ਚੜੇ ਸੂਰ ਮਿਟਿ ਜਾਇ ਅੰਧਾਰਾ

ਡਾæ ਗੁਰਨਾਮ ਕੌਰ ਪਟਿਆਲਾ
ਪਹਿਲੀ ਵਾਰ ਦੀ ਸਤਾਰਵੀਂ ਪਉੜੀ ਵਿਚ ਭਾਈ ਗੁਰਦਾਸ ਜ਼ਿਕਰ ਕਰਦੇ ਹਨ ਕਿ ਜਦੋਂ ਕਿਸੇ ਜੁਗ ਦੀ ਗਿਰਾਵਟ ਹੁੰਦੀ ਹੈ ਤਾਂ ਉਦੋਂ ਕਿਸ ਕਿਸਮ ਦੀ ਉਥਲ-ਪੁੱਥਲ ਹੁੰਦੀ ਹੈ ਜਾਂ ਤਬਦੀਲੀ ਆਉਂਦੀ ਹੈ। ਇਸ ਕਿਸਮ ਦੀ ਤਬਦੀਲੀ ਜਾਂ ਗਿਰਾਵਟ ਨੂੰ ਉਨ੍ਹਾਂ ਨੇ Ḕਜੁਗ-ਗਰਦੀḔ ਦਾ ਨਾਮ ਦਿੱਤਾ ਹੈ, ਜਿਸ ਦਾ ਅਰਥ ਕਰਦਿਆਂ ਰਾਜ-ਪਲਟਾ ਵੀ ਲਿਖਿਆ ਮਿਲਦਾ ਹੈ। ਭਾਈ ਗੁਰਦਾਸ ਬਿਆਨ ਕਰਦੇ ਹਨ ਕਿ ਜਦੋਂ ਕੋਈ ਜੁਗ-ਗਰਦੀ ਹੁੰਦੀ ਹੈ, ਕਿਸੇ ਜੁਗ ਦੀ ਗਿਰਾਵਟ ਹੁੰਦੀ ਹੈ, ਪਾਸਾ ਪਲਟਦਾ ਹੈ ਤਾਂ ਆਮ ਲੋਕਾਈ ਦਾ ਵਤੀਰਾ ਜੁਗ ਦੇ ਸੁਭਾਅ, ਉਸ ਦੇ ਕੁਦਰਤੀ ਵਤੀਰੇ ਦੇ ਬਿਲਕੁਲ ਉਲਟ ਹੋ ਜਾਂਦਾ ਹੈ।

ਸਭ ਤੋਂ ਵੱਡੀ ਤਬਦੀਲੀ ਇਹ ਹੁੰਦੀ ਹੈ ਕਿ ਚਾਰੇ ਪਾਸੇ ਨਫਰਤ ਦਾ ਮਾਹੌਲ ਬਣ ਜਾਂਦਾ ਹੈ ਅਤੇ ਇਸ ਆਪਸੀ ਨਫਰਤ ਕਾਰਨ ਚਾਰੇ ਪਾਸੇ ਪਾਪ ਦਾ ਬੋਲਬਾਲਾ ਹੋ ਜਾਂਦਾ ਹੈ ਅਤੇ ਸਾਰਾ ਸੰਸਾਰ ਇਸ ਪਾਪ ਦੇ ਵਰਤਾਰੇ ਕਾਰਨ ਭ੍ਰਿਸ਼ਟਿਆ ਜਾਂਦਾ ਹੈ। ਹਰ ਕੋਈ ਆਪਣੇ ਨਿਰਧਾਰਤ ਕੀਤੇ ਫਰਜ਼ਾਂ ਨੂੰ ਭੁੱਲ ਜਾਂਦਾ ਹੈ (ਵਰਣ-ਆਸ਼ਰਮ ਧਰਮ ਦਾ ਅਰਥ ਹੀ ਆਪਣੇ ਵਰਣ ਮੁਤਾਬਿਕ ਨਿਰਧਾਰਤ ਕੀਤੇ ਫਰਜ਼ਾਂ ਨੂੰ ਨਿਭਾਉਣਾ ਹੈ ਜਿਸ ਨੂੰ ਹਿੰਦੂ ਸ਼ਾਸਤਰਾਂ ਵਿਚ ਉਸ ਵਰਣ ਦਾ ḔਧਰਮḔ ਕਿਹਾ ਹੈ) ਅਤੇ ਇੱਕ ਦੂਸਰੇ ਨਾਲ ਪ੍ਰੇਮ ਅਤੇ ਸਤਿਕਾਰ ਦਾ ਵਰਤਾਅ ਕਰਨ ਦੀ ਥਾਂ ਲੋਕ ਨਫਰਤ ਕਾਰਨ ਇਸ ਤਰ੍ਹਾਂ ਆਪਸ ਵਿਚ ਝਗੜਦੇ ਹਨ ਜਿਵੇਂ ਬਾਂਸ ਇੱਕ ਦੂਸਰੇ ਨਾਲ ਖਹਿ ਕੇ ਅੱਗ ਪੈਦਾ ਕਰਦੇ ਹਨ ਅਤੇ ਫਿਰ ਆਪ ਹੀ ਉਸ ਅੱਗ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ। ਇਹ ਨਫਰਤ ਦੀ ਅੱਗ ਮਨੁੱਖਾਂ ਨੂੰ ਆਪਸ ਵਿਚ ਲੜਾ ਕੇ ਤਬਾਹ ਕਰ ਦਿੰਦੀ ਹੈ, ਉਹ ਖੁਦ ਵੀ ਤਬਾਹ ਹੁੰਦੇ ਹਨ ਅਤੇ ਦੂਸਰਿਆਂ ਨੂੰ ਵੀ ਤਬਾਹ ਕਰ ਦਿੰਦੇ ਹਨ ਅਤੇ ਇਹੋ ਕੁਝ ਉਸ ਸਮੇਂ ਵਾਪਰ ਰਿਹਾ ਸੀ ਜਿਸ ਸਮੇਂ ਦਾ ਜ਼ਿਕਰ ਭਾਈ ਗੁਰਦਾਸ ਕਰ ਰਹੇ ਹਨ। ਅਜਿਹੇ ਸਮੇਂ ਵਿਚ ਅਗਿਆਨ ਦਾ ਬੋਲਬਾਲਾ ਹੋ ਜਾਂਦਾ ਹੈ ਅਤੇ ਲੋਕ ਗਿਆਨ ਦੀ ਵਿਰੋਧਤਾ ਕਰਦੇ ਹਨ।
ਅਗਿਆਨ-ਵੱਸ ਲੋਕਾਂ ਨੂੰ ਕੁਝ ਵੀ ਸਪੱਸ਼ਟ ਦਿਖਾਈ ਨਹੀਂ ਦਿੰਦਾ। ਭਾਵ ਅਗਿਆਨ-ਰੂਪੀ ਅੰਧੇਰਾ ਅਸਲੀਅਤ ਨੂੰ ਢਕ ਲੈਂਦਾ ਹੈ ਅਤੇ ਅਗਿਆਨ-ਵੱਸ ਲੋਕ ਸਹੀ ਅਤੇ ਗਲਤ ਦੀ ਪਛਾਣ ਭੁੱਲ ਜਾਂਦੇ ਹਨ। ਗਿਆਨ ਦੀ ਨਿੰਦਾ ਕਰਦੇ ਹਨ ਅਤੇ ਅਗਿਆਨ ਦੇ ਅੰਧੇਰੇ ਕਾਰਨ ਕੁਝ ਵੀ ਸਮਝਣ ਤੋਂ ਅਸਮਰੱਥ ਹੁੰਦੇ ਹਨ। ਗੁਰੂ ਰਾਹੀਂ ਦਿੱਤਾ ਗਿਆਨ ਹੀ ਹੈ ਜਿਸ ਅਧਿਅਤਮਕ ਗਿਆਨ ਤੋਂ ਅਗਵਾਈ ਲੈ ਕੇ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਰਸਤਾ ਪਤਾ ਲੱਗਿਆ ਅਤੇ ਗਿਆਨੀ ਲੋਕ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜਦੋਂ ਤੱਕ ਅਕਾਲ ਪੁਰਖ ਸੱਚੇ ਗੁਰੂ ਦਾ ਰੂਪ ਧਾਰ ਕੇ ਸੰਸਾਰ ‘ਤੇ ਨਹੀਂ ਆਉਂਦਾ, ਉਦੋਂ ਤੱਕ ਇਹ ਰਹੱਸ ਕਿਸੇ ਨੂੰ ਸਮਝ ਨਹੀਂ ਲੱਗਦਾ (ਗੁਰੂ ਤੋਂ ਹੀ ਅਸਲੀ ਰਸਤੇ ਦਾ ਪਤਾ ਲੱਗਦਾ ਹੈ)।
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਗੁਰੂ ਅਤੇ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਹੈ (ਕਿਉਂਕਿ ਗੁਰੂ ਦੀ ਸੁਰਤਿ ਅਕਾਲ ਪੁਰਖ ਵਿਚ ਲਿਵਲੀਨ ਹੋ ਕੇ ਗੁਰੂ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦਾ ਹੈ)। ਗੁਰੂ ਸਤਿਗੁਰੂ ਹੈ, ਸੱਚੀ ਅਗਵਾਈ ਕਰਨ ਵਾਲਾ ਹੈ। ਇਸੇ ਲਈ ਸਾਰਾ ਸੰਸਾਰ ਗੁਰੂ ਨੂੰ ਪਾਉਣ ਦੀ ਇੱਛਾ ਕਰਦਾ ਹੈ। ਜਦੋਂ ਸੂਰਜ ਚੜ੍ਹਦਾ ਹੈ ਤਾਂ ਅੰਧੇਰਾ ਆਪਣੇ ਆਪ ਖਤਮ ਹੋ ਜਾਂਦਾ ਹੈ; ਇਸੇ ਤਰ੍ਹਾਂ ਗੁਰੂ ਰਾਹੀਂ ਗਿਆਨ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਤਾਂ ਅਗਿਆਨ-ਰੂਪੀ ਅੰਧੇਰਾ ਆਪਣੇ ਆਪ ਮਿਟ ਜਾਂਦਾ ਹੈ:
ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।
ਉਠੇ ਗਿਲਾਨਿ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ।
ਵਰਨਾਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ।
ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ।
ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲਿ ਪਾਰਿ ਉਤਾਰਾ।
ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ।
ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਬਣਜਾਰਾ।
ਚੜੇ ਸੂਰ ਮਿਟਿ ਜਾਇ ਅੰਧਾਰਾ॥੧੭॥
ਅਗਿਆਨ ਰੂਪੀ ਅੰਧੇਰੇ ਵਿਚੋਂ ਬਾਹਰ ਆਉਣ ਦਾ ਰਸਤਾ ਗੁਰੂ ਰਾਹੀਂ ਦਿੱਤੇ ਗਿਆਨ ਤੋਂ ਹੀ ਪਤਾ ਲੱਗਦਾ ਹੈ। ਇਸੇ ਤੱਥ ਦਾ ਖੁਲਾਸਾ ਭਾਈ ਗੁਰਦਾਸ ਨੇ ਕੀਤਾ ਹੈ। ਸਿੱਖ ਚਿੰਤਨ ਵਿਚ ਗੁਰੂ ਦਾ ਦਰਜਾ ਬਹੁਤ ਉਚਾ ਹੈ ਅਤੇ ਸਿੱਖ ਚਿੰਤਨ ਅਨੁਸਾਰ ਸ਼ਬਦ ਹੀ ਗੁਰੂ ਹੈ। ਬਾਣੀ ਅਤੇ ਗੁਰੂ ਵਿਚ ਕੋਈ ਅੰਤਰ ਨਹੀਂ ਹੈ ਅਤੇ ਬਾਣੀ ਧੁਰੋਂ ਆਈ ਹੈ, ਗੁਰੂ ਅਤੇ ਪਰਮਾਤਮਾ ਦੀ ਇਕਸੁਰਤਾ ਦੇ ਪਲਾਂ ਵਿਚ ਬਾਣੀ ਪਰਗਟ ਹੁੰਦੀ ਹੈ।
ਗੁਰੂ ਨਾਨਕ ਅਨੁਸਾਰ ਗੁਰੂ ਵਿਚ ਇਹ ਸਮਰੱਥਾ ਹੈ ਕਿ ਉਹ ਮਨੁੱਖ ਦੀ ਬੁੱਧੀ ਨੂੰ ਇਸ ਪੱਧਰ ਤੱਕ ਉਚਾ ਚੁੱਕ ਸਕਦਾ ਹੈ ਜਿੱਥੇ ਪਹੁੰਚ ਕੇ ਮਨੁੱਖ ਦੇਵਤਾ ਬਣ ਜਾਂਦਾ ਹੈ; ਉਸ ਦੀ ਬੁੱਧੀ ਅੰਦਰ ਪਏ ਸਾਰੇ ਅਧਿਆਤਮਕ ਗੁਣ ਪਰਗਟ ਹੋ ਜਾਂਦੇ ਹਨ। ਗੁਰੂ ਨਾਨਕ ਆਸਾ ਦੀ ਵਾਰ ਵਿਚ ਇਸ ਤੱਥ ਦਾ ਪ੍ਰਗਟਾਵਾ ਕਰਦੇ ਹਨ ਕਿ ਉਹ ਆਪਣੇ ਗੁਰੂ (ਗੁਰੂ ਨਾਨਕ ਦਾ ਗੁਰੂ ਅਕਾਲ ਪੁਰਖ ਆਪ ਹੈ) ਤੋਂ ਦਿਨ ਵਿਚ ਸੌ ਵਾਰੀ ਸਦਕੇ ਜਾਂਦੇ ਹਨ ਜਿਸ ਨੂੰ ਮਨੁੱਖ ਨੂੰ ਦੇਵਤਾ ਬਣਾਉਣ ਵਿਚ ਦੇਰ ਨਹੀਂ ਲੱਗੀ:
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ॥੧॥ (ਪੰਨਾ ੪੬੨-੬੩)
ਗੁਰੂ ਨਾਨਕ ਸਾਹਿਬ ਦੇ ਇਸੇ ਸਲੋਕ ਦੇ ਨਾਲ ਹੀ ਅਗਲਾ ਸਲੋਕ ਗੁਰੂ ਅੰਗਦ ਦੇਵ ਦਾ ਹੈ। ਗੁਰੂ ਅੰਗਦ ਦੇਵ ਗੁਰੂ ਦਾ ਮਹੱਤਵ ਦੱਸਦੇ ਹੋਏ ਫੁਰਮਾਉਂਦੇ ਹਨ ਕਿ ਜੇ ਕਰ ਸੌ ਚੰਦਰਮਾ ਵੀ ਚੜ੍ਹ ਪਵੇ ਅਤੇ ਹਜ਼ਾਰਾਂ ਹੀ ਸੂਰਜ ਚੜ੍ਹ ਪੈਣ, ਫਿਰ ਵੀ ਗੁਰੂ ਤੋਂ ਬਗੈਰ ਸੰਸਾਰ ਵਿਚ ਘੁੱਪ ਹਨੇਰਾ ਹੀ ਹੋਵੇਗਾ। ਭਾਵ ਜਦੋਂ ਮਨੁੱਖ ਦੇ ਅੰਦਰ ਗਿਆਨ ਦਾ ਚਾਨਣ ਨਹੀਂ ਹੁੰਦਾ, ਉਦੋਂ ਤੱਕ ਬਾਹਰਲੀ ਰੌਸ਼ਨੀ ਵੀ ਕੁਝ ਨਹੀਂ ਸਵਾਰਦੀ; ਬੌਧਿਕ ਤੌਰ ‘ਤੇ ਮਨੁੱਖੀ ਮਨ ਅਗਿਆਨ ਦੇ ਹਨੇਰੇ ਵਿਚ ਫਸਿਆ ਰਹਿੰਦਾ ਹੈ; ਅਗਿਆਨ-ਵੱਸ ਉਹ ਸਹੀ ਤੇ ਗਲਤ ਦੀ ਪਛਾਣ ਹੀ ਨਹੀਂ ਕਰ ਸਕਦਾ। ਮਨ ਦਾ ਇਹ ਚਾਨਣ ਸਿਰਫ ਤੇ ਸਿਰਫ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ:
ਜੇ ਸਉ ਚੰਦਾ ਉਗਵੈ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥ (ਪੰਨਾ ੪੬੩)
ਆਸਾ ਦੀ ਵਾਰ ਇੱਕ ਅਜਿਹੀ ਬਾਣੀ ਹੈ ਜਿਸ ਵਿਚ ਧਾਰਮਕ, ਸਮਾਜਕ ਅਤੇ ਰਾਜਨੀਤਕ ਸਰੋਕਾਰਾਂ ਦੀ ਗੱਲ ਬਹੁਤ ਹੀ ਵਿਸਥਾਰ ਵਿਚ ਕੀਤੀ ਗਈ ਹੈ। ਇਸ ਸੰਸਾਰ ‘ਤੇ ਚੰਗਾ ਜੀਵਨ ਬਸਰ ਕਰਨ ਲਈ ਮਨੁੱਖ ਦੀ ਜ਼ਿੰਦਗੀ ਦੇ ਇਹ ਤਿੰਨੇ ਪੱਖ ਬਹੁਤ ਅਹਿਮ ਹਨ ਅਤੇ ਆਮ ਆਦਮੀ ਦੀ ਜ਼ਿੰਦਗੀ ਤੇ ਹਰ ਤਰ੍ਹਾਂ ਨਾਲ ਅਸਰ-ਅੰਦਾਜ਼ ਹੁੰਦੇ ਹਨ। ਆਸਾ ਦੀ ਵਾਰ ਵਿਚ ਇਨ੍ਹਾਂ ਸਾਰੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਹੈ ਕਿ ਆਪਣੇ ਆਪ ਨੂੰ ਧਾਰਮਕ ਅਗੂ ਕਹਾਉਣ ਵਾਲਿਆਂ ਵੱਲੋਂ ਕਿਵੇਂ ਧਾਰਮਕ ਪਖੰਡ ਕੀਤਾ ਜਾਂਦਾ ਹੈ, ਧਰਮ ਨੂੰ ਕਿਵੇਂ ਉਹ ਮਹਿਜ ਕਮਾਈ ਦਾ ਸਾਧਨ ਬਣਾਉਂਦੇ ਹਨ ਅਤੇ ਧਰਮ ਦੇ ਨਾਂ ‘ਤੇ ਆਮ ਮਨੁੱਖ ਦੀ ਲੁੱਟ-ਖਸੁੱਟ ਕਿਵੇਂ ਕਰਦੇ ਹਨ; ਸਮਾਜਕ ਨਾ-ਬਰਾਬਰੀ, ਊਚ-ਨੀਚ ਅਤੇ ਸਮਾਜਕ ਰਸਮਾਂ ਨਾਲ ਕਿਸ ਤਰ੍ਹਾਂ ਆਮ ਆਦਮੀ ਦਾ ਜਿਉਣਾ ਹਰਾਮ ਕੀਤਾ ਜਾਂਦਾ ਹੈ ਅਤੇ ਰਾਜਨੀਤਕ ਗੁਲਾਮੀ ਅਤੇ ਰਾਜ-ਕਰਤਾ ਵੱਲੋਂ ਮਨੁੱਖ ਤੇ ਜ਼ੁਲਮ ਆਦਿ ਇਨ੍ਹਾਂ ਸਾਰੇ ਮੁੱਦਿਆਂ ਨੂੰ ਬਹੁਤ ਵਿਸਥਾਰ ਵਿਚ ਵਿਚਾਰਿਆ ਗਿਆ ਹੈ। ਮਨੁੱਖ ਵਿਚ ਇਸ ਸਾਰੇ ਤਾਣੇ-ਬਾਣੇ ਪ੍ਰਤੀ ਚੇਤਨਾ ਪੈਦਾ ਕਰਨ ਵਾਸਤੇ ਉਸ ਨੂੰ ਅਗਵਾਈ ਦੀ ਲੋੜ ਹੈ ਅਤੇ ਇਹ ਅਗਵਾਈ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਗੁਰੂ ਦੀ ਅਗਵਾਈ ਅਤੇ ਸਿੱਖਿਆ ਮਨੁੱਖ ਨੂੰ ਸਹੀ ਰਸਤੇ ‘ਤੇ ਤੋਰ ਸਕਦੀ ਹੈ। ਇਸ ਲਈ ਇਨ੍ਹਾਂ ਸਾਰੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਤੋਂ ਪਹਿਲਾਂ ਗੁਰੂ ਦਾ ਮਹੱਤਵ ਦੱਸਿਆ ਹੈ ਕਿ ਮਨੁੱਖ ਨੂੰ ਜਾਗ੍ਰਿਤ ਹੋਣ ਲਈ ਗੁਰੂ ਦੀ ਅਗਵਾਈ ਦੀ ਜ਼ਰੂਰਤ ਹੈ। ਅਸੀਂ ਦੇਖਾਂਗੇ ਕਿ ਭਾਈ ਗੁਰਦਾਸ ਵੀ ਆਪਣੀਆਂ ਵਾਰਾਂ ਵਿਚ ਇਨ੍ਹਾਂ ਹੀ ਸਰੋਕਾਰਾਂ ਦੀ ਗੱਲ ਕਰਦੇ ਹਨ ਤੇ ਵਾਰ ਵਾਰ ਗੁਰੂ ਦੀ ਅਗਵਾਈ ਦੀ ਲੋੜ ਪ੍ਰਤੀ ਚੇਤੰਨ ਕਰਦੇ ਹਨ।
ਇਸ ਤੋਂ ਅਗੇ 18ਵੀਂ ਪਉੜੀ ਵਿਚ ਭਾਈ ਗੁਰਦਾਸ ਮਹਾਤਮਾ ਬੁੱਧ ਦੀ ਗੱਲ ਕਰਦੇ ਹਨ। ਬੁੱਧ ਧਰਮ ਵੀ ਆਪਣੇ ਆਪ ਵਿਚ ਭਾਰਤੀ ਆਵਾਮ ਵਾਸਤੇ ਇੱਕ ਚਾਨਣ ਮੁਨਾਰਾ ਸੀ ਕਿਉਂਕਿ ਬੁੱਧ ਧਰਮ ਦੇ ਸਿਧਾਂਤ ਜਾਤ-ਪਾਤ ਨੂੰ ਤੋੜ ਕੇ ਸਮਾਜਕ ਬਰਾਬਰੀ ਦੀ ਗੱਲ ਕਰਦੇ ਹਨ। ਮਹਾਤਮਾ ਬੁੱਧ ਨੇ ਨਵੇਂ ਧਾਰਮਕ ਸਿਧਾਂਤਾਂ ਰਾਹੀਂ ਵੈਦਿਕ ਧਰਮ ਦੇ ਗਲਬੇ ਅਤੇ ਬ੍ਰਾਹਮਣੀ ਜਮਾਤ ਦੀ ਇਜ਼ਾਰੇਦਾਰੀ ਨੂੰ ਤੋੜਨ ਦਾ ਉਪਰਾਲਾ ਅਰੰਭਿਆ ਜਿਸ ਨੇ ਲੋਕਾਂ ਨੂੰ ਗੁਮਰਾਹ ਕੀਤਾ ਹੋਇਆ ਸੀ। ਪਰ ਬੁੱਧ ਧਰਮ ਨਾਲ ਦੁਖਾਂਤ ਇਹ ਵਾਪਰਿਆ ਕਿ ਸ਼ਾਤਰ ਬ੍ਰਾਹਮਣੀ ਦਿਮਾਗ ਵੱਲੋਂ ਮਹਾਤਮਾ ਬੁੱਧ ਨੂੰ ਵੀ ਵੈਦਿਕ ਧਰਮ ਦਾ ਹੀ ਇੱਕ ਅਵਤਾਰ ਸਿੱਧ ਕਰ ਦਿੱਤਾ ਗਿਆ ਅਤੇ ਬੁੱਧ ਧਰਮ ਨੂੰ ਹੌਲੀ ਹੌਲੀ ਜਾਂ ਤਾਂ ਹਿੰਦੂ ਧਰਮ ਵਿਚ ਹੀ ਜਜ਼ਬ ਕਰ ਲਿਆ ਗਿਆ ਤੇ ਜਾਂ ਫਿਰ ਇਸ ਨੂੰ ਭਾਰਤ ਤੋਂ ਬਾਹਰ ਖਦੇੜ ਦਿੱਤਾ ਗਿਆ।
ਭਾਈ ਗੁਰਦਾਸ, ਬੁੱਧ ਧਰਮ ਦਾ ਸ਼ੰਕਰਚਾਰੀਆ ਵਰਗੇ ਵੈਦਿਕ ਕੱਟੜਪੰਥੀਆਂ ਦੇ ਉਪਰਾਲਿਆਂ ਸਦਕਾ ਜਿਸ ਕਿਸਮ ਦਾ ਹਾਲ ਹੋ ਚੁੱਕਾ ਸੀ, ਅਜਿਹੇ ਹਾਲਾਤ ਦੀ ਹੀ ਗੱਲ ਕਰਦਿਆਂ ਕਹਿੰਦੇ ਹਨ ਕਿ ਮਹਾਤਮਾ ਬੁੱਧ ਨੂੰ ਕਲਿਯੁਗ ਦਾ ਅਵਤਾਰ ਕਿਹਾ ਗਿਆ ਹੈ ਪਰ ਗਿਆਨ ਅਤੇ ਅਗਿਆਨ ਵਿਚ ਨਿਖੇੜਾ ਕਰਨਾ ਮੁਸ਼ਕਿਲ ਹੋਇਆ ਜਾਪਦਾ ਹੈ। ਕੋਈ ਵੀ ਕਿਸੇ ਨੂੰ ਗਲਤ ਕਾਰਜਾਂ ਤੋਂ ਰੋਕ ਨਹੀਂ ਰਿਹਾ; ਇਸ ਲਈ ਜਿਸ ਦਾ ਜੋ ਜੀਅ ਕਰਦਾ ਹੈ, ਕਰ ਰਿਹਾ ਹੈ; ਹਰ ਕੋਈ ਆਪਣੇ ਨਿਜੀ ਇਰਾਦਿਆਂ ਅਨੁਸਾਰ ਚੱਲ ਰਿਹਾ ਹੈ। ਇਸ ਗਿਆਨ ਅਤੇ ਅਗਿਆਨ ਦਾ ਫਰਕ ਮਿਟਣ ਦਾ ਨਤੀਜਾ ਇਹ ਹੈ ਕਿ ਬੁੱਧ ਧਰਮ ਦੀ ਸਥਾਪਤੀ ਦੇ ਬਾਵਜੂਦ (ਜਿਸ ਨੇ ਮਨੁੱਖ ਨੂੰ ਧਾਰਮਕ ਪਖੰਡ ਵਿਚੋਂ ਕੱਢਣ ਦਾ ਯਤਨ ਕੀਤਾ) ਕੋਈ ਤਾਂ ਮਨੁੱਖ ਨੂੰ ਬੇਜਾਨ ਪੱਥਰਾਂ ਦੀ ਪੂਜਾ ਕਰਨ ਵੱਲ ਲਾ ਰਿਹਾ ਹੈ ਅਤੇ ਕੋਈ ਉਨ੍ਹਾਂ ਨੂੰ ਮੜ੍ਹੀਆਂ-ਮਸਾਣਾਂ ਦੀ ਪੂਜਾ ਕਰਨ ਦਾ ਉਪਦੇਸ਼ ਦੇ ਰਿਹਾ ਹੈ। ਜਨਤਾ ਵਿਚ ਬਹੁਤ ਕਿਸਮ ਦਾ ਪਖੰਡ ਪੈਦਾ ਹੋ ਗਿਆ ਹੈ ਜਿਵੇਂ ਹਰ ਕੋਈ ਜਾਦੂ ਟੂਣੇ, ਤੰਤਰ-ਮੰਤਰ ਆਦਿ ਕਰ ਰਿਹਾ ਹੈ ਅਤੇ ਲੋਕਾਂ ਵਿਚ ਆਪਸੀ ਵੈਰ, ਲੜਾਈਆਂ, ਝਗੜੇ ਅਤੇ ਨਫਰਤ ਨੂੰ ਵਧਾ ਰਿਹਾ ਹੈ। ਅਜਿਹੇ ਅਫਰਾ-ਤਫਰੀ ਅਤੇ ਆਪੋ-ਧਾਪੀ ਦੇ ਸਵਾਰਥੀ ਮਾਹੌਲ ਵਿਚ ਕਈ ਕਿਸਮ ਦੇ ਵੱਖਰੇ ਵੱਖਰੇ ਮੱਤ ਪੈਦਾ ਹੋ ਗਏ ਹਨ (ਬਿਲਕੁਲ ਹੁਣ ਦੇ ਸਮੇਂ ਦੀ ਤਰ੍ਹਾਂ ਜਿਵੇਂ ਅੱਜ ਕੱਲ ਹਰ ਡੇਰੇਦਾਰ ਸਿੱਖੀ ਦੇ ਨਾਂ ‘ਤੇ ਆਪਣਾ ਆਪਣਾ ਮੱਤ ਚਲਾ ਰਹੇ ਹਨ ਅਤੇ ਬਾਕੀ ਹਿੰਦੁਸਤਾਨ ਵਿਚ ਵੀ ਇਸੇ ਤਰ੍ਹਾਂ ਵਾਪਰ ਰਿਹਾ ਹੈ)। ਇਸ ਸਭ ਦਾ ਨਤੀਜਾ ਇਹ ਹੋਇਆ ਹੈ ਕਿ ਕੋਈ ਚੰਦਰਮਾ ਦੀ ਪੂਜਾ ਕਰ ਰਿਹਾ ਹੈ ਤਾਂ ਕੋਈ ਸੂਰਜ ਦੀ; ਕੋਈ ਧਰਤੀ ਨੂੰ ਪੂਜ ਰਿਹਾ ਹੈ ਅਤੇ ਕੋਈ ਹੋਰ ਅਕਾਸ਼ ਨੂੰ ਪੂਜ ਰਿਹਾ ਹੈ। ਇਥੇ ਹੀ ਬੱਸ ਨਹੀਂ ਹੈ, ਕੋਈ ਹਵਾ ਨੂੰ ਦੇਵਤਾ ਸਮਝ ਕੇ ਪੂਜਾ ਕਰ ਰਿਹਾ ਅਤੇ ਕੋਈ ਦੂਸਰਾ ਪਾਣੀ ਨੂੰ ਜਲ-ਦੇਵਤਾ ਬਣਾ ਕੇ ਪੂਜ ਰਿਹਾ ਹੈ ਅਤੇ ਕੋਈ ਹੋਰ ਮੌਤ ਦੇ ਦੇਵਤੇ ਧਰਮ ਰਾਜ ਨੂੰ ਪੂਜਾ ਦੇ ਭੋਜ ਰਾਹੀਂ ਤ੍ਰਿਪਤ ਕਰ ਰਿਹਾ ਹੈ। ਇਸ ਤਰ੍ਹਾਂ ਵਿਅਰਥ ਕਿਸਮ ਦੇ ਝੂਠੇ ਧਾਰਮਿਕ ਪਖੰਡ ਪੈਦਾ ਕਰਕੇ ਦੁਨੀਆਂ ਭਰਮਾਂ ਵਿਚ ਅਸਲੀਅਤ ਨੂੰ ਭੁੱਲੀ ਫਿਰਦੀ ਹੈ:
ਕਲਿਜਿਗ ਬੋਧੁ ਅਉਤਾਰ ਹੈ ਬੋਧੁ ਅਬੋਧੁ ਨ ਦ੍ਰਿਸਟੀ ਆਵੈ।
ਕੋਇ ਨ ਕਿਸੇ ਵਰਜਈ ਸੋਈ ਕਰੇ ਜੋਈ ਮਨਿ ਭਾਵੈ।
ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ।
ਆਪੋ ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ।
ਕੋਈ ਪੂਜੈ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ।
ਪਉਣੁ ਪਾਣੀ ਬੈਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ।
ਫੋਕਟਿ ਧਰਮੀ ਭਰਮਿ ਭੁਲਾਵੈ।੧੮।
ਅਗਲੀ ਪਉੜੀ ਵਿਚ ਭਾਈ ਗੁਰਦਾਸ ਉਨ੍ਹਾਂ ਹਾਲਾਤਾਂ ਦਾ ਜ਼ਿਕਰ ਕਰ ਰਹੇ ਹਨ ਜੋ ਸਾਰੇ ਇਸਵੈਦਿਕ ਧਰਮ ਕਹੇ ਜਾਣ ਵਾਲੇ ਪ੍ਰਬੰਧ ਤੋਂ ਪੈਦਾ ਹੋਏ। ਭਾਈ ਗੁਰਦਾਸ ਦੱਸ ਰਹੇ ਹਨ ਕਿ ਵੈਦਿਕ ਸ਼ਾਸਤਰਾਂ ਅਨੁਸਾਰ ਪਹਿਲਾਂ ਸਮਾਜ ਨੂੰ ਚਾਰ ਵਰਣਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡਿਆ ਗਿਆ। ਵਰਣ ਦਾ ਅਰਥ ਰੰਗ ਹੁੰਦਾ ਹੈ ਅਤੇ ਸ਼ਾਸਤਰਾਂ ਅਨੁਸਾਰ ਸਮਾਜ ਦੀ ਵੰਡ ਵਰਣ ਅਰਥਾਤ ਰੰਗ ਅਨੁਸਾਰ, ਜਿਸ ਨੂੰ ਪਿੱਛੋਂ ਜਾਤੀ ਵੰਡ ਕਰਕੇ ਜਾਣਿਆ ਗਿਆ, ਕੀਤੀ ਗਈ। (ਬਾਹਰੋਂ ਚਰਵਾਹਿਆਂ ਦੇ ਰੂਪ ਵਿਚ ਝੁੰਡਾਂ ਦੇ ਝੁੰਡ ਆਉਣ ਵਾਲੇ ਆਰੀਆ ਗੋਰੇ ਰੰਗ ਦੇ ਸੀ ਅਤੇ ਇਥੋਂ ਦੇ ਅਸਲੀ ਵਸਨੀਕ ਜਿਨ੍ਹਾਂ ਨੂੰ ਆਰੀਆ ਦਾਸੂ ਵੀ ਕਹਿੰਦੇ ਸਨ, ਰੰਗ ਦੇ ਕਾਲੇ ਸੀ। ਆਪਣੇ ਆਪ ਨੂੰ ਉਚੇ ਦਰਜੇ ਦੇ ਦਰਸਾਉਣ ਲਈ ਅਤੇ ਮੂਲ ਨਿਵਾਸੀਆਂ ਨੂੰ ਗੁਲਾਮੀ ਵਿਚ ਧੱਕਣ ਲਈ ਅਤੇ ਗੁਲਾਮ ਬਣਾਈ ਰੱਖਣ ਲਈ ਇਹ ਬਹੁਤ ਹੀ ਸੂਖਮ ਢੰਗ ਦੀ ਚਾਲ ਸੀ।)
ਇਸੇ ਤਰ੍ਹਾਂ ਮਨੁੱਖ ਦੇ ਜੀਵਨ ਨੂੰ ਸੌ ਸਾਲ ਦਾ ਮੰਨ ਕੇ ਉਸ ਦੀ ਵੰਡ ਵੀ ਚਾਰ ਆਸ਼ਰਮਾਂ ਬ੍ਰਹਮਚਾਰਯ, ਗ੍ਰਹਿਸਥ, ਵਾਣਪ੍ਰਸਤ ਅਤੇ ਸੰਨਿਆਸ ਵਿਚ ਕਰ ਦਿੱਤੀ। ਹਰ ਵਰਣ ਦੇ ਅਤੇ ਹਰ ਆਸ਼ਰਮ ਦੇ ਅਲੱਗ-ਅਲੱਗ ਕਾਰਜ ਨਿਰਧਾਰਤ ਕਰ ਦਿੱਤੇ ਜਿਨ੍ਹਾਂ ਨੂੰ ਧਰਮ ਦਾ ਨਾਮ ਦੇ ਦਿੱਤਾ ਗਿਆ। ਇਸ ਨੇ ਸਮਾਜ ਵਿਚ ਆਪਸੀ ਨਫਰਤ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਸੰਨਿਆਸੀਆਂ ਦੇ ਦਸ ਫਿਰਕੇ ਅਤੇ ਯੋਗੀਆਂ ਦੇ ਬਾਰਾਂ ਅਲੱਗ ਅਲੱਗ ਰਸਤੇ ਜਾਂ ਫਿਰਕੇ ਹੋਂਦ ਵਿਚ ਆ ਗਏ। ਫਿਰਕਿਆਂ ਤੋਂ ਅੱਗੇ ਹੋਰ ਫਿਰਕੇ ਹੋਂਦ ਵਿਚ ਆਉਂਦੇ ਗਏ ਜਿਵੇਂ ਜੰਗਮ, ਘੁਮੱਕੜ ਸਾਧੂ, ਸ਼ਰਮਣ, ਦਿਗੰਬਰ ਅਰਥਾਤ ਨੰਗੇ ਰਹਿਣ ਵਾਲੇ ਸਾਧ ਅਤੇ ਇਨ੍ਹਾਂ ਸਾਰੇ ਫਿਰਕਿਆਂ ਵਿਚ ਵਾਦ-ਵਿਵਾਦ ਚਲਣ ਲੱਗ ਪਿਆ ਅਤੇ ਆਪਸੀ ਨਫਰਤ ਦਾ ਕੁੜਿਤਣ ਭਰਿਆ ਮਾਹੌਲ ਪੈਦਾ ਹੋ ਗਿਆ (ਅੱਜ ਕੱਲ ਸਿੱਖ ਧਰਮ ਦੇ ਨਾਂ ‘ਤੇ ਵੀ ਪਤਾ ਨਹੀਂ ਕਿੰਨੇ ਕੁ ਡੇਰੇ ਹੋਂਦ ਵਿਚ ਆ ਗਏ ਹਨ। ਸਾਧਾਂ ਦੀ ਭਰਮਾਰ ਹੋਈ ਪਈ ਹੈ ਅਤੇ ਹਰ ਕੋਈ ਆਪਣੇ ਆਪ ਨੂੰ ਹੀ ਅਸਲੀ ਸਮਝਦਾ ਹੈ। ਇਹ ਸਾਰੇ ਡੇਰੇ ਸਿੱਖ ਧਰਮ ਦਾ ਬੇਹੱਦ ਨੁਕਸਾਨ ਕਰ ਰਹੇ ਹਨ)। ਹਰ ਇੱਕ ਵੇਦ ਦੇ ਆਪਣੇ ਉਪਨਿਸ਼ਦ, ਸ਼ਾਸਤਰ ਅਤੇ ਬ੍ਰਾਹਮਣ ਪੁਜਾਰੀ ਬਣ ਗਏ। ਧਰਮ ਦੀ ਵਿਆਖਿਆ ਅਤੇ ਹੋਰ ਸਾਰੇ ਅਧਿਕਾਰ ਬ੍ਰਾਹਮਣਾਂ ਕੋਲ ਆ ਗਏ ਅਤੇ ਉਨ੍ਹਾਂ ਨੇ ਵੇਦਾਂ, ਸ਼ਾਸਤਰਾਂ ਅਤੇ ਪੁਰਾਣਾਂ ਦੀ ਵੱਖਰੀ ਵੱਖਰੀ ਵਿਆਖਿਆ ਨਾਲ ਆਪਸ ਵਿਚ ਅਤੇ ਸਮਾਜ ਵਿਚ ਵੈਰ-ਵਿਰੋਧਤਾ ਪੈਦਾ ਕਰ ਦਿੱਤੀ। ਭਾਵੇਂ ਹਰ ਕੋਈ ਆਪਣਾ ਸਬੰਧ ਵੇਦਾਂ ਨਾਲ ਜੋੜਦਾ ਸੀ ਪਰ ਵੇਦਾਂ ਦੀ ਵਿਆਖਿਆ ਵਿਚ ਪੈਦਾ ਹੋਏ ਛੇ ਦਰਸ਼ਨਾਂ, ਨਾਲ ਹੋਰ ਅਨੇਕ ਪ੍ਰਕਾਰ ਦੇ ਪਖੰਡ ਰਲਾ ਕੇ ਸਮਾਜਕ ਅਤੇ ਧਾਰਮਕ ਵੰਡੀਆਂ, ਵੈਰ-ਵਿਰੋਧਤਾ ਨੂੰ ਵਧਾ ਦਿੱਤਾ। ਇਸੇ ਤਰ੍ਹਾਂ ਤੰਤਰਾਂ, ਮੰਤਰਾਂ, ਜਾਦੂ-ਟੂਣਿਆਂ ਕਰਾਮਾਤਾਂ ਵਿਚ ਫਸੇ ਹੋਏ ਲੋਕ ਅਗਿਆਨ ਦੇ ਹਨੇਰੇ ਵਿਚ ਹੋਰ ਡੂੰਘੇ ਉਤਰ ਗਏ। ਇੱਕ ਤੋਂ ਅਨੇਕਾਂ ਫਿਰਕਿਆਂ, ਜਾਤਾਂ ਵਿਚ ਵੰਡੇ ਹੋਏ ਬਹੁਤ ਹੀ ਭਿਆਨਕ ਕਿਸਮ ਦਾ ਰੂਪ ਧਾਰਨ ਕਰ ਗਏ। ਇਸ ਤਰ੍ਹਾਂ ਇਸ ਕਲਿਜੁਗ ਦੇ ਸਮੇਂ ਵਿਚ ਲੋਕ ਅਗਿਆਨ-ਵਸ ਅਸਲੀਅਤ ਤੋਂ ਕੋਰੇ ਹੋ ਕੇ ਵਹਿਮਾਂ-ਭਰਮਾਂ ਵਿਚ ਉਲਝ ਗਏ:
ਭਈ ਗਿਲਾਨਿ ਜਗਤ੍ਰਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ।
ਦਸਿ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ।
ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ।
ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ।
ਖਟੁ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ।
ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ।
ਇਕਸਿ ਤੇ ਬਹੁ ਰੂਪਿ ਕਰਿ ਰੂਪਿ ਕੁਰੂਪੀ ਘਣੇ ਦਿਖਾਏ।
ਕਲਿਜੁਗਿ ਅੰਦਰਿ ਭਰਮਿ ਭੁਲਾਏ।੧੯।