ਕੌਣ ਹੈ ਅਸਲ ਵਾਰਿਸ ਕੈਨੇਡਾ ਵਿਚ ਕਬੱਡੀ ਦਾ!

ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਰਕੇ ਵਡਿਆਇਆ ਜਾਂਦਾ ਹੈ। ਪਰ ਕੀ ਕਬੱਡੀ ਨੂੰ ਸੱਚਮੁੱਚ ਉਹ ਮਾਣ ਪ੍ਰਬੰਧਕਾਂ ਅਤੇ ਪ੍ਰੋਮੋਟਰਾਂ ਵਲੋਂ ਦਿੱਤਾ ਜਾਂਦਾ ਹੈ? ਇਹ ਇਕ ਵੱਡਾ ਸਵਾਲ ਹੈ। ਉਘੇ ਕਬੱਡੀ ਖਿਡਾਰੀ ਹਰਦੀਪ ਸਿੰਘ ਸਰਾਂ ਨੇ ਇਸ ਲੇਖ ਵਿਚ ਇਹੋ ਸਵਾਲ ਉਠਾਇਆ ਹੈ। -ਸੰਪਾਦਕ

ਹਰਦੀਪ ਸਿੰਘ ਸਰਾਂ (ਤਾਉ ਤੋਗਾਂਵਾਲਾ)
ਹਅਰਦeeਪਟਅੋ@ਹੋਟਮਅਲਿ।ਚੋਮ
ਬੜੀ ਖੁਸ਼ੀ ਹੁੰਦੀ ਹੈ ਜਦੋਂ ਖੇਡ ਪ੍ਰੇਮੀਆਂ ਨੂੰ ਮੈਦਾਨ ਵਿਚ ਖਿਡਾਰੀਆਂ ਦਾ ਹੌਂਸਲਾ ਵਧਾਉਂਦੇ ਦੇਖਦੇ ਹਾਂ-ਚੱਕ ਦੇ, ਭੱਜ ਜਾ, ਫੜ ਲੈ ਓਏ! ਪਰ ਇਸ ਸ਼ੋਰ-ਸ਼ਰਾਬੇ ਵਿਚ ਕਿੰਨਾ ਕੁਝ ਗੁੰਮ ਹੋ ਕੇ ਰਹਿ ਜਾਂਦਾ ਹੈ। ਕਦੀ ਸੋਚਣ ਦਾ ਵਕਤ ਹੀ ਨਹੀਂ ਮਿਲਦਾ ਕਿ ਇਸ ਸਭ ਤੋਂ ਇਲਾਵਾ ਸਾਡੀ ਮਾਂ ਖੇਡ ਕਬੱਡੀ ਦਾ ਸਿਸਟਮ ਕੀ ਹੈ? ਨਿਯਮ ਕੀ ਹਨ? ਅਸੀਂ ਕਿਉਂ ਨਹੀਂ ਸੋਚਦੇ ਕਿ ਸਾਡੀ ਟੀਮ ਕਿਹੜੇ ਕਾਰਨਾਂ ਕਰਕੇ ਵਿਸ਼ਵ ਕਬੱਡੀ ਕੱਪ ਨਹੀਂ ਜਿੱਤਦੀ? ਆਉ ਇਸ ਕਿਉਂ ‘ਤੇ ਅਖੀਂ ਝਾਤ ਮਾਰੀਏ।
ਕੈਨੇਡਾ ਵਿਚ ਕਬੱਡੀ ਦੀਆਂ 6 ਫੈਡਰੇਸ਼ਨਾਂ ਹਨ, 2 ਓਂਟਾਰੀਓ, 2 ਬ੍ਰਿਟਿਸ਼ ਕੋਲੰਬੀਆ ਅਤੇ 2 ਅਲਬਰਟਾ ਦੀਆਂ। ਪਰ ਕਿਉਂ? ਫੈਡਰੇਸ਼ਨਾਂ ਦੇ ਨਿਯਮਾਂ ਦੀ ਕੋਈ ਲਿਖਤੀ ਕਿਤਾਬ ਨਹੀਂ ਹੈ। ਕਿਉਂ? ਜੇ ਕੋਈ ਕਿਤਾਬ ਹੈ ਵੀ ਤਾਂ ਉਸ ਦੇ ਨਿਯਮ ਕਿਸੇ ਵੈਬ ਸਾਈਟ ‘ਤੇ ਕਿਉਂ ਨਹੀਂ ਪਾਏ ਗਏ? ਖੇਡ ਪ੍ਰੇਮੀਆਂ ਵਿਚ ਜਨਤਕ ਕਿਉਂ ਨਹੀਂ ਕੀਤੇ ਗਏ?
ਕਬੱਡੀ ਜਗਤ ਦਾ ਇੱਕ ਬੜਾ ਪੁਰਾਣਾ ਅਤੇ ਸ਼ਕਤੀਸ਼ਾਲੀ ਨਿਯਮ ਹੈ ਅਤੇ ਸਮਾਂ ਆਉਣ ‘ਤੇ ਇਸ ਬ੍ਰਹਮਅਸਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਹੈ, ਜਦ ਕੋਈ ਖਿਡਾਰੀ ਕੋਈ ਨਿਯਮ ਤੋੜਦਾ ਹੈ ਤਾਂ ਫੈਡਰੇਸ਼ਨਾਂ ਦੀ ਸੋਚ ਦੇ ਮੁਤਾਬਕ ਸਾਰੀ ਦੁਨੀਆਂ ਦਾ ਕਬੱਡੀ ਜਗਤ ਅਤੇ ਇਸ ਦੇ ਮੁਖੀ ਮਿਲ ਕੇ ਉਸ ਖਿਡਾਰੀ ਦੇ ਖੇਡਣ ‘ਤੇ ਬੈਨ ਲਾ ਦਿੰਦੇ ਹਨ। ਇਸ ਦੇ ਉਲਟ ਜੇ ਇਹੀ ਮੁਖੀ ਜਾਂ ਫੈਡਰੇਸ਼ਨ ਕੋਈ 2-4 ਕਲੱਬਾਂ ਨੂੰ ਕੋਈ ਨਿਯਮ ਤੋੜਨ ਦਾ ਜੁਰਮਾਨਾ ਕਰਦੇ ਹਨ ਤਾਂ ਉਹ 6-4 ਦਾ ਇੱਕਠ ਕਰਕੇ ਨਵੀਂ ਫੈਡਰੇਸ਼ਨ ਬਣਾ ਲੈਂਦੇ ਹਨ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਹ ਕਾਮਯਾਬ ਵੀ ਹੋ ਜਾਂਦੇ ਹਨ।
ਡਰੱਗ ਟੈਸਟ ਵੀ ਇਕ ਵੱਡਾ ਮਸਲਾ ਹੈ। ਅਸਲ ਵਿਚ ਪਹਿਲੀ ਗੱਲ ਤਾਂ ਇਹ ਹੈ ਕਿ ਡਰੱਗ ਅਤੇ ਸਟੀਰਾਇਡਸ ਵਿਚ ਇੱਕ ਵੱਡਾ ਅੰਤਰ ਹੈ। 70% ਖਿਡਾਰੀ ਸਟੀਰਾਇਡਸ ਕਾਰਨ ਬੈਨ ਹੁੰਦੇ ਹਨ। ਜੋ ਕਿ ਕਈ ਵਾਰ ਸੱਟ ਲਗਣ ਕਰਕੇ ਵਰਤੇ ਜਾਂਦੇ ਹਨ। ਉਂਜ ਤਾਕਤ ਵਧਾਉਣ ਲਈ ਵੀ ਵਰਤੇ ਜਾਂਦੇ ਹਨ ਪਰ ਜੋ ਵਸਤੂ ਸਮਾਜਿਕ ਤੌਰ ‘ਤੇ ਗਲਤ ਹੈ, ਅਸੀਂ ਉਸ ਨਾਲ ਸਹਿਮਤ ਵੀ ਹਾਂ ਅਤੇ ਉਸ ਦਾ ਵਿਰੋਧ ਵੀ ਕਰਦੇ ਹਾਂ। ਪਿਛਲੇ ਕਈ ਸਾਲਾਂ ਤੋਂ ਕੀ ਹੋ ਰਿਹਾ ਹੈ? ਡੋਪ ਟੈਸਟ ਵਿਚ ਫੇਲ੍ਹ ਹੋਏ ਖਿਡਾਰੀ ਨੂੰ ਜੇ ਇੱਕ ਫੈਡਰੇਸ਼ਨ ਬੈਨ ਕਰਦੀ ਹੈ ਤਾਂ ਦੂਸਰੀ ਬਿਨਾਂ ਕਿਸੇ ਡੂੰਘੀ ਸੋਚ-ਵਿਚਾਰ ਦੇ ਬੈਨ ਹੋਏ ਖਿਡਾਰੀਆਂ ਨੂੰ ਖੇਡਣ ਦਾ ਖੁੱਲ੍ਹਾ ਸੱਦਾ ਦੇ ਦਿੰਦੀ ਹੈ। ਇਸ ਸਭ ਦੇ ਚਲਦਿਆਂ ਪਹਿਲੀ ਫੈਡਰੇਸ਼ਨ ਨੂੰ ਆਪਣੇ ਨਿਯਮ ਤੋੜ ਕੇ ਮਜਬੂਰੀਵਸ ਉਨ੍ਹਾਂ ਖਿਡਾਰੀਆਂ ਨੂੰ ਖੇਡਣ ਦੀ ਖੁੱਲ੍ਹ ਦੇਣੀ ਪੈਂਦੀ ਹੈ। ਜਿਹੜੇ ਖਿਡਾਰੀ ਬਿਨਾਂ ਕਿਸੇ ਤਾਕਤ ਵਧਾਊ ਸਟੀਰਾਇਡ ਦੇ ਖੇਡਦੇ ਹਨ, ਉਨ੍ਹਾਂ ਨੂੰ ਵੀ ਮਜਬੂਰਨ ਇਸੇ ਚੱਕਰ ਵਿਚ ਛਲਾਂਗ ਲਾਉਣੀ ਪੈਂਦੀ ਹੈ, ਮੁਕਾਬਲਾ ਬਰਾਬਰੀ ਦਾ ਕਰਨ ਲਈ ਸਭ ਕੁਝ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਮੈਂ ਵੀ ਇੱਕ ਹਾਂ।
ਕਬੱਡੀ ਸੀਜ਼ਨ ਖਤਮ ਹੋਣ ਸਾਰ ਹੀ ਹੁਕਮ ਹੋ ਜਾਂਦਾ ਹੈ ਕਿ ਵਿਸ਼ਵ ਕਬੱਡੀ ਕੱਪ ਲਈ ਟੀਮ ਤਿਆਰ ਕਰੋ। ਫਿਰ ਉਨ੍ਹਾਂ ਖਿਡਾਰੀਆਂ ਨੂੰ ਇੱਕ ਹੋਰ ਚੱਕਰਵਿਊ ਵਿਚ ਸੁੱਟ ਦਿੰਦਾ ਜਾਂਦਾ ਹੈ, ਜਿਨ੍ਹਾਂ ਨੂੰ ਆਪਣੇ ਹੱਥੀਂ ਡਰੱਗ ਦੇ ਚੱਕਰਵਿਊ ਵਿਚ ਸੁਟਿਆ ਗਿਆ ਸੀ। ਕੁਝ ਤਾਂ ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਸੀਸ ਅੱਗੇ ਕਰ ਦਿੰਦੇ ਹਨ। ਚੰਗੀ ਕਿਸਮਤ ਵਾਲੇ ਬਚ ਜਾਂਦੇ ਹਨ। ਪਰ ਬਹੁਤ ਜਿਆਦਾ ਸਿਆਣਪ ਵਰਤ ਕੇ ਇਨਕਾਰ ਕਰ ਦਿੰਦੇ ਹਨ। ਚਾਹੇ ਕਾਰਨ ਕੋਈ ਵੀ ਹੋਵੇ, ਕਈ ਵਾਰ ਤਾਂ ਪ੍ਰੋਮੋਟਰ ਹੀ ਖਿਡਾਰੀਆਂ ਨੂੰ ਰੋਕ ਦਿੰਦੇ ਹਨ। ਜਿਥੋਂ ਤੱਕ ਮੈਨੂੰ ਗਿਆਨ ਹੈ ਸਾਡੇ ਖੇਡ ਪ੍ਰੋਮੋਟਰਾਂ ਜਾਂ ਕੋਚਾਂ ਵਿਚੋਂ 5% ਤੋਂ 7% ਦੇ ਬੱਚੇ ਹੀ ਕਬੱਡੀ ਖੇਡਦੇ ਹਨ ਕਿਉਂਕਿ ਬਾਕੀਆਂ ਨੂੰ ਪਤਾ ਹੈ ਕਿ ਜਿਹੜੀ ਫਸਲ ਅਸੀਂ ਬੀਜ ਰਹੇ ਹਾਂ, ਸਾਡੇ ਬੱਚਿਆਂ ਦੇ ਖਾਣ ਦੇ ਕਾਬਿਲ ਨਹੀਂ।
ਕਿਸੇ ਵੀ ਖਿਡਾਰੀ ਦਾ ਕੋਈ ਕੰਟਰੈਕਟ, ਬੀਮਾ ਜਾਂ ਮੈਡੀਕਲ ਨਹੀਂ ਕਰਵਾਇਆ ਜਾਂਦਾ। ਜਿਸ ਖਿਡਾਰੀ ਦੀ ਅਗਲੇ ਸਾਲ ਲੋੜ ਨਹੀਂ ਹੁੰਦੀ ਉਸ ਨੂੰ ਟਿਸ਼ੂ ਪੇਪਰ ਵਾਂਗ ਵਰਤ ਕੇ ਸੁੱਟ ਦਿੰਦੇ ਹਨ। ਪਰ ਜੋ ਖਿਡਾਰੀ ਕੰਮ ਦਾ ਹੁੰਦਾ ਹੈ ਉਸ ਨੂੰ ਅਗਲੇ ਸਾਲ ਦਾ ਅਡਵਾਂਸ ਵੀ ਦੇ ਦਿੱਤਾ ਜਾਂਦਾ ਹੈ। ਕੁਝ ਸਹੀ ਖੇਡ ਪ੍ਰੋਮੋਟਰ ਵੀ ਹਨ ਜੋ ਹਰ ਖਿਡਾਰੀ ਨੂੰ ਬਰਾਬਰ ਰਖਦੇ ਹਨ। ਪਰ ਸਾਰੇ ਇਸ ਤਰ੍ਹਾਂ ਦੇ ਨਹੀਂ ਹਨ।
ਆਪੋ-ਆਪਣੀ ਕਲੱਬ ਲਈ ਸਭ ਬੜੇ ਜਿੰਮੇਵਾਰ ਹਨ, ਵਧੀਆ ਗੱਲ ਹੈ। ਇਨ੍ਹਾਂ ਕਾਰਨ ਹੀ ਕਈ ਖਿਡਾਰੀਆਂ ਦੇ ਘਰ ਚਲਦੇ ਹਨ। ਮਈ ਤੋਂ ਲੈ ਕੇ ਅਕਤੂਬਰ ਤੱਕ ਰੇਡੀਓ, ਟੀ ਵੀ, ਅਖਬਾਰ-ਹਰ ਪਾਸੇ ਕਬੱਡੀ-ਕਬੱਡੀ ਹੋਈ ਜਾਂਦੀ ਹੈ। ਪੈਸਾ ਅਤੇ ਨਸ਼ਾ ਪਾਣੀ ਵਾਂਗ ਵਹਿੰਦਾ ਹੈ। ਇਨ੍ਹਾਂ ਸਭ ਨੂੰ ਬਸ ਆਪਣੀ ਜਿੱਤ ਅਤੇ ਸ਼ੋਹਰਤ ਨਜ਼ਰ ਆਉਂਦੀ ਹੈ। ਖਿਡਾਰੀ ਭਾਵੇਂ ਰਾਤ ਨੂੰ ਸੁੱਤਾ ਹੀ ਰਹਿ ਜਾਵੇ।
ਪਰ ਜਦੋਂ ਕੈਨੇਡਾ ਦੀ ਨੈਸ਼ਨਲ ਟੀਮ ਦੀ ਗੱਲ ਤੁਰਦੀ ਹੈ ਜੋ ਕਿ ਸਭ ਤੋਂ ਅਹਿਮ ਟੀਮ ਹੈ ਤਾਂ ਨਾ ਕੋਈ ਪ੍ਰੋਮੋਟਰ ਨਜ਼ਰ ਆਉਂਦਾ ਹੈ ਅਤੇ ਨਾ ਹੀ ਕਿਸੇ ਦੀ ਇੱਜ਼ਤ ਜਾਂ ਸ਼ੋਹਰਤ ਘਟਦੀ ਹੈ। ਨਾ ਹੀ ਕਿਸੇ ਨੂੰ ਹਾਰ ਦੀ ਕੋਈ ਨਮੋਸ਼ੀ ਹੁੰਦੀ ਹੈ। ਹਾਂ ਇੱਕ ਜਗ੍ਹਾ ਤੇ ਇਹ ਸਭ ਪੂਰੇ ਜਿੰਮੇਵਾਰ ਹਨ ਕਿ ਸਾਡੀ ਫੈਡਰੇਸ਼ਨ ਦੇ ਇੰਨੇ ਬੰਦੇ ਜਾਣੇ ਹਨ ਅਤੇ ਸਾਡੀ ਦੇ ਇੰਨੇ। ਟੀਮ ਕਿਹੜੀ ਹੈ? ਕੋਚ ਕੌਣ ਹੈ? ਟੀਮ ਮੈਨੇਜਰ ਅਤੇ ਟੀਮ ਦਾ ਕੈਪਟਨ, ਇਹ ਸਭ ਉਦਘਾਟਨ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਨਿਸ਼ਚਿਤ ਕੀਤਾ ਜਾਂਦਾ ਹੈ।
ਪਹਿਲੇ ਵਿਸ਼ਵ ਕਬੱਡੀ ਕੱਪ ਮੌਕੇ, ਜਿਥੋਂ ਤੱਕ ਮੈਨੂੰ ਗਿਆਨ ਹੈ, ਇਸ ਕਬੱਡੀ ਕੱਪ ਦੀ ਇਨਾਮੀ ਰਾਸ਼ੀ ਵਿਚੋਂ 6 ਜਾਂ 7 ਟਿਕਟਾਂ ਸਿਰਫ ਟੀਮ ਪ੍ਰਬੰਧਕਾਂ ਲਈ ਕਢੀਆਂ ਗਈਆਂ ਸਨ ਜਦਕਿ ਹੱਕ ਸਿਰਫ 2 ਪ੍ਰਬੰਧਕਾਂ ਦਾ ਹੀ ਬਣਦਾ ਸੀ। ਦੂਸਰੇ ਵਿਸ਼ਵ ਕਬੱਡੀ ਕੱਪ ਵਿਚ ਪਹਿਲਾਂ ਤਾਂ ਖਿਡਾਰੀਆਂ ਨੂੰ ਇਹ ਸਪਸ਼ਟ ਨਾ ਕੀਤਾ ਗਿਆ ਕਿ ਵਿਸ਼ਵ ਕੱਪ ਵਿਚ ਡੋਪ ਟੈਸਟ ਕੀਤੇ ਜਾਣੇ ਹਨ। ਟੀਮ ਨੂੰ ਕਿਹਾ ਗਿਆ ਕਿ ਕੋਈ ਫਿਕਰ ਵਾਲੀ ਗੱਲ ਨਹੀਂ, ਸਾਡੀ ਗੱਲ ਹੋ ਚੁੱਕੀ ਹੈ। ਇਸੇ ਕਾਰਨ ਕੈਨੇਡਾ ਦੇ 8 ਖਿਡਾਰੀ ਬੈਨ ਹੋ ਗਏ ਸਨ। ਕੀ ਟੀ ਵੀ, ਕੀ ਅਖਬਾਰ-ਹਰ ਪਾਸੇ ਇਹੋ ਚਰਚਾ ਸੀ ਕਿ ਕੈਨੇਡਾ ਦੀ 70% ਟੀਮ ਨਸ਼ੇ ਕਰਕੇ ਖੇਡਦੀ ਹੋਈ ਫੜੀ ਗਈ। ਇਸ ਸਭ ਦਾ ਅਸਲੀ ਜਿੰਮੇਵਾਰ ਕੌਣ ਸੀ? ਕੌਣ ਸੀ ਜਿਸ ਨੇ ਦੇਸ਼ ਨੂੰ ਸ਼ਰਮਸਾਰ ਕੀਤਾ? ਅੱਜ ਵੀ ਲੋਕ ਪੁਛਦੇ ਹਨ, ਕੀ ਕੈਨੇਡਾ ਕਬੱਡੀ ਟੀਮ ਕਦੀ ਬਿਨਾ ਨਸ਼ਾ ਕੀਤੇ ਖੇਡ ਸਕਦੀ ਹੈ? ਇੱਥੇ ਹੀ ਬੱਸ ਨਹੀਂ ਇੱਕ ਕਰੋੜ ਇਨਾਮੀ ਰਾਸ਼ੀ ਦੀ ਥਾਂ ਸਿਰਫ 32 ਜਾਂ 34 ਲੱਖ ਰੁਪਏ ਹੀ ਪ੍ਰਾਪਤ ਹੋਏ, ਕਮੇਟੀ ਦੇ ਕਹਿਣ ਮੁਤਾਬਿਕ। ਇਸ ਵਿਚੋਂ ਨੌਂ ਖਿਡਾਰੀਆਂ ਨੂੰ ਛੇ-ਛੇ ਹਜ਼ਾਰ, 5 ਨੂੰ 2-2 ਹਜ਼ਾਰ ਦਿੱਤੇ ਗਏ, ਜਦੋਂ ਕਿ ਹਰ ਖਿਡਾਰੀ ਦਾ ਖਰਚਾ ਲੱਖ-ਲੱਖ ਰੁਪਏ ਆਇਆ ਸੀ। ਉਹ ਵੀ ਆਪਣੀ ਜੇਬ ਵਿਚੋਂ। ਟੀਮ ਨੂੰ ਪ੍ਰੋਮੋਟ ਨਹੀਂ ਕੀਤਾ ਗਿਆ, ਚਲੋ ਕਈ ਵਾਰ ਕੁਝ ਅਣਗੋਲਿਆ ਹੋ ਜਾਂਦਾ ਹੈ ਪਰ ਟੀਮ ਵਲੋਂ ਵਿਸ਼ਵ ਕੱਪ ਵਿਚ ਦੂਸਰਾ ਸਥਾਨ ਪ੍ਰਾਪਤ ਕਰਨ ਦੇ ਬਾਵਜੂਦ ਇੰਡੀਆ ਤੋਂ ਵਾਪਸੀ ‘ਤੇ ਕਿਸੇ ਨੇ ਵੀ ਟੀਮ ਦੇ ਇੱਕ ਵੀ ਮੈਂਬਰ ਦੇ ਗਲ ਸਿਰੋਪਾ ਨਹੀਂ ਪਾਇਆ।
ਤੀਸਰੇ ਵਿਸ਼ਵ ਕਬੱਡੀ ਕੱਪ ਵੇਲੇ ਤਾਂ ਹੱਦ ਹੀ ਹੋ ਗਈ। ਕੋਈ ਵੀ ਪ੍ਰਬੰਧਕ ਟੀਮ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ ਪਰ ਫਿਰ ਵੀ ਜਿਵੇਂ-ਕਿਵੇਂ ਕਰਕੇ ਕਮੇਟੀ ਤਿਆਰ ਕੀਤੀ ਗਈ। ਪਿਛਲੇ ਦੋ ਵਿਸ਼ਵ ਕੱਪਾਂ ਦਾ ਰਿਕਾਰਡ ਦੇਖ ਕੇ ਕੋਈ ਖਿਡਾਰੀ ਇੰਡੀਆ ਵਿਸ਼ਵ ਕੱਪ ਖੇਡਣ ਜਾਣ ਲਈ ਤਿਆਰ ਨਹੀਂ ਸੀ।
ਇਸ ਪਿਛੇ ਵੀ ਬੜੇ ਕਾਰਨ ਹਨ। ਜਿਵੇਂ ਕਿ ਫੈਡਰੇਸ਼ਨਾਂ ਦੀ ਰੰਜਿਸ਼ਬਾਜ਼ੀ, ਡੋਪ ਟੈਸਟ, ਖਿਡਾਰੀਆਂ ਦਾ ਸੱਟਾਂ ਦਾ ਸ਼ਿਕਾਰ ਹੋਣਾ ਅਤੇ ਸਭ ਤੋਂ ਵੱਡਾ ਕਾਰਨ ਟੀਮ ਨੂੰ ਪ੍ਰੋਮੋਟਰ ਨਾ ਮਿਲਣਾ ਕਿਉਂਕਿ ਜੋ ਇਨਾਮੀ ਰਾਸ਼ੀ ਖਿਡਾਰੀਆਂ ਨੂੰ ਮਿਲਦੀ ਹੈ, ਉਹ ਘਰ ਚਲਾਉਣ ਲਈ ਕਾਫੀ ਨਹੀਂ ਹੁੰਦੀ। ਇਸ ਵਾਰ ਫਿਰ ਕੈਨੇਡਾ ਟੀਮ ਦੀ ਹਾਜ਼ਰੀ ਲਗਵਾਉਣ ਪਿਛੇ ਵੀ ਕਈ ਕਾਰਨ ਸਨ। ਇਹ ਵੀ ਮੇਰੇ ਨਾਲੋਂ ਵੱਧ ਫੈਡਰੇਸ਼ਨਾਂ ਵਾਲੇ ਦੱਸ ਸਕਦੇ ਹਨ। ਕੈਨੇਡਾ ਦੀ ਟੀਮ ਵਿਸ਼ਵ ਕੱਪ ਵਿਚ ਮੈਚ ਖੇਡੀ ਅਤੇ ਡੋਪ ਟੈਸਟ ਹੋਏ। ਸਭ ਤੋਂ ਪਹਿਲਾਂ ਕੈਨੇਡਾ ਦੀ ਟੀਮ ਦੇ ਖਿਡਾਰੀਆਂ ਦੀ ਰਿਪੋਰਟ ਨਸ਼ਰ ਹੋਈ। ਸਿਰਫ ਕੈਨੇਡਾ ਦੇ ਖਿਡਾਰੀ ‘ਤੇ ਹੀ ਪਾਬੰਦੀ ਲਾਈ ਗਈ ਅਤੇ ਕੈਨੇਡਾ ਦਾ ਨਾਮ ਹਰ ਪਾਸੇ ਉਛਾਲਿਆ ਗਿਆ। ਇਸ ਵਾਰ ਫਿਰ ਨਾ ਤਾਂ ਕਿਸੇ ਹੋਰ ਟੀਮ ਦੇ ਖਿਡਾਰੀ ਦੀ ਰਿਪੋਰਟ ਆਈ, ਨਾ ਹੀ ਕਿਸੇ ਹੋਰ ਨੂੰ ਬੈਨ ਕੀਤਾ ਗਿਆ। ਵਿਸ਼ਵ ਕਬੱਡੀ ਕੱਪ ਹੋਏ ਨੂੰ ਕਈ ਸਮਾਂ ਲੰਘ ਤੋਂ ਬਾਅਦ ਵੀ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ ਅਤੇ ਇਸ ਦੇਰੀ ਦਾ ਆਧਾਰ ਟੈਸਟ ਰਿਪੋਰਟਾਂ ਲੇਟ ਹੋਣਾ ਦਸਿਆ ਜਾ ਰਿਹਾ ਹੈ। ਹੁਣ ਤੱਕ ਕਿਸੇ ਵੀ ਖਿਡਾਰੀ ਨੂੰ ਇੱਕ ਧੇਲਾ ਤੱਕ ਨਹੀਂ ਮਿਲਿਆ। ਕਿੱਥੇ ਹਨ ਸਾਡੀਆਂ ਕਮੇਟੀਆਂ, ਫੈਡਰੇਸ਼ਨਾਂ, ਵਿਧਾਇਕ, ਖੇਡ ਮੰਤਰੀ-ਜੋ ਵਿਸ਼ਵ ਕਬੱਡੀ ਕੱਪ ਦਾ ਸੱਦਾ ਪੱਤਰ ਮਿਲਣ ‘ਤੇ ਮੂਹਰਲੀ ਕਤਾਰ ਵਾਲੀ ਕੁਰਸੀ ‘ਤੇ ਬਿਰਾਜਮਾਨ ਹੁੰਦੇ ਹਨ। ਇੰਡੀਆ ਦਾ ਕੋਈ ਮੰਤਰੀ ਜਾਂ ਉਸ ਦਾ ਨਿਜੀ ਸਹਾਇਕ ਵੀ ਆ ਜਾਵੇ ਤਾਂ ਉਸ ਨੂੰ ਗਲਵਕੜੀਆਂ ਪੈਂਦੀਆਂ ਹਨ, ਮਾਣ-ਸਨਮਾਨ ਹੁੰਦੇ ਹਨ। ਟੇਬਲ ਬੁੱਕ ਕਰਕੇ ਰਾਤਰੀ ਭੋਜਨ ਹੁੰਦੇ ਹਨ ਪਰ ਕੈਨੇਡਾ ਟੀਮ ਦਾ ਦੂਸਰਾ ਜਾਂ ਤੀਸਰਾ ਸਥਾਨ ਕੋਈ ਮਹੱਤਵ ਨਹੀਂ ਰਖਦਾ ਇਨ੍ਹਾਂ ਲਈ। ਕੀ ਕੈਨੇਡਾ ਟੀਮ ਪ੍ਰਤੀ ਇਨ੍ਹਾਂ ਸੰਸਥਾਵਾਂ ਦਾ ਕੋਈ ਫਰਜ਼ ਨਹੀਂ?
ਕਬੱਡੀ ਪ੍ਰੀਮੀਅਰ ਲੀਗ (ਕੇ ਪੀ ਐਲ) ਦੁੱਬਈ ਇੱਕ ਹੋਰ ਵੱਡਾ ਮਜ਼ਾਕ ਹੈ। ਮਾਂ ਖੇਡ ਕਬੱਡੀ ਦਾ ਨਾਮ ਵਰਤ ਕੇ ਸ਼ੋਹਰਤ ਕਮਾਉਣ ਦਾ ਇੱਕ ਹੋਰ ਜ਼ਰੀਆ ਤਿਆਰ ਕੀਤਾ ਗਿਆ ਹੈ।
ਮੈਂ ਜਦ ਪਿੰਡ ਵਿਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤਾਂ ਉਦੋਂ ਜਨੂਨ ਸੀ ਨਾਮ ਬਣਾਉਣ ਦਾ। ਵਿਦੇਸ਼ੀ ਟੂਰ ਲੱਗਾ ਤਾਂ ਆਮਦਨ ਦਾ ਸਾਧਨ ਬਣ ਗਿਆ। ਸਵਖਤੇ ਚਾਰ-ਚਾਰ ਵਜੇ ਉਠ ਕੇ ਕੀਤੀ ਮਿਹਨਤ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ। ਕਬੱਡੀ ਖੇਡਦੇ ਹੋਏ ਅੱਧਾ ਸ਼ਰੀਰ ਸੱਟਾਂ ਨਾਲ ਅਧਮੋਇਆ ਹੋ ਗਿਆ। ਫਿਰ ਉਹ ਵਕਤ ਆਇਆ ਜਿਸ ਦਾ ਇੱਕਲੇ ਨਹੀਂ ਸਗੋਂ ਸਾਰੇ ਕਬੱਡੀ ਜਗਤ ਨੇ ਦਹਾਕਿਆਂ ਤੋਂ ਇੰਤਜ਼ਾਰ ਕੀਤਾ ਸੀ। ਵਿਸ਼ਵ ਕਬੱਡੀ ਕੱਪ ਦੇ ਰੂਪ ਵਿਚ ਸੁਪਨਾ ਪੂਰਾ ਤਾਂ ਹੋਇਆ ਪਰ ਸ਼ੋਹਰਤ ਪਖੋਂ ਥੋੜਾ ਬਹੁਤ, ਮਿਹਨਤਾਨੇ ਦੇ ਨਾਮ ਤੇ ਖੱਟਣ ਨੂੰ ਕੁਝ ਵੀ ਨਹੀਂ!
ਗੱਲ ਕਰਦੇ ਸੀ ਕਬੱਡੀ ਪ੍ਰੀਮੀਅਰ ਲੀਗ ਦੀ। ਇਸ ਲੀਗ ਅਤੇ ਵਿਸ਼ਵ ਕੱਪ ਵਿਚ ਇੱਕ ਫ਼ਰਕ ਹੈ। ਇਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਟੀਮਾਂ ਨੂੰ ਸਿਰਫ ਟਿਕਟਾਂ ਦਿੱਤੀਆਂ ਜਾਣਗੀਆਂ ਜਦਕਿ ਹੋਰ ਅੰਤਰਰਾਸ਼ਟਰੀ ਖੇਡਾਂ ਦੀ ਲੀਗ ਵਿਚ ਖਿਡਾਰੀਆਂ ਦਾ ਮੁੱਲ ਕਰੋੜਾਂ ਵਿਚ ਪੈਂਦਾ ਹੈ। ਕੈਨੇਡਾ ਦੀ ਟੀਮ ਸਿਰਫ ਹਵਾਈ ਟਿਕਟਾਂ ‘ਤੇ ਖੇਡਣ ਜਾ ਰਹੀ ਹੈ। ਕਬੱਡੀ ਲੀਗ ਨੇ ਤਾਂ ਸਾਰੀ ਦੁਨੀਆਂ ਦੀਆਂ ਲੀਗਾਂ ਦੇ ਰਿਕਾਰਡ ਹੀ ਤੋੜ ਦਿੱਤੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸੁਈ ਵਾਰ ਵਾਰ ਪੈਸੇ ‘ਤੇ ਆ ਕੇ ਹੀ ਕਿਉਂ ਅਟਕਦੀ ਹੈ? ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਮਿਹਨਤ ਦਾ ਮੁੱਲ ਪਵੇ ਤਾਂ ਜੋ ਅਸੀਂ ਵੀ ਸਹੂਲਤਾਂ ਭਰੀ ਜਿੰਦਗੀ ਬਸਰ ਕਰ ਸਕੀਏ। ਸਾਨੂੰ ਵੀ ਖਿਡਾਰੀ ਹੋਣ ਦਾ ਮਾਣ ਮਹਿਸੂਸ ਹੋਵੇ।
ਜੇਕਰ ਸਾਡੀ ਕੌਮ ਇਹ ਮੰਨਦੀ ਹੈ ਕਿ ਕਬੱਡੀ ਸਾਡੀ ਮਾਂ ਖੇਡ ਦੇ ਨਾਲ ਨਾਲ ਸਾਡੇ ਸਭਿਆਚਾਰ ਦਾ ਇੱਕ ਮਹੱਤਵਪੂਰਨ ਅਤੇ ਅਟੁੱਟ ਹਿੱਸਾ ਹੈ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਮਾਂ ਖੇਡ ਕਬੱਡੀ ਦੇ ਵਾਰਸਾਂ ਨੂੰ ਸੰਭਾਲੀਏ, ਖਾਸ ਕਰਕੇ ਉਨ੍ਹਾਂ ਨੁਮਾਇੰਦਿਆਂ ਦਾ ਇਹ ਫਰਜ਼ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਕਿਸੇ ਸੰਸਥਾ, ਕਮੇਟੀ, ਪਾਰਟੀ ਜਾਂ ਸਿਆਸੀ ਕੁਰਸੀ ‘ਤੇ ਬਿਠਾਉਂਦੇ ਹਾਂ। ਉਨ੍ਹਾਂ ਨੂੰ ਇਹ ਚਾਹੀਦਾ ਹੈ ਕਿ ਉਹ ਜਾਣਕਾਰੀ ਰੱਖਣ ਕਿ ਕੈਨੇਡਾ ਦੀ ਟੀਮ ਦੇ ਕਿਹੜੇ ਕਿਹੜੇ ਮੈਂਬਰ ਹਨ? ਕੀ ਹੋ ਰਿਹਾ ਹੈ? ਕਿਉਂ ਹੋ ਰਿਹਾ ਹੈ? ਅਤੇ ਕੀ ਹੋਣਾ ਚਾਹਿਦਾ ਹੈ? ਕਿਤੇ ਕੁਝ ਗਲਤ ਤਾਂ ਨਹੀਂ ਹੋ ਰਿਹਾ? ਜੇ ਕੁਝ ਗਲਤ ਹੋ ਰਿਹਾ ਹੈ ਤਾਂ ਇਸ ਦਾ ਜਿੰਮੇਵਾਰ ਕੌਣ ਹੈ?
ਇਹ ਕਹਾਣੀ ਸਿਰਫ ਕੈਨੇਡਾ ਦੀ ਨੈਸ਼ਨਲ ਕਬੱਡੀ ਟੀਮ ਦੀ ਨਹੀਂ, ਸਗੋਂ ਸਾਰੀ ਦੁਨੀਆਂ ਵਿਚ ਖੇਡ ਰਹੇ ਕਬੱਡੀ ਖਿਡਾਰੀਆਂ ਦੀ ਹੈ। ਪੂਰੀ ਦੁਨੀਆਂ ਵਿਚ 35 ਕਿਲੋ ਤੋਂ ਲੈ ਕੇ ਵਿਸ਼ਵ ਪੱਧਰ ਦੇ ਖਿਡਾਰੀਆਂ ਦੀ ਗਿਣਤੀ 10,000 ਦੇ ਕਰੀਬ ਹੈ। ਇਨ੍ਹਾਂ ਕਬੱਡੀ ਖਿਡਾਰੀਆਂ ਦਾ ਭੱਵਿਖ ਕੀ ਹੈ? ਇਸ ਦੇ ਜਵਾਬ ਦੀ ਉਡੀਕ ਪੰਜਾਬੀ ਭਾਈਚਾਰੇ ਅਤੇ ਖਾਸ ਤੇ ਖੇਡ ਪ੍ਰੇਮੀਆਂ ਨੂੰ ਵੀ ਹੈ।

Be the first to comment

Leave a Reply

Your email address will not be published.