ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਾ ਵਿਚ ਉਪ ਮੁੱਖ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ‘ਤੇ ਤਲਬ ਕੀਤਾ ਗਿਆ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਉਪ ਮੁੱਖ ਸੁਖਬੀਰ ਬਾਦਲ 20 ਜੁਲਾਈ ਨੂੰ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋ ਕੇ ਬਰਗਾੜੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਹੁਣ ਤੱਕ ਕੀਤੀ ਗਈ ਜਾਂਚ ਦੀ ਰਿਪੋਰਟ ਪੇਸ਼ ਕਰਨ।
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਿੰਨਾਂ ਤਖਤਾਂ ਦੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਵੀ ਟੇਕਿਆ। ਮੱਥਾ ਟੇਕਣ ਤੋਂ ਕਾਫੀ ਦੇਰ ਬਾਅਦ ਬਾਹਰ ਆਏ ਜਥੇਦਾਰਾਂ ਨੇ ਕਿਹਾ ਵਿਸ਼ੇਸ਼ ਬੈਠਕ ਕਰ ਕੇ ਕਈ ਅਹਿਮ ਗੁਰਮਤੇ ਪਾਸ ਕੀਤੇ ਗਏ ਹਨ। ਹਰਿਮੰਦਰ ਸਾਹਿਬ ਦੇ ਬਾਹਰ ਖੜ੍ਹੇ ਹੋ ਕੇ ਧਿਆਨ ਸਿੰਘ ਮੰਡ ਨੇ ਗੁਰਮਤੇ ਪੜ੍ਹੇ। ਇਨ੍ਹਾਂ ਗੁਰਮਤਿਆਂ ਵਿਚੋਂ ਪਹਿਲਾਂ ਗੁਰਮਤਾ ਇਹ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਤੇ ਪੰਜਾਬ ਵਿਚ ਹੋਰ ਥਾਵਾਂ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀ ਚਲਾਉਣ ਦੇ ਮਾਮਲਿਆਂ ਵਿਚ ਹੁਣ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਕਰ ਕੇ ਦੇਸ਼ ਵਿਦੇਸ਼ ਦੇ ਸਿੱਖਾਂ ਦੇ ਮਨਾਂ ਵਿਚ ਰੋਸ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਗ੍ਰਹਿ ਮੰਤਰਾਲੇ ਦਾ ਮੁਖੀ ਹੋਣ ਦੇ ਨਾਤੇ ਉਹ ਇਸ ਸਾਰੇ ਘਟਨਾਕ੍ਰਮ ਬਾਰੇ ਹੁਣ ਤੱਕ ਕੀਤੀ ਗਈ ਜਾਂਚ ਰਿਪੋਰਟ 20 ਜੁਲਾਈ ਨੂੰ ਸਾਡੇ ਕੋਲ ਪੇਸ਼ ਕਰੇ। ਇਨ੍ਹਾਂ ਗੁਰਮਤਿਆਂ ਤੋਂ ਇਲਾਵਾ ਪਾਸ ਕੀਤੇ ਗਏ ਕੁੱਲ ਪੰਜ ਮਤਿਆਂ ਵਿਚ ਦੇਸ਼ ਵਿਦੇਸ਼ ਵਿਚ ਅੰਮ੍ਰਿਤ ਸੰਚਾਰ ਦੀ ਮਰਿਆਦਾ ਨਾਲ ਕੀਤੀ ਜਾ ਰਹੀ ਛੇੜਛਾੜ ਤੇ ਕਈ ਹੋਰ ਪੰਥਕ ਮਸਲਿਆਂ ਉਤੇ ਗੰਭੀਰ ਵਿਚਾਰ ਕੀਤੇ ਗਏ।
__________________________________
ਥਾਪੇ ਜਥੇਦਾਰਾਂ ਨੂੰ ਗੁਰਮਤੇ ਦਾ ਕੋਈ ਹੱਕ ਨਹੀਂ
ਅੰਮ੍ਰਿਤਸਰ: ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਵੱਲੋਂ ਜਾਰੀ ਕੀਤੇ ਮਤਿਆਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਕਿ ਇਨ੍ਹਾਂ ਜਥੇਦਾਰਾਂ ਨੂੰ ਗੁਰਮਤਾ ਜਾਰੀ ਕਰਨ ਦਾ ਕੋਈ ਹੱਕ ਨਹੀਂ ਹੈ। ਜੋ ਗੁਰਮਤਾ ਪੇਸ਼ ਕੀਤਾ ਗਿਆ ਹੈ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਨਹੀਂ ਬਲਕਿ ਬਾਹਰ ਪੇਸ਼ ਕੀਤਾ ਗਿਆ ਹੈ।
_____________________________________
ਅਕਾਲੀ ਦਲ ਕੋਲ ਅਜਿਹੇ ਬਥੇਰੇ ਜਥੇਦਾਰ: ਸੁਖਬੀਰ
ਅੰਮ੍ਰਿਤਸਰ: ਸੁਖਬੀਰ ਸਿੰਘ ਬਾਦਲ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੀ ਤੁਲਣਾ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਨਾਲ ਕੀਤੀ ਹੈ। ਅਕਾਲ ਤਖਤ ‘ਤੇ ਤਲਬ ਕੀਤੇ ਜਾਣ ਬਾਰੇ ਪੁੱਛੇ ਸਵਾਲ ਉਤੇ ਸੁਖਬੀਰ ਨੇ ਮਾਮਲੇ ਨੂੰ ਅਣਡਿੱਠਾ ਕਰਦਿਆਂ ਆਖਿਆ, Ḕਕਿਹੜੇ ਜਥੇਦਾਰ, ਅਜਿਹੇ ਜਥੇਦਾਰ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਕਈ ਹਨ, ਜਿਨ੍ਹਾਂ ਵਿਚ ਜ਼ਿਲ੍ਹਾ ਅਕਾਲੀ ਜਥੇ ਦੇ ਜਥੇਦਾਰ ਸ਼ਾਮਲ ਹਨ।’