ਪੰਜਾਬ ਵਿਚ ਨਸ਼ਿਆਂ ਦੀ ਵਿਕਰਾਲ ਸਮੱਸਿਆ ਨੂੰ ਆਧਾਰ ਬਣਾ ਕੇ ਬਣਾਈ ਫਿਲਮ ‘ਉੜਤਾ ਪੰਜਾਬ’ ਦੇ ਰਿਲੀਜ਼ ਹੋਣ ਬਾਰੇ ਛਿੜੇ ਵਿਵਾਦ ਨਾਲ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਚੋਣਾਂ ਸਿਰ ਉਤੇ ਹੋਣ ਕਾਰਨ ਸਭ ਸਿਆਸੀ ਧਿਰਾਂ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹ ਰਹੀਆਂ ਹਨ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ‘ਮੈਂ ਨਾ ਮਾਨੂੰ’ ਵਾਲਾ ਰਾਗ ਅਲਾਪਦੇ, ਨਸ਼ਿਆਂ ਦੀ ਸਮੱਸਿਆ ਤੋਂ ਹੀ ਮੁਨਕਰ ਹੋ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਹੈ।
ਅਸੀਂ ਇਥੇ ਨਸ਼ਿਆਂ ਦੀ ਦਲਦਲ ਵਿਚ ਫਸੇ ਲੋਕਾਂ, ਖਾਸ ਕਰ ਔਰਤਾਂ ਦੇ ਹਾਲਾਤ ਬਿਆਨ ਕਰਦਾ ਇਹ ਲੇਖ ਛਾਪ ਰਹੇ ਹਾਂ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਹਾਲਾਤ ਕਿੰਨੇ ਵਿਕਰਾਲ ਰੂਪ ਅਖਤਿਆਰ ਕਰ ਗਏ ਹਨ। -ਸੰਪਾਦਕ
ਗੁਰਪ੍ਰੀਤ ਸਿੰਘ ਤੂਰ
ਫੋਨ: +91-98158-00405
ਦੋ ਜਮ੍ਹਾਂ ਦੋ ਚਾਰ, ਤਿੰਨ ਗੁਣਾਂ ਤਿੰਨ ਨੌਂ; ਲੇਕਿਨ ਗਣਿਤ ਦੇ ਇਨ੍ਹਾਂ ਸਮੀਕਰਨਾਂ ਵਾਂਗ ਜੀਵਨ ਜਿਉਣ ਦੇ ਨਤੀਜਿਆਂ ਦਾ ਸਪਸ਼ਟ ਉਤਰ ਨਹੀਂ ਲਿਖਿਆ ਜਾ ਸਕਦਾ। ਲਾਲ ਤੇ ਪੀਲਾ ਰੰਗ ਮਿਲਾਇਆਂ ਸੰਤਰੀ ਅਤੇ ਲਾਲ ਤੇ ਨੀਲਾ ਰੰਗ ਮਿਲਾਇਆ ਹਰਾ ਰੰਗ ਬਣ ਜਾਂਦੇ ਹਨ, ਪਰ ਰੰਗਾਂ ਤੇ ਰਸਾਇਣਾਂ ਦੀਆਂ ਇਨ੍ਹਾਂ ਕਿਰਿਆਵਾਂ ਵਾਂਗ ਜ਼ਿੰਦਗੀ ਦੀ ਚਾਦਰ Ḕਤੇ ਪੈਂਦੀਆਂ ਫੁੱਲ-ਬੂਟੀਆਂ ਦੇ ਰੰਗਾਂ ਦੀਆਂ ਕਿਆਸਅਰਾਈਆਂ ਨਹੀਂ ਲਾਈਆਂ ਜਾ ਸਕਦੀਆਂ। ਸੈਰ ਕਰਦੇ ਮਹਾਰਾਜਾ ਰਣਜੀਤ ਸਿੰਘ ਨੂੰ ਫਲ ਲਾਹੁੰਦੇ ਬੱਚਿਆਂ ਦਾ ਵੱਟਾ ਵੱਜ ਗਿਆ ਸੀ, ਅਹਿਲਕਾਰ ਬੱਚਿਆਂ ਨੂੰ ਸਜ਼ਾ ਦੇਣ ਲਈ ਸੋਚ ਹੀ ਰਹੇ ਸਨ ਕਿ ਮਹਾਰਾਜੇ ਨੇ ਉਨ੍ਹਾਂ ਨੂੰ ਸੋਨੇ ਦੀਆਂ ਮੋਹਰਾਂ ਨਾਲ ਨਿਵਾਜਿਆ। ਇਸੇ ਤਰ੍ਹਾਂ ਜਿਥੋਂ ਸਾਨੂੰ ਮੋਹਰਾਂ ਦੀ ਆਸ ਹੁੰਦੀ ਹੈ, ਉਥੋਂ ਕਈ ਵਾਰ ਵੱਟੇ ਵੀ ਵੱਜ ਜਾਂਦੇ ਹਨ। ਆਰਥਿਕਤਾ ਦੀ ਕਾਣੀ ਵੰਡ ਅਤੇ ਸ਼ਰਾਬ ਦੇ ਵੱਧ ਸੇਵਨ ਤੇ ਨਸ਼ਿਆਂ ਦੀ ਮਾਰ ਹੇਠ ਆਏ ਸਮਾਜਿਕ ਤਾਣੇ-ਬਾਣੇ ਵਿਚ ਧੀਆਂ ਅਤੇ ਔਰਤਾਂ ਦੀ ਜ਼ਿੰਦਗੀ ਦੇ ਸਮੀਕਰਨ ਤੇ ਕਿਰਿਆਵਾਂ ਇਸ ਲੇਖ ਵਿਚ ਵਿਚਾਰੀਆਂ ਜਾ ਰਹੀਆਂ ਹਨ।
ਪਿੰਡ-ਪਿੰਡ ਜਾ ਕੇ ਪੁਲਿਸ ਅਧਿਕਾਰੀਆਂ ਵਲੋਂ ਪਬਲਿਕ ਮੀਟਿੰਗਾਂ ਕੀਤੀਆਂ ਜਾਣ ਲੱਗੀਆਂ। ਦਰਅਸਲ ਮੀਟਿੰਗਾਂ-ਮਿਲਣੀਆਂ ਦਾ ਇਹ ਗੇੜ ਹੇਠਲੇ ਪੱਧਰ Ḕਤੇ ਨਸ਼ਿਆਂ ਦੀ ਰੋਕਥਾਮ ਬਾਰੇ ਹਾਲਾਤ ਦਾ ਜਾਇਜ਼ਾ ਲੈਣਾ ਸੀ। ਪੰਜ ਵਜੇ ਦਫ਼ਤਰ ਵਿਚੋਂ ਉਠ ਕੇ ਮੈਂ ਤਿੰਨ ਪਿੰਡਾਂ ਵਿਚ ਜਾਣਾ ਸੀ। ਮੈਂ ਅੱਧਾ ਘੰਟਾ ਦੇਰੀ ਨਾਲ ਚੱਲਿਆ ਤੇ ਆਖ਼ਰੀ ਪਿੰਡ ਪਹੁੰਚਦਿਆਂ-ਪਹੁੰਚਦਿਆਂ ਬੱਤੀਆਂ ਜਗ ਚੁੱਕੀਆਂ ਸਨ। ਠੰਢੀ-ਠੰਢੀ ਹਵਾ ਵਗ ਰਹੀ ਸੀ। ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ। ਲੋਕਾਂ ਨੇ ਭਾਵੇਂ ਸਰਕਾਰ ਤੇ ਪੁਲਿਸ ਨੂੰ ਉਲਾਂਭਾ ਦਿੱਤਾ, ਫਿਰ ਵੀ ਮੌਜੂਦਾ ਯਤਨਾਂ ਦੀ ਉਨ੍ਹਾਂ ਸ਼ਲਾਘਾ ਕੀਤੀ ਸੀ। ਨੌਜਵਾਨਾਂ ਲਈ ਰੁਜ਼ਗਾਰ ਦੀ ਲੋੜ, ਵੱਡਾ ਸਵਾਲ ਬਣ ਕੇ ਸਾਹਮਣੇ ਆਇਆ।
ਮੀਟਿੰਗ ਤੋਂ ਬਾਅਦ ਨਿੱਜੀ ਮੁਸ਼ਕਲਾਂ ਵਾਲੇ ਇੱਕਾ-ਦੁੱਕਾ ਲੋਕ ਮਿਲਣ ਲੱਗੇ। ਹਨੇਰਾ ਪਸਰ ਚੁੱਕਾ ਸੀ, ਅਸੀਂ ਦੁਧੀਆ ਬੱਲਬ ਦੀ ਰੌਸ਼ਨੀ ਹੇਠ ਖੜ੍ਹੇ ਸੀ। ਕਿਰਤੀ ਜੀਵਨ ਦੇ ਦੁਖਾਂਤ ਨਾਲ ਟੁੱਟੀ-ਭੱਜੀ ਇੱਕ ਬੁੱਢੀ ਔਰਤ ਝੋਲੇ ਵਿਚ ਕਾਗਜ਼ ਸਾਂਭੀ ਆਪਣੇ ਪੁੱਤ ਨੂੰ ਨਾਲ ਲੈ ਕੇ ਦੁੱਖਾਂ ਦਾ ਵਾਸਤਾ ਪਾਉਣ ਲੱਗੀ। ਆਪਣੇ ਪੁੱਤ ਨੂੰ ਅਰਬ ਦੇਸਾਂ ਵਿਚ ਮਜ਼ਦੂਰੀ ਲਈ ਭੇਜਣ ਦੇ ਯਤਨਾਂ ਦੌਰਾਨ ਉਸ ਨੂੰ ਬੈਂਕ ਵਿਚ ਦੋ ਲੱਖ ਰੁਪਏ ਜਮ੍ਹਾਂ ਕਰਾਉਂਦਿਆਂ ਨੌਸਰਬਾਜ਼ ਨੇ ਠੱਗ ਲਿਆ ਸੀ। ਕੈਮਰੇ ਵਿਚ ਉਸ ਠੱਗ ਦੀ ਫੋਟੋ ਵੀ ਆਈ ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਫੜਨ ਦੇ ਯਤਨ ਵੀ ਆਰੰਭ ਕੀਤੇ ਹੋਏ ਸਨ, ਪਰ ਉਨ੍ਹਾਂ ਯਤਨਾਂ ਦਾ ਕੀ ਲਾਭ ਜਿਨ੍ਹਾਂ ਨੂੰ ਬੂਰ ਨਾ ਪਿਆ ਹੋਵੇ। ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਬੁੱਢੀ ਮਾਂ ਹੱਥ ਕੁਝ ਨਹੀਂ ਲੱਗਾ ਸੀ। ਦਰਜ ਹੋਏ ਮੁਕੱਦਮੇ ਦੀ ਕਾਪੀ ਉਸ ਨੇ ਪਲਾਸਟਿਕ ਦੇ ਲਿਫਾਫੇ ਵਿਚ ਸੰਭਾਲ ਕੇ ਰੱਖੀ ਹੋਈ ਸੀ। ਮੇਰੇ ਨਾਲ ਗੱਲਾਂ ਕਰਦਿਆਂ ਝੋਲੇ ਵਿਚੋਂ ਉਸ ਨੇ ਪਲਾਸਟਿਕ ਦਾ ਇੱਕ ਹੋਰ ਲਿਫ਼ਾਫ਼ਾ ਫਰੋਲਦਿਆਂ ਸੱਤ-ਅੱਠ ਅਖ਼ਬਾਰਾਂ ਦੇ ਵਰਕੇ ਮੈਨੂੰ ਵਿਖਾਏ ਜਿਨ੍ਹਾਂ Ḕਤੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਫੋਟੋਆਂ ਅਤੇ ਖ਼ਬਰਾਂ ਛਪੀਆਂ ਹੋਈਆਂ ਸਨ। Ḕਛੱਤ ਨਾਲ ਲਟਕਣਾਂ ਮੈਨੂੰ ਆਉਂਦਾ ਨਹੀਂ, ਜ਼ਹਿਰੀਲੀ ਦਵਾਈ ਮੈਨੂੰ ਮਿਲੀ ਨਹੀਂḔæææ ਭਾਵੇਂ ਹੌਲੀ ਜਿਹੇ ਉਸ ਨੇ ਇਹ ਬੋਲ ਬੋਲੇ ਸਨ, ਪਰ ਉਸ ਦੇ ਇਨ੍ਹਾਂ ਬੋਲਾਂ ਨਾਲ ਪੰਜਾਬ ਤ੍ਰਭਕਿਆ ਤੇ ਕੰਬਿਆ ਸੀ।
ਇਕ ਕੁੜੀ ਨੂੰ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ Ḕਤੇ ਸਰਕਾਰੀ ਨੌਕਰੀ ਮਿਲੀ ਹੈ; ਲੇਕਿਨ ਨਸ਼ਿਆਂ ਦਾ ਆਦੀ ਹੋਇਆ ਉਸ ਦਾ ਵੀਰ, ਦਫ਼ਤਰ ਵਿਚ ਹੀ ਉਸ ਤੋਂ ਨਸ਼ਿਆਂ ਲਈ ਪੈਸੇ ਮੰਗਣ ਆ ਜਾਂਦਾ ਹੈ। ਪਰਿਵਾਰ ਦੇ ਭੇਤ ਨੂੰ ਗੁਪਤ ਰੱਖਣ ਅਤੇ ਇੱਜ਼ਤ ਤੋਂ ਡਰਦਿਆਂ ਉਹ ਚੁੱਪ-ਚੁਪੀਤੀ ਇਸ ਮੰਗ ਨੂੰ ਪੂਰੀ ਕਰਦੀ ਰਹਿੰਦੀ। ਕਈ ਵਾਰ ਪੈਸੇ ਘੱਟ ਦੇਣ ਜਾਂ ਨਾਂਹ ਕਰਨ Ḕਤੇ ਉਸ ਦਾ ਭਰਾ ਬਦਤਮੀਜ਼ੀ Ḕਤੇ ਵੀ ਉਤਰ ਆਉਂਦਾ ਸੀ। ਦਫ਼ਤਰ ਵਿਚ ਅਕਸਰ ਉਹ ਉਚੀ-ਉਚੀ ਬੋਲਣ ਲੱਗ ਪੈਂਦਾ। ਇੱਕ ਵਾਰ ਤਾਂ ਉਸ ਨੇ ਭੈਣ ਦੇ ਹੱਥੋਂ ਪਰਸ ਖੋਹਿਆ, ਪੈਸੇ ਕੱਢੇ ਤੇ ਪਰਸ ਦਫ਼ਤਰ ਦੀ ਛੱਤ ਉਤੇ ਸੁੱਟ ਦਿੱਤਾ। ਸਾਰੇ ਸਟਾਫ ਮੈਂਬਰਾਂ ਨੇ ਇਹ ਘਟਨਾ ਦੇਖੀ ਸੀ। ਭੈਣ ਦੇ ਜ਼ੋਰ ਪਾਉਣ Ḕਤੇ ਰਿਸ਼ਤੇਦਾਰਾਂ ਨੇ ਉਸ ਦਾ ਇਲਾਜ ਕਰਾਇਆ, ਪਰ ਉਹ ਸਾਰੇ ਹੱਦ ਬੰਨੇ ਟੱਪ ਚੁੱਕਾ ਸੀ। ਫਿਰ ਉਸ ਕੁੜੀ ਦਾ ਵਿਆਹ ਹੋਇਆ; ਉਸ ਦਾ ਪਤੀ ਵੀ ਨਸ਼ਿਆਂ ਦੀ ਮਾਰ ਹੇਠ ਆਇਆ ਹੋਇਆ ਸੀ। ਇੱਕ ਦਿਨ ਅੱਗੜ-ਪਿੱਛੜ ਉਹ ਦੋਵੇਂ ਉਸ ਤੋਂ ਨਸ਼ਿਆਂ ਲਈ ਪੈਸੇ ਲੈਣ ਦਫ਼ਤਰ ਪਹੁੰਚ ਗਏ। ਸ਼ਰਮ-ਹਯਾ ਦੀ ਮਾਰੀ ਉਹ ਕੁੜੀ ਹੁਣ ਅਰਜ਼ੀ ਲਿਖ ਕੇ ਮੇਰੇ ਦਫ਼ਤਰ ਆਈ ਹੋਈ ਸੀ। ਚਾਰ-ਪੰਜ ਔਰਤਾਂ ਸਮੇਤ ਦਫ਼ਤਰ ਦੇ ਦਸ-ਬਾਰਾਂ ਸਟਾਫ ਮੈਂਬਰ ਉਸ ਦੇ ਨਾਲ ਪਹੁੰਚੇ ਹੋਏ ਸਨ। ਸਾਰੀ ਦਾਸਤਾਨ ਸਟਾਫ ਮੈਂਬਰਾਂ ਨੇ ਹੀ ਮੈਨੂੰ ਦੱਸੀ, ਉਸ ਕੁੜੀ ਨੇ ਤਾਂ ਰੋਂਦਿਆਂ-ਰੋਂਦਿਆਂ ਪਰਸ ਵਿਚੋਂ ਰੁਮਾਲ ਕੱਢਿਆ ਤੇ ਮੂੰਹ ਸਾਫ਼ ਕਰ ਕੇ ਆਪਣੇ ਪਰਸ ਨੂੰ ਫਿਰ ਸਾਂਭ ਲਿਆ।
ਇਕ ਹੋਰ ਕੁੜੀ ਆਪਣੇ ਨਿੱਕੇ ਵੀਰ ਨੂੰ ਨਾਲ ਲੈ ਕੇ ਮੇਰੇ ਦਫ਼ਤਰ ਆਈ ਸੀ। ਉਹ ਸਕੂਲ ਅਧਿਆਪਕਾ ਹੈ ਤੇ ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਨਸ਼ਿਆਂ ਦੀ ਮਾਰ ਹੇਠ ਆਇਆ ਹੋਇਆ ਹੈ, ਇਹੋ ਪੀੜ ਉਸ ਨੂੰ ਮੇਰੇ ਦਫ਼ਤਰ ਲੈ ਕੇ ਆਈ। ਮੈਂ ਪੁੱਛਿਆ- Ḕਕੋਈ ਅਰਜ਼ੀ ਲਿਖ ਕੇ ਲਿਆਏ ਹੋ?Ḕ
Ḕਸਲਾਹ ਕਰਨ ਆਏ ਹਾਂḔ, ਦੋਵੇਂ ਭੈਣ ਭਰਾ ਇਕੱਠੇ ਹੀ ਬੋਲੇ।
ਉਹ ਕਾਫੀ ਸਮਾਂ ਮੇਰੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਰਹੇ। ਮੈਂ ਪੁੱਛਿਆ- Ḕਉਸ ਦਾ ਇਲਾਜ ਨਹੀਂ ਕਰਾਇਆ ਜਾ ਸਕਦਾ?Ḕ ਉਹ ਕਹਿੰਦੇ- Ḕਤਿੰਨ-ਚਾਰ ਵਾਰ ਅੰਮ੍ਰਿਤਸਰ ਦਾਖ਼ਲ ਰਹੇ ਹਨ, ਪਰ ਘਰ ਆ ਕੇ ਫਿਰ ਲੱਗ ਜਾਂਦੇ ਹਨ।Ḕ
“ਦਰਅਸਲ ਪਿੰਡ ਦਾ ਮਾਹੌਲ ਠੀਕ ਨਹੀਂ, ਦੋ-ਤਿੰਨ ਬੰਦਿਆਂ ਨੇ ਪਿੰਡ ਦੇ ਅੱਧੇ ਨੌਜਵਾਨਾਂ ਨੂੰ ਨਸ਼ਿਆਂ Ḕਤੇ ਲਾ ਦਿੱਤਾ ਹੈ।” ਹੁਣ ਉਹ ਕੁੜੀ, ਪੋਟਿਆਂ Ḕਤੇ ਉਨ੍ਹਾਂ ਔਰਤਾਂ ਦੇ ਨਾਮ ਗਿਣਨ ਲੱਗੀ ਜਿਹੜੀਆਂ ਉਸ ਵਾਂਗ ਹੀ ਨਸ਼ਿਆਂ ਕਾਰਨ ਆਪਣੇ ਪਤੀਆਂ ਹੱਥੋਂ ਬੇਹੱਦ ਪ੍ਰੇਸ਼ਾਨ ਸਨ। ਮੇਰੇ ਪੁੱਛਣ Ḕਤੇ ਕਿ ਨਸ਼ੇ ਕੌਣ ਵੇਚਦਾ ਹੈ, ਉਸ ਕੁੜੀ ਨੇ ਅਜਿਹੀ ਹੀ ਇੱਕ ਔਰਤ ਦਾ ਫੋਨ ਮਿਲਾਇਆ ਤੇ ਕਈ ਨਾਂਵਾਂ ਦੀ ਪੁਸ਼ਟੀ ਕਰਨ ਲੱਗੀ। ਗੱਲਬਾਤ ਸਮਾਪਤ ਹੋਣ ਲੱਗੀ ਸੀ, ਉਹ ਦੋਵੇਂ ਭੈਣ ਭਰਾ ਕਹਿੰਦੇ- Ḕਸਾਡੇ ਪਿਤਾ ਜੀ ਦਿਲ ਦੇ ਮਰੀਜ਼ ਹਨ, ਇਸ ਲਈ ਅਸੀਂ ਇਹ ਦੁੱਖ ਉਨ੍ਹਾਂ ਨੂੰ ਦੱਸਿਆ ਨਹੀਂ।Ḕ
Ḕਕੀਤਾ ਕੀ ਜਾਵੇ?Ḕ ਮੈਂ ਪੁੱਛਿਆ।
ਜਿਵੇਂ ਕੋਈ ਬੱਚਾ ਪੈਸੇ ਫੜਾਉਂਦਿਆਂ ਦੁਕਾਨਦਾਰ ਤੋਂ ਮਿੱਠੀ ਚੀਜ਼ ਦੀ ਮੰਗ ਕਰਦਾ ਹੈ, ਇਵੇਂ ਹੀ ਉਹ ਕੁੜੀ ਕਹਿੰਦੀ- Ḕਮੈਨੂੰ ਬੱਚੇ ਪਾਲਣ ਲਈ ਸੁਖਾਵਾਂ ਜਿਹਾ ਮਾਹੌਲ ਚਾਹੀਦੈ।Ḕ ਉਸ ਦੇ ਇਨ੍ਹਾਂ ਬੋਲਾਂ ਨੂੰ ਆਪਣੇ ਕੰਨਾਂ ਤੋਂ ਪਾਸੇ ਹਟਾਉਣ ਲਈ ਮੈਨੂੰ ਕਈ ਦਿਨਾਂ ਤੱਕ ਜੱਦੋ-ਜਹਿਦ ਕਰਨੀ ਪਈ।
ਇੱਕ ਔਰਤ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਦਫ਼ਤਰ ਮਿਲਣ ਆਈ। ਦੋ ਔਰਤਾਂ ਸਮੇਤ ਨਾਲ ਆਏ ਸੱਤ-ਅੱਠ ਬੰਦੇ ਵੱਡੀ ਉਮਰ ਦੇ ਸਨ। ਕਮਰੇ ਵਿਚ ਸੰਨਾਟਾ ਸੀ, ਕੋਈ ਵੀ ਗੱਲ ਸ਼ੁਰੂ ਕਰਨ ਦਾ ਹੌਸਲਾ ਨਹੀਂ ਕਰ ਰਿਹਾ ਸੀ। ਇੱਕ ਬੰਦੇ ਨੇ ਹੱਥ ਉਤਾਂਹ ਕੀਤਾ, ਪਰ ਬਿਨਾਂ ਕੁਝ ਬੋਲਿਆਂ ਹੀ ਕਮੀਜ਼ ਦਾ ਕਫ਼ ਠੀਕ ਕਰ ਕੇ ਫਿਰ ਹੱਥ ਹੇਠਾਂ ਕਰ ਲਿਆ। ਦਰਅਸਲ ਮਹੀਨਾ ਪਹਿਲਾਂ ਉਸ ਔਰਤ ਦੇ ਇਕਲੌਤੇ ਪੁੱਤਰ ਦੀ ਸੜਕ ਦੁਰਘਟਨਾ ਵਿਚ ਮੌਤ ਹੋ ਗਈ ਸੀ। ਸ਼ਰਾਬ ਪੀਣ ਦਾ ਆਦੀ ਉਸ ਦਾ ਪਤੀ ਲਾਹਣ ਦੀ ਭੱਠੀ ਫੜੀ ਜਾਣ ਕਾਰਨ ਇਸ ਸਮੇਂ ਜੇਲ੍ਹ ਵਿਚ ਬੰਦ ਸੀ। ਪੁੱਤਰ ਦੇ ਦੁੱਖ ਤੋਂ ਉਪਰ ਉਠ ਕੇ ਉਸ ਨੇ ਜਿਉਂਦੇ ਪਤੀ ਦੇ ਦੁੱਖਾਂ ਦੀ ਦਾਸਤਾਨ ਸ਼ੁਰੂ ਕੀਤੀ। ਚੌਵੀ ਘੰਟੇ ਨਸ਼ੇ ਵਿਚ ਧੁੱਤ ਰਹਿਣ ਵਾਲਾ ਉਸ ਦਾ ਪਤੀ ਜਾਇਦਾਦ ਤੋਂ ਖ਼ਾਲੀ ਹੋ ਚੁੱਕਾ ਸੀ। ਗਾਲ਼ੀ-ਗਲੋਚ ਤੋਂ ਧੌਲ਼-ਧੱਫਾ ਲਗਪਗ ਰੋਜ਼ਾਨਾ ਵਾਂਗ ਹੀ ਹੁੰਦਾ ਰਿਹਾ। ਜਿਸ ਦਿਨ ਪੁੱਤਰ ਦੀ ਲਾਸ਼ ਘਰ ਆਈ ਤੇ ਅੰਤਿਮ ਅਰਦਾਸ ਵਾਲੇ ਦਿਨ ਵੀ ਉਹ ਸ਼ਰਾਬੀ ਸੀ। ਉਹ ਸਾਰੇ ਉਸ ਔਰਤ ਦੀ ਉਸ ਘਰੋਂ ਤੋੜ-ਵਿਛੋੜੇ ਦੀ ਆਸ ਲੈ ਕੇ ਮੇਰੇ ਦਫ਼ਤਰ ਆਏ ਸਨ। Ḕਹੁਣ ਇੰਨੀ ਜਲਦੀ ਕਿਉਂ?Ḕ ਪੁੱਤ ਦੀ ਮੌਤ ਦੇ ਦੁੱਖ ਦਾ ਵਾਸਤਾ ਪਾਉਂਦਿਆਂ ਮੈਂ ਸਿਆਣੇ ਬੰਦਿਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਨੂੰ ਪੁੱਛਿਆ। ਸੁੱਕੇ ਕੋਇਆਂ ਤੇ ਬੁੱਲ੍ਹਾਂ Ḕਤੇ ਸਿੱਕਰੀ ਵਾਲੀ ਉਸ ਔਰਤ ਨੇ ਸ਼ਬਦ ਜੋੜ-ਜੋੜ ਕੇ ਉਤਰ ਦਿੱਤਾ, “ਪੁੱਤ ਨੂੰ ਵੇਖ-ਵੇਖ ਮੈਂ ਹਰ ਦੁੱਖ ਸਹਿੰਦੀ ਰਹੀ, ਜਿਸ ਦਿਨ ਬਾਰ੍ਹਵੀਂ ਜਮਾਤ ਦਾ ਨਤੀਜਾ ਆਇਆ ਤਾਂ ਮੈਨੂੰ ਜ਼ਖ਼ਮ ਭਰਦੇ ਮਹਿਸੂਸ ਹੋਣ ਲੱਗੇ। ਉਹ ਅੱਗੇ ਪੜ੍ਹਨ ਤੇ ਉਸ ਦੀ ਮਾਸੀ ਉਸ ਨੂੰ ਵਿਦੇਸ਼ ਮੰਗਵਾਉਣ ਦੀਆਂ ਗੱਲਾਂ ਮੇਰੇ ਨਾਲ ਕਰਨ ਲੱਗੇ। ਪੁੱਤ ਚਲੇ ਜਾਣ ਤੋਂ ਬਾਅਦ ਮੈਨੂੰ ਉਸ ਘਰ ਵਿਚ ਇੱਕ ਸਾਹ ਲੈਣਾ ਵੀ ਔਖਾ ਹੈ।” ਉਸ ਨੇ ਡੂੰਘਾ ਹਉਕਾ ਲਿਆ, ਧੌਣ ਨੂੰ ਅਕੜਾ ਕੇ ਪਿਛੇ ਨੂੰ ਕੀਤਾ, ਦੋਵੇਂ ਹੱਥਾਂ ਨੂੰ ਆਪਸ ਵਿਚ ਜ਼ੋਰ ਦੀ ਘੁੱਟਿਆ ਤੇ ਘੁੱਟ ਕੇ ਅੱਖਾਂ ਬੰਦ ਕਰ ਕੇ ਬੈਠ ਗਈ। ਮੇਰੀ ਆਸ ਦੇ ਉਲਟ ਉਸ ਦੀਆਂ ਅੱਖਾਂ ਵਿਚੋਂ ਇੱਕ ਵੀ ਅੱਥਰੂ ਨਹੀਂ ਡਿੱਗਿਆ, ਉਹ ਪੂਰੀ ਜ਼ਿੰਦਗੀ ਨੂੰ ਪਹਿਲਾਂ ਹੀ ਰੋ ਚੁੱਕੀ ਸੀ। ਭੂਚਾਲ ਦੀ ਘਣਤਾ ਵਾਂਗ ਔਰਤ ਦੇ ਦੁੱਖਾਂ ਦੀ ਵੀ ਘਣਤਾ ਹੁੰਦੀ ਹੈ!
ਆਤਮ ਹੱਤਿਆਵਾਂ ਦੇ ਕੇਸਾਂ ਦੀ ਗਿਣਤੀ ਨਿਰੰਤਰ ਵਧ ਰਹੀ ਸੀ। ਆਤਮ ਹੱਤਿਆ ਦੀ ਕੋਸ਼ਿਸ਼ ਕਰਦਾ ਕੋਈ ਵਿਅਕਤੀ ਬਚ ਵੀ ਜਾਂਦਾ। ਕੋਈ ਕਈ-ਕਈ ਦਿਨ ਹਸਪਤਾਲ ਦਾਖ਼ਲ ਰਹਿੰਦਾ ਤੇ ਫਿਰ ਹਫ਼ਤੇ ਦਸ ਦਿਨਾਂ ਬਾਅਦ ਉਸ ਦੀ ਮੌਤ ਹੋ ਜਾਂਦੀ। ਮਜ਼ਦੂਰ, ਕਿਸਾਨ, ਔਰਤਾਂ ਅਤੇ ਪ੍ਰੇਮੀ-ਪ੍ਰੇਮਿਕਾਵਾਂ ਹਰ ਵਰਗ ਦੇ ਲੋਕ ਅੱਗ ਦੀਆਂ ਲਾਟਾਂ ਵਿਚ ਝੁਲਸੇ ਜਾ ਰਹੇ ਹਨ। ਅਜਿਹੀ ਮੰਦਭਾਗੀ ਘਟਨਾ ਤੋਂ ਬਾਅਦ ਪੁਲਿਸ ਲਈ ਤਫ਼ਤੀਸ਼ ਦਾ ਕੰਮ ਪੇਚੀਦਾ ਤੇ ਚੁਣੌਤੀਆਂ ਭਰਿਆ ਹੁੰਦਾ ਹੈ। ਕਈ ਲੋਕ ਮਰਨ ਸਮੇਂ ਆਤਮ ਹੱਤਿਆ ਦੇ ਕਾਰਨ ਲਿਖ ਜਾਂਦੇ ਹਨ। ਕਾਨੂੰਨੀ ਤੌਰ Ḕਤੇ ਇਸ ਲਿਖਤ ਦੀ ਬਹੁਤ ਅਹਿਮੀਅਤ ਹੁੰਦੀ ਹੈ। ਨੌਕਰੀ ਦੌਰਾਨ ਅਕਸਰ ਅਜਿਹੀਆਂ ਲਿਖਤਾਂ ਮੈਂ ਪੜ੍ਹਦਾ ਰਿਹਾ ਹਾਂ। ਪਹਿਲਾਂ ਮੈਂ ਫੋਟੋਸਟੇਟ ਕਾਪੀ ਮੰਗਵਾ ਲੈਂਦਾ ਸੀ, ਹੁਣ ਵੱਟਸ-ਐਪ ਰਾਹੀਂ ਇਹ ਨੋਟ ਪਹੁੰਚ ਜਾਂਦੇ ਹਨ।
ਤੀਹ ਵਰ੍ਹਿਆਂ ਦੀ ਇੱਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ। ਉਸ ਕਮਰੇ ਵਿਚੋਂ ਸਹੁਰੇ ਪਰਿਵਾਰ ਨਾਲ ਚੱਲਦੇ ਝਗੜੇ ਤੇ ਸਮਝੌਤੇ ਦੀਆਂ ਲਿਖਤਾਂ ਮਿਲੀਆਂ ਸਨ। ਉਸ ਦੇ ਪਤੀ ਦੇ ਨਸ਼ਿਆਂ ਸਬੰਧੀ ਇਲਾਜ ਦੇ ਦਸਤਾਵੇਜ਼ ਵੀ ਮੌਜੂਦ ਸਨ। ਹੋਰ ਕਈ ਲਿਖਤਾਂ ਉਸ ਦੀ ਨਿਰੰਤਰ ਜੱਦੋ-ਜਹਿਦ ਦੀ ਗਵਾਹੀ ਭਰਦੀਆਂ ਸਨ; ਪਰ ਉਸ ਨੇ ਮਰਨ ਤੋਂ ਪਹਿਲਾਂ ਸਿਰਫ਼ ਦੋ ਸਤਰਾਂ ਦਾ ਨੋਟ ਲਿਖਿਆ- Ḕਹਾਰੀ ਹੋਈ ਜ਼ਿੰਦਗੀ ਨਾਲ ਜੀਵਿਆ ਨਹੀਂ ਜਾਂਦਾ। ਮੇਰੀਆਂ ਅੰਤਿਮ ਰਸਮਾਂ ਦੀ ਲੋੜ ਨਹੀਂ, ਜੇ ਕਿਸੇ ਨੂੰ ਮੇਰੇ ਨਾਲ ਹਮਦਰਦੀ ਹੋਈ ਤਾਂ ਮੇਰੇ ਬੱਚਿਆਂ ਦੀ ਮਦਦ ਕਰ ਦੇਣੀ।Ḕ
ਔਰਤ ਸਮਾਜ ਦੀ ਜਨਮਦਾਤੀ ਹੀ ਨਹੀਂ, ਸਗੋਂ ਉਸ ਨੇ ਸਮਾਜ ਦੇ ਪਾਲਣ-ਪੋਸ਼ਣ ਵਿਚ ਵੀ ਅਹਿਮ ਹਿੱਸਾ ਪਾਇਆ ਹੈ। ਪੰਜਾਬੀ ਸਮਾਜ ਵਿਚ ਔਰਤ ਦਾ ਦਰਜਾ ਇਸ ਤੋਂ ਵੀ ਅਗਾਂਹ ਹੈ। ਸਤੀ ਪ੍ਰਥਾ ਤੋਂ ਲੈ ਕੇ ਕੰਨਿਆਂ ਭਰੂਣ ਹੱਤਿਆ ਤੱਕ ਉਸ ਨੇ ਹਰ ਸਮਾਜਿਕ ਕੁਰੀਤੀ ਦਾ ਦੁਖਾਂਤ ਆਪਣੇ ਹੱਡੀਂ ਹੰਢਾਇਆ ਹੈ, ਪਰ ਉਸ ਨੇ ਦੁੱਖਾਂ ਵਿਚ ਵੀ ਜ਼ਿੰਦਗੀ ਦੀ ਮਿਠਾਸ ਨੂੰ ਗੁਆਚਣ ਨਹੀਂ ਦਿੱਤਾ। ਉਸ ਦੇ ਬੋਲਾਂ ਵਿਚੋਂ ਪੰਜਾਬੀ ਸਭਿਆਚਾਰ ਦੀ ਮਹਿਕ ਆਉਂਦੀ ਹੈ, ਉਸ ਦੇ ਗਹਿਣੇ ਸਾਡੇ ਸਭਿਆਚਾਰ ਦਾ ਸ਼ਿੰਗਾਰ ਹਨ; ਲੇਕਿਨ ਔਰਤਾਂ ਨੂੰ ਕੁੱਟਦੇ ਅਤੇ ਪਰਿਵਾਰਾਂ ਦਾ ਖਿਲਵਾੜ ਕਰਦੇ ਨਸ਼ਈ, ਹੱਥਾਂ ਵਿਚ ਇੱਟਾਂ-ਵੱਟੇ ਲੈ ਕੇ ਇਨ੍ਹਾਂ ਗਹਿਣਿਆਂ ਨੂੰ ਕੁੱਟਣ ਤੇ ਚਿੱਪਣ ਲੱਗੇ ਹੋਏ ਹਨ। ਉਮਰ ਵਧਣ ਨਾਲ ਹਰ ਜੀਵਤ ਵਸਤੂ ਦਾ ਰੂਪ ਘਟਦਾ-ਘਟਦਾ ਲੋਪ ਹੋ ਜਾਂਦਾ ਹੈ, ਪਰ ਅਨੇਕਾਂ ਦੁੱਖਾਂ ਦੇ ਬਾਵਜੂਦ ਔਰਤ ਨੇ ਆਪਣਾ ਜੀਵਨ ਪਰਿਵਾਰ ਲਈ ਇੰਨਾ ਖੁੱਭ ਕੇ ਜੀਵਿਆ ਹੁੰਦਾ ਹੈ ਕਿ ਉਸ ਦਾ ਰੂਪ ਲੋਪ ਨਹੀਂ ਹੁੰਦਾ, ਸਗੋਂ ਰੰਗ ਬਣ ਕੇ ਘਰ ਦੀਆਂ ਕੰਧਾਂ-ਕੰਧੋਲੀਆਂ ਨੂੰ ਲੱਗ ਜਾਂਦਾ ਹੈ। ਉਸੇ ਔਰਤ ਨੂੰ ਦੁੱਖਾਂ ਦੀ ਭੱਠੀ ਵਿਚ ਝੋਕ ਦੇਣਾ ਪੰਜਾਬੀਅਤ ਲਈ ਅਥਾਹ ਮੰਦਭਾਗਾ ਹੈ। -0-