-ਜਤਿੰਦਰ ਪਨੂੰ
ਜਦੋਂ ਤੋਂ ਰਾਜ ਦੀ ਉਤਪਤੀ ਹੋਈ ਤੇ ਸਮਾਜ ਨੂੰ ਸੇਧਾਂ ਦੇਣ ਦੇ ਨਾਂ ਉਤੇ ਪਹਿਲਾਂ-ਪਹਿਲ ਰਾਜੇ ਬਣਨ ਅਤੇ ਰਾਜ ਕਰਨ ਲੱਗੇ, ਉਦੋਂ ਤੋਂ ਹੀ ਰਾਜ ਦੇ ਨਾਲ ਦੋ ਗੱਲਾਂ ਜੁੜ ਗਈਆਂ। ਇੱਕ ਤਾਂ ਇਹ ਕਿ ਰਾਜ ਚੱਲਦਾ ਰੱਖਣ ਲਈ ਰਾਜ ਦੀ ਤਾਕਤ ਇਨੀ ਹੋਣੀ ਚਾਹੀਦੀ ਹੈ ਕਿ ਉਸ ਦੇ ਮੂਹਰੇ ਕੋਈ ਸਿਰ ਚੁੱਕਣ ਦੀ ਜੁਰੱਅਤ ਨਾ ਕਰੇ। ਜਿਹੜੇ ਰਾਜੇ ਬਹੁਤ ਸ਼ਾਂਤ-ਚਿੱਤ ਤੇ ਲੋਕਾਂ ਨਾਲ ਮੋਹ ਰੱਖਣ ਵਾਲੇ ਗਿਣੇ ਜਾਂਦੇ ਸਨ, ਉਹ ਵੀ ਮੋਹ ਦਾ ਪ੍ਰਗਟਾਵਾ ਉਦੋਂ ਹੀ ਕਰਨ ਲੱਗੇ ਸਨ,
ਜਦੋਂ ਲੋਕਾਂ ਨੂੰ ਆਪਣੀ ਤਾਕਤ ਦੀ ਝਲਕ ਵਿਖਾ ਕੇ ਸਮਝਾ ਲਿਆ ਸੀ ਕਿ ਮੋਹ ਦੇ ਭਰਮ ਹੇਠ ਕਿਸੇ ਤਰ੍ਹਾਂ ਦੀ ‘ਗੁਸਤਾਖੀ’ ਕਰਨ ਬਾਰੇ ਨਾ ਸੋਚਣ ਲੱਗ ਪੈਣ। ਅਸ਼ੋਕ ਬਹੁਤ ਅਮਨ-ਪਸੰਦ ਰਾਜਾ ਗਿਣਿਆ ਗਿਆ, ਪਰ ਅਮਨ ਵਾਲੇ ਰਾਹ ਉਹ ਪਿੱਛੋਂ ਪਿਆ ਸੀ, ਪਹਿਲਾਂ ਕਾਲਿੰਗਾ ਦੀ ਲੜਾਈ ਵਿਚ ਸੱਥਰ ਵਿਛਾ ਕੇ ਲੋਕਾਂ ਨੂੰ ਤਾਕਤ ਵਿਖਾ ਲਈ ਸੀ। ਉਦੋਂ ਤੋਂ ਰਾਜ ਇੱਕ ਦਹਿਸ਼ਤ ਦਾ ਪ੍ਰਤੀਕ ਮੰਨਿਆ ਜਾਣ ਲੱਗਾ।
ਦੂਸਰੀ ਗੱਲ ਰਾਜੇ ਦੇ ਨਾਲ ਇਹ ਜੁੜੀ ਹੋਈ ਹੈ ਕਿ ਉਹ ਆਪਣੇ ਆਪ ਨੂੰ ਰੱਬ ਦਾ ਦੂਤ ਬਣਾ ਕੇ ਪੇਸ਼ ਕਰੇ ਤੇ ਆਮ ਲੋਕਾਂ ਨੂੰ ਇਹ ਸਮਝਾਉਣ ਦਾ ਕੰਮ ਜਾਰੀ ਰੱਖਿਆ ਜਾਵੇ ਕਿ ਰਾਜਾ ਆਪ ਕੁਝ ਨਹੀਂ ਕਰਦਾ, ਇਸ ਤੋਂ ਰੱਬ ਕਰਾਉਂਦਾ ਹੈ। ਇਹੋ ਕਾਰਨ ਹੈ ਕਿ ਮੁੱਢਲੇ ਰਾਜਿਆਂ ਤੋਂ ਲੈ ਕੇ ਅਜੋਕੇ ਦੌਰ ਦੇ ਚੁਣੇ ਹੋਏ ਰਾਜਿਆਂ ਤੱਕ ਵੀ ਰਾਜੇ ਦੀ ਨਿਯੁਕਤੀ ਦਾ ਪ੍ਰਬੰਧ ਹੀ ਬਦਲਦਾ ਰਿਹਾ, ਰਾਜ ਕਰਨ ਦੀ ਰੀਤ ਉਹੋ ਰਹੀ ਹੈ। ਸਾਡੇ ਦੌਰ ਵਿਚ ਚੁਣੇ ਹੋਏ ‘ਰਾਜੇ’ ਵੀ ਉਹੋ ਕੁਝ ਕਰਦੇ ਹਨ।
ਰਾਜ ਕਰਨ ਲਈ ਸਭ ਤੋਂ ਪਹਿਲਾ ਕੰਮ ਆਪਣੇ ਅਧਿਕਾਰ ਖੇਤਰ ਦੀ ਜਨਤਾ ਨੂੰ ਤਾਕਤ ਵਿਖਾਉਣ ਦਾ ਹੁੰਦਾ ਹੈ ਅਤੇ ਰਾਜ ਕਰਨ ਵਾਲੇ ਆਗੂ ਇਸ ਤਰ੍ਹਾਂ ਕਰਦਿਆਂ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਅਸ਼ੋਕ ਨੇ ਕਾਲਿੰਗਾ ਦੀ ਲੜਾਈ ਵਿਚ ਸੱਥਰ ਵਿਛਾਉਣ ਪਿੱਛੋਂ ਅਮਨ ਦਾ ਮਸੀਹਾ ਬਣ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਸੀ। ਹੁਣ ਦੇ ਰਾਜੇ ਕਿਸੇ ਵੀ ਰਾਜ ਦੇ ਲੋਕਾਂ ਨੂੰ ਆਪੋ ਵਿਚ ਲੜਾਉਣ ਤੇ ਫਿਰ ਇਸ ਭੇੜ ਵਿਚ ਸਭ ਤੋਂ ਤਿੱਖੇ ਵਗਣ ਵਾਲੇ ਦਾਗੀ ਚਿਹਰਿਆਂ ਨੂੰ ਚੋਣ ਲੜਾ ਕੇ ਰਾਜ-ਸੱਤਾ ਸੰਭਾਲਦੇ ਹਨ। ਭਾਰਤ ਦੇ ਲਗਭਗ ਹਰ ਰਾਜ ਵਿਚ ਇਹੋ ਜਿਹੇ ਭੇੜ ਦੇ ਤਜਰਬੇ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਕੁੱਕੜਾਂ ਵਾਂਗ ਲੜਾਈ ਵਿਚ ਲਹੂ-ਲੁਹਾਨ ਕਰਨ ਪਿੱਛੋਂ ਜ਼ਖਮਾਂ ਨੂੰ ਮਲ੍ਹਮ ਲਾਉਣ ਦੇ ਚਲਿੱਤਰ ਨਾਲ ਵੋਟਾਂ ਮੰਗੀਆਂ, ਖਰੀਦੀਆਂ ਤੇ ਖੋਹੀਆਂ ਜਾਂਦੀਆਂ ਹਨ।
ਪੰਜਾਬ, ਉਤਰ ਪ੍ਰਦੇਸ਼, ਉਤਰਾ ਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣਾਂ ਅਗਲਾ ਸਾਲ ਚੜ੍ਹਦੇ ਨਾਲ ਹੋਣ ਵਾਲੀਆਂ ਹਨ। ਉਨ੍ਹਾਂ ਦੀ ‘ਅਸਲ ਤਿਆਰੀ’ ਦੀ ਪ੍ਰਕਿਰਿਆ ਹੁਣੇ ਤੋਂ ਚੱਲ ਪਈ ਹੈ, ਜਿਸ ਵਿਚ ਪਹਿਲਾਂ ਲੋਕਾਂ ਨੂੰ ਰੁਆਇਆ ਤੇ ਫਿਰ ਵਰਾਇਆ ਜਾਂਦਾ ਹੈ ਅਤੇ ਉਨ੍ਹਾਂ ਅੱਗੇ ਚੋਗਾ ਸੁੱਟਣ ਵਿਚ ਵੀ ਕਸਰ ਨਹੀਂ ਰਹਿਣ ਦਿੱਤੀ ਜਾਂਦੀ।
ਉਂਜ ਇਹ ਚੋਗਾ ਜਿਵੇਂ ਚੋਣਾਂ ਮੌਕੇ ਸੁੱਟਿਆ ਜਾਂਦਾ ਹੈ, ਸੁੱਟਿਆ ਥੋੜ੍ਹਾ ਤੇ ਵਿਖਾਇਆ ਵੱਧ ਜਾਂਦਾ ਹੈ ਤੇ ਨਾਲ ਕਿਹਾ ਜਾਂਦਾ ਹੈ ਕਿ ਬਾਕੀ ਦਾ ਮਾਲ ਚੋਣਾਂ ਮਗਰੋਂ ਤੁਹਾਨੂੰ ਪਰੋਸਿਆ ਜਾਵੇਗਾ। ਦਿੱਲੀ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 1984 ਵਾਲੇ ਕਤਲੇਆਮ ਪੀੜਤਾਂ ਨੂੰ ਮੁਆਵਜ਼ੇ ਵਜੋਂ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ, ਕੁਝ ਥਾਂਈਂ ਪੈਸੇ ਵੰਡੇ ਗਏ ਤੇ ਬਾਕੀਆਂ ਨੂੰ ਕਿਹਾ ਗਿਆ ਕਿ ਚੋਣਾਂ ਮਗਰੋਂ ਵੰਡੇ ਜਾਣਗੇ। ਚੋਣਾਂ ਲੰਘ ਗਈਆਂ ਤਾਂ ਕੋਈ ਵੰਡਣ ਨਹੀਂ ਆਇਆ। ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੋਲੋਂ ਓਨੇ ਪੈਸੇ ਵੰਡ ਕੇ ਉਨ੍ਹਾਂ ਦਾ ਬਿੱਲ ਕੇਂਦਰ ਨੂੰ ਭੇਜ ਕੇ ਨਵਾਂ ਮੁੱਦਾ ਖੜਾ ਕਰ ਦਿੱਤਾ। ḔਆਪḔ ਪਾਰਟੀ ਨੇ ਭਾਜਪਾ ਦੇ ਦਾਅਵੇ ਵਾਲਾ ਕੰਮ ਕਰ ਦਿੱਤਾ, ਪਰ ਜਿੰਨੇ ਵਾਅਦੇ ਖੁਦ ਕੀਤੇ ਹੋਏ ਸਨ, ਉਨ੍ਹਾਂ ਵਿਚੋਂ ਕਈਆਂ ਉਤੇ ਅਜੇ ਤੱਕ ਵੀ ਅਮਲ ਕਰਨ ਦਾ ਚੇਤਾ ਨਹੀਂ ਆਇਆ, ਤੇ ਸ਼ਾਇਦ ਅਗਲੀ ਚੋਣ ਵੇਲੇ ਲੋਕ ਚੇਤੇ ਕਰਾਉਣਗੇ।
ਚੋਣ ਚੋਗਾ ਲੋਕਾਂ ਅੱਗੇ ਪਰੋਸਣ ਅਤੇ ਫਿਰ ਕੰਮ ਰੋਕੀ ਰੱਖਣ ਦਾ ਰੁਝਾਨ ਅੱਜ ਦੇ ਲੋਕ-ਰਾਜ ਵਿਚ ਹਰ ਪਾਸੇ ਦਿਖਾਈ ਦਿੰਦਾ ਹੈ। ਕਈ ਕੰਮ ਹੋਣ ਵਾਲੇ ਹੁੰਦੇ ਹਨ, ਕਰਨ ਵਿਚ ਅੜਿੱਕਾ ਕੋਈ ਨਾ ਵੀ ਹੋਵੇ ਤਾਂ ਵੀ ਇਸ ਲਈ ਅਟਕਾ ਕੇ ਰੱਖੇ ਜਾਂਦੇ ਹਨ ਕਿ ਪਹਿਲਾਂ ਕਰ ਦਿੱਤੇ ਤਾਂ ਉਦੋਂ ਤੱਕ ਇਹ ਲੋਕਾਂ ਨੂੰ ਭੁੱਲ ਜਾਣਗੇ, ਇਸ ਲਈ ਅਗਲੀ ਚੋਣ ਨੇੜੇ ਆਉਣ ਵੇਲੇ ਕੀਤੇ ਜਾਣਗੇ। ਸੜਕਾਂ ਦੀ ਹਾਲਤ ਖਸਤਾ ਹੈ ਤਾਂ ਖਸਤਾ ਰਹੇਗੀ ਤੇ ਅੰਤਲੇ ਸਾਲ ਵਿਚ ਚੇਤੇ ਕੀਤੀ ਜਾਵੇਗੀ। ਓਧਰ ਚੋਣ ਜ਼ਾਬਤਾ ਲਾਗੂ ਹੋਣ ਦੇ ਅੰਦਾਜ਼ੇ ਲੱਗ ਰਹੇ ਹੋਣਗੇ ਤੇ ਏਧਰ ਸੜਕਾਂ ਬਣਾਉਣ ਲਈ ਹਰ ਪਾਸੇ ਰੋਡ-ਰੋਲਰ ਅਤੇ ਪ੍ਰੀ-ਮਿਕਸ ਵਾਲੇ ਟਰੱਕ ਦੌੜਦੇ ਦਿਖਾਈ ਦੇਣਗੇ। ਕਈ ਫਲਾਈ ਓਵਰ ਬਣ ਕੇ ਤਿਆਰ ਹੋ ਜਾਂਦੇ ਹਨ, ਸਿਰਫ ਦੋਵਾਂ ਪਾਸਿਆਂ ਤੋਂ ਸੜਕ ਨਾਲ ਜੋੜਨਾ ਬਾਕੀ ਹੁੰਦਾ ਹੈ, ਲੋਕ ਉਨ੍ਹਾਂ ਦੇ ਚੱਲਣ ਨੂੰ ਉਡੀਕਦੇ ਹਨ, ਪਰ ਉਹ ਬਣਾਏ ਨਹੀਂ ਜਾਂਦੇ ਅਤੇ ਜਦੋਂ ਪੰਜਵਾਂ ਸਾਲ ਅੱਧਾ ਲੰਘ ਜਾਂਦਾ ਹੈ, ਫਿਰ ‘ਬੂਹੇ ਖਲੋਤੀ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਇਸ ਕੰਮ ਵਿਚ ਅੱਗੋਂ ਠੇਕੇਦਾਰ ਪੂਰਾ ਖਿਆਲ ਰੱਖਦੇ ਹਨ ਕਿ ਸੜਕ ਏਨੀ ਕੁ ਪੱਕੀ ਕਰਨੀ ਹੈ ਕਿ ਚੋਣਾਂ ਤੱਕ ਚੱਲ ਜਾਵੇ, ਬਹੁਤੀ ਖੇਚਲ ਦੀ ਲੋੜ ਨਹੀਂ। ਪੰਜਾਬੀ ਦਾ ਇਹ ਮੁਹਾਵਰਾ ਕਿ ਲਾਗੀਆਂ ਨੇ ਲਾਗ ਲੈ ਲੈਣਾ, ਭਾਵੇਂ ਜਾਂਦੇ ਸਾਰ ਰੰਡੀ ਹੋ ਜਾਵੇ। ਇਨ੍ਹਾਂ ਕੰਮਾਂ ਲਈ ਲੱਗੇ ਹੋਏ ਠੇਕੇਦਾਰ ਅਮਲ ਵਿਚ ਵਰਤ ਜਾਂਦੇ ਹਨ ਤੇ ਡੰਗ-ਟਪਾਊ ਸੜਕਾਂ ਬਣਾ ਕੇ ਵਕਤ ਲੰਘਾਈ ਜਾਂਦੇ ਹਨ।
ਪ੍ਰਾਚੀਨ ਰਾਜ ਪ੍ਰਬੰਧ ਦੀ ਦੂਸਰੀ ਰਵਾਇਤ ਇਹ ਸੀ ਕਿ ਕੁਝ ਆਪੇ ਬਣੇ ਹੋਏ ਧਰਮ ਗੁਰੂ ਉਦੋਂ ਦੇ ਰਾਜਿਆਂ ਨੂੰ ਨਾ ਸਿਰਫ ਰੱਬ ਦਾ ਦੂਤ ਬਣਾ ਕੇ ਪੇਸ਼ ਕਰਦੇ ਸਨ, ਉਨ੍ਹਾਂ ਨੂੰ ਰਾਜ-ਤਿਲਕ ਲਾਉਂਦੇ ਸਨ, ਸਗੋਂ ਉਹ ਅਤੇ ਰਾਜਾ ਆਪੋ ਵਿਚ ਏਨੇ ਘਿਓ-ਖਿਚੜੀ ਹੁੰਦੇ ਸਨ ਕਿ ਹਰ ਗੱਲ ਵਿਚ ਸੁਰ ਮਿਲਦੀ ਸੀ। ਸਾਡੇ ਦੌਰ ਵਿਚ ਫਿਰ ਇਹੋ ਕੁਝ ਹੁੰਦਾ ਵੇਖ ਰਹੇ ਹਾਂ। ਹਰ ਰਾਜਸੀ ਆਗੂ ਦੇ ਨਾਲ ਲੋੜ ਜੋਗੇ ਸਾਧ ਤੇ ਜੋਗੀ ਹੀ ਨਹੀਂ, ਤੰਤਰ-ਮੰਤਰ ਦੀ ਠੱਗੀ ਕਰਨ ਵਾਲੇ ਵੀ ਜੁੜੇ ਹੋਏ ਦਿਸਦੇ ਹਨ ਅਤੇ ਉਹ ਰਾਜਿਆਂ ਦੇ ਪਰਦੇ ਢੱਕਣ ਲਈ ਹਰ ਹੱਦ ਪਾਰ ਕਰੀ ਜਾਂਦੇ ਹਨ, ਉਨ੍ਹਾਂ ਉਤੇ ਆਈ ਹਰ ਔਕੜ ਵੇਲੇ ਲੋਕਤੰਤਰੀ ਰਾਜੇ ਵੀ ਮਦਦ ਕਰਨ ਬਹੁੜਦੇ ਹਨ। ਅਸੀਂ ਕਾਂਗਰਸ ਦੇ ਰਾਜ ਵਿਚ ਵੀ ਇਹੋ ਕੁਝ ਹੁੰਦਾ ਕਈ ਵਾਰ ਵੇਖਿਆ ਹੈ, ਜਿਸ ਵਿਚ ਇੰਦਰਾ ਗਾਂਧੀ ਦੇ ਰਾਜ ਵੇਲੇ ਧੀਰੇਂਦਰ ਬ੍ਰਹਮਚਾਰੀ ਦੇ ਇਸ਼ਾਰਿਆਂ ਉਤੇ ਸਰਕਾਰ ਘੁੰਮਦੀ ਹੁੰਦੀ ਸੀ ਤੇ ਨਰਸਿਮਹਾ ਰਾਓ ਦੇ ਵਕਤ ਚੰਦਰਾ ਸਵਾਮੀ ਆਪਣੇ ਆਪ ਨੂੰ ਪੌਣਾ ਪ੍ਰਧਾਨ ਮੰਤਰੀ ਬਣਾ ਕੇ ਪੇਸ਼ ਕਰਿਆ ਕਰਦਾ ਸੀ। ਹੁਣ ਵਾਲੇ ਲੋਕਤੰਤਰੀ ਰਾਜਿਆਂ ਦੇ ਕੋਲ ਉਨ੍ਹਾਂ ਦੇ ਮੁਕਾਬਲੇ ਕੁਝ ਵੱਧ ਤਿੱਖੀ ਚਾਲ ਚੱਲਣ ਵਾਲੇ ਧਰਮ ਗੁਰੂ ਹਨ, ਜਿਹੜੇ ਹਰ ਦੁੱਖ ਦਾ ਦਾਰੂ ਪੇਸ਼ ਕਰੀ ਜਾਂਦੇ ਹਨ।
ਇਸ ਵਕਤ ਦੇ ਕਿੰਨੇ ਸਾਰੇ ਧਰਮ ਗੁਰੂਆਂ ਅਤੇ ਸਵਾਮੀਆਂ ਵਿਚੋਂ ਸਿਰਫ ਯੋਗੀ ਰਾਮਦੇਵ ਦਾ ਮਾਮਲਾ ਵੇਖਣ ਦੇ ਨਾਲ ਕਈ ਤਮਾਸ਼ੇ ਸਮਝ ਆ ਜਾਂਦੇ ਹਨ। ਬੀਤੇ ਦਿਨੀਂ ਜਦੋਂ ਹਰ ਪਾਸੇ ਇਸ ਗੱਲ ਦੀ ਚਰਚਾ ਸੀ ਕਿ ਦੇਸ਼ ਵਿਚ ਮਹਿੰਗਾਈ ਸਿਖਰਾਂ ਛੋਹ ਰਹੀ ਹੈ, ਪ੍ਰਧਾਨ ਮੰਤਰੀ ਵਿਦੇਸ਼ ਯਾਤਰਾ ਲਈ ਗਿਆ ਰਹਿੰਦਾ ਹੈ ਤਾਂ ਯੋਗੀ ਰਾਮਦੇਵ ਉਦੋਂ ਨਰਿੰਦਰ ਮੋਦੀ ਦੀ ਥਾਂ ਸਫਾਈ ਦੇਣ ਲਈ ਇਸ ਤਰ੍ਹਾਂ ਬੋਲਿਆ, ਜਿਵੇਂ ਭਾਜਪਾ ਦਾ ਬੁਲਾਰਾ ਹੋਵੇ। ਇੱਕ ਸਵਾਲ ਇਹ ਪੁੱਛਿਆ ਗਿਆ ਕਿ ਬਾਬਾ ਜੀ, ਤੁਹਾਡੇ ਨੇੜਤਾ ਵਾਲੇ ਇਸ ਰਾਜ ਵਿਚ ਦਾਲ ਦਾ ਭਾਅ ਇੱਕ ਹਫਤੇ ਵਿਚ ਸੌ ਤੋਂ ਤੁਰ ਕੇ ਇੱਕ ਸੌ ਸੱਠ ਰੁਪਏ ਕਿੱਲੋ ਤੱਕ ਜਾ ਪੁੱਜਾ ਹੈ, ਲੋਕਾਂ ਦਾ ਬੁਰਾ ਹਾਲ ਹੈ। ਯੋਗੀ ਬਾਬਾ ਦੀ ਯੋਗ ਸਾਧਨਾ ਦਾ ਸਿਰਾ ਕਰਨ ਵਾਲਾ ਜਵਾਬ ਸੀ ਕਿ ਜਦੋਂ ਦਾਲ ਮਹਿੰਗੀ ਹੋ ਜਾਵੇ ਤਾਂ ਲੋਕਾਂ ਨੂੰ ਦੇਸ਼ ਦੇ ਹਿੱਤ ਦਾ ਧਿਆਨ ਰੱਖ ਕੇ ਦਾਲ ਵਿਚ ਦਾਣੇ ਘੱਟ ਅਤੇ ਪਾਣੀ ਵੱਧ ਪਾ ਕੇ ਉਬਾਲਣਾ ਚਾਹੀਦਾ ਹੈ, ਇਹ ਸਿਹਤ ਵਾਸਤੇ ਵੀ ਚੰਗਾ ਹੈ।
ਸਾਡੇ ਕੋਲ ਇਹ ਪਤਾ ਕਰਨ ਦਾ ਕੋਈ ਵਸੀਲਾ ਨਹੀਂ ਕਿ ਇਹੋ ਜਿਹੀ ਸਥਿਤੀ ਕਦੇ ਪੁਰਾਣੇ ਰਿਸ਼ੀਆਂ ਦੇ ਮੌਕੇ ਆਈ ਹੋਵੇਗੀ ਜਾਂ ਨਹੀਂ ਅਤੇ ਜੇ ਕਦੇ ਆਈ ਸੀ ਤਾਂ ਰਿਸ਼ੀਆਂ ਨੇ ਏਦਾਂ ਦਾ ਫਾਰਮੂਲਾ ਲੋਕਾਂ ਨੂੰ ਦੱਸਣ ਦੀ ਹਿੰਮਤ ਵੀ ਕੀਤੀ ਸੀ ਜਾਂ ਨਹੀਂ, ਪਰ ਸਾਡੇ ਸਮੇਂ ਵਿਚ ਇਸ ਤਰ੍ਹਾਂ ਦੀ ਰਿਸ਼ੀਆਂ ਦੀ ਪੇਸ਼ਕਾਰੀ ਆਮ ਹੁੰਦੀ ਹੈ। ਇਸ ਤੋਂ ਵੀ ਵੱਧ ਜਿਹੜੀ ਗੱਲ ਕਮਾਲ ਦੀ ਹੈ, ਉਹ ਇਹ ਕਿ ਬਾਬਾ ਆਪਣੇ ਯੋਗ ਆਸਣਾਂ ਵਾਂਗ ਚੋਲੇ ਵੀ ਬਦਲ ਸਕਦਾ ਹੈ ਤੇ ਲੋਕ ਉਸ ਦੀ ਚਾਲ ਨੂੰ ਸਮਝ ਨਹੀਂ ਸਕਦੇ। ਰਾਮਦੇਵ ਪਹਿਲਾਂ ਕਾਂਗਰਸੀਆਂ ਦਾ ਜੋਟੀਦਾਰ ਸੀ। ਉਸ ਦੇ ਕਈ ਆਸ਼ਰਮਾਂ ਲਈ ਸਰਕਾਰੀ ਖਾਤੇ ਚੋਂ ਜ਼ਮੀਨਾਂ ਦੇਣ ਦਾ ਕੰਮ ਪਹਿਲਾਂ ਕਾਂਗਰਸੀ ਸਰਕਾਰਾਂ ਨੇ ਕੀਤਾ ਸੀ। ਅਗਲੀ ਚੋਣ ਵਾਰੀ ਉਹ ਕੀ ਕਰੇਗਾ, ਇਸ ਦਾ ਅੰਦਾਜ਼ਾ ਕਈ ਲੋਕ ਲਾਈ ਜਾਂਦੇ ਹਨ। ਏਦਾਂ ਦੇ ਅੰਦਾਜ਼ੇ ਲਾਉਣ ਨੂੰ ਵੱਡੇ-ਵੱਡੇ ਮਾਹਰਾਂ ਤੋਂ ਵੱਧ ਮੁਹਾਰਤ ਆਮ ਲੋਕ ਰੱਖਦੇ ਹਨ ਅਤੇ ਉਨ੍ਹਾਂ ਵੱਲੋਂ ਲਾਏ ਅੰਦਾਜ਼ੇ ਆਮ ਕਰ ਕੇ ਗਲਤ ਵੀ ਨਹੀਂ ਹੁੰਦੇ।
ਪਿਛਲੇ ਦਿਨੀਂ ਮਾਲਵੇ ਦੇ ਇੱਕ ਪਿੰਡ ਦੀ ਸੱਥ ਵਿਚ ਬੈਠੇ ਕੁਝ ਲੋਕਾਂ ਕੋਲ ਇੱਕ ਪੱਤਰਕਾਰ ਗਿਆ ਤੇ ਪੁੱਛਣ ਲੱਗਾ ਕਿ ਹੁਣ ਪੰਜਾਬ ਵਿਚ ਕਿਹੜੀ ਪਾਰਟੀ ਜਿੱਤ ਸਕਦੀ ਹੈ? ਇੱਕ ਅਮਲੀ ਨੇ ਸਹਿਜ ਭਾਵ ਨਾਲ ਆਖਿਆ ਕਿ ਫਲਾਣੀ ਪਾਰਟੀ ਜਿੱਤ ਜਾਣੀ ਹੈ। ਕਾਰਨ ਪੁੱਛਣ ਉਤੇ ਅਮਲੀ ਨੇ ਕਿਹਾ ਕਿ ਸਾਡੇ ਪਾਸੇ ਦੇ ਮਾੜੇ ਧੰਦੇ ਕਰਨ ਵਾਲੇ ਸਾਰੇ ਬੰਦੇ ਉਸ ਪਾਰਟੀ ਨਾਲ ਜਾ ਜੁੜੇ ਹਨ। ਇਨ੍ਹਾਂ ਬੰਦਿਆਂ ਨੂੰ ਸਰਕਾਰੀ ਢੋਅ ਦੀ ਲੋੜ ਹੁੰਦੀ ਹੈ, ਅਗੇਤੇ ਅੰਦਾਜ਼ਾ ਲਾ ਲੈਂਦੇ ਹਨ ਕਿ ਫਲਾਣੇ ਨੇ ਜਿੱਤਣਾ ਹੈ, ਉਸ ਨਾਲ ਜਾ ਜੁੜਦੇ ਹਨ। ਉਨ੍ਹਾਂ ਦੇ ਅੰਦਾਜ਼ੇ ਗਲਤ ਨਹੀਂ ਹੁੰਦੇ।
ਬਿਹਾਰ ਵਿਚ ਰਾਮ ਵਿਲਾਸ ਪਾਸਵਾਨ ਨੂੰ ਚੋਣਾਂ ਦੇ ਮੌਸਮ ਦਾ ਸਭ ਤੋਂ ਵੱਡਾ ਵਿਗਿਆਨੀ ਕਿਹਾ ਜਾਂਦਾ ਹੈ, ਜਿਹੜਾ ਹਰ ਵਾਰ ਜਿੱਤਣ ਵਾਲੇ ਗੱਠਜੋੜ ਨਾਲ ਅਗੇਤਾ ਜਾ ਜੁੜਦਾ ਹੈ। ਉਹੋ ਜਿਹਾ ਸੁਭਾਅ ਬਾਬਾ ਰਾਮਦੇਵ ਦਾ ਹੋਣ ਕਾਰਨ ਹੁਣ ਤੋਂ ਉਸ ਬਾਰੇ ਅੰਦਾਜ਼ੇ ਲੱਗਣ ਲੱਗੇ ਹਨ ਕਿ ਅਗਲੀ ਵਾਰ ਉਹ ਹੋਰ ਭਾਵੇਂ ਕਿਸੇ ਨਾਲ ਜਾਵੇ, ਭਾਜਪਾ ਨਾਲ ਖੜਾ ਦਿਖਾਈ ਨਹੀਂ ਦੇਵੇਗਾ। ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਲੀਡਰ ਵੱਖਰੀ-ਨਿਆਰੀ ਕਿਸਮ ਦੀ ਪਾਰਟੀ ਬਣਾਉਣ ਤੇ ਨਵਾਂ ਸੁਫਨਾ ਵਿਖਾਉਣ ਤੁਰੇ ਸਨ, ਉਨ੍ਹਾਂ ਵਿਚੋਂ ਵੀ ਕਈ ਲੋਕ ਹੁਣ ਏਦਾਂ ਦੇ ਲੋੜ ਜੋਗੇ ਸਾਧ ਲੱਭਣ ਲਈ ਤੁਰੇ ਹੋਏ ਹਨ, ਜਿਨ੍ਹਾਂ ਵਿਚੋਂ ਭਲਕ ਨੂੰ ਕੋਈ ਗੁਰੂ ਦਰੋਣਾਚਾਰੀਆ ਤੇ ਕੋਈ ਚਾਣਕੀਆ ਬਣਾ ਕੇ ਉਭਾਰਿਆ ਜਾ ਸਕੇ। ਜੇ ਇਹੋ ਕੁਝ ਕਰਨਾ ਸੀ ਤਾਂ ਲੋਕਾਂ ਦੇ ਮਨਾਂ ਵਿਚ ਨਵੀਂ ਤਰ੍ਹਾਂ ਦਾ ਸੁਫਨਾ ਵਿਖਾਉਣ ਦੀ ਕੀ ਲੋੜ ਸੀ?