇੰਚਾਰਜ ਲਾਉਣ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਤੇਜਿੰਦਰਪਾਲ ਸਿੰਘ ਸੰਧੂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵੇਲੇ ਟਿਕਟ ਦਿੱਤੇ ਜਾਣ ਦੀ ਉਮੀਦ ਨਹੀਂ ਹੈ।
ਪਾਰਟੀ ਵੱਲੋਂ ਪਟਿਆਲਾ ਦਿਹਾਤੀ ਹਲਕੇ ਸਬੰਧੀ ਲਏ ਫੈਸਲੇ ਤੋਂ ਬਾਅਦ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਟੌਹੜਾ ਗਰੁੱਪ ਦਾ ਇਕ ਤਰ੍ਹਾਂ ਨਾਲ ‘ਭੋਗ’ ਹੀ ਪਾ ਦਿੱਤਾ ਗਿਆ ਹੈ। ਸਾਲ 2012 ਦੀਆਂ ਚੋਣਾਂ ਦੌਰਾਨ ਜਥੇਦਾਰ ਟੌਹੜਾ ਦੇ ਜਵਾਈ ਦੀ ਟਿਕਟ ਕੱਟ ਕੇ ਪੁੱਤਰੀ ਨੂੰ ਦਿੱਤੀ ਗਈ ਸੀ ਤੇ ਇਸ ਵਾਰੀ ਪੁੱਤਰੀ ਨੂੰ ਵੀ ਟਿਕਟ ਦਿੱਤੇ ਜਾਣ ਦੇ ਆਸਾਰ ਨਹੀਂ ਹਨ।
ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਜੋ ਕਿ ਕਿਸੇ ਸਮੇਂ ਜਥੇਦਾਰ ਟੌਹੜਾ ਦੇ ਕਰੀਬੀ ਰਹੇ ਹਨ, ਨੇ ਬਾਦਲਾਂ ਨਾਲ ਨੇੜਤਾ ਵਧਾ ਲਈ ਹੈ। ਜਥੇਦਾਰ ਸੁਖਦੇਵ ਸਿੰਘ ਭੌਰ ਸਮੇਤ ਹੋਰ ਕਈ ਆਗੂ ਪਾਰਟੀ ਵਿਚ ਮਨਫ਼ੀ ਕਰ ਦਿੱਤੇ ਗਏ ਹਨ। ਸਤਬੀਰ ਸਿੰਘ ਖੱਟੜਾ ਦੇ ਪਿਤਾ ਰਣਬੀਰ ਸਿੰਘ ਖੱਟੜਾ ਇਸ ਸਮੇਂ ਫਿਰੋਜ਼ਪੁਰ ਰੇਂਜ ਦੇ ਡੀæਆਈæਜੀæ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਖਟੜਾ ਪਰਿਵਾਰ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਰਿਸ਼ਤੇਦਾਰ ਪਰਿਵਾਰ ਵੀ ਹੈ ਤੇ ਸ੍ਰੀ ਭੰਗੂ ਇਸ ਵੇਲੇ ਸੀæਬੀæਆਈæ ਦੀ ਹਿਰਾਸਤ ਵਿਚ ਹਨ।
_________________________________
ਪਟਿਆਲਾ ਹਲਕਾ ਖੋਹਣ ਤੋਂ ਟੌਹੜਾ ਪਰਿਵਾਰ ਨਾਰਾਜ਼
ਪਟਿਆਲਾ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਤੋਂ ਪਟਿਆਲਾ (ਦਿਹਾਤੀ) ਦੀ ਕਮਾਂਡ ਖੋਹੇ ਜਾਣ ਮਗਰੋਂ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਤੇ ਜਥੇਦਾਰ ਟੌਹੜਾ ਦੇ ਦੋਹਤੇ ਹਰਿੰਦਰਪਾਲ ਸਿੰਘ ਟੌਹੜਾ ਨੇ ਮੱਠੀ ਸੁਰ ਵਿਚ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਅਚਾਨਕ ਹੀ ਪਟਿਆਲਾ (ਦਿਹਾਤੀ) ਹਲਕਾ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਵਿਆਂ ਨੂੰ ਛੇਤੀ ਹੀ ਪਾਰਟੀ ਹਾਈਕਮਾਨ ਅੱਗੇ ਰੱਖਿਆ ਜਾਵੇਗਾ।
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਰਹਿਣਗੇ। ਸ਼ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਨੇ ਆਖਿਆ ਕਿ ਟੌਹੜਾ ਪਰਿਵਾਰ ਲਈ ਪਹਿਲਾਂ ਅਕਾਲੀ ਦਲ ਹੈ, ਫੈਸਲੇ ਜੋ ਵੀ ਹੋਣ ਉਹ ਬਾਅਦ ਦੀ ਗੱਲ ਹੈ। ਦੱਸਣਯੋਗ ਹੈ ਕਿ ਜਥੇਦਾਰ ਟੌਹੜਾ ਦਾ ਸਿਆਸੀ ਤੌਰ ‘ਤੇ ਵਾਹ ਅਮਲੋਹ ਹਲਕੇ ਨਾਲ ਹੀ ਰਿਹਾ ਹੈ। ਭਾਵੇਂ ਅਮਲੋਹ ਹਲਕਾ ਹੁਣ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਪੈਂਦਾ ਹੈ, ਪਰ ਪਹਿਲਾਂ ਇਹ ਸਾਰਾ ਇਲਾਕਾ ਪਟਿਆਲਾ ਜ਼ਿਲ੍ਹੇ ਦਾ ਹਿੱਸਾ ਹੀ ਸੀ ਤੇ ਪਿੰਡ ਟੌਹੜਾ ਵੀ ਅਮਲੋਹ ਹਲਕੇ ਦਾ ਹੀ ਹਿੱਸਾ ਸੀ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਵਿਚ ਇਹ ਗੱਲ ਮੁੜ ਉੱਠਣ ਲੱਗੀ ਹੈ ਕਿ ਟੌਹੜਾ ਪਰਿਵਾਰ ਨੂੰ ਅਮਲੋਹ ਹਲਕੇ ਦੀ ਵਾਗਡੋਰ ਸੌਂਪੀ ਜਾਵੇ।