ਬਾਬਾ ਬੰਦਾ ਸਿੰਘ ਬਹਾਦਰ

ਡਾæ ਬਲਕਾਰ ਸਿੰਘ
ਫੋਨ: 91-93163-01328
ਸ਼ਤਾਬਦੀ ਸਮਾਰੋਹਾਂ ਦੀ ਨਿਰੰਤਰਤਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਿਹ ਕਰਨ ਦੀ ਸ਼ਤਾਬਦੀ ਲਗਭਗ ਪਹਿਲੀ ਵਾਰ ਮਨਾਈ ਜਾ ਰਹੀ ਹੈ। ਉਂਜ ਇਹ ਤੀਜੀ ਸ਼ਤਾਬਦੀ ਹੈ। ਸਮੇਂ ਤੇ ਸਾਧਨਾਂ ਦੀ ਵਧੇਰੇ ਵਰਤੋਂ ਸ਼ਤਾਬਦੀਆਂ ਦੀ ਸਿਆਸਤ ਵਜੋਂ ਹੀ ਹੁੰਦੀ ਆ ਰਹੀ ਹੈ। ਇਸ ਨੂੰ ਧਿਆਨ ‘ਚ ਰੱਖ ਕੇ ‘ਬੰਦਾ ਸਮਾਰੋਹਾਂ’ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਅਰਥਾਤ ਸਿੱਖ ਮਾਨਸਿਕਤਾ ਨੂੰ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ।

ਸਿੱਖ ਮਾਨਸਿਕਤਾ ਦਾ ਸ੍ਰੋਤ ਬਾਣੀ ਹੈ ਅਤੇ ਪ੍ਰੇਰਨਾ ਸਿੱਖ ਇਤਿਹਾਸ ਹੈ। ਸਵਾਲ ਹੈ ਕਿ ਵਰਤਮਾਨ ਸਮਾਰੋਹ ਆਪਣੇ ਸ੍ਰੋਤ ਅਤੇ ਪ੍ਰੇਰਨਾ ਨਾਲ ਕਿੰਨਾ ਕੁ ਜੁੜੇ ਹੋਏ ਹਨ? ਇਨ੍ਹਾਂ ਸਮਾਰੋਹਾਂ ਨੂੰ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਨਿਰੰਤਰਤਾ ਵਿਚ ਵੇਖੀਏ ਤਾਂ ਸੌਖਿਆ ਹੀ ਸਮਝ ਆ ਜਾਵੇਗਾ ਕਿ ਇਨ੍ਹਾਂ ਵਿਚ ਸਿਆਸੀ ਵਿਖਾਵੇ ਨੂੰ ਹੀ ਕੇਂਦਰੀਅਤ ਪ੍ਰਾਪਤ ਰਹਿਣੀ ਹੈ। ਸਿੱਖ ਧਰਮ ਵਿਚ ਮੇਲਾਨੁਮਾ ਬੇਲਗਾਮ ਭੀੜ ਨੂੰ ਕਦੇ ਵੀ ਅਹਿਮੀਅਤ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਸਿੱਖ ਸੰਘਰਸ਼ਾਂ ਵੇਲੇ ਵੀ ਗੁਣਤਾ ਨੂੰ ਪਹਿਲ ਦਿੱਤੀ ਗਈ ਸੀ। ਘੱਟ ਗਿਣਤੀ ਭਾਈਚਾਰਿਆਂ ਕੋਲੋਂ ਗਿਣਤੀ ਆਧਾਰਿਤ ਵਰਤਾਰਿਆਂ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਇਹ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਗਿਣਤੀ ਦੇ ਹਿਸਾਬ ਨਾਲ ਸਿੱਖ ਭਾਈਚਾਰਾ ਕੁੰਭ ਵਰਗੇ ਇਕੱਠਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਕੱਠ ਕਰਨ ਵਿਚ ਤਾਂ ਸਿੱਖ ਭਾਈਚਾਰੇ ਕੋਲੋਂ ਨਿਰੰਕਾਰੀਆਂ ਦੇ ਦਿੱਲੀ-ਸੰਮੇਲਨ ਦਾ ਮੁਕਾਬਲਾ ਵੀ ਨਹੀਂ ਹੋਣਾ। ਇਸ ਨਾਲ ਇਹ ਤੱਥ ਸਾਹਮਣੇ ਆ ਜਾਂਦਾ ਹੈ ਕਿ ਭੀੜਨੁਮਾ ਇਕੱਠ ਵਿਅਕਤੀ-ਕੇਂਦਰਿਤ ਸਿਆਸਤਨੁਮਾ ਅਵਸਰਾਂ ਨੂੰ ਹੀ ਇਹ ਠੀਕ ਬੈਠਦਾ ਹੈ। ਮੀਡੀਆ ਦੀ ਸਰਦਾਰੀ ‘ਚ ਅਵਸਰਾਂ ਨੂੰ ਹਨੇਰੀ ਵਾਂਗ ਉਡਾਇਆ ਵੀ ਜਾ ਸਕਦਾ ਹੈ ਅਤੇ ਹੜ੍ਹ ਵਾਂਗ ਬਹਾਇਆ ਵੀ ਜਾ ਸਕਦਾ ਹੈ। ਜੋ ਸਮਾਰੋਹ ਸੁਭਾ ‘ਚ ਸਿਆਸੀ ਹੋਣ ਅਤੇ ਨਤੀਜੇ ਵੀ ਸਿਆਸੀ ਰੰਗ ਵਾਲੇ ਕੱਢਣ ਉਨ੍ਹਾਂ ਨੂੰ ਵੋਟ ਬੈਂਕ ਦੀ ਸਿਆਸਤ ਕਰਕੇ ਪੰਥਕ ਰੰਗ ਵਿਚ ਨਹੀਂ ਭੁਗਤਾਇਆ ਜਾ ਸਕਦਾ।
ਕਿਸੇ ਵੇਲੇ ਮਿਲੇ ਹੋਏ ਅਵਸਰਾਂ ਤੇ ਢਾਡੀ ਵਿਧੀ ਨਾਲ ਸਿੱਖ ਮਾਨਸਿਕਤਾ ਵਿਚ ਲਗਾਤਾਰ ਉਤਾਰਿਆ ਜਾਂਦਾ ਸੀ ਕਿ ਸਿੱਖ ਧਰਮ ਰਾਹੀਂ ਲਿਆਂਦੀ ਗਈ ਮਾਨਸਿਕ ਤਬਦੀਲੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਖਾਲਸਾ ਬਿੰਬ ਪੈਦਾ ਕਰਦਾ ਰਿਹਾ ਹੈ। ਇਹੀ ਸੰਭਾਲੇ ਜਾਣ ਦੀ ਥਾਂ ਵਿਅਕਤੀਆਂ ਦੇ ਮੂਰਤੀਕਰਨ ਵਾਲੇ ਰਾਹ ਪਾ ਦਿੱਤਾ ਗਿਆ ਹੈ। ਪੰਥਕ ਸੁਰ ਵਿਚ ਲੋੜ ਇਹ ਸਾਹਮਣੇ ਲਿਆਉਣ ਦੀ ਹੈ ਕਿ ਬਾਬਾ ਜੀ ਦੇ ਬਿੰਬ ਰਾਹੀਂ ਅਧਿਆਤਮਕਤਾ ਦੀ ਭਾਰਤੀ ਵਿਧੀ ਵਿਚੋਂ ਨਿਕਲ ਕੇ ਅਧਿਆਤਮਕਤਾ ਦੀ ਸਿੱਖ ਵਿਧੀ ਨਾਲ ਕਿਹੋ ਜਿਹੇ ਨਤੀਜੇ ਕੱਢੇ ਜਾ ਸਕਦੇ ਹਨ? ਇਸ ਦਾ ਅੰਸ਼ਿਕ ਪ੍ਰਗਟਾਵਾ ਸਵਾਮੀ ਰਾਮ ਦੀ ‘ਗੋਵਿੰਦ ਗੀਤਾ’ (ਅੰਗ੍ਰੇਜ਼ੀ,1989) ਵਿਚੋਂ ਵੀ ਵੇਖਿਆ ਜਾ ਸਕਦਾ ਹੈ। ਬਾਬਾ ਜੀ ਨੂੰ ਸਿੱਖ ਅਧਿਆਤਮਕਤਾ ਦੇ ਇਤਿਹਾਸਕ ਪ੍ਰਗਟਾਵੇ ਦੀ ਨਿਰੰਤਰਤਾ ਵਿਚ ਵਿਚਰਨ ਦਾ ਗੁਰੂ ਹੁਕਮ ਸੀ। ਇਹ ਸਫਰ ਉਨ੍ਹਾਂ ਪੰਜ ਪਿਆਰਿਆ ਨੂੰ ਨਾਲ ਲੈ ਕੇ ਸ਼ੁਰੂ ਕੀਤਾ ਤੇ ਪੰਥਕ ਰੰਗ ਵਿਚ ਹੀ ਆਪਣੇ ਮਿਸ਼ਨ ਨੂੰ ਅੰਜ਼ਾਮ ਦਿੱਤਾ ਸੀ। ਹਰ ਕਿਸਮ ਦੀ ਸਿਆਸਤ ਨਾਲ ਜੂਝਦਿਆਂ ਵੀ ਪ੍ਰਾਪਤੀਆਂ ਦੀ ਪ੍ਰਧਾਨ-ਸੁਰ ਸਿਆਸਤ ਦੀ ਨਹੀਂ, ਧਰਮ ਦੀ ਹੀ ਰਹੀ ਸੀ। ਚਪੜਚਿੜੀ ਦੇ ਮੈਦਾਨ ਵਿਚ ਸਿੱਖ ਲੋਕਤੰਤਰ ਦੀ ਸੁਰ ਵਿਚ ਸਥਿਤੀ ਨੂੰ ਭਾਂਪਦਿਆਂ ਬਾਬਾ ਬਿਨੋਦ ਸਿੰਘ ਅਤੇ ਬਾਬਾ ਬਾਜ ਸਿੰਘ ਨੇ ਕਿਹਾ ਸੀ ਕਿ ਗੁਰੂ ਪਾਤਸ਼ਾਹ ਨੇ ਹਰ ਮੈਦਾਨ ਫਤਿਹ ਬਖਸ਼ੀ ਹੈ। ਗੁਰੂ ਹੁਕਮ ਦੇ ਸਨਮੁਖ ਰਹਿ ਕੇ ਅਰਦਾਸ ਕੀਤੀ ਗਈ ਸੀ ਅਤੇ ਕਲਗੀਆਂ ਵਾਲੇ ਨੂੰ ਜੋਦੜੀ ਕੀਤੀ ਗਈ ਸੀ ਕਿ ਅੰਗ-ਸੰਗ ਸਹਾਈ ਹੋ ਕੇ ਫਤਿਹ ਬਖਸ਼ਿਸ਼ ਕਰਨ। ਇਹ ਸਿਆਸੀ ਹਾਰ ਨੂੰ ਧਾਰਮਿਕ-ਜਿੱਤ ਵਿਚ ਬਦਲਣ ਦੀ ਜਾਹਰੀ ਕਲਾ ਸੀ, ਜੋ ਸਿੱਖ ਇਤਿਹਾਸ ਵਿਚ ਵਾਰ-ਵਾਰ ਵਾਪਰਦੀ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਬਾਬਾ ਜੀ ਦੇ ਜੰਗੀ ਪੈਂਤੜੇ, ਸਮਝ ਤੇ ਪ੍ਰਗਟਾਵੇ ਧਾਰਮਿਕ ਸਨ ਕਿ ਸਿਆਸੀ ਸਨ? ਜੇ ਸਿਆਸੀਆਂ ਵਾਂਗ ਸੋਚਦੇ ਤਾਂ ਬਾਬਾ ਜੀ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਨਿਕਲ ਜਾਣਾ ਚਾਹੀਦਾ ਸੀ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ, ਜੋ ਇਸ ਨੂੰ ਸਿਆਸੀ ਨਾਲੋਂ ਵੱਧ ਧਾਰਮਿਕ ਹੋਣ ਵਲ ਲੈ ਕੇ ਜਾਂਦੀਆਂ ਹਨ। ਇਹ ਗੱਲ ਵਖਰੀ ਹੈ ਕਿ ਧਰਮੀ-ਨੈਤਿਕਤਾ ਦੀ ਸੀਮਾ ਵਿਚ ਰਹਿ ਕੇ ਸੰਭਵ ਸਿਆਸੀ ਪੈਂਤੜਿਆਂ ਵੱਲ ਸਿੱਖਾਂ ਨੇ ਕਦੇ ਪਿੱਠ ਵੀ ਨਹੀਂ ਕੀਤੀ। ਪ੍ਰਸ਼ਨ ਹੈ ਕਿ ਕੀ ਅੱਜ ਇਸ ਪੰਥਕ ਭਾਵਨਾ ਨੂੰ ਨਾਲ ਲੈ ਕੇ ਟੁਰਿਆ ਜਾ ਰਿਹਾ ਹੈ ਜਾਂ ਨਹੀਂ?
ਵਰਤਮਾਨ ਵਿਚ ਸਿੱਖ ਭਾਈਚਾਰੇ ਅੰਦਰ ਜਿਸ ਤਰ੍ਹਾਂ ਸਿਆਸਤ ਦਾ ਬੋਲਬਾਲਾ ਹੋ ਗਿਆ ਹੈ, ਉਸ ਨਾਲ ਧਾਰਮਿਕ ਚੇਤਨਾ ਦਾ ਰਾਹ ਹੀ ਰੁਕ ਗਿਆ ਜਾਪਦਾ ਹੈ। ਸਿਆਸਤ ਗੌਂਅ-ਮੁਖੀ ਪੈਂਤੜੇਬਾਜ਼ੀ ਹੈ, ਕਿਸੇ ਕੀਮਤ ਤੇ ਜੇਤੂ-ਲਾਲਸਾ ਹੈ ਅਤੇ ਤੁਰੰਤ ਨਤੀਜਿਆਂ ਦੀ ਪ੍ਰਾਪਤੀ ਲਈ ਬੱਚੇ ਖਾਣਾ ਜਜ਼ਬਾ ਹੈ। ਇਕ ਸੋਚ ਨਾਲ ਜੁੜੀ ਹੋਈ ਕੋਮਲ ਮਾਨਸਿਕਤਾ ਦਾ ਤਲਿੱਸਮੀ-ਨਾਹਰਿਆਂ ਨਾਲ ਕੀਤਾ ਗਿਆ ਸ਼ੋਸ਼ਣ ਸਿਆਸਤ ਦੀ ਮਨਚਾਹੀ ਖੁਰਾਕ ਹੈ। ਇਹੋ ਜਿਹੀਆਂ ਸੰਭਾਵਨਾਵਾਂ, ਭੀੜ-ਮਾਨਸਿਕਤਾ ਵਿਚ ਹੀ ਸੰਭਵ ਹੋ ਸਕਦੀਆਂ ਹਨ। ਸਿੱਖ ਆਗੂ ਇਸ ਪਾਸੇ ਸਰਪਟ ਦੌੜੇ ਜਾ ਰਹੇ ਹਨ। ਉਲਾਰ ਜਜ਼ਬਿਆਂ ਦੀ ਬੇਰਹਿਮ ਮਾੜ ਧਾੜ ਵੀ ਇਹੋ ਜਿਹੇ ਹਾਲਾਤਾਂ ਵਿਚ ਹੀ ਪੈਦਾ ਹੁੰਦੀ ਹੈ। ਬੇਰਹਿਮ ਮੁਕਾਬਲੇਬਾਜੀ ਦੇ ਸਨਮੁੱਖ ਸਿੱਖ ਭਾਈਚਾਰਾ ਤਾਂ ਪਹਿਲਾਂ ਹੀ ਚੌਰਾਹੇ ‘ਤੇ ਖੜਾ ਹੈ। ਇਸ ਹਾਲਤ ਵਿਚ ਸਿੱਖਾਂ ਨੂੰ ਚੌਰਾਹੇ ਤੋਂ ਕੇਵਲ ਸਿਆਸਤ ਵਾਲਾ ਰਾਹ ਹੀ ਕਿਉਂ ਨਜ਼ਰ ਆ ਰਿਹਾ ਹੈ? ਕੇਵਲ ਇਸ ‘ਤੇ ਤੁਰਨ ਦੇ ਹਾਲਾਤ ਹੀ ਕਿਉਂ ਪੈਦਾ ਕੀਤੇ ਜਾ ਰਹੇ ਹਨ? ਬਾਕੀ ਤਿੰਨ ਰਾਹਾਂ ਦੀ ਨਿਸ਼ਾਨਦੇਹੀ ਕਿਉਂ ਨਹੀਂ ਹੋ ਰਹੀ? ਕੀ ਕਿਰਤ ਕਰਨ, ਨਾਮ ਜਪਣ, ਵੰਡ-ਛਕਣ ਨੂੰ ਇਨ੍ਹਾਂ ਤਿੰਨਾਂ ਰਾਹਾਂ ਵਜੋਂ ਨਹੀਂ ਵਿਚਾਰਿਆ ਜਾ ਸਕਦਾ? ਕੀ ਜੋ ਸਿੱਖ ਸਿਆਸਤਦਾਨ ਨੂੰ ਠੀਕ ਨਹੀਂ ਬੈਠਦਾ, ਉਸ ਨੂੰ ਅਪੰਥਕ ਪ੍ਰਵਾਨ ਕਰ ਲੈਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਉਤਰ ਲੱਭਣ ਦੀ ਅਕਾਦਮਿਕਤਾ ਵਾਸਤੇ ਸ਼ਤਾਬਦੀ ਅਵਸਰਾਂ ਨੂੰ ਨਾ ਅਸੀਂ ਪਹਿਲਾਂ ਵਰਤਿਆ ਹੈ ਅਤੇ ਨਾ ਹੀ ਹੁਣ ਵਰਤਣਾ ਚਾਹੁੰਦੇ ਹਾਂ। ਆਪ ਹੀ ਕਹਿਣ, ਆਪ ਹੀ ਸੁਣਨ ਅਤੇ ਫਿਰ ਆਪ ਹੀ ਮੰਨ ਲੈਣ ਦੀ ਸਵੈ-ਕੇਂਦਰਤਾ ਦਾ ਰਾਹ ਸਿਆਸਤ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਸਿਆਸਤ ‘ਤੇ ਹੀ ਖਤਮ ਹੋ ਜਾਂਦਾ ਹੈ। ਜਲਸੇ ਜਲੂਸਾਂ ਨਾਲ ਸਿੱਖ ਪਛਾਣ ਦੀ ਸਿਆਸਤ ਤੋਂ ਅੱਗੇ ਤੁਰਨ ਦੀ ਕੋਈ ਸੰਭਾਵਨਾ ਨਹੀਂ ਹੈ, ਜਲਸੇ ਜਲੂਸਾਂ ਦੀ ਸਿਆਸਤ ਨਾਲ ਗੈਰ-ਸਿੱਖਾਂ ਨੂੰ ਕਿਵੇਂ ਦੱਸ ਸਕਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਵਿਰਾਸਤੀ ਜੜ੍ਹਾਂ ਸਰਬਤ ਦੇ ਭਲੇ ਵਿਚ ਸਨ, ‘ਜਗਤ ਜਲੰਦਾ ਰਖਿ ਲੈ’ ਵਿਚ ਸਨ, ‘ਕੋਇ ਨ ਦਿਸੈ ਬਾਹਰਾ’ ਵਿਚ ਸਨ ਅਤੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਵਿਚ ਸਨ। ਇਹ ਜੰਗਾਂ ਲੜਦਿਆਂ ਵੀ ਬਾਬਾ ਜੀ ਦਾ ਨਿਸ਼ਾਨਾ ਸਿੱਖ-ਸੱਚ ਸੀ ਅਤੇ ਜਿੱਤਾਂ ਜਿੱਤ ਕੇ ਵੀ ਉਨ੍ਹਾਂ ਲਈ ਇਹੀ ਰਿਹਾ ਸੀ। ਬਾਬਾ ਜੀ ਦੀ ਅਗਵਾਈ ਵਿਚ ਲੜੀਆਂ ਗਈਆਂ ਜੰਗਾਂ, ਧਰਮ ਯੁੱਧ ਦੇ ਚਾਅ ਨਾਲ ਲੜੀਆਂ ਗਈਆਂ ਸਨ ਅਤੇ ਇਨ੍ਹਾਂ ਵਿਚ ਹਾਰਾਂ ਅਤੇ ਜਿੱਤਾਂ ਨੂੰ ਭਾਣੇ ਦੀ ਭਾਵਨਾ ਵਿਚ ਹੀ ਵੇਖਿਆ ਅਤੇ ਪਰਖਿਆ ਜਾਣਾ ਚਾਹੀਦਾ ਹੈ। ਬਾਬਾ ਜੀ ਨੇ ਨਾ ਕੇਵਲ ਇਸ ਨੂੰ ਜੀਵਿਆ ਸਗੋਂ ਇਸ ਨੂੰ ਕੇਸਾਂ ਸੁਆਸਾਂ ਨਾਲ ਨਿਭਾਇਆ ਵੀ ਸੀ।
ਇਸ ਵੇਲੇ ਵੀ ਲੋੜ ਬਾਬਾ ਬੰਦਾ ਸਿੰਘ ਦੀਆਂ ਪ੍ਰਾਪਤੀਆਂ ਦੀ ਧਾਰਮਿਕਤਾ ਉਸਾਰੇ ਜਾਣ ਦੀ ਹੈ, ਸਿੱਖ ਧਰਮ ਦੀ ਅਕਾਦਮਿਕਤਾ ਅਤੇ ਪੰਥਕ ਕਾਵਿਕਤਾ ਉਸਾਰੇ ਜਾਣ ਦੀ ਹੈ। ਜੇ ਸਿਆਸਤ ਵੀ ਉਸਾਰਨੀ ਹੈ ਤਾਂ ਇਹ ਉਸਾਰਨੀ ਚਾਹੀਦੀ ਹੈ ਕਿ ਬਾਬਾ ਜੀ ਨੇ ਭਾਰਤ ਨੂੰ ਸਦੀਆਂ ਦੀ ਗੁਲਾਮੀ ਵਿਚੋਂ ਨਿਕਲ ਸਕਣ ਦੀਆਂ ਸਿਆਸੀ ਸੰਭਾਵਨਾਵਾਂ ਨੂੰ ਸਾਹਮਣੇ ਲਿਆਂਦਾ ਸੀ। ਵਿਰਾਸਤੀ ਜੜ੍ਹਾਂ ਨਾਲੋਂ ਟੁੱਟੇ ਹੋਏ ਆਮ ਆਦਮੀ ਨੂੰ ਉਸ ਦੀ ਵਿਰਾਸਤੀ ਸ਼ਕਤੀ ਪ੍ਰæਤੀ ਜਾਗ੍ਰਿਤ ਕੀਤਾ ਸੀ। ਸਿਆਸੀ ਭੀੜਾਂ ਨੂੰ ਵਚਨਬੱਧ-ਸੂਰਮਿਆਂ ਵਾਂਗ ਪਛਾੜ ਸਕਣ ਦੇ ਅਹਿਸਾਸ ਨੂੰ ਪ੍ਰਚੰਡ ਕੀਤਾ ਸੀ। ਇਹ ਗੱਲਾਂ ਭਾਸ਼ਣਾਂ ਦੀ ਸਿਆਸਤ ਨਾਲ ਕਿਸੇ ਪਾਸੇ ਨਹੀਂ ਤੁਰ ਸਕਦੀਆਂ। ਇਨ੍ਹਾਂ ਦੀ ਤਾਂ ਅਕਾਦਮਿਕਤਾ ਨੂੰ ਹੀ ਸਾਹਮਣੇ ਲਿਆਉਣਾ ਪੈਣਾ ਹੈ। ਪਰ ਇਸ ਪਾਸੇ ਤੁਰਨ ਦਾ ਰਾਹ ਸਮਾਰੋਹਾਂ ਦੀ ਸਿਆਸਤ ਨਾਲ ਗੁਆਚਦਾ ਨਜ਼ਰ ਆ ਰਿਹਾ ਹੈ। ਇਸ ਦਾ ਸਬੂਤ ਇਸ ਨਾਲ ਜੁੜੇ ਹੋਏ ਸੈਮੀਨਾਰ ਤੋਂ ਵੀ ਮਿਲ ਜਾਂਦਾ ਹੈ ਕਿਉਂਕਿ ਇਸ ਵਿਚੋਂ ਕੋਈ ਅਕਾਦਮਿਕ ਦਸਤਾਵੇਜ਼ ਸਾਹਮਣੇ ਆਉਂਦੀ ਨਹੀਂ ਲਗਦੀ। ਪਹਿਲੀਆਂ ਸ਼ਤਾਬਦੀਆਂ ਦੇ ਸੈਮੀਨਾਰਾਂ ਦੀ ਨਿਰੰਤਰਤਾ ਵਿਚੋਂ ਵੀ ਇਹੀ ਸੱਚ ਸਾਹਮਣੇ ਆਉਂਦਾ ਰਿਹਾ ਹੈ। ਜਿਹੜੇ ਯਤਨ, ਸਾਂਝੀ-ਸਿੱਖ-ਸਮਝ ਪੈਦਾ ਕਰਨ ਵੱਲ ਲੈ ਕੇ ਨਹੀਂ ਜਾਂਦੇ, ਉਹ ਗਲ ਪਿਆ ਢੋਲ ਵਜਾਉਣ ਵਰਗੇ ਅਤੇ ਫੰਡ ਖਪਾਊ ਅਵਸਰਾਂ ਵਰਗੇ ਹੀ ਹੁੰਦੇ ਹਨ।
ਬਾਬਾ ਬੰਦਾ ਸਿੰਘ ਨੂੰ ਸਿੱਖਾਂ ਤੇ ਪੰਜਾਬ ਤੱਕ ਸੀਮਿਤ ਕਰਕੇ ਵੇਖੇ ਜਾਣ ਨਾਲ ਗੁਲਾਮ ਭਾਰਤ ਦੇ ਮੁਕਤੀ-ਦਾਤਾ ਵਜੋਂ ਨਿਭਾਈ ਉਨ੍ਹਾਂ ਦੀ ਪਥ ਪਰਦਰਸ਼ਕ ਭੂਮਿਕਾ ਸਾਹਮਣੇ ਨਹੀਂ ਆ ਸਕੇਗੀ। ਮੁਗਲ ਹਾਕਮਾਂ ਦਾ ਜੇਤੂ ਬਦਲ ਬਣ ਰਿਹਾ ਆਮ ਸਿੱਖ ਜਗੀਰਦਾਰੀ ਪ੍ਰਥਾ ਦੇ ਖਿਲਾਫ ਭੁਗਤਦਾ ਰਿਹਾ ਹੈ। ਉਹੀ ਆਮ ਸਿੱਖ ਮਿਸਲਾਂ ਵੇਲੇ ਫਿਰ ਜਗੀਰਦਾਰੀ ਵੱਲ ਮੁੜ ਗਿਆ। ਮਹਾਰਾਜਾ ਰਣਜੀਤ ਸਿੰਘ ਜਗੀਰਦਾਰੀ ਦਾ ਕੇਂਦਰੀਕਰਣ ਕਰ ਲੈਂਦਾ ਹੈ। ਜਿਸ ਜ਼ਮੀਨੀ ਸੁਧਾਰ ਦੀ ਗੱਲ ਬਾਬਾ ਜੀ ਦੇ ਹਵਾਲੇ ਨਾਲ ਕੀਤੀ ਜਾਂਦੀ ਹੈ, ਉਹ ਸਿੱਖ ਲਹਿਰ ਦੀ ਵਕਤੀ ਉਪਜ ਤਾਂ ਹੋ ਸਕਦੀ ਹੈ। ਇਸ ਨੂੰ ਪ੍ਰਬੰਧ ਵਿਚ ਢਾਲਣ ਦਾ ਸਮਾਂ ਅਤੇ ਮਾਹੌਲ ਹੀ ਕਿੱਥੇ ਸੀ? ਬਾਬਾ ਜੀ ਦੀ ਦਸਮ ਪਾਤਸ਼ਾਹ ਨਾਲ ਨੰਦੇੜ ਵਿਖੇ ਮੁਲਾਕਾਤ 1708 ਵਿਚ ਹੁੰਦੀ ਹੈ ਅਤੇ ਉਸ ਵੇਲੇ ਉਹ 38 ਸਾਲਾਂ ਦਾ ਸੀ। ਪੰਜਾਬ ਵਿਚ ਨਿਭਾਈ ਗਈ ਭੂਮਿਕਾ ਕੇਵਲ ਸੱਤਾਂ ਸਾਲਾਂ ਵਾਸਤੇ ਸੀ। ਇਹ ਸਾਰਾ ਹੀ ਸਮਾਂ ਸੰਘਰਸ਼ ਵਿਚ ਬੀਤਿਆ ਸੀ ਅਤੇ ਇਸ ਨੂੰ ਪ੍ਰਬੰਧਕੀ-ਢਾਂਚਾ ਸਥਾਪਤ ਕਰਨ ਵਾਸਤੇ ਬਹੁਤ ਹੀ ਨਿਗੂਣਾ ਕਿਹਾ ਜਾ ਸਕਦਾ ਹੈ। ਬਾਬਾ ਜੀ ਦੇ ਸਿਆਸੀ-ਬਿੰਬ ਨੂੰ ਉਸਾਰਨ ਦੀ ਥਾਂ ਉਨ੍ਹਾਂ ਦੇ ਪੰਥਕ-ਬਿੰਬ ਨੂੰ ਉਸਾਰੇ ਜਾਣ ਦੀ ਲੋੜ ਹੈ। ਵੈਸੇ ਵੀ ਅਜਿਹੇ ਹਵਾਲੇ ਇਤਿਹਸ ਵਿਚ ਮਿਲ ਜਾਂਦੇ ਹਨ, ਜਿਨ੍ਹਾਂ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਸਿਆਸੀ ਪ੍ਰਾਪਤੀਆਂ ਜੇ ਵਿਰਾਸਤੀ-ਚੇਤਨਾ ਨਾਲੋਂ ਟੁੱਟ ਜਾਣ ਤਾਂ ਕੌਮਾਂ ਖੜੋਤ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਦੇ ਸਮਰਥਨ ਵਿਚ ਪ੍ਰਸਿੱਧ ਆਰਟਿਸਟ ਸ਼ ਹਰਦੇਵ ਸਿੰਘ ਦੀ ਪੋਲਿਸ਼ ਪਤਨੀ ਮਾਰੀਆ ਦੇ ਸ਼ਬਦ (ਡਾæ ਹਰਪਾਲ ਸਿੰਘ ਪੰਨੂ ਦੇ ਲੇਖ ਵਿਚੋਂ) ਹਨ, “ਕੱਜ਼ਾਕ ਪੜ੍ਹਦੇ ਨਹੀਂ। ਇਨ੍ਹਾਂ ਦਾ ਸ਼ਾਨਦਾਰ ਇਤਿਹਾਸ ਸਿੱਖਾਂ ਵਰਗਾ ਹੈ। ਅਨਪੜ੍ਹ ਹੋਣ ਕਰਕੇ ਕੱਜ਼ਾਕ ਹੁਣ ਖਤਮ ਹੋ ਰਹੇ ਹਨ, ਇਨ੍ਹਾਂ ਨੂੰ ਮਰਦਿਆਂ ਦੇਖ ਕੇ ਸਿੱਖਾਂ ਨੂੰ ਬਚਣ ਦਾ ਯਤਨ ਕਰਨਾ ਚਾਹੀਦਾ ਹੈ।” ਇਹ ਹਵਾਲਾ ਇਹ ਦੱਸਣ ਲਈ ਦਿੱਤਾ ਹੈ ਕਿ ਰੂਸ ਵਿਚ ਜੇਤੂਆਂ ਵਜੋਂ ਵੱਸ ਗਏ ਪੋਲ ਬਹਾਦਰਾਂ ਨੂੰ ਹੀ ਰੂਸੀ ਕੱਜ਼ਾਕ ਕਹਿੰਦੇ ਹਨ। ਇਨ੍ਹਾਂ ਦਾ 15ਵੀਂ ਤੋਂ 18ਵੀਂ ਸਦੀ ਤੱਕ ਰੂਸ, ਪੋਲੈਂਡ ਅਤੇ ਯੂਕਰੇਨ ‘ਤੇ ਰਾਜ ਰਿਹਾ ਸੀ। ਪਰ ਅੱਜ ਉਨ੍ਹਾਂ ਦਾ ਹਵਾਲਾ ਹੀ ਮਿਲਦਾ ਹੈ ਅਤੇ ਉਹ ਆਰਕਾਈਵਲ ਮਟੀਰੀਅਲ ਹੋ ਗਏ ਹਨ। ਕੀ ਸਿੱਖ ਇਸ ਪਾਸੇ ਵੱਲ ਤਾਂ ਨਹੀਂ ਵਧੀ ਜਾ ਰਹੇ? ਇਸ ਨਾਲੋਂ ਉਲਟ ਮਿਸਾਲ ਇਹ ਲਈ ਜਾ ਸਕਦੀ ਹੈ ਕਿ ਯਹੂਦੀਆਂ ਦਾ ਕਿਧਰੇ ਵੀ ਰਾਜ ਨਹੀਂ ਸੀ, ਪਰ ਉਹ ਦੁਨੀਆਂ ਭਰ ਨੂੰ ਪ੍ਰਭਾਵਿਤ ਕਰਨ ਵਾਲੀ ਭੂਮਿਕਾ ਅਤਿ ਦੇ ਮਾੜੇ ਹਾਲਾਤ ਵਿਚ ਵੀ ਨਿਭਾਉਂਦੇ ਰਹੇ ਹਨ ਅਤੇ ਆਪਣੀਆਂ ਬੌਧਿਕ ਪ੍ਰਾਪਤੀਆਂ ਸਦਕਾ ਸਤਿਕਾਰੇ ਜਾਂਦੇ ਹਨ। ਹੁਣ ਜਦੋਂ ਸਿੱਖ ਆਲਮੀ-ਭਾਈਚਾਰਾ ਹੋ ਗਏ ਹਨ ਤਾਂ ਸਾਨੂੰ ਆਪਣੀ ਇਤਿਹਾਸ ਕੇਂਦਰਤ ਭੂਤ-ਪੂਜਕ ਬਿਰਤੀ ਤੋਂ ਮੁਕਤ ਹੋ ਕੇ, ਜੋ ਕੁਝ ਵਾਪਰ ਗਿਆ ਹੈ ਅਤੇ ਵਾਪਰ ਰਿਹਾ ਹੈ, ਉਸ ਨੂੰ ਨਾਲ ਲੈ ਕੇ ਤੁਰਨ ਬਾਰੇ ਸਿਰ ਜੋੜ ਕੇ ਸੋਚਣਾ ਚਾਹੀਦਾ ਹੈ। ਬਾਬਾ ਜੀ ਦੀ ਸ਼ਤਾਬਦੀ ਨੂੰ ਇਸ ਵਾਸਤੇ ਮੌਕੇ ਵਜੋਂ ਵਰਤਣਾ ਚਾਹੀਦਾ ਹੈ।
ਇਹ ਸੱਚ ਹੈ ਕਿ ਬਾਬਾ ਬੰਦਾ ਸਿੰਘ ਬਹਦਾਰ ਨੂੰ ਦਸਮ ਪਾਤਸ਼ਾਹ ਨੇ “ਸੰਤਾ ਮਾਨੋ ਦੂਤਾਂ ਡਾਨੋ” ਦੀ ਭਾਵਨਾ ਵਿਚ ਧਰਮ-ਚਲਾਵਨ ਦੀ ਪ੍ਰਚੰਡਤਾ ਵਾਸਤੇ ਤੋਰਿਆ ਸੀ। ਪੰਥ ਦੇ ਨੁਮਾਇੰਦੇ ਪੰਜ ਪਿਆਰਿਆਂ ਨੂੰ ਨਾਲ ਲੈ ਕੇ, ਲੋੜੀਂਦਾ ਸੰਘਰਸ਼ ਕਰਨ ਦਾ ਹੁਕਮ ਵੀ ਦਿੱਤਾ ਸੀ। ਪਾਤਸ਼ਾਹੀ ਜੇ ਮਿਲਣੀ ਸੀ ਤਾਂ ਗਰੀਬ-ਸਿੱਖਨ ਨੂੰ ਮਿਲਣੀ ਸੀ। ਸਿੱਖਾਂ ਦੇ ਪਾਤਸ਼ਾਹ ਗੁਰੂ ਸਾਹਿਬਾਨ ਆਪ ਸਨ ਅਤੇ ਇਸ ਦਾ ਬਦਲ ਕੋਈ ਸਿੱਖ ਵਿਅਕਤੀਗਤ ਰੂਪ ਵਿਚ ਕਿਵੇਂ ਹੋ ਸਕਦਾ ਸੀ? ਫਿਰ ਬਾਬਾ ਜੀ ਨੂੰ ਪਹਿਲਾ ਬਾਦਸ਼ਾਹ ਕਿਵੇਂ ਸਾਬਤ ਕਰਾਂਗੇ? ਇਹ ਅਮਲ ਤਾਂ ਈਸਾਈਅਤ ਦੇ ਰੰਗ ਵਾਲੀ ਬਾਦਸ਼ਾਹਤ ਵਰਗਾ ਹੋ ਜਾਏਗਾ ਅਤੇ ਪੰਥਕ ਸੁਰ ਵਿਚ ਇਸ ਦੀ ਸਥਾਪਤੀ ਕਰ ਸਕਣੀ ਮੁਸ਼ਕਿਲ ਹੋ ਜਾਵੇਗੀ। ਅਜਿਹੀਆਂ ਅਫਵਾਹਾਂ ਦੀ ਸਿਆਸਤ ਨੇ ਬਾਬਾ ਜੀ ਦੀ ਪੰਥਕ ਛਬੀ ਨੂੰ ਉਨ੍ਹਾਂ ਦੇ ਜਿਊਂਦੇ ਜੀਅ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਜਦੋਂ ਸਾਰੇ ਤੱਥ ਸਾਹਮਣੇ ਆ ਗਏ ਹਨ ਤਾਂ ਬਾਬਾ ਜੀ ਨੂੰ ਸਿਆਸੀ ਰੋਲ-ਮਾਡਲ ਵਜੋਂ ਪੇਸ਼ ਕਰਨਾ ਹੈ ਕਿ ਪੰਥਕ ਰੋਲ-ਮਾਡਲ ਵਜੋਂ ਪੇਸ਼ ਕਰਨਾ ਹੈ, ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ। ਬਾਬਾ ਜੀ ਜਦੋਂ ਦਸਮ ਪਾਤਸ਼ਾਹ ਦੇ ਸਨਮੁੱਖ ਹੋਏ ਸਨ ਤਾਂ ਕਰਾਮਾਤੀ ਅਧਿਆਤਮਵਾਦੀ ਸਨ, ਜਦੋਂ ਪੰਜਾਬ ਨੂੰ ਰਵਾਨਾ ਹੋਏ ਤਾਂ ਕਰਮਸ਼ੀਲ ਅਧਿਆਤਮਵਾਦੀ ਸਨ। ਇਹ ਸਫ਼ਰ ਉਨ੍ਹਾਂ ਨੇ ਇਲਾਹੀ-ਨਦਰ ਦੇ ਸਫ਼ਰ ਵਾਂਗ ਤੈਅ ਕੀਤਾ ਸੀ। ਅਜਿਹੀ ਮਾਨਸਿਕ ਤਬਦੀਲੀ ਦੇ ਇਤਿਹਾਸਕ-ਵਰਤਾਰੇ ਦਾ ਬਾਬਾ ਬੰਦਾ ਸਿੰਘ, ਸਦੀਵ ਤੇ ਸਦ ਜਾਗਤ ਰੋਲ ਮਾਡਲ ਹਨ। ਇਸ ਨੂੰ ਸਿਆਸੀ ਚਿੱਕੜ ਵੱਲ ਲੈ ਕੇ ਜਾਣ ਦੀ ਨਹੀਂ, ਸਗੋਂ ਇਸ ਤੋਂ ਬਚਾਉਣ ਦੀ ਲੋੜ ਹੈ।
ਸਿਆਸਤ ਤਾਂ ਸੱਤਾ ਪ੍ਰਾਪਤੀ ਲਈ ਅਨੈਤਿਕਤਾ ਨੂੰ ਹਥਿਆਰ ਵਜੋਂ ਵਰਤਣ ਦੀ ਆਗਿਆ ਦਿੰਦੀ ਹੈ। ਬਾਬਾ ਜੀ ਨਾਲ ਕੈਦ ਕੀਤੇ ਗਏ ਉਨ੍ਹਾਂ ਦੇ ਸਾਥੀਆਂ ਵਿਚੋਂ ਕਿਸੇ ਇਕ ਨੇ ਵੀ ਮਾਫ਼ੀ ਨਹੀਂ ਮੰਗੀ ਸੀ ਜਾਂ ਬਾਬਾ ਜੀ ਦਾ ਸਾਥ ਨਹੀਂ ਸੀ ਛੱਡਿਆ। ਅਜਿਹਾ ਰਾਜਨੀਤੀ ਵਿਚ ਨਹੀਂ ਕੇਵਲ ਧਰਮ ਵਿਚ ਹੀ ਵਾਪਰ ਸਕਦਾ ਸੀ ਅਤੇ ਵਾਪਰ ਸਕਦਾ ਹੈ। ਇਸ ਫਖ਼ਰਯੋਗ-ਵਿਰਾਸਤ ਨਾਲੋਂ ਬਾਬਾ ਜੀ ਦੇ ਬਿੰਬ ਨੂੰ ਨਿਖੇੜੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ।