ਬਲਜੀਤ ਬਾਸੀ
ਕਿਸੇ ਵੀ ਬਾਰੀਕ ਪੀਸੇ ਅਨਾਜ ਨੂੰ ਆਟਾ ਕਿਹਾ ਜਾਂਦਾ ਹੈ, ਬਹੁਤਾ ਬਾਰੀਕ ਹੋਇਆ ਤਾਂ ਮੈਦਾ ਬਣ ਜਾਵੇਗਾ, ਬਹੁਤਾ ਮੋਟਾ ਹੋਇਆ ਤਾਂ ਦਰੜ। ਰੋਟੀ, ਬਰੈਡ ਆਦਿ ਬਣਾਉਣ ਲਈ ਆਟਾ ਹਜ਼ਾਰਾਂ ਸਦੀਆਂ ਤੋਂ ਅਨੇਕਾਂ ਸਭਿਅਤਾਵਾਂ ਵਿਚ ਵਰਤਿਆ ਜਾਂਦਾ ਰਿਹਾ ਹੈ। ਅਨਾਜ ਤੋਂ ਬਿਨਾਂ ਅੱਜ ਕਲ੍ਹ ਸੰਘਾੜੇ, ਬੇਰਾਂ ਦੀਆਂ ਗਿਟਕਾਂ, ਸੇਬਾਂ ਦੇ ਛਿਲਕੇ ਤੇ ਕੇਲੇ ਆਦਿ ਦਾ ਵੀ ਆਟਾ ਹੁੰਦਾ ਹੈ।
ਪੰਜਾਬ ਵਿਚ ਕਣਕ, ਮੱਕੀ ਤੇ ਬਾਜਰੇ ਦੇ ਆਟੇ ਦੀਆਂ ਰੋਟੀਆਂ ਖਾਧੀਆਂ ਜਾਂਦੀਆਂ ਹਨ ਪਰ ਆਟਾ ਕੜਾਹ, ਪਿੰਨੀਆਂ, ਪੰਜੀਰੀ, ਸੇਵੀਆਂ ਆਦਿ ਪਕਵਾਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਗਜੇ ਚੜ੍ਹਿਆ ਰਾਂਝਾ ਵੀ ਆਟੇ ਦੀ ਹੀ ਮੰਗ ਕਰਦਾ ਹੈ,
ਕੋਈ ਆਖਦੀ ਠਗ ਉਧਾਲ ਫਿਰਦਾ,
ਸੂੰਹਾ ਚੋਰਾਂ ਦੇ ਕਿਸੇ ਰਾਉਂਦਾ ਏ।
ਲੜੇ ਭਿੜੇ ਤੇ ਗਾਲੀਆਂ ਦੇ ਲੋਕਾਂ,
ਠਠੇ ਮਾਰਦਾ ਲੋੜ੍ਹ ਕਮਾAੁਂਦਾ ਏ।
ਆਟਾ ਕਣਕ ਦਾ ਲਏ ਤੇ ਘਿਉ ਭੱਤਾ,
ਦਾਣਾ ਟੁਕੜਾ ਗੋਦ ਨਾ ਪਾਉਂਦਾ ਏ।
ਵਾਰਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ,
ਘਰੋ ਘਰੀ ਮੁਬਾਰਕਾਂ ਲਿਆਉਂਦਾ ਏ।
ਘਰ ਦੀ ਸੁਆਣੀ ਵਿਚਾਰੀ ਆਟਾ ਗੁੰਨ੍ਹ ਗੁੰਨ੍ਹ ਕੇ ਆਪਣੇ ਮੌਰ ਦੁਖਣੇ ਲਾ ਦਿੰਦੀ ਹੈ ਪਰ ਦੁਨੀਆਂ ਨੇ ਉਸ ਦੀ ਕਦ ਕਦਰ ਪਾਈ, ਉਸ ਨੂੰ ਤਾਂ ਏਹੀ ਅਖਾਣ ਸੁਣਨਾ ਪੈਂਦਾ ਹੈ, ‘ਆਟਾ ਗੁੰਨ੍ਹਦੀ ਕਿਉਂ ਹਿਲਦੀ ਹੈ?’ ਸਾਡੇ ਸਮਾਜ ਵਿਚ ਇਸਤਰੀ ਨਿੰਦਾ ਦਾ ਪਾਤਰ ਬਣੀ ਰਹਿੰਦੀ ਹੈ। ਉਹ ਘਰ ਨੂੰ ਬਚਾਉਣ, ਬਣਾਉਣ ਲਈ ਸੌ ਆਹਰ ਕਰਦੀ ਹੈ ਪਰ ਕੀ ਕਰੇ, ਕੁੱਤੀ ਜਾਤ ਵੀ ਉਸ ਨੁੰ ਨਹੀਂ ਛੱਡਦੀ, ‘ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ।’ ਰੋਂਦੇ ਬੱਚਿਆਂ ਨੂੰ ਆਟੇ ਦੀਆਂ ਚਿੜੀਆਂ ਦੇ ਕੇ ਵਰਾਇਆ ਜਾਂਦਾ ਹੈ ਪਰ ਸਾਡੇ ਸਮਾਜ ਨੇ ਇਸਤਰੀ ਨੂੰ ਹੀ ਆਟੇ ਦੀ ਚਿੜੀ ਬਣਾ ਛੱਡਿਆ ਹੈ, ਬਕੌਲ ਸ਼ਿਵ ਕੁਮਾਰ,
ਤੇ ਮੈਂ ਸਮਝਦਾਂ, ਇਹ ਕੁੜੀਆਂ,
ਇਹ ਆਟੇ ਸੰਗ ਬਣਾਈਆ ਹੈਣ ਚਿੜੀਆਂ
ਜਿਨ੍ਹਾਂ ਸੰਗ ਵਰਚ ਜਾਂਦਾ ਕਾਮ-ਬੱਚਾææææ।
ਸਾਡੀ ਉਪਜੀਵਕਾ ਆਟਾ-ਦਾਲ ‘ਤੇ ਨਿਰਭਰ ਰਹੀ ਹੈ, ਆਟੇ ਦਾਲ ਦਾ ਭਾਅ ਪੁੱਛਣਾ ਕਹਾਵਤ ਐਵੇਂ ਨਹੀਂ ਬਣੀ। ਆਟੇ ਦੀ ਥੁੜ੍ਹ ਵੇਲੇ ਸਮੇਂ ਸਮੇਂ ‘ਤੇ ਲੋਕ ਚੀਕ ਚੀਕ ਕੇ ਪੁਕਾਰਦੇ ਰਹੇ ਹਨ, ‘ਦਸ ਰੁਪਈਏ ਕਿਲੋ ਆਟਾ, ਇਸ ਸਰਕਾਰ ਨੂੰ ਸ਼ਰਮ ਦਾ ਘਾਟਾ।’ ਮੁਦਰਾ-ਸਫੀਤੀ ਦੇ ਨਾਲ ਨਾਲ ਰੁਪਈਏ ਨਾਲ ਲੱਗੀ ਸੰਖਿਆ ਵੀ ਵਧਦੀ ਜਾਂਦੀ ਹੈ। ਇਸੇ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਸਤਾ ਆਟਾ-ਦਾਲ ਸਕੀਮ ਬਣਾਈ ਸੀ ਪਰ ਸਰਕਾਰਾਂ ਸਕੀਮਾਂ ਨੂੰ ਕਦ ਸਿਰੇ ਚੜ੍ਹਾਉਂਦੀਆਂ ਹਨ?
ਆਟਾ ਸ਼ਬਦ ਵਾਲੇ ਕੁਝ ਇਕ ਮੁਹਾਵਰੇ ਵੀ ਪ੍ਰਚਲਿਤ ਹਨ ਜਿਵੇਂ ‘ਆਟਾ ਖਰਾਬ ਹੋਣਾ’, ਅਰਥਾਤ ਬੇਇਜ਼ਤੀ ਹੋਣਾ। ‘ਆਟਾ ਖਰਾਬ ਕਰਨਾ’ ਮੁਹਾਵਰਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਨੂੰ ਜਤਾਉਣਾ ਹੋਵੇ ਕਿ ਤੂੰ ਖਾਂਦਾ ਬਹੁਤ ਏਂ, ਕਰਦਾ ਕੁਝ ਨਹੀਂ। ਪਰ ‘ਆਟੇ ਵਿਚ ਲੂਣ’ ਮੁਹਾਵਰਾ ਸਭ ਤੋਂ ਵਧ ਪ੍ਰਚਲਿਤ ਹੈ। ਇਸ ਦਾ ਮਤਲਬ ਹੈ ਕਿਸੇ ਵਸਤ ਦਾ ਬਹੁਤ ਥੋੜੀ ਮਾਤਰਾ ਵਿਚ ਹੋਣਾ। ਬਾਬਾ ਫਰੀਦ, ਭਗਤ ਕਬੀਰ ਅਤੇ ਬੁਲ੍ਹੇ ਸ਼ਾਹ ਨੇ ਵੀ ਇਸ ਦੀ ਵਰਤੋਂ ਕੀਤੀ ਹੈ। ‘ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ’ ਅਰਥਾਤ ਕਈਆਂ ਪਾਸ ਆਟਾ (ਦੁਨਿਆਵੀ ਸੁਖ-ਸਾਧਨ) ਬਹੁਤ ਹੈ ਦੂਜਿਆਂ ਕੋਲ ਏਨਾ ਵੀ ਨਹੀਂ ਜਿੰਨਾ ਆਟੇ ਵਿਚ ਲੂਣ ਪਾਈਦਾ ਹੈ। ਭਗਤ ਕਬੀਰ ਫਰਮਾਉਂਦੇ ਹਨ, ‘ਜੈ ਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ’- ਸੋਨੇ ਵਰਗਾ ਸਰੀਰ ਆਟੇ ਵਿਚ ਲੂਣ ਵਾਂਗ ਖੁਰ ਜਾਏਗਾ। ਪਰ ਬੁਲ੍ਹੇ ਸ਼ਾਹ ਨੇ ਇਸ ਮੁਹਾਵਰੇ ਨੂੰ ਅਧਿਆਤਮਕ ਅਰਥ ਇਸ ਤਰ੍ਹਾਂ ਦਿੱਤੇ ਹਨ,
ਆਪਣੇ ਤਨ ਦੀ ਖਬਰ ਨਾ ਕਾਈ,
ਸਾਜਨ ਦੀ ਖਬਰ ਲਿਆਵੇ ਕੌਣ।
ਨਾ ਹੂੰ ਖਾਕੀ ਨਾ ਹੂੰ ਆਤਸ਼,
ਨਾ ਹੂੰ ਪਾਣੀ ਪਉਣ।
ਕੁੱਪੇ ਵਿਚ ਰੋੜ ਖੜਕਦੇ,
ਮੂਰਖ ਆਖਣ ਬੋਲੇ ਕੌਣ।
ਬੁੱਲ੍ਹਾ ਸਾਈਂ ਘਟ ਘਟ ਰਵਿਆ,
ਜਿਉਂ ਆਟੇ ਵਿਚ ਲੌਣ।
ਵਹਿਮ ਹੈ ਕਿ ਜੇ ਗੁੰਨ੍ਹਦਿਆਂ ਆਟਾ ਭੁੜਕੇ ਤਾਂ ਘਰ ਵਿਚ ਕੋਈ ਪ੍ਰਾਹੁਣਾ ਆ ਰਿਹਾ ਹੈ। ਕਈ ਧਾਰਮਕ ਸੰਸਕਾਰਾਂ ਵਿਚ ਆਟੇ ਦੇ ਦੀਵੇ ਜਗਾਏ ਜਾਂਦੇ ਹਨ। ਵਿਆਹ ਦੀ ਰਸਮ ਤੋਂ ਪਹਿਲਾਂ ਤਿਆਰੀਆਂ ਵਿਚ ਆਟੇ-ਪਾਣੀ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਵਾਰਸ ਦੀ ਹੀਰ ਵਿਚ ਇਕ ਵਿਆਹ ਦੀ ਰਸਮ ਦਾ ਜ਼ਿਕਰ ਆਉਂਦਾ ਹੈ ਜਿਸ ਵਿਚ ਕੁੜੀਆਂ ਆਟੇ ਦੇ ਖਡੁੱਕਣੇ (ਖਿਡੌਣੇ) ਬਣਾ ਕੇ ਲਾੜੇ ਤੋਂ ਲਾਗ ਲੈਂਦੀਆਂ ਹਨ।
ਆਮ ਤੌਰ ‘ਤੇ ਆਟਾ ਸ਼ਬਦ ਨੂੰ ਫਾਰਸੀ ਆਰਦ ਜਾਂ ਅਰਦ ਤੋਂ ਬਣਿਆ ਦੱਸਿਆ ਜਾਂਦਾ ਹੈ ਜਿਸ ਦਾ ਅਰਥ ਵੀ ਆਟਾ ਹੀ ਹੁੰਦਾ ਹੈ। ‘ਮਹਾਨ ਕੋਸ਼’ ਨੇ ਸਿਧੇ ਤੌਰ ‘ਤੇ ਅਜਿਹਾ ਤਾਂ ਨਹੀਂ ਲਿਖਿਆ ਪਰ ਇਸ ਵਿਚ ਦਿੱਤੇ ਅਰਥਾਂ ਵਿਚ ਸਭ ਤੋਂ ਪਹਿਲਾਂ ਫਾਰਸੀ ਦਾ ਆਰਦ ਸ਼ਬਦ ਹੀ ਆਉਂਦਾ ਹੈ ਜਿਵੇਂ ਕਿਤੇ ਆਟੇ ਦਾ ਅਰਥ ਦੇਖਣ ਵਾਲੇ ਨੂੰ ਆਰਦ ਦਾ ਪਤਾ ਹੁੰਦਾ ਹੈ! ਖੈਰ ਕੋਸ਼ਾਂ ਦੀਆਂ ਕੁਝ ਮਜਬੂਰੀਆਂ ਵੀ ਹੁੰਦੀਆਂ ਹਨ, ਕਈ ਵਾਰੀ ਕਾਰਵਾਈ ਵਜੋਂ ਸੌਖੇ ਸ਼ਬਦ ਦੇ ਅਰਥ ਲਈ ਵੀ ਔਖਾ ਸ਼ਬਦ ਦੇਣਾ ਪੈ ਜਾਂਦਾ ਹੈ।
ਪਲੈਟਸ ਨੇ ‘ਉਰਦੂ, ਕਲਾਸੀਕਲ ਹਿੰਦੀ ਅਤੇ ਅੰਗਰੇਜ਼ੀ ਕੋਸ਼’ ਵਿਚ ਆਟਾ ਸ਼ਬਦ ਨੂੰ ਸੰਸਕ੍ਰਿਤ ਸ਼ਬਦ ਆਰਦਰ ਨਾਲ ਜੋੜਿਆ ਹੈ ਤੇ ਨਾਲ ਹੀ ਇਸ ਦਾ ਪ੍ਰਾਕ੍ਰਿਤ ਰੂਪ ‘ਅਟੰ’ ਦਿੰਦਿਆਂ ਇਸ ਦਾ ਟਾਕਰਾ ਫਾਰਸੀ ‘ਅਰਦ’ ਨਾਲ ਕੀਤਾ ਹੈ। ਇਕ ਹੋਰ ਸਰੋਤ ਅਨੁਸਾਰ ਆਟਾ ਸ਼ੌਰਸੇਨੀ ਪ੍ਰਾਕ੍ਰਿਤ ਅੱਟ ਤੋਂ ਵਿਉਤਪਤ ਹੋਇਆ ਹੈ। ਇਸ ਦਾ ਭਾਵ ਹੈ ਕਿ ਇਹ ਸਾਰੇ ਸ਼ਬਦ ਵਾਸਤਵ ਵਿਚ ਸੁਜਾਤੀ ਹਨ ਤੇ ਆਟੇ ਨੂੰ ਪ੍ਰਾਕ੍ਰਿਤ ਅਟੰ ਨਾਲ ਜੋੜਨਾ ਵਧੇਰੇ ਤਰਕਪੂਰਣ ਲਗਦਾ ਹੈ। ਇਸ ਦਾ ਕਾਰਨ ਹੈ ਕਿ ਇਹ ਭਾਸ਼ਾਵਾਂ ਪੰਜਾਬੀ ਦੇ ਵਧੇਰੇ ਨੇੜੇ ਹਨ, ਨਾਲੇ ਅਟੰ/ਅਟ ਵਿਚਲੀ ‘ਟ’ ਧੁਨੀ ਆਟੇ ਵਿਚ ਵੀ ਹੈ। ਟਰਨਰ ਨੇ ਆਪਣੇ ਹਿੰਦ-ਆਰਿਆਈ ਭਾਸ਼ਾਵਾਂ ਦੇ ਕੋਸ਼ ਵਿਚ ਆਟੇ ਨੂੰ ‘ਆਰਤ’ ਨਾਲ ਜੋੜਿਆ ਹੈ ਤੇ ਨਾਲ ਹੀ ਬਹੁਤ ਸਾਰੀਆਂ ਹਿੰਦ-ਆਰਿਆਈ ਭਾਸ਼ਾਵਾਂ ਦੇ ਮਿਲਦੇ-ਜੁਲਦੇ ਸ਼ਬਦ ਦੱਸੇ ਹਨ। ਆਟੇ ਲਈ ਸਿੰਧੀ ਵਿਚ ਆਟੀ, ਕਸ਼ਮੀਰੀ ਵਿਚ ਅਰਦ ਜਾਂ ਓਟੂ, ਪਹਾੜੀ ਵਿਚ ਆਟੂ, ਨੇਪਾਲੀ ਵਿਚ ਆਟੋ ਅਤੇ ਗੁਜਰਾਤੀ ਵਿਚ ਲੋਟ ਦੇ ਨਾਲ ਨਾਲ ਆਟਾ, ਬਲੋਚੀ ਆਰਤ ਜਾਂ ਅਰਤ, ਵੀ ਹੈ। ਟਰਨਰ ਨੇ ਇਸ ਦਾ ਅਵੇਸਤਾ ਰੂਪ ‘ਅਸਾ’ ਦੱਸਿਆ ਹੈ। ਸੰਸਕ੍ਰਿਤ ਵਿਚ ਇਕ ਧਾਤੂ ਹੈ ‘ਅਰਦ’ ਜਿਸ ਵਿਚ ਤੋੜਨ, ਕੁਚਲਣ, ਸੱਟ ਮਾਰਨ, ਖੋਰਨ, ਮਾਰ ਮੁਕਾਉਣ, ਝੰਜੋੜਨ, ਤਬਾਹ ਕਰਨ, ਧੂੜ ਵਾਂਗ ਖਿਲਰਨ ਦੇ ਭਾਵ ਹਨ। ਆਟਾ ਬਣਾਉਣ ਵੇਲੇ ਇਹੋ ਜਿਹੀਆਂ ਕਾਰਵਾਈਆਂ ਕਰੀਦੀਆਂ ਹਨ ਭਾਵੇਂ ਸਭ ਤੋਂ ਉਪਯੁਕਤ ਭਾਵ ਪੀਸਣ ਦਾ ਹੈ।
ਕੁਝ ਵਿਦਵਾਨਾਂ ਦੀ ਖੋਜ ਅਨੁਸਾਰ ਆਟਾ ਸ਼ਬਦ ਦੀ ਹਿੰਦ-ਇਰਾਨੀ ਤੋਂ ਬਿਨਾਂ ਕੁਝ ਹੋਰ ਆਰਿਆਈ ਭਾਸ਼ਾਵਾਂ ਨਾਲ ਵੀ ਸਾਕੇਦਾਰੀ ਹੈ ਭਾਵੇਂ ਇਸ ਬਾਰੇ ਮਤਭੇਦ ਵੀ ਹਨ। ਇਸ ਦੇ ਭਾਰੋਪੀ ਮੂਲ ਵਿਚ ਪੀਸਣ ਦੇ ਭਾਵ ਹਨ। ਇਸ ਤੋਂ ਪ੍ਰਾਚੀਨ ਗਰੀਕ ਦਾ ਸ਼ਬਦ ਬਣਿਆ ਅਲਿਓ, ਜਿਸ ਦਾ ਅਰਥ ਪੀਸਣਾ ਹੈ। ਇਸੇ ਭਾਸ਼ਾ ਦੇ ਇਸ ਤੋਂ ਬਣੇ ਸ਼ਬਦ ਐਲੀਓਰੂਨ (Aਲeੁਰੋਨ) ਦਾ ਅਰਥ ਆਟਾ ਹੈ। ਅਵੇਸਤਾ ‘ਅਸਅ’ ਦਾ ਅਰਥ ਹੈ, ਪੀਸਿਆ। ਇਸੇ ਤਰ੍ਹਾਂ ਪੁਰਾਣੀ ਆਰਮੀਨੀਅਮ ਵਿਚ ਆਟਾ ਦਾ ਅਰਥਾਵਾਂ Aਲeੱਰ, ਸ਼ਬਦ ਮਿਲਦਾ ਹੈ ਜਿਸ ਤੋਂ ਬਣੇ ਇਕ ਹੋਰ ਸ਼ਬਦ ਅਲਾਵਨ ਦਾ ਅਰਥ ਚੱਕੀ, ਚੱਕੀ ਚਲਾਉਣ ਵਾਲੀ (ਕਿਉਂਕਿ ਆਟਾ ਪੀਸਣ ਦਾ ਕੰਮ ਔਰਤਾਂ ਹੀ ਕਰਦੀਆਂ ਰਹੀਆਂ ਹਨ) ਅਤੇ ਦਾਅੜ (ਜੋ ਮੂੰਹ ਵਿਚ ਪਾਏ ਖਾਣੇ ਨੂੰ ਪੀਸਦੀ ਹੈ) ਵੀ ਹੈ। ਜਾਰਜੀਅਨ ਤੇ ਕੁਝ ਹੋਰ ਭਾਸ਼ਾਵਾਂ ਵਿਚ ਧੁਨੀ ਤੇ ਅਰਥ ਪੱਖੋਂ ਇਸ ਨਾਲ ਮਿਲਦੇ-ਜੁਲਦੇ ਸ਼ਬਦ ਲੱਭੇ ਗਏ ਹਨ।
ਅਸੀਂ ਅਰਦ ਧਾਤੂ ਦਾ ਜ਼ਿਕਰ ਕੀਤਾ ਹੈ। ਸੰਸਕ੍ਰਿਤ ਵਿਚ ਅਰਦ ਤੋਂ ਬਣਿਆ ਅਰਦਨ ਸ਼ਬਦ ਵੀ ਮਿਲਦਾ ਹੈ ਜਿਸ ਦਾ ਅਰਥ ਹੈ, ਸਤਾਉਣ, ਤੰਗ ਕਰਨ, ਪੀੜਾ ਦੇਣ ਜਾਂ ਨਾਸ ਕਰਨ ਵਾਲਾ। ਇਸ ਤੋਂ ਇਕ ਜਾਣਿਆ-ਪਛਾਣਿਆ ਸ਼ਬਦ ਬਣਿਆ ਹੈ ‘ਜਨਾਰਦਨ’ ਜੋ ਕ੍ਰਿਸ਼ਨ ਦੀ ਇਕ ਉਪਾਧੀ ਵੀ ਹੈ। ਇਸ ਸ਼ਬਦ ਦਾ ਸ਼ਾਬਦਿਕ ਅਰਥ ਬਣਦਾ ਹੈ, ਜੋ ਜਨਤਾ ਨੂੰ ਮਾਰਦਾ ਜਾਂ ਨਾਸ ਕਰਦਾ ਹੈ (ਪਿਛੇ ਦੇਖੋ ਅਰਦ ਧਾਤੂ ਦੇ ਅਰਥ)। ਮਹਾਭਾਰਤ ਦੀ ਸਾਰੀ ਕਥਾ ਤੋਂ ਕ੍ਰਿਸ਼ਨ ਦੇ ਚਰਿਤਰ ਬਾਰੇ ਇਹ ਅਰਥ ਸਹੀ ਹੁੰਦੇ ਹਨ।
ਆਟੇ ਦੀ ਤਰ੍ਹਾਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਵੀ ਆਟੇ ਲਈ ਵਰਤੀਂਦੇ ਸ਼ਬਦ ਵਿਚ ਪੀਸਣ ਦੇ ਭਾਵ ਹਨ। ਕਈ ਭਾਸ਼ਾਵਾਂ ਵਿਚ ਆਟੇ ਲਈ ਅੰਗਰੇਜ਼ੀ ਮੀਲ (ੰeਅਲ) ਧੁਨੀ ਵਾਲੇ ਸੁਜਾਤੀ ਸ਼ਬਦ ਮਿਲਦੇ ਹਨ ਜਿਵੇਂ ਡੱਚ, ਅਲਬੇਨੀਅਨ, ਅਫਰੀਕਨ, ਜਰਮਨ ਆਦਿ। ਮੀਲ ਦਾ ਮੁਢਲਾ ਅਰਥ ਪੀਸਣਾ ਹੀ ਹੁੰਦਾ ਹੈ। ਪੰਜਾਬੀ ਵਿਚ ਪੀਹਣ (ਜਿਵੇਂ ਪੀਹਣ ਬਣਾਉਣਾ) ਦਾ ਅਰਥ ਹੁੰਦਾ ਹੈ, ਪੀਸ ਕੇ ਆਟਾ ਬਣਾਉਣ ਲਈ ਧੋ-ਸੁਕਾ ਕੇ ਤਿਆਰ ਕੀਤਾ ਅਨਾਜ।